“ਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ...”
(28 ਅਪਰੈਲ 2022)
ਮਹਿਮਾਨ: 120.
ਕੰਪਿਊਟਰ ਹਾਰਡਵੇਅਰ ਇੰਜਨੀਅਰ ਪੁੱਤਰ ਅਤੇ ਮੈਨੇਜਮੈਂਟ ਦੀ ਡਿਗਰੀ ਵਾਲੀ ਨੂੰਹ ਨੂੰ ਜਦ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਉਜਰਤ ਨਹੀਂ ਮਿਲ ਰਹੀ, ਉਹ ਦੁਬਈ ਚਲੇ ਗਏ। ਤਨਖਾਹ ਤਾਂ ਭਾਵੇਂ ਚੋਖੀ ਮਿਲਦੀ ਸੀ, ਪਰ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਨ-ਦਾਤਿਆਂ ਵੱਲੋਂ ਉਨ੍ਹਾਂ ਨਾਲ ਰੋਜ਼ ਮਰਾ ਦੇ ਵਿਵਹਾਰ ਵਿਚ ਪੱਖਪਾਤੀ ਰਵਈਆ ਖਟਕਣ ਲੱਗਾ। ਉਨ੍ਹਾਂ ਕੈਨੇਡਾ ਪਰਵਾਸ ਕਰ ਲਿਆ। ਰਿਟਾਇਰਮੈਂਟ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਕੈਨੇਡਾ ਮਿਲਣ ਗਏ। ਪੁੱਤਰ ਨੇ ਦੱਸਿਆ, “ਡੈਡੀ! ਪੈਸੇ ਭਾਵੇਂ ਦੁਬਈ ਨਾਲੋਂ ਘੱਟ ਬਚਦੇ ਹਨ ਪਰ ਵਿਵਹਾਰਕ ਤੌਰ ’ਤੇ ਉੱਥੇ ਨਾਲੋਂ ਕਾਫੀ ਫ਼ਰਕ ਹੈ। ਪਰ ਕਦੇ ਕਦਾਈਂ ਇਹ ਲੋਕ ਵੀਮਹਿਸੂਸ ਕਰਵਾ ਹੀ ਦਿੰਦੇ ਹਨ ਕਿ ਅਸੀਂ ਆਖਰ ਇਮੀਗਰੈਂਟਸ ਹੀ ਹਾਂ।” ਐਨਾ ਕਹਿਕੇ ਉਹ ਉਦਾਸ ਜਿਹਾ ਦਿਖਾਈ ਦੇਣ ਲੱਗਾ। ਕਿਉਂਕਿ ਉਹ ਆਪਣੀ ਮਰਜ਼ੀ ਨਾਲ ਆਏ ਸਨ, ਇਸ ਲਈ ਅਸੀਂ ਵੀ ਕੁਝ ਕਹਿਣਾ ਵਾਜਬ ਨਾ ਸਮਝਿਆ।
ਵਾਪਸੀ ’ਤੇ ਟੋਰਾਂਟੋ ਹਵਾਈ ਅੱਡੇ ’ਤੇ ਦੁਆਬੇ ਦੀ ਇਕ ਮਹਿਲਾ ਨਾਲ ਮੁਲਾਕਾਤ ਦਾ ਮੌਕਾ-ਮੇਲ ਹੋ ਗਿਆ। ਉਸ ਨੂੰ ਥੋੜ੍ਹੀ ਬਹੁਤ ਮਦਦ ਦੀ ਲੋੜ ਸੀ। ਗੱਲਾਂ ਕਰਦੇ ਕਰਦੇ ਉਸ ਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਹੁਣ ਉਸਦੇ ਦੋਵੇਂ ਪੁੱਤਰ ਟੋਰਾਂਟੋ ਆ ਗਏ ਹਨ। ਇੱਕ 25 ਸਾਲ ਦਾ ਹੈ ਅਤੇ ਦੂਸਰਾ 22 ਸਾਲ ਦਾ ਹੈ। ਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਵਿੱਚ ਜ਼ਿਆਦਾਤਰ ਅੰਗਰੇਜ਼ ਸਨ ਅਤੇ ਉਹ ਬੇਸਮੈਂਟ ਵਿੱਚ ਰਹਿੰਦੇ ਸਨ। ਉਹ ਦੱਸਣ ਲੱਗੀ, “ਮੈਂ ਜੂਨ ਵਿੱਚ ਆਈ ਮੇਰਾ ਤਾਂ ਭਾਈ ਦਿਲ ਨਾ ਲੱਗੇ। ਨਾਲੇ ਇਹ ਸੋਚ ਵੱਢ ਵੱਢ ਖਾਈਂ ਜਾਵੇ ਕਿਤੇ ਨਿਆਣੇ ਇਨ੍ਹਾਂ ਬਾਂਦਰੀਆਂ ਵਿੱਚ ਨਾ ਉਲਝ ਕੇ ਰਹਿ ਜਾਣ। ਖੈਰ, ਮੇਰੇ ਕਹਿਣ ’ਤੇ ਬੱਚਿਆਂ ਨੇ ਬੇਸਮੈਂਟ ਬਰੈਂਪਟਨ ਵਿਚ ਲੈ ਲਿਆ। ਏਥੇ ਤਾਂ ਪੰਜਾਬੀਓ ਪੰਜਾਬੀ। ਮੇਰਾ ਤਾਂ ਬੜਾ ਦਿਲ ਲੱਗਣ ਲੱਗ ਪਿਆ। ਗੱਲ ਕਰਨ ਨੂੰ ਗੁਆਂਢਣਾਂ, ਖਾਣ ਨੂੰ ਲੱਡੂ-ਜਲੇਬੀਆਂ, ਸਮੋਸੇ, ਸਭ ਓਹੀ ਪੰਜਾਬ ਆਲਾ। ਮੱਥਾ ਟੇਕਣ ਨੂੰ ਗੁਰੂਦੁਆਰਾ। ਮੇਰਾ ਤਾਂ ਆਉਣ ਨੂੰ ਦਿਲ ਹੀ ਨਾ ਕਰੇ …।”
ਉਹ ਬੋਲਦੀ ਜਾ ਰਹੀ ਸੀ, ਮੈਂ ਟੋਕ ਕੇ ਪੁੱਛਿਆ, “ਹੁਣ ਇਹ ਬੱਚੇ ਤਾਂ ਉਮਰ ਭਰ ਇੱਥੇ ਹੀ ਰਹਿਣਗੇ ਜਾਂ ਪੜ੍ਹ ਪੜ੍ਹਾ ਕੇ ਵਾਪਸ ਪੰਜਾਬ ਆ ਜਾਣਗੇ?”
“ਵੀਰ ਜੀ, ਕੀ ਗੱਲਾਂ ਕਰਦੇ ਹੋ? ਕੈਨੇਡਾ ਕੀ ਜਵਾਕ ਪੜ੍ਹਨ ਆਉਂਦੇ ਨੇ? ਇੱਥੇ ਪੱਕੇ ਹੋਣ ਲਈ ਆਉਂਦੇ ਨੇ, ਐਵੇਂ ਨੀ ਬੇਸਮੈਂਟਾਂ ਵਿੱਚ ਸੌਂਦੇ!”
“ਚਲੋ ਠੀਕ ਐ, ਐਥੇ ਈ ਰਹਿਣਗੇ ... ਪਰ ਇਹ ਤਾਂ ਆਪਣਾ ਪੰਜਾਬੀ ਸੱਭਿਆਚਾਰ ਬਿਲਕੁਲ ਭੁੱਲ ਹੀ ਜਾਣਗੇ?” ਮੈਂ ਹੁਣ ਤੱਕ ਜਾਣ ਚੁੱਕਿਆ ਸਾਂ ਕਿ ਉਹ ਇੱਕ ਟੀਚਰ ਸੀ ਅਤੇ ਇਸ ਨਾਤੇ ਹੀ ਉਸ ਨੂੰ ਇਹ ਸਵਾਲ ਕੀਤਾ ਸੀ। ਉਹ ਚੁੱਪ ਹੋ ਗਈ ਅਤੇ ਥੋੜ੍ਹਾ ਰੁਕ ਕੇ ਬੋਲੀ, “ਲੈ ਭਾਈ, ਜੁਆਕਾਂ ਵਾਸਤੇ ਕੀ ਕੀ ਨੀਂ ਕਰਦੇ ਲੋਕ ,ਇਹ ਤਾਂ ਸੁਖੀ ਵਸਣਗੇ।”
“ਹਾਂ! ਪੈਸੇ ਧੇਲੇ ਤੋਂ ਜਰੂਰ ਸੌਖੇ ਹੋ ਜਾਣਗੇ ਪਰ ਪੰਜਾਬੀ ਜੀਵਨ ਸ਼ੈਲੀ ਤੋਂ ਵਾਂਝੇ ਹੋ ਜਾਣਗੇ। ਆਪਣੀ ਸੱਭਿਅਤਾ ਦਾ ਕੀ ਬਣੇਗਾ?” ਮੈਂ ਫੇਰ ਕਿਹਾ।
ਉਹ ਇਧਰ ਉਧਰ ਦੇਖਣ ