“ਖਾ ਲੈ, ਖਾ ਲੈ, ਪ੍ਰੋਫੈਸਰਾ, ਤੇਰੇ ਦਿਨ ਵੀ ਨੇੜੇ ਲੱਗੇ ਪਏ ਨੇ …।” ਉਸ ਵੇਲੇ ਮੈਨੂੰ ਮੇਰਾ ਵਜੂਦ ...”
(22 ਮਈ 2023)
ਇਸ ਸਮੇਂ ਪਾਠਕ: 182.
16 ਮਈ ਦੇ ਇੰਡੀਅਨ ਐਕਸਪ੍ਰੈੱਸ ਵਿੱਚ ਭਾਰਤੀ ਪੁਲਿਸ ਸੇਵਾ ਦੇ ਇੱਕ ਉੱਚ ਅਧਿਕਾਰੀ (ਅਭਿਨਵ ਕੁਮਾਰ) ਦਾ ਸ਼ਾਹਰੁਖ਼ ਖਾਨ ਦੇ ਪੁੱਤਰ ਆਰੀਅਨ ਖਾਨ ਤੋਂ ਮੁਆਫੀ ਮੰਗਦਾ ਖ਼ਤ ਪੜ੍ਹਨ ਨੂੰ ਮਿਲਿਆ। ਪੜ੍ਹ ਕੇ ਮੈਂ ਰੋਇਆ ਵੀ ਅਤੇ ਹੱਸਿਆ ਵੀ, ਠੀਕ ਉਨ੍ਹਾਂ ਕਹਾਣੀਆਂ ਦੀਆਂ ਜਲ-ਪਰੀਆਂ ਵਾਂਗ ਜੋ ਦਿਓ ਦੀ ਕੈਦ ਵਿੱਚੋਂ ਛੁਡਾਉਣ ਆਏ ਆਪਣੇ ਪ੍ਰੇਮੀ ਨੂੰ ਦੇਖ ਕੇ ਖੁਸ਼ੀ ਵੀ ਹੁੰਦੀਆਂ ਸਨ ਅਤੇ ਰੋਂਦੀਆਂ ਵੀ ਸਨ।
ਮੈਂ ਰੋਇਆ ਕਿਉਂ? ਇਸ ਲਈ ਕਿ ਇਹ ਖ਼ਤ ਮੈਨੂੰ ਮੇਰਾ ਨਿੱਜੀ ਸਦਮਾ ਅਤੇ ਸਮੂਹਿਕ ਸਦਮਾ ਯਾਦ ਕਰਵਾ ਰਿਹਾ ਸੀ। ਮੇਰੀ ਉਮਰ ਵੀ ਉਸ ਵੇਲੇ (22 ਸਾਲ) ਆਰੀਅਨ ਖਾਨ ਦੀ ਉਮਰ ਦੇ ਲਗਭਗ ਸੀ। ਸਦਮਾ ਲੱਗਾ ਵੀ ਪੁਲਿਸ ਬਲ ਹੱਥੋਂ ਸੀ। ਮੈਂ ਵੀ ਆਰੀਅਨ ਖਾਨ ਵਾਂਗ ਇੱਕ ਹੋਰ ਤਰ੍ਹਾਂ ਦਾ ਸੁਆਦ ਲੈਣ ਗਿਆ ਸੀ। ਚੜ੍ਹਦੀ ਜਵਾਨੀ ਹਰ ਤਰ੍ਹਾਂ ਦੇ ਸੁਆਦ ਚੱਖਣ ਦੀ ਲਾਲਸਾ ਰੱਖਦੀ ਹੈ। ਇਹ ਲਾਲਸਾ ਹੀ ਜੀਵਨ ਨੂੰ ਅੱਗੇ ਤੋਰਦੀ ਹੈ। ਹੁਣ ਤਕ ਮੈਂ ਗਰੀਬੀ ਦੇ ਸੰਤਾਪ ਤੋਂ ਕਾਫੀ ਵਾਕਿਫ਼ ਹੋ ਚੁੱਕਾ ਸੀ ਅਤੇ ਜਾਣਦਾ ਸੀ ਕਿਵੇਂ ਕਮਿਊਨਿਸਟ ਲੀਡਰਾਂ ਵੱਲੋਂ ਗਰੀਬਾਂ ਦੀ ਗਰੀਬੀ ਕੱਟਣ ਦੀਆਂ ਸਕੀਮਾਂ ਦਾ ਨਸ਼ਾ ਮੈਨੂੰ ਚੜ੍ਹਾਇਆ ਜਾਣਾ ਸੀ। ਮੈਂ ਬਚਪਨ ਦੇ ਸਾਥੀਆਂ ਦੇ ਕਹਿਣ ’ਤੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹੋ ਗਿਆ ਸੀ। ਕਹਿ ਨਹੀਂ ਸਕਦਾ ਕਿ ਆਰੀਅਨ ਖਾਨ ਇਸ ਗੱਲੋਂ ਅਨਜਾਣ ਸੀ ਕਿ ਉਸ ਦਾ ਸਮੁੰਦਰੀ ਜਹਾਜ਼ ’ਤੇ ਹੋਣਾ ਹੀ ਉਸ ਨੂੰ ਨਸ਼ਿਆਂ ਦੇ ਵਪਾਰੀ ਗਰੋਹ ਨਾਲ ਜੋੜ ਦੇਵੇਗਾ, ਪਰ ਮੈਂ ਬੇਸੁਰਤ ਸਾਂ ਕਿ ਉਸ ਰਾਤ ਨੂੰ ਮੇਰਾ ਉੱਥੇ ਜਾ ਕੇ ਭਾਸ਼ਣ ਸੁਣਨਾ ਹੀ ਮੈਨੂੰ ਨਕਸਲੀਆਂ ਦਾ ਹਮਦਰਦ ਬਣਾ ਦੇਵੇਗਾ। ਵੈਸੇ ਤਾਂ ਆਰੀਅਨ ਖਾਨ ਉੱਤੇ ਉਸ ਸਦਮੇ ਨਾਲ ਕੀ ਬੀਤੀ, ਉਹ ਹੀ ਦੱਸ ਸਕਦਾ ਹੈ ਜਿਵੇਂ ਕਿ ਮੇਰੇ ’ਤੇ ਇਸ ਸਦਮੇ ਨਾਲ ਕੀ ਬੀਤੀ, ਮੈਂ ਹੀ ਦੱਸ ਸਕਦਾ ਹਾਂ।
ਉਸ ਰਾਤ ਤੋਂ ਕੋਈ ਦੋ ਕੁ ਦਿਨ ਬਾਅਦ ਮੇਰਾ ਐੱਮ ਐੱਸ ਸੀ (ਫਿਜਿਕਸ) ਦਾ ਨਤੀਜਾ ਐਲਾਨਿਆ ਗਿਆ ਅਤੇ ਮੈਂ ਇੱਕ ਹਫ਼ਤੇ ਦੇ ਅੰਦਰ ਹੀ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜ ਵਿੱਚ ਭੌਤਿਕ-ਵਿਗਿਆਨ ਵਿਭਾਗ ਦਾ ਹੈੱਡ ਨਿਯੁਕਤ ਹੋ ਗਿਆ ਸੀ। ਮੈਂ ਹਵਾ ਵਿੱਚ ਉੱਡ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ 22 ਸਾਲ ਦੇ ਨੌਜਵਾਨ ਦਾ ਪ੍ਰੋਫੈਸਰ ਹੋ ਜਾਣਾ ਹੀ ਸਮਾਜਿਕ ਰੁਤਬਾ ਪ੍ਰਦਾਨ ਕਰਦਾ ਸੀ। ਇਸ ਨਿਯੁਕਤੀ ਤੋਂ ਠੀਕ ਤੇਰਾਂ ਦਿਨ ਬਾਅਦ ਨਕਸਲੀਆਂ ਦੇ ਕਈ ਸਰਗਰਮ ਮੈਂਬਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ। ਥੋੜ੍ਹੇ ਦਿਨਾਂ ਬਾਅਦ ਪਤਾ ਲੱਗਾ ਕਿ ਮੇਰਾ ਨਾਂ ਉਨ੍ਹਾਂ ਦੇ ਹਮਦਰਦਾਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕਾ ਹੈ। ਇਸਦਾ ਉਹ ਸਦਮਾ ਲੱਗਿਆ ਕਿ ਮੇਰੀ ਨੀਂਦ ਉੱਡ ਗਈ। ਹਰ ਵਕਤ ਧੁੜਕੂ ਲੱਗਾ ਰਹਿੰਦਾ ਕਿ ਪਤਾ ਨਹੀਂ ਕਦੋਂ ਪੁਲਿਸ ਗ੍ਰਿਫ਼ਤਾਰ ਕਰ ਲਏਗੀ ਤੇ ਮੇਰੇ ਨਾਲ ਕਿਹੋ ਜਿਹਾ ਸਲੂਕ ਕਰੇਗੀ। ਮੇਰੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਜਾਣਗੇ। ਮੇਰੇ ਪਰਿਵਾਰ ਦਾ ਕੀ ਹੋਵੇਗਾ, ਮੇਰੇ ਪਿਤਾ ਜੀ ਦੀ ਕੀ ਹਾਲਤ ਹੋਵੇਗੀ, ਜਿਨ੍ਹਾਂ ਦਿਨ ਰਾਤ ਦਿਹਾੜੀ ਕਰਕੇ ਮੈਨੂੰ ਯੂਨੀਵਰਸਟੀ ਤਕ ਦੀ ਉੱਚ ਸਿੱਖਿਆ ਦਿਵਾਈ ਸੀ। ਮੈਂ ਸ਼ਰਾਬ ਦਾ ਆਦੀ ਹੋਣ ਲੱਗਾ ਸੀ, ਹੋ ਹੀ ਗਿਆ ਸੀ। ਸ਼ਰਾਬ ਵੀ ਤਾਂ ਨਸ਼ਾ ਹੀ ਸੀ। ਚੜ੍ਹਦੀ ਉਮਰੇ ਹੀ ਜ਼ਿੰਦਗੀ ਨੀਰਸ ਹੋ ਚੱਲੀ ਸੀ।
ਫਿਲਮ ਇੰਡਸਟਰੀ ਦੇ ‘ਕਿੰਗ-ਖਾਨ’ ਦੇ ਪੁੱਤਰ ਨੂੰ ਹਿਰਾਸਤ ਵਿੱਚ ਲੈਣ ’ਤੇ ਦੇਸ਼ ਦੇ ਹਰ ਅਖਬਾਰ ਵਿੱਚ ਚਰਚੇ ਸਨ, ਲੱਖਾਂ ਹੀ ਪ੍ਰਸ਼ੰਸਕ ‘ਕਿੰਗ-ਖਾਨ ‘ਨਾਲ ਖੜ੍ਹੇ ਸਨ। ਆਖਰਕਾਰ ਉਹ ਇੱਕ ਮਸ਼ਹੂਰ ਹਸਤੀ ਸੀ। ਸਭ ਨੂੰ ਫ਼ਿਕਰ ਸੀ ਕਿ ਉਸ ਦੇ ਬੇਟੇ ਨੂੰ ਸਦਮੇ ਦੇ ਅਸਰ ਤੋਂ ਕਿਵੇਂ ਬਚਾਇਆ ਜਾਵੇ। ‘ਕਿੰਗ-ਖਾਨ’ ਤਾਂ ਮੰਗੀ ਕਥਿਤ-ਰਿਸ਼ਵਤ ਵੀ ਦੇ ਸਕਦੇ ਸਨ। ਗਰੀਬ ਦਲਿਤ, ਕਰਜ਼ਈ ਕਿਸਾਨ ਅਤੇ ਮਜ਼ਦੂਰ ਕੀ ਦੇ ਦਿੰਦੇ? ਬਹੁਤਿਆਂ ਨੂੰ ਆਪਣੀ ਜਾਨ ਤੋਂ ਹੀ ਹੱਥ ਧੋਣੇ ਪਏ। ਹਜ਼ਾਰਾਂ ਪੇਂਡੂ ਗਰੀਬਾਂ ਦੇ ਬੱਚਿਆਂ ’ਤੇ ਕੀ ਗੁਜ਼ਰੀ, ਉਨ੍ਹਾਂ ਦੇ ਪਰਿਵਾਰਾਂ ’ਤੇ ਕੀ ਬੀਤੀ, ਇਸਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ। ਮੇਰਾ ਸਦਮਾ ਉਸ ਦਿਨ ਹੋਰ ਡੂੰਘਾ ਹੋ ਗਿਆ ਜਿਸ ਦਿਨ ਇੱਕ ਕੁਲੀਗ ਦੀ ਬਰਾਤ ’ਤੇ, ਜੋ ਪੁਲਿਸ ਵਾਲਿਆਂ ਦੇ ਘਰ ਢੁੱਕੀ ਸੀ, ਇਹ ਸੁਣਨ ਨੂੰ ਮਿਲਿਆ, “ਖਾ ਲੈ, ਖਾ ਲੈ, ਪ੍ਰੋਫੈਸਰਾ, ਤੇਰੇ ਦਿਨ ਵੀ ਨੇੜੇ ਲੱਗੇ ਪਏ ਨੇ …।” ਉਸ ਵੇਲੇ ਮੈਨੂੰ ਮੇਰਾ ਵਜੂਦ ਖਤਮ ਹੁੰਦਾ ਦਿਸਿਆ।
ਜਿਵੇਂ ਆਰੀਅਨ ਖਾਨ ਬਾਰੇ ਛਾਪਾ ਮਾਰਨ ਵਾਲੇ ਸ਼ਾਇਦ ਜਾਣਦੇ ਸਨ ਕਿ ਉਸ ਦਾ ‘ਚਿੱਟੇ ਦੀ ਤਕਸਰੀ’ ਵਿੱਚ ਕੋਈ ਯੋਗਦਾਨ ਨਹੀਂ ਹੈ ਤੇ ਉਹ ਇੱਕ ਅਮੀਰ ਦਾ ਪੁੱਤਰ ਸਿਰਫ ਮਸਤੀ ਲਈ ਹੀ ਉੱਥੇ ਸੀ, ਠੀਕ ਉਸੇ ਤਰ੍ਹਾਂ ਹੀ ਸਾਡੀ ਖਾਤਰਦਾਰੀ ਕਰਦੇ ਸਭ ਪੁਲਿਸ ਵਾਲੇ ਜਾਣਦੇ ਸਨ ਕਿ ਮੈਂ ਅਜਿਹਾ ਕੁਝ ਨਹੀਂ ਕੀਤਾ ਜਿਸ ਕਰਕੇ ਮੈਨੂੰ ਅਜਿਹੀ ਸਜ਼ਾ ਦਿੱਤੀ ਜਾਂਦੀ ਅਤੇ ਮੈਂ ਸਿਰਫ ਦੋਸਤਾਂ ਦਾ ਮਨ ਰੱਖਣ ਲਈ ਹੀ ਗਿਆ ਸਾਂ। ਜਿਸ ਤਰ੍ਹਾਂ ਖ਼ਤ ਵਿੱਚ ਲਿਖਿਆ ਹੈ ਕਿ ਆਰੀਅਨ ਖਾਨ ਦੇ ਜੇਲ੍ਹ ਜਾਣ ਤੋਂ ਬਾਅਦ ਪ੍ਰਾਇਮ-ਟਾਈਮ ਮੀਡੀਆ ਟਰਾਇਲ ਰਾਹੀਂ ਕਿਵੇਂ ਸਾਰੀ ਕੌਮ ਦਾ ਮਨੋਰੰਜਨ ਕੀਤਾ ਗਿਆ, ਜਿਸ ਨੇ ਸਾਡੇ ਤਿੜਕੇ ਅਤੇ ਨਾ-ਬਰਾਬਰ ਸਮਾਜ ਦੀਆਂ ਨੰਗੇਜ਼ਵਾਦ ਰਾਹੀਂ ਕਾਮ-ਤ੍ਰਿਪਤੀ, ਅਸੰਵੇਦਨਸ਼ੀਲਤਾ ਅਤੇ ਈਰਖਾ ਜਿਹੀਆਂ ਭੈੜੇ ਤੋਂ ਭੈੜੀਆਂ ਸਮੂਹਿਕ ਉਤੇਜਨਾਵਾਂ ਨੂੰ ਉਜਾਗਰ ਕੀਤਾ, ਠੀਕ ਉਸੇ ਤਰ੍ਹਾਂ ਹੀ ਮੈਨੂੰ ਬੋਲੇ ਗਏ ਲਫਜ਼ਾਂ ਪਿੱਛੇ ਇਸ ਤੋਂ ਵੀ ਭੈੜੀ ਸਮੂਹਿਕ ਬਿਰਤੀ ਉਜਾਗਰ ਹੋ ਰਹੀ ਸੀ ਜੋ ਅਖਬਾਰਾਂ ਵਿੱਚ ਤਾਂ ਲਿਖੀ ਨਹੀਂ ਜਾ ਸਕਦੀ ਸੀ - ਉਹ ਸੀ ਸਮਾਜਿਕ ਵਿਵਹਾਰ ਵਿੱਚ ਜਾਤੀ ਭੇਦ-ਭਾਵ ਦੇ ਘਟ ਰਹੇ ਰੁਝਾਨ ਦਾ ਝੋਰਾ ਅਤੇ ਟੀਵੀ ਉਦੋਂ ਹੁੰਦਾ ਹੀ ਨਹੀਂ ਸੀ, ਪਰ ਮੂੰਹ-ਜ਼ੁਬਾਨੀ ਉੱਚਰੀ ਜਾ ਰਹੀ ਸੀ। ਉਹ ਸੋਚ ਰਹੇ ਹੋਣਗੇ ਕਿ ਅਖੌਤੀ ਨੀਵੀਆਂ ਜਾਤਾਂ ਦਾ ਹੋ ਕੇ ਵੀ ਸਾਡੇ ਵਿਆਹ ਸ਼ਾਦੀਆਂ ’ਤੇ ਸਾਥੋਂ ਹੀ ਸੇਵਾ ਕਰਵਾ ਰਿਹਾ ਹੈ। ਉਨ੍ਹਾਂ ਇਹ ਨਹੀਂ ਸੋਚਿਆ ਕਿ ਇਹ ਅਖੌਤੀ ਨੀਵੀਂ ਜਾਤ ਦਾ ਹੋ ਕੇ ਵੀ ਅਖੌਤੀ ਉੱਚ ਜਾਤੀ ਦੇ ਗਰੀਬ ਕਿਰਸਾਨ ਦੇ ਹੱਕ ਵਿੱਚ ਹੀ ਤਾਂ ਖੜ੍ਹਾ ਦਿਖਾਈ ਦਿੰਦਾ ਹੈ। ਉਨ੍ਹਾਂ ਲਫਜ਼ਾਂ ਨੇ ਮੇਰੇ ’ਤੇ ਜੋ ਕਹਿਰ ਢਾਹਿਆ, ਮੈਂ ਹੀ ਜਾਣਦਾ ਸੀ। ਅਖਬਾਰ ਵਿੱਚ ਕਿਸੇ ਨਕਸਲੀ ਹਮਦਰਦ ਦੇ ਫੜੇ ਜਾਣ ਦੀ ਖ਼ਬਰ ਮੈਨੂੰ ਇਹ ਲਫ਼ਜ਼ ਯਾਦ ਕਰਵਾਉਂਦੀ ਤੇ ਮੇਰਾ ਸਹਿਮ ਹੋਰ ਡੂੰਘਾ ਹੁੰਦਾ ਰਹਿੰਦਾ।
ਜਿਵੇਂ ਆਰੀਅਨ ਖਾਨ ਨੂੰ ਖ਼ਤ ਲਿਖਣ ਵਾਲੇ ਸੁਹਿਰਦ ਪੁਲਿਸ ਅਫਸਰ ਨੇ ਲਿਖਿਆ ਹੈ ਕਿ ਪੁਲਿਸ ਬਲ ਵਿੱਚ ਸਾਰੇ ਹੀ ਤਾਕਤ ਦੇ ਭੁੱਖੇ ਚਾਪਲੂਸ ਨਹੀਂ ਹਨ, ਜਿਹੜੇ ਕਮਜ਼ੋਰ ਅਤੇ ਬਦਕਿਸਮਤ ਲੋਕਾਂ ਦਾ ਲਹੂ ਪੀਣ ਲਈ ਉਤਾਵਲੇ ਹਨ। ਅਜਿਹੇ ਇਮਾਨਦਾਰ ਅਫਸਰ ਪਹਿਲਾਂ ਵੀ ਸਨ ਅਤੇ ਹੁਣ ਵੀ ਹਨ।
ਆਖਿਰ ਇੱਕ ਦਿਨ ਪੁਲਿਸ ਨੇ ਪਿੰਡ ਦੇ ਘਰ ਦਸਤਕ ਦੇ ਹੀ ਦਿੱਤੀ। ਪਿੰਡ ਵਿੱਚ ਇਹ ਖ਼ਬਰ ਫੈਲਣ ਤੋਂ ਪਹਿਲਾਂ ਕਿ ਫਲਾਣੇ ਦੇ ਪ੍ਰੋਫੈਸਰ ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ, ਮੈਂ ਇਹ ਸੋਚ ਕੇ ਕਿ ਸਾਰੇ ਪੁਲਿਸ ਵਾਲੇ ਲਕੀਰ ਦੇ ਫਕੀਰ ਨਹੀਂ ਹਨ ਤੇ ਮੇਰੀ ਗੱਲ ’ਤੇ ਯਕੀਨ ਕਰਨਗੇ, ਖੁਦ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ ਸੀ। ਠਾਣੇਦਾਰ ਗਿਆਨੀ ਅਜਮੇਰ ਸਿੰਘ ਬਹੁਤ ਹੀ ਇਮਾਨਦਾਰ ਪੁਲਿਸ ਅਫਸਰ ਸਨ। ਉਹ ਮੇਰੇ ਬਾਰੇ ਸਭ ਜਾਣਦੇ ਸਨ ਕਿਉਂਕਿ ਉਨ੍ਹਾਂ ਦਾ ਲੜਕਾ ਸਾਡਾ ਸਹਿਕਰਮੀ ਸੀ, ਪਰ ਉਹ ਦੋ ਕੁ ਦਿਨ ਪਹਿਲਾਂ ਰਿਟਾਇਰ ਹੋ ਚੁੱਕੇ ਸਨ। ਨਵੇਂ ਅਫਸਰ ਦੀ ਗਾਜ਼ ਮੇਰੇ ’ਤੇ ਗਿਰ ਗਈ ਸੀ। ਇਤਿਫਾਕਨ ਗਿਆਨੀ ਜੀ ਹਾਲੇ ਉੱਥੇ ਹੀ ਸਨ ਤੇ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੇਰੇ ਬਾਰੇ ਸਿਫਾਰਸ਼ ਕਰ ਕੇ, ਮੈਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਸੀ। ਬਾਅਦ ਵਿੱਚ ਉਨ੍ਹਾਂ ਮੇਰਾ ਨਾਂ ਵੀ ਰਿਕਾਰਡ ਵਿੱਚੋਂ ਕਢਵਾ ਦਿੱਤਾ ਸੀ। ਮੈਨੂੰ ਸੁਖ ਦਾ ਸਾਹ ਆਉਣ ਲੱਗਾ ਸੀ, ਪਰ ਉਸ ਸਦਮੇ ਦਾ ਕਹਿਰ ਮੇਰੇ ਜ਼ਿਹਨ ਵਿੱਚ ਅੱਜ ਵੀ ਘਰ ਕਰੀ ਬੈਠਾ ਹੈ।
ਅੱਜ ਹਾਲਾਤ ਇਹ ਹਨ ਕਿ ਪੰਜਾਬ ਵਿੱਚ ‘ਚਿੱਟੇ ਦਾ ਨਸ਼ਾ’ ਕਹਿਰ ਢਾਹ ਰਿਹਾ ਹੈ। ਗੂਗਲ ਮੁਤਾਬਿਕ ਯੂ ਐੱਨ ਦੇ ਡਰੱਗਜ਼ ਅਤੇ ਭਾਰਤ ਦੇ ਸਮਾਜਿਕ ਨਿਆਂ ਅਤੇ ਜੁਰਮ ਮੰਤਰਾਲੇ ਮੁਤਾਬਿਕ ਦੇਸ਼ ਵਿੱਚ ਤਕਰੀਬਨ 8.75 ਮਿਲੀਅਨ ਲੋਕ ਹੀਰੋਇਨ (ਚਿੱਟਾ), 62.5 ਮਿਲੀਅਨ ਲੋਕ ਸ਼ਰਾਬ ਦਾ ਨਸ਼ਾ ਕਰਦੇ ਹਨ। ਇਹ ਜਾਣ ਕੇ ਮੈਂ ਹੈਰਾਨ ਹੋਇਆ ਕਿ ਬਾਹਰਲੇ ਮੁਲਕਾਂ ਦੇ ਲੋਕ ਇਹ ਸਮਝ ਰੱਖਦੇ ਹਨ ਕਿ ਭਾਰਤ ਦੇ ਪਿੰਡਾਂ ਵਿੱਚ ਲੋਕ ਨਸ਼ਾ ਨਾ-ਮਾਤਰ ਹੀ ਕਰਦੇ ਹਨ। ਸਾਡੇ ਪਿੰਡਾਂ ਵਿੱਚ ਨਸ਼ੇ ਦੇ ਕਹਿਰ ਤੋਂ ਅਸੀਂ ਕਿੰਨੇ ਸਤੇ ਹੋਏ ਹਾਂ, ਅਸੀਂ ਹੀ ਜਾਣਦੇ ਹਾਂ। ਪੰਜ ਦਰਿਆਵਾਂ ਦੀ ਧਰਤੀ ’ਤੇ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਆਮ ਕਹਾਵਤ ਹੀ ਬਣ ਗਿਆ ਹੈ। ‘ਉੜਤਾ ਪੰਜਾਬ’ ਫਿਲਮ ਨੇ ਇਸ ਸਮੱਸਿਆ ਨੂੰ ਜੱਗ ਜ਼ਾਹਿਰ ਕੀਤਾ ਸੀ। ਹਰ ਥਾਂ ਨਸ਼ਾ ਛੁਡਾਊ ਕੇਂਦਰ ਖੁੱਲ੍ਹਿਆ ਹੈ। ਉਹ ਪੈਸੇ ਦੀ ਲੁੱਟ ਰਾਹੀਂ ਨਵਾਂ ਹੀ ਕਹਿਰ ਢਾਹ ਰਹੇ ਹਨ।
ਤੇ ਮੈਂ ਹੱਸਿਆ ਕਿਉਂ? ਹੱਸਿਆ ਨਹੀਂ ਬਲਕਿ ਥੋੜ੍ਹਾ ਖੁਸ਼ ਹੋਇਆ ਕਿ ਆਰੀਅਨ ਖਾਨ ਨੂੰ ਖਤ ਲਿਖਣ ਵਾਲੇ ਬੁੱਧੀਜੀਵੀ ਅਫਸਰ ਨੇ ਦੇਸ਼ ਦੇ ਪ੍ਰਬੰਧਕੀ ਢਾਂਚੇ ਵਿੱਚ ਫਿਰਕਾਪ੍ਰਸਤੀ ਦੀ ਚੜ੍ਹਦੀ ਪਾਉਣ ਬਾਰੇ ਇਮਾਨਦਾਰੀ ਨਾਲ ਸੱਚ ਬਿਆਨਿਆ। ਇਸਦੀ ਝਲਕ ਆਰੀਅਨ ਖਾਨ ਨੂੰ ਸੰਬੋਧਿਤ ਇਨ੍ਹਾਂ ਲਫਜ਼ਾਂ ਵਿੱਚ ਦਿਖਾਈ ਦਿੰਦੀ ਹੈ:
ਉਨ੍ਹਾਂ ਕੁਝ ਮਹੀਨਿਆਂ ਦੌਰਾਨ NCB ਵਿੱਚ ਵਾਨਖੇੜੇ ਅਤੇ ਉਸ ਦੇ ਸਹਿਕਰਮੀਆਂ ਨੇ ਕੱਟੜਵਾਦੀ ਅਤੇ ਆਪਣੇ ਆਪ ਨੂੰ ਸਰਬ-ਸ੍ਰੇਸ਼ਠ ਮੰਨਣ ਵਾਲੇ ਭਾਰਤ ਦੇ ਪ੍ਰਤੀਨਿਧੀਆਂ ਵਜੋਂ ਆਪਣੇ ਮੋਢਿਆਂ ’ਤੇ ਤੁਹਾਡੇ, ਤੁਹਾਡੇ ਸਮਾਜਿਕ ਦਾਇਰੇ ਅਤੇ ਪੂਰੀ ਫਿਲਮ ਸਨਅਤ ਜਿਸਦੇ ਤੁਹਾਡੇ ਪਿਤਾ ਬਹੁਤ ਸਿਰਕੱਢ ਮੈਂਬਰ ਹਨ, ਵੱਲੋਂ ਪ੍ਰਤੀਨਿਧਤ ਅਵਸਾਦਗ੍ਰਸਤ ਭਾਰਤ ਨੂੰ ਆੜ੍ਹੇ ਹੱਥੀਂ ਲੈਣ ਦੀ ਜ਼ਿੰਮੇਵਾਰੀ ਲਈ। ‘ਜਾਪਦਾ ਹੈ ਕਿ ਵਿਚਾਰ ਘੜਿਆ ਗਿਆ ਕਿ ‘ਚਿੱਟੇ ਦੀ ਖਪਤ’ ਵਾਲੇ ਸਾਰੇ ਹੀ ਭਾਰਤੀ ਸੰਸਕ੍ਰਿਤੀ ਨੂੰ ਢਾਹ ਲਾਉਣ ਵਾਲਿਆਂ ਦੇ ਹਮਦਰਦ ਹਨ, ਠੀਕ ਉਵੇਂ ਜਿਵੇਂ ਮੇਰੇ ਵਰਗੇ ਨਕਸਲਬਾੜੀਆਂ ਦੇ ਹਮਦਰਦ ਬਣਾ ਦਿੱਤੇ ਗਏ ਸਨ। ਅਜਿਹੀ ਮਾਨਸਿਕਤਾ ਅਲਾਮਤਾਂ ਨੂੰ ਹੀ ਬਿਮਾਰੀ ਦੇ ਕੀਟਾਣੂ ਮੰਨ ਲੈਂਦੀ ਹੈ।
ਵਾਨਖੇੜੇ ਅਤੇ ਉਸ ਦੀ ਟੀਮ ਦੀ ਜ਼ਿੰਮੇਵਾਰੀ ਪੂਰੀ ਹੋਈ ਕਿ ਨਹੀਂ, ਕਿਹਾ ਨਹੀਂ ਜਾ ਸਕਦਾ ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਆਰੀਅਨ ਖਾਨ ਉਹ ਨਹੀਂ ਰਿਹਾ ਹੋਵੇਗਾ ਜੋ ਉਹ ਸਮੁੰਦਰੀ ਜਹਾਜ਼ ਉੱਤੇ ਪਏ ਛਾਪੇ ਤੋਂ ਪਹਿਲਾਂ ਸੀ। ਕਿੰਗ ਖਾਨ ਦੇ ਉਪਾਸ਼ਕ ਹੋਣ ਜਾਂ ਨਾ ਹੋਣ ਨਾਲ ਕੋਈ ਸਰੋਕਾਰ ਨਹੀਂ, ਪਰ ਇੱਕ ਪਿਤਾ ਅਤੇ ਉਸ ਦੇ ਬੱਚੇ ਨਾਲ ਸਦਮੇ ਦੀ ਪੀੜ ਸਾਂਝੀ ਕਰਨਾ ਮੈਂ ਆਪਣੀ ਨੈਤਿਕ ਜਿੰਮੇਦਾਰੀ ਸਮਝਦਾ ਹਾਂ। ਅੱਜ ਪੰਜਾਬ ਵਿੱਚ ਕਿੰਨੇ ਹੀ ਨੌਜਵਾਨ ‘ਚਿੱਟੇ’ ਨੇ ਚੱਟ ਦਿੱਤੇ ਹਨ। ਅਸੀਂ ਇਨ੍ਹਾਂ ਨੂੰ ਪੰਜਾਬੀਅਤ ਨੂੰ ਢਾਹ ਲਾਉਣ ਵਾਲਿਆਂ ਦੇ ਹਮਦਰਦ ਠਹਿਰਾ ਕੇ ਜੇਲ੍ਹਾਂ ਵਿੱਚ ਨਹੀਂ ਸੁੱਟ ਸਕਦੇ, ਜਿਵੇਂ ਆਰੀਅਨ ਖਾਨ ਅਤੇ ਉਸ ਦੇ ਸਮਾਜਿਕ ਦਾਇਰੇ ਬਾਰੇ ਸੋਚਿਆ ਗਿਆ ਸੀ। ਪਰ ਹਕੀਕਤ ਇਹ ਹੈ ਕਿ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ 42% ਦੇ ਕਰੀਬ ਕੈਦੀ ਸਿਰਫ ਐੱਨ ਡੀ ਪੀ ਐੱਸ ਕਾਨੂੰਨ ਤਹਿਤ ਗਿਰਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਬਹੁਗਿਣਤੀ 40 ਸਾਲ ਤੋਂ ਘੱਟ ਉਮਰ ਦੇ ਗਰੀਬ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਵਿੱਚੋਂ ਹਨ ਅਤੇ ਖੁਦ ਨਸ਼ੇ ਦੇ ਆਦੀ ਹਨ। ਨਸ਼ੇ ਸਾਡੇ ਸਮਾਜ ’ਤੇ ਉਹ ਕਹਿਰ ਢਾਹ ਰਹੇ ਹਨ, ਜਿਸ ਨੂੰ ਬਿਆਨ ਕਰਨਾ ਔਖਾ ਹੈ। ਬੱਸ ਇਹੋ ਸੋਚੀ ਜਾਈਦਾ ਹੈ ... ਆਖਿਰ ਇਸ ਕਹਿਰ ਦੀ ਦਵਾ ਕਿਆ ਹੈ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3981)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)