“ਇਉਂ ਛੇ ਕਰੋੜ ‘ਰੰਘਰੇਟੇ ਗੁਰੂ ਕੇ ਬੇਟੇ’ ਗੁਰੂ ਘਰ ਦੇ ਦਰ ਉੱਤੇ ਆਏ ਧੱਕੇ ਮਾਰ ਕੇ ...”
(20 ਸਤੰਬਰ 2023)
ਅਧਿਆਪਕ ਦਿਵਸ ’ਤੇ ਮੋਬਾਇਲ ਸਕਰੀਨ ਤੇ ਫਾਰਵਰਡ ਕੀਤੇ ਸੰਦੇਸ਼ ਪੜ੍ਹ ਰਿਹਾ ਸੀ। ਇੱਕ ਸੰਦੇਸ਼ ਸੀ, ‘ਮੈਂ ਕੌਣ ਹਾਂ … … ਮੇਰਾ ਵਜੂਦ ਕੀ ਹੈ … ਜਨਮ ’ਤੇ ਮੇਰਾ ਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖਿਆ ਗਿਆ …।“ ਇਹ ਫਿਕਰਾ ਪੜ੍ਹਦੇ ਹੀ ਮੈਂ ਰੁਕ ਗਿਆ ਅਤੇ ਅੱਗੇ ਨਾ ਪੜ੍ਹ ਸਕਿਆ। ਬਚਪਨ ਦੇ ਨਾਂ ਯਾਦ ਆਉਣ ਲੱਗੇ। ਮੈਨੂੰ ਆਪਣਾ ਬਚਪਨ ਦਾ ਨਾਂ ਅਲੱਗ ਜਿਹਾ ਲਗਦਾ ਸੀ। ਮੇਰੇ ਸਮਾਜ ਦੇ ਨਾਂਵਾਂ ਦੇ ਅਖੀਰ ’ਤੇ ਅਕਸਰ ‘ਰਾਮ’ ਲੱਗਿਆ ਹੁੰਦਾ ਸੀ ਅਤੇ ਮੇਰੇ ਨਾਉਂ ਨਾਲ ‘ਸਿੰਘ’ ਲੱਗਿਆ ਹੋਇਆ ਸੀ। ਬਾਪੂ ਜੀ ‘ਸ਼ੌਣੀ ਰਾਮ’ ਤੋਂ ‘ਸਾਉਣ ਸਿੰਘ’ ਸ਼ਾਇਦ ਸਿੰਘ ਸਜਣ ਕਰਕੇ ਬਣ ਗਏ ਹੋਣ। ਸਾਡੇ ਵਡੇਰਿਆਂ ਦੇ ਨਾਂ ਨੱਥੂ ਰਾਮ, ਘੁਮੰਡਾ ਰਾਮ, ਗੋਲੂ ਰਾਮ … ਤੇ ਸਾਥੀਆਂ ਦੇ ਨਾਉਂ ਪ੍ਰੀਤਮ ਰਾਮ, ਆਸਾ ਰਾਮ, ਲਾਭੂ ਰਾਮ … ਕਰਕੇ ਹੀ ਸੁਣਦਾ ਸੀ। ਪੱਕੇ ਰੰਗ ਦਾ ਹੋਣ ਕਰਕੇ ਕੁਝ ਸਾਲ ਮੈਨੂੰ ਸਭ ‘ਲੀਲਾ’ ਕਹਿੰਦੇ ਰਹੇ ਸਨ ਪਰ ਬਾਪੂ ਜੀ ਹਮੇਸ਼ਾ ਇਤਰਾਜ਼ ਕਰਦੇ ਸੁਣੇ ਜਾਂਦੇ ਸਨ। ਉਨ੍ਹਾਂ ਕਹਿਣਾ, “ਮੇਰੇ ਬੇਟੇ ਨੂੰ ਜਗਰੂਪ ਸਿੰਘ ਕਰਕੇ ਬੁਲਾਇਆ ਕਰੋ।”
ਜਦੋਂ ਕਾਲਜ ਜਾਣ ਲੱਗਿਆ ਤਾਂ ਆਪਣਾ ਵਜੂਦ ਤਲਾਸ਼ਣ ਲੱਗਾ। ਇੱਕ ਦਿਨ ਬਾਪੂ ਜੀ ਨੂੰ ਪੁੱਛਿਆ ਕਿ ਮੇਰਾ ਨਾਂ ‘ਜਗਰੂਪ ਸਿੰਘ’ ਕਿਵੇਂ ਰੱਖਿਆ? ਬਾਪੂ ਜੀ ਨੇ ਦੱਸਿਆ, “ਬੇਟਾ, ਤੇਰਾ ਜਨਮ ਹੱਲਿਆਂ ਆਲੇ ਸਾਲ (1947) ਦੇ ਜੇਠ ਮਹੀਨੇ ਦਾ ਹੈ। ਲੋਕ ਮਹੀਨੇ ਦੇ ਪਹਿਲੇ ਅੱਖਰ ਤੇ ਨਾਉਂ ਰੱਖ ਦਿੰਦੇ ਸਨ ਜਿਹੜੇ ਮਹੀਨੇ ਬੱਚਾ ਜਨਮ ਲੈਂਦਾ ਸੀ …।” ਮੈਂ ਬਾਪੂ ਜੀ ਨੂੰ ਰੋਕ ਕੇ ਪੁੱਛਿਆ, “ਬਾਪੂ ਜੀ, ਤੁਸੀਂ ਅੰਮ੍ਰਿਤਧਾਰੀ ਸਿੰਘ ਸਜ ਗਏ ਸੀ, ਫੇਰ ਤੁਸੀਂ ਗੁਰਦੁਆਰੇ ਜਾ ਕੇ ਗ੍ਰੰਥੀ ਸਿੰਘ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਨਾਉਂ ਕਿਉਂ ਨਹੀਂ ਰੱਖਿਆ?” ਬਾਪੂ ਜੀ ਦੀਆਂ ਅੱਖਾਂ ਨਮ ਹੋ ਰਹੀਆਂ ਸਨ ਅਤੇ ਭਰੇ ਮਨ ਨਾਲ ਬੋਲੇ, “ਬੇਟਾ, ਮੈਨੂੰ ਅੰਮ੍ਰਿਤ ਜ਼ਰੂਰ ਛਕਾ ਦਿੱਤਾ ਸੀ ਪਰ ਸਾਨੂੰ ਤਾਂ ਉਹ ਗੁਰਦੁਆਰੇ ਵੜਨ ਵੀ ਨਹੀਂ ਦਿੰਦੇ ਸਨ, ਹੁਕਮਨਾਮੇ ਸਾਡੇ ਲਈ ਕੌਣ ਲੈਂਦਾ ਸੀ। ਮੈਂ ਗ੍ਰੰਥੀ ਸਿੰਘ ਕੋਲ ਗਿਆ ਵੀ ਸੀ ਕਿ ਵਾਹਿਗੁਰੂ ਨੇ ਭੁਜੰਗੀ ਦੀ ਦਾਤ ਬਖਸ਼ੀ ਹੈ, ਇਸ ਲਈ ਹੁਕਮਨਾਮਾ ਲੈ ਦਿਓ, ਉਸ ਨੇ ਉਲਟਾ ਝਿੜਕ ਦਿੱਤਾ ਸੀ, “ਅੰਮ੍ਰਿਤ ਛਕ ਲਿਆ ... ਫੇਰ ਕੀ ਹੋ ਗਿਆ, ਜਾਹ ਕਿਸੇ ਪੰਡਿਤ ਤੋਂ ਪੁੱਛਿਆ ਜਾ ਕੇ।” ਫੇਰ ਮੈਂ ਦੁਖੀ ਹੋ ਕੇ ਪਿੰਡ ਦੇ ਪੰਡਿਤ ਜੀ ਕੋਲ ਗਿਆ ਅਤੇ ਉਸ ਨੇ ਪੱਤਰੀ ਤੋਂ ਹਿਸਾਬ ਕਿਤਾਬ ਜਿਹਾ ਲਾ ਕੇ ਕਿਹਾ, “ਇਸ ਬਾਲਕ ਕੀ ਮਕਰ ਰਾਸ਼ੀ ਹੈ ਇਸ ਕਾ ਨਾਮ ਜੱਜਾ ਅਕਸ਼ਰ ਪਰ ਰੱਖ ਦੋ ਅਤੇ ਉਸ ਨੇ ਖੁਦ ਹੀ ਕਿਹਾ ਆਜ ਸੇ ਵੋ ‘ਜੈ ਰਾਮ’ ਕਹਿਲਾਏਗਾ।” ਘਰ ਆਉਂਦੇ ਆਉਂਦੇ ਮੈਂ ਤੇਰਾ ਨਾਉਂ ਜਗਰੂਪ ਸਿੰਘ ਰੱਖ ਦਿੱਤਾ ਸੀ।
ਹੁਣ ਤਕ ਮੈਂ ਬਾਪੂ ਜੀ ਦੀ ਸੱਚ ਦੇ ਪੱਖ ਵਿੱਚ ਖੜ੍ਹਨ ਦੀ ਬਿਰਤੀ ਤੋਂ ਵਾਕਫ਼ ਹੋ ਚੁੱਕਾ ਸੀ। ਇਹ ਅੰਮ੍ਰਿਤਧਾਰੀ ਹੋਣ ਦਾ ਖਾਸਾ ਵੀ ਹੁੰਦਾ ਸੀ। ਸਿੰਘ ਸੱਚ ਲਈ ਮਰ ਮਿਟਦੇ ਸਨ। ਫੇਰ ਉਨ੍ਹਾਂ ਮੈਨੂੰ ਇੱਕ ਹੋਰ ਕਹਾਣੀ ਸੁਣਾਈ, “ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਮਿੱਟੀ ਦੀ ਪੜ੍ਹੀਂ ਕਰ ਰਹੇ ਸਨ। ਜਦੋਂ ਮੈਂ ਕਾਰ ਸੇਵਾ ਲਈ ਪਹੁੰਚਿਆ ਤਾਂ ਸੰਗਤ ਚਾਹ ਪੀ ਰਹੀ ਸੀ। ਮਜ਼੍ਹਬੀ ਅਤੇ ਰਵਿਦਾਸੀਏ ਸਿੱਖ ਮਿੱਟੀ ਦੇ ਕਸੋਰਿਆਂ ਵਿੱਚ ਚਾਹ ਪੀ ਰਹੇ ਸਨ ਅਤੇ ਜੱਟ-ਸਿੱਖ ਪਿੱਤਲ ਦੇ ਗਲਾਸਾਂ ਵਿੱਚ। ਮੇਰੇ ਵੱਲ ਵੀ ਇੱਕ ਕਸੋਰਾ ਸੁੱਟ ਦਿੱਤਾ ਗਿਆ। ਮੈਂ ਇਹ ਕਹਿ ਕੇ ਕਸੋਰਾ ਨਾ ਚੁੱਕਿਆ ਕਿ ਮੈਂ ਚਾਹ ਘਰੋਂ ਪੀ ਕੇ ਆਇਆਂ, ਮੈਨੂੰ ਲੋੜ ਨਹੀਂ, ਫੇਰ ਪੀਊਂਗਾ।” ਜਦੋਂ ਦੁਬਾਰਾ ਚਾਹ ਦਾ ਲੰਗਰ ਲੱਗਿਆ ਤਾਂ ਸਾਨੂੰ ਫੇਰ ਕਿਸੋਰੇ ਫੜਾ ਦਿੱਤੇ। ਹੁਣ ਮੈਂਥੋਂ ਰਿਹਾ ਨਾ ਗਿਆ ਅਤੇ ਮੈਂ ਕਿਹਾ, “ਜਥੇਦਾਰ ਜੀ, ਇਹ ਦੱਸੋ ਕਿ ਜਿਹੜੀ ਮਾਇਆ ਅਸੀਂ ਮੱਥਾ ਟੇਕਦੇ ਹਾਂ ਉਸ ਦੇ ਕਸੋਰੇ ਆਉਂਦੇ ਹਨ ਅਤੇ ਜਿਹੜੀ ਮਾਇਆ ਹੋਰ ਸੰਗਤ ਚਾੜ੍ਹਦੀ ਹੈ ਉਸ ਦੇ ਗਲਾਸ ਆਉਂਦੇ ਹਨ?“ ਜਥੇਦਾਰ ਨੇ ਕਿਹਾ ਸਾਉਣ ਸਿਆਂ ਅੱਜ ਤੋਂ ਬਾਅਦ ਕਸੋਰੇ ਨਹੀਂ, ਤੁਹਾਨੂੰ ਵੀ ਗਲਾਸ ਹੀ ਮਿਲਣਗੇ। ਜਿਉਂ ਜਿਉਂ ਬਾਪੂ ਜੀ ਇਹ ਸੁਣਾਉਂਦੇ ਗਏ ਮੇਰੀਆਂ ਅੱਖਾਂ ਅੱਗੇ ਉਹ ਦ੍ਰਿਸ਼ ਘੁੰਮਣ ਲਗਦਾ ਜਦੋਂ ਅਸੀਂ ਹਾੜ੍ਹ ਦੇ ਸਿਖਰ ਦੁਪਹਿਰੇ ਚੱਠੇ ਸੇਖਵਾਂ ਪ੍ਰਾਇਮਰੀ ਸਕੂਲ ਤੋਂ ਪੜ੍ਹ ਕੇ ਪਿੰਡ ਆਉਂਦੇ ਵਕਤ ਗੁਰੂਦਵਾਰਾ ਸਾਹਿਬ ਅੱਗੇ ਪਾਣੀ ਪੀਣ ਲਈ ਰੁਕਦੇ। ਮੈਂ ਅਤੇ ਮੇਰੀ ਬਰਾਦਰੀ ਦੇ ਹੋਰ ਸਾਥੀ ਗੁਰਦਵਾਰਾ ਸਾਹਿਬ ਦੀ ਦੀਵਾਰ ਦੇ ਬਾਹਰ ਡੰਗਰ-ਪਸ਼ੂਆਂ ਲਈ ਬਣੀ ਖੈਲ ਵਿੱਚੋਂ ਪਾਣੀ ਪੀਂਦੇ, ਜਿਮੀਂਦਾਰਾਂ ਦੇ ਮੁੰਡੇ ਅੰਦਰ ਜਾ ਕੇ ਹਲਟੀ ਗੇੜ ਕੇ ਪਾਣੀ ਪੀਂਦੇ। ਜੋੜ ਮੇਲਿਆਂ ’ਤੇ ਲੰਗਰ ਵਰਤਣ ਵੇਲੇ ਸਾਡੀਆਂ ਪੰਗਤਾਂ ਅੱਡ ਲੱਗਦੀਆਂ। ਜਿੱਥੇ ਪ੍ਰਸ਼ਾਦੇ ਬਣ ਰਹੇ ਹੁੰਦੇ ਉਹ ਸਥਾਨ ਸਾਡੇ ਲਈ ‘ਵਰਜਿਤ ਖੇਤਰ’ ਹੁੰਦਾ ਅਤੇ ਬਹੁਤ ਵਾਰੀ ਮਨ ਵਿੱਚ ਆਉਂਦਾ, “ਸਾਨੂੰ ਓਧਰ ਕਿਉਂ ਨਹੀਂ ਜਾਣ ਦਿੰਦੇ? ਸਾਨੂੰ ਅੱਡ ਕਿਉਂ ਬਿਠਾਉਂਦੇ ਹਨ?”
ਫਿਰ ਮੈਂ ਕਾਲਜ ਵਿੱਚ ਪ੍ਰੋਫੈਸਰ ਲੱਗ ਗਿਆ। ਸਮਾਜ ਨਾਲ ਮੇਲ ਜੋਲ ਵਧਣ ਲੱਗਾ। ਮਨੁੱਖੀ ਆਪੇ ਦੀ ਪਛਾਣ ਮੇਰੇ ਮਨ ਵਿੱਚੋਂ ਘੱਟ ਉਪਜਦੀ ਹੈ, ਬਲਕਿ ਸਮਾਜਿਕ ਵਰਤਾਰਾ ਹੀ ਇਸਦਾ ਬੀਜ ਬੋਂਦਾ। ਕਾਲਜ ਪ੍ਰਾਈਵੇਟ ਸੀ। ਨੌਕਰੀ ਕਾਲਜ ਮੈਨੇਜਮੈਂਟ ਦੇ ਰਹਿਮੋ ਕਰਮ ’ਤੇ ਸੀ। ਬੀ ਐੱਸ ਸੀ ਫਸਟ ਡਵੀਜ਼ਨ ਅਤੇ ਐੱਮ ਐੱਸ ਸੀ ਫਸਟ ਡਵੀਜ਼ਨ ਹੋਣ ਦੇ ਬਾਵਜੂਦ ਵੀ ਨੌਕਰੀ ਸਿਫਾਰਿਸ਼ ਨਾਲ ਹੀ ਮਿਲੀ ਸੀ। ਕੋਈ ਦੋ ਕੁ ਸਾਲ ਦੀ ਨੌਕਰੀ ਤੋਂ ਬਾਅਦ ਕਿਸੇ ਸੰਦਰਭ ਵਿੱਚ ਪ੍ਰਿੰਸੀਪਲ ਸਾਹਿਬ ਨੇ ਦੱਸਿਆ, “ਜਿਸ ਦਿਨ ਮੈਨੂੰ ਨੌਕਰੀ ਦਿੱਤੀ ਗਈ ਸੀ, ਉਸੇ ਦਿਨ ਹੀ ਸ਼ਾਮ ਨੂੰ ਕਿਸੇ ਹੋਰ ਨੂੰ ਰੱਖਣ ਦੀ ਹਿਦਾਇਤ ਦਿੱਤੀ ਗਈ ਸੀ, ਪਰ ਉਹ ਅੜ ਗਏ ਸਨ ...।”
ਪ੍ਰਿੰਸੀਪਲ ਸਾਹਿਬ ਅਜ਼ਾਦੀ ਤੋਂ ਪਹਿਲਾਂ ਦੇ ਪੜ੍ਹੇ ਹੋਏ ਸਨ ਅਤੇ ਸਰਕਾਰੀ ਕਾਲਜ ਤੋਂ ਸੇਵਾ ਮੁਕਤ ਹੋਏ ਸਨ। ਉਨ੍ਹਾਂ ਵਿਰੁੱਧ ਹੜਤਾਲ ਹੋ ਗਈ ਸੀ ਅਤੇ ਮੈਂ ਅਕਿਰਤਘਣ ਨਹੀਂ ਹੋਣਾ ਚਾਹੁੰਦਾ ਸੀ। ਉਨ੍ਹਾਂ ਦੇ ਨਾਲ ਖੜ੍ਹ ਗਿਆ। ਕਾਲਜ ਜਾਣ ਵੇਲੇ ਜਦੋਂ ਹੜਤਾਲ ’ਤੇ ਬੈਠੇ ਸਹਿਕਰਮੀਆਂ ਕੋਲੋਂ ਲੰਘਦਾ ਤਾਂ ਮੇਰੇ ਲਈ ਨਾਅਰਾ ਲਗਦਾ, “ਸਿਬੀਏ ਦਾ ਸੀਰੀ - ਮੁਰਦਾਬਾਦ।” ਉਹ ਮੈਨੂੰ ਮੇਰੀ ਔਕਾਤ ਯਾਦ ਕਰਵਾਉਂਦੇ ਅਤੇ ਮੈਂ ਆਪਣਾ ਅੰਦਰ ਫਰੋਲਦਾ, “ਮੈਂ ਕੌਣ ਹਾਂ, ਸੀਰੀ ਮਨੁੱਖ, ਪ੍ਰੋਫੈਸਰ ਜਾਂ ...?” ਮੈਨੂੰ ਲੱਗਣ ਲਗਦਾ ਮੈਂ ਕਾਲਜ ਕੌਂਸਲ ਦੇ ਪ੍ਰਧਾਨ ਦਾ ਬੰਧੂਆ ਮਜ਼ਦੂਰ ਹਾਂ। ਮੈਂ ਉਹ ਸੁਪਨਾ ਨਹੀਂ ਹਾਂ ਜੋ ਮੈਂ ਯੂਨੀਵਰਸਟੀ ਪੜ੍ਹਦਿਆਂ ਲਿਆ ਕਰਦਾ ਸੀ, “ਮੈਂ ਇੱਕ ਆਦਰਸ਼ ਪ੍ਰੋਫੈਸਰ ਹੋਵਾਂਗਾ। ਬਿਨਾਂ ਕਿਸੇ ਭੇਦ-ਭਾਵ ਦੇ ਸਭ ਨੂੰ ਚੰਗੀ ਤਰ੍ਹਾਂ ਫਿਜ਼ਿਕਸ ਪੜ੍ਹਾਵਾਂਗਾ ... ਆਪਣੇ ਪ੍ਰੋਫ਼ੈਸਰਾਂ ਵਾਂਗ ਨਹੀਂ, ਜਿਨ੍ਹਾਂ ਵਿੱਚੋਂ ਕੁਝ ਸਾਡੇ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ।”
ਸਾਡੇ ਵਿਦਿਆਰਥੀਆਂ ਨੂੰ ਕਿਹੋ ਜਿਹੀ ਵਿੱਦਿਆ ਦਿੱਤੀ ਜਾ ਰਹੀ ਸੀ? ਇਹ ਸਵਾਲ ਵੀ ਦਿਮਾਗ ’ਤੇ ਭਾਰੂ ਪੈਣ ਲਗਦਾ। ਅਸਹਿਮਤੀ ਰੱਖਣ ਵਾਲਿਆਂ ਨੂੰ ਜ਼ਲੀਲ ਕਰਨਾ ਹੋਵੇ ਤਾਂ ਉਨ੍ਹਾਂ ਦੀ ਸਮਾਜਿਕ ਪਹਿਚਾਣ ’ਤੇ ਹਮਲਾ ਕਰ ਦਿਓ। ਸਾਡੇ ਸਮਾਜ ਵਿੱਚ ਬੰਦਾ ਉਸ ਦੀ ਜਾਤ ਤੋਂ ਪਹਿਚਾਣਿਆ ਜਾਂਦਾ ਸੀ, ਹੈ। ਕੀ ਅਖੌਤੀ ਨੀਵੀਂ ਜਾਤ ਦੇ ਅਸਹਿਮਤੀ ਦਾ ਹੱਕ ਨਹੀਂ ਰੱਖਦੇ ਸਨ? ਸ਼ਾਇਦ ਇਹ ਹੀ ਜ਼ਮੀਨੀ ਹਕੀਕਤ ਸੀ। ਮੈਂ ਹੀ ਸਿੱਖਣਾ ਨਹੀਂ ਚਾਹੁੰਦਾ ਸਾਂ। ਯੂਨੀਵਰਸਟੀ ਪੜ੍ਹਦਿਆਂ ‘ਯੂਨੀਵਰਸਟੀ ਵਿਦਿਆਰਥੀ ਯੂਨੀਅਨ’ ਨੇ ‘ਅੰਦਰੂਨੀ ਸਮੀਖਿਆ’ ਦੇ ਵਿਰੁੱਧ ਹੜਤਾਲ ਕਰ ਦਿੱਤੀ। ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਉਸ ਵੇਲੇ ਜਾਪਦਾ ਸੀ ਕਿ ਇਹ ਵਿਦਿਆਰਥੀ ਪੜ੍ਹਨਾ ਨਹੀਂ ਚਾਹੁੰਦੇ ਇਸ ਲਈ ‘ਇੰਟਰਨਲ ਅਸੈੱਸਮੈਂਟ ‘ਦਾ ਵਿਰੋਧ ਕਰ ਰਹੇ ਹਨ। ਉਸ ਵੇਲੇ ਪਤਾ ਚੱਲਿਆ ਜਦੋਂ ਮੈਂ ਸਾਹਿਤ ਘੋਖਣਾ ਸ਼ੁਰੂ ਕੀਤਾ ਕਿ ਸਾਹਿਤ, ਇਤਿਹਾਸ, ਪੁਲਿਟਿਕਲ ਸਾਇੰਸ, ਕਲਾ, ਅਰਥ-ਸ਼ਾਸਤਰ ... ਆਦਿ ਵਿਸ਼ਿਆਂ ਦੇ ਮੁਲਾਂਕਣ ਵਿੱਚ ਸਥਿਤੀ ਸਾਇੰਸ ਵਿਸ਼ਿਆਂ ਦੇ ਮੁਲਾਂਕਣ ਤੋਂ ਬਿਲਕੁਲ ਵੱਖਰੀ ਸੀ, ਹੈ। ਸਾਡੇ ਜਵਾਬ ਸਹੀ ਜਾਂ ਗਲਤ ਹੀ ਹੋ ਸਕਦੇ ਸਨ, ਪਰ ਉਨ੍ਹਾਂ ਦੇ ਉੱਤਰ ਸਹੀ ਗਲਤ ਹੋਣ ’ਤੇ ਮੁਲਾਂਕਣ ਕਰਨ ਵਾਲੇ ਦੀ ਨਿੱਜੀ ਵਿਚਾਰਧਾਰਾ ਦਾ ਬਹੁਤ ਪ੍ਰਭਾਵ ਪੈਂਦਾ ਸੀ। ਪੱਖਪਾਤ ਦੀ ਬਹੁਤ ਗੁੰਜਾਇਸ਼ ਸੀ। ਹੜਤਾਲ ਜਾਇਜ਼ ਸੀ। ਮੈਂ ਭਾਵੇਂ ਡਰ ਦੇ ਮਾਰੇ ਹੀ ਹੜਤਾਲ ’ਤੇ ਗਿਆ ਸੀ ਪਰ ਜਦੋਂ ਮੈਂ ਵਿਭਾਗੀ ਮੁਖੀ ਕੋਲ ‘ਤਿਮਾਹੀ ਪ੍ਰੋਗਰੈੱਸਿਵ ਰਿਪੋਰਟ ’ਤੇ ਦਸਤਖਤ ਕਰਵਾਉਣ ਗਿਆ ਤਾਂ ਉਨ੍ਹਾਂ ਕਿਹਾ, “ਆਪ ਲੋਗੋਂ ਕੋ ਤੋਂ ਸਰਕਾਰ ਵਜੀਫਾ ਦੇਤੀ ਹੈ, ਤੁਮੇ ਤੋਂ ਹੜਤਾਲ ਮੇਂ ਨਹੀਂ ਜਾਨਾ ਚਾਹੀਏ ਥਾ।’ ਅਰਥਾਤ ਸਰਕਾਰ ਅਗਰ ਮੇਰੀ ਮਾਲੀ ਮਦਦ ਕਰ ਰਹੀ ਸੀ ਤਾਂ ਇਸਦੇ ਇਵਜ਼ਾਨੇ ਵਜੋਂ ਮੇਰਾ ਅਸਹਿਮਤੀ ਜਿਤਾਉਣ ਦਾ ਹੱਕ ਖੋਹ ਰਹੀ ਸੀ। ਮੈਂ ਹੱਕ-ਹੀਣ ਪਛਾਣ ਦਾ ਹੀ ਹੱਕਦਾਰ ਸੀ। ਅਜਿਹੇ ਸਵਾਲ ਪ੍ਰੇਸ਼ਾਨ ਜ਼ਰੂਰ ਕਰਦੇ ਸਨ, ਪਰ ਉਸ ਵੇਲੇ ਤਾਂ ਕਿਵੇਂ ਨਾ ਕਿਵੇਂ ਪੜ੍ਹਾਈ ਪੂਰੀ ਕਰਨ ਦਾ ਵੱਡਾ ਸਵਾਲ ਹੀ ਮੂੰਹ ਅੱਡ ਕੇ ਖੜ੍ਹਾ ਰਹਿੰਦਾ ਸੀ।
ਸਰਕਾਰੀ ਕਾਲਜ ਦੇ ਪ੍ਰੋਫੈਸਰ ਦੀ ਨੌਕਰੀ ਸ਼ੁਰੂ ਹੋਈ। ਕੁਝ ਮਿੱਤਰ ਬਣੇ ,ਕੁਝ ਐਵੇਂ ਜਾਣ ਪਹਿਚਾਣ ਹੋਈ। ਮੈਂ ਕੌਣ ਹਾਂ, ਦਾ ਪ੍ਰਸ਼ਨ ਆਪਣਾ ਗਲਬਾ ਵਧਾਉਂਦਾ ਗਿਆ। ਵੱਡੇ ਸ਼ਹਿਰਾਂ ਵਿੱਚ ਰਹਿਣ ਦਾ ਸਬੱਬ ਬਣਿਆ। ਮਿੱਤਰ ਬੇਲੀ ਇਨ੍ਹਾਂ ਸ਼ਹਿਰਾਂ ਨੂੰ ਦੇਖਣ ਆਉਂਦੇ। ਇਹ ਯਾਦ ਕਰਵਾਉਂਦੇ ਕਿ ਉਨ੍ਹਾਂ ਨੂੰ ਮੇਰਾ ‘ਚਮਾਰ’ ਹੋਣਾ ਭੁੱਲ ਹੀ ਨਹੀਂ ਸੀ ਰਿਹਾ, ਉਂਝ ਭਾਵੇਂ ਉਹ ਮੈਨੂੰ ਮਿਹਨਤੀ ਅਤੇ ਇਮਾਨਦਾਰ, ਵਧੀਆ ਉਸਤਾਦ ਮੰਨਦੇ ਸਨ। ਮੇਰੀ ਪਹਿਚਾਣ ਉਨ੍ਹਾਂ ਦੇ ਪ੍ਰਮਾਣ ਪੱਤਰ ਦੀ ਮੁਥਾਜ ਹੈ ਦਾ ਭਾਵ ਪ੍ਰੇਸ਼ਾਨ ਕਰਨ ਲੱਗ ਜਾਂਦਾ। ਆਖਰ ਅਜਿਹਾ ਹੈ ਹੀ ਕਿਉਂ? ਕੀ ਮੈਂ ਇਨ੍ਹਾਂ ਤੋਂ ਪੜ੍ਹਾਈ ਵਿੱਚ ਕਮਜ਼ੋਰ ਰਿਹਾ ਹਾਂ? ਕੀ ਮੈਂ ਇਨ੍ਹਾਂ ਦੇ ਮੁਕਾਬਲੇ ਕੰਮ ਠੀਕ ਨਹੀਂ ਕਰ ਰਿਹਾ? ਨੌਕਰੀ ਦੌਰਾਨ ਇੱਕ ਦਿਨ ਸੁਣਨਾ ਪਿਆ, “ਇਨ੍ਹਾਂ ਐੱਸ ਸੀ ਐੱਸ ਟੀਆਂ ਨੇ ਤਾਂ ਭੱਠਾ ਈ ਬਿਠਾ ਛੱਡਿਆ ਹੈ।” ਕਹਿ ਨਹੀਂ ਸਕਦਾ ਕਿ ਸਰਕਾਰੀ ਵਕੀਲ ਖੇਰ ਸਾਹਿਬ ਨੂੰ ਮੇਰੀ ਜਾਤ ਬਾਰੇ ਗਿਆਨ ਸੀ ਜਾਂ ਨਹੀਂ ਪਰ ਉਸ ਦੇ ਸ਼ਬਦ ਮੇਰੇ ’ਤੇ ਡੂੰਘਾ ਵਾਰ ਕਰ ਗਏ ਸਨ। ਸ਼ਾਇਦ ਉਹ ਸਮਝ ਰਿਹਾ ਸੀ ਕਿ ਸਿੱਖਾਂ/ਸਰਦਾਰਾਂ ਵਿੱਚ ਜਾਤ ਦਾ ਸੰਕਲਪ ਨਹੀਂ ਸੀ। ਸਿਧਾਂਤਿਕ ਤੌਰ ’ਤੇ ਹੈ ਵੀ ਨਹੀਂ। ਵਕੀਲ ਹੋਣ ਦੇ ਨਾਤੇ ਉਹ ਸਿਧਾਂਤ ਤੋਂ ਜ਼ਰੂਰ ਵਾਕਿਫ਼ ਹੋਵੇਗਾ ਪਰ ਜ਼ਮੀਨੀ ਹਕੀਕਤ ਤੋਂ ਕੋਰਾ ਸੀ। ਉਸ ਦੇ ਲਫਜ਼ ਕੰਨਾਂ ਵਿੱਚ ਗੂੰਜਦੇ ਗੂੰਜਦੇ ਅਸੀਂ ਕਚਹਿਰੀ ਜਾ ਪਹੁੰਚੇ। ਉਸ ਦਿਨ ਮੇਰਾ ਕਰਾਸ ਅਗਜ਼ਾਮੀਨੇਸ਼ਨ ਸੀ। ਬਚਾਓ ਪੱਖ ਦਾ ਵਕੀਲ ਗਰਜਿਆ, “ਮਿਸਟਰ ਸਿੰਘ, ਦਿਸ ਇਜ਼ ਨਾਟ ਯੂਅਰ ਇਨਕਮ ਟੈਕਸ ਡੀਪਾਰਟਮੈਂਟ ਵੇਅਰ ਯੂ ਬੁਲੀ ਪੀਪਲ ਡੇ ਇਨ ਐਂਡ ਡੇ ਆਊਟ ...।” ਮੈਨੂੰ ਲੱਗਿਆ ਕਿ ਉਹ ਮੇਰੀ ਪੰਜਾਬੀ ਪਹਿਚਾਣ ਅਤੇ ਮਹਿਕਮੇ ’ਤੇ ਹਮਲਾ ਕਰ ਰਿਹਾ ਸੀ। ਪੰਜਾਬੀ ਧੱਕੇ ਲਈ ਜਾਣੇ ਜਾਂਦੇ ਹਨ। ਸਿੰਘਾਂ ਦੀ ‘ਚੜ੍ਹਦੀ ਕਲਾ’ ਨੂੰ ਧੱਕਾ ਹੀ ਸਮਝਿਆ ਜਾ ਰਿਹਾ ਹੈ। ਉਹ ਸਿੱਧ ਕਰਨਾ ਚਾਹੁੰਦਾ ਸੀ ਕਿ ਦਫਤਰ ਵਿੱਚ ਮੈਂ ਉਸ ਦੇ ਮੁਵੱਕਲ ਨਾਲ ਧੱਕਾ ਕੀਤਾ ਸੀ। ਮੈਂ ਅੱਗਿਓਂ ਜੱਜ ਸਾਹਿਬ ਨੂੰ ਸੰਬੋਧਿਤ ਹੁੰਦੇ ਹੋਏ ਕਰੜੇ ਲਹਿਜ਼ੇ ਵਿੱਚ ਬੋਲਿਆ, “ਸਰ! ਵੀ ਡੂ ਨਾਟ ਬੁਲੀ ਐਨੀ ਬਾਡੀ ਇਨ ਦੀ ਡੀਪਾਰਟਮੈਂਟ ਬੱਟ ਦਿਸ ਮੈਨ ਇਜ਼ ਬੁਲੀਇੰਗ ਮੀ ਇਨ ਯੂਅਰ ਕੋਰਟ।”
ਵਕੀਲ ਸਾਹਿਬ ਨੂੰ ਜੱਜ ਸਾਹਿਬ ਨੇ ਅੱਖ ਦੇ ਇਸ਼ਾਰੇ ਨਾਲ ਅੱਖ ਦਿਖਾਈ। ਸਰਕਾਰੀ ਵਕੀਲ ਸਾਹਿਬ ਮੁਸਕਰਾ ਰਹੇ ਸਨ। ਬਹਿਸ ਖਤਮ ਹੋਈ। ਸਰਕਾਰੀ ਵਕੀਲ ਸਾਹਿਬ ਨੇ ਚਾਹ ਪਿਆਉਣ ਦੀ ਜ਼ਿਦ ਕੀਤੀ। ਚਾਹ ਪੀਦਿਆਂ ਚੁਸਕੀ ਲੈਂਦਿਆ ਉਹ ਕਹਿਣ ਲੱਗੇ ; ‘ਅੱਜ ਤੁਸੀਂ ਉਸ ਵਕੀਲ ਨੂੰ ਉਸ ਦੀ ਥਾਂ ਦਿਖਾ ਦਿੱਤੀ, ਬਹੁਤਾ ਸਮਝਦਾ ਸੀ ਆਪਣੇ ਆਪ ਨੂੰ …।”
ਮੈਂ ਕਿਹਾ, “ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਸ ਅਫਸਰ ਨੇ ਅੱਜ ਕੋਰਟ ਵਿੱਚ ਮਹਿਕਮੇ ਦੀ ਇੱਜ਼ਤ ਰੱਖੀ, ਉਹ ਇੱਕ ਐੱਸ ਸੀ ਅਫਸਰ ਹੈ।” ਵਕੀਲ ਸਾਹਿਬ ਨੇ ਨੀਵੀਂ ਪਾ ਲਈ। ਮੇਰੇ ਅੰਦਰ ਮੇਰੀ ਪਹਿਚਾਣ ਦੀ ਕਸ਼ਮਕਸ਼ ਹੋਰ ਤੇਜ਼ ਹੋ ਗਈ। ਸਿੱਖ ਸਾਨੂੰ ਸਿੱਖ ਨੀ ਸਮਝਦੇ, ਦੁਨੀਆ ਸਾਨੂੰ ਸਿੱਖ ਸਮਝੀ ਜਾ ਰਹੀ ਐ। ਸਿੱਖਾਂ ਦੀਆਂ ਕਮਜ਼ੋਰੀਆਂ ਲਈ ਵੀ ਸਾਨੂੰ ਠਿੱਠ ਕਰਨ ਨੂੰ ਫਿਰਦੇ ਨੇ, ਜਿਵੇਂ ਆਪ ਉਹ ਕਮਜ਼ੋਰੀ ਰਹਿਤ ਹੋਣ। ਆਖਰ ਮੈਂ ਹਾਂ ਕੌਣ? ਦਾ ਸਵਾਲ ਉਸ ਦਿਨ ਬਲਦੀ ’ਤੇ ਤੇਲ ਹੀ ਪਾ ਗਿਆ।
ਸਮਾਂ ਬੀਤਦਾ ਗਿਆ। ਰਥ-ਯਾਤਰਾ ਨੇ ਬਾਬਰੀ ਮਸਜਿਦ ਢੁਹਾ ਦਿੱਤੀ ... ਸੂਰਤ-ਬੰਬਈ-ਬੜੌਦਾ ਸ਼ਹਿਰ ਜਲਦੇ ਦੇਖੇ। ਸਮਾਜਿਕ ਤਾਣਾ-ਬਾਣਾ ਸੁਲਗਣਾ ਸ਼ੁਰੂ ਹੋ ਗਿਆ ਸੀ। ਹਿੰਦੂ-ਮੁਸਲਿਮ ਭਾਈਚਾਰੇ ਵਿੱਚ ਖਾਈ ਵਧਣ ਲੱਗੀ। ਅਖੌਤੀ ਨੀਵੀਆ ਜਾਤਾਂ ਪ੍ਰਤੀ ਨਫ਼ਰਤੀ ਵਰਤਾਰੇ ਦਾ ਰੰਗ ਗੂੜ੍ਹਾ ਹੋਣਾ ਸ਼ੁਰੂ ਹੋ ਗਿਆ ਸੀ। ਅਫਸਰਾਂ ਨੂੰ ਸਜ਼ਾਵਾਂ ਦੇ ਜ਼ਬਾਨੀ ਫਰਮਾਨ ‘ਮਨੂੰ ਸਮਰਿਤੀ’ ਦੇ ਕਾਨੂੰਨ ਮੁਤਾਬਿਕ ਹੋਣ ਲੱਗੇ।
2002 ਵਿੱਚ ਮੇਰੀ ਬਦਲੀ ਲੁਧਿਆਣੇ ਤੋਂ ਗੁਹਾਟੀ ਕਰ ਦਿੱਤੀ ਗਈ। ਮੇਰਾ ਮੱਕੂ ਬੰਨ੍ਹਣ ਲਈ ਕੁਝ ਤੱਥ ਤੋੜੇ ਮਰੋੜੇ ਗਏ ਅਤੇ ਮੈਨੂੰ 3 ਹਜ਼ਾਰ ਕਿਲੋਮੀਟਰ ਦੂਰ, ਉਹ ਭੀ ‘ਗੜਬੜ ਵਾਲੇ’ ਘੋਸ਼ਿਤ ਇਲਾਕੇ ਵਿੱਚ ਬਦਲ ਦਿੱਤਾ ਗਿਆ। ਅਜਿਹੇ ਹੀ ਕਾਗ਼ਜ਼ੀ ਤੱਥਾਂ ਦੇ ਪੱਜ ਇੱਕ ਬ੍ਰਾਹਮਣ ਦੀ ਬਦਲੀ ਸਿਰਫ 45 ਕਿਓਮੀਟਰ ਦੂਰ ਕਰਕੇ ਭੇਦ-ਭਾਵੀ ਕਾਰਰਵਾਈ ਤੋਂ ਬਚਣ ਦੀ ਮਿਸਾਲ ਵੀ ਪੇਸ਼ ਕੀਤੀ ਗਈ। ਉੱਚ ਅਫਸਰਾਂ ਨੇ ਮਿਲਣ ਤੋਂ ਹੀ ਨਾਂਹ ਕਰ ਦਿੱਤਾ। ਜੇ ਮਿਲੇ ਵੀ ਤਾਂ ਕਹਿਣ, “ਅਸੀਂ ਤੈਨੂੰ ਜਾਣਦੇ ਹਾਂ ...।” ਕਦੇ ਨਾ ਮਿਲੇ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਜਾਣਦੇ ਸਨ। ਉਹ ਸਿਰਫ ਇੰਨਾ ਜਾਣਦੇ ਸਨ ਕਿ ਮੈਂ ਅਖੌਤੀ ਨੀਵੀਂ ਜਾਤ ਦਾ ਹਾਂ। ਸਵੈਮਾਣ ਮੇਰੀ ਪਛਾਣ ਨਹੀਂ ਸੀ, ਬਲਕਿ ਮੇਰੀ ਜਾਤ ਮੇਰੀ ਪਹਿਚਾਣ ਸੀ। ‘ਗੜਬੜ ਵਾਲੇ ‘ਇਲਾਕੇ ਵਿੱਚ ਕੰਮ ਕਰਦਿਆਂ ਪਤਾ ਲੱਗਿਆ ਕਿ ਅਖੌਤੀ ਨੀਵੀਆਂ ਜਾਤਾਂ ਦੇ 60% ਸਰਕਾਰੀ ਅਫਸਰ ਹੀ ‘ਗੜਬੜ ਵਾਲਾ’ ਇਲਾਕਾ ਸੰਭਾਲ ਰਹੇ ਸਨ। ਹੁਣ ਮੈਂ, ‘ਮੈਂ ਤੋਂ ਅਸੀਂ’ ’ਤੇ ਆ ਗਿਆ ਸੀ। ਅਸੀਂ ਕੌਣ ਹਾਂ?
ਸਤਾਰ੍ਹਵੀਂ ਸਦੀ ਵਿੱਚ ਅਸੀਂ ਆਪਣੀ ਪਹਿਚਾਣ ਬਣਾਉਣ ਲਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਲੜ ਲੱਗੇ। ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਿਹਾੜੇ ਅੰਮ੍ਰਿਤਪਾਨ ਬਾਰੇ ਭਗਤ ਲਕਸ਼ਮਣ ਸਿੰਘ ਆਪਣੀ ਕ੍ਰਿਤ ‘A Short Sketch of Life and Work of Guru Gobind Singh (1883)’ ਵਿੱਚ ਪੰਨਾ 37 ਤੇ ਲਿਖਦੇ ਹਨ:
‘ਹਿੰਦੂ ਸਮਾਜ ਦੀਆਂ ਸਭ ਤੋਂ ਹੇਠਲੀਆਂ ਸ਼੍ਰੇਣੀਆਂ ਦੇ ਮਨੁੱਖ, ਜਿਨ੍ਹਾਂ ਨਾਲ ਯੂਨਾਨ ਦੇ ਗੁਲਾਮਾਂ ਅਤੇ ਸ਼ਹਿਰੀਆਂ ਦੇ ਵਿਚਕਾਰ ਦੀ ਸ਼੍ਰੇਣੀ ਅਤੇ ਰੋਮ ਦੇ ਪਲੇਬਿਅਨਾਂ (ਪ੍ਰਾਚੀਨ ਰੋਮ ਦਾ ਮੱਧ ਵਰਗ ਜਿਹੜਾ ਕੋਈ ਕਿੱਤਾ ਜਿਵੇਂ ਕਿ ਨਾਈ, ਦਰਜੀ ਆਦਿ ਕਰਕੇ ਰੋਟੀ ਕਮਾਉਂਦਾ ਅਤੇ ਟੈਕਸ ਵੀ ਦਿੰਦਾ ਸੀ) ਵਰਗਾ ਵਰਤਾਰਾ ਕੀਤਾ ਜਾਂਦਾ ਸੀ, ਮਹਾਨ ਆਗੂ ਅਤੇ ਜਰਨੈਲ ਬਣ ਗਏ। ਕਿਸਾਨ, ਜਿਨ੍ਹਾਂ ਨੂੰ ਜਾਣ ਬੁੱਝ ਕੇ ਅਨਪੜ੍ਹ ਰੱਖਿਆ ਜਾਂਦਾ ਸੀ, ਪ੍ਰਚਾਰਕ ਬਣ ਗਏ। ਉਨ੍ਹਾਂ ਨੂੰ ਨਵੀਂ ਪਹਿਚਾਣ ‘ਖਾਲਸਾ’ ਮਿਲ ਗਈ।
ਆਪਣੀ ਨਵੀਂ ਪਹਿਚਾਣ ਨੂੰ ਕਾਇਮ ਰੱਖਣ ਲਈ ਇਹ ਸਮਾਜਿਕ ਸ਼੍ਰੇਣੀਆਂ ਅਠਾਰ੍ਹਵੀਂ ਅਤੇ ਉੱਨੀਵੀਂ ਸਦੀ ਵਿੱਚ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਨੂੰ ਬਚਾਉਣ ਲਈ ਜਾਨ ਹਥੇਲੀ ’ਤੇ ਧਰ ਕੇ ਲੜੀਆਂ। ਜਦੋਂ ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਨੂੰ ਪਲੀਤ ਕੀਤਾ ਤਾਂ ਉਸ ਦਾ ਸਿਰ ਕਲਮ ਕਰਨ ਵਾਲਾ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ, ਅਖੌਤੀ ਨੀਵੀਂ ਸ਼੍ਰੇਣੀ ਰਵਿਦਾਸੀਆ ਜਾਤੀ ਨਾਲ ਸਬੰਧਤ ਸੀ। (ਦਲਿਤ ਰਤਨਾਂ ਦੀ ਮਾਲਾ-ਪੰਨਾ 51-- ਪ੍ਰੀਤਮ ਸਿੰਘ ਐੱਮ ਏ)। ਪਿਛਲੀ ਸਦੀ ਵਿੱਚ ਸ੍ਰੀ ਹਰਿਮੰਦਿਰ ਸਾਹਿਬ ’ਤੇ ਫੌਜ ਚਾੜ੍ਹਨ ਵਾਲੇ ਪ੍ਰਧਾਨ ਮੰਤਰੀ ਤੋਂ ਬਦਲਾ ਲੈਣ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਵੀ ਰਵਿਦਾਸੀਆ ਸਿੰਘ ਸਨ।
ਫਿਰ ਵੀਹਵੀਂ ਸਦੀ ਵਿੱਚ ਡਾ. ਬਾਬਾ ਸਾਹਿਬ ਅੰਬੇਡਕਾਰ ਨੇ ਤਕਰੀਬਨ ਛੇ ਕਰੋੜ ਅਛੂਤਾਂ ਨੂੰ ਸਿੱਖੀ ਦੇ ਲੜ ਲਾ ਕੇ ਸਿੱਖ ਪਹਿਚਾਣ ਦੇਣੀ ਚਾਹੀ ਪਰ ਸਮਕਾਲੀ ਅਕਾਲੀ ਲੀਡਰਾਂ (ਜਿਨ੍ਹਾਂ ਵਿੱਚ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਈਸ਼ਰ ਸਿੰਘ ਮਝੈਲ ਆਦਿ) ਨੇ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਸਦੀ ਪੁਸ਼ਟੀ ਅੰਗਰੇਜ਼ੀ ਰਾਜ ਵੇਲੇ ਦੇ ਆਈ ਸੀ ਐੱਸ ਸਿਰਦਾਰ ਕਪੂਰ ਸਿੰਘ ਐੱਮ ਪੀ ਅਤੇ ਧਾਰਮਿਕ ਪ੍ਰੋਫੈਸਰ ਖਾਲਸਾ ਕਾਲਜ ਬੰਬਈ ਨੇ ਆਪਣੀ ਕ੍ਰਿਤ ‘ਸਾਚੀ ਸਾਖੀ’ ਵਿੱਚ ਪੰਨਾ 121 ਤੇ ਇਨ੍ਹਾਂ ਸ਼ਬਦਾਂ ਵਿੱਚ ਕੀਤੀ ਹੈ:
