“ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਸਾਡੀ ਆਪਣੀ ਜਾਣਕਾਰੀ ਸਾਨੂੰ ਹਲੂਣਨ ਵਿੱਚ ਕਿਉਂ ਕਾਮਯਾਬ ...?”
(9 ਅਗਸਤ 2025)
ਅਸੀਂ ਦੇਸ਼ ਦੇ ਸਾਰੇ ਜੰਮਪਲ ਭਾਰਤੀ ਸੰਸਕ੍ਰਿਤੀ ਦੇ ਵਾਰਿਸ ਹਾਂ। ਜਨ-ਸਮੂਹ ਦੀ ਰੋਜ਼ਮਰ੍ਹਾ ਜ਼ਿੰਦਗੀ ਦਾ ਰੁਝਾਨ, ਉਸਦੇ ਰੀਤੀ-ਰਿਵਾਜ਼, ਧਾਰਮਿਕ ਆਸਥਾਵਾਂ, ਸਮਾਜਿਕ ਵਰਤਾਰਾ ਆਦਿ ਸਭ ਮਿਲਾ ਕੇ ਸਾਡੀ ਸਭਿਅਤਾ ਦਾ ਵਿਰਸਾ ਕਿਹਾ ਜਾ ਸਕਦਾ ਹੈ। ਪਿਛਲੇ ਦਿਨੀਂ ਮੈਂਨੂੰ ਇੱਕ ਬਹੁ-ਭਾਂਤੀ ਯੋਗਤਾ ਰੱਖਣ ਵਾਲੇ ਹਸਪਤਾਲ ਜਾਣਾ ਪਿਆ। ਹਸਪਤਾਲ ਵਿਚਲੀ ਭੀੜ ਕਿਸੇ ਰਿਪੋਰਟ, ਡਾਕਟਰ ਜਾਂ ਕੋਈ ਟੈੱਸਟ ਕਰਵਾਉਣ ਦੀ ਵਾਰੀ ਉਡੀਕ ਰਹੀ ਸੀ। ਮੈਂ ਆਪਣਾ ਅਲਟਰਾਸਾਊਂਡ ਕਰਵਾਉਣਾ ਸੀ, ਜਿਸ ਲਈ ਪਿਸ਼ਾਬ ਦੀ ਥੈਲੀ ਦਾ ਭਰੇ ਹੋਣਾ ਜ਼ਰੂਰੀ ਸੀ ਪਰ ਮੈਨੂੰ ਅਜਿਹਾ ਮਹਿਸੂਸ ਹੀ ਨਹੀਂ ਹੋ ਰਿਹਾ ਸੀ। ਪੈਰਾ-ਮੈਡੀਕਲ ਸਟਾਫ ਨੇ ਸਲਾਹ ਦਿੱਤੀ ਕਿ ਮੈਂ ਥੋੜ੍ਹਾ ਤੁਰ ਫਿਰ ਲਵਾਂ ਤਾਂ ਸਮੱਸਿਆ ਹੱਲ ਹੋ ਜਾਵੇਗੀ। ਇੱਕ ਚੱਕਰ ਹੀ ਲਾਇਆ ਸੀ ਕਿ ਰਸਤੇ ਵਿੱਚ ਇੱਕ ਸਰਦਾਰ ਜੀ ਨੇ ਰੋਕ ਲਿਆ। ਉਹ ਕਹਿਣ ਲੱਗੇ, “ਤੁਹਾਡੀ ਸਿਹਤ ਦਾ ਰਾਜ ਹੀ ਇਹੋ ਹੈ।”
ਉਨ੍ਹਾਂ ਦੀ ਗੱਲ ਸੁਣ ਮੈਂ ਮੁਸਕਾਇਆ ਅਤੇ ਹੈਰਾਨ ਹੋਇਆ ਕਿ ਉਨ੍ਹਾਂ ਇਹ ਕਿਵੇਂ ਸਮਝ ਲਿਆ ਕਿ ਮੈਂ ਇੱਕ ਸਿਹਤਮੰਦ ਵਿਅਕਤੀ ਹਾਂ। ਉਂਝ ਮੈਂ ਦਿਸ ਠੀਕਠਾਕ ਹੀ ਰਿਹਾ ਸੀ ਪਰ ਗਿਆ ਮੈਂ ਹਸਪਤਾਲ ਸਰੀਰਕ-ਗੜਬੜ ਕਰਕੇ ਹੀ ਸੀ। ਖੈਰ ਉਨ੍ਹਾਂ ਦਾ ਇਸ਼ਾਰਾ ਮੇਰੇ ਤੁਰਦੇ ਰਹਿਣ ਵੱਲ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸੇ ਸਰਕਾਰੀ ਮਹਿਕਮੇ ਦੇ ਵੱਡੇ ਪਦ ਤੋਂ ਸੇਵਾ-ਮੁਕਤ ਹੋਏ ਹਨ। ਗੱਲੀਂਬਾਤੀਂ ਉਨ੍ਹਾਂ ਮੈਨੂੰ ਮੱਧ ਪ੍ਰਦੇਸ਼ ਦੀ ਸੈਰ ਕਰਵਾ ਦਿੱਤੀ। ਉੱਥੇ ਰਹਿੰਦਿਆਂ ਉਨ੍ਹਾਂ ਮੱਧ ਪ੍ਰਦੇਸ਼ ਦੇ ਲੋਕਾਂ ਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਵਿਵਹਾਰ ਨੂੰ ਨੇੜਿਓਂ ਦੇਖਿਆ ਹੋਵੇਗਾ। ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਕਹਿਣ ਲੱਗੇ, “ਕੀ ਨਹੀਂ ਐ ਉੱਥੇ, ਕੋਲੇ ਅਤੇ ਸੋਨੇ ਦੀਆਂ ਖਾਨਾਂ, ਜੰਗਲ, ਪਹਾੜ, ਦਰਿਆ, ਆਦਿ-ਵਾਸੀ, ਮੰਦਰ … ਆਦਿ ਸਭ ਹੈ।” ਉਹ ਇੰਝ ਦੱਸ ਰਹੇ ਸਨ ਜਿਵੇਂ ਆਦਿ-ਵਾਸੀ ਕੋਈ ਅਜੂਬਾ ਹੁੰਦੇ ਹੋਣ। ਅੰਤ ਉਨ੍ਹਾਂ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਜੇਕਰ ਭਾਰਤ ਦੀ ਅਸਲ ਸੰਸਕ੍ਰਿਤੀ ਦੇਖਣੀ ਹੋਵੇ ਤਾਂ ਮੱਧ-ਪ੍ਰਦੇਸ਼ ਜ਼ਰੂਰ ਦੇਖਣਾ ਚਾਹੀਦਾ ਹੈ। ਜ਼ਰੂਰ ਦੇਖਿਓ ਕਦੇ ਜੇਕਰ ਨਹੀਂ ਗਏ, ਮੈਂ ਕਾਫੀ ਦੇਰ ਨਾਬਾਰਡ ਦੀ ਨੌਕਰੀ ਕੀਤੀ ਹੈ ਉੱਥੇ।”
ਮੈਂ ਇੰਨਾ ਕਹਿ ਕੇ ਚੁੱਪ ਕਰ ਗਿਆ, “ਸਰ ਜੀ, ਉਹ ਭਾਰਤ ਦਾ ਕੇਂਦਰ ਹੈ, ਇਸੇ ਲਈ ਤਾਂ ਉਸ ਨੂੰ ਮੱਧ-ਪ੍ਰਦੇਸ਼ ਕਹਿੰਦੇ ਹਨ। ਜ਼ਰੂਰ ਹੀ ਪੂਰੇ ਦੇਸ਼ ਦੀ ਸਭਿਅਤਾ ਦਾ ਸੰਪੂਰਨ ਦ੍ਰਿਸ਼ ਪੇਸ਼ ਕਰਦਾ ਹੋਵੇਗਾ।”
ਇਤਫਾਕਨ ਹੀ ਦੂਸਰੇ ਦਿਨ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਸੀ ਕਿ ਮੱਧ ਪ੍ਰਦੇਸ਼ ਵਿੱਚ ਹਰੇਕ ਮਿੰਟ ਵਿੱਚ 7 ਦਲਿਤ ਅਤੇ ਆਦਿਵਾਸੀ ਔਰਤਾਂ ਨਾਲ ਬਲਾਤਕਾਰ ਹੁੰਦਾ ਹੈ। ਮੈਂ ਮੱਧ ਪ੍ਰਦੇਸ਼ ਦੇ ਭਾਰਤੀ ਸੰਸਕ੍ਰਿਤੀ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਸੱਜਣ ਨੂੰ ਵੀ ਇਹ ਵੀਡੀਓ ਫਾਰਵਰਡ ਕਰ ਦਿੱਤੀ। ਪਰ ਉਨ੍ਹਾਂ ਦਾ ਕੋਈ ਪ੍ਰਤੀਕਰਮ ਨਾ ਆਇਆ। ਵੀਡੀਓ ਮੁਤਾਬਿਕ ਮੱਧ ਪ੍ਰਦੇਸ਼ ਸਰਕਾਰ ਨੇ ਅਸੈਂਬਲੀ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਦੱਸਿਆ ਕਿ 2022 ਤੋਂ 2024 ਤਕ ਅਨੁਸੂਚਿਤ ਅਤੇ ਜਨ-ਜਾਤੀ ਔਰਤਾਂ ਦੇ ਬਲਾਤਕਾਰ ਦੇ 7418 ਮਾਮਲੇ ਦਰਜ ਕੀਤੇ ਗਏ ਸਨ।
ਔਰਤਾਂ, ਦਲਿਤਾਂ ਅਤੇ ਆਦਿ-ਵਾਸੀਆਂ ਨੂੰ ਨੀਵਾਂ ਸਮਝਣਾ, ਨੀਵਾਂ ਦਿਖਾਉਣਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਭਾਰਤੀ ਸੰਸਕ੍ਰਿਤੀ ਦਾ ਉਹ ਪੱਖ ਹੈ ਜਿਸ ਨੂੰ ਅਸੀਂ ਦੇਖਣਾ ਹੀ ਨਹੀਂ ਚਾਹੁੰਦੇ। ਇਸ ਨੂੰ ਅਸੀਂ ਦੁਨੀਆ ਤੋਂ ਛੁਪਾਉਣ ਦੀ ਕੋਸ਼ਿਸ਼ ਅੱਜ ਵੀ ਕਰਦੇ ਰਹਿੰਦੇ ਹਾਂ। ਅਖੌਤੀ ਨੀਵੀਂਆਂ ਸ਼੍ਰੇਣੀਆਂ ਨਾਲ ਹੁੰਦਾ ਇਹ ਵਰਤਾਰਾ ਇੱਕ ਹਕੀਕਤ ਹੈ ਜੋ ਪ੍ਰਾਚੀਨ ਕਾਲ ਤੋਂ ਚੱਲਿਆ ਆ ਰਿਹਾ ਹੈ। ਕਿਉਂਕਿ ਅਸੀਂ ਹੁਣ ਭਾਰਤੀ ਸੰਸਕ੍ਰਿਤੀ ਦੇ ਪੁਨਰ ਜਾਗਰਣ ਵਿੱਚ ਲੱਗੇ ਹੋਏ ਹਾਂ, ਕੀ ਇਹ ਪੱਖ ਵੀ ਇਸੇ ਕਰਕੇ ਜ਼ੋਰ-ਸ਼ੋਰ ਨਾਲ ਨਵਿਆਇਆ ਜਾ ਰਿਹਾ ਹੈ? ਬਲਾਤਕਾਰ ਦੇ ਬਹੁਤੇ ਕੇਸ ਦਲਿਤ ਅਤੇ ਆਦਿ-ਵਾਸੀ ਔਰਤਾਂ ਨਾਲ ਹੀ ਹੋ ਰਹੇ ਹਨ।
ਹੋਰ ਸੂਬਿਆਂ ਦੀਆਂ ਅਖ਼ਬਾਰੀ ਖਬਰਾਂ ’ਤੇ ਨਜ਼ਰ ਮਾਰਦੇ ਹਾਂ। 21 ਜੁਲਾਈ 2025 ਦੇ ਇੰਡੀਅਨ ਐਕਸਪ੍ਰੈੱਸ ਅਖਬਾਰ ਵਿੱਚ ਖ਼ਬਰ ਛਪੀ ਹੈ ਕਿ ਉੜੀਸਾ ਦੇ ਇੱਕ ਵਿੱਦਿਅਕ ਅਦਾਰੇ ਦਾ ਪ੍ਰੋਫੈਸਰ ਆਪਣੀ ਇੱਕੀ ਸਾਲ ਦੀ ਵਿਦਿਆਰਥਣ ਨੂੰ ਜਿਣਸੀ ਸਬੰਧ ਬਣਾਉਣ ਲਈ ਪ੍ਰੇਸ਼ਾਨ ਕਰ ਰਿਹਾ ਸੀ। ਉਸਦੀ ਸ਼ਰਤ ਨਾ ਮੰਨਣ ’ਤੇ ਉਸਦਾ ਅਕਾਦਮਿਕ ਰਿਕਾਰਡ ਬਰਬਾਦ ਕਰਨ ਦੀ ਧਮਕੀ ਦੇ ਰਿਹਾ ਸੀ। ਕਰਨਾਟਕ ਦੇ ਇੱਕ ਐੱਮ ਐੱਲ ਏ (ਐੱਮ ਐੱਲ ਏ ਵੀ ਉਸ ਪਾਰਟੀ ਦਾ ਹੈ ਜਿਹੜੀ ਇਕਲੌਤੀ ਹੀ ਭਾਰਤੀ ਸੰਸਕ੍ਰਿਤੀ ਦੀ ਰਖਵਾਲੀ ਕਰਨ ਦਾ ਦਾਅਵਾ ਕਰਦੀ ਹੈ) ਦਾ ਸਪੁੱਤਰ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਿਰੜੀ ਸਾਈ ਬਾਬੇ ਦੇ ਦਰਸ਼ਨਾਂ ਲਈ ਯਾਤਰਾ ਤੇ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ-ਜਨਾਹ ਕੀਤਾ। ਦਰਅਸਲ ਉਸਦਾ ਇਹ ਸਿਲਸਿਲਾ ਦਸੰਬਰ 2023 ਤੋਂ ਮਾਰਚ 2024 ਤਕ ਚਲਦਾ ਰਿਹਾ ਸੀ। ਦੋਹਾਂ ਮਾਮਲਿਆਂ ਵਿੱਚ ਪੁਲੀਸ ਕੇਸ ਹੋਏ ਹਨ।
