JagroopSingh3ਮੈਂ ਕਿਹਾ, “ਲਿਫ਼ਾਫ਼ਾ ਖੋਲ੍ਹੋ ਅਤੇ ਜੇਕਰ ਉਹ ਕਮੇਟੀ ਦੇ ਪੈਮਾਨੇ ਮੁਤਾਬਿਕ ਤਰੱਕੀਯਾਫਤਾ ਹੈ ਤਾਂ ...
(28 ਅਕਤੂਬਰ 2025)

 

ਮਨੁੱਖੀ ਜੀਵਨ ਵਿੱਚ ਉਤਰਾਅ-ਚੜ੍ਹਾਅ ਆਉਣਾ ਕੁਦਰਤੀ ਹੈl ਗਮ ਤੋਂ ਉਪਜੀ ਪੀੜ ਸਿਰਫ ਉਹੀ ਮਨੁੱਖ ਜਾਣਦਾ ਹੈ ਜਿਸਦੇ ਜੀਵਨ ਵਿੱਚ ਗਮਗੀਨ ਘਟਨਾ ਵਾਪਰਦੀ ਹੈl ਭਾਵੇਂ ਸਮਾਜਿਕ ਵਾਤਾਵਰਣ ਸਾਂਝਾ ਵੀ ਹੋਵੇ ਤਦ ਵੀ ਉਸ ਪੀੜ ਅੰਦਰ ਛੁਪੇ ਅਹਿਸਾਸ ਦਾ ਅੰਦਾਜ਼ਾ ਦੂਸਰਾ ਵਿਅਕਤੀ ਨਹੀਂ ਲਾ ਸਕਦਾl ਨਿੱਜੀ ਪੀੜ ਦੇ ਬੀਜ ਕਿੱਥੇ ਤੇ ਕਿਵੇਂ ਉਪਜਦੇ ਹਨ, ਦੂਸਰੇ ਦੀ ਸਮਝ ਤੋਂ ਬਾਹਰ ਹੁੰਦੇ ਹਨl ਦੂਸਰੇ ਦੇ ਘਰ ਲੱਗੇ ਤਾਂ ਬੈਸੰਤਰ, ਆਪਣੇ ਲੱਗੇ ਤਾਂ ਅੱਗl ਉਹੀ ਤਨ ਅਤੇ ਮਨ ਜਾਣਦੇ ਹਨ ਜਿਸ ਵਿਅਕਤੀ ਤੇ ਗੁਜ਼ਰਦੀ ਹੈl

ਹਰਿਆਣਾ ਦੇ ਪੁਲਿਸ ਵਿਭਾਗ ਵਿੱਚ ਹੋ ਰਹੀਆਂ ਆਤਮ-ਹੱਤਿਆਵਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਅਤੇ ਕੌਮੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹਨl ਸਭ ਤੋਂ ਵੱਧ ਚਰਚਾ ਦਾ ਵਿਸ਼ਾ ਵਾਈ ਪੂਰਨ ਕੁਮਾਰ ਆਈ ਪੀ ਐੱਸ ਦੀ ਕਥਿਤ ਆਤਮ ਹੱਤਿਆ ਹੈl ਉਸਨੇ ਆਪਣੇ ਆਤਮਹਾਤੀ ਨੋਟ, ਜਿਸ ਨੂੰ ‘ਆਖਰੀ ਨੋਟ’ ਵੀ ਕਿਹਾ ਗਿਆ ਹੈ, ਵਿੱਚ ਉੱਚ ਜਾਤੀ ਦੀ ਅਫਸਰਸ਼ਾਹੀ ਤੇ ਦੋਸ਼ ਲਾਏ ਹਨ ਕਿ ਉਸ ਨਾਲ ਜਾਤੀ ਵਿਕਤਰਾ ਕੀਤਾ ਜਾਂਦਾ ਸੀl ਉਸਦੀ ਆਤਮਹੱਤਿਆ ਤੋਂ ਪੈਦਾ ਹੋਏ ਹਾਲਾਤ ਦੀ ਪੀੜ ਉਸਦਾ ਪਰਿਵਾਰ ਹੀ ਸਮਝ ਸਕਦਾ ਹੈl ਉਸਦੀ ਆਤਮਹੱਤਿਆ ਤੋਂ ਬਾਅਦ ਹੋਏ ਅੰਦੋਲਨ, ਮੁਜ਼ਾਹਰੇ ਇਹ ਵੀ ਦੱਸਦੇ ਹਨ ਕਿ ਉਹ ਸਮਾਜ ਦੇ ਅਜਿਹੇ ਤਬਕੇ ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਸਦੀਆਂ ਤੋਂ ਨੀਚ ਜਾਤ ਕਹਿ ਕੇ ਦੁਰਕਾਰਿਆ ਗਿਆ ਹੈl ਉਸ ਨਾਲ ਸਮਾਜ ਦੇ ਅਜਿਹੇ ਹਿੱਸੇ ਦੀ ਹਮਦਰਦੀ ਹੋਣਾ ਕੁਦਰਤੀ ਹੈl ਉਸ ਨਾਲ ਵਿਕਤਰਾ ਹੋਇਆ ਕਿ ਨਹੀਂ, ਜਾਂਚ ਦਾ ਵਿਸ਼ਾ ਹੈ, ਸਰਕਾਰ ਨੇ ਜਾਂਚ ਲਈ ਸਿੱਟ ਕਾਇਮ ਕਰ ਦਿੱਤੀ ਹੈl ਵਾਈ ਪੂਰਨ ਕੁਮਾਰ ਨਾਲ ਹੋਏ ਵਿਕਤਰੇ ਨੂੰ ਦਲਿਤ ਹੀ ਸਮਝ ਸਕਦੇ ਹਨl ਜਿਸ ਨਾਲ ਕਦੇ ਜਾਤੀ ਵਿਕਤਰਾ ਹੋਇਆ ਹੀ ਨਹੀਂ, ਉਹ ਨਹੀਂ ਸਮਝ ਸਕਦਾl ਆਪਣੇ ਆਪ ਨੂੰ ਉੱਚ ਸਮਝਦਾ ਮਨੁੱਖ ਹੀ ਤਾਂ ਵਿਕਤਰਾ ਕਰਦਾ ਹੈl

ਇਨ੍ਹਾਂ ਹੱਤਿਆਵਾਂ ਨੇ ਸਮਾਜ ਨੂੰ ਝੰਜੋੜਿਆ ਜਾਂ ਨਹੀਂ ਪਰ ਸਿਆਸੀ ਅਤੇ ਬੌਧਿਕ ਹਲਕਿਆਂ ਵਿੱਚ ਤਰਥੱਲੀ ਮਚਾਈ ਹੈl ਸਵਰਾਜ ਇੰਡੀਆ (Swaraj India) ਦੇ ਮੈਂਬਰ ਅਤੇ ਭਾਰਤ ਜੋੜੋ ਅਭਿਆਨ (Bharat Jodo Abhiyan) ਦੇ ਕੌਮੀ ਕਨਵੀਨਰ ਯੋਗੇਂਦਰ ਯਾਦਵ (Yogendra Yadav) ਨੇ 14 ਅਕਤੂਬਰ 2025 ਦੇ ਇੰਡੀਅਨ ਐਕਸਪ੍ਰੈੱਸ ਵਿੱਚ ਵਿਚਾਰ-ਵਟਾਂਦਰਾ ਪੰਨਾ ਤੇ “Let me tell you a gur-chana story-- ਮੈਨੂੰ ਗੁੜ-ਚਨਾ ਕਹਾਣੀ ਸੁਣਾਉਣ ਦਿਓਲੇਖ ਲਿਖਿਆl ਉਹ ਲਿਖਦੇ ਹਨ:

ਮੈਂ ਇੱਕ ਹੁਸ਼ਿਆਰ ਅਤੇ ਬੜ-ਬੋਲੇ ਦਲਿਤ ਵਿਦਿਆਰਥੀ ਨੂੰ ਜਾਣਦਾ ਹਾਂ ਜਿਹੜਾ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਅਫਸਰ ਤਾਇਨਾਤ ਹੋ ਗਿਆ ਹੈl ਉਸਨੇ ਆਪਣੇ ਤੋਂ ਜ਼ਰਾ ਉੱਚ ਸਮਾਜਿਕ ਰੁਤਬੇ ਵਾਲੇ ਪਰਿਵਾਰ ਵਿੱਚ ਸ਼ਾਦੀ ਕਰ ਲਈ ਹੈ ਅਤੇ ਉਸਦੀ ਪਤਨੀ ‘ਐੱਸ ਸੀਬਿੱਲੇ ਨੂੰ ਉਤਾਰ ਕੇ ਅਫਸਰੀ ਠਾਠ-ਬਾਠ ਵਾਲੇ ਸਮਾਜ ਵਿੱਚ ਵਿਚਰਨ ਦੀ ਤੀਬਰ ਇੱਛਾ ਰੱਖਦੀ ਸੀl ਸ਼ਾਇਦ ਉਹ ਆਪ ਵੀ ਅਜਿਹਾ ਹੀ ਚਾਹੁੰਦਾ ਸੀl ਜਦੋਂ ਕਈ ਸਾਲ ਬਾਅਦ ਉਨ੍ਹਾਂ ਨੂੰ ਮਿਲਣ ਗਿਆ ਤਾਂ ਇਸ ਤੋਂ ਪਹਿਲਾਂ ਕਿ ਮੈਂ ਉਸ ਉੱਤੇ ਚੜ੍ਹੇ ਪਾਣ ’ਤੇ ਟਿੱਪਣੀ ਕਰਦਾ ਉਹ ਆਪ ਹੀ ਸ਼ਰਮਿੰਦਾ ਜਿਹਾ ਹੁੰਦਾ ਬੋਲ ਪਿਆ ‘ਸਮਝੌਤਾ ਕਰ ਲਿਆ ਸਰ’l

ਹਾਲਾਤ ਨਾਲ ਸਮਝੌਤਾ ਕਰਨ, ਇੱਕ ਦੂਜੇ ਨਾਲ ਘੁਲ-ਮਿਲ ਜਾਣ ਅਤੇ ਤਾਬੇਦਾਰੀ ਕਬੂਲਣ ਤੋਂ ਲੈਕੇ ਹੋਰ ‘ਕੁਝ ਵੀ’ ਕਰ ਗੁਜ਼ਰਨ ਦੀ ਸਮਰੱਥਾ ਵਾਲੇ ਹਿੰਦੁਸਤਾਨੀ-ਜਜ਼ਬੇ ਦੀ ਲਚਕ ’ਤੇ ਮੈਂ ਅਚੰਭਤ ਹੋ ਗਿਆl

ਉਨ੍ਹਾਂ ਦੀ ਬੈਠਕ ਵਿੱਚ ਅੰਬੇਡਕਰ ਦੀ ਤਸਵੀਰ ਲੱਗੀ ਦੇਖ ਕੇ ਮੈਂ ਹੋਰ ਵੀ ਹੈਰਾਨ ਹੋ ਗਿਆl ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਪੁੱਛਦਾ ਉਸਨੇ ਮੇਰੀਆਂ ਅੱਖਾਂ ਪੜ੍ਹ ਲਈਆਂ ਅਤੇ ਕਹਾਣੀ ਸ਼ੁਰੂ ਕਰ ਦਿੱਤੀl ਜਿਉਂ ਹੀ ਉਨ੍ਹਾਂ ਦਾ ਪਲੇਠਾ ਬੱਚਾ ਤੁਰਨ ਲੱਗਿਆ, ਆਪਣੇ ਰੀਤੀ ਰਿਵਾਜ਼ ਮੁਤਾਬਿਕ, ਆਪਣੀ ਖੁਸ਼ੀ ਸਭ ਨਾਲ ਸਾਂਝੀ ਕਰਨ ਲਈ ਉਨ੍ਹਾਂ ਨੇ ਅਫਸਰ-ਕਲੋਨੀ ਵਿੱਚ ਗੁੜ-ਚਨਾ ਵੰਡਿਆl ਸ਼ਾਮ ਨੂੰ ਸੈਰ ਕਰਦੇ ਵਕਤ ਉਨ੍ਹਾਂ ਨੇ ਦੇਖਿਆ ਕਿ ਇੱਕ ਤੋਂ ਜ਼ਿਆਦਾ ਗੁਆਂਢੀਆਂ ਨੇ ਗੁੜ-ਚਨਾ ਆਪਣੇ ਘਰ ਦੇ ਬਾਹਰ ਕੂੜੇ ਦੇ ਢੇਰ ਤੇ ਸੁੱਟ ਦਿੱਤਾ ਹੋਇਆ ਸੀl ਸਭ ਚੁੱਪ ਸਨ, ਕੋਈ ਜਾਤੀ-ਸੂਚਕ ਗੰਦ ਵੀ ਨਾ ਬੋਲਿਆ ਫਿਰ ਵੀ ਉਹ ਇੱਕ ਫੁਰਨੇ ਵਿੱਚ ਹੀ ਸਮਾਜਿਕ ਸਚਾਈ ਤੋਂ ਜਾਣੂ ਹੋ ਗਏ ਸਨ ਇਹ ਸਾਲੀ ਜਾਤ ਜਾਂਦੀ ਹੀ ਨਹੀਂl ਉਹ ਬਿੱਲਾ, ਜਿਸ ਨੂੰ ਉਹ ਉੱਤਰਨਾ ਚਾਹੁੰਦੇ ਸਨ, ਉਨ੍ਹਾਂ ਨੂੰ ਚੰਬੜਿਆ ਹੀ ਰਿਹਾ ਤੇ ਅੰਤ ਉਨ੍ਹਾਂ ਉਸ ਨੂੰ ਗਲੇ ਲਾ ਲਿਆl

ਮੈਂ ਇਹ ਕਹਾਣੀ ਤਿੰਨ ਸਿੱਧੇ-ਸਾਦੇ ਨੁਕਤੇ ਉਭਾਰਨ ਲਈ ਅਨੇਕ ਬਾਰ ਸੁਣਾ ਚੁੱਕਿਆ ਹਾਂl ਪਹਿਲਾ, ਜਾਤ-ਪਾਤ ਸਾਡਾ ਕੋਈ ਭੂਤ-ਕਾਲ ਨਹੀਂ ਬਲਕਿ ਸਾਡੇ ਸਮਿਆਂ ਦਾ ਜਿਊਂਦਾ-ਜਾਗਦਾ ਸੱਚ ਹੈ ਅਤੇ ਇਹ ਸਾਡੇ ਭਵਿੱਖ ਦਾ ਹਿੱਸਾ ਹੋਣ ਦੀ ਧਮਕੀ ਵੀ ਦੇ ਰਿਹਾ ਹੈl ਦੂਸਰਾ, ਕਿ ਜਾਤੀ ਵਿਕਤਰਾ ਪੇਂਡੂ ਜਾਂ ਰੂੜ੍ਹੀਵਾਦੀ ਬਸਤੀਆਂ ਤਕ ਹੀ ਸੀਮਿਤ ਨਹੀਂ ਬਲਕਿ ਸਾਡੇ ਸਮਾਜ ਦੇ ਆਧੁਨਿਕ ਤਬਕਿਆਂ ਵਿੱਚ ਨਵਾਂ ਮੁਖੌਟਾ ਪਹਿਨ ਲੈਂਦਾ ਹੈ, ਜਿੱਥੇ ਜਾਤ-ਅਧਾਰਿਤ ਸ਼ੋਸ਼ਣ ਅਤੇ ਬੇਇਨਸਾਫ਼ੀ ਪਰਤਾਂ ਵਿੱਚ ਲਪੇਟੀਆਂ ਹੁੰਦੀ ਹੈl ਉਨ੍ਹਾਂ ਪਰਤਾਂ ਨੂੰ ਉਧੇੜ ਕੇ ਨੰਗਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਟਾਵੇਂ-ਟੱਲੇ ਮੌਕਿਆਂ ਤੇ ਹੀ ਇਹ ਮੂੰਹ ਚੜ੍ਹ ਕੇ ਬੋਲਦਾ ਹੈl ਤੀਸਰਾ, ਜਾਤ ਸਾਡੇ ਨਾਲ ਚੰਬੜੀ ਰਹਿੰਦੀ ਹੈ ਅਤੇ ਇਸਦੇ ਪ੍ਰਭਾਵਾਂ ਨੂੰ ਖਤਮ ਕਰਨਾ ਜੋਖ਼ਮ ਭਰੀ ਤਿਲ੍ਹਕਣਬਾਜ਼ੀ ਹੈl ਜਾਤ-ਪਾਤ ਅਧਾਰਿਤ ਨਾ-ਬਰਾਬਰੀ ਦਾ ਸਾਹਮਣਾ ਕਰਨ ਲਈ ਸਿੱਖਿਆ ਅਤੇ ਨੌਕਰੀਆਂ ਚਾਹੀਦੀਆਂ ਹਨ ਪਰ ਇਹ ਲੋੜ ਤੋਂ ਕਿਤੇ ਘੱਟ ਹਨl”

ਕਹਾਣੀ ਪੜ੍ਹਦਿਆਂ ਮੈਨੂੰ ਬਚਪਨ ਯਾਦ ਆਇਆ ਕਿ ਕਿਵੇਂ ਵਿਹੜੇ ਵਾਲਿਆਂ ਦੇ ਘਰ ਜਦੋਂ ਲੜਕਾ ਪੈਦਾ ਹੁੰਦਾ ਤਦ ਉਹ ਲੋਹੜੀ ਦੇ ਤਿਉਹਾਰ ਤੇ ਗੁੜ ਦੀ ਭੇਲੀ ਭਾਈਚਾਰੇ ਨੂੰ ਦਿੰਦੇ ਸਨl ਇਕੱਠੀਆਂ ਹੋਈਆਂ ਭੇਲੀਆਂ ਤੋੜ ਕੇ ਗੁੜ ਘਰ ਘਰ ਵੰਡ ਦਿੱਤਾ ਜਾਂਦਾ ਸੀ, ਪਰ ਵੰਡਾਈ ਸਿਰਫ ਵਿਹੜੇ ਤਕ ਹੀ ਸੀਮਿਤ ਰਹਿੰਦੀ ਸੀl ਅਖੌਤੀ ਉੱਚ-ਜਾਤੀਏ ਬ੍ਰਾਹਮਣ, ਬਾਣੀਏ, ਜੱਟ ਆਦਿ ਗੁੜ ਦੀ ਰੋੜੀ ਸਵੀਕਾਰ ਨਹੀਂ ਕਰਦੇ ਸਨl ਅਫਸਰ-ਕਲੋਨੀ ਵਾਂਗ ਸੁੱਟਣ ਦੀ ਨੌਬਤ ਹੀ ਨਹੀਂ ਆਉਂਦੀ ਸੀl ਇਹ ਵਰਤਾਰਾ ਸਪਸ਼ਟ ਰੂਪ ਵਿੱਚ ਜਾਤੀ ਵਿਕਤਰੇ ਦਾ ਸਮਾਜਿਕ ਪ੍ਰਗਟਾਵਾ ਹੀ ਤਾਂ ਸੀl

ਹਰ ਮਨੁੱਖ ਆਪਣੇ ਸਮਾਜਿਕ ਰੁਤਬੇ ਨੂੰ ਉੱਚਾ ਕਰਨ ਦੀ ਤਾਂਘ ਰੱਖਦਾ ਹੈ ਹਰ ਗਰੀਬ ਵਿਅਕਤੀ ਚਾਹੁੰਦਾ ਹੈ ਕਿ ਉਹ ਪੇਟ ਭਰਕੇ ਰੋਟੀ ਖਾਵੇ, ਚੰਗੇ ਮਕਾਨ ਵਿੱਚ ਰਹੇ, ਚੰਗਾ ਪਹਿਨੇ ਅਤੇ ਸਮਾਜ ਵਿੱਚ ਉਹ ਵੀ ਇੱਕ ਇਨਸਾਨ ਦੇ ਤੌਰ ’ਤੇ ਮਾਣ-ਇੱਜ਼ਤ ਦਾ ਪਾਤਰ ਹੋਵੇl

ਯੋਗੇਂਦਰ ਯਾਦਵ ਜੀ ਵੱਲੋਂ ਬਿਆਨ ਕੀਤਾ ਦੂਸਰਾ ਨੁਕਤਾ ਕਿ ਆਧੁਨਿਕ ਤਬਕਿਆਂ ਵਿੱਚ ਜਾਤੀ ਵਿਕਤਰਾ ਨਵਾਂ ਮੁਖੌਟਾ ਪਹਿਨ ਲੈਂਦਾ ਹੈ, ਵਿਚਾਰਨਯੋਗ ਹੈl ਇਸਦੀਆਂ ਪਰਤਾਂ ਉਧੇੜਨਾ ਔਖਾ ਨਹੀਂ ਹੈ, ਇਸਦਾ ਇਲਾਜ ਔਖਾ ਹੈl ਅੱਜ ਤੋਂ ਛਿਪੰਜਾ ਸਾਲ ਪਹਿਲਾਂ ਮੈਂ ਯੂਨੀਵਰਸਟੀ ਦਾ ਹੁਸ਼ਿਆਰ ਵਿਦਿਆਰਥੀ ਸੀ - ਕਦੇ ਕਦੇ ਬੜਬੋਲਾ ਵੀ ਹੋ ਜਾਂਦਾ ਸੀl ਚੰਗੇ ਨੰਬਰ ਲੈਕੇ ਪ੍ਰੋਫੈਸਰ ਬਣਨ ਦਾ ਜਨੂੰਨ ਸੀl ਪ੍ਰੈਕਟੀਕਲ ਪ੍ਰੀਖਿਆ ਵਿੱਚ ਬਾਹਰਲੇ ਅਗਜ਼ਾਮੀਨਰ ਦਾ ਅੰਦਰੂਨੀ ਅਗਜ਼ਾਮੀਨਰ ਨੂੰ ਕਹਿਣਾ ਬੱਚੇ ਨੂੰ ਫਿਜ਼ਿਕਸ ਆਉਂਦੀ ਹੈ, ਖਿਆਲ ਰੱਖਣਾ’ ਵੀ ਕਿਸੇ ਨੂੰ ਕਾਇਲ ਨਹੀਂ ਕਰ ਸਕਿਆ ਸੀl ਮੈਨੂੰ ਦੂਸਰਿਆਂ ਨਾਲੋਂ ਘੱਟ ਅੰਕ ਦਿੱਤੇ ਗਏl ਇਸਦੇ ਬਾਵਜੂਦ ਵੀ ਕਲਾਸ ਵਿੱਚੋਂ ਮੇਰੀ ਚੌਥੀ ਪੁਜ਼ੀਸ਼ਨ ਸੀl ਪ੍ਰੋਫੈਸਰ ਬਣ ਗਿਆ ਪਰ ਉਹ ਕਾਲਜ ਦਿੱਤਾ ਗਿਆ, ਜਿੱਥੇ ਉੱਚ-ਜਾਤੀ ਦਾ ਕੋਈ ਜਾ ਕੇ ਹੀ ਰਾਜ਼ੀ ਨਹੀਂ ਸੀl

ਇਹੋ ਵਰਤਾਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਜਦੋਂ ਮੈਂ ਆਮਦਨ-ਕਰ ਵਿਭਾਗ ਦਾ ਉੱਚ ਅਧਿਕਾਰੀ ਬਣ ਚੁੱਕਿਆ ਸੀl ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਅਫਸਰ ਵੀ ਬਣ ਗਿਆl ਟਰੇਨਿੰਗ ਕਾਲਜ ਦੇ ਨਿਦੇਸ਼ਕ ਸਾਹਿਬ ਨੇ ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੂੰ ਘਰ ਚਾਹ ’ਤੇ ਬੁਲਾ ਕੇ ਪੋਸਟਿੰਗ ਸਟੇਸ਼ਨ ਬਾਰੇ ਸਾਡੀ ਰਾਇ ਜਾਣਨੀ ਚਾਹੀl ਮੈਂ ਲੇਲ੍ਹੜੀਆਂ ਕੱਢੀਆਂ ਕਿ ਮੈਨੂੰ ਬੰਬੇ (ਹੁਣ ਮੁੰਬਈ) ਨਾ ਭੇਜਿਆ ਜਾਵੇl ਕੋਈ ਛੜਾ-ਛੜਾਂਗ ਵੀ ਉੱਥੇ ਜਾਣ ਨੂੰ ਰਾਜ਼ੀ ਨਹੀਂ ਸੀ ਕਿਉਂਕਿ ਉੱਥੇ ਰਹਿਣ ਲਈ ਸਰਕਾਰੀ ਰਿਹਾਇਸ਼ ਦੀ ਕਮੀ ਸੀ ਅਤੇ ਮਿਲਦੀ ਤਨਖਾਹ ਵਿੱਚ ਇੱਕ ਖੋਲ੍ਹੀ ਵੀ ਕਿਰਾਏ ’ਤੇ ਨਹੀਂ ਲਈ ਜਾ ਸਕਦੀ ਸੀl ਉਸ ਵੇਲੇ ਮੇਰੇ ਦੋ ਬੱਚੇ ਸਨ, ਇਸ ਲਈ ਮੇਰੇ ਵਾਸਤੇ ਬੰਬਈ ਜਾਣਾ ਸੰਭਵ ਨਹੀਂ ਸੀl ਮੈਂ ਬੱਚਿਆਂ ਅਤੇ ਪਤਨੀ ਦਾ ਵਾਸਤਾ ਵੀ ਪਾਇਆ ਪਰ ਨਿਰਦੇਸ਼ਕ ਸਾਹਿਬ ਦੀ ਬੀਵੀ ਨੇ ਭਰੀ ਮਹਿਫਲ ਵਿੱਚ ਮੇਰੀ ਲਾਹ-ਪਾਹ ਇੰਝ ਕੀਤੀ, “ਵੱਟ? ਯੂ ਡੂ ਨਾਟ ਵਾਂਟ ਟੂ ਗੋ ਟੂ ਬੰਬੇ? ਆਈ ਵਿੱਲ ਆਸਕ ਹਿਮ ਟੂ ਸੈਂਡ ਯੂ ਟੂ ਬੰਬੇ” ਤੇ ਮੈਨੂੰ ਬੰਬਈ ਜਾਣਾ ਪਿਆl ਇਹ ਜਾਤੀ ਵਿਕਤਰੇ ਦੀ ਅਜਿਹੀ ਪਰਤ ਸੀ ਜਿਸਦਾ ਅਰਥ ਇਹ ਨਿਕਲਦਾ ਸੀ - ਹਤਾਸ਼ ਹੋ ਕੇ ਨੌਕਰੀ ਛੱਡ ਜਾਵੇਗਾਘਰੋਂ ਦੂਰ ਰਹੇਗਾ, ਬੱਚੇ ਦੂਰ ਰਹਿਣਗੇਆਰਥਿਕ ਹਾਲਤ ਹੋਰ ਪਤਲੀ ਹੋ ਜਾਵੇਗੀ … ਪਤਾ ਨਹੀਂ ਉਸ ਔਰਤ ਨੇ ਇਸਦਾ ਹੋਰ ਕੀ ਕੀ ਸਿੱਟਾ ਕਿਆਸਿਆ ਹੋਵੇਗਾl ਸਰਕਾਰ ਇੰਨੀ ਕੁ ਮਿਹਰਬਾਨ ਜ਼ਰੂਰ ਹੋਈ ਕਿ ਛੇ ਗਰੁੱਪ ਏ ਅਫਸਰਾਂ ਨੂੰ ਦੋ ਕਮਰਿਆਂ ਦੇ ਫਲੈਟ ਦਾ ਇੰਤਜ਼ਾਮ ਕਰ ਦਿੱਤਾl ਉੱਚ ਜਾਤੀ ਦੇ ਦੋਂਹ ਅਫਸਰਾਂ ਨੇ ਉੱਥੇ ਪੈਰ ਵੀ ਨਾ ਧਰਿਆ ਜਦੋਂ ਕਿ ਅਸੀਂ ਅਖੌਤੀ ਨੀਵੀਂ ਜਾਤ ਦੇ ਚਾਰ ਅਫਸਰਾਂ ਨੇ ਉੱਥੇ ਚਾਰ ਮਹੀਨੇ ਗੁਜ਼ਾਰੇਸਾਡੀ ਮਦਦ ਕੌਣ ਕਰਦਾ?

ਦਸ ਕੁ ਸਾਲ ਦੀ ਬੰਬਈ ਤਾਇਨਾਤੀ ਦੌਰਾਨ ਇਹ ਵੀ ਦੇਖਿਆ ਕਿ ਜੇਕਰ ਕੋਈ ਤੁਹਾਡੇ ਵਿਰੁੱਧ ਚਾਰ ਅੱਖਰ ਲਿਖ ਦਿੰਦਾ ਹੈ ਤਾਂ ਉਸਦੇ ਅਧਾਰ ’ਤੇ ਤੁਰੰਤ ਬਦਲੀ ਦੇ ਹੁਕਮ ਹੋ ਜਾਂਦੇ ਰਹੇ ਅਤੇ ਉਹ ਕਾਗਜ਼ ਦੇ ਟੁਕੜੇ ’ਤੇ ਜੋ ਲਿਖਿਆ ਗਿਆ, ਉਸ ਨੂੰ ‘ਗੌਸਪਲ ਟਰੂਥ - ਇੰਜੀਲੀ ਸਚਾਈ’ ਮੰਨ ਲਿਆ ਜਾਂਦਾl ਸਾਲਾਂ ਬੱਧੀ ਤਹਿਕੀਕਾਤ ਹੀ ਨਾ ਕੀਤੀ ਜਾਂਦੀl ਇਹ ਵਰਤਾਰਾ ਸਭ ਵਿਭਾਗਾਂ ਵਿੱਚ ਦੇਖਿਆ ਗਿਆl ਮੈਂ ਸੀਮਾ-ਸ਼ੁਲਕ ਅਤੇ ਕੇਂਦਰੀ ਆਬਕਾਰੀ ਵਿਭਾਗ ਲਈ (1995) ਤਾਲਮੇਲ ਅਫਸਰ ਸਾਂl ਵਿਭਾਗੀ ਤਰੱਕੀ ਕਮੇਟੀ ਦਾ ਮੈਂਬਰ ਸੀl ਅਨੁਸੂਚਿਤ-ਜਾਤੀ ਦੇ ਉਮੀਦਵਾਰ ਦਾ ਕੇਸ ਬੰਦ ਲਿਫਾਫੇ ਵਿੱਚ ਪਿਛਲੇ ਸਾਲ ਤੋਂ ਪਿਆ ਸੀl ਕਮੇਟੀ ਦੀ ਚੇਅਰਪਰਸਨ ਅਤੇ ਹੋਰ ਮੈਂਬਰ ਕਹਿਣ ਲੱਗੇ, “ਛੱਡੋ ਛੱਡੋ, ਅੱਗੇ ਚੱਲੋ, ਬੰਦ ਲਿਫ਼ਾਫ਼ਾ ਕੀ ਖੋਲ੍ਹਣਾ ਹੈ” ਮੈਂ ਕਿਹਾ, “ਭਾਈ, ਇਸ ਗਰੀਬ ਬਾਰੇ ਵੀ ਸੋਚੋl ਇਸਦੀ ਤਰੱਕੀ ਇੱਕ ਸਾਲ ਤੋਂ ਰੁਕੀ ਪਈ ਹੈ, ਆਪਾਂ ਇੱਕ ਸਾਲ ਹੋਰ ਅੱਗੇ ਪਾ ਰਹੇ ਹਾਂl

ਤਾਲਮੇਲ ਅਫਸਰ ਹੋਣ ਦੇ ਨਾਤੇ ਮੇਰਾ ਅੰਦਰ ਮੇਰੇ ਹੁੱਝਾਂ ਮਾਰ ਰਿਹਾ ਸੀ ਕਿ ਮੈਂ ਪੁੱਛਾਂ, “ਭਾਈ, ਪਿਛਲੇ ਸਾਲ ਵਿੱਚ ਇਸ ਕਾਫਰ ਦੀ ਕੋਈ ਇਨਕੁਆਰੀ ਕੀਤੀ ਕਿ ਨਹੀਂ?” ਜੇਕਰ ਮੈਂ ਨਾ ਬੋਲਦਾ ਤਾਂ ਮੇਰੇ ਤਾਲ-ਮੇਲ ਅਫਸਰ ਹੋਣ ਦਾ ਕੋਈ ਅਰਥ ਨਹੀਂ ਸੀ, ਬਲਕਿ ਮੈਂ ਕਮੇਟੀ ਦੇ ਹੱਥ ਵਿੱਚ ਮੋਹਰ ਬਣ ਕੇ ਰਹਿ ਜਾਂਦਾ ਜਿਸ ਨੂੰ ਕਿਸੇ ਵੀ ਫੈਸਲੇ ’ਤੇ ਲਾਇਆ ਜਾ ਸਕਦਾ ਸੀl ਮੈਂ ਕਿਹਾ, “ਲਿਫ਼ਾਫ਼ਾ ਖੋਲ੍ਹੋ ਅਤੇ ਜੇਕਰ ਉਹ ਕਮੇਟੀ ਦੇ ਪੈਮਾਨੇ ਮੁਤਾਬਿਕ ਤਰੱਕੀ ਯਾਫਤਾ ਹੈ ਤਾਂ ਤਰੱਕੀ ਦੇ ਦਿਓ ਜਾਂ ਫਿਰ ਪੁੱਛ-ਪੜਤਾਲ ਲਈ ਸਮਾਂ-ਸੀਮਾ ਨਿਸ਼ਚਿਤ ਕਰ ਦਿਓl

ਮੇਰੇ ਬੋਲਣ ਦੀ ਦੇਰ ਸੀ ਕਿ ਬਵਾਲ ਖੜ੍ਹਾ ਹੋ ਗਿਆl ਕਮੇਟੀ ਦੀ ਚੇਅਰਪਰਸਨ ਤਿਲਮਿਲਾ ਕੇ ਕਹਿਣ ਲੱਗੀ, “ਇੱਦਾਂ ਕਿਵੇਂ ਹੋ ਸਕਦਾ ਹੈ, ਇੰਝ ਕਰਨ ਨਾਲ ਤਾਂ ਸਾਡਾ ਪ੍ਰਬੰਧਕੀ ਢਾਂਚਾ ਬਦਇੰਤਜ਼ਾਮੀ ਦਿਸੇਗਾ

ਮੈਨੂੰ ਗੁੱਸਾ ਆਉਣਾ ਸੁਭਾਵਿਕ ਸੀl ਮੈਂ ਕਿਹਾ Hell with your administration, I am concerned about this officer (ਤੁਹਾਡਾ ਪ੍ਰਬੰਧਕੀ ਢਾਂਚਾ ਪਵੇ ਢੱਠੇ ਖੂਹ ਵਿੱਚ, ਮੈਨੂੰ ਤਾਂ ਇਸ ਮੁਲਾਜ਼ਮ ਦੀ ਤਰੱਕੀ ਨਾਲ ਮਤਲਬ ਹੈ) ਉੱਚ ਅਫਸਰਾਂ ਨੇ ਮੇਰੀ ਗੱਲ ਮੰਨ ਕੇ ਮੌਕਾ ਸੰਭਾਲ ਲਿਆl ਅੱਗੇ ਨੂੰ ਉਨ੍ਹਾਂ ਨੇ ਬੁਲਾਉਣਾ ਹੀ ਛੱਡ ਦਿੱਤਾl ਮੇਰੇ ਲੜਾਕਾ ਹੋਣ ਦੀ ਖਬਰ ਫੈਲਾਅ ਦਿੱਤੀ ਗਈl ਮੈਨੂੰ ਨਹੀਂ ਪਤਾ ਕਿੰਨੇ ਕੁ ਤਾਲਮੇਲ ਅਫਸਰਾਂ ਨਾਲ ਇਹੋ ਜਿਹਾ ਵਰਤਾਵ ਹੁੰਦਾ ਹੋਵੇਗਾl ਦੇਖਿਆ ਗਿਆ ਹੈ ਕਿ ਇਹ ਤਾਲਮੇਲ ਅਫਸਰ ਰਬੜ ਦੀ ਮੋਹਰ ਹੀ ਬਣੇ ਰਹਿੰਦੇ ਹਨl ਜਾਤੀ ਅਧਾਰਤ ਵਿਕਤਰੇ ਦੀ ਇਹ ਇੱਕ ਹੋਰ ਲੁਕਵੀਂ ਪਰਤ ਹੈl

ਯੋਗੇਂਦਰ ਯਾਦਵ ਜੀ ਦਾ ਮੰਨਣਾ ਹੈ ਕਿ ਸਿੱਖਿਆ ਅਤੇ ਨੌਕਰੀਆਂ ਜਾਤ-ਅਧਾਰਿਤ ਵਿਕਤਰੇ ਦਾ ਇੱਕ ਸੰਭਵ ਹੱਲ ਹੋ ਸਕਦਾ ਹੈl ਸਿੱਖਿਆ ਅਤੇ ਨੌਕਰੀਆਂ ਦੀ ਥੁੜ ਸਾਡੇ ਵੇਲਿਆਂ ਦਾ ਸੱਚ ਹੀ ਨਹੀਂ ਬਲਕਿ ਇਹ ਥੁੜ ਹਮੇਸ਼ਾ ਹੀ ਰਹੀ ਹੈl ਪ੍ਰਾਚੀਨ ਕਾਲ ਤੋਂ ਅਖੌਤੀ ਨੀਵੀਂਆਂ ਜਾਤਾਂ (ਅਛੂਤਾਂ) ਨੂੰ ਵਿੱਦਿਆ ਗ੍ਰਹਿਣ ਕਰਨ ਦਾ ਹੱਕ ਹੀ ਨਹੀਂ ਸੀl ਸਿੱਖਿਆ ਜੇਕਰ ਇਸ ਮਸਲੇ ਦਾ ਹੱਲ ਹੁੰਦੀ ਤਾਂ ਫਿਰ ਪੜ੍ਹੇ-ਲਿਖੇ ਮਨੁੱਖ ਅਜਿਹਾ ਵਿਕਤਰਾ ਕਰਨ ਤੋਂ ਗ਼ੁਰੇਜ਼ ਕਰਦੇਗੁੜ-ਚਨਾ ਕਹਾਣੀ ਨਾ ਹੁੰਦੀl ਜੇਕਰ ਵਾਈ ਪੂਰਨ ਕੁਮਾਰ ਆਈ ਪੀ ਐੱਸ ਦੇ ‘ਆਖਰੀ ਨੋਟ’ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਾਨੂੰ ਮੰਨਣਾ ਪਵੇਗਾ ਕਿ ਜਾਤ-ਅਧਾਰਿਤ ਵਿਕਤਰਾ ਪੜ੍ਹੀ-ਲਿਖੀ ਨੌਕਰਸ਼ਾਹੀ ਵਿੱਚ ਆਮ-ਗੱਲ ਹੈl ਵਿਦੇਸ਼ਾਂ ਵਿੱਚ ਭਾਰਤੀ-ਮੂਲ ਦਾ ਸਿੱਖਿਅਤ ਅਤੇ ਸਮਰਿਧ ਸਮਾਜ ਵੀ ਜਾਤੀ-ਵਿਕਤਰਾ ਕਰਦਾ ਹੈl ਸਮੱਸਿਆ ਦੀ ਜੜ੍ਹ ਧਰਮ ਦੇ ਪ੍ਰਚਲਿਤ ਰੂਪ ਵਿੱਚ ਹੈl

ਇਨ੍ਹਾਂ ਆਤਮ-ਹੱਤਿਆਵਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਡੀ ਜੀ ਪੀ ਜੂਲਿਓ ਰੀਬੇਰਿਓ ਅੰਗਰੇਜ਼ੀ ਟ੍ਰਿਬਿਊਨ (24 ਅਕਤੂਬਰ 2025) ਵਿੱਚਜਾਤੀਵਾਦ ਅਤੇ ਰਿਸ਼ਵਤਖੋਰੀ ਖ਼ਾਕੀ ਨੂੰ ਬਦਨਾਮ ਕਰ ਰਹੇ ਹਨਸਿਰਲੇਖ ਹੇਠ ਸੁਹਿਰਦਤਾ (Sincerity) ਦੀ ਗੱਲ ਕਰਦੇ ਦਿਖਾਈ ਦਿੰਦੇ ਹਨl ਨਿੱਜੀ ਤਜਰਬੇ ਦੇ ਅਧਾਰ ’ਤੇ ਉਹ ਲਿਖਦੇ ਹਨ ਕਿ ਜਿਹੜੇ ਅਨੁਸੂਚਿਤ ਜਾਤੀ ਦੇ ਅਫਸਰਾਂ ਨੇ ਉਨ੍ਹਾਂ ਹੇਠ ਮਹਾਰਾਸ਼ਟਰ ਅਤੇ ਪੰਜਾਬ ਵਿੱਚ ਕੰਮ ਕੀਤਾ, ਉਹ ਦੂਸਰਿਆਂ ਨਾਲੋਂ ਵੱਖ ਨਹੀਂ ਸਨl ਅੱਸੀਵਿਆਂ ਵਿੱਚ ਜਦੋਂ ਉਹ ਬੰਬੇ (ਹੁਣ ਮੁੰਬਈ) ਦੇ ਪੁਲਿਸ ਕਮਿਸ਼ਨਰ ਸਨ ਤਦ ਉਨ੍ਹਾਂ ਨੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਵਰਦਾਰਾਜਨ ਮੁਦਾਲੀਆਰ ਨਾਂ ਦੇ ਗੁੰਡੇ ਨੂੰ ਸਿੱਧਾ ਕਰਨ ਲਈ ਰੇਲਵੇ ਵਿੱਚ ਤਾਇਨਾਤ ਅਨੁਸੂਚਿਤ ਜਾਤੀ ਦੇ ਅਫਸਰ ਵਾਈ ਸੀ ਪਵਾਰ ਨੂੰ ਚੁਣਿਆ ਸੀl ਇਸ ਲਈ ਨਹੀਂ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੀ ਬਲਕਿ ਇਸ ਲਈ ਕਿ ਉਹ ਬਦਮਾਸ਼ਾਂ ਨਾਲ ਨਜਿੱਠਣ ਦੀ ਕਾਬਲੀਅਤ ਰੱਖਦਾ ਸੀl ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਵਾਈ ਸੀ ਪਵਾਰ ਦੇ ਛੋਟੇ ਭਰਾ, ਜਿਹੜਾ ਇਨਕਮ-ਟੈਕਸ ਵਿਭਾਗ ਵਿੱਚ ਅਫਸਰ ਸੀ, ਨੂੰ ਅਸੀਂ ਅੜੀਅਲ ਟੈਕਸ-ਚੋਰ ਦੇ ਘਰ, ਦਫਤਰ >ਤੇ ਛਾਪੇਮਾਰੀ ਵਿੱਚ ਭੇਜਣ ਨੂੰ ਤਰਜੀਹ ਦਿੰਦੇ ਸਾਂ (ਮੈਂ ਉਨ੍ਹਾਂ ਦਿਨੀਂ ਬੰਬੇ ਵਿੱਚ ਇਨਵੈਸਟੀਗੇਸਨ ਸ਼ਾਖਾ ਵਿੱਚ ਤਾਇਨਾਤ ਸਾਂ)l ਉਹ ਇੱਕ ਹੋਰ ਹਵਾਲਾ ਦਿੰਦੇ ਹਨ ਜਿੱਥੇ ਉਨ੍ਹਾਂ ਨੇ ਇੱਕ ਨੌਜਵਾਨ ਆਈ ਪੀ ਐੱਸ ਦੀ ਤਾਇਨਾਤੀ ਕਰ ਦਿੱਤੀ, ਜਿਸ ਨੂੰ ਹਰ ਕੋਈ ‘ਸਜ਼ਾ ਯਾਫਤਾ ਤਾਇਨਾਤੀ’ ਮੰਨਦਾ ਸੀl ਉਹ ਨਹੀਂ ਜਾਣਦੇ ਸਨ ਕਿ ਉਹ ਅਨੁਸ਼ੂਚਿਤ ਜਾਤੀ ਨਾਲ ਸਬੰਧ ਰੱਖਦਾ ਹੈl ਅਫਸਰ ਨੂੰ ਦੱਸਿਆ ਗਿਆ ਕਿ ਉਸ ਨੂੰ ਇਸ ਤਾਇਨਾਤੀ ਲਈ ਇਸ ਸ਼ਾਖਾ ਦੇ ਕਰਮਚਾਰੀਆਂ ਦੇ ਸੁੱਖ ਦੀ ਰਾਖੀ ਅਤੇ ਮਨੋਬਲ ਉੱਚਾ ਚੁੱਕਣ ਲਈ ਚੁਣਿਆ ਗਿਆ ਹੈl ਪਵਾਰ ਅਤੇ ਇਸ ਅਫਸਰ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ ਸੀl ਚੰਗੇ-ਮਾੜੇ, ਬਹਾਦਰ-ਡਰਪੋਕ ਅਫਸਰ ਸਭ ਜਾਤਾਂ ਵਿੱਚ ਹੋਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਜੂਲਿਓ ਸਾਹਿਬ ਦੀ ਰਾਏ ਬੜੇ ਪੇਚੀਦਾ ਸਵਾਲਾਂ ਨੂੰ ਜਨਮ ਦਿੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਧ ਅਤੰਕਵਾਦ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਲਈ ਅਨੁਸ਼ੂਚਿਤ ਜਾਤੀ ਦੇ ਆਈ ਪੀ ਐੱਸ ਸੀਤਲ ਦਾਸ ਅਤੇ ਗੋਬਿੰਦ ਰਾਮ ਨੂੰ ਹੀ ਕਿਉਂ ਚੁਣਿਆ ਸੀ?

ਇੰਡੀਅਨ ਐਕਸਪ੍ਰੈੱਸ (25-10-2025) ਲਈ ਲਿਖਦੇ ਸੰਪਾਦਕ ਪ੍ਰਤਾਪ ਭਾਨੂ ਮਹਿਤਾ ਆਪਣੇ ਲੇਖ ‘The Collapse of sincerity ...  ਸੁਹਿਰਦਤਾ ਦਾ ਪਤਨ’ ਵਿੱਚ ਇਸ ਪੇਚੀਦਗੀ ਦੀ ਇੱਕ ਗੰਢ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋਏ ਲਿਖਦੇ ਹਨ:

“... ਜਿਹੜਾ ਅੱਤਿਆਚਾਰ, ਘੋਰ-ਅਪਮਾਨ ਅਤੇ ਬੇਇਨਸਾਫ਼ੀ ਮੇਰੇ ਦਿਲ ਨੂੰ ਹੌਲ ਪਾਉਂਦੀ ਹੋਵੇ, ਹੋ ਸਕਦਾ ਹੈ ਉਸਦਾ ਤੁਹਾਡੇ ਜ਼ਿਹਨ ’ਤੇ ਅਸਰ ਹੀ ਨਾ ਹੁੰਦਾ ਹੋਵੇl ਸਿਰਫ ਇਸ ਲਈ ਕਿ ਮੇਰੀਆਂ-ਤੁਹਾਡੀਆਂ ਅਕਾਂਕਸ਼ਾਵਾਂ ਦੀ ਦਰਜਾਬੰਦੀ ਸਾਂਝੀ ਨਹੀਂ, ਇਸ ਲਈ ਅਸੀਂ ਇੱਕ ਦੂਜੇ ਨੂੰ ਨੈਤਿਕ ਤੌਰ ’ਤੇ ਨਿਸ਼ਠਾਹੀਣ ਸਮਝਣ ਲਗਦੇ ਹਾਂl ਅਕਾਂਕਸ਼ਾਵਾਂ ਦਾ ਇਹ ਕੁਜੋੜ ਅਕਸਰ ਤੂੰ-ਤੂੰ ਮੈਂ-ਮੈਂ ਦਾ ਕਾਰਨ ਬਣਦਾ ਹੈ ... ਇੱਕ ਦੂਜੇ ’ਤੇ ਚਿੱਕੜ ਸੁੱਟਿਆ ਜਾਂਦਾ ਹੈl ਸਿੱਟਾ ਇਹ ਨਿਕਲਦਾ ਹੈ ਕਿ ਕੋਈ ਵੀ ਸ਼ਰੇਆਮ ਦਾਅਵਾ ਨਹੀਂ ਕਰ ਸਕਦਾ ਕਿ ਉਹ ਬੇਇਨਸਾਫ਼ੀ ਵਿਰੁੱਧ ਲੜ ਰਿਹਾ ਹੈਹਰ ਇੱਕ ਆਪਣੇ ਕਬੀਲੇ ਲਈ ਲੜ ਰਿਹਾ ਦਿਖਾਈ ਦਿੰਦਾ ਹੈl ਸ਼ਾਇਦ ਸਾਡੇ ਲਈ ਸਿਰਫ ਕਬਾਇਲੀਪੁਣਾ ਹੀ ਸੁਹਿਰਦਤਾ ਰਹਿ ਗਈ ਹੈl”

ਸੋਸ਼ਲ-ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ’ਤੇ ਚੱਲ ਰਹੀ ਬਹਿਸਬਾਜ਼ੀ ਤੋਂ ਉਪਰੋਕਤ ਵਿਚਾਰ ਦੀ ਪੁਸ਼ਟੀ ਹੋ ਜਾਂਦੀ ਹੈl ਵਾਈ ਪੂਰਨ ਕੁਮਾਰ ਆਈ ਪੀ ਐੱਸ ਦਾ ਭਾਈਚਾਰਾ ਉਸ ਨਾਲ ਅਤੇ ਏ ਐੱਸ ਆਈ ਲਾਠਰ ਦਾ ਭਾਈਚਾਰਾ ਉਸ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈl ਇਨਸਾਫ ਅਤੇ ਸਚਾਈ ਜਾਤੀਵਾਦ ਅਤੇ ਰਿਸ਼ਵਤਖੋਰੀ ਦੀ ਵੇਦੀ ’ਤੇ ਬਲੀ ਦੇ ਬੱਕਰੇ ਬਣ ਰਹੇ ਹਨl

ਜਨ-ਸਧਾਰਨ ਬੌਧਿਕ ਜਮਾਤ ਦੀ ਨਕਲ ਕਰਕੇ ਹੀ ਜਿਊਂਦਾ ਹੈ, ਭਾਵੇਂ ਇਸ ਵਿੱਚ ਅੱਖਰੀ ਗਿਆਨ ਅਤੇ ਡਿਗਰੀਆਂ ਵਾਲਿਆਂ ਦੀ ਕਾਫੀ ਗਿਣਤੀ ਵੀ ਹੁੰਦੀ ਹੈl ਡਾ. ਬੀ ਆਰ ਅੰਬੇਡਕਰ ਦੀ ਲਿਖਤ ‘Annihilation of Caste - ਜਾਤ ਦਾ ਖਾਤਮਾ’ ਇਸ ਪੱਖ ’ਤੇ ਚਾਨਣਾ ਪਾਉਂਦੀ ਹੈl ਬਾਬਾ ਸਾਹਿਬ ਲਿਖਦੇ ਹਨ:

“ਹਰ ਦੇਸ਼ ਵਿੱਚ ਬੁੱਧੀਜੀਵੀ ਸ਼੍ਰੇਣੀ ਭਾਵੇਂ ਸ਼ਾਸਕ ਜਮਾਤ ਨਹੀਂ ਹੁੰਦੀ ਪਰ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈl ਬੌਧਿਕ ਸ਼੍ਰੇਣੀ ਉਹ ਜਮਾਤ ਹੈ ਜਿਹੜੀ ਦੂਰਦਰਸ਼ੀ ਹੁੰਦੇ ਹੋਏ ਸਲਾਹ ਮਸ਼ਵਰੇ ਰਾਹੀਂ ਅਗਵਾਈ ਕਰ ਸਕਦੀ ਹੈl ਕਿਸੇ ਵੀ ਦੇਸ਼ ਦਾ ਜਨ-ਸਮੂਹ ਅਕਲਮੰਦ ਵਿਚਾਰ ਅਤੇ ਅਮਲ ਨਾਲ ਨਹੀਂ ਜਿਊਂਦਾl ਜ਼ਿਆਦਾਤਰ ਇਹ ਬੌਧਿਕ ਸ਼੍ਰੇਣੀ ਦੀ ਰੀਸ ਅਤੇ ਨਕਲ ਕਰਦਾ ਹੈl ਇਹ ਕਹਿਣਾ ਕਿ ਦੇਸ਼ ਦੀ ਹੋਣੀ ਦਾ ਦਾਰੋਮਦਾਰ ਉਸਦੀ ਬੌਧਿਕ ਸ਼੍ਰੇਣੀ ’ਤੇ ਨਿਰਭਰ ਕਰਦਾ ਹੈ, ਕੋਈ ਅੱਤਕਥਨੀ ਨਹੀਂ ਹੈl ਜੇਕਰ ਬੌਧਿਕ ਸ਼੍ਰੇਣੀ ਇਮਾਨਦਾਰ, ਸੁਤੰਤਰ ਅਤੇ ਬੇਗਰਜ਼ ਹੈ ਤਦ ਇਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਸੰਕਟ ਸਮੇਂ ਇਹ ਪਹਿਲ ਕਦਮੀ ਕਰਕੇ ਅਨੁਚਿਤ ਅਗਵਾਈ ਮੁਹਈਆ ਕਰ ਸਕਦੀ ਹੈl ਇਹ ਸੱਚ ਹੈ ਕਿ ਬੁੱਧੀ ਆਪਣੇ ਆਪ ਵਿੱਚ ਕੋਈ ਉੱਤਮਤਾ ਨਹੀਂ ਹੈl ਇਹ ਇੱਕ ਜ਼ਰੀਆ ਹੈl ਬੁੱਧੀਜੀਵੀ ਮਨੁੱਖ ਦੇ ਟੀਚੇ ਦੀ ਪ੍ਰਾਪਤੀ ਫੈਸਲਾ ਕਰਦੀ ਹੈ ਕਿ ਇਸ ਜ਼ਰੀਏ ਨੂੰ ਕਿੰਝ ਅਤੇ ਕਿਸ ਢੰਗ ਨਾਲ ਵਰਤਣਾ ਹੈl ਬੁੱਧੀਜੀਵੀ ਚੰਗਾ ਮਨੁੱਖ ਹੋ ਸਕਦਾ ਹੈ ਪਰ ਬੜੀ ਅਸਾਨੀ ਨਾਲ ਉਹ ਬਦਮਾਸ਼ ਵੀ ਹੋ ਸਕਦਾ ਹੈl ਇਸੇ ਤਰ੍ਹਾਂ ਬੁੱਧੀਜੀਵੀ ਸ਼੍ਰੇਣੀ ਕੁਰਾਹੇ ਪਈ ਮਨੁੱਖਤਾ ਦੀ ਮੁਕਤੀ ਲਈ ਹਰ ਮਦਦ ਕਰਨ ਵਿੱਚ ਸਹਾਈ ਹੋਣ ਵਾਲੀ ਉੱਚ-ਆਤਮਿਕ ਵਿਅਕਤੀਆਂ ਦੀ ਟੋਲੀ ਜਾਂ ਬੜੀ ਅਸਾਨੀ ਨਾਲ ਧੋਖੇਬਾਜ਼ਾਂ ਦੀ ਜੁੰਡਲੀ ਹੋ ਸਕਦੀ ਹੈ ਜਾਂ ਫਿਰ ਆਪਣੀ ਸ਼ਕਤੀ ਦੇ ਸੋਮੇ ਵਾਲੀ ਸਵਾਰਥੀ ਢਾਣੀ ਦੀ ਵਕਾਲਤ ਕਰਨ ਵਾਲੀ ਸੰਸਥਾ ਹੋ ਸਕਦੀ ਹੈl”

ਮਹਾਨ ਚਿੰਤਕ ਦੇ ਉਪਰੋਕਤ ਬਿਰਤਾਂਤ ਦੀ ਰੌਸ਼ਨੀ ਵਿੱਚ ਦੇਖਿਆਂ ਅੱਜ ਦੀ ਨੌਕਰਸ਼ਾਹੀ ਧੋਖੇਬਾਜ਼ਾਂ ਦੀ ਜੁੰਡਲੀ ਹੀ ਜਾਪ ਰਹੀ ਹੈl ਸਾਲ 2002 ਵਿੱਚ ਮੇਰੀ ਬਦਲੀ ਘਰ ਤੋਂ ਤਿੰਨ ਹਜ਼ਾਰ ਕਿਲੋਮੀਟਰ ਦੂਰ ਕਰ ਦਿੱਤੀ ਗਈl ਬਦਲੀ ਲਈ ਕੋਈ ਬਹਾਨਾ ਘੜਿਆ ਗਿਆ ਸੀl ਇਸ ਅਭਿਆਨ ਵਿੱਚ ਮੇਰੇ ਹੋਰ ਸਾਥੀ ਜਾਤ-ਭਾਈ ਵੀ ਸਨ ਅਤੇ ਬਦਲੇ ਗਏ ਕੁੱਲ ਅਫਸਰਾਂ ਵਿੱਚੋਂ ਅਸੀਂ 75 ਪ੍ਰਤੀਸ਼ਤ ਸਾਂl ਬਦਲੀ ਰੁਕਵਾਉਣ ਦੇ ਸਬੰਧ ਵਿੱਚ ਜਦੋਂ ਮੈਂ ਉੱਚ ਨੌਕਰਸ਼ਾਹ ਨੂੰ ਮਿਲਣ ਗਿਆ ਤਾਂ ਪੈਂਦੀ ਸੱਟੇ ਉਸਨੇ ਮੈਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾl ਜਦੋਂ ਮਿੰਨਤਾਂ ਤਰਲੇ ਕਰਕੇ ਮੈਂ ਸਾਹਿਬ ਦੇ ਅੰਦਰ ਚਲਾ ਹੀ ਗਿਆ, ਤਦ ਦੇਖਦਿਆਂ ਹੀ ਨਫਰਤ ਭਰੀ ਨਿਗ੍ਹਾ ਨਾਲ ਕਹਿਣ ਲੱਗਾ, “ਮੈਂ ਤੈਨੂੰ ਜਾਣਦਾਂ ... ਬਾਹਰ ਜਾਓ ... ਜੁਆਇੰਨ ਕਰੋl

ਮੈਂ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਸੀ, ਉਹ ਸਰਕਾਰੀ ਰਿਕਾਰਡ ਵਿੱਚ ਦਰਜ ਮੇਰੀ ਅਖੌਤੀ ਨੀਵੀਂ ਜਾਤ ਤੋਂ ਜ਼ਰੂਰ ਜਾਣੂ ਸੀਕਮਰਿਓਂ ਬਾਹਰ ਨਿਕਲਦਿਆਂ ਹੀ ਵਰਾਂਡੇ ਵਿੱਚ ਪਏ ਬੈਂਚ ’ਤੇ ਬੈਠ ਕੇ ਮੈਂ ਧਾਹੀਂ ਰੋਇਆl ਉਹ ਜਲੀਲਪੁਣੇ ਦਾ ਦਰਦ ਮੈਂ ਹੀ ਜਾਣਦਾ ਸੀਜਿਸ ਤਨ ਲਾਗੇ ਸੋ ਤਨ ਜਾਣੇl ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਿਸ ਬਹਾਨੇ ਮੇਰੀ ਬਦਲੀ ਕੀਤੀ ਗਈ, ਉਸੇ ਬਹਾਨੇ ਇੱਕ ਉੱਚ-ਜਾਤੀ ਅਫਸਰ ਨੂੰ ਚਰਚਗੇਟ (ਮੁੰਬਈ) ਤੋਂ ਥਾਣੇ (ਮੁੰਬਈ ਦਾ ਉਪਨਗਰ - 35 ਕਿਲੋਮੀਟਰ) ਬਦਲ ਕੇ ਇਨਸਾਫ ਦਾ ਢਿੱਡ ਭਰ ਦਿੱਤਾ ਸੀl

ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਮਨੁੱਖ ਦੀ ਦੇਣ ਹੈl ਮੰਦੇ ਭਾਗੀਂ ਇਸ ਨੂੰ ਧਰਮ ਨਾਲ ਜੋੜ ਦਿੱਤਾ ਗਿਆl ਇਹ ਕਿਵੇਂ ਹੋਇਆ, ਬਹੁਤ ਵੱਡੀ ਵਿਆਖਿਆ ਦਾ ਵਿਸ਼ਾ ਹੈl ਅਟੱਲ ਸਚਾਈ ਇਹ ਹੈ ਕਿ ਮਨੁੱਖੀ ਵਿਚਾਰਧਾਰਾ ’ਤੇ ਅਧਾਰਿਤ ਕਿਸੇ ਵੀ ਸੰਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਦਾl ਭਰਤੀ ਸਮਾਜ ਵਿੱਚ ਜਾਤ ਜਿੰਦਾ ਰਹੇਗੀl ਜਿਸਦੇ ਰਹਿੰਦੇ ਪਤਾ ਨਹੀਂ ਕਿੰਨੇ ਕੁ ਹੋਰ ਪੂਰਨ, ਵੇਮੁੱਲੇ (ਰੋਹਿਥ ਚਕ੍ਰਵਰਥੀ ਵੇਮੁੱਲਾ ਹੈਦਰਾਬਾਦ ਯੂਨੀਵਰਸਟੀ ਵਿੱਚ ਪੀ ਐੱਚ ਡੀ ਦਾ ਵਿਦਿਆਰਥੀ ਸੀ ਜਿਸਨੇ ਜਾਤ ਅਧਾਰਿਤ ਵਿਕਤਰੇ ਕਰਕੇ 17 ਜਨਵਰੀ 2016 ਨੂੰ ਆਤਮਹੱਤਿਆ ਕਰ ਲਈ ਸੀ-- ਇਤਿਫਕਨ ਪੂਰਨ ਅਤੇ ਵੇਮੁੱਲਾ ਮਾਲਾ-ਜਾਤੀ ਦੇ ਸਨ, ਜਿਹੜੇ ਅਨੁਸੂਚਿਤ ਜਾਤੀ ਵਿੱਚ ਆਉਂਦੇ ਹਨ) ਜਾਤੀ-ਅਧਾਰਿਤ ਵਿਕਤਰੇ ਦਾ ਸ਼ਿਕਾਰ ਹੁੰਦੇ ਰਹਿਣਗੇl ਲਿਖਦੇ ਲਿਖਦੇ ਪੰਜਾਹ ਕੁ ਸਾਲ ਪਹਿਲਾਂ ਤਲਤ ਮਹਿਮੂਦ ਦਾ ਗਾਇਆ ਗੀਤ ਯਾਦ ਆ ਗਿਆ ਹੈ ਅਤੇ ਇੰਝ ਲਗਦਾ ਹੈ ਜਿਵੇਂ ਅਖੌਤੀ ਨੀਵੀਂ ਜਾਤ ਦਾ ਹਰ ਸ਼ਖਸ ਇਸ ਨੂੰ ਮਨ ਹੀ ਮਨ ਗਾ ਰਿਹਾ ਹੋਵੇ,

“ਜਾਏਂ ਤੋਂ ਜਾਏ ਕਹਾਂ,
ਦਰਦ ਭਰੇ ਦਿਲ ਕੀ ਜ਼ੁਬਾਂ
,
ਸਮਝੇਗਾ ਕੌਨ ਜਹਾਂ...
ਖਾਮੋਸ਼ੀਆਂ ਕਾ ਮਜ਼ਮਾ ਹੈ ਜੀਅ ਮੇਂ,
ਕਿਆ ਰਹਿ ਗਿਆ ਹੈ ਇਸ ਜ਼ਿੰਦਗੀ ਮੇਂ,
ਇੱਕ ਕਿਸ਼ਤੀ ਸੌ ਤੂਫ਼ਾਂ
ਜਾਏਂ ਤੋਂ ਜਾਏਂ ਕਹਾਂ...

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author