“ਇਹੋ ਰਾਮਬਾਣ (ਸਿੰਘ ਰੀਤੀ) ਅਥਵਾ ਬ੍ਰਹਮ-ਅਸਤ੍ਰ ਚਲਾ ਕੇ ‘ਅਕਾਲੀ’ ਸੂਰਮਿਆਂ ਨੇ ਡਾਕਟਰ ਅੰਬੇਡਕਰ ਅਤੇ ਉਸ ਦੇ ਛੇ ਕਰੋੜ ਸ਼ਰਧਾਲੂਆਂ ਨੂੰ ਸਿੱਖੀ ਅਤੇ ਸਿੱਖਾਂ ਤੋਂ ਉਪਰਾਮ ਅਤੇ ਮੁਤਨੱਫਰ ਕੀਤਾ।” ਇਸੇ ਸਫ਼ੇ ’ਤੇ ‘ਸਿੰਘ ਰੀਤੀ’ ਦੀ ਵਿਆਖਿਆ ਵੀ ਕੀਤੀ ਗਈ ਹੈ।
ਇਸੇ ਲਿਖਤ ਦੇ ਪੰਨਾ 120 ’ਤੇ ਸਿਰਦਾਰ ਕਪੂਰ ਸਿੰਘ ਅੰਦਰੂਨੀ ਗੱਲ ਦਾ ਖੁਲਾਸਾ ਕਰਦੇ ਹੋਏ ਲਿਖਦੇ ਹਨ:
“ਇਨ੍ਹਾਂ ਸਤਰਾਂ ਦਾ ਲਿਖਾਰੀ, ਸਤੰਬਰ ਸੰਨ 1964 ਵਿੱਚ ਇੱਕ ਦਿਨ ਚੰਡੀਗੜ੍ਹ ਹਾਈਕੋਰਟ ਦੇ ਬਾਰ ਰੂਮ ਵਿੱਚ ਬੈਠਾ ਸੀ ਕਿ ਸਰਦਾਰ ਇੰਦਰ ਸਿੰਘ ਕਰਵਾਲ ਐਡਵੋਕੇਟ ਹਾਈਕੋਰਟ ਨੇ ਬਹੁਤ ਸਾਰੇ ਸੱਜਣਾਂ ਦੇ ਸਾਹਮਣੇ ਇਹ ਕਥਾ ਸੁਣਾਈ ਕਿ ਉਨ੍ਹਾਂ ਦਿਨਾਂ ਵਿੱਚ ਜਦੋਂ ਕਿ ਡਾਕਟਰ ਅੰਬੇਡਕਰ ਦੇ ਅਕਾਲੀ ਲੀਡਰਾਂ ਨਾਲ ਮੱਤਭੇਦ ਦੇ ਕਾਰਨ, ਅਛੂਤਾਂ ਨੇ ਸਿੱਖ ਮੱਤ ਵਿੱਚ ਦਾਖਲ ਹੋਣ ਦਾ ਖਿਆਲ ਖੁੱਲ੍ਹਮ-ਖੁੱਲ੍ਹਾ ਛੱਡ ਦਿੱਤਾ ਤਾਂ ਉਨ੍ਹਾਂ ਨੇ ਲਾਹੌਰ ਵਿੱਚ ਆਪਣੇ ਗੁਆਂਢੀ ਸਰਦਾਰ ਹਰਨਾਮ ਸਿੰਘ ਝੱਲਾ ਐੱਮ. ਏ., ਐੱਲ ਐੱਲ ਬੀ ਐਡਵੋਕੇਟ (ਹਾਈ ਕੋਰਟ ਜੱਜ), ਜੋ ਕਿ ਉਸ ਸਮੇਂ ਅਕਾਲੀ ਆਗੂਆਂ ਵਿੱਚ ਸਿਰਕੱਢ ਸਨ, ਕੋਲੋਂ ਇਸ ਦੁਰਘਟਨਾ ਦਾ ਸਹੀ ਕਾਰਨ ਪੁੱਛਿਆ ਤਾਂ ਸਰਦਾਰ ਹਰਨਾਮ ਸਿੰਘ ਜੀ ਨੇ ਉੱਤਰ ਦਿੱਤਾ, “ਓਏ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ। ਛੇ ਕਰੋੜ ਅਛੂਤ ਸਿੱਖ ਬਣਾ ਕੇ ਦਰਬਾਰ ਸਾਹਿਬ ਚੂਹੜਿਆਂ ਨੂੰ ਦੇ ਛੋਡੀਏ?” ਇਉਂ ਛੇ ਕਰੋੜ ‘ਰੰਘਰੇਟੇ ਗੁਰੂ ਕੇ ਬੇਟੇ’ ਗੁਰੂ ਘਰ ਦੇ ਦਰ ਉੱਤੇ ਆਏ ਧੱਕੇ ਮਾਰ ਕੇ ਪਰਤਾ ਦਿੱਤੇ ਗਏ, ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਿਰ ਸਾਹਿਬ ਵਿੱਚ ਵੜਨ ਨਹੀਂ ਸੀ ਦਿੱਤਾ ਗਿਆ।” ਦਰਬਾਰ ਸਾਹਿਬ ਜਿਵੇਂ ਇਨ੍ਹਾਂ ‘ਅਕਾਲੀ ਲੀਡਰਾਂ’ ਦੀ ਨਿੱਜੀ ਜਾਇਦਾਦ ਹੋਵੇ।
ਸਦੀਆਂ ਤੋਂ ਮਨੁੱਖ ਵੱਲੋਂ ਆਪਣੀ ਪਹਿਚਾਣ ਲੱਭਣ ਦੀ ਚਾਹਤ ਨੂੰ ਹੀ ਮੈਂ ਧਰਮ ਦਾ ਜਨਮ-ਦਾਤਾ ਮੰਨਦਾ ਹਾਂ। ਇਸ ਲਈ ਸਾਰੇ ਧਰਮਾਂ ਦੇ ਗ੍ਰੰਥ: ਵੇਦ, ਭਾਗਵਤ ਗੀਤਾ, ਕੁਰਾਨ, ਬਾਈਬਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਾ ਹਾਂ ਕਿ ਕੁਝ ਅਤਾ ਪਤਾ ਲੱਗੇ। ਗੁਰਬਾਣੀ ਦਾ ਮਹਾਂ-ਵਾਕ: ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣ’ ਵਾਚਦਿਆਂ ਹੀ ਅੰਦਰੋਂ ਆਵਾਜ਼ ਉੱਠਦੀ ਹੈ ਕਿ ਮੈਂ ਕੁਦਰਤ ਦੀ ਮਹਾਨ ਸੁੰਦਰ ਕਿਰਤ ਹਾਂ - ਇਨਸਾਨ ਹਾਂ, ਪਰ ਸਮਾਜਿਕ ਯਥਾਰਥ ਕੱਸਕੇ ਚਪੇੜ ਮਾਰਦਾ ਹੈ, “ਬਕਵਾਸ ਨਾ ਕਰ, ਤੂੰ ਆਪਣੇ ਪਿੰਡ ਵਿੱਚ ਚਮਾਰ ਹੈਂ, ਬਾਹਰ ਜੋ ਤੈਨੂੰ ਜਾਣਦੇ ਹਨ, ਉਨ੍ਹਾਂ ਲਈ ਰਮਦਾਸੀਆ ਸਿੱਖ ਹੈਂ, ਜੋ ਤੈਨੂੰ ਨਹੀਂ ਜਾਣਦੇ ਉਹਨਾਂ ਲਈ ਸਿੱਖ ਹੈਂ ਜਾਂ ਪੰਜਾਬੀ ਹੈਂ, ਵਿਦੇਸ਼ ਵਿੱਚ ਕੋਈ ਤੈਨੂੰ ਇੰਡੀਅਨ ਜਾਂ ਕੋਈ ਕੁਛ ਤੇ ਕੋਈ ਕੁਛ ਕਹਿੰਦਾ ਹੈ … …।”
ਸਾਰੇ ਧਰਮ ਆਪਣਾ ਆਪਣਾ ਨਜ਼ਰੀਆ ਰੱਖਦੇ ਹਨ। ਸੱਚ ਮੈਨੂੰ ਫੇਰ ਝਕਾਨੀ ਦੇ ਜਾਂਦਾ ਹੈ। ਬਚਪਨ ਦੇ ਸੰਸਕਾਰਾਂ ਅਤੇ ਸਮਾਜਿਕ ਰਹੁਰੀਤਾਂ ਦੀਆਂ ਦਿਲ-ਦਿਮਾਗ ’ਤੇ ਜੰਮੀਆਂ ਪਰਤਾਂ ਦੂਸਰੇ ਧਰਮਾਂ ਦੇ ਵਿਚਾਰਾਂ ਨੂੰ ਇਉਂ ਟੱਕਰ ਮਾਰਦੀਆਂ ਹਨ ਜਿਵੇਂ ਸਚਿਨ ਤੇਂਦੁਲਕਰ ‘ਧੀਮੀ ਗੇਂਦ’ ’ਤੇ ਟਿਕਾ ਕੇ ਛਿੱਕਾ ਮਾਰ ਦਿੰਦਾ ਸੀ। ਉਪਰੋਕਤ ਵਿਆਖਿਆਤ ਹਕੀਕਤ ਦੇ ਬਾਵਜੂਦ ਮੈਂ ਗੁਰੂ ਗੋਬਿੰਦ ਸਾਹਿਬ ਦੇ ਮਹਾਂ-ਵਾਕ – ‘ਮਾਨਸ ਕੀ ਜਾਤ ਸਭ ਏਕ ਪਹਿਚਾਣ ਬੋ’ ਅਤੇ ਮੈਂ ਸਿੱਖ ਸਿਧਾਤਾਂ ਵੱਲ ਝੁਕਿਆ ਰਹਿੰਦਾ ਹਾਂ ਪਰ ਕਸ਼ਮਕਸ਼ ਫਿਰ ਮੈਨੂੰ ਸੂਫੀ ਕਵੀ ਬੁੱਲੇ ਸ਼ਾਹ ਦੇ ਸਨਮੁੱਖ ਲਿਆ ਖੜ੍ਹਾ ਕਰਦੀ ਹੈ ਜਿਹੜਾ ਆਪਣੇ ਆਪ ਨੂੰ ਪੁੱਛ ਰਿਹਾ ਹੈ, “ਬੁੱਲ੍ਹਾ ਕੀ ਜਾਣਾ ਮੈਂ ਕੌਣ?” ਸ਼ਾਇਦ ਬੁੱਲੇ ਸ਼ਾਹ ਵੀ ਸੱਚ ਤਲਾਸ਼ ਰਿਹਾ ਸੀ, ਆਪਣੇ ਆਪ ਨੂੰ ਇਨਸਾਨ ਦੱਸਣ ਦਾ ਦਾਅਵਾ ਕਰ ਰਿਹਾ ਸੀ। ਬੁੱਲੇ ਸ਼ਾਹ ਦਾ ਇੱਕ ਹੋਰ ਕਲਾਮ ਯਾਦ ਆ ਰਿਹਾ ਹੈ:
“ਸੱਚ ਆਖ ਮਨਾ ਕਿਉਂ ਡਰਨਾ ਏਂ,
ਇਸ ਸੱਚ ਪਿੱਛੇ ਤੂੰ ਤਰਨਾ ਏ।
ਸੱਚ ਸਦਾ ਅਬਾਦੀਂ ਕਰਨਾ ਏਂ,
ਸੱਚ ਵਸਤ ਅਚੰਭਾ ਆਈ ਏ।
ਸੱਚ ਨੂੰ ਕਬੂਲ ਕਰਨ ਨਾਲ ਜਿਊਣਾ ਸੌਖਾ ਹੋ ਜਾਂਦਾ ਹੈ। ਭਾਵੇਂ ਮੈਂ ਪਹਿਲਾਂ ਵੀ ਕਦੇ ਆਪਣੀ ਪਹਿਚਾਣ ਛੁਪਾਈ ਨਹੀਂ, ਹੁਣ ਤਾਂ ਛੁਪਾਉਣ ਦੀ ਕੋਸ਼ਿਸ਼ ਕਰਨ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ ਹੈ। ਮੈਂ ਦਲਿਤ ਹਾਂ, ਰਾਮਦਾਸੀਆ-ਸਿੱਖ ਹਾਂ ਅਤੇ ਇਸੇ ਸਵੈਮਾਣ ਨਾਲ ਜਿਉਂ ਰਿਹਾ ਹਾਂ। ਰਹਿਬਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ‘ਖਾਲਸਾ ‘ਪਹਿਚਾਣ ਲਈ ਉਨ੍ਹਾਂ ਦਾ ਸ਼ਰਧਾਵਾਨ ਹਾਂ। ਡਾ. ਬੀ ਆਰ ਅੰਬੇਡਕਰ ਪ੍ਰਤੀ ਸ਼ਰਧਾ ਭਾਵ ਪ੍ਰਗਟ ਕਰਦਾ ਹਾਂ, ਜਿਸ ਮਹਾਨ ਸ਼ਖਸੀਅਤ ਨੇ ਹਿੰਦੂ-ਸਮਾਜ ਦੇ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਸਿਆਸੀ ਅਦਾਰਿਆਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਸੰਵਿਧਾਨਿਕ ਹੱਕ ਦਿਵਾ ਕੇ ਇਸ ਕਾਬਿਲ ਬਣਾਇਆ ਕਿ ਇਹ ਲੋਕ “ਮੈਂ ਕੌਣ ਹਾਂ?” ਦੀ ਤਲਾਸ਼ ਕਰ ਸਕਣ, ਸਵੈਮਾਣ ਨਾਲ ਜਿਉਂ ਸਕਣ। ਬਾਬਾ ਸਾਹਿਬ ਦਾ ਕਥਨ ਹੈ:
“ਸਵੈਮਾਣ ਗੁਆ ਕੇ ਜਿਊਣਾ ਸ਼ਰਮਨਾਕ ਹੈ। ਜੀਵਨ ਵਿੱਚ ਸਵੈਮਾਣ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਾਰਕ ਹੈ। ਇਸ ਤੋਂ ਬਗੈਰ ਮਨੁੱਖ ਸਿਫ਼ਰ ਹੁੰਦਾ ਹੈ। ਸਵੈਮਾਣ ਨਾਲ ਸਤਿਕਾਰਤ ਜੀਵਨ ਜਿਊਣ ਲਈ ਬੰਦੇ ਨੂੰ ਔਕੜਾਂ ਪਾਰ ਕਰਨੀਆਂ ਪੈਂਦੀਆਂ ਹਨ। ਕੇਵਲ ਸਖ਼ਤ ਅਤੇ ਨਿਰੰਤਰ ਸੰਘਰਸ਼ ਵਿੱਚੋਂ ਗੁਜ਼ਰਿਆਂ ਹੀ ਵਿਅਕਤੀ ਪਕਿਆਈ, ਵਿਸ਼ਵਾਸ ਅਤੇ ਪਛਾਣ ਹਾਸਲ ਕਰਦਾ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4234)
(ਸਰੋਕਾਰ ਨਾਲ ਸੰਪਰਕ ਲਈ: (