26 ਜੁਲਾਈ 2025 ਦੇ ਹੀ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਹੈ ਕਿ ਬਿਹਾਰ ਦੇ ਬੌਧ ਗਯਾ ਵਿੱਚ ਹੋਮ ਗਾਰਡਾਂ ਦੀ ਭਰਤੀ ਮੁਹਿੰਮ ਦੌਰਾਨ ਇੱਕ ਮਹਿਲਾ ਦੌੜ ਲਗਾਉਂਦੀ ਹੋਈ ਬੇਹੋਸ਼ ਹੋ ਕੇ ਡਿਗ ਪਈ। ਐਂਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਗੱਡੀ ਦੇ ਡਰਾਈਵਰ ਅਤੇ ਸਹਾਇਕ ਸਟਾਫ ਨੇ ਉਸ ਨਾਲ ਜਬਰ-ਜਨਾਹ ਕੀਤਾ। ਫੌਰੈਂਸਿਕ ਰਿਪੋਰਟ, ਸੀ ਸੀ ਟੀਵੀ ਕੈਮਰਾ ਦੀ ਫੁਟੇਜ ਅਤੇ ਉਸ ਮਹਿਲਾ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਮਕੈਨਿਕ ਅਜੀਤ ਕੁਮਾਰ ਨਾਲੰਦਾ ਜ਼ਿਲ੍ਹੇ ਦੇ ਪਿੰਡ ਚੰਦਪੁਰ ਦਾ ਰਹਿਣ ਵਾਲਾ ਹੈ। ਉਹ ਨਾਲੰਦਾ, ਜਿਹੜਾ ਪ੍ਰਾਚੀਨ ਕਾਲ ਤੋਂ ਵਿੱਦਿਅਕ ਕੇਂਦਰ ਵਜੋਂ ਸੰਸਾਰ ਪ੍ਰਸਿੱਧ ਰਿਹਾ ਹੈ, ਜਿਸਦੇ ਵਡੱਪਣ ਦੀਆਂ ਡੀਂਗਾਂ ਮਾਰਦੇ ਅਸੀਂ ਅੱਜ ਤਕ ਨਹੀਂ ਥੱਕੇ। ਸੋਸ਼ਲ ਮੀਡੀਆ ’ਤੇ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਦਾ ਬਿਆਨ ਭਾਵੇਂ ਸਿਆਸੀ ਹੈ ਪਰ ਗੌਰ ਦੀ ਮੰਗ ਕਰਦਾ ਹੈ, “ਪਿਆਰੇ ਭਰਾਵੋ ਅਤੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ … ਇਸ ਰਾਖਸ਼ੀ ਰਾਜ ਵਿੱਚ ਹਰ ਰੋਜ਼ ਮਾਵਾਂ, ਧੀਆਂ, ਭੈਣਾਂ ਅਤੇ ਬੱਚਿਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਪਰ ਬੇਕਾਬੂ ਹੋਏ ਜੁਰਮ, ਬਲਾਤਕਾਰ ਅਤੇ ਰਿਸ਼ਵਤਖੋਰੀ ਦੇ ਹਾਦਸਿਆਂ ਬਾਰੇ ਕੋਈ ਵੀ ਮੰਤਰੀ ਜਾਂ ਉਪ ਮੁੱਖ ਮੰਤਰੀ ਨਹੀਂ ਬੋਲ ਰਿਹ।” ਸਿਤਮ ਜਰੀਫੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੋਵੇਂ ਹੀ ਸੰਸਕ੍ਰਿਤੀ ਦੀ ਪੁਨਰ ਜਾਗ੍ਰਿਤੀ ਲਈ ਉਤਸ਼ਾਹਿਤ ਹਨ ਅਤੇ ਪ੍ਰੇਰਨਾ ਸਰੋਤ ਹਨ। ਇੱਕ ਬੇਹੋਸ਼ ਔਰਤ ਨਾਲ ਐਂਬੂਲੈਂਸ ਵਿੱਚ ਬਲਾਤਕਾਰ ਲਈ ਸ਼ਰਮਨਾਕ ਸ਼ਬਦ ਛੋਟਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਕਾਰਾ ਭਰਤੀ ਸੰਸਕ੍ਰਿਤੀ ਦਾ ਵਿਰਸਾ ਨਹੀਂ ਹੋ ਸਕਦਾ ਅਤੇ ਜੇਕਰ ਅਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਭਾਰਤ ਦੀ ਸੰਸਕ੍ਰਿਤੀ ਦੀ ਮਹਾਨਤਾ ਵੀ ਸ਼ੱਕ ਦੇ ਘੇਰੇ ਤੋਂ ਬਚ ਨਹੀਂ ਸਕਦੀ।
ਸੰਯੁਕਤ ਰਾਸ਼ਟਰ ਦੀ ਵੈੱਬ-ਸਾਈਟ (https://docs.UN.org A/HRC /49 /NGO/215 Genera। Assemb।y-the United Nations) ’ਤੇ ਨਜ਼ਰ ਮਾਰਦੇ ਹਾਂ। ਭਾਵੇਂ ਸੰਯੁਕਤ ਰਾਸ਼ਟਰ ਨੇ ਇਸ ਐੱਨ ਜੀ ਓ ਦੀ ਰਿਪੋਰਟ ਬਾਰੇ ਲਿਖ ਦਿੱਤਾ ਹੈ ਕਿ ਜ਼ਰੂਰੀ ਨਹੀਂ ਕਿ ਉਹ ਇਸ ਨਾਲ ਸਹਿਮਤ ਹੋਵੇ, ਫਿਰ ਵੀ ਸਾਨੂੰ ਜਾਣਕਾਰੀ ਤਾਂ ਹਾਸਲ ਹੋ ਹੀ ਰਹੀ ਹੈ। ਇਸ ਰਿਪੋਰਟ ਵਿੱਚ ਲਿਖਿਆ ਗਿਆ ਹੈ:
“ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਗੰਭੀਰ ਵਿਸ਼ਾ ਹੋ ਨਿੱਬੜਿਆ ਹੈ। ਭਾਰਤ ਦੇ ਹਰ ਹਿੱਸੇ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਪਰ ਔਰਤਾਂ ਦੀ ਸੁਰੱਖਿਆ ’ਤੇ ਕੋਈ ਅੰਤਰਝਾਤ ਨਹੀਂ ਮਾਰੀ ਜਾ ਰਹੀ।
ਕੇਵਲ ਜੁਲਾਈ 2021 ਵਿੱਚ ਹੀ ਕੌਮੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਜੁਰਮ ਦੀਆਂ 2,914 ਸ਼ਿਕਾਇਤਾਂ ਪ੍ਰਾਪਤ ਹੋਈਆਂ। ਸੂਬਿਆਂ ਵਿੱਚੋਂ the Bad।ands of Uttar Pradesh ਨੇ ਇਨ੍ਹਾਂ ਵਿੱਚੋਂ ਅੱਧੀਆਂ ਤੋਂ ਜ਼ਿਆਦਾ (1,461) ਸ਼ਿਕਾਇਤਾਂ ਦਰਜ ਕਰਵਾਉਣ ਦਾ ‘ਮਾਣ’ ਹਾਸਲ ਕੀਤਾ। ਇਸ ਤੋਂ ਬਾਅਦ 338 ਸ਼ਿਕਾਇਤਾਂ ਨਾਲ ਦਿੱਲੀ ਦਾ ਨੰਬਰ ਲਗਦਾ ਹੈ। ਔਰਤਾਂ ਵਿਰੁੱਧ ਜੁਰਮਾਂ ਦੀ ਇਸ ਸ਼੍ਰੇਣੀ ਵਿੱਚ ਘਰੇਲੂ ਹਿੰਸਾ, ਬਲਾਤਕਾਰ, ਅਗਵਾ ਕਰਨਾ, ਦਾਜ ਸਬੰਧੀ ਮੌਤਾਂ ਆਦਿ ਸ਼ਾਮਲ ਹਨ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਇਹ ਸਿਰਫ ‘ਸ਼ਿਕਾਇਤਾਂ’ ਦੇ ਅੰਕੜੇ ਹਨ ਨਾ ਕਿ ਸਾਰਿਆਂ ਜੁਰਮਾਂ ਦੇ। ਦੂਸਰੇ ਨੰਬਰ ’ਤੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ (660) ਔਰਤਾਂ ਦੀ ਘਰੇਲੂ ਹਿੰਸਾ ਤੋਂ ਰੱਖਿਆ ਲਈ ਪ੍ਰਾਪਤ ਹੋਈਆਂ।
ਜੁਲਾਈ ਦੇ ਅੰਕੜੇ ਪਹਿਲੇ ਮਹੀਨੇ ਨਾਲੋਂ ਵੱਧ ਹਨ। ਪਿਛਲੇ ਵਰ੍ਹੇ ਜੂਨ ਮਹੀਨੇ ਕਮਿਸ਼ਨ ਵੱਲੋਂ 2043 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਸਲਾਨਾ ਕੌਮੀ ਜੁਰਮ ਰਿਕਾਰਡ ਬਿਓਰੋ ਮੁਤਾਬਿਕ ਯੂ ਪੀ ਨੇ ਔਰਤਾਂ ਵਿਰੁੱਧ ਜੁਰਮ ਦੀਆਂ ਸਭ ਤੋਂ ਵੱਧ (59583) ਸ਼ਿਕਾਇਤਾਂ ਦਰਜ ਕਰਵਾਈਆਂ ਜਿਹੜੀਆਂ ਦੇਸ਼ ਭਰ ਦੀਆਂ ਅਜਿਹੀਆਂ ਸ਼ਿਕਾਇਤਾਂ ਦਾ 14.7% ਹਨ। ਯੂ ਪੀ ਵਿੱਚ 3065 ਅਤੇ ਮੱਧ-ਪ੍ਰਦੇਸ਼ ਵਿੱਚ 2485 ਜਦਕਿ ਰਾਜਸਥਾਨ ਵਿੱਚ ਸਭ ਤੋਂ ਵੱਧ 5997 ਕੇਸ ਹੋਏ।
ਐੱਨ ਸੀ ਆਰ ਬੀ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਭਾਰਤ ਵਿੱਚ ਹਰ 16 ਮਿੰਟ ਵਿੱਚ ਔਰਤ ਨਾਲ ਬਲਾਤਕਾਰ ਹੁੰਦਾ ਹੈ ਅਤੇ ਹਰ ਘੰਟੇ ਦਾਜ ਸਬੰਧੀ ਇੱਕ ਮੌਤ ਹੁੰਦੀ ਹੈ। ਹਰ 30 ਘੰਟਿਆਂ ਅੰਦਰ ਔਰਤ ਨਾਲ ਇੱਕ ਸਮੂਹਿਕ ਬਲਾਤਕਾਰ ਹੁੰਦਾ ਹੈ ਅਤੇ ਹਰ ਦੋ ਘੰਟਿਆਂ ਅੰਦਰ ਔਰਤ ਦੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਛੇ ਮਿੰਟ ਅੰਦਰ ਔਰਤ ਦੀ ਇੱਜ਼ਤ ਲੁੱਟਣ ਦੇ ਇਰਾਦੇ ਨਾਲ ਜਿਸਮਾਨੀ ਛੇੜ-ਛਾੜ ਕੀਤੀ ਜਾਂਦੀ ਹੈ।
ਇਹ ਸੰਸਥਾ ਕੌਂਸਲ ਦੇ ਧਿਆਨ ਵਿੱਚ ਉੱਤਰ ਪ੍ਰਦੇਸ਼ ਦੀਆਂ ਕੁਝ ਭਿਆਨਕ ਘਟਨਾਵਾਂ ਲਿਆਉਣਾ ਚਾਹੁੰਦੀ ਹੈ। 9 ਮਾਰਚ 2021 ਨੂੰ ਉੱਨਾਓ (Unnao) ਦੇ ਖੇਤਾਂ ਵਿੱਚ ਇੱਕ ਨੌਂ ਸਾਲ ਦੀ ਬੱਚੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਖੂਨ ਵਹਿ ਰਹੀ ਹਾਲਤ ਵਿੱਚ ਉਸ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਬਾਅਦ ਵਿੱਚ ਕਾਨਪੁਰ ਦੇ ਹਸਪਤਾਲ ਵਿੱਚ ਉਸ ਬੱਚ ਦੀ ਮੌਤ ਹੋ ਗਈ। ਇਹ ਇੱਕ ਉਦਾਹਰਨ ਹੈ ਕਿ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ। 17 ਅਪਰੈਲ 2021 ਨੂੰ ਘਰ ਮੁਫ਼ਤ ਰਾਸ਼ਨ ਦੇਣ ਦਾ ਵਾਅਦਾ ਕਰਕੇ 23 ਸਾਲਾਂ ਦੀ ਔਰਤ ਦਾ ਬਲਾਤਕਾਰ ਕੀਤਾ। 29 ਅਪਰੈਲ 2021 ਨੂੰ 16 ਸਾਲ ਦੀ ਲੜਕੀ ਦਾ 21 ਸਾਲ ਦੇ ਗੁਆਂਢੀ ਨੇ ਬਲਾਤਕਾਰ ਕੀਤਾ। 17 ਮਈ 2021 ਨੂੰ ਮੈਨਪੁਰੀ (ਯੂ ਪੀ) ਵਿੱਚ 15 ਸਾਲ ਦੀ ਬੱਚੀ ਜਦੋਂ ਇੱਕ ਦਰਜੀ ਕੋਲ ਜਾ ਰਹੀ ਸੀ ਤਦ ਦੋ ਮੁੰਡਿਆਂ ਨੇ ਬਲਾਤਕਾਰ ਕੀਤਾ।”
ਇਹ ਸਭ ਕੇਸ ਸਾਡੇ ਕੌਮੀ ਪ੍ਰੈੱਸ ਵਿੱਚ ਵੀ ਰਿਪੋਰਟ ਹੋ ਚੁੱਕੇ ਹਨ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਕਹਿਕੇ ਖਾਨਾ ਪੂਰਤੀ ਹੋ ਰਹੀ ਹੈ।
ਹੁਣ ਮੈਂ ਖੁੰਢ ਕੌਂਸਲ ਦੇ ਤਜਰਬੇ ਦੀ ਗੱਲ ਕਰਦਾ ਹਾਂ ਕਿਉਂਕਿ ਅਜਿਹੇ ਅਨੇਕਾਂ ਹੀ ਮਾਮਲੇ/ਵਰਤਾਰੇ ਪੇਂਡੂ ਸਮਾਜ ਵਿੱਚ, ਖਾਸ ਕਰਕੇ ਜਦੋਂ ਸਮਾਜ ਖੇਤੀ ਉੱਪਰ ਨਿਰਭਰ ਸੀ, ਆਮ ਸਨ ਪਰ ਕਿਸੇ ਅਖਬਾਰ ਦੀ ਸੁਰਖੀ ਨਹੀਂ ਬਣੇ। ਇੱਕ ਜਿਮੀਂਦਾਰ ਫੜ੍ਹਾਂ ਮਾਰ ਰਿਹਾ ਸੀ ਕਿ ਜਦੋਂ ਉਹ ਜਵਾਨ ਹੁੰਦਾ ਸੀ, ਉਨ੍ਹਾਂ ਵੇਲਿਆਂ ਵਿੱਚ ਉਹ ਪਸ਼ੂਆਂ ਦਾ ਚਾਰਾ ਖੋਤਣ ਆਈਆਂ ਵਿਹੜੇ ਦੀਆਂ ਔਰਤਾਂ ਨੂੰ ਫ਼ਸਲ ਦੇ ਖੇਤ ਵਿੱਚ ਹੀ ... ...। ਉਹ ਸੱਚ ਬੋਲ ਰਿਹਾ ਸੀ। ਕਾਲੇ ਕਲੂਟੇ ਮੂੰਹ ’ਤੇ ਮਾਤਾ ਦੇ ਦਾਗ ਵਾਲੇ ਵਿਹੜੇ ਦਾ ਲਾਲੂ ਤੋਂ ਸੁਣਿਆ ਕਿੱਸਾ ਮੈਂ ਉਸ ਨੂੰ ਸੁਣਾਇਆ, “... ਮੈਂ ਫਲਾਂ ਫਲਾਂ ਨਾਲ ਸੀਰੀ ਸੀ ਤੇ ਉਨ੍ਹਾਂ ਦੀ ਕੁੜੀ ਲਈ ਗੋਹਾ-ਕੂੜਾ ਕਰ ਦਿੰਦਾ। ਬਾਈ ਆਪਣੀ ਕਾਟੋ ਫੁੱਲਾਂ ’ਤੇ ਰਹਿੰਦੀ ...।” ਅਸੀਂ ਦੋਹਾਂ ਨੇ ਮੁਸਕੜੀਏਂ ਹੱਸ ਕੇ ਆਪਣਾ ਸਿਰ ਨੀਵਾਂ ਕਰ ਲਿਆ। ਅਸੀਂ ਪਿੰਡ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਕ ਬਰਾਬਰ ਸਮਝਦੇ ਸੀ/ਹਾਂ!
23 ਜੁਲਾਈ 2025 ਦੇ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਛਪੀ ਹੈ ਕਿ (ਥਾਣਾ ਜੋਗਾ ਦੇ ਇੱਕ ਪਿੰਡ ਵਿੱਚ) 21 ਸਾਲਾਂ ਦੇ ਮੁੰਡੇ ਨੇ ਇੱਕ ਨਾਬਾਲਗ ਬੱਚੀ ਨੂੰ ਰਾਤ ਸਮੇਂ ਅਗਵਾ ਕਰ ਕੇ ਉਸ ਨਾਲ ਮੂੰਹ-ਕਾਲਾ ਕਰਨ ਤੋਂ ਬਾਅਦ ਉਸ ਨੂੰ ਦਾਦਾ-ਦਾਦੀ ਕੋਲ ਛੱਡ ਦਿੱਤਾ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ...।
4 ਅਗਸਤ 2025 ਦੇ ਪੰਜਾਬੀ ਟ੍ਰਿਬਿਊਨ ਮੁਤਾਬਿਕ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਜੇਲ੍ਹ ਵਿੱਚ ਰੁਦਨ ਹੋ ਰਿਹਾ ਹੈ।
6 ਅਗਸਤ 2025 ਦੇ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਦੀ ਮਜ਼ਦੂਰ ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਯੂਪੀ ਵਾਸੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਯੂ ਐੱਨ ਓ ਨੂੰ ਸੌਂਪੀ ਗਈ ਰਿਪੋਰਟ, ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਸਾਡੀ ਆਪਣੀ ਜਾਣਕਾਰੀ ਸਾਨੂੰ ਹਲੂਣਨ ਵਿੱਚ ਕਿਉਂ ਕਾਮਯਾਬ ਨਹੀਂ ਹੋ ਰਹੀ? ਇਹ ਇੱਕ ਬਹੁਤ ਵੱਡਾ ਮਨੋਵਿਗਿਆਨਿਕ ਪ੍ਰਸ਼ਨ ਹੈ। ਇਸਦਾ ਸਿੱਧਾ ਸਬੰਧ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਹੈ। ਜੇਕਰ ਅਸੀਂ ਆਪਣੀ ਪ੍ਰਾਚੀਨ ਸਭਿਅਤਾ ਦੀ ਅਖੌਤੀ ਮਹਾਨਤਾ ਨੂੰ ਪੁਨਰ ਜੀਵਤ ਕਰਨਾ ਦਾ ਉਪਰਾਲਾ ਕਰਨ ਵਿੱਚ ਲੱਗੇ ਹੋਏ ਹਾਂ ਤਦ ਸਾਨੂੰ ਢਕਿਆ ਢੋਲ ਰਹਿਣ ਦਿਓ ਭਾਈ … ਪਰਦਾ ਬਣਿਆ ਰਹਿਣ ਦਿਓ ਭਾਈ ... ਦੀ ਸਮਾਜਿਕ ਰਿਵਾਇਤ ਨੂੰ ਤਿਲਾਂਜਲੀ ਦੇਣੀ ਪਵੇਗੀ। ਸਿਤਮ ਜਰੀਫੀ ਇਹ ਹੈ ਕਿ ਕੋਈ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡਾ ਸੱਭਿਆਚਾਰ ਇਸ ਮਨੋਵਿਰਤੀ ਨਾਲ ਪੀੜਿਤ ਹੈ। ਅਸੀਂ ਇਹ ਕਹਿਕੇ ਪੱਲਾ ਝਾੜ ਦਿੰਦੇ ਹਾਂ, “ਮੁੰਡੇ ਤਾਂ ਮੁੰਡੇ ਹੀ ਹੁੰਦੇ ਹਨ ... ਕੀ ਕਰੀਏ।” ਪਰਦੇ ਹੇਠ ਪਤਾ ਨਹੀਂ ਅਸੀਂ ਕਿੰਨੀ ਕੁ ਕਰੂਰਤਾ ਛੁਪਾਉਣ ਵਿੱਚ ਕਾਮਯਾਬ ਹੋਏ ਹਾਂ। ਸਾਡੇ ਬੁੱਧੀਜੀਵੀ, ਸਮਾਜਿਕ ਵਿਗਿਆਨੀ ਸਭ ਜਾਣਦੇ ਹਨ ਪਰ ਅੱਖਾਂ ਮੀਟ ਰਹੇ ਹਨ ਕਿਉਂਕਿ ਉਹ ਖੁਦ ਅਜਿਹੀ ਸੰਸਕ੍ਰਿਤੀ ਦੀ ਉਪਜ ਹਨ। ਇਹ ਕੁਹਜ ਸ਼ਾਇਦ ਉਹ ਸਵੀਕਾਰਦੇ ਵੀ ਹਨ। ਉਨ੍ਹਾਂ ਲਈ ਇਸਦਾ ਵਿਸ਼ਲੇਸ਼ਣ ਕਰਨਾ ਅਤੇ ਹੱਲ ਕੱਢਣਾ ਇੱਕ ਚੈਲਿੰਜ ਹੈ, ਜਿਹੜਾ ਉਨ੍ਹਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (