“‘ਕੋਟਾ’ ਭਾਵ ਰਿਜ਼ਰਵੇਸ਼ਨ ਦਾ ਮੰਤਵ ਸੀ ਕਿ ਸਮਾਜ ਦੇ ਹਜ਼ਾਰਾਂ ਸਾਲਾਂ ਤੋਂ ਪੱਛੜੇ ਅਤੇ ਲਿਤਾੜੇ ਸਮੂਹਾਂ ਨੂੰ ...”
(2 ਜੁਲਾਈ 2023)
1972 ਜੁਲਾਈ ਦੇ ਮਹੀਨੇ ਮੈਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਦੇ ਦਫਤਰ ਇੰਟਰਵਿਊ ਦੇ ਰਿਹਾ ਸੀ। ਇੰਟਰਵਿਊ ਬੋਰਡ ਵਿੱਚ ਬੈਠੇ ਵਿਸ਼ਾ-ਮਾਹਿਰ ਨੇ ਮੈਨੂੰ ਸਵਾਲ ਪੁੱਛਿਆ, ‘Ohm ਦਾ ਨਿਯਮ ਕੀ ਹੈ?’ (ਇਹ ਭੌਤਿਕ ਵਿਗਿਆਨ ਵਿੱਚ ਕਰੰਟ-ਬਿਜਲੀ ਦਾ ਮੁਢਲਾ ਨਿਯਮ ਹੈ।) ਭੌਤਿਕ ਵਿਗਿਆਨ ਦੀ ਐੱਮ ਐੱਸ ਸੀ ਫਸਟ ਡਿਵੀਜ਼ਨ ਵਿੱਚ ਪਾਸ ਕਰਕੇ ਮੈਂ ਪ੍ਰੋਫੈਸਰ ਲੱਗਾ ਹੋਇਆ ਸਾਂ। ਨੌਕਰੀ ਦਾ ਚੌਥਾ ਵਰ੍ਹਾ ਚੱਲ ਰਿਹਾ ਸੀ। ਉਸ ਦੇ ਸਵਾਲ ਦਾ ਜਵਾਬ ਦੇਣਾ ਮੇਰੇ ਲਈ ਕੀ ਔਖਾ ਸੀ। ਮੈਨੂੰ ਲੱਗਿਆ ਉਹ ਮੇਰੀ ਫਸਟ ਡਿਵੀਜ਼ਨ ਦਾ ਮਜ਼ਾਕ ਉਡਾ ਰਿਹਾ ਹੈ। ਮੈਂ ਬਹੁਤ ਪ੍ਰੇਸ਼ਾਨ ਹੋਇਆ। ਅਸਲ ਵਿੱਚ ਉਹ ਵਿਅਕਤੀ ਉਸ ਸੰਸਥਾ ਦਾ ਪ੍ਰਿੰਸੀਪਲ ਸੀ ਜਿਸ ਨੇ ਇਹ ‘ਰਿਜ਼ਰਵ ਪੋਸਟ’ ਦਾ ਇਸ਼ਤਿਹਾਰ ਦਿੱਤਾ ਸੀ। ਉਹ ਖੁਦ ਨਿਟਿੰਗ ਤਕਨਾਲੋਜੀ ਦਾ ਡਿਪਲੋਮਾ ਹੋਲਡਰ ਸੀ ਅਤੇ ਉਸ ਨੇ ਇੰਟਰਵਿਊ ਲਈ ਦੋ ਚਾਰ ਸਿੱਧੇ-ਸਾਧੇ ਸਵਾਲ ਰਸਾਇਣ-ਵਿਗਿਆਨ ਦੇ ਲੈਕਚਰਾਰ ਕੋਲੋਂ ਲਿਖਵਾ ਲਏ ਸਨ।
ਮੈਂ ਬੇਚੈਨ ਹੋਇਆ ਇੰਟਰਵਿਊ ਖਤਮ ਹੁੰਦੇ ਹੀ ਕਮਿਸ਼ਨ ਦੇ ਬਾਰਾਂਦਰੀ ਦਫਤਰੋਂ ਜਲਦੀ ਨਾਲ ਮਾਲ-ਰੋਡ ਤੋਂ ਹੁੰਦਾ ਹੋਇਆ ਪਟਿਆਲੇ ਦੇ ਬੱਸ ਸਟੈਂਡ ਨੇੜੇ ‘ਕਾਰਨਰ ਹੋਟਲ’ ਜਾ ਬੈਠਿਆ। ਯੂਨੀਵਰਸਟੀ ਪੜ੍ਹਦੇ ਵਕਤ ਕਦੇ-ਕਦਾਈਂ ਮੈਂ ਵੀ ਇੱਥੇ ਖਾਣਾ ਖਾ ਲਿਆ ਕਰਦਾ ਸੀ। ਇਹ ਬਹੁਤ ਮਸ਼ਹੂਰ ਢਾਬਾ ਸੀ, ਜਿਸ ਨੂੰ ਹੋਟਲ ਕਹਿ ਕੇ ਵਡਿਆ ਦਿੱਤਾ ਜਾਂਦਾ ਸੀ। ਹੁਣ ਤਾਂ ਰੀਝ ਪੂਰੀ ਕਰਨ ਲਈ ਜੇਬ ਵਿੱਚ ਪੈਸੇ ਵੀ ਸਨ। ਲੰਚ ਦਾ ਆਰਡਰ ਦੇ ਹੀ ਰਿਹਾ ਸੀ ਕਿ ‘ਵਿਸ਼ਾ ਮਾਹਿਰ’ ਅਤੇ ਉਸ ਦੀ ਫੌਜ ਆ ਧਮਕੇ। ਮੈਂ ਸੋਚਿਆ, ਹੁਣ ਹੋਰ ਕਿਹੜਾ ਮਜ਼ਾਕ ਕਰਨ ਆ ਗਿਆ ਇਹ ‘ਵਿਸ਼ਾ-ਮਾਹਿਰ? ਇਸ ‘ਕਿਹੜਾ ਮਜ਼ਾਕ’ ਤੋਂ ਉਸ ਵਕਤ ਸ਼ਾਇਦ ਉਹ ਵੀ ਅਤੇ ਮੈਂ ਵੀ ਬੇਖਬਰ ਸਾਂ। ਉਸ ਵੇਲੇ ਸਿਰਫ ਸਰਕਾਰੀ ਨੌਕਰੀ ਲੈਣ ਦੀ ਤਾਂਘ ਸੀ। ਉਸ ਨੇ ਕਿਹਾ, “ਵਧਾਈ ਹੋਵੇ ਸਰਦਾਰ ਜੀ, ਤੁਹਾਡੀ ਸਿਲੈਕਸ਼ਨ ਹੋ ਗਈ ਹੈ, ਕਦੋਂ ਜੁਆਇੰਨ ਕਰ ਰਹੇ ਹੋ?”
ਮੈਂ ਕਿਹਾ, “ਚਿੱਠੀ ਆ ਜਾਵੇ, ਫਿਰ ਦੇਖਾਂਗੇ।” ਇੰਟਰਵਿਊ ਨੇ ਮੇਰੇ ਦਿਮਾਗ ਵਿੱਚ ਉਸ ਸੰਸਥਾ ਦੀ ਧੁੰਦਲੀ ਜਿਹੀ ਤਸਵੀਰ ਬਣਾ ਦਿੱਤੀ ਸੀ ਜਿਸ ਵਿੱਚੋਂ ਵਧੀਆ ਝਾਉਲਾ ਨਹੀਂ ਪੈ ਰਿਹਾ ਸੀ।
ਕੁਝ ਦਿਨ ਬਾਅਦ ਨਿਯੁਕਤੀ ਪੱਤਰ ਆ ਗਿਆ। ਜਿਸ ਕਾਲਜ ਵਿੱਚ ਮੈਂ ਕੰਮ ਕਰ ਰਿਹਾ ਸੀ, ਉਸ ਦੇ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਇਸ ਸ਼ਰਤ ’ਤੇ ਰੱਖਿਆ ਸੀ ਕਿ ਮੈਂ ਉਨ੍ਹਾਂ ਨੂੰ ਦੱਸੇ ਬਿਨਾਂ ਉੱਥੋਂ ਛੱਡ ਕੇ ਨਹੀਂ ਜਾਵਾਂਗਾ। ਉਹ ਮੇਰੇ ਮਿਹਰਬਾਨ ਸਨ। ਉਨ੍ਹਾਂ ਨੇ ਰਾਏ ਦਿੱਤੀ ਕਿ ਜੁਆਇੰਨ ਕਰਨ ਤੋਂ ਪਹਿਲਾਂ ਇੱਕ ਵਾਰ ਮੈਂ ਸੰਸਥਾ ਦਾ ਜਾਇਜ਼ਾ ਜ਼ਰੂਰ ਲੈ ਲਵਾਂ। ਮੈਂ ਸੰਸਥਾ ਪਹੁੰਚਿਆ ਤਾਂ ਸਭ ਉਤਾਵਲੇ ਸਨ ਕਿ ਮੈਂ ਫਟਾਫਟ ਜੁਆਇੰਨ ਕਰ ਲਵਾਂ। ਸੰਸਥਾ ਬਾਰੇ ਮੇਰਾ ਧੁੜਕੂ ਸਹੀ ਨਿਕਲਿਆ, ਮੈਂ ਆਪਣੇ ਪ੍ਰਿੰਸੀਪਲ ਸਾਹਿਬ ਦੀ ਨਸੀਹਤ ਮੰਨ ਕੇ ਜੁਆਇੰਨ ਨਾ ਕੀਤਾ। ਜੁਆਇਨਿੰਗ ਤਾਰੀਖ ਨਿਕਲ ਗਈ। ਸਮੇਂ ਦਾ ਚੱਕਰ ਅਜਿਹਾ ਚੱਲਿਆ ਕਿ ਕਾਲਜ ਦੇ ਹਾਲਾਤ ਪ੍ਰਿੰਸੀਪਲ ਸਾਹਿਬ ਹੱਥੋਂ ਖਿਸਕ ਗਏ ਅਤੇ ਸੰਸਥਾ ਨੇ ਤਾਰੀਖ਼ ਵਧਾ ਦਿੱਤੀ। ਮੈਂ ਜੁਆਇੰਨ ਕਰ ਲਿਆ। ਕੁਝ ਹੀ ਦਿਨਾਂ-ਮਹੀਨਿਆਂ ਵਿੱਚ ਮੈਂ ‘ਕਿਹੜਾ ਮਜ਼ਾਕ ’ ਕਾਰਨਰ ਹੋਟਲ ’ਤੇ ਕਿਆਸ ਰਿਹਾ ਸੀ, ਉਸ ਦੇ ਲੱਛਣ ਉੱਭਰ ਕੇ ਸਾਹਮਣੇ ਆਉਣ ਲੱਗੇ ਕਿ ਮੈਂ ਬਾਕੀ ਦੀ ਸਾਰੀ ਉਮਰ ‘Ohm ਦਾ ਲਾਅ’, ‘ਲੀਵਰ ਕੀ ਹੁੰਦਾ ਹੈ’, ‘ਚੁੰਬਕ ਦੇ ਕੀ ਗੁਣ ਹੁੰਦੇ ਹਨ’, ‘ਸੀਸਾ, ਲੈਨਜ਼, ਪ੍ਰਿਜ਼ਮ ਕਿਵੇਂ ਕੰਮ ਕਰੇ ਹਨ ‘ਭਾਵ ਉਹ ਫਿਜ਼ਿਕਸ ਪੜ੍ਹਾਵਾਂਗਾ ਜਿਸ ਨੂੰ ਕੋਈ ਵੀ ਬਾਰ੍ਹਵੀਂ ਪਾਸ ਪੜ੍ਹਾ ਸਕਦਾ ਹੈ। ਮੈਂ 12 ਸਾਲ ਵਿੱਚ ਸਕੇਲ ਪੂਰਾ ਕਰਕੇ ਬਾਕੀ ਨੌਕਰੀ ਉਸ ਤਨਖਾਹ ’ਤੇ ਕੰਮ ਕਰਾਂਗਾ, ਕੋਈ ਤਰੱਕੀ ਨਹੀਂ ਮਿਲੇਗੀ, ਟੋਭੇ ਦਾ ਡੱਡੂ ਹੋ ਕੇ ਰਹਿ ਜਾਵਾਂਗਾ। ਮੈਂ ਤਰਲੋਮੱਛੀ ਹੋਣ ਲੱਗਾ। ਇੱਥੋਂ ਨਿਕਲਣ ਦੀ ਕੋਸ਼ਿਸ਼ ਆਰੰਭ ਦਿੱਤੀ।
ਦੋ ਕੁ ਸਾਲ ਬਾਅਦ ਸਿੱਖਿਆ ਵਿਭਾਗ ਦੀਆਂ ਅਸਾਮੀਆਂ ਨਿਕਲੀਆਂ। ਚੰਡੀਗੜ੍ਹ ਮੁੱਖ ਦਫਤਰ ਦੇ ਬਾਬੂ ਨੇ ਅਰਜ਼ੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ। ਮੈਂ ਬਾਬੂ ਜੀ ਦੇ ਘਰ ਸਿਫਾਰਸ਼ ਲੈ ਕੇ ਗਿਆ, ਉਹ ਕਹਿਣ ਲੱਗੇ, “ਸਾਰੀ ਉਮਰ ਮੌਜ ਕਰੋ ਇੱਕ ਥਾਵੇਂ ਬੈਠ ਕੇ, ਨਾ ਕੋਈ ਕੰਮ ਐ, ਥੋਡੇ ਲਈ ਕੋਟੈ ...।” ‘ਕੋਟੈ’ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਨਫ਼ਰਤੀ ਸ਼ਰਾਰਤ ਦਾ ਝਲਕਾਰਾ ਮੇਰੇ ’ਤੇ ਅਸਮਾਨੀ ਬਿਜਲੀ ਵਾਂਗ ਡਿਗਿਆ।
“ਅਰਜ਼ੀ ਨਹੀਂ ਜਾ ਸਕਦੀ ਕਿਉਂਕਿ ਇਹ ਉਸ ਸਕੇਲ ਦੀ ਹੀ ਪੋਸਟ ਹੈ।” ਆਖ ਕੇ ਬਾਬੂ ਪਾਤਸ਼ਾਹ ਨੇ ਮੇਰੀ ਸਿਫਾਰਸ਼ ਦੀ ਵੀ ਲਾਹ-ਪਾਹ ਕਰ ਛੱਡੀ। ਮੈਂ ਅੱਤ ਦਾ ਨਿਰਾਸ਼ ਹੋ ਚੁੱਕਾ ਸੀ ਅਤੇ ਗੁੱਸੇ ਦੇ ਭਰੇ ਨੇ ਕਿਹਾ, “ਬਾਬੂ ਜੀ, ਤੁਹਾਡਾ ਮੁੰਡਾ ਫਸਟ ਕਲਾਸ ਐੱਮ ਐੱਸ ਸੀ ਫਿਜ਼ਕਸ ਹੋਵੇ ਕੀ ਤੁਸੀਂ ਉਸ ਨੂੰ ਸਾਰੀ ਉਮਰ ਉੱਥੇ ਸੜਨ ਦਿਉਗੇ?”
ਬਾਬੂ ਜੀ ਅੱਗ ਬਬੂਲਾ ਹੋ ਗਏ। ਮੈਂ ਸਾਰੀ ਰਾਤ ਸੌਂ ਨਾ ਸਕਿਆ। ਰਾਤ ਨੂੰ ਹੀ ਤਦਬੀਰ ਬਣ ਗਈ ਤੇ ਸਵੇਰੇ ਮੇਰੀ ਅਰਜ਼ੀ ਚਲੀ ਗਈ। ਮੈਂ ਚੁਣਿਆ ਗਿਆ। ਫਿਰ ਮੈਨੂੰ ਰਿਲੀਵ ਨਾ ਕਰਨ। ਕਹਿਣ ਬੰਦਾ ਲਿਆਓ। ਮੈਂ ਕਿਹਾ, “ਰੁਜ਼ਗਾਰ ਦਫਤਰ ਵਿੱਚ ਹਜ਼ਾਰਾਂ ਹੀ ਬੇਰੋਜ਼ਗਾਰ ਹਨ?”
ਕਿਵੇਂ ਨਾ ਕਿਵੇਂ ਉਹ ਮੇਰੀ ਜੁਆਇਨਿੰਗ ਤਾਰੀਖ਼ ਲੰਘਾਉਣਾ ਚਾਹੁੰਦੇ ਸਨ। ਮੈਨੂੰ ਉੱਥੇ ਗਾਲਣ-ਸਾੜਨ ਲਈ ਉਨ੍ਹਾਂ ਪੂਰੀ ਵਾਹ ਲਾਈ। ਇਸੇ ਸ਼ਹਿਰ ਵਿੱਚ ਮੇਰੇ ਵਰਗ ਦੇ ਪ੍ਰੋਫੈਸਰ ਲੱਖਾਂ ਰੁਪਏ ਟਿਊਸ਼ਨ ਕਮਾ ਰਹੇ ਸਨ। ਮੇਰੇ ਸਾਥੀ ਛੋਟੀਆਂ ਛੋਟੀਆਂ ਹੌਜ਼ਰੀ ਦੀਆਂ ਮਸ਼ੀਨਾਂ ਚਲਾ ਰਹੇ ਸਨ ਅਤੇ ਮੈਂ ਤੇ ਮੇਰੇ ਹੋਰ ਸਾਥੀ ਇੱਥੇ ਹੀ ਰਿਜ਼ਰਵ ਪੋਸਟਾਂ ’ਤੇ ਕੰਮ ਕਰਦੇ ਮਹਿੰਗਾਈ ਦੀ ਮਾਰ ਝੱਲ ਕੇ ਨਿਮਾਣੇ ਜਿਹੇ ਹੁੰਦੇ ਜਾ ਰਹੇ ਸਾਂ। ਸਾਨੂੰ ਆਪਣੇ ਖੇਤਰ (ਵਿੱਦਿਆ) ਤੋਂ ਦੂਰ ਕਰਨ ਦਾ ਇਹ ਮਜ਼ਾਕ ਉਸ ਵੇਲੇ ਮੇਰੇ ਜ਼ਿਹਨ ਵਿੱਚ ਨਹੀਂ ਸੀ। ਖ਼ੈਰ ਇੱਕ ਦਿਨ ਰਿਲੀਵ ਕਰ ਹੀ ਦਿੱਤਾ।
ਹੁਣ ਫੇਰ ਉਹ ਪੇਂਡੂ ਸਰਕਾਰੀ ਕਾਲਜ, ਜਿੱਥੇ ਕੋਈ ਜਾਣ ਨੂੰ ਤਿਆਰ ਨਹੀਂ ਸੀ, ਨਾ ਉੱਥੇ ਰਹਿਣ ਦੀ ਕੋਈ ਸੁਵਿਧਾ, ਨਾ ਕਿਸੇ ਸ਼ਹਿਰ ਨਾਲ ਨੇੜਤਾ. ਹਰ ਰੋਜ਼ 10 ਕਿਲੋਮੀਟਰ ਸਾਇਕਲ ਤੇ ਆਓ ਜਾਓ। ਪੇਂਡੂ ਬੱਚਿਆਂ ਨੂੰ ਭੌਤਿਕ ਵਿਗਿਆਨ ਪੜ੍ਹਾਓ। ਇੱਥੋਂ ਭੱਜਣ ਦਾ ਕੋਈ ਇਰਾਦਾ ਨਹੀਂ ਸੀ।
ਮੈਂ ਕੋਸ਼ਿਸ਼ ਕਰਕੇ ਯੂ ਪੀ ਐੱਸ ਸੀ ਦੇ ਮੁਕਾਬਲੇ ਦਾ ਇਮਿਤਹਾਨ ਪਾਸ ਕਰ ਲਿਆ। ਟਰੇਨਿੰਗ ਹੋਈ। ਡਾਇਰੈਕਟਰ ਦੇ ਘਰ ਚਾਹ ’ਤੇ ਪੋਸਟਿੰਗ ਬਾਰੇ ਹਾੜ੍ਹੇ ਕੱਢੇ, “ਬੰਬਈ ਨਾ ਭੇਜੋ।” ਕਿਉਂਕਿ ਉੱਥੇ ਰਿਹਾਇਸ਼ੀ ਮਕਾਨਾਂ ਦੀ ਕਿੱਲਤ ਸੀ, ਮੈਂ ਸ਼ਾਦੀ-ਸ਼ੁਦਾ ਸੀ, ਦੋ ਬੱਚੇ ਸਨ। ਉਨ੍ਹਾਂ ਦੀ ਧਰਮ-ਪਤਨੀ ਦੇ ਲਫ਼ਜ਼ ਅੱਜ ਵੀ ਕੰਨਾਂ ਵਿੱਚ ਗੂੰਜ ਰਹੇ ਹਨ, “ਵੱਟ? ਯੂ ਡੂ ਨਾਟ ਵਾਂਟ ਟੂ ਗੋ ਟੂ ਬੰਬੇ, ਆਈ ਵਿਲ ਆਸਕ ਹਿਮ ਟੂ ਸੈਂਡ ਯੂ ਟੂ ਬੰਬੇ ...” ਉਸ ਔਰਤ ਨੇ ਮੇਰੇ ਪਰਿਵਾਰ ਦੀ ਦਿੱਤੀ ਦੁਹਾਈ ਦੀ ਵੀ ਕਦਰ ਨਾ ਕੀਤੀ
ਉਨ੍ਹੀਂ ਦਿਨੀਂ ਬੰਬੇ ਸਾਡੀ ਤਨਖਾਹ ਵਿੱਚ ‘ਇੱਕ ਖੋਲ਼ੀ’ ਵੀ ਕਿਰਾਏ ’ਤੇ ਨਹੀਂ ਲਈ ਜਾ ਸਕਦੀ ਸੀ। ਕੋਈ 32-33 ਅਫਸਰ ਬੰਬੇ ਭੇਜੇ ਗਏ ਜਿਨ੍ਹਾਂ ਵਿੱਚੋਂ ਅੱਧੇ ‘ਕੋਟੇ ਵਾਲੇ’ ਸਨ। ਅਸੀਂ ਚਾਰ ਮਹੀਨੇ ਕਿਵੇਂ ਦਿਨ ਕਟੀ ਕੀਤੀ, ਅਸੀਂ ਹੀ ਜਾਣਦੇ ਹਾਂ। ਬਾਅਦ ਵਿੱਚ ਸਰਕਾਰ ਨੇ ਸਿਰ ਢਕਣ ਦਾ ਕੁਝ ਇੰਤਜ਼ਾਮ ਕਰ ਦਿੱਤਾ। ਸੱਤਾਂ ਮੈਂਬਰਾਂ ਲਈ ਦੋ ਕਮਰੇ, ਇੱਕ ਬਾਥਰੂਮ, ਇੱਕ ਗੁਸਲਖਾਨਾ ਅਤੇ ਇੱਕ ਰਸੋਈ।
ਤਰੱਕੀ ਹੋ ਗਈ। ਕੋਟੇ ਵਾਲਿਆਂ ਨੂੰ ਅਣਚਾਹੇ ਰਾਜ, ਬਚਦੇ-ਖੁਚਦੇ ਸ਼ਹਿਰ ਅਲਾਟ ਹੋ ਗਏ। ਮੈਨੂੰ ਗੁਜਰਾਤ ਦਾ ‘ਭਾਵਨਗਰ ਰੇਂਜ’ ਦਿੱਤਾ ਗਿਆ। ਪੂਰੇ ਪ੍ਰਾਂਤ ਵਿੱਚ ਇਹ ਸਭ ਤੋਂ ਵੱਧ ਅਣਚਾਹੀ ਥਾਂ ਸੀ। ਇਸ ਨੂੰ ਕਾਲੇ-ਪਾਣੀ ਦੀ ਸਜ਼ਾ ਸਮਝਿਆ ਜਾਂਦਾ ਸੀ। ਪੋਸਟਿੰਗ ਕਰਨ ਵਾਲੇ ਸਾਹਿਬ ਨੂੰ ਮਿਲਿਆ ਤਾਂ ਸੁਣਨ ਨੂੰ ਮਿਲਿਆ, “ਪ੍ਰਮੋਸ਼ਨ ਤੇ ਸਿੱਧੇ ਹੀ ਤੈਨੂੰ ਰੇਂਜ ਦੇ ਦਿੱਤੀ ਐ, ਹੋਰ ਤੈਨੂੰ ਕੀ ਚਾਹੀਦਾ ਹੈ?”
ਮੈਂ ਬਥੇਰਾ ਕਿਹਾ, “ਸਰ, ਇਸ ਸ਼ਹਿਰ ਨੂੰ ਪੰਜਾਬ ਜਾਣ ਲਈ ਕੋਈ ਸਿੱਧੀ ਗੱਡੀ ਨਹੀਂ, ਤਕਰੀਬਨ ਢਾਈ ਦਿਨ ਲੱਗ ਜਾਂਦੇ ਨੇ। ਪਨੀਰ ਦਾ ਆਰਡਰ ਇੱਕ ਦਿਨ ਪਹਿਲਾਂ ਕਰਨਾ ਪੈਂਦਾ ਹੈ, ਰੀਫਾਇੰਡ ਤੇਲ ਵੀ ਨਹੀਂ ਮਿਲਦਾ। ਪਰਿਵਾਰ ਬੰਬੇ ਤੋਂ ਆ ਕੇ ਇਕੱਲ ਮਹਿਸੂਸ ਕਰ ਰਿਹਾ ਹੈ। ਬੱਚਿਆਂ ਦੇ ਸਕੂਲ ਦੀ ਸਮੱਸਿਆ ਹੈ। ਉਹ ਗੁਜਰਾਤੀ ਨਹੀਂ ਜਾਣਦੇ ...।”
ਉਨ੍ਹਾਂ ਇੱਕ ਨਾ ਸੁਣੀ। ਮੇਰੀ ਅਤੇ ਕੋਟੇ ਦੇ ਕੁਝ ਹੋਰ ਅਫਸਰਾਂ ਦੀ ਤਰੱਕੀ ਵੇਲੇ ਸੀਨੀਆਰਤਾ ਘਟਾ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਸ਼ਹਿਰ ਇਤਫਾਕਨ ਠੀਕਠਾਕ ਮਿਲੇ ਸਨ। ਉਨ੍ਹਾਂ ਕੈਟ ਵਿੱਚ ਜਾਣ ਲਈ ਮੇਰੀ ਸਲਾਹ ਲਈ। ਮੈਂ ਆਪਣੀ ਉਮਰ ਦਾ ਹਿਸਾਬ-ਕਿਤਾਬ ਲਾ ਕੇ ਨਾਂਹ ਕਰ ਦਿੱਤੀ, ਪਰ ਨਾਲ ਹੀ ਸਲਾਹ ਦਿੱਤੀ ਕਿ ਜਿਸ ਦਿਨ ਤੁਸੀਂ ਕੈਟ ਵਿੱਚ ਅਰਜ਼ੀ ਦਾਖਲ ਕਰੋਗੇ, ਦੂਸਰੇ ਦਿਨ ਹੀ ਤੁਹਾਡੀ ਬਦਲੀ ਮੇਰੇ ਵਰਗੇ ਸਟੇਸ਼ਨ ’ਤੇ ਕਰ ਦਿੱਤੀ ਜਾਵੇਗੀ। ਅਜਿਹਾ ਹੀ ਹੋਇਆ। ਸਭ ਇੱਧਰ-ਉੱਧਰ ਸੁੱਟ ਦਿੱਤੇ ਗਏ। ‘ਕੋਟੇ ਵਾਲੇ’ ਇਨਸਾਫ਼ ਦੀ ਗੁਹਾਰ ਕਿਵੇਂ ਲਗਾ ਸਕਦੇ ਸਨ? ਚੰਗੇ ਵਾਤਾਵਰਣ ਵਿੱਚ ਰਹਿਣ ਦੇ ਉਹ ਕਾਬਿਲ ਕਿਵੇਂ ਹੋ ਸਕਦੇ ਸਨ? ਕੋਝੇ ਅਤੇ ਛੁਪਵੇਂ ਮਜ਼ਾਕ ਦੇ ਵੱਖ ਵੱਖ ਰੂਪ ਸਾਹਮਣੇ ਆਉਣ ਲੱਗੇ।
ਅਖੌਤੀ ਉੱਚ ਜਾਤ ਦੇ ਇੱਕ ਕਲਰਕ ਤੋਂ ਬਣੇ ਗਰੁੱਪ ਏ ਅਫਸਰ ਨੇ ਤਾਂ ‘ਕੋਟੇ ਵਾਲੇ’ ਦੇ ਲਿਖਤੀ ਹੁਕਮਾਂ ਨੂੰ ਵੀ ਅੱਖੋਂ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਐਨਾ ਵਿਗਾੜ ਰੱਖਿਆ ਸੀ ਕਿ ਉਹ ਹਰ ਇੱਕ ਨੂੰ ਟਿੱਚ ਸਮਝਦਾ ਸੀ, ਜਿਵੇਂ ਆਮ ਬ੍ਰਾਹਮਣ ਸਮਝਦੇ ਹਨ। ਅਕਸਰ ਕਹਿੰਦਾ ਸੁਣਿਆ ਜਾਂਦਾ, “ਇਨ੍ਹਾਂ ਕੋਟੇ ਵਾਲਿਆਂ ਨੂੰ ਕੁਛ ਨੀ ਆਉਂਦਾ, ਇਹ ਸਰਦਾਰ ਮੇਰਾ ਕੀ ਕਰ ਲੂਗਾ।” ਇਹ ਤਾਂ ਇਹ ‘ਕੋਟੇ ਵਾਲਾ’ ਹੀ ਤਕੜਾ ਨਿਕਲਿਆ, ਉਸ ਨੇ ਆਪਣੀ ਜਾਨ ਛੁਡਾਉਣ ਲਈ ‘ਗਜ਼ਟਡ ਅਫਸਰਾਂ ਦੀ ਯੂਨੀਅਨ’ ਦੀ ਵਿਚੋਲਗੀ ਕਰਵਾਈ। ਉਹ ਵੀ ਨਾ ਬਚਾ ਸਕੇ।
ਇਹ ਸਤਰਾਂ ਲਿਖਦੇ ਸਮੇਂ 4 ਜੂਨ 2023 ਨੂੰ ਬੇਂਗਲੁਰੂ ਦੇ ਇੱਕ ਕਾਰਪੋਰੇਟ ਜਗਤ ਦੇ ਦਲਿਤ ਕਾਮੇ - ਵਿਵੇਕ ਰਾਜ ਦੇ ਆਤਮ-ਹੱਤਿਆ ਕਰਨ ਤੋਂ ਪਹਿਲਾਂ ਦੀ 8 ਮਿੰਟ ਦੀ ਵੀਡਿਓ ਵਿਚਲੇ ਬੋਲ ਯਾਦ ਆ ਗਏ ਹਨ। ਉਹ ਵੀਡੀਓ ਵਿੱਚ ਕਹਿ ਰਿਹਾ ਹੈ, “ਮੈਨੂੰ ਅਫਸੋਸ ਹੈ ਪਰ ਮੈਂ ਮਾਣ-ਮੱਤਾ ਵੀ ਮਹਿਸੂਸ ਕਰ ਰਿਹਾ ਹਾਂ। ਖੇਤਰ ਭਾਵੇਂ ਸਰਕਾਰੀ ਹੋਵੇ ਜਾਂ ਨਿੱਜੀ, ਵਿਵਸਥਾ ਨਾਲ ਲੜਨਾ ਮੁਸ਼ਕਿਲ ਹੈ। ਇੱਕ ਖਾਸ ਪਿਛੋਕੜ ਤੋਂ ਆਉਂਦੇ ਤੁਸੀਂ ਸਖ਼ਤ ਮਿਹਨਤ ਕਰਦੇ ਹੋ, ਮਿਹਨਤ ਨਾਲ ਪੜ੍ਹਦੇ ਹੋ, ਤੁਸੀਂ ਬਦਲ ਜਾਂਦੇ ਹੋ, ਤੁਸੀਂ ਵਿਕਸਤ ਹੁੰਦੇ ਹੋ ਅਤੇ ਮਨੁੱਖ ਹੋਣ ਦੇ ਨਾਤੇ ਹੋਰ ਚੰਗੇਰੇ ਇਨਸਾਨ ਬਣਦੇ ਹੋ। ਤੁਸੀਂ ਦੂਸਰਿਆਂ ਉੱਤੇ ਰਹਿਮਦਿਲੀ ਦੀ ਕੋਸ਼ਿਸ਼ ਕਰਦੇ ਹੋ ਪਰ ਦੁਨੀਆਂ ਤੁਹਾਡੇ ਉੱਤੇ ਰਹਿਮ ਨਹੀਂ ਕਰਦੀ।”
ਉਸ ਨੇ ਬਿਲਕੁਲ ਸਹੀ ਲਿਖਿਆ ਹੈ। ਅਖੌਤੀ ਉੱਚੀ ਜਾਤ ਦੇ ਮਾਤਹਿਤ ਅਫਸਰ ਨੂੰ ਮੈਂ ਰਹਿਮਦਿਲੀ ਦਿਖਾਉਂਦਾ ਰਿਹਾ ਪਰ ਅੰਤ ਜਦੋਂ ਉਹ ‘ਕੋਟੇ ਦੇ’ ਮਜ਼ਾਕ ’ਤੇ ਆ ਗਿਆ ਤਾਂ ਫਿਰ ਉਸ ਨੂੰ ਸਬਕ ਸਿਖਾਉਣ ’ਤੇ ਮੈਂ ਫਖਰ ਵੀ ਮਹਿਸੂਸ ਕੀਤਾ ਸੀ ਅਤੇ ਅਫਸੋਸ ਵੀ ਸੀ ਕਿ ਮੈਂ ਸਿਸਟਮ ਨਾਲ ਉਲਝ ਕੇ ਰਹਿ ਜਾਵਾਂਗਾ। ਇੰਝ ਹੀ ਹੋਇਆ। ਵਿਵੇਕ ਰਾਜ ਨੇ 35 ਕੁ ਸਾਲ ਬਾਅਦ ਮੇਰੇ ਵਿਚਾਰਾਂ ਦੀ ਖੁੱਲ੍ਹੇ-ਆਮ ਤਰਜਮਾਨੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਮੈਂ ‘ਕੋਟੇ ਆਲਾ’ ਸਭ ਉੱਚ ਜਾਤੀਏ ਐਰੇ-ਗੈਰੇ ਦੇ ਨਿਸ਼ਾਨੇ ’ਤੇ ਆ ਗਿਆ ਸੀ। ਤਕਰੀਬਨ ਪੰਜ ਸਾਲ ਆਲਤੂ-ਫਾਲਤੂ ਸਮਝੀਆਂ ਜਾਂਦੀਆਂ ਪੋਸਟਾਂ ’ਤੇ ਕੰਮ ਕਰਦਾ ਰਿਹਾ।
ਕੁਝ ਰਾਹਤ ਤੋਂ ਬਾਅਦ ਅਤੇ ਅਗਲੀ ਤਰੱਕੀ ’ਤੇ ਫਿਰ ਉਹੀ ਕਹਾਣੀ ਦੁਹਰਾਈ ਗਈ,ਜਦੋਂ ਕਿ ਮਿਹਨਤ ਕਰਨਾ ਮੇਰਾ ਸੁਭਾਅ ਬਣ ਚੁੱਕਾ ਸੀ।ਤੁਹਮਤ ਸੀ ਕਿ ਮੈਂ ਆਪਣੇ ਟੀਚੇ ਪ੍ਰਾਪਤ ਕਰਨ ਵਿੱਚ ਅਸਫਲ ਸੀ। ਇਹ ਝੂਠਾ ਇਲਜ਼ਾਮ ਸੀ। ਅਜਿਹੇ ਫਰਮਾਨ ਹੋਰਾਂ ਲਈ ਵੀ ਸੁਣਾਏ ਗਏ। ‘ਕੋਟੇ ਵਾਲਿਆਂ’ ਨੂੰ ਗੁਨਾਹ ਦੇ ਅਨੁਪਾਤ ਵਿੱਚ ਕਿਤੇ ਵੱਡੀ ਸਜ਼ਾ ਸੁਣਾਈ ਗਈ। ਘਰ ਤੋਂ ਤਕਰੀਬਨ ਢਾਈ ਹਜ਼ਾਰ ਕਿਲੋਮੀਟਰ ਦੂਰ ਦੀ ਬਦਲੀ ਜਦੋਂ ਕਿ ਗੈਰ-ਕੋਟੇ ਦੇ ਸੱਜਣਾਂ ਨੂੰ ਸਿਰਫ 50 ਕੁ ਕਿਲੋਮੀਟਰ ’ਤੇ ਬਦਲਿਆ ਗਿਆ।
ਹੁਣ ਮੈਂ ਪਰਿਵਾਰ ਵੀ ਆਪਣੇ ਨਾਲ ਨਹੀਂ ਲਿਜਾ ਸਕਦਾ ਸੀ। ਉਹ ਅਸਾਮੀ ਬੋਲੀ ਅਤੇ ਸੱਭਿਆਚਾਰ ਤੋਂ ਅਭਿੱਜ ਸਨ, ਮੈ ਵੀ। ਸਾਨੂੰ ਤਾਂ ਸਮਾਜ ਨੇ ਆਪਣੇ ਹੀ ਸੱਭਿਆਚਾਰ ਤੋਂ ਦੂਰ ਰੱਖ ਕੇ ਇਸ ਨੂੰ ਸਮਝਣ ਤੋਂ ਵਾਂਝਾ ਰੱਖਿਆ ਹੋਇਆ ਸੀ। ਫਿਰ ਰਿਟਾਇਰਮੈਂਟ ਵਿੱਚ ਦੋ ਕੁ ਸਾਲ ਰਹਿੰਦੇ ਮੈਰੀ ‘ਵਤਨ-ਵਾਪਸੀ’ ਹੋਈ।
ਪਹਿਲੇ ਸਾਲ ਅਪੀਲ ਆਰਡਰ ਕਰਨੇ ਸਨ, ਜਿਨ੍ਹਾਂ ਦੀ ਛਾਣ-ਬੀਣ ਸੀਨੀਅਰ ਕਮਿਸ਼ਨਰ ਨੇ ਕਰਨੀ ਸੀ। ਇੱਕ ਦਿਨ ਉਹ ਕਹਿਣ ਲੱਗੇ, “ਤੁਸੀਂ ਆਰਡਰ ਬਹੁਤ ਸੋਚ-ਸਮਝ ਕੇ ਲਿਖਦੇ ਹੋ।” ਕੁਝ ਮਹੀਨਿਆਂ ਬਾਅਦ ਜਦੋਂ ਮੈਂ ਉਨ੍ਹਾਂ ਦੀ ਕੁਰਸੀ ਉੱਤੇ ਬੈਠਣ ਲੱਗਾ ਤਾਂ ਉਹ ਨਸੀਹਤ ਦੇ ਗਏ, “ਤੁਸੀਂ ਕੀ ਲੈਣਾ ਹੈ, ਜਿਵੇਂ ਚੱਲਦਾ ਹੈ ਚੱਲੀਂ ਜਾਣ ਦੇਣਾ। ਨਾਲੇ ਤੁਹਾਡਾ ਨੌਕਰੀ ਦਾ ਆਖਰੀ ਵਰ੍ਹਾ ਹੈ।” ‘ਕੋਟੇ ਵਾਲੇ’ ਨੇ ਚੁੱਪ ਕਰ ਕੇ ਸੁਣ ਲਿਆ।
ਇਤਫਕਨ ਆਖਰੀ ਵਰ੍ਹੇ ਹੀ ਮੇਰੇ ਮੋਢਿਆਂ ’ਤੇ ਕੋਈ ਦੋ ਹਜ਼ਾਰ ਕਰੋੜ ਇਕੱਠਾ ਕਰਨ ਦਾ ਬੋਝ ਆ ਪਿਆ ਸੀ। ਸਾਰੇ ਪ੍ਰਭਾਰ ਦੀ ਟੈਕਸ-ਉਗਰਾਹੀ ਟੀਚੇ ਤੋਂ ਬਹੁਤ ਘੱਟ ਸੀ। ਮੁੱਖ-ਕਮਿਸ਼ਨਰ ਨੇ ਮਾਰਚ ਮਹੀਨੇ ਮੀਟਿੰਗ ਬੁਲਾਈ। ਬਹੁਤੇ ਸਾਥੀ ਜਾਣਦੇ ਸਨ ਕਿ ਮੈਂ ਕਿਵੇਂ ਕੰਮ ਕਰਦਾ ਹਾਂ। ਬੰਬੇ ਦਿਨਾਂ ਦੇ ਇੱਕ ਮਿੱਤਰ ਕਹਿਣ ਲੱਗੇ, “ਜਗਰੂਪ ਤੂੰ ਕਦੇ ਫੇਲ ਨਹੀਂ ਹੁੰਦਾ, ਪਰ ਇਸ ਵਾਰ ਜੇ ਕਿਤੇ ਫੇਲ ਹੋ ਗਿਆ ਤਾਂ ਅਸੀਂ ਸਾਰੇ ਫੇਲ ਹੋ ਜਾਵਾਂਗੇ।”
ਮੈਨੂੰ ਮਿੰਨਾ ਜਿਹਾ ਮਜ਼ਾਕ ਸੁੱਝਿਆ। ਮੈਂ ਕਿਹਾ, “ਯਾਰ ਕਿਉਂ ਟਿੱਚਰਾਂ ਕਰਦੇ ਓਂ ‘ਕੋਟੇ ਆਲੇ’ ਨੂੰ ...ਚਿੰਤਾ ਨਾ ਕਰੋ, ਕਰਾਂਗੇ ਕੋਈ ਜੁਗਾੜ।”
ਸਾਰਿਆਂ ਕੋਲ ਮੁਸਕੜੀਏਂ ਹੱਸਣ ਤੋਂ ਵਗੈਰ ਕੀ ਚਾਰਾ ਸੀ?
ਫੂਕ ਛਕਣੀ ਮੈਂ ਅੱਜ ਤਕ ਨਹੀਂ ਸਿੱਖ ਸਕਿਆ। ਆਪਣੇ ਟੀਚੇ ਤੋਂ 500 ਕਰੋੜ ਵੱਧ ਇਕੱਠਾ ਕਰ ਕੇ ਸਭ ਦਾ ਘਾਟਾ ਪੂਰ ਦਿੱਤਾ ਸੀ।
‘ਕੋਟਾ’ ਭਾਵ ਰਿਜ਼ਰਵੇਸ਼ਨ ਦਾ ਮੰਤਵ ਸੀ ਕਿ ਸਮਾਜ ਦੇ ਹਜ਼ਾਰਾਂ ਸਾਲਾਂ ਤੋਂ ਪੱਛੜੇ ਅਤੇ ਲਿਤਾੜੇ ਸਮੂਹਾਂ ਨੂੰ ਵਿੱਦਿਅਕ, ਸਿਆਸੀ ਅਤੇ ਸਰਕਾਰੀ ਨੌਕਰੀਆਂ ਵਿੱਚ ਸੀਟਾਂ ਰਾਖਵੀਆਂ ਕਰ ਕੇ ਇਨ੍ਹਾਂ ਵਰਗਾਂ ਨੂੰ ਸਮਾਜ ਦੀ ਮੁੱਖ-ਧਾਰਾ ਨਾਲ ਰਲਾਇਆ ਜਾਵੇ। ਇਹ ਕਾਨੂੰਨ ਦੀ ਦੇਣ ਸੀ, ਪਰ ਧਰਮ ’ਤੇ ਉੱਸਰਿਆ ਸਮਾਜ ਇਸ ਨੂੰ ਦਿਲੋਂ ਮੰਨਣ ਲਈ ਬਿਲਕੁਲ ਮੁਨਕਰ ਸੀ, ਹੈ। ਇਸ ਨਾਲ ‘ਕੋਟੇ ਵਾਲੇ’ ਕੁਝ ਪਰਿਵਾਰ ਆਰਥਿਕ ਤੌਰ ’ਤੇ ਜ਼ਰੂਰ ਮਜ਼ਬੂਤ ਹੋਏ ਪਰ ਸਮਾਜ ਦੀ ਅੱਖ ਵਿੱਚ ਰੜਕਣ ਲੱਗ ਪਏ। ਸਮੁੱਚੇ ਦੱਬੇ-ਕੁਚਲੇ ਸਮਾਜ ਦੀ ਹਾਲਤ ਵਿੱਚ ਬਹੁਤਾ ਫਰਕ ਨਹੀਂ ਪਿਆ।
ਰਿਟਾਇਰਮੈਂਟ ਤੋਂ ਤਕਰੀਬਨ ਸੋਲਾਂ ਸਾਲ ਬਾਅਦ ਸਮਝ ਆ ਰਿਹਾ ਹੈ ਕਿ ‘ਕੋਟੇ’ ਦਾ ਮਜ਼ਾਕ ਸਿਰਫ ‘ਕੋਟੇ-ਆਲਾ’ ਕਹਿਣ ਵਿੱਚ ਹੀ ਨਹੀਂ ਸੀ ਬਲਕਿ ਇਸਦਾ ਕੋਝਾ ਸਰੂਪ ਅਜਿਹੀਆਂ ਪੋਸਟਾਂ ਰਿਜ਼ਰਵ ਕਰ ਦੇਣਾ ਜਿੱਥੇ ਸਿਰਫ ਇੱਕ ਵੀ ਤਰੱਕੀ ਨਾ ਮਿਲਣੀ ਹੋਵੇ, ਅਜਿਹੀਆਂ ਥਾਂਵਾਂ ’ਤੇ ਤਾਇਨਾਤ ਕਰ ਦੇਣਾ ਜਿੱਥੇ ਪਰਿਵਾਰ ਦੇ ਅੱਗੇ ਵਧਣ ਵਿੱਚ ਰੁਕਾਵਟ ਪੈਂਦੀ ਹੋਵੇ, ਤੁਸੀਂ ਸਮਾਜਿਕ ਮੁੱਖ-ਧਾਰਾ ਤੋਂ ਦੂਰ ਹੋਵੋਂ, ਜੇਕਰ ਸਵੈਮਾਣ ਨਾਲ ਜਿਊਣਾ ਚਾਹੋਂ ਤਾਂ ਤੁਹਾਡਾ ਜਿਊਣਾ ਦੁੱਭਰ ਕਰ ਦੇਣ, ਕਿਸੇ ਵੀ ਪ੍ਰਭਾਵਸ਼ਾਲੀ ਪਦ ਤੋਂ ਵਾਂਝਾ ਰੱਖਣ ਵਿੱਚ ਸੀ, ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4066)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)