“ਉਸ ਨੇ ਕਿਹਾ, “ਠੀਕ ਹੈ ਡਾਕਟਰ, ਦੇਖ ਲਾਂਗੇ ਤੈਨੂੰ ਵੀ।” ਅਜਿਹੀ ਧਮਕੀ ਮੈਂ ਪਹਿਲੀ ਵਾਰ ਸੁਣੀ ਸੀ ...”
(8 ਜੁਲਾਈ 2022)
ਮਹਿਮਾਨ: 520.
ਅੱਜ ਕੱਲ੍ਹ ਜ਼ਰਾ ਕੁ ਦੰਦ ਦੁਖਣ ’ਤੇ ਦੰਦਾਂ ਦੇ ਡਾਕਟਰ ਕੋਲ ਤੁਰ ਪੈਂਦੇ ਹਾਂ ਅਤੇ ਉਹ ਮਿੱਤਰ ਹੀ ਬਣ ਜਾਂਦਾ ਹੈ, ਕਿਸੇ ਦਾ ਵੱਧ ਅਤੇ ਕਿਸੇ ਦਾ ਘੱਟ। ਮੇਰੇ ਨਾਲ ਚੰਗੀ ਮਿੱਤਰਤਾ ਹੋਣ ਕਰਕੇ ਇੱਕ ਦਿਨ ਮੇਰੀ ਮਿੱਤਰ ਦੰਦਸਾਜ, ਦੰਦ ਦੇਖਣ ਤੋਂ ਪਹਿਲਾਂ ਕਹਿਣ ਲੱਗੀ, “ਪਹਿਲਾਂ ਮੇਰੀ ਕਹਾਣੀ ਸੁਣੋ, ਦਾੜ੍ਹ ਫੇਰ ਹੀ ਕੱਢਣੀ ਹੈ ...।”
ਡਾਕਟਰ ਸਾਹਿਬ ਦੀ ਕਹਾਣੀ ਮੈਨੂੰ ਤਕਰੀਬਨ ਸੱਠ ਸਾਲ ਪਿੱਛੇ ਲੈ ਗਈ ਜਦੋਂ ਬਚਪਨ ਵਿੱਚ ਮੇਰੀ ਦਾੜ੍ਹ ਨੂੰ ‘ਕੀੜਾ’ ਲੱਗ ਗਿਆ ਸੀ ਅਤੇ ਅੱਜ ਵਾਂਗ ਹੀ ਚੀਕਾਂ ਨਿਕਲ ਰਹੀਆਂ ਸਨ। ਪਿੰਡਾਂ ਵਿੱਚ ਦਾੜ੍ਹ ਦਾ ਕੀੜਾ ਅਕਸਰ ਰਮਤੇ ਜੋਗੀ ਤੋਂ ਕਢਾਇਆ ਜਾਂਦਾ ਸੀ। ਬੇਬੇ ਕਿਹਾ ਤਾਂ ਕਰਦੀ ਸੀ, ‘ਇਹ ਦਾੜ੍ਹ ’ਚ ਕੀੜਾ ਆਪ ਈ ਧਰ ਦਿੰਦੇ ਨੇ ਤੇ ਲੁੱਟਦੇ ਨੇ’ ਪਰ ਮੇਰੀਆਂ ਚੀਕਾਂ ਨਾ ਜਰਦੇ ਹੋਏ ਇੱਕ ਬੀਨ ਵਾਲੇ ਜੋਗੀ ਨੂੰ ਬੁਲਾ ਲਿਆਈ। ਉਸ ਜੋਗੀ ਨੇ ਪਤਾ ਨਹੀਂ ਮਾਤਾ ਨਾਲ ਕਿੰਨੀ ਫੀਸ ਤੈਅ ਕੀਤੀ, ਇੰਨਾ ਕੁ ਯਾਦ ਹੈ ਕਿ ਉਸ ਨੇ ਬੇਬੇ ਨੂੰ ਕਿਹਾ ਸੀ, ‘ਬਾਲਕ ਕੋ ਗਊ ਕੀ ਪੈੜ ਪੇ ਬਿਠਾ ਦੇਵੋ, ਅੰਗੂਠੋਂ ਕੇ ਭਾਰ।”
ਸਾਡੀ ਗਾਂ ਵਿਹੜੇ ਵਿੱਚ ਬੰਨ੍ਹੀ ਹੁੰਦੀ ਸੀ। ਝੱਟ ਜੋਗੀ ਦਾ ਅਪਰੇਸ਼ਨ ਥੀਏਟਰ ਤਿਆਰ ਹੋ ਗਿਆ।
ਥੋੜ੍ਹੀ ਦੇਰ ਬਾਅਦ ਬੇਬੇ ਦਾਣਿਆਂ ਦਾ ਛੱਜ ਭਰ ਕੇ ਮੇਰੇ ਕੋਲ ਧਰ ਕੇ ਬੈਠ ਗਈ। ਜੋਗੀ ਰਾਜ ਨੇ ਮੇਰਾ ਮੂੰਹ ਖੁੱਲ੍ਹਵਾਇਆ ਅਤੇ ਇੱਕ ਤੀਲੀ ਜਿਹੀ ਨਾਲ ਕਾਲਾ ਜਿਆ ਕੀੜਾ ਕੱਢ ਕੇ ਬੇਬੇ ਦੀ ਤਲੀ ’ਤੇ ਧਰ ਦਿੱਤਾ। ਪੀੜ ਤਾਂ ਯਾਦ ਨਹੀਂ ਕਦੋਂ ਹਟੀ ਸੀ ਪਰ ਉਸ ਦਾ ਕਿਹਾ ਹਾਲੇ ਵੀ ਖਰਬੂਜਾ ਦੇਖਦੇ ਹੀ ਯਾਦ ਆ ਜਾਂਦਾ ਹੈ, “ਬਾਲਕ! ਏਕ ਫਲ ਖਾਨਾ ਛੋਡ ਬੀਸ ਸਾਲ ਕੇ ਲੀਏ। ਜੋ ਛੋਡ ਰਹੇ ਹੋ, ਉੱਚੀ ਬੋਲ ਕੇ ਸੁਨਾਓ ...।” ਉਹ ਬੋਲ ਹੀ ਰਿਹਾ ਸੀ ਕਿ ਮੇਰੇ ਕੰਨੀ ਤਾਈ ਨਿਹਾਲੀ ਦੀ ਅਵਾਜ਼ ਪਈ, “ਮੁੰਡਿਆ! ਖਰਬੂਜਾ ਨਾ ਲਈਂ ਹਾਜਾ (ਹੈਜ਼ਾ) ਹੋ ਜਾਂਦਾ ਹੈ ... ਹਾਜੇ ਦਾ ਕੋਈ ਲਾਜ ਨੀ।”
ਤਾਈ ਨਿਹਾਲੀ ਗਲੀ ਵਿੱਚ ਖੜ੍ਹੇ ਖਾਰੀ ਵਾਲੇ ਨੂੰ ਕਹਿ ਰਹੀ ਸੀ, “ਗਹਾਂ ਤੁਰ ਜਾ ਵੇ ਭਾਈ, ਐਵੇਂ ਜਵਾਕ ਬਿਮਾਰ ਕਰੇਂਗਾ।” ਮੁੰਡੇ ਨੂੰ ਤਾਈ ਦੀ ਡਾਂਟ ਪੈਂਦੀ ਸੁਣਦੇ ਹੀ ਮੈਂ ਕਹਿ ਦਿੱਤਾ, “ਮੈਂ ਖਰਬੂਜਾ ਨੀਂ ਖਾਉਂਗਾ।”
“ਮਾਤਾ ਯਹ ਬੀਸ ਸਾਲ ਖਰਬੂਜਾ ਨਹੀਂ ਖਾਏਗਾ!” ਕਹਿੰਦਾ ਹੋਇਆ ਯੋਗੀ ਰਾਜ ਦਾਣਿਆਂ ਦਾ ਛੱਜ, ਸ਼ਾਇਦ ਕੋਈ ਪੈਸਾ ਧੇਲਾ ਵੀ, ਉਠਾ ਕੇ ਤੁਰਦਾ ਲੱਗਿਆ ਸੀ।
ਹੁਣ ਡਾਕਟਰ ਸਾਹਿਬਾ ਦੀ ਕਹਾਣੀ ਵੱਲ ਆਉਂਦੇ ਹਾਂ।
ਡਾਕਟਰ ਸਾਹਿਬਾ ਦੱਸਣ ਲੱਗੀ, “ਜਗਤ-ਮਾਤਾ ਕਈ ਦਿਨਾਂ ਤੋਂ ਸ਼ਹਿਰ ਦੇ ਰਈਸ ਖਾਨਦਾਨ ਦੇ ਘਰ ਪ੍ਰਵਚਨ ਕਰ ਰਹੇ ਸਨ। ਸ਼ਰਧਾਲੂਆਂ ਵਿੱਚ ਸਿਆਸਤਦਾਨ, ਮੇਰੇ ਵਰਗੇ ਅਫਸਰਸ਼ਾਹ, ਕਾਰੋਬਾਰੀ ਅਤੇ ਹੋਰ ਨਾਮਾਵਰ ਹਸਤੀਆਂ ਹਾਜ਼ਰੀ ਭਰ ਰਹੀਆਂ ਸਨ। ਅਚਾਨਕ ਹੀ ਰਾਤ ਦੇ ਦਸ ਕੁ ਵਜੇ ਜਗਤ-ਮਾਤਾ ਦੇ ਦੰਦ ਵਿੱਚ ਦਰਦ ਸ਼ੁਰੂ ਹੋ ਗਿਆ। ਮੈਂ ਹਾਲੇ ਕਲੀਨਿਕ ’ਤੇ ਹੀ ਸਾਂ ਕਿ ਅਸਰ ਰਸੂਖ ਵਾਲੇ ਜਜਮਾਨ ਦਾ ਫ਼ੋਨ ਆ ਗਿਆ। ਮੈਂ ਕਿਹਾ, ਕਲੀਨਿਕ ਲੈ ਆਓ, ਮੈਂ ਉਨ੍ਹਾਂ ਲਈ ਥੋੜ੍ਹਾ ਸਮਾਂ ਕਲੀਨਿਕ ਤੇ ਹੋਰ ਰੁਕ ਜਾਵਾਂਗੀ। ਉਹ ਕਹਿਣ ਲੱਗੇ, ਘਰ ਆ ਕੇ ਦੇਖ ਜਾਵੋਂ ਤਾਂ ਚੰਗਾ ਹੈ। ਮੈਂ ਇੱਕ ਗੋਲੀ ਦੇਣ ਦਾ ਸੁਝਾਅ ਦਿੱਤਾ ਅਤੇ ਸਵੇਰੇ ਕਲੀਨਿਕ ’ਤੇ ਆਉਣ ਉਪਰੰਤ ਤਰਜੀਹੀ ਤੌਰ ’ਤੇ ਦੇਖਣ ਦੀ ਸਲਾਹ ਦਿੱਤੀ।
ਸਵੇਰ ਹੋਣ ਤੋਂ ਪਹਿਲਾਂ ਹੀ ਫੋਨ ਦੀ ਘੰਟੀ ਖੜਕਣੀ ਸ਼ੁਰੂ ਹੋ ਗਈ। ਮੈਂ ਹਲੀਮੀ ਨਾਲ ਕਿਹਾ, “ਸ਼੍ਰੀ ਮਾਨ ਜੀ, ਮੇਰੇ ਕਈ ਮਰੀਜ਼ ਮੈਨੂੰ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਮੈਂ ਕਲੀਨਿਕ ਜਾ ਰਹੀ ਹਾਂ। ਜਿਉਂ ਹੀ ਜਗਤ-ਮਾਤਾ ਆਉਣਗੇ, ਮੈਂ ਤੁਰੰਤ ਦੇਖ ਲਵਾਂਗੀ।”
ਇਸ ਤੋਂ ਪਹਿਲਾਂ ਕਿ ਜਜਮਾਨ ਜਗਤ-ਮਾਂ ਦੇ ਇਲਾਜ ਬਾਰੇ ਨਿੱਜੀ ਰਾਏ ਲੈਂਦੇ, ਰਈਸ ਪਰਿਵਾਰ ਨੇ ਸੋਚਿਆ ਹੋਵੇਗਾ ਕਿ ਡਾਕਟਰ ਨੂੰ ਹੀ ਘਰ ਬੁਲਾ ਲੈਂਦੇ ਹਾਂ, ਉਹ ਸਾਨੂੰ ਜਵਾਬ ਹੀ ਨਹੀਂ ਦੇ ਸਕਦੀ, ਉਸ ਦੀ ਸਾਡੇ ਸਾਹਮਣੇ ਹੈਸੀਅਤ ਹੀ ਕੀ ਹੈ। ਖਾਨਦਾਨ ਦੇ ਮੁਖੀ ਨੇ ਮੈਨੂੰ ਹੁਕਮਨਾਮਾ ਲਹਿਜ਼ੇ ਵਿੱਚ ਬੇਨਤੀ ਕੀਤੀ ਕਿ ਮੈਂ ਘਰ ਆ ਕੇ ਜਗਤ-ਮਾਂ ਨੂੰ ਦੇਖ ਜਾਵਾਂ। ਮੇਰੇ ਕੋਲ ਨਾ ਤਾਂ ਸਮਾਂ ਸੀ ਅਤੇ ਨਾ ਹੀ ਮੇਰਾ ਸਿਧਾਂਤ ਸੀ ਕਿ ਘਰ-ਘਰ ਜਾ ਕੇ ਇਲਾਜ ਕਰਦੀ। ਆਖਰਕਾਰ ਮੈਂ ਵੀ ਤਾਂ ਨਾਮੀ ਡਾਕਟਰ ਹਾਂ ਅਤੇ ਕਿੱਤੇ ਵਿੱਚ ਮੇਰਾ ਵੱਕਾਰੀ ਪਦ ਵੀ ਹੈ। ਕੌਮੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ’ਤੇ ਹਾਜ਼ਰੀ ਲਵਾਉਂਦੀ ਹਾਂ। ਮੈਂ ਬੜੇ ਹੀ ਠਰ੍ਹੰਮੇ ਨਾਲ ਬੇਨਤੀ ਕੀਤੀ ਕਿ ਜਗਤ-ਮਾਤਾ ਨੂੰ ਕਲੀਨਿਕ ਲਿਆਂਦਾ ਜਾਵੇ।
ਹੁਣ ਤਕ ਸ਼ਰਧਾਲੂ ਭਗਤਾਂ ਨੂੰ ਵੀ ਜਗਤ-ਮਾਤਾ ਦੇ ਦੰਦ-ਪੀੜ ਦੀ ਭਿਣਕ ਪੈ ਚੁੱਕੀ ਸੀ। ਹਰ ਕੋਈ ਚਾਹੁੰਦਾ ਸੀ ਕਿ ਇਸ ਪੀੜਾ ਨਵਿਰਤੀ ਵਿੱਚ ਉਸ ਦਾ ਵੀ ਕੁਝ ਯੋਗਦਾਨ ਪੈ ਜਾਵੇ ਤਾਂ ਕਿ ਉਹ ਵੀ ਰਈਸ ਖਾਨਦਾਨ ਨੂੰ ਮਿਲਣ ਵਾਲੇ ਵਰਦਾਨ ਵਿੱਚੋਂ ਕੁਝ ਹਿੱਸਾ ਆਪਣੇ ਨਾਮ ਕਰ ਸਕਣ। ਫੋਨ ’ਤੇ ਫ਼ੋਨ ਆ ਰਹੇ ਸਨ। ਸਭ ਮਿੰਨਤਾਂ ਤਰਲੇ ਕਰ ਰਹੇ ਸਨ ਕਿ ਕਿਵੇਂ ਨਾ ਕਿਵੇਂ ਖ਼ਾਨਦਾਨ ਅਤੇ ਭਗਤਾਂ ਦੀ ਇੱਜ਼ਤ ਬਚ ਜਾਵੇ, ਜਗਤ-ਮਾਤਾ ਨੂੰ ਕਲੀਨਿਕ ਨਾ ਲਿਆਉਣਾ ਪਵੇ। ਉਨ੍ਹਾਂ ਮੇਰੇ ਇੱਕ ਮਿੱਤਰ ਨੂੰ ਮਦਦ ਦੀ ਗੁਹਾਰ ਲਗਾਈ। ਮੇਰੇ ਲਈ ਮਿੱਤਰ ਨੂੰ ਜਵਾਬ ਦੇਣਾ ਔਖਾ ਸੀ ਅਤੇ ਮੈਂ ਇਸ ਸ਼ਰਤ ’ਤੇ ਮੰਨ ਗਈ ਕਿ ਉਹ ਦੋਵੇਂ ‘ਜਗਤ-ਮਾਤਾ ਦੇ ਦਰਸ਼ਨ’ ਕਰਨ ਦੇ ਬਹਾਨੇ ਖਾਨਦਾਨੀ ਰਈਸ ਦੇ ਘਰ ਹੋ ਆਉਣਗੇ। ਹੁਣ ਤਕ ਇਸ ਖਿੱਚੋਤਾਣ ਬਾਰੇ ਜਗਤ-ਮਾਤਾ ਨੂੰ ਵੀ ਪਤਾ ਲੱਗ ਚੁੱਕਾ ਸੀ।
ਮੇਰੇ ਪਹੁੰਚਣ ਤੋਂ ਪਹਿਲਾਂ ਹੀ ਘਰ ਵਿੱਚ ਭੀੜ ਜਮ੍ਹਾਂ ਹੋ ਚੁੱਕੀ ਸੀ। ਮੈਨੂੰ ਦੇਖਦਿਆਂ ਹੀ ਜਗਤ-ਮਾਤਾ ਬੋਲੇ, “ਅੱਛਾ! ਤੋ ਆਪ ਹੈਂ ਜੋ ਹਮੇਂ ਕਲੀਨਿਕ ਪੇ ਬੁਲਾ ਰਹੇ ਥੇ।”
ਜਗਤ-ਮਾਤਾ ਮੈਨੂੰ ਅਜੀਬ ਜਿਹੀ ਨਜ਼ਰ ਨਾਲ ਦੇਖ ਰਹੇ ਸਨ ਅਤੇ ਮੈਨੂੰ ਲੱਗਿਆ ਜਿਵੇਂ ਉਹ ਨਜ਼ਰ ਕਹਿ ਰਹੀ ਸੀ, “ਆਪ ਹਮਾਰੀ ਸ਼ਕਤੀ ਕੋ ਨਹੀਂ ਜਾਨਤੇ, ਹਮ ਸਰਾਪ ਦੇ ਸਕਤੇ ਹੈਂ।” ਸ਼ਰਧਾਲੂਆਂ ਦੀਆਂ ਨਿਗਾਹਾਂ ਵੀ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਦੇ ਰਹੀਆਂ ਸਨ।
“ਡਾਕਟਰ ਸਾਹਿਬਾ, ਆਪ ਇਨ ਕੋ ਨਹੀਂ ਜਾਨਤੇ, ਬਹੁਤ ਪਹੁੰਚੇ ਹੂਏ ਹੈਂ।” ਮੈਂ ਮੁਆਇਨਾ ਕਰਦੇ ਕਰਦੇ ਸੋਚ ਰਹੀ ਸੀ, ਜੇ ਪਹੁੰਚੇ ਹੋਏ ਨੇ ਫੇਰ ਚੀਕਾਂ ਕਾਹਨੂੰ ਮਾਰ ਰਹੇ ਨੇ? ਜਾਂਚ ਕਰਨ ਤੋਂ ਬਾਅਦ ਮੈਂ ਕਿਹਾ, “ਕਲੀਨਿਕ ਆਨਾ ਪੜੇਗਾ, ਛੋਟਾ ਜਿਹਾ ਅਪਰੇਸ਼ਨ ਕਰਨਾ ਪਵੇਗਾ।”
ਮੈਂ ਹਾਲੇ ਕਲੀਨਿਕ ਪਹੁੰਚੀ ਹੀ ਸੀ ਕਿ ਫ਼ੋਨ ਦੀ ਘੰਟੀ ਖੜਕੀ, ਅੱਗਿਓਂ ਆਵਾਜ਼ ਆਈ, “ਡਾਕਟਰ ਸਾਹਿਬਾ, ਅਸੀਂ ਚਾਹੁੰਦੇ ਹਾਂ ਕਿ ਜਗਤ-ਮਾਤਾ ਦਾ ਅਪਰੇਸ਼ਨ ਘਰ ਹੀ ਕਰ ਦਿੱਤਾ ਜਾਵੇ।”
