“ਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ...”
(25 ਅਗਸਤ 2023)
ਸੁਣਦੇ ਆਏ ਹਾਂ ਕਿ ਰੋਟੀ ਵੀ ਇੱਕ ਨਸ਼ਾ ਹੈ। ਲੋਕ ਇਹ ਵੀ ਕਹਿੰਦੇ ਨੇ ਕਿ ਨਸ਼ਾ ਤਾਂ ਰੋਟੀ ਦਾ ਵੀ ਚੰਗਾ ਨਹੀਂ ਹੁੰਦਾ। ਦੋਵੇਂ ਅਖਾਣ ਲੋਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਹਨ। ਰੋਟੀ ਤੋਂ ਬਿਨਾਂ ਜਿਊਣਾ ਸੰਭਵ ਹੀ ਨਹੀਂ ਹੈ। ਫੇਰ ਕੀ ਇਹ ਸਮਝ ਲਿਆ ਜਾਵੇ ਕਿ ਨਸ਼ੇ ਤੋਂ ਵਗੈਰਾ ਜੀਵਿਆ ਨਹੀਂ ਜਾ ਸਕਦਾ ਕਿਉਂਕਿ ਨਸ਼ੇ ਦੀ ਤੁਲਨਾ ਜੀਵਨ ਦੇ ਅਧਾਰ ਰੋਟੀ ਨਾਲ ਕਰ ਦਿੱਤੀ ਗਈ ਹੈ। ਆਦਿ ਕਾਲ ਤੋਂ ਹੁਣ ਤਕ ਨਸ਼ੇ ਅਤੇ ਰੋਟੀ ਹਮਸਫ਼ਰ ਰਹੇ ਹਨ।
ਪਿਛਲੇ ਦਿਨੀਂ ਮੈਂ ਲੇਖਕ ਅਮੀਸ਼ ਦੀ ਰਚਨਾ Shiva Trilogy ਪੜ੍ਹ ਰਿਹਾ ਸੀ। ਇਹ ਕਿਰਤ ਅੰਗਰੇਜ਼ੀ ਭਾਸ਼ਾ ਵਿੱਚ ਹੈ। ਲਿਖਤ ਦਾ ਕਥਾਨਿਕ (ਪਲਾਟ) ਅੱਜ ਤੋਂ ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਦਾ ਹੈ। ਤਿੰਨ ਖੰਡਾਂ ਦੀ ਇਸ ਕਿਰਤ ਵਿੱਚ ਕਹਾਣੀ ਦੇਵਤਿਆਂ ਲਈ ਰਾਖਵੇਂ ਸੋਮਰਸ ਸ਼ਰਬਤ (ਸ਼ਰਾਬ ਦਾ ਨਫੀਸ ਨਾਂ) ਦੇ ਗਿਰਦ ਘੁੰਮਦੀ ਹੈ। ਸਮੇਂ ਨਾਲ ਰਾਜਿਆਂ ਨੇ ਧਨ ਕਮਾਉਣ ਲਈ ਇਸ ਨੂੰ ਆਮ-ਜਨਤਾ ਦੇ ਸੇਵਨ ਕਰਨ ਲਈ ਛੋਟ ਦੇ ਦਿੱਤੀ। ਲੋਕ ਨਸ਼ੇ ਵਿੱਚ ਟੱਲੀ ਰਹਿਣ ਲੱਗੇ, ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਤੇ ਇਸਦੇ ਨਸ਼ੇ ਦਾ ਸਮਾਜ ਉੱਤੇ ਬੁਰਾ ਪ੍ਰਭਾਵ ਪੈਣ ਲੱਗ ਪਿਆ। ਸੋਮਰਸ ਹੁਣ ਬੁਰਾਈ ਦਾ ਪ੍ਰਤੀਕ ਹੋ ਗਿਆ। ਲੇਖਣੀ ਹੋਰ ਭੀ ਧਾਰਮਿਕ ਫਲਸਫਿਆਂ ਜਿਵੇਂ ਕਿ ਵਿਕਰਮਾ (ਅਛੂਤ, ਭਿੱਟ ਦਾ ਸੰਕਲਪ) ਆਦਿ ਨਾਲ ਵੀ ਸੰਵਾਦ ਰਚਾਉਂਦੀ ਹੈ। ਤਤਕਾਲੀ ਰਾਜਾ (ਦਕਸ਼) ਇਸ ਬੁਰਾਈ ਦੇ ਖਾਤਮੇ ਲਈ ਲੋਕ-ਕਥਾਵਾਂ ਉੱਤੇ ਨਿਰਭਰ ਹੋ ਕੇ ਨੀਲਕੰਠ (ਸ਼ਿਵਾ) ਦੀ ਤਲਾਸ਼ ਵਿੱਚ ਹੈ ਅਤੇ ਉਸ ਨੂੰ ਲੱਭਣ ਵਿੱਚ ਸਫਲ ਵੀ ਹੋ ਜਾਂਦਾ ਹੈ। ਫੇਰ (ਬੁਰਾਈ ਦੇ ਪ੍ਰਤੀਕ) ਬਣੇ ਸੋਮਰਸ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਸ਼ੁਰੂ ਹੁੰਦੀ ਹੈ। ਸੋਮਰਸ ਇੱਕ ਖਾਸ ਦਰਿਆ ਦੇ ਪਾਣੀ ਤੋਂ ਬਣਦਾ ਦਰਸਾਇਆ ਗਿਆ ਹੈ। ਸੋਮਰਸ ਦੇ ਸੋਮੇ ਅਤੇ ਇਸਦੇ ਕਾਰਖਾਨੇ ਉੱਤੇ ਰਾਜੇ ਦਾ ਕਬਜ਼ਾ ਹੈ। ਰਾਜਾ ਅਤੇ ਦਰਬਾਰੀ ਚਾਹੁੰਦੇ ਹਨ ਕਿ ਇਸਦੇ ਸੋਮੇ ਅਤੇ ਕਾਰਖਾਨੇ ਨੂੰ ਸੁਰੱਖਿਅਤ ਰੱਖਿਆ ਜਾਵੇ। ਸੇਵਨ ਦੇ ਨਾਲ ਨਾਲ ਇਸਦੀ ਵਿਕਰੀ ਤੋਂ ਧਨ ਵੀ ਕਮਾਇਆ ਜਾਵੇ। ਆਮ ਜਨਤਾ ਚਾਹੁੰਦੀ ਹੈ ਕਿ ਬੁਰਾਈ ਦਾ ਇਹ ਸੋਮਾ ਹੀ ਖਤਮ ਕਰ ਦਿੱਤਾ ਜਾਵੇ। ਲੇਖਕ ਸ਼ਿਵਾ ਨੂੰ ਇੱਕ ਸਧਾਰਨ ਮਨੁੱਖ ਦੱਸਦਾ ਹੈ ਜਿਸ ਨੂੰ ਕੁਦਰਤ ਨੇ ਤੀਜਾ ਨੇਤਰ (ਤਰਕਸ਼ੀਲਤਾ) ਬਖਸ਼ਿਆ ਹੈ। ਰਾਜਾ ਸ਼ਿਵਾ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਸ਼ਿਵਾ ਬੁਰਾਈ ਨੂੰ ਖਤਮ ਕਰਨ ਵਿੱਚ ਉਸ ਦੀ ਮਦਦ ਕਰ ਰਿਹਾ ਹੈ, ਪਰ ਜਦੋਂ ਸ਼ਿਵਾ ਆਪਣੇ ਆਸ਼ੇ ਪ੍ਰਤੀ ਵਚਨਬੱਧਤਾ ਦਿਖਾਉਂਦਾ ਹੈ ਫੇਰ ਰਾਜਾ ਪਰਦੇ ਪਿੱਛੇ ਸ਼ਿਵਾ ਦੇ ਵਿਰੁੱਧ ਛਲ-ਕਪਟ, ਬਲ ਆਦਿ ਵਰਤਦਾ ਹੈ। ਰਾਜਾ ਸ਼ਿਵਾ ਨੂੰ ਤਬਾਹ ਕਰਨ ਵਿੱਚ ਨਾ-ਕਾਮਯਾਬ ਰਹਿੰਦਾ ਹੈ। ਦੋਵੇਂ, ਰਾਜਾ ਅਤੇ ਸ਼ਿਵਾ ਹਾਲਾਤ ਵੱਸ ਜੰਗ ਦੀ ਭੱਠੀ ਵਿੱਚ ਧੱਕੇ ਜਾਂਦੇ ਹਨ।
ਇਸ ਸਾਰੇ ਬਿਰਤਾਂਤ ਵਿੱਚ ਜਦੋਂ ਕਦੇ ਵੀ ‘ਸ਼ਿਵਾ ‘ਨੇ ਆਪਣੇ ਸਹਯੋਗੀਆਂ ਅਤੇ ਮਿੱਤਰਾਂ ਨਾਲ ਨਿੱਜੀ ਦੁੱਖ-ਸੁਖ ਜਾਂ ਨੀਤੀਗਤ-ਵਿਚਾਰਕ ਗੋਸਟਿ ਕੀਤੀ ਜਾਂ ਇਕਾਂਤ ਵਿੱਚ ਬੈਠ ਕੇ ਉਸ ਨੇ ਆਪੇ ਨਾਲ ਗੱਲ ਕੀਤੀ, ਲੇਖਕ ਨੇ ਉਸ ਨੂੰ ‘ਚਿਲਮ ‘ਦੀ ਵਰਤੋਂ ਕਰਦੇ ਦੱਸਿਆ ਹੈ। ਅਸੀਂ ਜਾਣਦੇ ਹਾਂ ਕਿ ‘ਚਿਲਮ ‘ਵਿੱਚ ਕੀ ਪਾ ਕੇ ਸੁਲਗਾਇਆ ਜਾਂਦਾ ਸੀ/ਹੈ। ਇਹ ਸੁਲਗਦਾ ਪਦਾਰਥ ਹੋਰ ਕੁਝ ਨਹੀਂ ਬਲਕਿ ਤੰਬਾਕੂ, ਗਾਂਜਾ, ਸੁਲਫਾ ਆਦਿ ਹੀ ਹੋ ਸਕਦਾ ਹੈ। ਇਸਦਾ ਨਸ਼ਾ ਖੁਸ਼ੀ ਵਿੱਚ ਆਪੇ ਨੂੰ ਉਤਸ਼ਾਹਿਤ ਅਤੇ ਗ਼ਮੀ ਵਿੱਚ ਦਿਲਾਸਾ ਦਿੰਦਾ ਹੋਵੇਗਾ। ਇਕਾਂਤ ਵਿੱਚ ਇਸਦਾ ਸੇਵਨ ਜ਼ਰੂਰ ਹੀ ਬਿਰਤੀ ਇਕਾਗਰ ਕਰਨ ਦੀ ਜੁਗਤ ਹੁੰਦਾ ਹੋਵੇਗਾ। ਸੁਣਿਆ ਹੈ ਅੱਜ ਦੇ ਯੁਗ ਵਿੱਚ ਵੀ ਕਈ ਵਿਦਵਾਨ ਚਿੰਤਨ-ਵਿਧੀ ਵਿੱਚ ਇਸ ਜੁਗਤ ਨੂੰ ਵਰਤਦੇ ਹਨ।
ਇਸ ਪ੍ਰਾਚੀਨ ਪਿਛੋਕੜ ਦੇ ਮੱਦੇਨਜ਼ਰ ਸਾਨੂੰ ਨਸ਼ੇ ਦਾ ਅਸਲ ਖ਼ਾਸਾ ਸਮਝਣ ਦੀ ਲੋੜ ਹੈ। ਇਸਦਾ ਸਭ ਤੋਂ ਵੱਡਾ ਅਤੇ ਸੁਹਜ ਰੂਪ ਧਨ ਹੈ। ਇੱਕ ਵਿਚਾਰਕ ਕਹਿੰਦਾ ਹੈ ਕਿ ਪੈਸੇ ਤੋਂ ਬਿਨਾਂ ਜ਼ਿੰਦਗੀ ਇੱਕ ਮਿਰਗ-ਤ੍ਰਿਸ਼ਨਾ ਹੀ ਹੁੰਦੀ ਹੈ। ਉਸ ਦਾ ਕਥਨ ਸਹੀ ਜਾਪਦਾ ਹੈ। ਨਸ਼ੀਲੇ ਪਦਾਰਥ ਧਨ ਕਮਾਉਂਦੇ ਹਨ। ਸਮੂਹਿਕ ਪੱਧਰ ’ਤੇ ਨਸ਼ੇ ਦੀ ਖਪਤ ਧਨ ਦੀ ਉਤਪਤੀ ਦਾ ਸਾਧਨ ਬਣਦੀ ਆਈ ਹੈ। ਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਠੇਕਿਆਂ ਤੋਂ ਸਰਕਾਰ ਨੂੰ ਕਿੰਨਾ ਮਾਲੀਆ ਮਿਲਦਾ ਹੈ।
ਹੁਣ ਅਸੀਂ ਪਿਛਲੀ ਸਦੀ ਦੇ ਪਿਛਲੇ ਅੱਧ ਦੇ ਦਹਾਕਿਆਂ ਉੱਤੇ ਝਾਤ ਮਾਰਦੇ ਹਾਂ। ਇਹ ਸਾਡੀ ਸਿਆਸੀ ਅਜ਼ਾਦੀ ਦੇ ਮੁਢਲੇ ਸਾਲ ਸਨ। ਇਸ ਸਮੇਂ ਅੰਦਰ ਨਸ਼ੇ ਨੂੰ ਦੋ ਸੰਧਰਭਾਂ ਵਿੱਚ ਵਾਚਿਆ ਜਾ ਸਕਦਾ ਹੈ। ਪਹਿਲਾਂ ਸੱਭਿਆਚਾਰਕ ਪੱਖ ਲੈਂਦੇ ਹਾਂ। ਇਹ ਸਮਾਂ ਮੇਰੇ ਹਮਉਮਰਾਂ ਦੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਵਿਕਸਤ ਹੋਣ ਦਾ ਸੀ। ਪਿੰਡ ਵਿੱਚ ਰਹਿੰਦਿਆਂ ਬਚਪਨ ਵਿੱਚ ਦੇਖਦੇ ਸਾਂ ਕਿ ਕਦੇ-ਕਦਾਈਂ ਬਾਹਰਲੇ ਘਰ ਇੱਕ ਕੋਨੇ ਵਿੱਚ ਬਾਲਣ ਦੇ ਢੇਰ ਕੋਲ ਸ਼ਾਮ ਦੇ ਘੁਸਮੁਸੇ ਵਿੱਚ ਇੱਕ ਢਾਣੀ ਜੁੜਦੀ। ਉਨ੍ਹਾਂ ਕੋਲ ਕੱਚ ਦੀ ਇੱਕ ਗਲਾਸੀ ਹੁੰਦੀ, ਪਿੰਡ ਵਿੱਚ ਬਾਣੀਏ ਦੀ ਦੁਕਾਨ ਤੋਂ ਲਿਆਂਦਾ ਕਾਗ਼ਜ਼ ਵਿੱਚ ਰੱਖਿਆ ਨਮਕੀਨ ਜਾਂ ਕੌਲੀ ਵਿੱਚ ਲੂਣ ਅਤੇ ਗੰਢੇ ਹੁੰਦੇ ਅਤੇ ਕੋਲ ਹੀ ਸੌਂਫੀਆ ਸ਼ਰਾਬ ਦੀ ਬੋਤਲ ਪਈ ਹੁੰਦੀ। ਇੱਕ ‘ਸਿਆਣਾ’ ਮੰਜੀ ਉੱਤੇ ਬੈਠਦਾ, ਬਾਕੀ ਸਭ ਇੱਟਾਂ ਰੋੜਿਆਂ ਦਾ ਆਸਣ ਬਣਾ ਕੇ ਹੇਠਾਂ ਬੈਠਦੇ। ਇਹ ਸਿਆਣਾ ‘ਓਪਰੀ ਨਜ਼ਰ’ ਭਾਵ ਭੂਤ-ਪ੍ਰੇਤਾਂ ਦੀ ਵਿੱਦਿਆ ਦਾ ਮਾਹਰ ਸਮਝਿਆ ਜਾਂਦਾ ਸੀ। ਬੋਤਲ ਹਿਲਾ ਕੇ ਦੇਖਦੇ, ਦਾਣਾ ਪੈਂਦਾ ਹੈ ਕਿ ਨਹੀਂ। ਦਾਣਾ ਦਿਸਣ ’ਤੇ ਕਹਿਣਾ, “ਦੇਖਿਓ ਦੁੱਧ ਵਰਗੀ ਚਿੱਟੀ ਹੋਜੂ ਜਦੋਂ ਪਾਣੀ ਪਊ।” ਇਹ ਕੌਤਕ ਮੈਂ ਅੱਖੀਂ ਦੇਖਿਆ ਹੈ। ਫਿਰ ਗਲਾਸੀ ਘੁੰਮਦੀ - ਇੱਕੋ ਗਲਾਸੀ ਵਿੱਚ ਪੀਣਾ ਭਾਈਚਾਰਕ ਪ੍ਰੇਮ ਅਤੇ ਸਾਂਝ ਦਾ ਪ੍ਰਤੀਕ ਸੀ। ਜਦੋਂ ਨਸ਼ਾ ਚੜ੍ਹ ਜਾਂਦਾ ਤਾਂ ਉਹ ‘ਸਿਆਣਾ’ ਘਰ ਵਿੱਚੋਂ ਭੂਤ-ਪ੍ਰੇਤ ਭਜਾਉਂਦਾ। ਕਦੇ ਕਦੇ ਸਾਨੂੰ ਨਿਆਣਿਆਂ ਨੂੰ ਵੀ ਭੋਰਾ ਚਟਾ ਦਿੰਦੇ। ਠੇਕੇ ਦੀ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਉਹ ਘਰ ਦੀ ਕੱਢੀ ਖਰੀਦਦੇ। ਕੱਢਣ ਵਾਲੇ ‘ਪਹਿਲੇ ਤੋੜ ਦੀ’ ਵੇਚ ਕੇ ਚੰਗਾ ਧਨ ਕਮਾਉਂਦੇ। ਖਾਣ-ਪੀਣ ਵਾਲੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਰਹਿੰਦੇ। ਵੱਡੇ ਪੱਧਰ ਦੀ ਖਪਤ ਤੋਂ ਉਪਜਿਆ ਧਨ ਫੇਰ ਮੁਖ਼ਬਰਾਂ, ਪੁਲਸੀਆਂ ਅਤੇ ਸਿਆਸਤਦਾਨਾਂ ਦੇ ਖਜ਼ਾਨਿਆਂ ਵਿੱਚ ਪਹੁੰਚ ਜਾਂਦਾ। ਅੱਜ ਵੀ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਇਹ ਪ੍ਰਚਲਨ ਜਾਰੀ ਹੈ।
ਉਨ੍ਹਾਂ ਸਮਿਆਂ ਦੇ ਪੇਂਡੂ ਸਮਾਜ ਵਿੱਚ ‘ਸੁਲਫੇ’ ਦਾ ਸੇਵਨ ਆਮ ਸੀ। ਔਰਤਾਂ-ਮਰਦਾਂ ਦੇ ਨਹਾਉਣ ਲਈ ਪਿੰਡ ਦੇ ਬਾਹਰਵਾਰ ਛੱਪੜ ਹੁੰਦੇ ਸਨ। ਕਿਸੇ ਨਸ਼ੇੜੀ ਨੂੰ ਛੱਪੜ ਵਿੱਚੋਂ ਨਹਾ ਕੇ ਨਿਕਲੀ ਯੁਵਤੀ ਸੁਲਫੇ ਦੀ ਲਾਟ ਵਰਗੀ ਨਜ਼ਰ ਆਉਂਦੀ ਹੋਵੇਗੀ, ਉਸ ਨੇ ਗਾ ਦਿੱਤਾ ਹੋਵੇਗਾ, “ਰੰਨ ਨਾਹ੍ਹ ਕੇ ਛੱਪੜ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ ...।’ ਉਸ ਵੱਲੋਂ ‘ਸੁਲਫੇ ਦੀ ਲਾਟ’ ਦਾ ਵਰਤਿਆ ਅਲੰਕਾਰ ਇਹ ਭੀ ਕਹਿ ਰਿਹਾ ਹੈ ਕਿ ਨਸ਼ੇ ਚਿੰਤਨ-ਬੁੱਧੀ ਲਈ ਵੀ ‘ਸ਼ਿਵਾ’ ਦੇ ਵਕਤ ਤੋਂ ਵਰਤੋਂ ਵਿੱਚ ਆਏ ਹਨ। ਇਸ ਅਖਾਣ ਦਾ ਲੋਕਾਂ ਦੇ ਮੂੰਹ ਚੜ੍ਹ ਜਾਣਾ ਕੋਈ ਅਣਹੋਣੀ ਨਹੀਂ ਸੀ ਕਿਉਂਕਿ ਉਹ ਸਾਧਾਂ ਦੇ ਟਿੱਲਿਆਂ ਤੇ ਹਰ ਰੋਜ਼ ਸੁਲਫੇ ਦੀਆਂ ਲਾਟਾਂ ਅਤੇ ਛਪੜਾਂ ਵਿੱਚੋਂ ਨਹਾ ਕੇ ਨਿਕਲਦੀਆਂ ਔਰਤਾਂ ਨੂੰ ਸੁਭਾਵਿਕ ਹੀ ਦੇਖਦੇ ਸਨ। ਇਹ ਸੁਲਫੇ ਦੀ ਲਾਟ ਸ਼ਿਵਾ ਦੀ ‘ਚਿਲਮ ‘ਵਿੱਚੋਂ ਵੀ ਨਿਕਲਦੀ ਸੀ। ਸ਼ਰਾਬ ਅਤੇ ਸੁਲਫਾ ਨਸ਼ੇ ਦੇ ਵੱਖ ਵੱਖ ਰੂਪ ਸਨ/ਹਨ।
ਇਹ ਉਹ ਸਾਲ ਸਨ ਜਦੋਂ ਪੰਜਾਬ ਵਿੱਚ ਪੋਸਤ ਦੇ ਫੁੱਲ ਵੀ ਖਿਲਦੇ ਸਨ। ਅਫੀਮ ਦੇ ਠੇਕੇ ਸਨ। ਮੇਰੀ ਉਮਰ ਦਾ ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਵੇ ਜਿਸ ਨੇ ਦੁਆਨੀ-ਚੁਆਨੀ ਦੀ ਅਫੀਮ ਠੇਕੇ ਤੋਂ ਲਿਆ ਕੇ ਬੇਬੇ ਦੇ ਹੱਥ ’ਤੇ ਨਾ ਰੱਖੀ ਹੋਵੇ ਤਾਂ ਕਿ ਉਹ ਨਿੱਕੇ ਨਿਆਣੇ ਨੂੰ ਅਫੀਮ ਦਾ ਭੋਰਾ ਖੁਆ ਕੇ ਸੁਲਾ ਦੇਵੇ ਅਤੇ ਆਪ ਖੇਤੀ ਦੇ ਕੰਮ ਵਿੱਚ ਹੱਥ ਵਟਾਵੇ। ਕਣਕ ਦੀ ਕਟਾਈ ਅਤੇ ਕਪਾਹ ਦੀ ਗੁਡਾਈ ਵੇਲੇ ਅਫੀਮ ਦਾ ਸੇਵਨ ਆਮ ਹੁੰਦਾ ਸੀ। ਚਾਹ ਨਾਲ ਭੋਰਾ ਭੋਰਾ ਸਭ ਨੂੰ ਦੇ ਦਿੱਤੀ ਜਾਂਦੀ ਸੀ। ਚੱਕ ਲੈ ਅਮਲੀਆ ਬਾਟੀ, ਲਿਪਟਨ ਗੇੜੇ ਖਾਂਦੀ ਐ ... ਕਹਿਕੇ ਕਾਮਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਕਿ ਉਹ ਥੋੜ੍ਹਾ ਨਸ਼ਾ ਕਰ ਲੈਣ ਤਾਂ ਕਿ ਵੱਧ ਤੋਂ ਵੱਧ ਕੰਮ ਹੋ ਸਕੇ। ਉਨ੍ਹਾਂ ਦਿਨਾਂ ਵਿੱਚ ਲਿਪਟਨ ਕੰਪਨੀ ਦੀ ਚਾਹ ਪੱਤੀ ਬਹੁਤ ਪਸੰਦ ਕੀਤੀ ਜਾਂਦੀ ਸੀ। ਚਾਹ ਵੀ ਇੱਕ ਨਸ਼ਾ ਹੀ ਸੀ/ਹੈ। 1964-65 ਦੇ ਆਸ-ਪਾਸ ਸਰਕਾਰ ਨੇ ਅਫੀਮ ਉੱਤੇ ਪਾਬੰਦੀ ਲਾ ਦਿੱਤੀ। ਖੇਤਾਂ ਵਿੱਚ ਪੋਸਤ ਦੇ ਮਨਮੋਹਣੇ ਫੁੱਲ ਖਿਲਣੇ ਅਤੇ ਡੋਡੇ ਦਿਖਣੇ ਬੰਦ ਹੋ ਗਏ। ਅਫੀਮ ਦਾ ਨਸ਼ਾ ਕਰਨ ਵਾਲੇ ਅਮਲੀ ਮੰਜੀ ਨਾਲ ਜੁੜਨੇ ਸ਼ੁਰੂ ਹੋ ਗਏ, ਕਹਿਣ ਹੱਡ ਖੜ੍ਹੇ ਹੀ ਨਹੀਂ ਹੋ ਰਹੇ-- ਸਾਰਾ ਦਿਨ ਮੰਜੀ ਨਾਲ ਜੁੜਿਆ ਰਹਿੰਦਾ ਐਂ ... ਵਰਗੇ ਗੀਤ ਰਿਕਾਰਡ ਹੋਣ ਲੱਗੇ। ਇੱਕ ਫਿਲਮੀ ਗੀਤ ਵੀ ਸੀ, ਜਾਹ ਭੈੜਾ ਪੋਸਤੀ ...। ਹੁਣ ਲੋਕਾਂ ਨੇ ਘਰ ਵਿੱਚ ਹੀ ਅਫੀਮ ਬਣਾਉਣੀ ਜਾਂ ਬਲੈਕ ਦੀ ਅਫੀਮ ਖਰੀਦਣੀ ਸ਼ੁਰੂ ਕਰ ਦਿੱਤੀ ਸੀ। ਦੋ ਵਾਕਿਆ ਯਾਦ ਆ ਰਹੇ ਹਨ।
ਸਾਡੇ ਗੁਆਂਢ ਰਹਿੰਦਾ ਮੜ੍ਹਾਕਾ ਤਾਇਆ... ਉਸ ਦਾ ਅਸਲੀ ਨਾਂ ਮੜ੍ਹਾਕ ਸਿੰਘ ਸੀ ... ਪੱਕਾ ਅਮਲੀ ਸੀ। ਨਸ਼ੇ ਦੀ ਤੋੜ ਅਤੇ ਗਰੀਬੀ ਨੇ (ਬਲੈਕ ਵਿੱਚ ਅਫੀਮ ਬਹੁਤ ਮਹਿੰਗੀ ਸੀ) ਉਸ ਨੂੰ ਆਪ ਅਫੀਮ ਬਣਾਉਣ ਲਈ ਮਜਬੂਰ ਕਰ ਦਿੱਤਾ ਹੋਣਾ ਹੈ। ਸਤੰਬਰ ਦੇ ਮਹੀਨੇ ਕਾਲਜ ਤੋਂ ਆ ਕੇ ਮੈਂ ਸਾਇਕਲ ਖੜ੍ਹਾ ਹੀ ਕੀਤਾ ਸੀ ਕਿ ਬੇਬੇ ਨੇ ਕਿਹਾ, “ਜਗਰੂਪ ਜਲਦੀ ਕਰ, ਆਹ ਫੜ ਦੇਸੀ ਘਿਓ ਦਾ ਛੰਨਾ, ਤੇਰਾ ਤਾਇਆ ਫੀਮ ਜਾਦਾ ਖਾ ਗਿਆ ਹੈ, ਛੇਤੀ ਜਾ ਉਹਦਾ ਨਸ਼ਾ ਤਾਰਨੈ।” ਜਿਉਂ ਹੀ ਮੈਂ ਪਹੁੰਚਿਆ ਤਾਂ ਦੇਖਿਆ ਕਿ ਤਾਏ ਦਾ ਸਰੀਰ ਆਕੜ ਗਿਆ ਸੀ। ਉਸ ਦੀਆਂ ਲੱਤਾਂ ਦੱਬਦੇ ਤਾਂ ਧੜ ਖੜ੍ਹਾ ਹੋ ਜਾਂਦਾ, ਜਦੋਂ ਧੜ ਦੱਬਦੇ ਤਾਂ ਲੱਤਾਂ ਦਾ ਉੱਪਰ ਚੁੱਕ ਹੋ ਜਾਂਦੀਆਂ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੇਸੀ ਘਿਓ ਦੀਆਂ ਦੋ ਬਾਟੀਆਂ ਨੇ ਉਸ ਦਾ ਨਸ਼ਾ ਉਤਾਰ ਦਿੱਤਾ ਅਤੇ ਉਹ ਬਚ ਗਿਆ ਸੀ। ਪਤਾ ਨਹੀਂ ਪੰਜਾਬ ਵਿੱਚ ਨਕਲੀ ਅਫੀਮ ਨੇ ਕਿੰਨੇ ਅਮਲੀਆਂ ਦੀ ਬਲੀ ਲਈ ਹੋਵੇਗੀ।
ਸਾਧੂ ਸਿੰਘ ਨਾਂ ਦਾ ਸ਼ਖਸ ਚੰਗਾ ਬਲੈਕੀਆ ਹੋ ਗਿਆ ਸੀ। ਲੋਕਾਂ ਨੇ ਉਸ ਦਾ ਨਾਉਂ ਪੁੱਠਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੂੰ ‘ਧੂਸ’ ਕਰਕੇ ਬੁਲਾਉਣ ਲੱਗੇ। ਗੈਰ ਕਾਨੂੰਨੀ ਕੰਮ ਨੂੰ ਸਮਾਜ ਪੁੱਠਾ ਕੰਮ ਸਮਝਦਾ ਸੀ। ਸਭ ਨੂੰ ਪਤਾ ਸੀ ਕਿ ਉਹ ਇਹ ਧੰਦਾ ਪੁਲਿਸ ਨਾਲ ਮਿਲ ਕੇ ਕਰਦਾ ਸੀ। ਦਿਨਾਂ ਵਿੱਚ ਹੀ ਉਸ ਨੇ ਚੰਗਾ ਮਕਾਨ ਪਾ ਲਿਆ। ਅਮਲੀ ਦੱਸਣ ਲੱਗੇ ... ਬੜੀ ਛਿੱਲ ਲਾਹੁੰਦੈ ਪਰ ਕਰੀਏ ਕੀ ... ਕਦੇ ਕਦੇ ਤਾਂ ਫਟਕੜੀ ਹੀ ਦੇ ਦਿੰਦਾ ਹੈ। ਕੀਹਦੇ ਕੋਲ ਪਿੱਟੀਏ? ... ਸਭ ਮਿਲੇ ਹੋਏ ਨੇ। ਫਿਰ ਉਹ ਬਦਅਸੀਸ ਦੇਣ ’ਤੇ ਉੱਤਰ ਆਉਂਦੇ। ਧੂਸ ਦੀ ਮੋਟੀ ਚਮੜੀ ਹੇਠ ਵਿਕੀ ਜ਼ਮੀਰ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਕੋਈ ਮਰੇ ਕੋਈ ਜੀਵੇ ‘ਸੁਥਰਾ’ ਘੋਲ ਪਤਾਸੇ ਪੀਵੇ। (ਸੁਥਰਾ ਇੱਕ ਪੰਜਾਬੀ ਕਵੀ ਦਾ ਤਖੱਲਸ ਸੀ)। ਫੇਰ ਇੱਕ ਦਿਨ ਕਿਸੇ ਇਮਾਨਦਾਰ ਅਫਸਰ ਨੇ ਉਸ ਦੀ ਉਹ ਭੁਗਤ ਸਵਾਰੀ ਕਿ ਉਹ ਬਿਮਾਰ ਪੈ ਗਿਆ ਤੇ ... ...।
ਫੇਰ ਜ਼ੀਨਤ ਅਮਾਨ ’ਤੇ ਫਿਲਮਾਏ ਗਾਣੇ ‘ਦਮ ਮਾਰੋ ਦਮ ... ਮਿਟ ਜਾਏ ਗ਼’ ਦਾ ਦੌਰ ਸ਼ੁਰੂ ਹੋਇਆ। 1971 ਵਿੱਚ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ ‘ਨੇ ਭਾਰਤੀ ਸੰਸਕ੍ਰਿਤੀ ਉੱਤੇ ਹਿੱਪੀ ਸੱਭਿਆਚਾਰ ਦੇ ਪੈ ਰਹੇ ਪ੍ਰਭਾਵ ਬਾਰੇ ਅੱਛੀ ਪੇਸ਼ਕਾਰੀ ਦਿੱਤੀ ਸੀ। ਫਿਲਮ ਬਣਾਉਣ ਵਾਲਿਆਂ ਦਾ ਮਨਸ਼ਾ ਵਿੱਤੀ ਲਾਭ ਸੀ ਅਤੇ ਸਰਕਾਰ ਦਾ ਮਨਸ਼ਾ ਸ਼ਾਇਦ ਉਸ ਵੇਲੇ ਦੇ ਪ੍ਰਚਲਤ ਨਸ਼ੇ ‘ਕੋਕੀਨ - ਐੱਲ ਐੱਸ ਡੀ’ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗ੍ਰਿਤ ਕਰਨਾ ਸੀ। ਪਰ ਹੋਇਆ ਇਸਦੇ ਉਲਟ। ਇਸ ਨਸ਼ੇ ਦੀ ਸਮਗਲਿੰਗ ਵਧ ਗਈ। ਅਧਿਕਾਰੀਆਂ ਅਤੇ ਹੋਰ ਤਾਕਤਵਰ ਲੋਕਾਂ ਨੇ ਖ਼ੂਬ ਹੱਥ ਰੰਗੇ ਸਨ। ਇਸ ਨਸ਼ੇ ਅਤੇ ਏਡਜ਼ ਦੀ ਬਿਮਾਰੀ ਬਾਰੇ ਕੌਮਾਂਤਰੀ ਚੇਤਨਾ ਨੇ ਜਲਦੀ ਹੀ ਇਸਦੀ ਰੋਕ ਥਾਮ ਦੇ ਉਪਰਾਲੇ ਸ਼ੁਰੂ ਕਰਵਾ ਦਿੱਤੇ ਸਨ। ਅੱਜ ਦੀ ਪੀੜ੍ਹੀ ਨੇ ਜੇਕਰ ‘ਸੁਲਫੇ ਦੀ ਲਾਟ’ ਦੇਖਣੀ ਹੈ ਤਾਂ ਨੈੱਟਫਲਿਕਸ ਉੱਤੇ ਇਹ ਗਾਣਾ ਦੇਖ ਲਵੇ।
1988 ਵਿੱਚ ਦੇਸ਼ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ-ਭੋਏਂ ਗੁਜਰਾਤ ਵਿੱਚ ਸੇਵਾ ਕਰਨ ਦਾ ਸਬੱਬ ਬਣਿਆ। ਅਸੀਂ ਭਵਨਗਰ ਸਾਂ। ਇਹ ਸ਼ਹਿਰ ਗਾਂਧੀ ਜੀ ਦੇ ਜਨਮ ਅਸਥਾਨ ਪੋਰਬੰਦਰ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈ। ਚਾਰੋਂ ਤਰਫ਼ ਧਾਰਮਿਕ ਅਸਥਾਨਾਂ ਨਾਲ ਘਿਰਿਆ ਹੋਇਆ ਇਹ ਸ਼ਹਿਰ ਬੜੀ ਰਮਣੀਕ ਜਗ੍ਹਾ ਸੀ। ਧਰਮ ਦਾ ਵੀ ਇੱਕ ਅਜੀਬ ਹੀ ਨਸ਼ਾ ਹੈ। ਹਰ ਵਰ੍ਹੇ ਲੱਖਾਂ ਧਾਰਮਿਕ ਯਾਤਰੀ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਆਉਂਦੇ। ਅਸੀਂ ਤਾਂ ਖੁਸ਼ ਸਾਂ ਕਿ ਇਹ ਯਾਤਰੀ ਸਾਡੇ ਟੈਕਸ ਉਗਰਾਹੀ ਵਿੱਚ ਚੰਗਾ ਯੋਗਦਾਨ ਪਾ ਦਿੰਦੇ ਹਨ। ਮੁਮਕਿਨ ਹੈ ਕਿ ਪੈਸੇ ਦੀ ਗੰਗਾ ਕਿਤੋਂ ਹੋਰ ਵਹਿੰਦੀ ਸੀ।
ਸਾਡੇ ਗੁਆਂਢੀ ਬਹੁਤ ਹੀ ਭਲੇਮਾਣਸ ਧਰਮੀ ਬੰਦੇ ਸਨ। ਉਨ੍ਹਾਂ ਦੀਆਂ ਔਰਤਾਂ ਅਕਸਰ ਦਿਨ ਵੇਲੇ ਸਾਡੇ ਘਰ ਮਹਿਫ਼ਿਲ ਲਾਉਂਦੀਆਂ। ਉਨ੍ਹਾਂ ਕਦੀ ਮੈਨੂੰ ਇੱਕ ਟੈਕਸੀ ਵਿੱਚ ਬੈਠਦਿਆਂ ਦੇਖ ਲਿਆ ਹੋਵੇਗਾ। ਮੈਨੂੰ ਕਦੇ ਕਦਾਈਂ ਮੁੱਖ-ਦਫਤਰ ਰਾਜਕੋਟ ਜਾਣਾ ਪੈਂਦਾ ਸੀ। ਉਨ੍ਹਾਂ ਸਾਡੀ ਭਲਾਈ ਹੇਤ ਮੇਰੀ ਧਰਮ-ਪਤਨੀ ਨੂੰ ਕਿਹਾ, “ਸਾਬ੍ਹ ਕੋ ਬਤਾਓ ਕਿ ਜਿਸ ਕਾਰ ਮੇਂ ਵੋ ਜਾਤੇ ਹੈਂ, ਵੋ ਅੱਛਾ ਆਦਮੀ ਨਹੀਂ ਹੈ, ਵੋ ਸਿਵਕੀ ਵੇਚਤਾ ਹੈ।” ਮੈਡਮ ਨੂੰ ਸਮਝ ਨਾ ਆਵੇ ਕਿ ਇਹ ਸਿਵਕੀ ਕਿਸ ਨੂੰ ਕਹਿ ਰਹੀਆਂ ਨੇ, ਉਨ੍ਹਾਂ ਨੂੰ ਵਿਸਕੀ ਕਹਿਣਾ ਨਾ ਆਵੇ। ਅਸੀਂ ਦੋਹਾਂ ਨੇ ਬੁਝਾਰਤ ਹੱਲ ਕੀਤੀ ਕਿ ਉਹ ਬੁਰਾ ਆਦਮੀ ‘ਵਿਸਕੀ’ ਦੀ ਸਪਲਾਈ ਕਰਦਾ ਹੋਵੇਗਾ। ਪਤਾ ਲੱਗਿਆ ਕਿ ਉਹ ਮਨੁੱਖ ਖੁਸ਼ਕ ਸੂਬੇ ਵਿੱਚ ‘ਤੇਰ੍ਹਵੇਂ ਰਤਨ’ ਦਾ ਕਾਰੋਬਾਰ ਕਰਦਾ ਸੀ। ਪੈਸਾ ਫੈਂਕੋ ਤਮਾਸ਼ਾ ਦੇਖੋ ਵਾਲਾ ਸੀਨ ਸੀ। ਘਰ ਬੈਠੇ ਸਭ ਹਾਜ਼ਰ - ਦੇਸੀ, ਵਲੈਤੀ, ਸਕਾਚ, ਬੀਅਰ, ਜਿੰਨ। ਉਸ ਦੀ ਗੱਡੀ ਨੂੰ ਕੋਈ ਨਹੀਂ ਰੋਕਦਾ ਸੀ। ਉੱਪਰ ਤਕ ਪਹੁੰਚ ਵਾਲਾ ਬੰਦਾ ਸੀ ਉਹ। ਸਾਡਾ ਵੀ ਡੰਗ ਸਰਨ ਲੱਗ ਪਿਆ। ਉਂਝ ਸਰਕਾਰ ਵੀ ‘ਹੈਲਥ ਪਰਮਿਟ’ ਦੇ ਕੇ ਮਾਲੀਆ ਕਮਾ ਰਹੀ ਸੀ।
ਘਰਾਂ ਵਿੱਚ ਅਤੇ ਵਿਆਹ ਸ਼ਾਦੀਆਂ ’ਤੇ ਸ਼ਰਾਬ ਦੀ ਸ਼ਰੇਆਮ ਵਰਤੋਂ ਦੀ ਸਮਾਜਿਕ ਪ੍ਰਵਿਤੀ ਨੇ ਸਾਡੀ ਗਭਰੇਟ ਪੀੜ੍ਹੀ ਨੂੰ ਨਸ਼ਿਆਂ ਦੇ ਖੂਹ ਵਿੱਚ ਸੁੱਟ ਦਿੱਤਾ। ਉਹ ਵੱਡਿਆਂ ਦੀ ਨਕਲ ਕਰਨਗੇ ਹੀ। ਉਂਝ ਸੋਮਰਸ ਵੀ ਪਹਿਲਾਂ-ਪਹਿਲ ਇੱਕ ਸੰਜੀਵਨੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਇਸਦਾ ਬਹੁਤੀ ਮਾਤਰਾ ਵਿੱਚ ਸੇਵਨ ਇਸ ਨੂੰ ਬੁਰਾ ਬਣਾ ਗਿਆ ਸੀ। ਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਹੀ ਇੱਕ ਹੋਰ ਬਲਾ ਪੰਜਾਬ ਦੇ ਗੱਲ ਪੈ ਗਈ। ਇਹ ਅਫੀਮ ਵਾਂਗ ਕਾਲੀ-ਕਲੂਟ ਨਹੀਂ ਬਲਕਿ ਚਿੱਟੇ ਤੋਂ ਵੀ ਚਿੱਟੀ - ਭਾਵ ਚਿੱਟਾ ਸੀ/ਹੈ। ਇਸ ਨਸ਼ੇ ਨੇ ਪੂਰੇ ਪੰਜਾਬ ਨੂੰ ਆਪਣੇ ਮੱਕੜਜਾਲ ਵਿੱਚ ਅਜਿਹਾ ਫਸਾਇਆ ਕਿ ਇਸ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਘਰਾਂ ਦੇ ਘਰ ਬਰਬਾਦ ਹੋ ਗਏ। ਕਿਸ ਨੇ ਇਸਦੀ ਲਤ ਲਾਈ, ਕਿਸੇ ਨੂੰ ਪਤਾ ਨਹੀਂ। ਇਸ ਬਰਬਾਦੀ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਸਦੀਆਂ ਦੀਆਂ ਸੰਵੇਦਨਾਵਾਂ ਜ਼ਿੰਮੇਵਾਰ ਹਨ। ਖਾਂਦੇ ਪੀਂਦੇ ਘਰਾਂ ਦੇ ਕਾਕਿਆਂ ਦਾ ਇਹ ਸ਼ੌਕ ਆਮ ਘਰਾਂ ਦੇ ਬੱਚਿਆਂ ਨੂੰ ਵੀ ਚਿੰਬੜ ਗਿਆ। ਕੁੜੀਆਂ ਦੀਆਂ ਨਸ਼ੇ ਵਿੱਚ ਧੁੱਤ ਵੀਡਿਓ ਸੋਸ਼ਲ ਮੀਡੀਆ ’ਤੇ ਆਮ ਚੱਲ ਰਹੀਆਂ ਹਨ। ਕਹਿੰਦੀਆਂ ਹਨ ... ਜੋ ਮਰਜ਼ੀ ਕਰੋ ਪਰ ਚਿੱਟਾ ਦੇ ਦਿਓ। ਕੱਲ੍ਹ ਹੀ ਟੀਵੀ ਸਕਰੀਨ ’ਤੇ ਦਿਖਾਇਆ ਜਾ ਰਿਹਾ ਸੀ ਕਿ ਇੱਕ ਨੌਜਵਾਨ ਨੇ ਮਾਤਾ-ਪਿਤਾ ਦਾ ਕਤਲ ਇਸ ਲਈ ਕਰ ਦਿੱਤਾ ਕਿ ਉਹ ਚਿੱਟਾ ਖਰੀਦਣ ਲਈ ਪੈਸੇ ਨਹੀਂ ਦੇ ਰਹੇ ਸਨ। ਅਜਿਹੇ ਹਾਲਾਤ ਦੇ ਹੋਂਦ ਦੀ ਪੁਸ਼ਟੀ ਇੱਕ ਬਜ਼ੁਰਗ ਇਨਸਾਨ ਨੇ ਅਜ਼ਾਦੀ ਦਿਹਾੜੇ ’ਤੇ ਕਰ ਦਿੱਤੀ। ਉਹ ਮੈਨੂੰ ਸਵੇਰ ਦੀ ਸੈਰ ਵੇਲੇ ਹਰ ਰੋਜ਼ ਹੀ ਮਿਲਦਾ ਸੀ, ਪਰ ਮੈਂ ਉਸ ਨੂੰ ਬੁਲਾਉਣ ਤੋਂ ਝਿਜਕਦਾ ਸਾਂ। ਉਸ ਦੀ ਪਤਲੀ ਹਾਲਤ ਜਾਣਨ ਲਈ ਅੱਜ ਮੈਂ ਉਸ ਨਾਲ ਗੱਲ ਤੋਰ ਹੀ ਲਈ। ਕੋਈ ਬਹੱਤਰ ਕੁ ਸਾਲ ਦੇ ਇਸ ਬੰਦੇ ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ, “ਆਲੇ ਦੁਆਲੇ ਦੀ ਜ਼ਮੀਨ ਦੇ ਦੋ ਖਤਾਨੇ ਸਾਡੇ ਸੀ ਪਰ ਹੁਣ ਦੀ ਪੀੜ੍ਹੀ ਦੇ ਮੁੰਡੇ-ਕੁੜੀਆਂ ਨੇ ਅੱਧੀ ਤੋਂ ਵੱਧ ਚਿੱਟੇ ਅਤੇ ਭੁੱਕੀ ਦੇ ਨਸ਼ਿਆਂ ਵਿੱਚ ਰੋੜ੍ਹ ਦਿੱਤੀ ਹੈ। ਹਰ ਰੋਜ਼ ਘਰੇ ਪੁਲਿਸ ਖੜ੍ਹੀ ਰਹਿੰਦੀ ਐ।” ਉਸ ਬਜ਼ੁਰਗ ਦੇ ਬੋਲਾਂ ਵਿਚਲਾ ਦਰਦ ਚਿਹਰੇ ਦੀਆਂ ਝੁਰੜੀਆਂ ਦੀ ਦਾਸਤਾਨ ਕਹਿ ਰਿਹਾ ਸੀ। ਕੱਪੜਿਆਂ ਤੋਂ ਉਹ ਭਿਖਾਰੀ ਦਿਸ ਰਿਹਾ ਸੀ। ਇਹ ਇਨਸਾਨ ਜਵਾਨੀ ਵੇਲੇ ਛਬੀਲਾ ਰੂਪ ਸਿੰਘ ਸੀ। ਪੰਜਾਬ ਸਰਕਾਰ ਮੁਤਾਬਿਕ ਮਾਰਚ 2023 ਤਕ 2.62 ਲੱਖ ਨਸ਼ੇੜੀ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਵਿੱਚ, 6.12 ਲੱਖ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਵਿੱਚ ਜ਼ੇਰੇ-ਇਲਾਜ ਹਨ। ਕੋਈ 10 ਲੱਖ ਲੋਕ ਚਿੱਟੇ ਦੇ ਨਸ਼ੇ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਕੋਈ ਦੋ ਕੁ ਸਾਲ ਪਹਿਲਾਂ ਇੱਕ ਮਿੱਤਰ ਦਾ ਫੋਨ ਆਇਆ, “ਯਾਰ ਕੁਝ ਮਦਦ ਕਰੋ ਮੁੰਡਾ ਚਿੱਟੇ ’ਤੇ ਲੱਗ ਗਿਆ ਹੈ। ਸਾਰਾ ਸਾਰਾ ਦਿਨ ਬਾਹਰ ਫਿਰਦਾ ਰਹਿੰਦਾ ਹੈ।” ਅਸੀਂ ਮਿੱਤਰਾਂ ਨੇ ਬੱਚੇ ਨਾਲ ਗੱਲ ਕੀਤੀ। ਉਹ ਅੱਗਿਓਂ ਬੋਲਿਆ, “ਅੰਕਲ ਮੈਂ ਕੰਮ ਦੀ ਮਾਂ … ਬਥੇਰੀ ਤਨਖਾਹ ਮਿਲਦੀ ਐ ਇਹਨੂੰ ... ਫੇਰ ਪੈਨਸ਼ਨ ਮਿਲੂ ... ਸਾਰੀ ਉਮਰ ਐਸ਼ ਕਰ ਸਕਦਾਂ ਮੈਂ ... ਮੇਰੀ ਕਿਸਮਤ ਵਿੱਚ ਤਾਂ ਰਾਜ ਕਰਨਾ ਲਿਖਿਐ ਰਾਜ, ਉਹ ਮੈਂ ਕਰ ਰਿਹਾਂ। ਮੈਨੂੰ ਕੁਝ ਨਾ ਕਹੋ।”
ਮੁੰਡੇ ਦਾ ਬਾਪੂ ਨੂੰ ‘ਇਹਨੂੰ’ ਕਹਿਕੇ ਸੰਬੋਧਨ ਕਰਨਾ ਕਿੰਨਾ ਕੁਝ ਕਹਿ ਰਿਹਾ ਸੀ। ਨਸ਼ੇੜੀ ਸ਼ਰਮ ਲਾਹ ਚੁੱਕੇ ਸਨ। ਫੇਰ ਸਾਨੂੰ ਉਸ ਦੀ ਵਿਗੜੀ ਹਾਲਤ ਦੇਖ ਕੇ ‘ਨਸ਼ਾ ਛਡਾਊ ਕੇਂਦਰ’ ਵਿੱਚ ਦਾਖਲ ਕਰਵਾਉਣਾ ਪਿਆ। ਕਈ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਕਾਫੀ ਅੱਛਾ ਕੰਮ ਕਰ ਰਹੇ ਹਨ ਪਰ ਖ਼ਬਰਾਂ ਆ ਰਹੀਆਂ ਹਨ ਕਿ ਕੁਝ ਪ੍ਰਾਈਵੇਟ ਅਦਾਰਿਆਂ ਨੇ ਇਸ ਨੂੰ ਸੇਵਾ ਦੇ ਨਾਉਂ ’ਤੇ ਕਮਾਈ ਦਾ ਸਾਧਨ ਬਣਾ ਲਿਆ ਹੈ। ਸਰਕਾਰੀ ਤਾਂ ਸਰਕਾਰੀ ਹਨ, ਉੱਥੇ ਜਿਵੇਂ ਕੰਮ ਹੁੰਦਾ ਹੈ, ਸਭ ਨੂੰ ਪਤਾ ਹੈ।
2016 ਵਿੱਚ ਇਸ ਵਿਸ਼ੇ ’ਤੇ ਫਿਲਮ ‘ਉੜਤਾ ਪੰਜਾਬ’ ਬਣੀ। ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ‘ਚਿੱਟੇ’ ਨੇ ਪੰਜਾਬ ਦੀ ਜਵਾਨੀ ਅਤੇ ਇਸਦੀ ਆਰਥਿਕਤਾ ਨੂੰ ਬਰਬਾਦ ਕੀਤਾ ਅਤੇ ਇਸ ਲਈ ਜ਼ਿੰਮੇਵਾਰ ਸਿਆਸਤਦਾਨ, ਪੁਲਿਸ, ਨਸ਼ੇ ਦੇ ਸੌਦਾਗਰਾਂ ਦੀ ਮਿਲੀ ਭੁਗਤ ਨੂੰ ਵੀ ਉਜਾਗਰ ਕੀਤਾ। ਲੋਕ ਕਹਿ ਰਹੇ ਹਨ ਇਸ ਫਿਲਮ ਦਾ ਨਾਂ ‘ਉੱਜੜਤਾ ਪੰਜਾਬ’ ਹੋਣਾ ਚਾਹੀਦਾ ਸੀ। ਨਸ਼ੇ ਦੀ ਬੁਰਾਈ ਧਨ ਕਮਾਉਣ ਦਾ ਸਾਧਨ ਬਣੀ ਸਾਫ਼ ਦਿਸ ਰਹੀ ਸੀ। ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਨਸ਼ੇ ਦੀ ਅਸਲੀ ਫਿਤਰਤ ਆਮ ਲੋਕਾਂ ਨੂੰ ਸਮਝ ਆ ਜਾਵੇ। ਹੁਣ ਮਾਲਵੇ ਵਿੱਚ ਪਿੰਡਾਂ ਦੇ ਲੋਕ ਨਸ਼ਾ ਰੋਕੂ ਕਮੇਟੀਆਂ ਬਣਾ ਰਹੇ ਹਨ। ਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ਕਾਮਯਾਬ ਹੋਣ ਦਿੰਦੀ ਹੈ ਕਿਉਂਕਿ ਇਨ੍ਹਾਂ ਦੇ ਸਬੰਧ ਇੱਕੋ ਹੀ ਰੇਸ਼ਮ ਦੀ ਡੋਰੀ ਨਾਲ ਬੰਨ੍ਹੇ ਹੋਏ ਹਨ ਅਤੇ ਇਹ ਰੇਸ਼ਮ ਹੈ - ਪੈਸਾ।
ਨਸ਼ਾ ਛਡਾਊ ਕੇਂਦਰ ਨੌਜਵਾਨੀ ਨੂੰ ਬਚਾਉਣ ਵਿੱਚ ਕੁਛ ਹੱਦ ਤਕ ਜ਼ਰੂਰ ਸਫਲ ਹੋ ਰਹੇ ਹਨ। ਨਿੱਜੀ ਸਫਲਤਾ ਅਸਥਾਈ ਰਹੀ ਹੈ। ਵਿਹਲੇ ਹੱਥ ਫੇਰ ਕੁਝ ਦੇਰ ਬਾਅਦ ਚਿੱਟੇ, ਭੁੱਕੀ ਨੂੰ ਪੈ ਜਾਂਦੇ ਹਨ। ਇਸ ਸਮੱਸਿਆ ਦਾ ਅੱਵਲ ਤਾਂ ਕੋਈ ਸਥਾਈ ਹੱਲ ਨਹੀਂ ਹੈ, ਇਸ ਨੂੰ ਬੁਰਾਈ ਦਾ ਵਿਰਾਟ ਰੂਪ ਧਾਰਨ ਤੋਂ ਰੋਕਿਆ ਜਾ ਸਕਦਾ ਹੈ ਜੇਕਰ ਸਾਡੇ ਨੌਜਵਾਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਹਕੀਕੀ ਮਿਸਾਲ ਪੇਸ਼ ਕੀਤੀ ਜਾਵੇ। ਉਨ੍ਹਾਂ ਨੂੰ ਵੇਲੇ ਸਿਰ ਯੋਗਤਾ ਮੁਤਾਬਿਕ ਰੁਜ਼ਗਾਰ ਦਿੱਤਾ ਜਾਵੇ। ਵਿਹਲ ਨੂੰ ਕਿਸੇ ਸਾਰਥਿਕ ਪਾਸੇ ਲਾਇਆ ਜਾਵੇ। ਧਨ ਕੁਬੇਰਾਂ ਨੂੰ ਨੱਥ ਪਾਈ ਜਾਵੇ ਕਿ ਉਹ ਧਨ ਕਮਾਉਣ ਲਈ ਨਸ਼ਿਆਂ ਨੂੰ ਜ਼ਰੀਆ ਨਾ ਬਣਾਉਣ। ਵਧ ਰਹੀ ਆਰਥਿਕ ਨਾ-ਬਰਾਬਰੀ ਨੂੰ ਘੱਟ ਕੀਤਾ ਜਾਵੇ। ਜੇਕਰ ਸਮਾਜ ਅਤੇ ਸਰਕਾਰ ਮਿਲ ਕੇ ਅਜਿਹਾ ਨਹੀਂ ਕਰਦੇ ਫੇਰ ਸ਼ਰਾਬ ਅਤੇ ਸ਼ਬਾਬ ਦੇ ਸ਼ੌਕੀਨ ਮਿਰਜ਼ਾ ਗਾਲਿਬ ਦਾ ਇਹ ਸ਼ੇਅਰ, ਨਸ਼ਾ ਛਡਾਊ ਕੇਂਦਰਾਂ ਅਤੇ ਨਸ਼ਾ ਛਡਾਉਣ ਦੇ ਹੋਰ ਯਤਨਾਂ ਦੇ ਅਸਲ ਖ਼ਾਸੇ ’ਤੇ ਢੁਕਵਾਂ ਹੋਵੇਗਾ:
ਉਮਰ ਭਰ ਗਾਲਿਬ ਯੂੰ ਹੀ ਭੂਲ ਕਰਤਾ ਰਹਾ,
ਧੂਲ ਚਿਹਰੇ ਪੇ ਥੀ, ਆਈਨਾ ਸਾਫ਼ ਕਰਤਾ ਰਹਾ।
ਤੇ ਅਸੀਂ ‘ਸ਼ਿਵਾ’ ਦੀ ਉਡੀਕ ਕਰਦੇ ਰਹਾਂਗੇ, ਦਕਸ਼ ਆਉਂਦੇ ਜਾਂਦੇ ਰਹਿਣਗੇ, ਸਦੀਵੀ ਧੰਦਾ ਚਲਦਾ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4174)
(ਸਰੋਕਾਰ ਨਾਲ ਸੰਪਰਕ ਲਈ: (