“ਵੀਰ ਜੀ, ਫੁੱਫੜ ਜੀ ਤਾਂ ਉਦੋਂ ਹੀ ਸਵਰਗਵਾਸ ਹੋ ਗਏ ਸਨ, ਜਦੋਂ ਤੂੰ ਅਜੇ ਦੋ ਕੁ ਸਾਲ ਦਾ ਸੀ। ਇਹ ਕਿਹੜੇ ‘ਪਿਤਾ ਜੀ’ ਦੀ ਗੱਲ ...”
(23 ਅਪਰੈਲ 2024)
ਇਸ ਸਮੇਂ ਪਾਠਕ: 185.
ਪੰਜਾਬ ਗੁਰੂ ਦੇ ਨਾਂ ’ਤੇ ਜਿਊਂਦਾ ਸੀ/ਹੈ। ਪਿਛਲੀ ਸਦੀ ਦੇ ਪੰਜਾਬੀ ਜੀਵਨ ’ਤੇ ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਸੀ। ਇਸਦਾ ਅਸਰ ਸਾਰੇ ਪੰਜਾਬ ’ਤੇ ਪੂਰਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਬਚਪਨ ਦੇ ਦਿਨੀਂ ਦੇਖੇ ਡੇਰਿਆਂ ਦੇ ਸਾਧ/ਸੰਤ ਗੁਰੂਆਂ ਤੋਂ ਵੱਖਰੀ ਪਛਾਣ ਬਣਾ ਕੇ ਪੇਂਡੂ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਸਨ। ਪੇਂਡੂ ਸਮਾਜ ਦੇ ਹਰ ਤਬਕੇ ’ਤੇ ਇਨ੍ਹਾਂ ਦਾ ਵਿਚਾਰਧਾਰਕ ਗਲਬਾ ਸੀ। ਪਿਤਾ ਜੀ ਅਤੇ ਉਨ੍ਹਾਂ ਦੇ ਇੱਕ ਦੋਸਤ ਤੋਂ ਅਕਸਰ ਸੁਣਿਆ ਕਰਦਾ ਸੀ ਕਿ ‘ਫਲਾਂ ਫਲਾਂ ਪਿੰਡ ਬੈਠਾ ਸੰਤ ਬੜਾ ਪਹੁੰਚਿਆ ਹੋਇਆ ਹੈ, ਇੱਕ ਦਿਨ ਦਰਸ਼ਨ ਕਰਕੇ ਆਈਏ’। ਮੇਰੇ ਕੁਝ ਸਮਝ ਨਹੀਂ ਆਉਂਦਾ ਸੀ ਕਿ ਬਈ ਉਹ ਕਿੱਥੇ ਪਹੁੰਚ ਹੋਇਆ ਹੈ? ਬਾਲ ਬੁੱਧੀ ਜੁ ਸੀ। ਇਸ ‘ਪਹੁੰਚੇ ਹੋਏ’ ਅਲੰਕਾਰ ਦੇ ਅਰਥ ਸਮਝਣ ਵਿੱਚ ਬੜਾ ਹੀ ਵਕਤ ਲੱਗ ਗਿਆ। ਅੱਜ ਸਾਧੂ-ਸੰਤ ਉਸ ਤੋਂ ਵੀ ਵੱਡਾ ਸੰਗਠਿਤ ਰੂਪ ਧਾਰਨ ਕਰ ਗਏ ਹਨ।
ਪਿੰਡ ਦੇ ਗਿਰਦ ਡੇਰੇ ਹੀ ਡੇਰੇ ਸਨ ਅਤੇ ਉਨ੍ਹਾਂ ਸਭ ਵਿੱਚ ‘ਪਹੁੰਚੇ ਹੋਏ ਬਾਬੇ’ ਬਿਰਾਜਮਾਨ ਸਨ। ਸਾਰਿਆਂ ਦੇ ਨਾਂ ਹੁਣ ਯਾਦ ਨਹੀਂ ਆ ਰਹੇ, ਦੋ ਕੁ ਦਾ ਵਰਣਨ ਹੀ ਕਾਫੀ ਰਹੇਗਾ। ਪਿੰਡ ਦੇ ਗੁਰਦੁਆਰੇ (ਉਸ ਵੇਲੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਹੀ ਗੁਰਦੁਆਰਾ ਹੁੰਦਾ ਸੀ, ਹੁਣ ਪੰਜ ਹਨ) ਤੋਂ ਥੋੜ੍ਹਾ ਹਟਵੇਂ ਸ਼ਮਸ਼ਾਨ ਘਾਟ ਵਿੱਚ ‘ਲੈਚੀ ਦਾਸ’ ਸਾਧ ਨੇ ਕੁੱਲੀ ਪਾਈ ਹੋਈ ਸੀ। ਉਹਨੇ ਆਪ ਕੁੱਲੀ ਕੀ ਪਾਈ ਹੋਣੀ ਹੈ, ਉਸ ਦੇ ਚੇਲਿਆਂ ਚਪਟਿਆਂ ਨੇ ਪਾ ਦਿੱਤੀ ਹੋਣੀ ਹੈ। ਥੋੜ੍ਹਾ ਵੱਡਾ ਹੋਇਆ ਤਾਂ ਗਰਮੀ ਦੀਆਂ ਛੁੱਟੀਆਂ ਵਿੱਚ ਦਿਨ ਦੇ ਛਿਪਾ ਨਾਲ ਕਦੇ ਕਦੇ ‘ਲੈਚੀ ਦਾਸ’ ਕੋਲ ਕਿਸੇ ਨੇ ਫੜ ਕੇ ਲੈ ਜਾਣਾ - ‘ਚੱਲ ਪਾੜ੍ਹਿਆ ਤੈਨੂੰ ਹਵਾਖੋਰੀ ਕਰਵਾ ਲਿਆਈਏ, ਟੰਗਾਂ ਮੋਕਲੀਆਂ ਹੋ ਜਾਣਗੀਆਂ।’ ਉਹ ਸਾਧ ਸਾਰਾ ਸਮਾਂ ਸਾਧਵੀ ਭਾਸ਼ਾ ਵਿੱਚ ਉਲ-ਜਲੂਲ ਜਿਹਾ ਬੋਲਦਾ ਰਹਿੰਦਾ ਤੇ ਭਗਤ ਸਿਰ ਹਿਲਾਉਣ ਦਾ ਫਰਜ਼ ਪੂਰਾ ਕਰੀ ਜਾਂਦੇ। ਇੱਕ ਦਿਨ ਇਕਾਂਤ ਵਿੱਚ ਮੈਨੂੰ ਲੈਚੀ ਦਾਸ ਨਾਲ ਮਿਲਣ ਦਾ ਸਬੱਬ ਬਣਿਆ ਤਾਂ ਪਤਾ ਲੱਗਿਆ ਕਿ ਉਹ ਕਿੱਥੇ ਪਹੁੰਚਿਆ ਹੋਇਆ ਸੀ। ਪਿਛਲਝਾਤ ਮਾਰਿਆਂ ਕਹਿ ਸਕਦਾ ਹਾਂ ਕਿ ਉਹ ਆਪਣੇ ਸਮੇਂ ਦਾ ‘ਰਜਨੀਸ਼’ ਬਣ ਚੁੱਕਾ ਸੀ ਅਤੇ ਅਚਾਰੀਆ ਰਜਨੀਸ਼ ਦੀ ਸੰਸਾਰ ਪ੍ਰਸਿੱਧ ਕ੍ਰਿਤ ‘ਸੰਭੋਗ ਤੋਂ ਸਮਾਧੀ ਤਕ’ ਦੀ ਸਕ੍ਰਿਪਟ ਲਿਖ ਰਿਹਾ ਸੀ। ਭਗਤਾਂ ਨੂੰ ਸਭ ਕੁਝ ਮੁਫ਼ਤ ਮਿਲ ਰਿਹਾ ਸੀ … …।
ਉਸ ਦਿਨ ਤੋਂ ਬਾਅਦ ਮੈਨੂੰ ਉਹ ਢੌਂਗੀ ਹੱਦੋਂ ਪਰੇ ਬੁਰਾ ਲੱਗਣ ਲੱਗ ਗਿਆ। ਪਤਾ ਨਹੀਂ ਉਸ ਨੇ ਕਿੰਨੇ ਅਣਭੋਲ ਹਰੀਜਨ ਦੜੇ-ਸੱਟੇ ਲਵਾ ਕੇ ਗਰੀਬ ਤੋਂ ਹੋਰ ਗਰੀਬ ਬਣਾ ਦਿੱਤੇ ਸਨ।
‘ਪਨੀਥਰੀ’ ਨਾਂ ਦੇ ਟੋਭੇ ’ਤੇ ਸਭ ਤੋਂ ਵੱਡਾ ਡੇਰਾ ਸੀ। ਡੇਰਾ ਅਖੌਤੀ ਉੱਚ ਜਾਤੀਆਂ ਦੇ ਸ਼ਮਸ਼ਾਨ-ਘਾਟ ਵਿੱਚ ਹੀ ਸੀ। ਲੈਚੀ ਸਾਧ ਦੀ ਛਪਰੀ ਸੀ ਪਰ ਇਹ ਡੇਰਾ ਪੱਕਾ ਅਤੇ ਛਾਂ ਵਾਲੇ ਦਰਖ਼ਤਾਂ ਨਾਲ ਘਿਰਿਆ ਹੋਇਆ ਸੀ। ਇਸ ਉੱਤੇ ਹੱਟੇ-ਕੱਟੇ ‘ਰੋਡੇ ਬਾਬੇ’ ਦਾ ਕਬਜ਼ਾ ਸੀ। ਮੂੰਹ-ਸਿਰ ’ਤੇ ਵਾਲ਼ ਨਾ ਹੋਣ ਕਰਕੇ ਲੋਕ ਉਸ ਨੂੰ ‘ਰੋਡਾ ਬਾਬਾ’ ਕਹਿੰਦੇ ਸਨ। ਡੇਰੇ ਦੀ ਹਲਟੀ ’ਤੇ ਥੱਕੇ-ਟੁੱਟੇ ਕਿਸਾਨ-ਜਿਮੀਂਦਾਰ ਦੁਪਹਿਰੇ ਅਤੇ ਸ਼ਾਮ ਨੂੰ ਇਸ਼ਨਾਨ ਕਰਕੇ ਆਰਾਮ ਫੁਰਮਾਉਂਦੇ। ਵਿਹਲੜ ਸਾਰਾ ਦਿਨ ਹੀ ਬਾਬੇ ਦੇ ਪ੍ਰਵਚਨ ਸੁਣਦੇ ਤੇ ਦੁੱਧ, ਚਾਹ, ਰੋਟੀ ਅਤੇ ਹੋਰ ਅਨੰਦ ਮਾਣਦੇ। ਅਖੌਤੀ ਨੀਵੀਂਆਂ ਜਾਤਾਂ ਦੇ ਪ੍ਰਾਣੀਆਂ ਲਈ ਉਹ ਵਰਜਿਤ ਖੇਤਰ ਵਰਗਾ ਹੀ ਸੀ। ਕਿਰਤੀਆਂ ਦੇ ਘਰਾਂ ਤੋਂ ਲੰਘਦਿਆਂ ਉਹ ਮੂੰਹ ’ਤੇ ਪਰਨਾ ਕਰ ਲੈਂਦਾ। ਅਸੀਂ ਬਾਬੇ ਨੂੰ ਝੁਕ ਕੇ ‘ਰਾਮ-ਰਾਮ’ ਵੀ ਕਹਿੰਦੇ ਤਾਂ ਉਹ ਮੂੰਹ ਫੇਰ ਲੈਂਦਾ ਤੇ ਥੁੱਕਦਾ ਹੋਇਆ ਪਾਸਾ ਵੱਟ ਕੇ ਅਗਾਂਹ ਲੰਘ ਜਾਂਦਾ।
ਇਸ ਤੋਂ ਪਹਿਲਾਂ ਕਿ ਇਸ ਵਿਹਲੜ ਬਾਬੇ ਬਾਰੇ ਹੋਰ ਲਿਖਾਂ, ਇੱਕ ਸੱਚਮੁੱਚ ਪਹੁੰਚੇ ਹੋਏ ਕਿਰਤੀ ਬਾਬੇ ਬਾਰੇ ਵੀ ਦੱਸਣਾ ਚਾਹੁੰਦਾ ਹਾਂ। 1966 ਦੇ ਵਰ੍ਹੇ ਉਹ ਸੰਗਰੂਰ ਸਾਡੇ ਨਾਲ ਦੇ ਇੱਕ ਕਮਰੇ ਵਿੱਚ ਆਪਣੇ ਪੁੱਤਰ ਨਾਲ ਰਹਿੰਦਾ ਸੀ। ਪਿਓ-ਪੁੱਤ ਮਿਹਨਤ ਕਰਕੇ ਧਨ ਕਮਾਉਂਦੇ ਅਤੇ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਢਿੱਡ ਭਰਦੇ। ਉਹ ਬਾਬਾ ਜੀ ਕਦੇ ਸਾਡੇ ਨਾਲ ਗੱਲ ਵੀ ਨਹੀਂ ਕਰਦੇ ਸਨ ਪਰ ਇੱਕ ਦਿਨ ਅਚਾਨਕ ਉਹ ਮਾਰਚ ਦੇ ਪਿਛਲੇ ਪੰਦਰਵਾੜੇ ਸਾਡੇ ਕਮਰੇ ਵਿੱਚ ਆ ਵੜੇ। ਮੇਰਾ ਹੱਥ ਫੜ ਕੇ ਉਹ ਕਹਿਣ ਲੱਗੇ, “ਤੂੰ ਕਾਲਜ ਵਿੱਚੋਂ ਫਸਟ ਆਵੇਂਗਾ, ਭਾਵੇਂ ਅੱਜ ਪੜ੍ਹਨਾ ਛੱਡ ਦੇ।”
ਅਸੀਂ ਕਈ ਦੋਸਤ ਬੈਠੇ ਸੀ, ਸਾਡੀਆਂ ਅੱਖਾਂ ਟੱਡੀਆਂ ਰਹਿ ਗਈਆਂ, “ਹੈਂ! ਬਾਬਾ ਹੱਥ ਵੀ ਦੇਖਦੈ? ਸਭ ਨੇ ਹੱਥ ਮੋਹਰੇ ਕਰ ਦਿੱਤੇ ਪਰ ਉਸ ਨੇ ਕਿਸੇ ਹੋਰ ਦਾ ਹੱਥ ਨਾ ਦੇਖਿਆ। ਉਹਨੇ ਪੇਪਰ ਤੋਂ ਇੱਕ ਦਿਨ ਪਹਿਲਾਂ ਮੈਨੂੰ ਦੱਸਿਆ ਕਿ ਮੇਰੇ ਕਿੰਨੇ ਆਨੇ ਨੰਬਰ ਆਉਣਗੇ ਅਤੇ ਦੂਸਰਿਆਂ ਦੇ ਕਿੰਨੇ ਆਨੇ ਹੋਣਗੇ। ਉਨ੍ਹੀਂ ਦਿਨੀਂ ਪ੍ਰਤੀਸ਼ਤ ਨੂੰ ਆਨਿਆਂ ਵਿੱਚ ਦੱਸਿਆ ਜਾਂਦਾ ਸੀ - ਇੱਕ ਰੁਪਏ ਵਿੱਚ ਸੋਲਾਂ ਆਨੇ ਹੁੰਦੇ ਸਨ ਅਤੇ ਅੱਠ ਆਨਿਆਂ ਦਾ ਮਤਲਬ ਹੁੰਦਾ ਸੀ 50%। ਖ਼ੈਰ, ਮੈਂ ਉਸ ਦੇ ਦੱਸੇ ਮੁਤਾਬਿਕ ਫਸਟ ਹੀ ਆਇਆ ਅਤੇ ਸਬਜੈਕਟ ਮੁਤਾਬਿਕ ਵੀ ਪ੍ਰਤੀਸ਼ਤ ਠੀਕ ਹੀ ਰਹੀ। ਰਿਜ਼ਲਟ ਆਉਣ ’ਤੇ ਮੈਂ ਉਸ ਦਾ ਮੂੰਹ ਮਿੱਠਾ ਕਰਵਾਉਣ ਗਿਆ ਤਾਂ ਉਸ ਨੇ ਲੱਡੂ ਖਾਣ ਤੋਂ ਸਾਫ਼ ਨਾਂਹ ਕਰ ਦਿੱਤੀ ਅਤੇ ਇੱਕ ਲੱਸੀ ਦਾ ਗਲਾਸ ਮੰਗ ਕੇ ਪੀ ਲਿਆ। ਪਿਛਲਝਾਤ ਮਾਰਿਆਂ ਸੋਚਦਾ ਹਾਂ ਕਿ ਉਹ ਕਿਰਤੀ ਕਾਮਾ ਉਸ ਸਰਬ ਸ਼ਕਤੀਮਾਨ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੂੰ ਹਸਤ-ਰੇਖਾਵਾਂ ਦਾ ਗਿਆਨ ਸੀ। ਮੇਰੀ ਨਜ਼ਰ ਵਿੱਚ ਉਹ ਪਹੁੰਚਿਆ ਹੋਇਆ ਸੰਤ ਸੀ।
ਹੁਣ ਦੇਖਦੇ ਹਾਂ ‘ਰੋਡਾ ਬਾਬਾ ‘ਕਿੱਥੇ ਪਹੁੰਚ ਗਿਆ ਸੀ? ਉੱਪਰਲੇ ਵਾਕਿਆਤ ਤੋਂ ਕੋਈ ਤਿੰਨ ਕੁ ਸਾਲ ਬਾਅਦ ਮੇਰੇ ਛੋਟੇ ਭਰਾ ਦੀ ਸ਼ਾਦੀ ਰੱਖੀ ਤਾਂ ਸਹਿਜ-ਪਾਠ ਲਈ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸਰੂਪ ਲੈਣ ਲਈ ਬਾਪੂ ਜੀ ਬਾਬੇ ਦੇ ਡੇਰੇ ਪਹੁੰਚ ਗਏ। ਪਹੁੰਚੇ ਹੋਏ ਬਾਬੇ ਨੇ ਸਾਫ਼ ਨਾਂਹ ਕਰ ਦਿੱਤੀ ਅਤੇ ਫਰਮਾਨ ਜਾਰੀ ਕਰ ਦਿੱਤਾ, “ਬੀੜ ਚਮਾਰਾਂ ਦੇ ਨਹੀਂ ਜਾਵੇਗੀ।”
ਬਾਪੂ ਜੀ ਅੰਮ੍ਰਿਤਧਾਰੀ ਸਿੱਖ ਸਨ। ਉਨ੍ਹਾਂ ਰੋਸ ਜ਼ਹਿਰ ਕਰਦਿਆਂ ਕਿਹਾ, “ਸਾਧਾ, ਜਿਹੜਾ ‘ਰਵਿਦਾਸ ਚਮਾਰ’ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਾ ਹੈ, ਪਹਿਲਾਂ ਉਸ ਨੂੰ ਬਾਹਰ ਕੱਢ।” ਗੱਲ ਗਾਲੀ-ਗਲੋਚ ਤਕ ਪਹੁੰਚ ਗਈ। ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਹ ਬੰਦਾ ਸਾਧ ਬਣਨ ਤੋਂ ਪਹਿਲਾਂ ਕਿਸੇ ਲੁੱਟਾਂ-ਖੋਹਾਂ ਵਾਲੇ ਗ੍ਰੋਹ ਨਾਲ ਜੁੜਿਆ ਹੋਇਆ ਸੀ।
ਥੋੜ੍ਹਾ ਵੱਡਾ ਹੋਇਆ ਤਾਂ ਮੈਂ ਰੋਟੀ ਦੀ ਵੱਡੀ ਸਮੱਸਿਆ ਲਈ ਪਿੰਡ ਅਤੇ ਛੋਟੇ ਸ਼ਹਿਰ-ਕਸਬੇ ਛੱਡ ਕੇ ਮਹਾਨਗਰਾਂ ਵਿੱਚ ਵਿਚਰਨ ਲੱਗਾ। ਪੰਤਾਲੀ ਕੁ ਸਾਲ ਪਹਿਲਾਂ ਬੰਬੇ (ਹੁਣ ਮੁੰਬਈ) ਗਿਆ ਤਾਂ ਉੱਥੇ ਕਿਸੇ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ ਸੀ, ਸਭ ਮੂੰਹ ਲਟਕਾਈ ਧੰਦੇ ਵਿੱਚ ਵਿਅਸਤ ਹੁੰਦੇ ਸਨ। ਉੱਥੇ ‘ਪਹੁੰਚੇ ਹੋਏ ਬਾਬੇ’ ਆਮ ਦਿਖਾਈ ਨਹੀਂ ਦਿੰਦੇ ਸਨ ਪਰ ਵੱਡੇ ਵੱਡੇ ਆਸ਼ਰਮਾਂ ਵਿੱਚ ਪ੍ਰਵਚਨ ਕਰਦੇ ਸਨ, ਜਿੱਥੇ ਸਾਡੇ ਵਰਗੇ ਚੱਕੀ ਰਾਹਿਆਂ ਨੂੰ ਕੋਈ ਅੰਦਰ ਵੀ ਘੁਸਣ ਨਹੀਂ ਸੀ ਦਿੰਦਾ। ਕਿਤੇ ਕਿਤੇ ਤਾਂ ਬਾਬਿਆਂ ਨੂੰ ਮਿਲਣ ਟਿਕਟ ਵੀ ਲੱਗਿਆ ਹੁੰਦਾ।
ਹੋਰ ਵੀਹ ਸਾਲ ਲੰਘੇ ਤਾਂ ਉੱਤਰੀ ਭਾਰਤ ਆਉਣ ਦਾ ਸਬੱਬ ਬਣਿਆ। ਕਿਸੇ ਵੀ ਸਮਾਜ ਦਾ ਦ੍ਰਿਸ਼ ਅਤੇ ਪ੍ਰਾਣੀ ਦਾ ਦ੍ਰਿਸ਼ਟੀਕੋਣ ਬਦਲਣ ਲਈ ਵੀਹ ਸਾਲ ਦਾ ਸਮਾਂ ਕਾਫੀ ਹੁੰਦਾ ਹੈ। ਹਰੇ-ਇਨਕਲਾਬ ਨੇ ਪਿੰਡ ਦੇ ਡੇਰੇ ਤਕਰੀਬਨ ਖਤਮ ਹੀ ਕਰ ਦਿੱਤੇ ਸਨ ਪਰ ਆਸ਼ਰਮਾਂ ਦਾ ਉਭਾਰ ਸ਼ੁਰੂ ਹੋ ਗਿਆ ਸੀ। ਘਰਾਂ, ਦਫਤਰਾਂ, ਕਾਰਖਾਨਿਆਂ ਵਿੱਚ ਭਗਤਾਂ-ਚੇਲਿਆਂ ਨੇ ਸਤਿਸੰਗ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਹਰ ਗੁਰੂ ਰੂਪੀ ਸਾਧ ਚਾਹੁੰਦਾ ਸੀ ਕਿ ਉਸ ਦੇ ਵੱਧ ਤੋਂ ਵੱਧ ਚੇਲੇ ਹੋਣ ਅਤੇ ਉਹ ਚੇਲਿਆਂ ਦੀ ਗਿਣਤੀ ਰਾਹੀਂ ਉੱਥੇ ਪਹੁੰਚਣਾ ਚਾਹੁੰਦਾ ਸੀ ਜਿੱਥੇ ਆਮ-ਆਦਮੀ ਲਈ ਪਹੁੰਚਣਾ ਮੁਸ਼ਕਿਲ ਹੁੰਦਾ ਹੈ - ਸਿਆਸੀ ਤਾਕਤ ਅਤੇ ਬੰਦਿਆਂ ਦੀ ਸੋਚ ’ਤੇ ਕੰਟਰੋਲ ਹੋਣਾ।
ਮੇਰੇ ਦਫਤਰ ਵਿੱਚ ਵੀ ਪਹੁੰਚੇ ਹੋਏ ਸੰਤ ਦੇ ਕਈ ਭਗਤ ਸਨ। ਇੱਕ ਚੇਲਾ ਮੇਰੇ ਪਿੱਛੇ ਹੀ ਪੈ ਗਿਆ, ਉਹ ਕਹਿਣ ਲੱਗਾ ਕਿ ਇੱਕ ਦਿਨ ਤੁਹਾਨੂੰ ‘ਬਾਪੂ’ ਦੇ ਨੇੜਿਓਂ ਦਰਸ਼ਨ ਕਰਵਾਉਣੇ ਹਨ। ਅਸ਼ੀਰਵਾਦ ਵੀ ਦਾਵਾਵਾਂਗਾ, ਬੱਸ ਤੁਸੀਂ ਜਾਣ ਲਈ ਹਾਂ ਕਰੋ। ਮੈਂ ਉਸ ਨੂੰ ਬਹੁਤ ਕਿਹਾ ਕਿ ਬਈ ਮੇਰੇ ਮਨ ਵਿੱਚ ਇਨ੍ਹਾਂ ਨਕਲੀ ਬਾਪੂਆਂ, ਪਿਤਾਵਾਂ ਅਤੇ ਮਾਤਾਵਾਂ ਪ੍ਰਤੀ ਕੋਈ ਸ਼ਰਧਾ ਨਹੀਂ ਹੈ, ਇਸ ਲਈ ਮੈਂ ਨਹੀਂ ਜਾ ਸਕਦਾ। ਪਰ ਉਹ ਮਾਤਹਿਤ ਐਨਾ ਢੀਠ ਸੀ ਕਿ ਇੱਕ ਦਿਨ ਮੈਂ ਜਾਣ ਲਈ ਹਾਮੀ ਭਰ ਹੀ ਦਿੱਤੀ। ਸਰਕਾਰੀ ਅਫਸਰੀ ਕਰਨ ਲਈ ਵੀ ਕਈ ਕੁਝ ਅਜਿਹਾ ਕਰਨਾ ਪੈ ਜਾਂਦਾ ਹੈ, ਜੋ ਤੁਸੀਂ ਨਹੀਂ ਕਰਨਾ ਚਾਹੁੰਦੇ। ਮੈਨੂੰ ਉਸ ਭਗਤ ਨੇ ਪ੍ਰਵਚਨ ਕਰ ਰਹੇ ‘ਬਾਪੂ’ ਦੇ ਪੰਡਾਲ ਵਿੱਚ ਮੂਹਰਲੀ ਕਤਾਰ ਵਿੱਚ ਜਾ ਬਿਠਾਇਆ। ਸਪੀਕਰ ਤੋਂ ਬੋਲਿਆ ਗਿਆ ਕਿ ਆਮਦਨ-ਕਰ ਵਿਭਾਗ ਦੇ ਬਹੁਤ ਵੱਡੇ ਸਾਹਿਬ ‘ਬਾਪੂ ਜੀ’ ਦਾ ਪ੍ਰਵਚਨ ਸੁਣਨ ਆਏ ਹੋਏ ਹਨ। ਬਾਪੂ ਜੀ ਦਾ ਪ੍ਰਵਚਨ ਇੱਕ ਦਮ ਮੇਰੇ ਮਹਿਕਮੇ ਵੱਲ ਮੁੜ ਗਿਆ। ਮੈਂ ਆਪਣੇ ਮਹਿਕਮੇ ਦੀ ਬਦਖੋਈ ਕਦੇ ਵੀ ਨਹੀਂ ਸੁਣ ਸਕਿਆ, ਰਿਟਾਇਰਮੈਂਟ ਦੇ ਸੋਲਾਂ ਸਾਲਾਂ ਬਾਅਦ ਵੀ ਨਹੀਂ ਸੁਣ ਸਕਦਾ। ਬਾਪੂ ਦੇ ਬੋਲ ਮੇਰੇ ਜ਼ਿਹਨ ’ਤੇ ਹਥੌੜੇ ਵਾਂਗ ਵੱਜ ਰਹੇ ਸਨ। ਬੜਾ ਜੀਅ ਕੀਤਾ ਕਿ ਉੱਠ ਕੇ ਇਸ ਨੂੰ ਕਹਾਂ, “ਬਾਪੂ! ਅਧਿਆਤਮ ਦੀ ਗੱਲ ਕਰ, ਪਦਾਰਥ ਨਾਲ ਤੁਹਾਡਾ ਕੀ ਵਾਸਤਾ? ਇਹ ਤਾਂ ਸਾਡੇ ਵਰਗੀਆਂ ਦੁਨਿਆਵੀ ਲੋਕਾਂ ਦਾ ਕੰਮ ਹੈ। ਸੱਚ ਤਾਂ ਇਹ ਹੈ ਕਿ ਉਸ ਦੀ ਝਾੜ ਝੰਬ ਕਰਨ ਨੂੰ ਦਿਲ ਕਰਦਾ ਸੀ ਪਰ ਭਗਤਾਂ ਦੀ ਭੀੜ ਦੇ ਡਰੋਂ ਚੁੱਪ ਕਰਕੇ ਬੈਠਾ ਰਿਹਾ। ਅੰਦਰੋਂ ਅੰਦਰੀ ਆਪਣੇ ਮਤਹਿਤ ’ਤੇ ਤਰਸ ਵੀ ਕਰਦਾ ਰਿਹਾ ਤੇ ਗੁੱਸਾ ਵੀ।
ਦਫਤਰ ਆ ਕੇ ਮੈਂ ਆਪਣੇ ਮਤਹਿਤ ਨੂੰ ਆਪਣਾ ਨਜ਼ਰੀਆ ਦੱਸ ਦਿੱਤਾ ਤੇ ਸਲਾਹ ਦਿੱਤੀ ਕਿ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਰੱਬ ਦੀ ਇਬਾਦਤ ਤੋਂ ਘੱਟ ਨਹੀਂ ਹੈ। ਕਾਫੀ ਸਾਲ ਬੀਤ ਗਏ ਅਤੇ ਉਹ ‘ਬਾਪੂ ਜੀ’ ਬਲਾਤਕਾਰੀ ਦੇ ਦੋਸ਼ ਹੇਠ ਜੇਲ੍ਹ ਪਹੁੰਚ ਗਏ। ਮੇਰਾ ਇਹ ਮਤਹਿਤ ਮੈਨੂੰ ਇੱਕ ਸ਼ਾਦੀ ’ਤੇ ਦਿਸ ਪਿਆ। ਉਹ ਭੀੜ ਵਿੱਚ ਛੁਪਦਾ ਫਿਰ ਰਿਹਾ ਸੀ ਪਰ ਮੈਂ ਉਸ ਨੂੰ ਲੁਕਿਆ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਮੈਂ ਪੁੱਛਣਾ ਚਾਹੁੰਦਾ ਸੀ ਕਿ ਬਾਪੂ ਜੀ ਕਿੱਥੋਂ ਕਿੱਥੇ ਪਹੁੰਚ ਗਏ ਹਨ? ਜਦੋਂ ਉਹ ਮੇਰੇ ਹੱਥ ਆਇਆ ਤਾਂ ਸ਼ਰਮ ਨਾਲ ਸਿਰ ਨੀਵਾਂ ਕਰ ਕੇ ਖੜ੍ਹ ਗਿਆ।
ਕੁਝ ਦਿਨ ਪਹਿਲਾਂ ਇੱਕ ਭੋਗ ਦੇ ਸਿਲਸਿਲੇ ਵਿੱਚ ਮੈਂ ਪਿੰਡ ਗਿਆ। ਅਜਿਹੇ ਮੌਕਿਆਂ ’ਤੇ ਦੂਰ ਨੇੜੇ ਰਹਿੰਦੇ ਰਿਸ਼ਤੇਦਾਰਾਂ ਨਾਲ ਮੇਲਾ-ਗੇਲਾ ਹੋ ਜਾਂਦਾ ਹੈ, ਇੱਕ ਦੂਜੇ ਦਾ ਦੁੱਖ-ਸੁਖ ਪੁੱਛ ਲੈਂਦੇ ਹਾਂ। ਮੈਂ ਆਪਣੇ ਸੱਠ ਕੁ ਸਾਲ ਦੇ ਭੂਆ ਦੇ ਮੁੰਡੇ ਨੂੰ ਹਾਲ ਪੁੱਛਿਆ ਤਾਂ ਉਹ ਕਹਿਣ ਲੱਗਾ, “ਕਾਹਦਾ ਹਾਲ ਐ ਬਈ, ਪਿਤਾ ਜੀ ਜੇਲ੍ਹ ਵਿੱਚ ਬੈਠੇ ਨੇ, ਬੱਸ ਅਰਦਾਸਾਂ ਕਰਦੇ ਰਹਿੰਦੇ ਹਾਂ ਕਿ ਜਲਦੀ ਬਾਹਰ ਆ ਜਾਣ, ਉਨ੍ਹਾਂ ਦੇ ਦਰਸ਼ਨ ਕਰੀਏ।”
ਮੈਂ ਕਿਹਾ, “ਵੀਰ ਜੀ, ਫੁੱਫੜ ਜੀ ਤਾਂ ਉਦੋਂ ਹੀ ਸਵਰਗਵਾਸ ਹੋ ਗਏ ਸਨ, ਜਦੋਂ ਤੂੰ ਅਜੇ ਦੋ ਕੁ ਸਾਲ ਦਾ ਸੀ। ਇਹ ਕਿਹੜੇ ‘ਪਿਤਾ ਜੀ’ ਦੀ ਗੱਲ ਕਰਦੇ ਹੋ?” ਉਸ ਨੇ ਗੱਲ ਵਿੱਚ ਪਾਇਆ ਤਵੀਤ ਅੱਗੇ ਕਰ ਦਿੱਤਾ, ਜਿਸ ਉੱਤੇ ‘ਪਹੁੰਚੇ ਹੋਏ ਬਾਬੇ’ ਦੀ ਫੋਟੋ ਲੱਗੀ ਹੋਈ ਸੀ ਅਤੇ ਅੱਜ ਕੱਲ੍ਹ ਇੱਕ ਪੱਤਰਕਾਰ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਕਰਕੇ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ‘ਪਿਤਾ ਜੀ’ ਬਲਾਤਕਾਰ ਦੇ ਵੀ ਦੋਸ਼ੀ ਪਾਏ ਗਏ ਹਨ। ਅਜਿਹੇ ਭਗਤ ‘ਪੁੱਤਰਾਂ’ ਨੂੰ ਕੋਈ ਵੀਰ ਕੀ ਸਲਾਹ ਦੇਵੇ! ‘ਪਿਤਾ ਜੀ’ ਪਹੁੰਚੇ ਹੋਏ ਜ਼ਰੂਰ ਹਨ ਕਿਉਂਕਿ ਇਸ ਧਰਤ ਦੇ ਸ਼ਹਿਨਸ਼ਾਹ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਦੇਖੇ ਜਾਂਦੇ ਹਨ।
ਉਂਝ ਇਹ ‘ਪਹੁੰਚੇ ਹੋਏ ਬਾਬੇ’ ਵਾਕਿਆ ਹੀ ਪਹੁੰਚੇ ਹੋਏ ਨੇ। ਸਰਬ-ਸ਼ਕਤੀਮਾਨ ਨਾਲ ਤਾਂ ਇਨ੍ਹਾਂ ਦੀ ਤਾਰ ਜੁੜੀ ਹੀ ਰਹਿੰਦੀ ਹੈ, ਇਨ੍ਹਾਂ ਦਾ ਮਾਤ-ਲੋਕ ਦੇ ਰਾਜਿਆਂ ਨਾਲ ਵੀ ਸਿੱਧਾ ਸੰਪਰਕ ਹੁੰਦਾ ਹੈ। ਹਰ ਪਾਸੇ ਪਹੁੰਚੇ ਹੋਏ ਇਹ ਬਾਬੇ ਦੂਸਰਿਆਂ ਨੂੰ ਟਿੱਚ ਸਮਝਦੇ ਹਨ। 12 ਅਪਰੈਲ 2024 ਦਾ ਅੰਗਰੇਜ਼ੀ ਰੋਜ਼ਾਨਾ ਅਖਬਾਰ ਟਾਈਮਜ਼ ਆਫ ਇੰਡੀਆ ਪੜ੍ਹ ਰਿਹਾ ਸੀ ਕਿ ਅਚਾਨਕ ਮੇਰਾ ਧਿਆਨ ਯੋਗ-ਗੁਰੂ ਦੀ ਵੱਡੀ ਸਾਰੀ ਫੋਟੋ ਨੇ ਖਿੱਚਿਆ। ਸਭ ਜਾਣਦੇ ਹਨ ਕਿ ਗੁਰੂ ਦੀ ਪਹੁੰਚ ਸਰਕਾਰੇ-ਦਰਬਾਰੇ ਉੱਪਰ ਤਕ ਹੈ। ਯੋਗ-ਗੁਰੂ ਹੁੰਦੇ ਹੋਏ ਸਮਾਜ ਇਹ ਵੀ ਸਮਝਦਾ ਹੈ ਕਿ ਯੋਗ ਮਾਰਗ ਦੇ ਇਹ ਪਾਂਧੀ ‘ਪਹੁੰਚੇ ਹੋਏ ਬਾਬੇ’ ਹਨ। ਪੂਰਾ ਬਿਰਤਾਂਤ ਪੜ੍ਹਨ ’ਤੇ ਪਤਾ ਚਲਦਾ ਹੈ ਕਿ ਬਾਬੇ ਇਸ ‘ਟਿੱਚ ਸਮਝਣ ਵਾਲੇ’ ਵਰਤਾਰੇ ਦੀ ਸ਼ਾਨਦਾਰ ਉਦਾਹਰਣ ਹਨ। ਬਿਰਤਾਂਤ ਕੁਝ ਇਸ ਤਰ੍ਹਾਂ ਦਾ ਹੈ - ਕੇਰਲ ਦੇ ਬਾਸ਼ਿੰਦੇ ਡਾਕਟਰ ਕੇ ਵੀ ਬਾਬੂ ਨੇ ਤਕਰੀਬਨ ਦੋ ਸਾਲ ਦੀ ਮਿਹਨਤ ਤੋਂ ਬਾਅਦ ਇਸ ਬਾਬੇ ਦੀ ਇਸ ਟਿੱਚ ਸਮਝਣ ਦੀ ਬਿਰਤੀ ਨੂੰ ਜੱਗ ਜ਼ਾਹਿਰ ਕੀਤਾ ਹੈ। ਉਹ ਅੱਖਾਂ ਦੇ ਮਾਹਿਰ ਹਨ। ਜਾਣਕਾਰੀ ਦੇ ਕਾਨੂੰਨੀ ਹੱਕ (ਆਰ ਟੀ ਆਈ) ਨਾਲ ਸੰਬੰਧਿਤ ਕਾਰਕੁਨ ਹਨ। ਡਾਕਟਰ ਕੋਲ ਇੱਕ ਮਰੀਜ਼ ਆਇਆ ਕਰਦੀ ਸੀ, ਪਰ ਅੱਧ ਵਿਚਕਾਰੋਂ ਉਸ ਨੇ ਇਲਾਜ ਦੀ ਆਯੁਵੈਦਿਕ ਪ੍ਰਣਾਲੀ ਅਪਣਾਅ ਲਈ ਸੀ ਅਤੇ ਉਹ ਤਕਰੀਬਨ ਅੰਨ੍ਹੀ ਹੀ ਹੋ ਗਈ ਸੀ। ਇਸਦਾ ਪਤਾ ਲੱਗਣ ’ਤੇ ਡਾਕਟਰ ਨੇ ‘ਪਹੁੰਚੇ ਹੋਏ ਬਾਬੇ’ ਦੇ ਸੰਗਠਨ ਵਿਰੁੱਧ ਗਲਤ ਪ੍ਰਚਾਰ ਲਈ ਆਯੂਸ਼ ਮਨਿਸਟਰੀ ਨਵੀਂ ਦਿੱਲੀ ਨੂੰ ਸ਼ਿਕਾਇਤ ਕੀਤੀ। ਇਹ ਚਾਰਾਜੋਈ ਦੋ ਕਾਨੂੰਨਾਂ ਤਹਿਤ ਕੀਤੀ ਗਈ। (1) ਦੀ ਡਰੱਗਜ਼ ਐਂਡ ਮੈਜਿਕ ਰੈਮਿਡੀਜ਼ ਐਕਟ 1954, ਜਿਸ ਵਿੱਚ 54 ਬਿਮਾਰੀਆਂ, ਬੇਤਰਤੀਬੇ ਰੋਗ ਜਾਂ ਹਾਲਤ ਦੀ ਸੂਚੀ ਹੈ ਜਿਨ੍ਹਾਂ ਪ੍ਰਤੀ ਅਜਿਹੇ ਇਸ਼ਤਿਹਾਰ ਦੇਣ ਦੀ ਖਾਸ ਕਰਕੇ ਮਨਾਹੀ ਹੈ ਕਿ ਇਨ੍ਹਾਂ ਦਾ ਸ਼ਰਤੀਆ ਇਲਾਜ, ਰੋਕਥਾਮ ਆਦਿ ਕੀਤੀ ਜਾਵੇਗੀ ਅਤੇ (2) ਡਰੱਗਜ਼ ਅਤੇ ਕਾਸਮੈਟਿਕ ਐਕਟ 1954 ਜਿਸ ਤਹਿਤ 51 ਬਿਮਾਰੀਆਂ ਦੀ ਸੂਚੀ ਹੈ। ਇਨ੍ਹਾਂ ਸ਼ਿਕਾਇਤਾਂ ਦੇ ਅਧਾਰ ’ਤੇ ਉਤਰਾਖੰਡ ਸਟੇਟ ਲਾਇਸੈਂਸ ਅਥਾਰਟੀ (ਐੱਸ ਐੱਲ ਏ) ਨੂੰ ਕਾਰਵਾਈ ਲਈ ਹਦਾਇਤ ਕੀਤੀ ਗਈ, ਜਿਸ ਨੇ ਅੱਗੇ ਅਦਾਰੇ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਇਸ਼ਤਿਹਾਰਬਾਜ਼ੀ ਬੰਦ ਨਾ ਕੀਤੀ ਗਈ ਤਦ ਉਨ੍ਹਾਂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਵੇਗਾ ਪਰ ਕੋਈ ਕੇਸ ਦਰਜ ਨਾ ਕੀਤਾ ਗਿਆ। ‘ਪਹੁੰਚੇ ਹੋਏ ਬਾਬੇ’ ਨੂੰ ਕੌਣ ਹੱਥ ਪਾਉਂਦਾ?
ਭਾਵੇਂ ਸਾਰੀਆਂ ਸ਼ਿਕਾਇਤਾਂ DMR ਕਾਨੂੰਨ ਦੇ ਅਧੀਨ ਕੀਤੀਆਂ ਸਨ ਪਰ ਐੱਸ ਐੱਲ ਏ ਨੇ 2018 ਵਿੱਚ ਬਣਾਏ ਡੀ ਸੀ ਏ ਕਾਨੂੰਨ ਦੇ ਨਿਯਮ 170 ਹੇਠ ਨੋਟਿਸ ਜਾਰੀ ਕਰਨ ਦੀ ਜ਼ਿਦ ਕੀਤੀ। ਇਸ ਨਿਯਮ ਅਧੀਨ ਹਰ ਕੰਪਨੀ ਵੱਲੋਂ ਹਰ ਇਸ਼ਤਿਹਾਰ ਉਤਰਾਖੰਡ ਐੱਸ ਐੱਲ ਏ ਤੋਂ ਮਨਜ਼ੂਰ ਕਰਵਾਉਣ ਦਾ ਪ੍ਰਸਤਾਵ ਸੀ। ਆਯੂਸ਼ ਦਵਾਈਆਂ ਤਿਆਰ ਕਰਨ ਵਾਲਿਆਂ ਨੇ ਨਿਯਮ ਬੰਬੇ ਹਾਈ ਕੋਰਟ ਵਿੱਚ ਚੈਲੇਂਜ ਕਰ ਦਿੱਤਾ ਅਤੇ ਮਾਨਯੋਗ ਕੋਰਟ ਨੇ ਇਸ ’ਤੇ ਰੋਕ ਲਾ ਦਿੱਤੀ। ਮਾਮਲਾ ਰੁਕ ਗਿਆ ਪਰ ਡਾਕਟਰ ਕੇ ਵੀ ਬਾਬੂ ਰੁਕੇ ਨਹੀਂ। ਉਨ੍ਹਾਂ ਚਿੱਠੀ ਪੱਤਰ ਜਾਰੀ ਰੱਖਿਆ ਅਤੇ ਲੋਕ ਸਭਾ ਦੇ ਇੱਕ ਮੈਂਬਰ ਕੋਲੋਂ ਕਾਰਵਾਈ ਲਈ ਚਿੱਠੀ ਵੀ ਲਿਖਵਾਈ। ਮਾਮਲਾ ਲਟਕਦਾ ਰਿਹਾ, ਜਿਸ ਨਾਲ ਬਾਬੇ ਦੀ ਕੰਪਨੀ ਦਾ ਹੌਸਲਾ ਬੁਲੰਦ ਹੁੰਦਾ ਗਿਆ। ਮਾਰਚ 2023 ਨੂੰ ਰਾਜ ਸਭਾ ਵਿੱਚ ਆਯੂਸ਼ ਮੰਤਰਾਲਿਆ ਨੇ ਦੱਸਿਆ ਕਿ ‘ਬਾਬਾ ਜੀ’ ਦੇ ਅਦਾਰੇ ਵਿਰੁੱਧ ਪਿਛਲੇ 8 ਮਹੀਨਿਆਂ ਵਿੱਚ 53 ਸ਼ਿਕਾਇਤਾਂ ਸਰਕਾਰ ਦੇ ਆਪਣੇ ਅਦਾਰਿਆਂ ਵੱਲੋਂ ਹਨ। 8 ਅਕਤੂਬਰ 2022 ਨੂੰ ਸੁਪਰੀਮ ਕੋਰਟ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਭਾਰਤ ਸਰਕਾਰ ਅਤੇ ਬਾਬਾ ਜੀ ਦੇ ਅਦਾਰੇ ਨੂੰ ਨੋਟਿਸ ਜਾਰੀ ਕਰ ਦਿੱਤਾ। ਇਸਦੇ ਬਾਵਜੂਦ ਵੀ ਕਈ ਇਸ਼ਤਿਹਾਰ ਜਾਰੀ ਕੀਤੇ ਗਏ। 21 ਨਵੰਬਰ 2023 ਨੂੰ ਅਦਾਰੇ ਵੱਲੋਂ ਸੁਪਰੀਮ ਕੋਰਟ ਵਿੱਚ ਹਲਫ਼ਨਾਮ ਦਿੱਤਾ ਗਿਆ ਕਿ ਉਹ ਹੁਣ ਕੋਈ ਇਸ਼ਤਿਹਾਰ ਜਾਰੀ ਨਹੀਂ ਕਰੇਗਾ ਪਰ ਫਿਰ ਵੀ 4 ਦਸੰਬਰ 2023, ਅਤੇ 22 ਜਨਵਰੀ 2024 ਨੂੰ ਇਸ਼ਤਿਹਾਰ ਜਾਰੀ ਹੋਏ। ਇਸਦਾ ਮਤਲਬ ਤਾਂ ਇਹੋ ਕੱਢਿਆ ਜਾ ਸਕਦਾ ਹੈ ਕਿ ‘ਪਹੁੰਚੇ ਹੋਏ ਬਾਬਾ ਜੀ’ ਆਯੂਸ਼ ਮਨਿਸਟਰੀ, ਉਤਰਾਖੰਡ ਐੱਸ ਐੱਲ ਏ ਅਤੇ ਸੁਪਰੀਮ ਕੋਰਟ ਨੂੰ ਟਿੱਚ ਸਮਝ ਰਹੇ ਸਨ। 10 ਅਪਰੈਲ 2024 ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਉਤਰਾਖੰਡ ਐੱਸ ਐੱਲ ਏ ਨੂੰ ਫਿਟਕਾਰ ਲਾਉਂਦੇ ਕਿਹਾ, “We will rip you apart – (ਅਸੀਂ ਤੁਹਾਨੂੰ ਚੀਰ ਦਿਆਂਗੇ)”
ਮੈਂ ਇਸ ਮਸਲੇ ਬਾਰੇ ਆਪਣੇ ਇੱਕ ਭਾਈਚਾਰਕ ਸਾਂਝ ਵਾਲੇ ਪਰਿਵਾਰ ਨੂੰ ਦੱਸ ਰਿਹਾ ਸੀ ਤਾਂ ਉਨ੍ਹਾਂ ਦੱਸਿਆ ਕਿ ਤਕਰੀਬਨ ਪੰਦਰਾਂ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੂੰ ਬਾਬੇ ਦੀ ਦਵਾਈ ਨਾਲ ਅਧਰੰਗ ਹੋ ਗਿਆ ਸੀ। ਉਨ੍ਹਾਂ ਬਾਬੇ ਬਾਰੇ ਅਸੱਭਿਅਕ ਭਾਸ਼ਾ ਬੋਲਕੇ ਆਪਣਾ ਗੁੱਸਾ ਠੰਢਾ ਕੀਤਾ। ‘ਪਹੁੰਚੇ ਹੋਏ ਬਾਬੇ’ ਦਾ ਇਹ ਅਦਾਰਾ ਹੁਣ ਤਕ ਕਿੰਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਚੁੱਕਿਆ ਹੋਵੇਗਾ ਅਤੇ ਅਜਿਹੇ ਖਿਲਵਾੜ ਤੋਂ ‘ਪਹੁੰਚਿਆ ਹੋਇਆ ਬਾਬਾ’ ਧਨ ਦੇ ਕਿੰਨੇ ਅੰਬਰ ਲਾ ਚੁੱਕਿਆ ਹੋਵੇਗਾ, ਪਰਮਾਤਮਾ ਹੀ ਜਾਣਦਾ ਹੈ।
ਇੱਕ ਮਿੱਤਰ ਦੰਦ-ਸਾਜ਼ ਡਾਕਟਰ ਨੇ ਦੱਸਿਆ ਕਿਵੇਂ ਇੱਕ ‘ਪਹੁੰਚੀ ਹੋਈ ਮਾਂ’ ਚਾਹੁੰਦੀ ਸੀ ਕਿ ਉਨ੍ਹਾਂ ਦੇ ਦੰਦ ਦਾ ਅਪਰੇਸ਼ਨ ਘਰ ਆ ਕੇ ਹੀ ਕਰ ਦਿੱਤਾ ਜਾਵੇ ਭਾਵ ਓਪਰੇਸ਼ਨ ਥੀਏਟਰ ਹੀ ਘਰ ਲਿਆਂਦਾ ਜਾਵੇ। ਉਸ ‘ਪਹੁੰਚੀ ਹੋਈ ਮਾਂ’ ਦੀ ਪਹੁੰਚ ਉੱਤੇ ਤਕ ਵੀ ਸੀ, ਡਾਕਟਰ ਕਿਹੜੇ ਬਾਗ਼ ਦੀ ਮੂਲੀ ਸੀ। ਮਿੱਤਰ ਨੇ ਉਸ ਦਿਨ ਤੋਂ ਮਨ ਬਣਾ ਲਿਆ ਸੀ ਕਿ ਉਹ ਆਪਣੇ ਵਿਦੇਸ਼ ਵਿੱਚ ਟਰੇਨਿੰਗ ਲੈਂਦੇ ਬੱਚਿਆਂ ਨੂੰ ਬਾਹਰ ਹੀ ਰਹਿਣ ਦੀ ਸਲਾਹ ਦੇਵੇਗਾ। ਪਹੁੰਚੇ ਹੋਏ ਇਹ ਲੋਕ ਸਾਡੇ ਦੇਸ਼ ਦੇ ‘ਮਨੁੱਖੀ ਸਰਮਾਏ’ ਨੂੰ ਦੂਸਰੇ ਮੁਲਕਾਂ ਵੱਲ ਧੱਕ ਰਹੇ ਹਨ, ਇਹ ਤ੍ਰਾਸਦੀ ਇਨ੍ਹਾਂ ਦੇ ਅੰਧ-ਭਗਤਾਂ ਨੂੰ ਕਦੇ ਸਮਝ ਨਹੀਂ ਆਵੇਗੀ।
ਅਧਿਆਤਮਿਕਤਾ ਆਪਣੇ ਆਪ ਵਿੱਚ ਇੱਕ ਖੋਜ ਹੈ। ਮਨੁੱਖ ਜਦੋਂ ਤੋਂ ਸੋਚਣ ਲੱਗਿਆ ਹੈ ਤਦ ਤੋਂ ਹੀ ਉਸ ਦੇ ਮਨ ਅੰਦਰ ਸ੍ਰਿਸ਼ਟੀ ਦੀ ਰਚਨਾ ਬਾਰੇ ਪ੍ਰਸ਼ਨ ਉੱਠ ਰਹੇ ਹਨ ਅਤੇ ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਦੀ ਖੋਜ ਨੂੰ ਹੀ ਅਧਿਆਤਮ ਕਹਿ ਸਕਦੇ ਹਾਂ। ਅੱਜ ਵੀ ਮਨੁੱਖ ਇਸ ਸਵਾਲ ਦੇ ਜਵਾਬ ਤੋਂ ਨਾਵਾਕਫ਼ ਹੈ। ਪ੍ਰਾਚੀਨ ਕਾਲ ਤੋਂ ਪੂਰਬੀ ਸੱਭਿਅਤਾਵਾਂ ਸ਼ਰਧਾ-ਭਗਤੀ ਦੇ ਮਾਰਗ ’ਤੇ ਚੱਲ ਕੇ ਇਸ ਬ੍ਰਹਮੰਡ ਦੇ ਰਚਨਹਾਰ ਦੀ ਤਲਾਸ਼ ਵਿੱਚ ਹਨ। ਪ੍ਰਾਚੀਨ ਪੱਛਮੀ ਸੱਭਿਅਤਾਵਾਂ ਵੀ ਇਸੇ ਮਾਰਗ ਦੀਆਂ ਪਾਂਧੀ ਸਨ ਪਰ ਪਿਛਲੀਆਂ ਕੁਝ ਸਦੀਆਂ ਤੋਂ ਉਨ੍ਹਾਂ ਨੇ ਸ਼ਰਧਾ-ਭਗਤੀ ਦੇ ਨਾਲ ਨਾਲ ਇਸਦੇ ਪਦਾਰਥਕ ਰੂਪ ਦੀ ਘੋਖ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਅਸੀਂ ਵਿਗਿਆਨਕ ਸੋਚ ਦਾ ਨਾਂ ਦੇ ਦਿੱਤਾ। ਕੋਈ ਸੱਕ ਨਹੀਂ ਕਿ ਕੁਦਰਤ ਬੇਅੰਤ ਹੈ ਅਤੇ ਇਸ ਨੂੰ ਜਾਨਣ ਦੇ ਵੀ ਬੇਅੰਤ ਰਸਤੇ ਹੋ ਸਕਦੇ ਹਨ, ਹੋਣੇ ਚਾਹੀਦੇ ਹਨ ਅਤੇ ਕੁਦਰਤ ਸਭ ਰਸਤੇ ਖੁੱਲ੍ਹੇ ਰੱਖਦੀ ਹੈ। ਅਨੁਭਵ ਇਹ ਰਿਹਾ ਹੈ ਕਿ ਮਨੁੱਖ ਨੇ ਅਧਿਆਤਮ ਤੋਂ ਪਦਾਰਥ ਤਕ ਦੌੜ ਲਗਾਈ ਹੈ ਅਤੇ ਅਜੋਕੇ ਸਮਿਆਂ ਅੰਦਰ ਇਹ ਦੌੜ ਭਿਆਨਕ ਰੂਪ ਧਾਰਨ ਕਰ ਰਹੀ ਹੈ। ਸਾਡੇ ਪੁਰਾਤਨ ਧਰਮ ਗ੍ਰੰਥਾਂ ਵਿੱਚ ਵੀ ਮਨੁੱਖ ਦੇਵੀ-ਦੇਵਤਿਆਂ ਨੂੰ ਪਦਾਰਥ ਪ੍ਰਾਪਤੀ, ਸੰਤਾਨ ਪ੍ਰਾਪਤੀ, ਵਪਾਰ ਲਈ ਹੀ ਅਰਦਾਸਾਂ ਕਰਦਾ ਦੇਖਿਆ ਗਿਆ ਹੈ ਅਤੇ ਅੱਜ ਵੀ ਅਸੀਂ ਇਹੋ ਕੁਝ ਕਰ ਰਹੇ ਹਾਂ।
ਮਨੁੱਖ ਦੀ ਇਸ ਬਿਰਤੀ ਨੂੰ ਅਮਰੀਕਨ ਲੇਖਕ ਅਇਨ ਰੈਂਡ (Ayn Rand) ਨੇ ਆਪਣੇ 1073 ਸਫ਼ੇ ਦੇ ਸ਼ਾਹਕਾਰ ਨਾਵਲ ਐਟਲਸ ਸ਼ਰੱਗਡ (Atlas Shrugged -1957) ਰਾਹੀਂ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਨਾਵਲ ਦਾ ਸਾਰੰਸ਼ ਇਸਦੇ ਅਦਿੱਖ ਪਾਤਰ ਜੌਹਨ ਗਾਲਟ ਦੇ ਉਸ ਭਾਸ਼ਣ ਵਿੱਚ ਹੈ ਜਿੱਥੇ ਉਹ ਅਦਿੱਖ ਰਹਿ ਕੇ ਅਧਿਆਤਮਵਾਦੀਆਂ ਦੀ ਮਨੁੱਖ ਨੂੰ ਅਦਿੱਖ ਸ਼ਕਤੀ ਦਾ ਡਰ ਦਿਖਾ ਕੇ ਲੁੱਟਣ ਦੀ ਬਿਰਤੀ ਬਾਰੇ ਸੰਬੋਧਿਤ ਹੁੰਦਾ ਹੈ। ਲੇਖਕ ਦਾ ਮੰਨਣਾ ਹੈ ਕਿ ਅਧਿਆਤਮਵਾਦ ਅੰਤ ਨੂੰ ਪਦਾਰਥ ਪ੍ਰਾਪਤੀ ਲਈ ਹੀ ਵਰਤਿਆ ਗਿਆ ਹੈ ਅਤੇ ਇਹੀ ਅਸੀਂ ਅੱਜ ਪ੍ਰਤੱਖ ਦੇਖ ਵੀ ਰਹੇ ਹਾਂ। ਚੰਗੇ ਚੜ੍ਹਾਵੇ ਵਾਲੇ ਧਰਮ ਅਸਥਾਨਾਂ ਉੱਤੇ ਕਬਜ਼ੇ ਲਈ ਨਿੱਤ ਲੜਾਈਆਂ ਹੁੰਦੀਆਂ ਹਨ। ਸਭ ‘ਪਹੁੰਚੇ ਹੋਏ ਬਾਬੇ’ ਪਦਾਰਥ ਦੇ ਅੰਬਾਰਾਂ ’ਤੇ ਬੈਠੇ ਹਨ, ਵੱਡੇ ਵੱਡੇ ਆਸ਼ਰਮਾਂ ਅਤੇ ਡੇਰਿਆਂ ਦੇ ਬੇਤਾਜ ਬਾਦਸ਼ਾਹ ਹਨ। ਮਨੁੱਖੀ ਮਾਨਸਿਕਤਾ ਨੂੰ ਗੁਲਾਮ ਬਣਾ ਕੇ ਵੱਡੇ ਵੱਡੇ ਕਾਰਨਾਮੇ ਕਰ ਰਹੇ ਹਨ। ਇਹ ਪਹੁੰਚੇ ਹੋਏ ਬਾਬੇ ਸਰਕਾਰਾਂ ਬਣਾ ਦਿੰਦੇ ਹਨ, ਸਰਕਾਰਾਂ ਮਿਟਾ ਦਿੰਦੇ ਹਨ, ਸਰਕਾਰਾਂ ਹਿਲਾ ਦਿੰਦੇ ਹਨ।
ਇਨ੍ਹਾਂ ਦੇ ਪਾਖੰਡਵਾਦ ਵਿਰੁੱਧ ਸਮੇਂ ਸਮੇਂ ’ਤੇ ਕ੍ਰਾਂਤੀਕਾਰੀ ਮਨੁੱਖ ਪੈਦਾ ਹੋਏ ਹਨ। ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਬਾਣੀ ਰਾਹੀਂ ਮਨੁੱਖਤਾ ਨੂੰ ਸੁਨੇਹਾ ਦਿੱਤਾ, “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ” (ਸਿਰੀ ਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 62, ਮਹਲਾ ਪਹਿਲਾ)। ਇਸਦਾ ਅਰਥ ਹੈ - ਸੱਚ ਹਰ ਸ਼ੈ ਤੋਂ ਉੱਚਾ ਹੈ ਪਰ ਸੱਚਾ ਆਚਰਣ ਸਭ ਤੋਂ ਉੱਚਾ ਹੈ। ਉਨ੍ਹਾਂ ਨੇ ਮਨੁੱਖ ਦੇ ਆਚਾਰ-ਵਿਹਾਰ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ।
ਮੇਰੇ ਮਿਹਨਤਕਸ਼ ਪਿਤਾ ਜੀ, ਜਿਨ੍ਹਾਂ ਮੈਨੂੰ ਉੱਚ ਸਿੱਖਿਆ ਦਿਵਾਈ ਅਤੇ ਰੋਡੇ ਬਾਬੇ ਵਰਗੇ ਪਾਖੰਡੀਆਂ ਨਾਲ ਦਸਤ ਪੰਜਾਂ ਲਿਆ, ਲੈਚੀ ਦਾਸ ਨੂੰ ਸੋਧਣ ਵਾਲਾ ਘੜੈਲੀ ਨਾਮ ਦਾ ਸ਼ਖਸ, ਮੇਰਾ ਗੁਆਂਢੀ ਕਿਰਤੀ-ਬਾਬਾ, ਆਰ ਟੀ ਆਈ ਕਾਰਕੁਨ ਡਾਕਟਰ ਕੇ ਵੀ ਬਾਬੂ, ਅਸੀਂ ਤੁਹਾਨੂੰ ਚੀਰ ਦਿਆਂਗੇ --- ਕਹਿਣ ਵਾਲੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ, ਮਨੁੱਖਤਾ ਦੀ ਭਲਾਈ ਲਈ ਖੋਜ ਕਰਦੇ ਸਾਇੰਸਦਾਨ, ਫ਼ਸਲਾਂ ਦੀਆਂ ਨਵੀਂਆਂ ਕਿਸਮਾਂ ਈਜਾਦ ਕਰਦੇ ਖੇਤੀ-ਵਿਗਿਆਨੀ, ਸਾਡੇ ਮੇਜ਼ ਦੇ ਖਾਣੇ ’ਤੇ ਰੋਟੀ ਪਰੋਸਣ ਲਈ ਅੰਨ ਉਗਾਉਂਦਾ ਕਿਸਾਨ, ਤਨ ਢਕਣ ਲਈ ਕੱਪੜਾ ਉਤਪਾਦ ਵਿੱਚ ਲੱਗਿਆ ਕਾਮਾ, ਨਿਰਮਾਣ ਕੰਮਾਂ ਵਿੱਚ ਜੁਟੇ ਇੰਜਨੀਅਰ ਅਤੇ ਕਿਰਤੀ, ਆਰਟੀਫੀਸ਼ਲ ਇੰਟੈਲੀਜੈਂਸ ਤਕ ਦਾ ਸਫ਼ਰ ਤੈਅ ਕਰਦਾ ਮਨੁੱਖ, ਅਧਿਆਤਮਿਕਤਾ ਦੇ ਥੰਮ੍ਹ ਗੌਤਮ-ਬੁੱਧ, ਨਾਨਕ, ਰਾਮ, ਕ੍ਰਿਸ਼ਨ, ਈਸਾ ਮਸੀਹ, ਹਜ਼ਰਤ ਮੁਹੰਮਦ ਸਾਹਿਬ, ਸਾਹਿਤਕਾਰ ਟੈਗੋਰ, ਗੋਰਕੀ, ਟੌਮਸ ਹਾਰਡੀ, ਵੇਦ ਵਿਆਸ ਅਤੇ ਚਿੰਤਕ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਵੌਲਟੇਅਰ, ਫਾਈਦੋਰ ਦਸਤੋਵਸਕੀ … ਇਹ ਸਭ ਮੇਰੇ ਲਈ ‘ਪਹੁੰਚੇ ਹੋਏ ਬਾਬੇ’ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4909)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)