“ਭਾਈ ਸਾਹਿਬ, ਦੰਦਾਂ ਵਾਲੇ ਡਾਕਟਰ ਦੀ ਕੁਰਸੀ ਹੀ ਉਸ ਦਾ ਅਪਰੇਸ਼ਨ ਥੀਏਟਰ ਹੁੰਦਾ ਹੈ ਤੇ ਇਹ ਤਾਂ ਉੱਥੇ ਨਹੀਂ ਲਿਆਂਦਾ ਜਾ ਸਕਦਾ।” ਮੈਂ ਥੋੜ੍ਹਾ ਤਲਖ਼ੀ ਵੀ ਦਿਖਾਈ। ਉਹ ਗੱਲ ਹੀ ਅਜਿਹੀ ਕਰ ਰਹੇ ਸਨ। ਉੱਧਰ ਸ਼ਹਿਰ ਦੇ ਨਾਮੀ ਪੁਰੋਹਿਤਾਂ ਨੇ ਮੰਤ੍ਰਾਂ ਅਤੇ ਪੂਜਾ ਅਰਚਨਾ ਨਾਲ ਵੀ ਵਾਹ-ਧਾਹ ਲਾਉਣੀ ਸ਼ੁਰੂ ਕਰ ਦਿੱਤੀ। ਦਰਦ ਵਧਦਾ ਹੀ ਜਾ ਰਿਹਾ ਸੀ। ਮਰੀਜ਼ ਨੇ ਵੀ ਇੱਛਾ ਪਰਗਟਾ ਦਿੱਤੀ ਕਿ ਇਲਾਜ ਘਰ ਵਿੱਚ ਹੀ ਹੋ ਜਾਏ ਤਾਂ ਅੱਛਾ ਹੈ! ਇਹ ਪ੍ਰਵਚਨ ਸੁਣ ਕੇ ਸਭ ਦੀ ਚਿੰਤਾ ਹੋਰ ਵਧ ਗਈ। ਮੇਰੀ ਤਲਖ਼ੀ ਨੂੰ ਉਹ ਮੇਰੇ ਵੱਲੋਂ ‘ਭਾਅ ਲੈਣਾ’ ਸਮਝ ਰਹੇ ਹੋਣਗੇ। ਦਿੱਲੀ ਤਕ ਅਸਰ-ਰਸੂਖ ਵਾਲੇ ਸਿਆਸੀ ਆਗੂ ਦੀ ਵੀ ਨਾ ਚਲਦੀ ਦੇਖ ਕੇ ਇੱਕ ਵੱਡੇ ਵਰਦੀਧਾਰੀ ਅਫਸਰ ਤੋਂ ਫੋਨ ਕਰਵਾਇਆ। ਉਹ ਅਧਿਕਾਰੀ ਡਰਾਉਣ ਧਮਕਾਉਣ ’ਤੇ ਆ ਗਿਆ। ਅਫਸਰ ਸਮਝਦਾ ਤਾਂ ਹੋਵੇਗਾ ਕਿ ਡਾਕਟਰ ਮੰਗ ਪੂਰੀ ਹੀ ਨਹੀਂ ਕਰ ਸਕਦੀ ਪਰ ਉਸ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਹੋਵੇਗਾ ਕਿ ਫੋਨ ਕਰਦਾ ਹਾਂ। ਉਸ ਨੇ ਕਿਹਾ, “ਠੀਕ ਹੈ ਡਾਕਟਰ, ਦੇਖ ਲਾਂਗੇ ਤੈਨੂੰ ਵੀ।” ਅਜਿਹੀ ਧਮਕੀ ਮੈਂ ਪਹਿਲੀ ਵਾਰ ਸੁਣੀ ਸੀ ਅਤੇ ਉਹ ਵੀ ਉਸ ਸਾਹਿਬ ਦੇ ਮੂੰਹੋਂ ਜਿਸਦੀ ਹਰ ਸਿਫਾਰਸ਼ ’ਤੇ ਮੈਂ ਫੁੱਲ ਚੜ੍ਹਾਉਂਦੀ ਰਹੀ ਸੀ। ਮਾਮਲਾ ਉਲਝਦਾ ਦੇਖਕੇ ਮੇਰੇ ਨਾਲ ਗਏ ਮਿੱਤਰ ਨੇ ਸ਼ਹਿਰ ਦੀ ਇੱਟ ਸਮਝੇ ਜਾਂਦੇ ਰਈਸ ਨੂੰ ਸਮਝਾ-ਬੁਝਾ ਕੇ ਰਾਜ਼ੀ ਕਰ ਲਿਆ ਕਿ ਉਹ ਜਗਤ-ਮਾਤਾ ਨੂੰ ਕਲੀਨਿਕ ਲੈ ਆਉਣਗੇ। ਹੋਰ ਕੋਈ ਚਾਰਾ ਵੀ ਨਹੀਂ ਸੀ।
ਮੈਂ ਉਸ ਵਕਤ ਹੈਰਾਨ ਹੋ ਗਈ ਜਦੋਂ ਥੋੜ੍ਹੀ ਦੇਰ ਬਾਅਦ ਪੁਰੋਹਿਤ ਅਤੇ ਕੁਝ ਸ਼ਰਧਾਲੂ ਆ ਗਏ। ਉਨ੍ਹਾਂ ਆਉਂਦਿਆਂ ਹੀ ਪੁੱਛਿਆ, “ਡਾਕਟਰ ਜੀ, ਜਗਤ-ਮਾਤਾ ਕੌਣ ਸੇ ਆਸਣ ਪਰ ਬੈਠੇਂਗੇ?”
ਮੈਂ ਆਪ੍ਰੇਸ਼ਨ ਵਾਲੀ ਕੁਰਸੀ ਵੱਲ ਇਸ਼ਾਰਾ ਕੀਤਾ। ਕੁਰਸੀ ਦੇਖ ਕੇ ਪੰਡਿਤ ਜੀ ਬੋਲੇ, “ਠੀਕ ਹੈ, ਮਗਰ ਜੋਤਿਸ਼ ਕੇ ਅਨੁਸਾਰ ਆਜ ਯਹ ਦਿਸ਼ਾ ਉਨ੍ਹਾਂ ਕੇ ਲੀਏ ਠੀਕ ਨਹੀਂ ਹੈ। ਚਲੋ ਹਮ ਆਪ੍ਰੇਸ਼ਨ ਕੀ ਕਾਮਯਾਬੀ ਕੇ ਲੀਏ ਇਸ ਦਿਸ਼ਾ ਕਾ ਮੰਤ੍ਰ ਪੜਤੇ ਹੈਂ।” ਕੁਰਸੀ ਦੀ ਆਰਤੀ ਉਤਾਰੀ ਗਈ ਅਤੇ ਫੇਰ ਉਹ ਮੰਤ੍ਰ-ਜਾਪ ਵਿੱਚ ਰੁੱਝ ਗਏ। ਮੇਰੇ ਔਜ਼ਾਰ ਵੀ ਪੂਜਾ ਲਈ ਮੰਗਵਾਏ ਗਏ। ਕਲੀਨਿਕ ਚੰਦਨ ਦੇ ਧੂਪ ਦੇ ਧੂੰਏਂ ਨਾਲ ਧੁੰਦਲੀ ਹੋ ਚੁੱਕੀ ਸੀ।
ਪੂਜਾ ਖਤਮ ਹੁੰਦੇ ਹੀ ਪੂਰੀ ਸਿਕਿਉਰਟੀ ਥੱਲੇ ਜਗਤ-ਮਾਤਾ ਦਾ ਕਾਫ਼ਲਾ ਕਲੀਨਿਕ ਪਹੁੰਚਿਆ ਅਤੇ ਉਨ੍ਹਾਂ ਨੂੰ ਪੂਰੇ ਮਾਣ-ਸਤਿਕਾਰ ਨਾਲ ਗੱਡੀ ਵਿੱਚੋਂ ਪਾਲਕੀ ਵਿੱਚ ਬਿਠਾ ਕੇ ਕਲੀਨਿਕ ਦੇ ਦਰਵਾਜ਼ੇ ਤਕ ਲਿਆਂਦਾ ਗਿਆ। ਦਰਵਾਜ਼ੇ ਤੋਂ ਕੁਰਸੀ ਤਕ ਦੇ ਰਸਤੇ ਵਿੱਚ ਫੁੱਲ ਬਖੇਰੇ ਗਏ। ਜਗਤ-ਮਾਤਾ ਫੁੱਲਾਂ ਦੀ ਬਰਸਾਤ ਹੇਠ ਸ਼ਰਧਾਲੂਆਂ ਦੀ ਗੋਦੀ ਚੜ੍ਹ ਕੇ ਅਪਰੇਸ਼ਨ ਵਾਲੀ ਕੁਰਸੀ ’ਤੇ ਬਿਰਾਜਮਾਨ ਹੋਏ।
ਇਹ ਛੋਟਾ ਜਿਹਾ ਅਪਰੇਸ਼ਨ ਮੇਰੇ ਲਈ ਖੱਬੇ ਹੱਥ ਦਾ ਖੇਲ ਸੀ ਪਰ ਇਹ ਸਾਰਾ ਘਟਨਾਕ੍ਰਮ ਮੈਨੂੰ ਅਜਿਹੀ ਪੀੜ ਦੇ ਗਿਆ ਹੈ ਜਿਸਦਾ ਇਲਾਜ ਨਾ ਜਗਤ-ਮਾਤਾ ਅਤੇ ਨਾ ਹੀ ਉਸ ਦੇ ਪੈਰੋਕਾਰ ਕਰ ਸਕਦੇ ਸਨ। ਮੈਂ ਕਲੀਨਿਕ ਵਿਦੇਸ਼ ਸਥਾਪਤ ਕਰਨ ਦਾ ਮਨ ਬਣਾ ਲਿਆ ਹੈ। ਵਿਦੇਸ਼ ਟਰੇਨਿੰਗ ਲੈ ਰਹੇ ਆਪਣੇ ਬੱਚੇ ਨੂੰ ਮੈਂ ਉੱਥੇ ਹੀ ਨੌਕਰੀ ਲੱਭਣ ਲਈ ਕਹਿ ਦਿੱਤਾ ਹੈ।
**
ਮੈਂ ਕਿਹਾ, “ਹੁਣ ਮੇਰੀ ਪੀੜਾ ਹਰੋ ਕਿਉਂਕਿ ਅਨੇਸਥਿਸਿਆ ਦਾ ਅਸਰ ਖਤਮ ਹੋਣ ਵਾਲਾ ਹੈ।”
ਅਗਲੇ ਹੀ ਪਲ ਮੇਰੀ ਦਾੜ੍ਹ ਡਾਕਟਰ ਦੀ ਟਰੇ ਵਿੱਚ ਸੀ। ਮੂੰਹ ਵਿੱਚ ਰੂੰ ਦਾ ਫਹਿਆ ਹੋਣ ਕਰਕੇ ਬੋਲ ਤਾਂ ਨਾ ਸਕਿਆ ਪਰ ਸੋਚ ਰਿਹਾ ਸੀ ਕਿ ਅਜੋਕੇ ਰਿਸ਼ੀਆਂ ਦੇ ਵਰਦਾਨ-ਸਰਾਪ ਦੇਸ਼ ਲਈ ਜੋ ਕਰ ਰਹੇ ਹਨ, ਉਸ ਦੀ ਇਹ ਝਲਕ ਮੇਰੇ ਵਰਗੇ ਤਰਕ ਅਤੇ ਸੰਵੇਦਨਾ ਭਰਪੂਰ ਮਨਾਂ ਲਈ ਪੀੜਾਦਾਇਕ ਸੀ। ਧਰਮ ਅਤੇ ਸਾਇੰਸ ਦੇ ਸਿੰਗ ਹਮੇਸ਼ਾ ਫਸਦੇ ਰਹੇ ਹਨ, ਪਰ ਅਖਾੜੇ ਵਿੱਚ ’ਸਾਇੰਸ’ ਦੇ ਜਿੱਤਣ ਦੇ ਬਾਵਜੂਦ ਜੇਤੂ ਹੱਥ ‘ਧਰਮ’ ਦਾ ਹੀ ਉੱਠਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3673)
(ਸਰੋਕਾਰ ਨਾਲ ਸੰਪਰਕ ਲਈ: