“ਇਸ ਕਾਰਵਾਈ ਦੌਰਾਨ ਇੱਕ ਕੌਤਕ ਵਾਪਰਿਆ। ਇੱਕ ਦਿਨ ਇੱਕ ਸੇਵਾ-ਮੁਕਤ ਅਧਿਕਾਰੀ ...”
(12 ਮਈ 2025)
ਪੰਜਾਹ ਕੁ ਸਾਲ ਪਹਿਲਾਂ ਸੰਚਾਰ ਸਾਧਨ ਬਹੁਤ ਘੱਟ ਸਨ। ਪਿੰਡ ਵਿੱਚ ਲਾਲ ਰੰਗ ਦੇ ਢੋਲ ਨੁਮਾ ਡੱਬੇ ਨੇ ਪਹਿਲਾਂ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਹੈਰਾਨੀ ਵਿੱਚ ਹੀ ਪਾ ਦਿੱਤਾ ਸੀ। ਹੌਲੀ ਹੌਲੀ ਉਹ ਇਸ ਨੂੰ ਲੈਟਰ ਬਕਸ ਕਹਿਣ ਲੱਗ ਪਏ ਸਨ। ਤਤਕਾਲੀ ਸੰਚਾਰ ਸਾਧਨਾਂ ਵਿੱਚੋਂ ਚਿੱਠੀ ਸਭ ਤੋਂ ਵੱਧ ਮਹੱਤਵਪੂਰਨ ਸਾਧਨ ਸੀ, ਜਿਸਦੇ ਕਈ ਰੂਪ ਸਨ। ਸਭ ਤੋਂ ਸਾਦਾ ਅਤੇ ਸੋਹਣਾ ਰੂਪ ਸੀ ਪੋਸਟਕਾਰਡ, ਜਿਸਦੇ ਦੋਹੀਂ ਪਾਸੀਂ ਲਿਖਿਆ ਜਾਂਦਾ ਸੀ। ਉਸ ਤੋਂ ਥੋੜ੍ਹਾ ਸ਼ਿੰਗਾਰਿਆ ਰੂਪ ਹਰਾ ਲਿਫ਼ਾਫ਼ਾ ਸੀ (ਇਸਦੇ ਤਿੰਨ ਸਫਿਆਂ ’ਤੇ ਲਿਖਿਆ ਜਾ ਸਕਦਾ ਸੀ ਅਤੇ ਇਸਦੀ ਤਹਿ ਲੱਗ ਕੇ ਲਿਫ਼ਾਫ਼ਾ ਬਣ ਜਾਂਦਾ ਸੀ। ਇਸਦੇ ਇੱਕ ਸਫ਼ੇ ਦੇ ਇੱਕ ਪਾਸੇ ਗੂੰਦ ਸੁਕਾਈ ਹੁੰਦੀ ਸੀ ਜਿਸ ਨੂੰ ਜੀਭ ਨਾਲ ਥੁੱਕ ਲਾ ਕੇ ਦੂਸਰੇ ਪਾਸੇ ਨਾਲ ਚੇਪ ਦਿੰਦੇ ਸੀ ਤੇ ਲਿਫ਼ਾਫ਼ਾ ਬੰਦ ਹੋ ਜਾਂਦਾ ਸੀ। ਤੀਸਰਾ ਢਕਿਆ ਢੋਲ ਸੀ, ਖ਼ਾਕੀ ਰੰਗ ਦਾ ਬਣਿਆ ਬਣਾਇਆ ਲਿਫ਼ਾਫ਼ਾ ਜਿਸਦੇ ਖੁੱਲ੍ਹੇ ਫਲੈਪ ’ਤੇ ਵੀ ਗੂੰਦ ਲੱਗੀ ਹੁੰਦੀ ਸੀ। ਚਿੱਠੀ ਹੋਰ ਕਾਗਜ਼ ’ਤੇ ਲਿਖੀ ਜਾਂਦੀ ਅਤੇ ਤਹਿ ਲਾ ਕੇ ਲਿਫਾਫੇ ਵਿੱਚ ਪਾਈ ਜਾਂਦੀ। ਇਸ ਨੂੰ ਵੀ ਅਕਸਰ ਜੀਭ ਨਾਲ ਥੁੱਕ ਲਾ ਕੇ ਬੰਦ ਕਰ ਦਿੱਤਾ ਜਾਂਦਾ ਸੀ। ਅਜਿਹੀ ਚਿੱਠੀ ਬਜ਼ਾਰ ਤੋਂ ਲਿਫ਼ਾਫ਼ਾ ਖਰੀਦ ਕੇ ਵੀ ਤਿਆਰ ਕਰ ਸਕਦੇ ਸੀ ਪਰ ਇਸ ’ਤੇ ਡਾਕ ਟਿਕਟ ਖਰੀਦ ਕੇ ਚਿਪਕਾਉਣੀ ਪੈਂਦੀ ਸੀ।
ਚਿੱਠੀ ਤੋਂ ਬੰਦੇ ਦੇ ਸਮਾਜਿਕ ਰੁਤਬੇ ਅਤੇ ਉਸ ਦੀ ਮਾਨਸਿਕਤਾ ਦਾ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਸੀ। ਗਰੀਬ ਆਦਮੀ ਪੋਸਟ ਕਾਰਡ ਲਿਖਦਾ, ਇਹ ਸਭ ਤੋਂ ਸਸਤਾ ਸੀ। ਉਦੋਂ ਬੰਦਾ ਆਪਣੇ ਘਰਦਿਆਂ, ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਦੀ ਖੈਰ ਸੁੱਖ ਦੇ ਨਾਲ ਨਾਲ ਘਰ ਦੀਆਂ ਗਊਆਂ-ਮੱਝਾਂ ਅਤੇ ਬੱਕਰੀਆਂ ਆਦਿ ਦੇ ਦੁੱਧ ਦੇਣ ਅਤੇ ਉਨ੍ਹਾਂ ਦੇ ਗਰਭਾਂ ਦੀ ਜਾਣਕਾਰੀ ਦੇ ਨਾਲ-ਨਾਲ ਨਗਰ ਖੇੜੇ ਦੀ ਖਬਰ ਸਾਰ ਵੀ ਲੈਂਦਾ। ਪੋਸਟ ਕਾਰਡ ਘਰ ਪਹੁੰਚਣ ਤਕ ਕੋਈ ਵੀ ਪੜ੍ਹ ਸਕਦਾ ਸੀ। ਬੰਦੇ ਦਾ ਜੀਵਨ ਖੁੱਲ੍ਹੀ ਕਿਤਾਬ ਸੀ। ਪੋਸਟ ਕਾਰਡ ’ਤੇ ਇਸ਼ਕ-ਹਕੀਕੀ ਬਾਰੇ ਬਹੁਤ ਜ਼ਿਕਰ ਹੁੰਦਾ ਸੀ। ਹਰ ਫਿਕਰੇ ਵਿੱਚ ਪਰਮਾਤਮਾ ਦਾ ਜ਼ਿਕਰ ਅਤੇ ਸ਼ੁਕਰਾਨਾ ਗਰੀਬ ਆਦਮੀ ਦੇ ਧਾਰਮਿਕ ਵਿਸ਼ਵਾਸ ਦਾ ਸੰਕੇਤ ਸੀ।
ਹਰੇ ਲਿਫਾਫੇ ਮੱਧ-ਵਰਗੀ ਪਰਿਵਾਰ ਵਰਤਦੇ ਸਨ। ਇਸਦੀ ਕੀਮਤ ਕਾਰਡ ਨਾਲੋਂ ਥੋੜ੍ਹੀ ਜ਼ਿਆਦਾ ਸੀ। ਉਨ੍ਹਾਂ ਕੋਈ ਪੜਦੇ ਦੀ ਗੱਲ ਸਾਂਝੀ ਕਰਨੀ ਹੁੰਦੀ ਹੋਵੇਗੀ। ਲੰਬੀ ਕਹਾਣੀ ਲਿਖੀ ਜਾ ਸਕਦੀ ਸੀ। ਕੋਈ ਕੋਈ ਵਿਅਕਤੀ ਇਸ਼ਕ-ਮਿਜਾਜੀ ਬਾਰੇ ਗੱਲ ਕਰਨ ਦੀ ਜੁਰਅਤ ਵੀ ਕਰ ਲੈਂਦਾ ਹੋਵੇਗਾ। ਇਸ ਅੰਦਰ ਲਿਖੇ ਨੂੰ ਪੜ੍ਹਨਾ ਆਸਾਨ ਨਹੀਂ ਹੁੰਦਾ ਸੀ। ਉਂਝ ਵੀ ਉਨ੍ਹੀਂ ਦਿਨੀਂ ਕਿਸੇ ਦੀ ਚਿੱਠੀ ਪੜ੍ਹਨਾ ਅਨੈਤਿਕ ਮੰਨਿਆ ਜਾਂਦਾ ਸੀ।
ਖ਼ਾਕੀ ਲਿਫ਼ਾਫ਼ਾ ਤਾਂ ਉੱਚ ਮੱਧ-ਵਰਗੀ ਅਤੇ ਪੜ੍ਹੇ ਲਿਖੇ ਪਰਿਵਾਰ ਹੀ ਵਰਤਦੇ ਹੋਣਗੇ। ਉਨ੍ਹਾਂ ਕੋਲ ਛੁਪਾਉਣ ਲਈ ਕਾਫੀ ਕੁਝ ਹੁੰਦਾ ਹੋਵੇਗਾ। ਹਰ ਸਮਾਜ ਦਾ ਉੱਚਾ ਤਬਕਾ ਆਮ ਲੋਕਾਂ ਕੋਲੋਂ ਬਹੁਤ ਕੁਝ ਛੁਪਾਉਣ ਦੀ ਬਿਰਤੀ ਰੱਖਦਾ ਹੈ। ਉਂਝ ਭਾਵੇਂ ਵਾਰਿਸ ਸ਼ਾਹ ਤਾਂ ਹਰ ਵਿਅਕਤੀ ਨੂੰ ਹੀ ਨਸੀਹਤ ਕਰਦੇ ਹਨ, “ਵਾਰਿਸ ਸ਼ਾਹ ਲੁਕੋਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ।”
ਡਾਕੀਆ ਪੋਸਟ ਕਾਰਡ ਗ਼ਰੀਬਾਂ ਦੇ ਵਿਹੜੇ ਵਿੱਚ ਹੀ ਛੁੱਟ ਜਾਂਦਾ ਸੀ ਕਿਉਂਕਿ ਉਸ ਨੂੰ ਕੋਈ ਘਰ ਮਿਲਦਾ ਹੀ ਨਹੀਂ ਹੋਵੇਗਾ। ਉਸਦੇ ਆਉਣ ਤਕ ਸਾਰੇ ਖੇਤਾਂ ਵਿੱਚ ਕੰਮ ਧੰਦਾ ਕਰਨ ਚਲੇ ਜਾਂਦੇ ਹੋਣਗੇ। ਕਈ ਮੌਕਿਆਂ ’ਤੇ ਤਾਂ ਪੋਸਟ-ਕਾਰਡ ਹਨੇਰੀ ਆਦਿ ਨਾਲ ਉਡ ਕੇ ਪਤਾ ਨਹੀਂ ਕਿੱਧਰ ਗੁੰਮ ਹੋ ਜਾਂਦਾ ਸੀ। ਹਰੇ ਲਿਫਾਫੇ ਡਾਕੀਆ ਮੱਧ-ਵਰਗੀ ਪਰਿਵਾਰਾਂ ਦੀਆਂ ਘਰ ਰਹਿੰਦੀਆਂ ਸੁਆਣੀਆਂ ਨੂੰ ਫੜਾ ਜਾਂਦਾ ਸੀ। ਖ਼ਾਕੀ ਲਿਫਾਫੇ ਉਹ ਖੁਦ ਸਰਦਾਰ ਸਾਹਿਬ, ਲਾਲਾ ਜੀ ਦੇ ਹੱਥ ਦਿੰਦਾ ਤੇ ਬਖਸ਼ੀਸ ਦੀ ਉਮੀਦ ਕਰਦਾ। ਉਸ ਦੀ ਬਖਸੀਸ ਸਰਕਾਰੀ ਮਹਿਕਮਿਆਂ ਵਿੱਚ ਸੇਵਾ ਪਿੱਛੇ ਮੇਵਾ ਖਾਣ ਦੀ ਬਿਰਤੀ ਦਾ ਪ੍ਰਤੀਕ ਕਹਿ ਸਕਦੇ ਹਾਂ। ਅੱਜ ਇਸ ਬਿਰਤੀ ਤੋਂ ਅਸੀਂ ਸਭ ਜਾਣੂ ਹਾਂ। ਡਾਕੀਆ ਉਂਝ ਭਾਵੇਂ ਸਰਕਾਰ ਦਾ ਦਰਜਾ ਚਾਰ ਮੁਲਾਜ਼ਮ ਹੁੰਦਾ ਸੀ ਪਰ ਪਿੰਡ ਵਿੱਚ ਸਤਿਕਾਰਿਤ ਸ਼ਖਸੀਅਤ ਸੀ।
ਗਰੀਬੀ ਅਤੇ ਅਨਪੜ੍ਹਤਾ ਦੇ ਪੇਂਡੂ ਮਾਹੌਲ ਵਿੱਚ ਚਿੱਠੀ ਪੜ੍ਹਨ ਵਾਲਾ ਪਿੰਡ ਦੇ ਹਰ ਤਬਕੇ ਦੇ ਜੀਵਨ ਦੇ ਕਾਫ਼ੀ ਪਹਿਲੂਆਂ ਬਾਰੇ ਜਾਣੂ ਹੋ ਜਾਂਦਾ ਸੀ। ਚਿੱਠੀ ਕਿਸੇ ਸਮਾਜ ਦੀ ਮਾਨਸਿਕਤਾ ਬਾਰੇ ਬਹੁਤ ਕੁਝ ਕਹਿੰਦੀ ਹੈ, ਦਾ ਬੋਧ ਬਹੁਤ ਦੇਰ ਬਾਅਦ ਹੋਇਆ। ਇਸ ਲਈ ਇੱਕ ਚਿੱਠੀ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ। ਉਨ੍ਹਾਂ ਵੇਲਿਆਂ ਵਿੱਚ ਚਿੱਠੀ ਤੋਂ ਸਮਾਜਿਕ ਬਣਤਰ ਅਤੇ ਸਮਾਜ ਦੀ ਸਿਹਤ ਸਮਝਣ ਦੀ ਸਮਰੱਥਾ ਕਿਸੇ ਟਾਵੇਂ ਮਨੁੱਖ ਵਿੱਚ ਹੀ ਹੁੰਦੀ ਹੋਵੇਗੀ, ਮੇਰੇ ਵਿੱਚ ਤਾਂ ਨਹੀਂ ਸੀ।
ਅਪਰੈਲ 1973 ਨੂੰ ਮੈਂ ਆਪਣੀ ਲੈਬਰਾਟਰੀ ਵਿੱਚ ਇੱਕ ਸਹਿਕਰਮੀ ਮਿੱਤਰ ਨਾਲ ਬੈਠ ਕੇ ਚਾਹ ਪੀ ਰਿਹਾ ਸੀ ਕਿ ਡਾਕੀਆ ਲਾਲ ਸਿਆਹੀ ਨਾਲ ਲਿਖੇ ਸਿਰਨਾਵੇਂ ਵਾਲੀ ਚਿੱਠੀ ਲੈ ਕੇ ਅੰਦਰ ਵੜਿਆ। ਲਾਲ ਰੰਗ ਹਮੇਸ਼ਾ ਖਤਰੇ ਦਾ ਪ੍ਰਤੀਕ ਰਿਹਾ ਹੈ, ਜਿਵੇਂ ਅਸੀਂ ਬਚਪਨ ਵਿੱਚ ਬਿਜਲੀ ਦੇ ਖੰਭੇ ਉੱਤੇ ਲਾਲ ਰੰਗ ਦੇ ਬੋਰਡ ’ਤੇ ਡਰਾਉਣੀ ਖੋਪੜੀ ਦੇ ਥੱਲੇ ‘Danger – ਖਤਰਾ’ ਲਿਖਿਆ ਦੇਖ ਕੇ ਖੰਭੇ ਤੋਂ ਦੂਰ ਭੱਜ ਜਾਂਦੇ ਸੀ। ਚਿੱਠੀ ਮਿੱਤਰ ਦੇ ਨਾਂ ਸੀ ਪਰ ਇਸ਼ਾਰੇ ਨਾਲ ਉਸ ਨੂੰ ਮੈਂ ਆਪਣੇ ਹੱਥ ਕਰ ਲਿਆ ਸੀ। ਜਾਤੀ-ਸੂਚਕ ਗਾਹਲਾਂ ਨਾਲ ਭਰਪੂਰ ਇਹ ਚਿੱਠੀ ਦੇ ਅੰਤ ’ਤੇ ਲਿਖਿਆ ਸੀ - ... ਤੁਮ੍ਹਾਰੀ ਮੌਤ।
ਚਿੱਠੀ ਪੜ੍ਹਦਿਆਂ ਹੀ ਸਾਡਾ ਚਿਹਰਾ ਪੀਲਾ ਪੈ ਗਿਆ। ਅਜੇ ਗਿਆਰਾਂ ਕੁ ਹੀ ਵੱਜੇ ਸਨ, ਦਿਨ ਲੰਘਣਾ ਔਖਾ ਲੱਗਣ ਲੱਗਿਆ। ਵਿਦਿਆਰਥੀ ਨਕਲ ਮਾਰਨ ਦੇ ਅਤੇ ਸਟਾਫ ਨਕਲ ਮਰਵਾਉਣ ਦਾ ਆਦੀ ਹੋ ਚੁੱਕਿਆ ਸੀ ਪਰ ਅਸੀਂ ਕੁਝ ਹਮ-ਖਿਆਲੀ ਦੋਸਤ ਨਕਲ ਰੋਕਣ ਲਈ ਬਜ਼ਿੱਦ ਸਾਂ। ਫ਼ੈਸਲਾ ਕੀਤਾ ਕਿ ਛੁੱਟੀ ਤੋਂ ਬਾਅਦ ਆਪਣੀ ਢਾਣੀ ਵਿੱਚ ਚਿੱਠੀ ਬਾਰੇ ਗੱਲ ਕੀਤੀ ਜਾਵੇ। ਇਹ ਤਾਂ ਸੋਚਿਆ ਹੀ ਨਹੀਂ ਸੀ ਜਾ ਸਕਦਾ ਕਿ ਨਕਲ ਕਰਨ ਤੋਂ ਰੋਕਣ ਲਈ ਕੋਈ ਮੌਤ ਦੀ ਧਮਕੀ ਵੀ ਦੇ ਸਕਦਾ ਹੈ। ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਸਾਡੇ ਦਿਮਾਗੀਂ ਸੁੰਨ ਜਿਹੀ ਪਸਰ ਗਈ। ਚਿੱਠੀ ਨੂੰ ਡੀ ਕੋਡ ਕਰਨਾ ਨਹੀਂ ਜਾਣਦੇ ਸੀ। ਫ਼ੈਸਲਾ ਹੋਇਆ ਕਿ ਪ੍ਰਿੰਸੀਪਲ ਰਾਹੀਂ ਚਿੱਠੀ ਪੁਲਿਸ ਦੇ ਹਵਾਲੇ ਕਰ ਦਿੱਤੀ ਜਾਵੇ। ਮਾਰਨ ਦੀ ਧਮਕੀ ਤਾਂ ਦਿੱਤੀ ਹੀ ਗਈ ਸੀ, ਇਸ ਲਈ FIR ਦਰਜ ਕਰਵਾਈ ਜਾਵੇ।
ਚਿੱਠੀ ਕਿਸ ਨੇ ਲਿਖਵਾਈ ਹੈ ਅਤੇ ਕਿਉਂ ਲਿਖਵਾਈ ਹੈ? ਕੀ ਸਾਨੂੰ ਡਰਾਇਆ ਜਾ ਰਿਹਾ ਸੀ? ਕੀ ਚਿੱਠੀ ਦਾ ਮਕਸਦ ਸਾਡੀ ਜੁੰਡਲੀ ਵਿੱਚ ਮੱਤਭੇਦ ਖੜ੍ਹੇ ਕਰਨਾ ਸੀ ਕਿਉਂਕਿ ਧਮਕੀ ਇੱਕ ਨੂੰ ਹੀ ਦਿੱਤੀ ਗਈ ਸੀ? ਅਜਿਹੇ ਸਵਾਲ ਸਾਡੇ ਜ਼ਿਹਨ ਵਿੱਚ ਨਹੀਂ ਆ ਰਹੇ ਸਨ। ਕਿਸ ਨੇ ਲਿਖੀ ਹੈ ਇਹ ਚਿੱਠੀ, ਦਾ ਪ੍ਰਸ਼ਨ ਜ਼ਰੂਰ ਪ੍ਰੇਸ਼ਾਨ ਕਰ ਰਿਹਾ ਸੀ।
ਚਿੱਠੀ ਲੈਕੇ ਅਸੀਂ ਸਾਹਿਬ ਕੋਲ ਚਲੇ ਗਏ। ਸਾਹਿਬ ਨੇ ਕਈ ਦਿਨ ਕੁਝ ਉੱਤਰ-ਪਤਾ ਨਾ ਦਿੱਤਾ। ਬੱਸ ਇੰਨਾ ਕਹਿ ਛੱਡਿਆ ਕਰਨ, “ਓ ਛੱਡੋ ਜੀ, ਦੇਖਦੇ ਹਾਂ। ਬੱਚੇ ਹਨ, ਅਜਿਹੀਆਂ ਸ਼ਰਾਰਤਾਂ ਕਰਦੇ ਰਹਿੰਦੇ ਹਨ। ਪੁਲਿਸ ਨੂੰ ਦੇਵਾਂਗੇ ਤਾਂ ਇੰਸਟੀਚਿਊਟ ਦੀ ਬਦਨਾਮੀ ਹੋਵੇਗੀ।”
ਅਸੀਂ ਅੜ ਗਏ ਕਿ ਘੱਟ ਤੋਂ ਘੱਟ ਚਿੱਠੀ ਪੁਲਿਸ ਨੂੰ ਜ਼ਰੂਰ ਦੇ ਦਿੱਤੀ ਜਾਵੇ। ਆਖਰ ਚਿੱਠੀ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ। ਪੁਲਿਸ ਇੰਸਪੈਕਟਰ ਕਹੇ ਕਿ ਤੁਸੀਂ ਨਾਉਂ ਲਵੋ। ਸ਼ੱਕ ਦੀ ਸੂਈ ਇੱਕ ਵਿਦਿਆਰਥੀ ਵੱਲ ਘੁੰਮਦੀ ਸੀ ਪਰ ਅਸੀਂ ਸ਼ੱਕ ’ਤੇ ਕੋਈ ਕਾਰਵਾਈ ਨਹੀਂ ਸੀ ਹੋਣ ਦੇਣਾ ਚਾਹੁੰਦੇ। ਉਂਝ ਬਾਅਦ ਵਿੱਚ ਸਾਡਾ ਸ਼ੱਕ ਸਹੀ ਵੀ ਨਿਕਲਿਆ ਸੀ।
ਇਸ ਕਾਰਵਾਈ ਦੌਰਾਨ ਇੱਕ ਕੌਤਕ ਵਾਪਰਿਆ। ਇੱਕ ਦਿਨ ਇੱਕ ਸੇਵਾ-ਮੁਕਤ ਅਧਿਕਾਰੀ ਕੱਪੜਿਆਂ ਦੀ ਪੋਟਲੀ ਚੁੱਕੀ ਮੇਰੇ ਕੋਲ ਆ ਕੇ ਬੇਨਤੀ ਕਰਨ ਲੱਗਾ ਕਿ ਇਨ੍ਹਾਂ ਨੂੰ ਡਰਾਈ-ਕਲੀਨ ਕਰਵਾ ਦਿਓ। ਇੰਸਟੀਚਿਊਟ ਦੇ ਰੇਟ ਬਹੁਤ ਸਸਤੇ ਸਨ। ਉਸ ਬਜ਼ੁਰਗ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਪੁਲਿਸ ਵਿਭਾਗ ਵਿੱਚ ਹੱਥ-ਲਿਖਤ ਦੀ ਸ਼ਨਾਖ਼ਤ ਕਰਨਾ ਉਸ ਦਾ ਕੰਮ ਰਿਹਾ ਸੀ। ਉਹ ਸਾਡੇ ਲਈ ਫਰਿਸ਼ਤਾ ਬਣ ਕੇ ਆਇਆ ਸੀ। ਦੋ ਚਾਰ ਦਿਨਾਂ ਵਿੱਚ ਹੀ ਉਸ ਨੇ ਹੱਥ ਲਿਖਤ ਤਕਨੀਕ ਰਾਹੀਂ ਉਸ ਵਿਦਿਆਰਥੀ ਦੀ ਸ਼ਨਾਖਤ ਕਰ ਦਿੱਤੀ, ਜਿਸ ਨੇ ਚਿੱਠੀ ਲਿਖੀ ਸੀ। ਉਸ ਨੇ ਲਿਖ ਕੇ ਤਸਦੀਕ ਕਰ ਦਿੱਤਾ।
ਜਿਉਂ ਹੀ ਅਸੀਂ ਉਸ ਦਾ ਦਿੱਤਾ ਸਰਟੀਫਿਕੇਟ ਪ੍ਰਿੰਸੀਪਲ ਕੋਲ ਹਾਜ਼ਰ ਕੀਤਾ, ਭੇਤ ਦੀਆਂ ਪਰਤਾਂ ਖੁੱਲ੍ਹਣ ਲੱਗ ਪਈਆਂ। ਵਿਦਿਆਰਥੀ ਵਿਰੁੱਧ ਪੱਕਾ ਸਬੂਤ ਹੋਣ ਕਰਕੇ ਉਹ ਜੇਲ੍ਹ ਜਾ ਸਕਦਾ ਸੀ। ਉਸ ਨੂੰ ਪਤਾ ਲੱਗਦੇ ਹੀ ਪ੍ਰਿੰਸੀਪਲ ਸਾਹਿਬ ਕੋਲ ਸਿਫਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਸਮਾਜ ਦੇ ਚਿਹਰੇ ਤੋਂ ਪਰਦਾ ਉੱਠਣਾ ਸ਼ੁਰੂ ਹੋ ਗਿਆ। ਪਤਾ ਲੱਗਿਆ ਕਿ ਨਾਲ ਦੇ ਦਫਤਰ ਵਿੱਚ ਵਿਦਿਆਰਥੀ ਦਾ ਰਿਸ਼ਤੇਦਾਰ ਪ੍ਰਿੰਸੀਪਲ ਸਾਹਿਬ ਦਾ ਦੋਸਤ ਸੀ ਅਤੇ ਇਨ੍ਹਾਂ ਦੋਹਾਂ ਮਿੱਤਰਾਂ ਨੇ ਹੀ ਉਸ ਵਿਦਿਆਰਥੀ ਨੂੰ ਹੱਲਾ-ਸ਼ੇਰੀ ਦੇ ਕੇ ਚਿੱਠੀ ਲਿਖਵਾਈ ਸੀ। ਇਹ ਵੀ ਖ਼ਬਰ ਉਡਣ ਲੱਗੀ ਕਿ ਇਹ ਸਾਰਾ ਕੁਝ ਅਨੁਸੂਚਿਤ ਜਾਤੀ ਦੇ ਅਧਿਆਪਕਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ ਤਾਂ ਕਿ ਇਮਿਤਹਾਨ ਵਿੱਚ ਆਪਣੀ ਮਨਮਰਜ਼ੀ ਕੀਤੀ ਜਾ ਸਕੇ, ਇਮਾਨਦਾਰੀ ਨਾਲ ਪੜ੍ਹਾਉਣ ਅਤੇ ਵਿਦਿਆਰਥੀਆਂ ਦਾ ਸਹੀ ਮੁਲਾਂਕਣ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ। ਇਹ ਵੀ ਸਾਫ਼ ਹੋ ਗਿਆ ਕਿ ਬਹੁਤੇ ਅਧਿਆਪਕ ਵਿਦਿਆਰਥੀਆਂ ਦੇ ਗੁੰਡੇਪਨ ਤੋਂ ਡਰਦੇ ਸਨ। ਉਹ ਅਜਿਹੀਆਂ ਕਾਰਵਾਈਆਂ ਦੇ ਦੂਰਗਾਮੀ ਸਿੱਟਿਆਂ ਤੋਂ ਅਨਜਾਣ ਸਨ। ਉਹ ਅਸੀਂ ਕੀ ਲੈਣਾ ਹੈ, ਦੀ ਬਿਰਤੀ ਦੇ ਧਾਰਨੀ ਸਨ। ਸਮਾਜ ਵਿੱਚ ਪਣਪ ਰਹੀਆਂ ਬਿਰਤੀਆਂ ਜਿਵੇਂ ਕਿ ਸ਼ਹਿਰੀ ਵਿੱਦਿਅਕ ਅਦਾਰਿਆਂ ਵਿੱਚ ਵੀ ਜਾਤੀ ਭੇਦ-ਭਾਵ ਦਾ ਅਦਿੱਖ ਰੂਪ, ਭਾਈ-ਭਤੀਜਾਵਾਦ, ਅਧਿਆਪਕਾਂ ਦਾ ਨਿੱਜੀ ਹਿਤ ਨੂੰ ਮੁੱਖ ਰੱਖਣਾ, ਪੁਲਿਸ ਦਾ ਐੱਫ ਆਈ ਆਰ ਦਰਜ ਨਾ ਕਰਨਾ, ਵਿਦਿਆਰਥੀਆਂ ਅਤੇ ਸਮਾਜ ਵਿੱਚ ਅਪਰਾਧਿਕ ਬਿਰਤੀ ਦੇ ਫੈਲਣ ਦਾ ਕਿਸੇ ਨੇ ਕੋਈ ਨੋਟਿਸ ਨਾ ਲੈਣਾ, ਰਿਸ਼ਵਤ ਦਾ ਪਨਪਣਾ ਆਦਿ ਇਸ ਚਿੱਠੀ ਨੇ ਸਾਡੇ ਸਾਹਮਣੇ ਰੱਖ ਦਿੱਤੀਆਂ ਸਨ। ਉਹ ਲੜਕਾ ਮਾਮੂਲੀ ਜੁਰਮਾਨਾ ਅਤੇ ਮੁਆਫੀਨਾਮਾ ਲਿਖਵਾ ਕੇ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਸੀ। ਉਹ ਦਿੱਲੀ ਦੇ ਕਿਸੇ ਖਾਂਦੇ ਪੀਂਦੇ ਪਰਿਵਾਰ ਵਿੱਚੋਂ ਸੀ। ਪ੍ਰਿੰਸੀਪਲ ਸਾਹਿਬ ਵੀ ਰਾਜਧਾਨੀ ਤੋਂ ਹੀ ਸਨ। ਪਿਛਲਝਾਤ ਮਾਰਿਆਂ ਲਗਦਾ ਹੈ ਕਿ ਅਪਰਾਧਿਕ ਅੰਸ਼ ਅਦਾਰਿਆਂ ਵਿੱਚ ਪੈਰ ਪਸਾਰਨ ਦੀ ਸ਼ੁਰੂਆਤ ਹੋ ਚੁੱਕੀ ਸੀ।
ਅੱਜ ਵੀ ਅੱਧੀ ਸਦੀ ਬਾਅਦ ਅਸੀਂ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਸਭ ਕੁਝ ਸ਼ਰੇਆਮ ਹੋ ਰਿਹਾ ਹੈ। ਸੋਸ਼ਲ ਮੀਡੀਆ ਅਤੇ ਹੋਰ ਸੰਚਾਰ ਮੀਡੀਆ ਲਾਲ ਅੱਖਰਾਂ ਵਾਲੇ ਸਿਰਨਾਵੇਂ ਦੀ ਚਿੱਠੀ ਵਾਂਗ ਬੜਾ ਕੁਝ ਕਹਿ ਰਿਹਾ ਹੈ ਪਰ ਅੱਜ ਦੀ ਪੀੜ੍ਹੀ ਮੇਰੇ ਵਾਂਗ ਹੀ ਸੋਸ਼ਲ ਮੀਡੀਆ ’ਤੇ ਚੱਲ ਰਹੇ ਬਿਰਤਾਂਤ ਨੂੰ ਡੀਕੋਡ ਕਰਨ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)