“ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ।” “ਯਾਰ ਇੱਕ ਵਾਰ ਘੁਸ ਜਾਓ, ਫਿਰ ਉੱਥੇ ...”
(26 ਫਰਵਰੀ 2024)
ਇਸ ਸਮੇਂ ਪਾਠਕ: 400.
ਇਹ ਸ਼ਬਦ ‘ਡੌਂਕੀ’ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ ਪਰ ਮੇਰੇ ਧਿਆਨ ਵਿੱਚ ਇਹ ਬਹੁਤਾ ਨਹੀਂ ਸੀ ਆਇਆ। ਇੱਕ ਦਿਨ ਜਦੋਂ ਇੱਕ ਹਵਾਈ ਜਹਾਜ਼ ਨੂੰ ਯੌਰਪ ਦੇ ਇੱਕ ਨਿੱਕੇ ਜਿਹੇ ਦੇਸ਼ ਵਿੱਚ ਉਤਾਰਿਆ ਗਿਆ ਅਤੇ ਉਹ ਕਈ ਦਿਨ ਉੱਥੇ ਅਟਕਾਈ ਰੱਖਿਆ ਤਾਂ ਪਤਾ ਚੱਲਿਆ ਕਿ ਇਹ ‘ਡੌਂਕੀ ਫਲਾਈਟ’ ਸੀ। ਇੱਕ ਦਮ ਦਿਮਾਗ ਵਿੱਚ ਪ੍ਰਸ਼ਨ ਉੱਠਿਆ ਕਿ ਕੀ ਇਸ ਵਿੱਚ ਗਧੇ ਢੋਏ ਜਾ ਰਹੇ ਸਨ? ਥੋੜ੍ਹੀ ਬਹੁਤੀ ਜਾਣਕਾਰੀ ਮਿਲਦੀ ਰਹੀ ਤਾਂ ਪਤਾ ਚੱਲਿਆ ਕਿ ਨਹੀਂ, ਇਹ ਉਨ੍ਹਾਂ ਗਧਿਆਂ ਨਾਲ ਭਰੀ ਹੋਈ ਸੀ, ਜਿਹੜੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਘਾਹ ਚਰਨਾ ਚਾਹੁੰਦੇ ਸਨ। ਇਹ ਜਾਣਕਾਰੀ ਮੈਨੂੰ ਮੇਰੇ ਬਚਪਨ ਦੇ ਦਿਨੀਂ ਲੈ ਗਈ ਅਤੇ ਮੈਂ ਇਨ੍ਹਾਂ ਮਨੁੱਖਾਂ/ਗਧਿਆਂ ਦੀ ਤੁਲਨਾ ਵਿਹੜੇ ਦੀਆਂ ਤੀਮੀਆਂ ਨਾਲ ਕਰਨ ਲੱਗ ਪਿਆ, ਜਿਨ੍ਹਾਂ ਨਾਲ ਕਦੇ ਕਦਾਈਂ ਮੈਂ ਵੀ ਵੱਡੇ ਜਿਮੀਂਦਾਰ ਦੇ ਖੇਤ ਵਿੱਚੋਂ ਮਾਤਾ ਜੀ ਨਾਲ ਕੱਖ-ਕੰਡਾ ਲੈਣ ਤੁਰ ਜਾਂਦਾ ਸੀ। ਅੱਠ ਦਸ ਤੀਮੀਆਂ ਦਾ ਇਹ ਵੱਗ ਜ਼ਿਮੀਂਦਾਰ ਦੇ ਖੇਤ ਵਿੱਚ ਚੋਰੀ ਛਿਪੇ ਘੁਸ ਜਾਂਦਾ ਅਤੇ ਜਿੰਨੀ ਜਲਦੀ ਹੋ ਸਕਦੀ, ਉਸ ਫੁਰਤੀ ਨਾਲ ਘਾਹ ਖੋਤਕੇ ਖੇਤੋਂ ਬਾਹਰ ਹੋ ਜਾਂਦਾ। ਰਸਤੇ ਵਿੱਚ ਕੀਹਨੇ ਪੁੱਛਣਾ ਹੁੰਦਾ ਸੀ ਕਿੱਥੋਂ ਲਿਆਏ ਹੋ? ਇਨ੍ਹਾਂ ਦੀ ਇਹ ਚੋਰੀ ਅਤੇ ਮਿਹਨਤ ਦੀ ਕਮਾਈ ਇਨ੍ਹਾਂ ਦੇ ਪਸ਼ੂ ਧਨ ਰਾਹੀਂ ਇਨ੍ਹਾਂ ਦੇ ਜੀਵਨ ਨੂੰ ਸੁਖੀ ਬਣਾਉਂਦੀ ਸੀ। ਕਦੇ ਕਦੇ ਜ਼ਿਮੀਂਦਾਰ ਦਾ ਸੀਰੀ ਖੇਤ ਦੀ ਵੱਟ ’ਤੇ ਖੜ੍ਹਾ ਹੁੰਦਾ ਤੇ ਉਹ ਇਸ ਵੱਗ ਨੂੰ ਖੇਤ ਵਿੱਚ ਵੜਨ ਨਾ ਦਿੰਦਾ। ਇਹ ਗਰੀਬੜੀਆਂ ਬਹੁਤ ਤਰਲੇ ਮਿੰਨਤਾਂ ਕਰਦੀਆਂ, ਉਸ ਨੂੰ ਭਾਈਚਾਰੇ ਦਾ ਵਾਸਤਾ ਦਿੰਦੀਆਂ ਅਤੇ ਕਦੇ ਕਦੇ ਤਾਂ ਇੱਥੋਂ ਤਕ ਕਹਿ ਦਿੰਦੀਆਂ - ਹੋਰ ਦੱਸੋ ਅਸੀਂ ਕਿਹੜੇ ਖੂਹ ਵਿੱਚ ਡਿਗੀਏ? ,,, ਜਿੱਥੇ ਜਾਨੀਆਂ ਕਹਿ ਦਿੰਦੇ ਨੇ, ਅਗਾਂਹ ਹੋ ਜੋ, ਨਹੀਂ ਤਾਂ ਫਿਰ ਡੰਡਾ। ਅਤੇ ਇੱਕ ਦਿਨ ਅਜਿਹਾ ਵਾਕਿਆ ਸੱਚਮੁੱਚ ਹੀ ਵਾਪਰ ਗਿਆ।
1957-58 ਦੀ ਘਟਨਾ ਹੈ। ਮਾਰਚ ਦੇ ਪਿਛਲੇ ਪੰਦਰਵਾੜੇ ਦੇ ਦਿਨੀਂ ਮੱਠੀ ਮੱਠੀ ਧੁੱਪ ਸੀ। ਅਸੀਂ ਸਲਾਨਾ ਪਰਚੇ ਦੇ ਕੇ ਵਿਹਲੇ ਸਾਂ। ਇਨ੍ਹੀਂ ਦਿਨੀਂ ਮਾਲਵੇ ਦੇ ਇਲਾਕੇ ਵਿੱਚ ਛੋਲਿਆਂ ਦੀ ਚੰਗੀ ਫਸਲ ਹੁੰਦੀ ਸੀ। ਇੱਕ ਦਿਨ ਮੈਂ ਵੀ ਮਾਤਾ ਜੀ ਨਾਲ ਵਿਹੜੇ ਦੀਆਂ ਤੀਮੀਆਂ ਨਾਲ ਕੱਖ ਕੰਡਾ ਲੈਣ ਚਲਾ ਗਿਆ। ਅਸੀਂ ਚਿੱਟੇ ਛੋਲਿਆਂ (ਅਸੀਂ ਇਨ੍ਹਾਂ ਨੂੰ ਕਾਬਲੀ ਛੋਲੇ ਕਿਹਾ ਕਰਦੇ ਸੀ) ਦੇ ਖੇਤ ਅੰਦਰ ਜਾ ਵੜੇ। ਆਲੂਆਂ ਨਾਲ ਇਨ੍ਹਾਂ ਦੀ ਤਰੀ ਵਾਲੀ ਸਬਜ਼ੀ, ਦਾਲ ਬਹੁਤ ਕਰਾਰੀ ਬਣਦੀ ਸੀ। ਖੇਤ ਬੜਾ ਹੀ ਹਰਾ ਭਰਾ ਸੀ ਅਤੇ ਇਸ ਵਿੱਚ ਗਾਂ, ਮੱਝ ਲਈ ਹਰਾ ਚਾਰਾ ਵੀ ਬਹੁਤ ਉੱਗ ਪਿਆ ਸੀ। ਉਸ ਵੇਲੇ ਤਾਂ ਮੈਨੂੰ ਇਉਂ ਹੀ ਲਗਦਾ ਸੀ ਕਿ ਇਹ ਔਰਤਾਂ ਸਿਰਫ ਕੱਖ ਹੀ ਖੋਤਣਗੀਆਂ, ਪਰ ਹੋ ਸਕਦਾ ਹੈ ਕਿ ਉਹ ਦੋ ਦੋ ਛੋਲਿਆਂ ਦੇ ਬੂਟੇ ਵੀ ਪੁੱਟਦੀਆਂ ਜੇਕਰ ਕਿਤੇ ਖੇਤ ਦਾ ਮਾਲਕ ਨਾ ਆ ਬਹੁੜਦਾ। ਇਹ ਪਰਿਵਾਰ ਪਿੰਡ ਵਿੱਚੋਂ ਨੀਵੀਂਆਂ ਜਾਤਾਂ ਪ੍ਰਤੀ ਕਰੜੇ ਰੁੱਖ ਲਈ ਮੰਨਿਆ ਹੋਇਆ ਸੀ। ਵਿਹੜੇ ਦੇ ਲੋਕਾਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਇਨ੍ਹਾਂ ਦੀ ਗਾਲੀ/ਗਲੋਚ ਸੁਣਦੇ ਵੀ ਇਨ੍ਹਾਂ ਨਾਲ ਸੀਰੀ ਵਗੈਰਾ ਰਲਦੇ ਸਨ। ਇਹ ਉਨ੍ਹਾਂ ਦੀ ਮਜਬੂਰੀ ਸੀ ਅਤੇ ਮਜਬੂਰੀ ਮਨੁੱਖ ਤੋਂ ਬਹੁਤ ਕੁਝ ਕਰਵਾ ਦਿੰਦੀ ਹੈ। ਇਨ੍ਹਾਂ ਕੱਖਾਂ ਵਾਲਿਆਂ ਨੂੰ ਦੂਰੋਂ ਦੇਖ ਕੇ ਉਨ੍ਹਾਂ ਨੇ ਗੱਡੇ ਨੂੰ ਰੇਲ ਬਣਾ ਦਿੱਤਾ ਸੀ, ਜਿਸਦੀ ਆਵਾਜ਼ ਨਾਲ ਇਹ ਔਰਤਾਂ ਚੌਕੰਨੀਆਂ ਹੋ ਗਈਆਂ ਸਨ ਪਰ ਇਸ ਤੋਂ ਅਨਜਾਣ ਸਨ ਕਿ ਉਹ ਐਨੀਆਂ ਗੰਦੀਆਂ ਗਾਲ੍ਹਾਂ ਦੇਵੇਗਾ। ਖੇਤ ਤੋਂ ਕੁਝ ਦੂਰੀ ਤੋਂ ਹੀ ਉਸ ਨੇ ਗੱਡੇ ਤੋਂ ਛਾਲ ਮਾਰੀ ਅਤੇ ‘ਫੜ੍ਹਾਈਂ ਓਏ ਗੀਆਲਿਆ ਡੰਡਾ ਇਨ੍ਹਾਂ ਦੀ ... ਕਹਿੰਦਾ ਸਾਡੇ ਵੱਲ ਵਾਹੋਦਾਹੀ ਭੱਜਿਆ। ਉਹ ਡੰਡਾ ਮੇਰੇ ਹੀ ਪੈਣਾ ਸੀ ਪਰ ਰੱਬ ਦੀ ਕੁਦਰਤ ਕਿ ਮੈਂ ਉਸ ਨੂੰ ਦੇਖਦਿਆਂ ਹੀ ਚਿੱਤੜਾਂ ਨੂੰ ਅੱਡੀਆਂ ਲਾ ਕੇ ਖਾਲ ਦੇ ਦੂਜੇ ਪਾਸੇ ਛਾਲ ਮਾਰ ਗਿਆ।
‘ਭੱਜ ਗਿਆ ਓਏ ਮੇਰਾ ਸਾਲ਼ਾ ...’ ਦੀ ਆਵਾਜ਼ ਅੱਜ ਵੀ ਕਦੇ ਕਦੇ ਅਥਾਹ ਪੀੜਾ ਦੇ ਜਾਂਦੀ ਹੈ। ਉਸ ਨੇ ਸਭ ਦੇ ਕੱਖ ਸੁਟਾ ਲਏ ਤੇ ਗਾਲੀ-ਗਲੋਚ ਕਰਕੇ ਖੇਤ ਵਿੱਚੋਂ ਕੱਢ ਦਿੱਤਾ। ਹੁਣ ਇੱਦਾਂ ਲਗਦਾ ਹੈ ਕਿ ਉਹ ਮੈਨੂੰ ਨਾਲ ਇਸ ਲਈ ਲੈ ਲੈਂਦੀਆਂ ਸਨ ਕਿ ਮੈਂ ਮਰਦ-ਜਾਤ ਸੀ ਅਤੇ ਅਜਿਹੇ ਹਾਲਾਤ ਵਿੱਚ ਕੁਝ ਬਚਾ ਹੋ ਜਾਵੇਗਾ। ਹੁਣ ਇਹ ਲਗਦਾ ਵੀ ਠੀਕ ਹੈ ਕਿਉਂਕਿ ਮੈਂ ਕੁਝ ਕਰਦਾ ਤਾਂ ਨਹੀਂ ਸੀ, ਬੱਸ ਉਨ੍ਹਾਂ ਨਾਲ ਤੁਰਦਾ ਫਿਰਦਾ ਰਹਿੰਦਾ ਸੀ ਅਤੇ ਉਸ ਦਿਨ ਵੀ ਇਹੋ ਹੋਇਆ ਸੀ।
‘ਡੋਂਕੀ ਫਲਾਈਟ’ ਦੇ ਮੁਸਾਫ਼ਰਾਂ ਦੀ ਹਾਲਤ ਮੈਨੂੰ ਸਾਡੀ ਇਸ ਪੈਂਹਟ ਸਾਲ ਪਹਿਲਾਂ ਵਾਲੀ ਹਾਲਤ ਵਰਗੀ ਲੱਗੀ। ਸਾਡੇ ਤਾਂ ਪੈਰ ਹੀ ਜਹਾਜ਼ ਹੁੰਦੇ ਸਨ ਅਤੇ ਖੇਤਾਂ ਵਿੱਚ ਜਾਣ ਲਈ ਕੋਈ ਟਿਕਟ ਖਰੀਦਣ ਦੀ ਲੋੜ ਨਹੀਂ ਪੈਂਦੀ ਸੀ, ਧੇਲਾ ਖਰਚ ਨਹੀਂ ਹੁੰਦਾ ਸੀ ਅਤੇ ਅਸੀਂ ਖੇਤ ਦੀ ਵੱਟ ’ਤੇ ਪਹੁੰਚ ਜਾਂਦੇ ਸੀ। ਇਨ੍ਹਾਂ ਮੁਸਾਫ਼ਰਾਂ ਨੇ ਪਹਿਲਾਂ ਕਿਸੇ ਏਜੰਟ ਨੂੰ ਗੱਠ ਕੇ ਅਤੇ ਕਿਸੇ ਏਜੰਟ ਨੇ ਇਨ੍ਹਾਂ ਨੂੰ ਠੱਗ ਕੇ ਹਵਾਈ ਜਹਾਜ਼ ਬੁੱਕ ਕਰਵਾਇਆ ਹੋਣਾ ਹੈ ਤਾਂ ਕਿ ਇਨ੍ਹਾਂ ਨੂੰ ਧਨਾਢ ਅਮਰੀਕਾ ਦੀ ਸਰਹੱਦ ਤਕ ਪਹੁੰਚਾਇਆ ਜਾਵੇ। ਉੱਥੇ ਕਿਵੇਂ ਸਰਹੱਦ ਪਾਰ ਕਰਨੀ ਹੈ, ਉਸ ਦਾ ਵੀ ਇੰਤਜ਼ਾਮ ਏਜੰਟ ਹੀ ਕਰਦੇ ਹੋਣਗੇ। ਬਹੁਤੀ ਵਾਰੀ ਤਾਂ ਸਰਹੱਦ ’ਤੇ ਖੜ੍ਹੇ ਰਾਖੇ ਹੀ ਜ਼ਿਮੀਂਦਾਰ ਵਾਂਗ ਲਲਕਾਰਾ ਮਾਰ ਕੇ ਇਨ੍ਹਾਂ ਨੂੰ ਨੇੜੇ ਦੇ ਜੰਗਲਾਂ ਵਿੱਚ ਛਛਕੇਰ ਦਿੰਦੇ ਹਨ ਅਤੇ ਇਹ ਸਾਡੇ ਵਾਂਗ ਖਾਲੀ ਹੱਥ ਘਰ ਵੀ ਨਹੀਂ ਮੁੜ ਸਕਦੇ। ਇਨ੍ਹਾਂ ਵਿੱਚੋਂ ਕਈ ਤਾਂ ਭੁੱਖੇ ਪੇਟ ਸਵਰਗਵਾਸੀ ਦੀ ਉਪਾਧੀ ਹਾਸਲ ਕਰ ਗਏ ਦੱਸੇ ਜਾ ਰਹੇ ਹਨ। ਕਈ ਫੜੇ ਜਾਂਦੇ ਹਨ ਤੇ ਕਾਫੀ ਦੇਰ ਜ਼ਿਮੀਂਦਾਰ (ਅਮਰੀਕਾ) ਦੀਆਂ ਜੇਲ੍ਹਾਂ ਵਿੱਚ ਗੁਜ਼ਾਰ ਕੇ ਬੈਰੰਗ ਵਾਪਸ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਉਸ ਜਿਮੀਂਦਾਰ ਦੇ ਹਾੜ੍ਹੇ ਕਢਦੇ ਹਨ, ਅਰਜ਼ੀ ਦਿੰਦੇ ਹਨ ਕਿ ਉਨ੍ਹਾਂ ਨੂੰ ਸਿਆਸੀ ਸ਼ਰਨ ਦਿੱਤੀ ਜਾਵੇ। ਇਹ ਗੁਰ ਵੀ ਏਜੰਟ ਹੀ ਸਿਖਾਉਂਦੇ ਹਨ। ਸ਼ਰਨ-ਬੇਨਤੀ ਵਿੱਚ ਬਹੁਤੇ ਲਿਖਦੇ ਹੋਣਗੇ ਕਿ ਸਾਡੇ ਉੱਤੇ ਤਸ਼ੱਦਦ ਹੁੰਦਾ ਹੈ, ਜਿਸਦੇ ਸਬੂਤ ਵਜੋਂ ਦੇਸ਼ ਦੇ ਸਿਆਸਤਦਾਨ ਉਸ ਨੂੰ ‘ਮਾਇਆ ਵੱਟੇ ਚਿੱਠੀ’ ਦੇ ਦਿੰਦੇ ਹਨ ਕਿ ਉਹ ਵਾਕਈ ਸਿਆਸੀ ਬਦਲਾਖੋਰੀ ਦਾ ਸਤਾਇਆ ਹੋਇਆ ਇੱਥੋਂ ਭੱਜਣ ਲਈ ਮਜਬੂਰ ਹੋਇਆ ਹੈ। ਉਂਝ ਭਾਵੇਂ ਇਸ ‘ਮਾਇਆ ਵੱਟੇ ਚਿੱਠੀ’ ਵਾਲੇ ਸ਼ਖਸ ਨੂੰ ਸਿਆਸਤ ਦੇ ਕਿਸੇ ਪੱਖ ਨਾਲ ਕੋਈ ਸਰੋਕਾਰ ਨਾ ਹੋਵੇ, ਕਦੇ ਕਿਸੇ ਸਭਾ, ਜਲੂਸ, ਮੀਟਿੰਗ ਵਿੱਚ ਵੀ ਨਾ ਗਿਆ ਹੋਵੇ, ਸਿਆਸਤ ਕਿਸ ਬਲਾ ਦਾ ਨਾਂ ਹੈ, ਉਹ ਵੀ ਪਤਾ ਨਾ ਹੋਵੇ।
ਕੁਝ ਕੁ ਸਾਰੇ ਧੰਦ ਪਿੱਟ ਕੇ ਜਿਮੀਂਦਾਰ ਦੇ ਖੇਤ ਵਿੱਚ ਦਾਖਲ ਹੋ ਹੀ ਜਾਂਦੇ ਹਨ। ਉੱਥੇ ਫਿਰ ਹਰ ਦਿਨ ਦੋਗਲੀ ਜ਼ਿੰਦਗੀ ਜਿਉਂਦੇ ਹਨ। ਜ਼ਿਆਦਾਤਰ ਨਕਲੀ ਪਛਾਣ ’ਤੇ ਕੰਮ ਕਰਦੇ ਹਨ, ਪੁਲਿਸ ਤੋਂ ਬਚਦੇ ਬਚਾਉਂਦੇ ਦਿਨ-ਕਟੀ ਕਰਦੇ ਚੰਗੀ ਕਮਾਈ ਕਰ ਲੈਂਦੇ ਹਨ ਅਤੇ ਇਹ ‘ਦੋ ਨੰਬਰ ਦੀ ਅਸਲੀ ਕਮਾਈ’ ਹਵਾਲੇ ਰਾਹੀਂ ਜਾਂ ਏਜੰਟਾਂ ਰਾਹੀਂ ਆਪਣੇ ਦੇਸ਼ ਕਰਜ਼ਾ ਲਾਹੁਣ ਲਈ ਭੇਜਦੇ ਹਨ। ਚੰਗੇ ਡਾਲਰ ਜਦੋਂ ਬੋਝੇ ਵਿੱਚ ਪੈ ਜਾਂਦੇ ਹਨ, ਫਿਰ ਕਿਸੇ ‘ਡੋਕੀ ਫਲਾਈਟ’ ’ਤੇ ਜਿਸ ਰੂਟ ਗਏ ਸਨ, ਉਸੇ ਰਸਤੇ ਦੇਸ਼ ਆ ਜਾਂਦੇ ਹਨ। ਅਜਿਹੇ ਇੱਕ ਸੱਜਣ ਨੇ ਆਪਣੀ ਉੱਥੇ ਦੀ ਕਾਰਗੁਜ਼ਾਰੀ ਇਵੇਂ ਸੁਣਾਈ। ਕਹਾਣੀ ਸੁਣਦੇ ਸੁਣਦੇ ਮੈਂ ਉਸ ਨੂੰ ਟੋਕ ਕੇ ਪੁੱਛਿਆ, “ਅਜਿਹਾ ਕੀ ਸੀ ਕਿ ਚੰਗੀ ਭਲੀ ਫੌਜੀ ਅਫਸਰੀ ਛੱਡ ਕੇ ਇਸ ਰਸਤੇ ਤੁਸੀਂ ਅਮਰੀਕਾ ਗਏ?”
ਉਸ ਸੱਜਣ ਨੂੰ ਗੱਲ ਗੱਲ ’ਤੇ ‘ਭੈ ਚੋ ...’ ਕਹਿਣ ਦੀ ਆਦਤ ਸੀ। ਉਸ ਨੂੰ ਅਹਿਸਾਸ ਹੀ ਨਹੀਂ ਸੀ ਕਿ ਉਹ ਹਰ ਗੱਲ ਵਿੱਚ ਗਾਲ੍ਹ ਕੱਢ ਰਿਹਾ ਹੈ। ਉਹ ਆਪਣੀ ਕਹਾਣੀ ਸੁਣਾਉਣ ਲੱਗਾ, “ਮੈਂ ਭੈ ... ਫਲਾਂ ਫਲਾਂ ਥਾਂ ’ਤੇ ਕਮਾਂਡਿੰਗ ਅਫਸਰ ਸੀ। ਮੇਰੇ ਅੰਡਰ ... ਮਦਰਾਸੀ ਮੇਰੀ ਹਰੇਕ ਥਾਵੇਂ ਪਿੱਠ ਲਗਾ ਦਿਆ ਕਰਨ। ਉਨ੍ਹਾਂ ... ਕਰਕੇ ਮੇਰੀ ਪ੍ਰਮੋਸ਼ਨ ਨਾ ਹੋਈ ਤੇ ਮੈਂ ... ਅਸਤੀਫਾ ਦੇ ਕੇ ਘਰੇ ਆ ਗਿਆ। ਘਰ ਦੀ ਮਾਇਕ ਹਾਲਤ ... ਮਾੜੀ ਸੀ। ਮੈਂ ਜੁਗਾੜ ਕਰਕੇ ਪਹੁੰਚ ਗਿਆ ਅਮਰੀਕਾ। ...”
ਮੈਂ ਕਿਹਾ, “ਫਿਰ ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ।”
“ਯਾਰ ਇੱਕ ਵਾਰ ਘੁਸ ਜਾਓ ਫਿਰ ਉੱਥੇ ਭੈ ... ਕੌਣ ਪੁੱਛਦਾ ਹੈ! ਉੱਥੇ ਮੇਰਾ ਜੁੜਵਾਂ ਭਾਈ ਸੀ, ਜਿਸਦੇ ਕੋਲ ਡਰਾਈਵਿੰਗ ਲਸੰਸ ਤੀ। ਦਿਨੇ ... ਉਹ ਟੈਕਸੀ ਚਲਾਉਂਦਾ ਤੇ ਰਾਤ ਨੂੰ ਮੈਂ ...। ਪੁਲਿਸ ਵਾਲਿਆਂ ਨੂੰ ਪਤਾ ਈ ਨੀ ਲਗਦਾ ਸੀ ਕਿਹੜਾ ... ਕੌਣ ਐ। ਅਸੀਂ ਇੱਕੋ ਜਿਹੇ ਤਾਂ ਦਿਸਦੇ ਹੀ ਸੀ। ਬੜੇ ਡਾਲਰ ਕਮਾਏ। ਮੈਂ ਦਸ ਸਾਲ ਮਿਹਨਤ ਕੀਤੀ ਤੇ ਵਾਪਸ ਆ ਗਿਆ।”
ਇੱਥੇ ਆ ਕੇ ਉਸ ਨੇ ਕਾਫੀ ਜਾਇਦਾਦ ਖਰੀਦੀ, ਤੇ ਹੋਰ ਬੜਾ ਕੁਝ ...। ਉਸਦੀਆਂ ਕਹਾਣੀਆਂ ਸੁਣ ਸੁਣ ਪਤਾ ਨਹੀਂ ਹੋਰ ਕਿੰਨੇ ਕੁ ‘ਡੌਂਕੀ ਫਲਾਈਟ’ ਦੇ ਸੁਪਨੇ ਲੈਂਦੇ ਲੈਂਦੇ ਅਮਰੀਕਾ ਜਾ ਉੱਤਰਦੇ ਹਨ ਜਾਂ ਕਿਸੇ ਪੰਗੇ ਵਿੱਚ ਫਸ ਜਾਂਦੇ ਹਨ।
ਯੌਰਪ ਤੋਂ ਵਾਪਸ ਆਈ ਫਲਾਈਟ ਤੋਂ ਉੱਤਰਦੇ ਮਨੁੱਖ ਆਪਣੇ ਆਪਣੇ ਚਿਹਰੇ ਇਉਂ ਛੁਪਾ ਰਹੇ ਦਿਖਾਈ ਦਿੰਦੇ ਹਨ ਜਿਵੇਂ ਉਹ ਸੱਚਮੁੱਚ ਹੀ “ਡੌਂਕੀ ਹੋਣ ਜਾਂ ਉਨ੍ਹਾਂ ਨੂੰ ਕਿਸੇ ਨੇ “ਡੌਂਕੀ’ ਬਣਾ ਦਿੱਤਾ ਸੀ। ਇਨ੍ਹਾਂ ਨੂੰ ਦੇਖ ਕੇ ਮੈਂ ਫਿਰ ਉਸ ਛੋਲਿਆਂ ਦੇ ਖੇਤ ਪਹੁੰਚ ਜਾਂਦਾ ਹਾਂ ਕਿਉਂਕਿ ਇਨ੍ਹਾਂ ਦੀ ਹਾਲਤ ਦੇਖ ਕੇ ਆਪਣੇ ਆਪ ਨੂੰ ਦਿਲਾਸਾ ਦਿੰਦਾ ਹਾਂ ਕਿ ਅਸੀਂ ਤਾਂ ਹਜ਼ਾਰ ਗੁਣਾ ਚੰਗੇ ਸੀ, ਵਾਪਸ ਆਉਣ ’ਤੇ ਨਾ ਸਾਨੂੰ ਮੂੰਹ ਛੁਪਾਉਣਾ ਪੈਂਦਾ ਸੀ ਅਤੇ ਨਾ ਹੀ ਸਾਨੂੰ ਕੋਈ ਗਧਾ ਕਹਿੰਦਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4755)
(ਸਰੋਕਾਰ ਨਾਲ ਸੰਪਰਕ ਲਈ: (