“ਗੁਆਂਢ ਦੇ ਪ੍ਰਾਂਤ ਨਾਗਾਲੈਂਡ ਜਾਣ ਦਾ ਵੀ ਸਬੱਬ ਬਣਦਾ ਰਿਹਾ। ਉੱਥੋਂ ਦੇ ਸੱਭਿਆਚਾਰ ਦੀ ਝਲਕ ਇੱਕ ...”
(17 ਅਕਤੂਬਰ 2023)
ਦੁਨੀਆਂ ਰੰਗ ਬਰੰਗੀ ਹੀ ਚੰਗੀ ਲੱਗ ਰਹੀ ਹੈ। ਇਕਸਾਰਤਾ ਕੁਦਰਤ ਦਾ ਨਿਯਮ ਨਹੀਂ ਹੈ। ਇੱਕ ਰਸ ਜੀਵਨ ਨੀਰਸ ਹੋ ਜਾਂਦਾ ਹੈ। ਇੱਕੋ ਭੋਜਨ ਅਸੀਂ ਹਰ ਸਮੇਂ ਨਹੀਂ ਖਾ ਸਕਦੇ, ਇੱਕੋ ਕੱਪੜੇ ਅਸੀਂ ਸਦਾ ਨਹੀਂ ਪਹਿਨ ਸਕਦੇ। ਹਰ ਖਿੱਤੇ ਦੇ ਮਨੁੱਖ ਇਸ ਨੀਰਸਤਾ ਨੂੰ ਭੰਗ ਕਰਨਾ ਜਾਣਦੇ ਹਨ। ਇਹੋ ਕਲਾ ਉਨ੍ਹਾਂ ਦੀ ਜੀਵਨ ਸ਼ੈਲੀ, ਉਨ੍ਹਾਂ ਦਾ ਸੱਭਿਆਚਾਰ ਹੁੰਦਾ ਹੈ। ਇਸੇ ਵਿੱਚ ਹੀ ਜੀਵਨ ਸੰਗੀਤ ਦੇ ਵੱਖਰੇ ਵੱਖਰੇ ਸੁਰ ਕਢਦੇ ਹੋਏ ਦੁੱਖ-ਸੁਖ, ਮੌਜ-ਮਸਤੀਆਂ ਕਰਦੇ ਮਨੁੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।
ਲੇਖਕ ਸ਼ਸ਼ੀ ਥਰੂਰ ਆਪਣੀ ਕਿਤਾਬ ‘Why am I a Hindu’ (2017) ਦੇ ਪੰਨੇ 248 ’ਤੇ ਲਿਖਦੇ ਹਨ ਕਿ ਉਨ੍ਹਾਂ ਦੇ ਸੁਰਗਵਾਸ ਪਿਤਾ, ਚੰਦਨ ਥਰੂਰ, ਉਨ੍ਹਾਂ ਨੂੰ ਤਕਰੀਬਨ ਪੰਜਾਹ ਸਾਲ ਪਹਿਲਾਂ ਮੱਤਾਂ ਦਿੰਦੇ ਹੁੰਦੇ ਸਨ ਕਿ “ਭਾਰਤ ਦੁਨੀਆਂ ਦਾ ਵੱਡਾ ਅਜੋਕਾ ਕੇਵਲ ਲੋਕਤੰਤਰ ਹੀ ਨਹੀਂ ਬਲਕਿ ਦੁਨੀਆਂ ਦਾ ਸਭ ਤੋਂ ਵੱਡਾ ਦੋਗਲਾ ਵੀ ਹੈ।” ਕੇਰਲ ਦਾ ਅਮੀਰ ਬਾਪ ਜਦੋਂ ਇਹ ਗੱਲ ਆਪਣੇ ਸ਼ਹਿਰੀ ਪੁੱਤ ਨੂੰ ਸਮਝਾ ਰਿਹਾ ਸੀ, ਮੈਂ ਉਸ ਵੇਲੇ ਤਕਰੀਬਨ ਸਤਾਰਾਂ ਸਾਲ ਦਾ ਮਛੋਹਰ-ਮੱਤ ਪੇਂਡੂ ਸੀ। ਪੰਜਾਬ ਦਾ ਗਰੀਬ ਬਾਪ ਲੋਕਤੰਤਰ ਅਤੇ ਦੋਗਲੇਪਨ ਬਾਰੇ ਕੀ ਜਾਣੇ! ਗਰੀਬ ਦੀਆਂ ਮੱਤਾਂ ‘ਰੋਟੀ ਕਿਵੇਂ ਕਮਾਉਣੀ ਹੈ’ ਤਕ ਹੀ ਸੀਮਤ ਹੁੰਦੀਆਂ ਸਨ। ਸਾਡੇ ਲਈ ਰੋਜ਼ਾਨਾ ਦਾ ਯਥਾਰਥ ਹੀ ਸੰਸਾਰ ਦਾ ਚਲਨ ਸੀ। ਇਹੋ ਹੀ ਸੱਭਿਆਚਾਰਕ ਸਮਝ ਸੀ ਅਤੇ ਇਹ ਪੰਜਾਬ ਦੇ ਇੱਕ ਨਿੱਕੇ ਜਿਹੇ ਰਿਆਸਤੀ ਪਿੰਡ ਨਾਲ ਬਾਵਸਤਾ ਸੀ।
ਸ਼ੁੱਧ ਪੇਂਡੂ ਸੱਭਿਆਚਾਰ ਦਾ ਜੰਮ-ਪਲ ਜਦੋਂ ਛੋਟੇ ਜਿਹੇ ਸ਼ਹਿਰ ਵਿੱਚ ਜਾਂਦਾ ਤਾਂ ਇਉਂ ਭਮੰਤਰ ਜਾਂਦਾ, ਜਿਵੇਂ ਚੌਂਹਦੀ ਲੱਗ ਗਈ ਹੋਵੇ। ਛੇਵੀਂ ਜਮਾਤ ਵਿੱਚ ਸ਼ਹਿਰ ਦੇ ਸਕੂਲ ਜਾਣ ਲੱਗੇ ਤਾਂ ਬੇਬੇ ਦੀ ਚਿੰਤਾ ਵਧ ਗਈ। ਸੂਰਜ ਚੜ੍ਹਦੇ ਹੀ ਘਰੋਂ ਤੁਰਨ ਵੇਲੇ ਹੀ ਬੇਬੇ ਮੱਤਾਂ ਦੇਣ ਲਗਦੀ, “ਮੁੰਡਿਆ! ਬਾਹਰਲੀ ਫਿਰਨੀ ਤੋਂ ਦੀ ਸਕੂਲ ਜਾਇਆ ਕਰ, ਸ਼ੈਹਰ ਵਿੱਚ ਰੁਲ ਨਾ ਜਾਈਂ।”
ਬੇਬੇ ਜੀ ਦਾ ਇਉਂ ਰੋਕਣਾ ਮੇਰੀ ਉਤਸੁਕਤਾ ਵਧਾ ਦਿੰਦਾ। ਸ਼ਹਿਰ ਵਿੱਚ ਕਿਹੜਾ ਰਸਤੇ ਦੇ ਦਰਖ਼ਤਾਂ ਵਿੱਚ ਲੁਕੇ ਜਿੰਨਾ ਤੋਂ ਵੱਡਾ ਜਿੰਨ ਹੈ ਜਿਹੜਾ ਮੈਨੂੰ ਨਿਗਲ ਜਾਵੇਗਾ, ਜਿੱਥੇ ਮੈਂ ਰੁਲ ਜਾਵਾਂਗਾ। ਫਿਰ ਹੌਲੀ ਹੌਲੀ ਸ਼ਹਿਰ ਨਾਲ ਰਾਬਤਾ ਵਧਣ ਲੱਗਿਆ। ਅਸੀਂ ਦੋ ਤਿੰਨ ਜਣੇ ਇਕੱਠੇ ਹੋ ਕੇ ਬਜ਼ਾਰ ਵਿੱਚੋਂ ਲੰਘਣ ਲੱਗੇ। ਬਜ਼ਾਰ ਦੇ ਦੋਹੀਂ ਪਾਸੀਂ ਦੁਕਾਨਾਂ ਦੀ ਰੌਣਕ ਦੇਖਦੇ, ਪੇਂਡੂ ਕਿਸਾਨ-ਮਜ਼ਦੂਰ ਹੈਰਾਨ ਟੱਡੀਆਂ ਅੱਖਾਂ ਨਾਲ ਸ਼ਹਿਰੀ ਮਰਦ ਔਰਤਾਂ ਨੂੰ ਦੇਖਦੇ, ਉਨ੍ਹਾਂ ਨੂੰ ਵਧੀਆ ਅਤੇ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਜਾਪਦੇ ਸਨ। ਅਸੀਂ ਪਿੰਡ ਆ ਕੇ ਉਨ੍ਹਾਂ ਦੁਕਾਨਾਂ ਅਤੇ ਲੋਕਾਂ ਦੀਆਂ ਗੱਲਾਂ ਕਰਦੇ। ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਅਨਜਾਣ ਅਸੀਂ ਅਕਸਰ ਉਨ੍ਹਾਂ ਦੀਆਂ ਤਾਰੀਫਾਂ ਹੀ ਕਰਦੇ। ਕਾਲਜ ਵਿੱਚ ਭਿਣਕ ਪੈਣ ਲੱਗੀ ਕਿ ਉਹ ਸਾਨੂੰ ਪੇਂਡੂਆਂ ਨੂੰ ਅੰਦਰੋਂ ਅੰਦਰੀ ਚੰਗਾ ਨਹੀਂ ਸਮਝਦੇ ਸਨ, ਭਾਵੇਂ ਅਸੀਂ ਪੜ੍ਹਾਈ ਵਿੱਚ ਉਨ੍ਹਾਂ ਨਾਲੋਂ ਬਿਹਤਰ ਹੀ ਸਿੱਧ ਹੁੰਦੇ। ਬੀਐੱ ਸੀ ਵਿੱਚੋਂ ਫਸਟ ਆ ਕੇ ਮੈਂ ਉਨ੍ਹਾਂ ਤੋਂ ਬਾਜ਼ੀ ਮਾਰ ਗਿਆ। ਸਾਡੇ ਕੱਪੜਿਆਂ ਵਿੱਚੋਂ ਉਨ੍ਹਾਂ ਨੂੰ ਬੂ ਆਉਂਦੀ। ਉਸ ਉਮਰੇ ਅੰਦਰਲੀ ਸੁਗੰਧ-ਦੁਰਗੰਧ ਨੂੰ ਜਾਣਨਾ ਤਾਂ ਰੱਬੀ ਰੂਹਾਂ ਦੇ ਹਿੱਸੇ ਹੀ ਆਉਂਦਾ ਹੈ।
ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਹੋਸਟਲ ਦਾ ਸੱਭਿਆਚਾਰ (1967) ਦੇਖਣ ਨੂੰ ਮਿਲਦਾ ਹੈ। ਪੇਂਡੂਆਂ ਦੀਆਂ ਵੱਖਰੀਆਂ ਢਾਣੀਆਂ ਬਣਦੀਆਂ ਹਨ, ਸ਼ਹਰੀਆਂ ਦੀਆਂ ਅਲੱਗ। ਪੇਂਡੂ ਸੁਭਾਅ ਸ਼ਹਿਰੀ ਕਲੋਲ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਪਹਿਲੀ ਅਪਰੈਲ 1968 ਨੂੰ ਵੀਸੀ ਦਾ ‘ਏਪ੍ਰਲ ਫੂਲ’ ਬਣਾਉਣ ਦੀ ਵਿਉਂਤਬੰਦੀ ਇਉਂ ਸੀ: ਜਗਰੂਪ ਸਿੰਘ ਮੁਖਬਰ, ਚਰਨ ਦਾਸ (ਯੂਪੀ ਤੋਂ) ਹੋਸਟਲ ਦਾ ਚਪੜਾਸੀ, ਰਾਮ ਸਿੰਘ ਬਾਸ ਅਤੇ ਹੋਰ ਚਾਰ ਡਾਂਗਾਂ ਵਾਲੇ ਨਾਸੀਂ ਧੂੰਆਂ ਲਿਆਉਣ ਵਾਲਿਆਂ ਦਾ ਰੋਲ ਅਦਾ ਕਰਨਗੇ। ਲੂਤੀਆਂ ਲਾ ਕੇ ਹੋਸਟਲ ਵਾਰਡਨ ਨੂੰ ਡਾਂਗ ਚੁੱਕਾ ਦਿੱਤੀ, ਉਹ ਸ਼ੋਹਲੇ ਫਿਲਮ ਦੇ ਮਸ਼ਹੂਰ ਜੇਲ੍ਹਰ (ਅਸਰਾਨੀ) ਵਾਂਗ ਦਹਾੜਦਾ ਹੈ, “ਮੇਰੇ ਹੁੰਦਿਆਂ ਏਨ੍ਹਾਂ ਬਦਮਾਸ਼ਾਂ ਦੀ ਇਹ ਹਿੰਮਤ ... ਕੁੜੀ ਲੈ ਆਉਣ ਹੋਸਟਲ ਵਿੱਚ ... ਦੇਖਦਾਂ ਵੱਡੇ ਸੂਰਮਿਆਂ ਨੂੰ।” ਉਸ ਨੂੰ ਬਾਸ ਸ਼ਾਂਤ ਕਰਦਾ ਹੈ। ਰਜਿਸਟਰਾਰ ਸਾਹਿਬ ਆਉਂਦੇ ਹੀ ਗਰਜੇ, “ਵਾਰਡਨ ਨੂੰ ਇਤਲਾਹ ਦੇਣ ਵਾਲਾ ਕੌਣ ਐ?” ਬਾਸ ਮੂਹਰੇ ਹੁੰਦਾ ਹੈ, ਉਸ ਨੂੰ ਖਦਸ਼ਾ ਹੈ ਕਿਤੇ ਮੈਂ ਡਰ ਨਾ ਜਾਵਾਂ। ਵੀਸੀ ਸਾਹਿਬ ਨੂੰ ਜਗਾ ਦਿੱਤਾ ਜਾਂਦਾ ਹੈ। ਉਹ ਸਿਆਣੀ ਸਲਾਹ ਦਿੰਦੇ ਹਨ, ਹੁਣ ਸੌਂ ਜਾਓ, ਸਵੇਰੇ ਦੇਖਾਂਗੇ। ਫੋਨ ਕੱਟ ਦਿੰਦੇ ਹਨ। ਕੁੜੀ ਵਾਲੇ ਡਰਾਮੇ ਦਾ ਅੰਤ ਨਾਟਕੀ ਢੰਗ ਨਾਲ ਕਰ ਦਿੱਤਾ ਜਾਂਦਾ ਹੈ। ਸਵੇਰੇ ਸਭ ਮੇਰਾ ਮੂੰਹ ਦੇਖਦੇ ਹੀ ਕਹਿੰਦੇ, “ਹੈਂ! ਓਏ ਤੂੰ ਸੀ?” ਇਹ ਮਿਲਵਰਤਨ ਵਿੱਚ ਵੱਡਾ ਸਬਕ ਸੀ। ਪੇਂਡੂ ਪੰਜਾਬੀ ‘ਖੋਏ ਦੀਆਂ ਪੀਪੀਆਂ ‘ਹੋਸਟਲ ਦੀਆਂ ਬਾਲਕੋਨੀਆਂ ਵਿੱਚੋਂ ਦੇਖਦੇ ਹੀ ਕਦਾੜੀਆਂ ਮਾਰਨ ਲੱਗਦੇ ... ਰਲਮਿਲ ਕੇ ਖਾਂਦੇ ... ਇੱਕੋ ਬੈਠਕ ਵਿੱਚ ਪੀਪੀ ਸਫ਼ਾਚੱਟ ਕਰ ਦਿੰਦੇ। ਕਿਸੇ ਨੂੰ ਕੋਈ ਗਿਲਾ ਨਾ ਹੁੰਦਾ। ਆੜੀਆਂ ਹੋਰ ਪੱਕੀਆਂ ਹੁੰਦੀਆਂ, ਜ਼ਿੰਦਗੀ ਦੇ ਸੁਪਨੇ ਸਾਂਝੇ ਕਰਦੇ।
ਗੁਆਂਢੀ ਸੂਬੇ ਤੋਂ ਆਏ ਪੇਂਡੂ ਮੁੰਡੇ ਉਵੇਂ ਗੁਆਚੇ-ਗੁਆਚੇ ਮਹਿਸੂਸ ਕਰਦੇ ਜਿਵੇਂ ਅਸੀਂ ਸ਼ਹਿਰ ਵਿੱਚ ਆਉਣ ਵੇਲੇ ਕਰਦੇ ਸੀ। ਹਰਿਆਣੇ ਦਾ ਇੱਕ ਪੇਂਡੂ ਜਾਟ, ਸ਼ਾਇਦ ਗੁਆਚਣ ਦੇ ਡਰੋਂ ਦੋਸਤ ਬਣ ਜਾਂਦਾ ਹੈ। ਦੂਸਰੇ ਸਾਲ ਜਾਤ ਦਾ ਸੱਪ ਦੋਸਤੀ ਨੂੰ ਡੰਗ ਜਾਂਦਾ ਹੈ। ਵੱਖ ਵੱਖ ਮਾਨਸਿਕਤਾਵਾਂ ਨਾਲ ਵਾਸਤਾ ਪੈਂਦਾ ਹੈ। ਜੱਟਵਾਦ ਭਾਰੂ ਹੋਣ ਦੀ ਕੋਸ਼ਿਸ਼ ਵਿੱਚ ਹੀ ਰਹਿੰਦਾ ਹੈ। ਮੇਰਾ ਪ੍ਰੈਕਟੀਕਲ ਜੋਟੀਦਾਰ ਜੱਟ ਭਾਈ, ਕਾਮਰੇਡੀ ਵਿੱਚ ਪੈਰ ਧਰਦਾ ਸੀ। ਕਾਮਰੇਡ ਸ਼ਹਿਰੀ ਜਮਾਤਣ ਤੇ ਜ਼ਬਰਦਸਤੀ ਹੱਕ ਜਮਾ ਕੇ ਪਤਾ ਨਹੀਂ ਕਿਹੜੀ ਕ੍ਰਾਂਤੀ ਲਿਆਉਣਾ ਚਾਹੁੰਦਾ ਸੀ। ਜਦੋਂ ਉਸ ਸ਼ਰੀਫ ਕੁੜੀ ਨੇ ਆਪਣੇ ਮਨ ਦੀ ਗੱਲ ਮੇਰੇ ਰਾਹੀਂ, ਮੈਨੂੰ ਉਸ ਦਾ ਦੋਸਤ ਸਮਝ ਕੇ ਉਸ ਤਾਈਂ ਪਹੁੰਚਾਈ ਤਾਂ ਗਰੀਬਾਂ ਦੇ ਹਮਦਰਦ ਕਾਮਰੇਡ ਸਾਹਿਬ ਮੇਰੇ ’ਤੇ ਹੀ ਵਰ੍ਹ ਪਏ! ਕਾਮਰੇਡੀ ਦਾ ਖ਼ੁਮਾਰ ਮੇਰੇ ਇੱਕ ਦੋਸਤ ਨੇ ਮੇਰੀ ਬੇਨਤੀ ’ਤੇ ਉਤਾਰ ਦਿੱਤਾ ਸੀ।
ਹੜਤਾਲ ਹੁੰਦੀ ਤਾਂ ਨਾਅਰੇ ਲਾਉਣ ਵੇਲੇ ਪੇਂਡੂਆਂ ਵਾਂਗ ਇੱਕ ਪ੍ਰੋਫੈਸਰ ਦੀ ਮਾਂ-ਭੈਣ ਇੱਕ ਕਰ ਦਿੱਤੀ ਜਾਂਦੀ। ਉਹੋ ਜਿਹੇ ਮੁੱਦੇ ਤੇ ਅੱਜ ਵੀ ਮੇਰੀ ਯੂਨੀਵਰਸਟੀ ਵਿੱਚ ਹੜਤਾਲ ਹੋਈ ਹੈ। ਜਾਪਦਾ ਹੈ, ਪੰਜਾਬ ਆਪਣਾ ਜਮਾਂਦਰੂ ਸੁਭਾ ਬਦਲਣਾ ਹੀ ਨਹੀਂ ਚਾਹੁੰਦਾ। ਅੱਜ ਦੇ ਨਾਅਰਿਆਂ ਦਾ ਸੰਗੀਤ ਕਿਸ ਸਾਜ਼ ’ਤੇ ਵੱਜਦਾ ਹੋਵੇਗਾ ਕਹਿ ਨਹੀਂ ਸਕਦਾ ਕਿਉਂਕਿ ਪੇਂਡੂ ਸੱਭਿਆਚਾਰ ਵਿੱਚ ਬਦਲਾਅ ਆ ਰਿਹਾ ਹੈ। ਕਸਬੇ ਸ਼ਹਿਰ ਬਣ ਚੁੱਕੇ ਹਨ।
ਪ੍ਰਾਈਵੇਟ ਕਾਲਜ ਦੇ ਪ੍ਰੋਫੈਸਰ ਹੋ ਗਏ। ਉੱਥੇ ਵੀ ਪੇਂਡੂ ਹੈਂਕੜਬਾਜ਼ੀ ਭਾਰੂ ਹੈ। ਚੜ੍ਹਦੀ ਜਵਾਨੀ ਦੀ ਉਮਰੇ ਹੀ ਗੰਭੀਰ ਸਮਝੇ ਜਾਂਦੇ ਕਿੱਤੇ ਨਾਲ ਜੁੜਿਆਂ ਵਿੱਚ ਨਾ ਉਹ ਸਿਆਣਪ ਸੀ ਅਤੇ ਨਾ ਹੀ ਗੰਭੀਰਤਾ ਸੀ। ਕਈ ਤਾਂ ਸਾਡੇ ਵਿੱਚੋਂ ਦਿਨੇ ਹੀ ‘ਘੁੱਟ ਲਾਉਣ’ ਅਤੇ ਬੁੱਲ੍ਹਾਂ ਵਿੱਚ ਜ਼ਰਦਾ ਰੱਖਣ ਨੂੰ ਮਾੜਾ ਨਹੀਂ ਸਮਝਦੇ ਸਨ। ਫਿਰ ਖਰੂਦ ਵੀ ਕਰਨਾ। ਸਾਡੇ ਇੱਕ ਮਿੱਤਰ ਦਾ ਦੋਸਤ ਤਾਂ ਉਸ ਨੂੰ ਇੱਥੋਂ ਤਕ ਕਹਿ ਛੱਡਦਾ, “ਬਈ ਜਿਸ ਦਿਨ ਮੈਂ ਆਵਾਂ, ਫਲਾਂ ਫਲਾਂ ਖਰੂਦੀ ਨਾ ਆਵੇ। ਇੱਕ ਪਾਸੇ ਖੁੱਲ੍ਹਾ ਪੰਜਾਬੀ ਸੁਭਾ ਸੀ ਤੇ ਦੂਸਰੇ ਪਾਸੇ ਸਵਾਰਥੀ ਬੁੱਧੀ ਆਪਣੇ ਆਰਾਮ ਦੀ ਤਲਾਸ਼ ਵਿੱਚ ਸੱਭਿਆਚਾਰ ਵਿੱਚ ਆਪਣਾ ਰੰਗ ਘੋਲਦੀ ਰਹਿੰਦੀ ਸੀ।
ਇੰਡੀਅਨ ਰੈਵਿਨਿਯੂ ਸਰਵਿਸ ਮੈਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਸੱਭਿਆਚਾਰ ਦਿਖਾਉਂਦੀ ਹੈ। ਪਹਿਲੀ ਤਾਇਨਾਤੀ ਉਸ ਵੇਲੇ ਦੇ ਹਿੰਦੋਸਤਾਨ ਦੇ ਮੰਨੇ-ਪ੍ਰਮੰਨੇ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਬੰਬੇ (ਹੁਣ ਮੁੰਬਈ) ਹੋ ਗਈ। ਫਰੰਟੀਅਰ ਮੇਲ ਤੋਂ ਉੱਤਰਦਿਆਂ ਹੀ ਡੌਰ ਭੌਰ, ਇੰਝ ਡਰ ਗਿਆ ਜਿਵੇਂ ਇਕੱਲਾ ਮੇਲੇ ਜਾਂਦਾ ਡਰਦਾ ਸੀ। ਭੀੜ ਹੀ ਭੀੜ, ਹਰ ਕਿਸੇ ਨੂੰ ਕਾਹਲੀ। ਸਾਰੇ ਲਟਕੇ ਚਿਹਰੇ ਲਈਂ ਤੁਰੇ ਜਾ ਰਹੇ ਸਨ। ਗੁਆਂਢੀ ਗੁਆਂਢੀ ਨਾਲ ਗੱਲ ਨਹੀਂ ਕਰਦਾ ... ਦਿਲ ਹੀ ਨਾ ਲੱਗੇ। ਅੰਦਰੋਂ ਚੀਖ ਨਿਕਲਦੀ, ਕਿੱਥੇ ਫਸ ਗਏ ਯਾਰ ਉੱਥੇ ਹਿ ਚੰਗੇ ਸੀ।
ਹੌਲੀ ਹੌਲੀ ਸ਼ਹਿਰ ਦੇ ਸੱਭਿਆਚਾਰ ਨਾਲ ਵਾਹ ਪੈਣ ਲੱਗਾ ਤਾਂ ਸੁਣਨ ਨੂੰ ਮਿਲਦਾ, “ਤੂੰ ਪੰਜਾਬੀ ਨਹੀਂ ਐਂ।” ਮੈਂ ਕਿਹਾ, “ਕਿਉਂ ਬਈ ਮੇਰੇ ਵਿੱਚ ਕੀ ਘਾਟ ਐ?” ਉਹ ਕਹਿਣ ਤੂੰ ਪੀ ਪੂ ਕੇ ਮਾੜਾ ਮੋਟਾ ਵੀ ਖਰੂਦ ਨੀਂ ਕਰਦਾ। ਹੁਣ ਮੈਂ ਕੀ ਸਮਝਾਂ? ਇੱਕ ਦਹਾਕੇ ਦੇ ਆਸ-ਪਾਸ ਇੱਥੇ ਰਹਿਣ ਤੋਂ ਬਾਅਦ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਸ਼ਹਿਰ ਵਿੱਚ ਦੇਸ਼ ਦੇ ਸਾਰੇ ਸੂਬਿਆਂ ਦੇ ਲੋਕ ਰਲਮਿਲ ਕੇ ਰਹਿ ਰਹੇ ਸਨ। ਆਪਣੇ ਕੰਮ ਨਾਲ ਮਤਲਬ ਸੀ, ਕੋਈ ਕਿਸੇ ਦੀ ਟੰਗ ਖਿੱਚਣ ਵਿੱਚ ਦਿਲਚਸਪੀ ਨਹੀਂ ਰੱਖਦਾ ਸੀ। ਭਰੇ ਬਜ਼ਾਰ ਵਿੱਚ ਮੌਜ ਮਸਤੀ ਦੇ ਅੱਡੇ, ਸਿਨਮੇ, ਬਾਜ਼ਾਰ, ਝੌਂਪੜੀਆਂ ਨਾਲ ਅਸਮਾਨ ਛੁੰਹਦੀਆਂ ਇਮਾਰਤਾਂ, ਗਰੀਬੀ ਦਾ ਅੰਤ ਨਹੀਂ, ਅਮੀਰੀ ਦਾ ਥਾਹ ਨਹੀਂ। ਸੈਲਾਨੀਆਂ ਦੇ ਤਾਂਤੇ, ਫਿਲਮਾਂ ਦੇ ਹੀਰੋ-ਹੀਰੋਇਨ, ਤਾਮਿਲ ਵਾਸੀ, ਕੇਰਲ ਵਾਸੀ, ਮਾਰਵਾੜੀ, ਗੁਜਰਾਤੀ, ਪੰਜਾਬੀਆਂ ਦਾ ਕੋਲੀਵਾੜਾ ... ਕੀ ਨਹੀਂ ਸੀ ਅਤੇ ਕੌਣ ਨਹੀਂ ਸੀ ... ਚੌਪਾਟੀ ਤੇ ਪਾਣੀ-ਪੂਰੀ, ਪਾਓ-ਭਾਜੀ,-ਵਟਾਟਾ ਵੜਾ ... ਪਰ ਕਦੇ ਕਦੇ ਮਰਾਠੀ ਲੋਕਾਂ ਤੇ ‘ਮੁੰਬਈ ਆਮਚੀ’ ਦਾ ਭੂਤ ਸਵਾਰ ਹੋ ਹੀ ਜਾਂਦਾ ਸੀ। ਇਸਦੇ ਬਾਵਜੂਦ ਵੀ ਇਸਦਾ ਕੌਸਮੋਪੋਲਿਟਨ ਸੱਭਿਆਚਾਰ ਹਰ ਮਨੁੱਖ ਦੀ ਮਾਨਸਿਕਤਾ ਵਿੱਚ ਕਾਫੀ ਬਦਲਾਅ ਲਿਆਉਂਦਾ ਸੀ। ਫਿਰ ਇਹ ਪੇਂਡੂ ਪੰਜਾਬੀ ਕਿਹੜੇ ਬਾਗ਼ ਦੀ ਮੂਲੀ ਸੀ। ਤੇਜ਼ ਰਫ਼ਤਾਰ ਜ਼ਿੰਦਗੀ ਦੀ ਇਹ ਮਿਸਾਲ ਜਿਵੇਂ ਬਾਕੀ ਭਾਰਤੀਆਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰ ਰਹੀ ਸੀ।
ਅਗਲੇ ਦਹਾਕੇ ਨੇ ਗੁਜਰਾਤੀ ਸੱਭਿਆਚਾਰ ਨਾਲ ਵਾਹ ਪਵਾਇਆ। ਇਸ ਪ੍ਰਾਂਤ ਦੇ ਸੌਰਾਸ਼ਟਰ ਹਿੱਸੇ ਦੇ ਸ਼ਹਿਰ ਭਾਵਨਗਰ ਵਿੱਚ ਗਿਆਰਾਂ ਮਹੀਨੇ ਗੁਜ਼ਾਰੇ। ਇੰਡੀਅਨ ਏਅਰਲਾਏਨਜ਼ ਦੀ ਬੰਬਈ-ਭਾਵਨਗਰ ਦੀ ਪੈਂਤੀ ਮਿੰਟ ਦੀ ਉਡਾਣ ਤੋਂ ਉੱਤਰਦਿਆਂ ਹੀ ਲੱਗਿਆ ਜਿਵੇਂ ਕਿਸੇ ਨੇ ਸਵਰਗ ਵਿੱਚੋਂ ਨਰਕ ਵਿੱਚ ਧੱਕਾ ਦੇ ਦਿੱਤਾ ਹੋਵੇ। ਜ਼ਿੰਦਗੀ ਦੀ ਰਫਤਾਰ ਇੱਕ ਦਮ ਮੱਠੀ ਪੈ ਗਈ। ਉੱਥੇ ਰਹਿ ਕੇ ਪਤਾ ਲੱਗਿਆ ਕਿ ਸਿੱਧੇ ਸਾਦੇ ਲੋਕ ਪੁਰਾਤਨਤਾ ਤੋਂ ਆਧੁਨਿਕਤਾ ਵੱਲ ਪੁਲਾਂਘ ਪੁੱਟ ਰਹੇ ਸਨ। ਜਦੋਂ ਗੁਆਂਢੀ ਬਾਜਰੇ ਦੀ ਰੋਟੀ ਨਾਲ ਰੇਂਗਣਾ (ਬੈਂਗਣ) ਖਾਣ ਨੂੰ ਕਹਿੰਦੇ ਤਦ ਅਜੀਬ ਲਗਦਾ। ਪੰਜਾਬ ਦਾ ਸਿਆਲ ਯਾਦ ਆਉਂਦਾ ਜਦੋਂ ਅਸੀਂ ਬਾਜਰੇ ਜਾਂ ਮੱਕੀ ਦੀ ਰੋਟੀ ਖਾਂਦੇ ਸੀ। ਪਹਿਲੀ ਵਾਰ ਪਤਾ ਲੱਗਿਆ ਕਿ ਪਤਨੀ ਪਤੀ ਦੇ ਨਾਂ ਨਾਲ ‘ਭਾਈ’ ਅਤੇ ਪਤੀ ਪਤਨੀ ਦੇ ਨਾਂ ਨਾਲ ‘ਬੇਨ’ (ਭੈਣ) ਲਗਾਉਂਦਾ ਸੀ। ਅਸੀਂ ਬੁੱਲ੍ਹਾਂ ’ਤੇ ਉਂਗਲ ਧਰ ਕੇ ਉਨ੍ਹਾਂ ਵੱਲ ਹੈਰਾਨ ਹੋ ਕੇ ਕਹਿੰਦੇ, ਕੀ ਬੋਲੀ ਜਾਂਦੇ ਨੇ ਇਹ! ਕੋਈ ਸੰਗ ਸ਼ਰਮ ਹੈ ਕਿ ਨਹੀਂ ... ਪਰ ਇਹ ਉਨ੍ਹਾਂ ਦਾ ਸਮਾਜਿਕ ਸਲੀਕਾ ਸੀ।
ਇੱਥੋਂ ਦੇ ਸੂਰਤ ਸ਼ਹਿਰ ਦਾ ਖਾਸਾ ਬੰਬਈ ਨਾਲ ਮਿਲਦਾ-ਜੁਲਦਾ ਸੀ। ਹੀਰਿਆਂ ਦੀ ਚਮਕ ਵਾਲਾ ਇਹ ਸ਼ਹਿਰ ਗੰਦ ਨਾਲ ਭਰਿਆ ਰਹਿੰਦਾ ਸੀ (1989)। ਇੱਕ ਖਾਸ ਕਿਸਮ ਦਾ ਮਲੇਰੀਆ (ਫਾਲਸੀਪੈਰਮ) ਹਰ ਬਰਸਾਤ ਮਗਰੋਂ ਕਹਿਰ ਢਾਹੁੰਦਾ। ਇੱਥੇ ਬਾਕਸਵਾਲਾ, ਪਾਨਵਾਲਾ, ਪਟਰੋਲਵਾਲਾ, ਕਬੂਤਰਵਾਲਾ, ਤਾਸ਼ਵਾਲਾ ... ਨਾਂ ਆਮ ਸਨ। ਸੂਰਤੀ ਲੋਕ ਖਾਣ-ਪੀਣ ਦੇ ਸ਼ੌਕੀਨ ਦੇਖੇ ਗਏ। ਕਹਾਵਤ ਮਸ਼ਹੂਰ ਸੀ ਕਿ ‘ਸੂਰਤ ਦਾ ਖੱਮਣ, ਬਨਾਰਸ ਕਾ ਜੰਮਣ।’ ਪੰਜਾਬੀ ਕੱਪੜੇ ਦੇ ਕਾਰੋਬਾਰ ਤੇ ਛਾ ਕੇ ਓਹੀ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ ...। ਪਾਰਸੀ ਬਾਵਾ ਵੀ ਕਾਫੀ ਸਨ। ਬੰਬਈ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਸੀ।
ਇੱਥੋਂ ਦੇ ਸ਼ਹਿਰ ਬੜੌਦਾ ਚਾਰ ਕੁ ਸਾਲ ਰਹੇ। ਇੱਥੇ ਹਿੰਦੂ-ਮੁਸਲਿਮ ਫ਼ਸਾਦ ਅਕਸਰ ਹੁੰਦੇ ਹੀ ਰਹਿੰਦੇ ਸਨ। ਜਿੰਨਾ ਸੂਰਤ ਗੰਦਾ ਓਨਾ ਹੀ ਬੜੌਦਾ ਸਾਫ਼। ਇੱਥੋਂ ਦਾ ਗੁਜਰਾਤੀ ‘ਗਰਬਾ’ ‘ਨਰਾਤਿਆਂ ਦੇ ਦਿਨੀਂ ਦੇਖਣ ਵਾਲਾ ਨਜ਼ਾਰਾ ਹੁੰਦਾ ਸੀ। ਰੰਗ ਬਰੰਗੀਆਂ ਪੁਸ਼ਾਕਾਂ ਵਿੱਚ ਸਜੇ ਜਵਾਨ, ਬੁੱਢੇ, ਔਰਤਾਂ-ਮਰਦ ਜਦੋਂ ਡਾਂਡੀਆ ਰਾਸ ਕਰਦੇ ਤਾਂ ਲਗਦਾ ਇਹ ਕ੍ਰਿਸ਼ਨ-ਲੀਲਾ ਦਾ ਅਸਲੀ ਰੂਪ ਸੀ। ਭੰਗੜੇ ਵਾਂਗ ਗਰਬੇ ਉੱਤੇ ਮਰਦ-ਗਲਬਾ ਨਹੀਂ ਸੀ। ਮੁੰਡੇ-ਕੁੜੀਆਂ ਬਰਾਬਰ ਦੇ ਹਿੱਸੇਦਾਰ ਸਨ। ਮਕਰ ਸਕਰਾਂਤੀ ਤੋਂ ਬਾਅਦ ਪਤੰਗ ਅਸਮਾਨ ਨੂੰ ਰੰਗ-ਬਰੰਗਾ ਕਰ ਦਿੰਦੇ। ਮਰਾਠੀ ਮਾਨਸ ਦਾ ਸੱਭਿਆਚਾਰ ਤੇ ਕਾਫੀ ਪ੍ਰਭਾਵ ਸੀ। ਕੁੱਲ ਮਿਲਾ ਕੇ ਮਿਲਗੋਭਾ ਸੀ। ਖੁੱਲ੍ਹਾ ਵਾਤਾਵਰਣ ਸੀ।
ਵੀਹ ਸਾਲ ਬਾਅਦ ਮੈਂ ਪੰਜਾਬ ਆਇਆ। ਇਵੇਂ ਲੱਗਿਆ ਜਿਵੇਂ ਸਭ ਕੁਝ ਬਦਲ ਗਿਆ ਹੁੰਦਾ ਹੈ। ਮੇਰੇ ਅੰਦਰ ਆਏ ਬਦਲਾਅ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਮਹਿਕਮੇ ਦੇ ਕਾਰਕੁਨ ਉਮੀਦ ਕਰਦੇ ਹਨ ਕਿ ‘ਸਾਹਬ, ਸਾਹਬਾਂ ਵਾਂਗ ਹੋਵੇ ...।” ਜੋ ਸਾਹਿਬ ਕਹੇ ਉਹ ਕਾਨੂੰਨ, ਕਾਨੂੰਨ ਕੀ ਕਹਿੰਦਾ ਹੈ, ਕੋਈ ਮਤਲਬ ਨਹੀਂ। ਢੱਠਾ ਵੱਗ ਤੋਂ ਬਿਨਾਂ ਵੀ ਔਖਾ ਹੀ ਹੁੰਦਾ ਹੈ, ਵਰਗਾ ਹਾਲ ਹੋ ਗਿਆ ਸੀ। ... ਆਉਂਦੇ ਹੀ ਖੜਕ ਗਈ।
ਮੈਂਨੂੰ ਉਸ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ ਜਿਸਦੇ ਸ਼ਹਿਰਾਂ ਨੂੰ ਸਕੂਲ ਵੇਲੇ ਨਕਸ਼ੇ ’ਤੇ ਨਾ ਲੱਭੇ ਜਾਣ ਕਰਕੇ ਹੱਥ ’ਤੇ ਡੰਡੇ ਖਾਣੇ ਪੈਂਦੇ ਸਨ। ਚਿਰਾਪੂੰਜੀ, ਜਿੱਥੇ ਦੁਨੀਆਂ ਦੀ ਸਭ ਤੋਂ ਵੱਧ ਬਾਰਸ ਹੁੰਦੀ ਸੀ, ਬੜੀ ਮੁਸ਼ਕਿਲ ਲੱਭਦਾ ਸੀ। ਇਹ ਇਲਾਕਾ ‘ਗੜਬੜੀ ਵਾਲਾ’ ਘੋਸ਼ਿਤ ਚੱਲ ਰਿਹਾ ਸੀ। ਜੁਆਇੰਨ ਕਰਨ ਲਈ ਜਹਾਜ਼ ਤੋਂ ਉੱਤਰ ਕੇ ਹੋਟਲ ਵੱਲ ਜਾ ਹੀ ਰਹੇ ਸੀ ਕਿ ਮੈਨੂੰ ਲੈਣ ਆਏ ਅਫਸਰ ਨੇ ਉਹ ਲਫ਼ਜ਼ ਕਹੇ, ਜਿਨ੍ਹਾਂ ਨੂੰ ਸੁਣਦੇ ਹੀ ਮੇਰਾ ਅੰਦਰ ਖੌਲ ਗਿਆ। ਮੈਂ ਉਨ੍ਹਾਂ ਲਫਜ਼ਾਂ ਨੂੰ ਇਸ ਵਾਰਤਕ ਦੀ ਆਖਰੀ ਲਾਈਨ ਲਈ ਰਾਖਵਾਂ ਰੱਖ ਰਿਹਾ ਹਾਂ। ਜਿਹੜਾ ਵੀ ਇੱਥੇ ਦੇਸ਼ ਦੇ ਦੂਸਰੇ ਹਿੱਸੇ ਵਿੱਚੋਂ ਨੌਕਰੀ ਜਾ ਕੰਮ ਕਰਨ ਲਈ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ‘ਕਮਾਖਿਆ ਮਾਤਾ ‘ਦੇ ਮੰਦਰ ਮੱਥਾ ਟੇਕਣ ਲਈ ਕਿਹਾ ਜਾਂਦਾ ਹੈ-- ਇਹ ਪ੍ਰਥਾ ਹੈ ਜੀ, ਬ੍ਰਹਮਪੁੱਤਰ ਨੂੰ ਤਿੰਨ ਵਾਰ ਕਰਾਸ ਕਰਨਾ ਹੀ ਪੈਂਦਾ ਹੈ। ਮੱਥਾ ਟੇਕ ਕੇ ਡਿਊਟੀ ਸ਼ੁਰੂ ਕਰਦਾ ਹਾਂ। ਚਪੜਾਸੀ ਨਾ ਨਮਸਤੇ ਕਰੇ ਅਤੇ ਨਾ ਦਰਵਾਜਾ ਖੋਲ੍ਹੇ, ਬੱਸ ਮੂੰਹ ਚੁੱਕ ਕੇ ਮੇਰੇ ਵੱਲ ਦੇਖਦਾ ਰਹੇ, ਕੋਈ ਸਟਾਫ ਵੀ ਨਮਸਤੇ ਨਹੀਂ ਕਰਦਾ ...।
ਥੋੜ੍ਹੇ ਦਿਨ ਲੰਘੇ ਤਾਂ ਦੇਖਿਆ ਕਿ ਕੋਈ ਵੀ ਰਿਹਾਇਸ਼ ਲੱਭਣ ਵਿੱਚ ਮਦਦ ਨਹੀਂ ਸੀ ਕਰ ਰਿਹਾ। ਇੱਕ ਪੰਜਾਬਣ ਮਾਤਹਿਤ ਛੁੱਟੀ ਤੋਂ ਆ ਕੇ ਉੱਥੋਂ ਦੇ ਸਮਾਜਿਕ ਤਾਣੇ-ਬਾਣੇ ਬਾਰੇ ਸਮਝਾਉਣ ਲੱਗੀ। ਉਸੇ ਨੇ ਕਲੋਨੀ ਵਿਖੇ ਰਹਿਣ ਦਾ ਇੰਤਜ਼ਾਮ ਕਰਵਾਇਆ। ਚੰਡੀਗੜ੍ਹ ਰਹਿ ਚੁੱਕਿਆ ਇੱਕ ਬੰਗਾਲੀ ਸਾਹਿਬ ਬਾਸ ਬਣ ਗਿਆ। ਇੱਕ ਦਿਨ ਉਹ ਪੁੱਛਦ ਲੱਗਾ, ਇਹ ਲੋਕ ਕਿਵੇਂ ਪੇਸ਼ ਆਉਂਦੇ ਹਨ?” ਮੈਂ ਹੱਥ ਦੇ ਇਸ਼ਾਰੇ ਨਾਲ ਦੱਸਿਆ ਕਿ ਦੂਰ ਰਹੋ, ਦੂਰ ਰਹੋ ਦਾ ਰਟ ਫੜਿਆ ਲਗਦਾ ਹੈ, ਇਹ ਪੰਜਾਬੀਆਂ ਦੀ ਤਰ੍ਹਾਂ ਨਹੀਂ ਜਿਹੜੇ ਹਰ ਅਜਨਬੀ ਨੂੰ ਗੱਲ ਲਾ ਲੈਂਦੇ ਹਨ। ਕੁਝ ਦੇਰ ਬਾਅਦ ਉਹ ਵੀ ਬੰਗਾਲੀ-ਅਸਾਮੀ ਵਿਚਲੇ ਟਕਰਾਅ ਦਾ ਸ਼ਿਕਾਰ ਹੋ ਕੇ ਕਿਨਾਰਾ ਕਰਨ ਲੱਗਿਆ। ਉਹ ਸ਼ਖ਼ਸ ਪੰਜਾਬੀਆਂ ਦਾ ਰਿਣੀ ਰਿਹਾ ਕਿ ਉਸ ਨੇ ਮੇਰੇ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਵਿਭਾਗੀ ਲਾਇਬ੍ਰੇਰੀ ਵਿੱਚ ਰਖਵਾਇਆ। ਸਾਨੂੰ ਦੋ ਤਿੰਨ ਪੰਜਾਬੀ ਅਫਸਰਾਂ ਨੂੰ ਉਹ ਖਾਸ ਅਹਿਮੀਅਤ ਨਹੀਂ ਦਿੰਦੇ ਸਨ, ਇੱਥੋਂ ਤਕ ਕਿ ਉਨ੍ਹਾਂ ਮੀਟਿੰਗਾਂ ਵਿੱਚ ‘ਜਗਰੂਪ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਉਸੇ ਸੱਭਿਆਚਾਰ ਦਾ ਮਹਿਕਮੇ ਦਾ ਚੇਅਰਮੈਨ ਜਨਤਕ ਤੌਰ ’ਤੇ ਸਾਡੀ ਬਦਲੀ ਦਾ ਐਲਾਨ ਕਰ ਗਿਆ ਪਰ ਭਾਈ ਨੇ ਕੀਤਾ ਕੁਝ ਨਾ। ਇਹ ਭੀ ਕਹਿ ਗਿਆ ਕਿ ਦਿੱਲੀ ਆ ਕੇ ਮਿਲਿਓ --- ਘਰ ਮਿਲਣ ਗਿਆ ਤਾਂ ਘੰਟਾ ਬਾਹਰ ਬਿਠਾਈ ਰੱਖਿਆ, ਪਾਣੀ ਤਕ ਨਾ ਪੁੱਛਿਆ, ਉਹ ਵੀ ਉਸ ਮਹੀਨੇ ਜਦੋਂ ਅਸੀਂ ਪੂਰੇ ਦੇਸ਼ ਵਿੱਚ ਛਬੀਲਾਂ ਲਾਉਂਦੇ ਹਾਂ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਦੱਖਣ ਦਿਸ਼ਾ ਵਿੱਚ ਸਥਿਤ ਕਰਨਾਟਕ ਪ੍ਰਾਂਤ ਦੇ ਬਾਸ (ਸ਼੍ਰੀ ਐੱਨ ਪੀ ਭਟ) ਨੇ ਮੇਰੀ ਤਕਲੀਫ ਸੁਣ ਕੇ ਬਿਨਾਂ ਵਾਅਦਾ ਕੀਤੇ ਮੇਰੀ ਬਦਲੀ ਭਾਵਨਗਰ ਤੋਂ ਸੂਰਤ ਕਰ ਦਿੱਤੀ ਸੀ। ਇਸ ਵਿੱਚੋਂ ਪਾਰਖੂ ਅੱਖ ਉਸ ਪ੍ਰਾਂਤ ਦੇ ਸੱਭਿਆਚਾਰ ਦੀ ਝਲਕ ਦੇਖ ਲਵੇਗੀ। ਜਿੱਥੇ ਵਿਸਾਖੀ ਮੌਕੇ ਚਾਹ ਦੇ ਬਾਗ਼ਾਂ ਵਿੱਚ ਔਰਤਾਂ ਦਾ ‘ਬਿਹੂ ਨਾਚ ‘ਅਸਾਮੀ ਸੱਭਿਆਚਾਰ ਨੂੰ ਰੰਗੀਲਾ ਬਣਾਉਂਦਾ ਹੈ, ਉੱਥੇ ਇਨ੍ਹਾਂ ਦਾ ਛਿੱਕ ਮਾਰਦੇ ਹੀ ‘ਬੰਧ’ ਕਰ ਦੇਣਾ ਰੰਗ ਵਿੱਚ ਭੰਗ ਪਾਉਂਦਾ ਦੇਖਿਆ ਗਿਆ। ਅਸਾਮੀਆਂ ਦਾ ‘ਲਾਹੇ ਲਾਹੇ’ ਭਾਵ ਹੌਲੀ ਹੌਲੀ ਕੰਮ ਕਰਨਾ ਖਿਝਾਉਂਦਾ ਵੀ ਸੀ, ਭਾਉਂਦਾ ਵੀ ਸੀ।
ਗੁਆਂਢ ਦੇ ਪ੍ਰਾਂਤ ਨਾਗਾਲੈਂਡ ਜਾਣ ਦਾ ਵੀ ਸਬੱਬ ਬਣਦਾ ਰਿਹਾ। ਉੱਥੋਂ ਦੇ ਸੱਭਿਆਚਾਰ ਦੀ ਝਲਕ ਇੱਕ ਆਈ ਏ ਐੱਸ ਅਫਸਰ ਦੀ ਪਤਨੀ ਦੇ ਹੰਝੂਆਂ ਵਿੱਚੋਂ ਦੇਖੀ ਜਾ ਸਕਦੀ ਹੈ। ਰਾਜਧਾਨੀ ਕੋਹਿਮਾ ਵਿੱਚ ਉਨ੍ਹਾਂ ਦੇ ਘਰ ਚਾਹ ’ਤੇ ਉਹ ਕਹਿਣ ਲੱਗੀ, “ਭਾਈ ਸਾਹਿਬ ਇਹ ‘ਪਾਣੀ ਸਕੱਤਰ’ ਹਨ ਪਰ ਸਾਨੂੰ ਹੀ ਪਾਣੀ ਨਹੀਂ ਮਿਲਦਾ ... ਅਸੀਂ ਤਾਂ ਇਹ ਕਾਡਰ ਮਿਲਣ ’ਤੇ ਸਮਝਦੇ ਹਾਂ ਕਿ ਰੱਬ ਨੇ ਸਾਨੂੰ ਜਿਉਂਦੇ ਜੀ ਨਰਕ ਵਿੱਚ ਸੁੱਟ ਦਿੱਤਾ ਹੈ। ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ।
ਇੱਕ ਵਾਰ ਗੁਹਾਟੀ ਤੋਂ ਨਵੀਂ ਦਿੱਲੀ ਤਕ ਰੇਲਵੇ ਸਫ਼ਰ ਦੌਰਾਨ ਨਾਗਾਲੈਂਡ ਦੇ ਇੱਕ ਵਫਦ ਨਾਲ ਸਫ਼ਰ ਕਰਨ ਦਾ ਮੌਕਾ ਮੇਲ ਬਣ ਗਿਆ। ਪੂਰੇ ਸਫ਼ਰ ਦੌਰਾਨ ਉਨ੍ਹਾਂ ਦੇ ਸਹਿਕਾਰੀ ਮਹਿਕਮੇ ਦੇ ਮੰਤਰੀ ਸਾਹਿਬ ਬੜੇ ਅਦਬ ਨਾਲ ਪੇਸ਼ ਆਏ। ਸਾਨੂੰ ਆਪਣੇ ਨਾਲ ‘ਖਾਣ-ਪੀਣ’ ਲਈ ਜ਼ਿਦ ਕੀਤੀ, ਉਹ ਰੌਣਕ ਲਾਈ ਕਿ ਸਫ਼ਰ ਯਾਦਗਾਰੀ ਹੋ ਨਿੱਬੜਿਆ ਸੀ।
ਕਾਰਨ ਭਾਵੇਂ ਰਾਜਨੀਤਕ ਵੀ ਕਿਉਂ ਨਾ ਹੋਣ, ਲੋਕਾਂ ਦਾ ਇੱਕ ਦੂਸਰੇ ਪ੍ਰਾਂਤ ਦੇ ਲੋਕਾਂ ਪ੍ਰਤੀ ਵਤੀਰਾ ਹੀ ਉਨ੍ਹਾਂ ਦੇ ਸੱਭਿਆਚਾਰ ਦਾ ਸ਼ੀਸ਼ਾ ਮੰਨਿਆ ਜਾਵੇਗਾ। ਸਾਡੇ ਦੇਸ਼ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਦਾ ਅੰਦਾਜ਼ਾ ਇਸ ਤੋਂ ਵੀ ਲਾ ਸਕਦੇ ਹਾਂ ਕਿ ਰਾਸ਼ਟਰ-ਭਾਸ਼ਾ (ਹਿੰਦੀ) ਦਾ ਇੱਕ ਅੱਖਰ ਵੀ ਕਿਸੇ ਫਾਈਲ ’ਤੇ ਨਹੀਂ ਦੇਖਿਆ ਜਦੋਂ ਕਿ ਰਿਪੋਰਟ ਸੌ ਫੀਸਦੀ ਹਿੰਦੀ ਵਿੱਚ ਕੰਮ ਕਰਨ ਦੀ ਹੁੰਦੀ। ਮੇਘਾਲਿਆ ਵਿੱਚ ਵੀ ਜਦੋਂ ਕਦੀ ਸਰਦਾਰ ਦੀ ਲਾਲ ਬੱਤੀ ਵਾਲੀ ਗੱਡੀ ਜਾਂਦੀ ਤਾਂ ਘੂਰਦੀਆਂ ਅੱਖਾਂ ਦਾ ਸਾਹਮਣਾ ਹੀ ਕਰਦੀ। ਇਸ ਗੰਧਲਚੌਦੇ ਬਾਰੇ ਕੀ ਕਹੀਏ?
ਮੇਰਾ ਨਜ਼ਰੀਆ ਵਕਤੀ ਅਨੁਭਵ ’ਤੇ ਅਧਾਰਿਤ ਹੈ ਅਤੇ ਮੇਰੇ ਨਿੱਜੀ ਵਿਚਾਰਾਂ ਦਾ ਇਸ ਮੁਲਾਂਕਣ ਵਿੱਚ ਘੁਸ ਜਾਣਾ ਕੁਦਰਤੀ ਹੈ। ਕਿਸੇ ਵੀ ਸੱਭਿਆਚਾਰ ਨੂੰ ਭੰਡਣਾ ਸੱਭਿਅਕ ਨਹੀਂ ਕਿਹਾ ਜਾ ਸਕਦਾ। ਹਰ ਸੱਭਿਆਚਾਰ ਵਿੱਚ ਕੋਈ ਨਾ ਕੋਈ ਅਨੋਖਾਪਨ ਜ਼ਰੂਰ ਹੁੰਦਾ ਹੈ। ਹਰ ਸੱਭਿਅਤਾ ਵਿੱਚ ਮਨੁੱਖੀ ਸੋਚ ਦੇ ਕੰਵਲ ਖਿਲਦੇ ਹਨ ਪਰ ਜਦੋਂ ਸੱਭਿਆਚਾਰ ਵਾਲੇ ਬਾਸ਼ਿੰਦੇ ਹੀ ਬਾਹਰੋਂ ਆਉਣ ਵਾਲੇ ਨੂੰ ਪਹਿਲੀ ਮਿਲਣੀ ’ਤੇ ਹੀ, ਉਹ ਵੀ ਆਪਣਾ ਬੋਰੀਆ ਬਿਸਤਰਾ ਟਿਕਾਣੇ ਲਾਉਣ ਤੋਂ ਪਹਿਲਾਂ ਹੀ ਇਹ ਕਹਿਣ, “ਸਰ ਪਲੀਜ਼! ਵਾਪਸ ਜਾ ਕੇ ਸਾਡੇ ਸੱਭਿਆਚਾਰ ਨੂੰ ਭੰਡਿਓ ਨਾ।” ਅੰਦਾਜ਼ਾ ਲਾਓ ਕਿ ਅਜਿਹੇ ਸੱਭਿਆਚਾਰ ਨੂੰ ਵਡਿਆਉਣ ਲਈ ਇੱਕ ਪੇਂਡੂ ਗਰੀਬੜਾ ਆਪਣਾ ਜਿਗਰਾ ਕਿੰਨਾ ਕੁ ਵੱਡਾ ਕਰ ਸਕਦਾ ਹੈ। ਖ਼ੈਰ ਉਸ ਸ਼ਖਸ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਵੀ ਮੇਰੇ ਵਾਂਗ ਆਪਣੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦਾ ਸੀ। ਇਹ ਪਿਆਰ ਉਸਦੀਆਂ ਅੱਖਾਂ ਵਿੱਚੋਂ ਇਹ ਲਫਜ਼ ਕਹਿਣ ਵੇਲੇ ਝਲਕਦਾ ਸੀ, “ਸਰ ਪਲੀਜ਼! ਵਾਪਸ ਜਾ ਕੇ ਸਾਡੇ ਸੱਭਿਆਚਾਰ ਨੂੰ ਭੰਡਿਓ ਨਾ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4299)
(ਸਰੋਕਾਰ ਨਾਲ ਸੰਪਰਕ ਲਈ: (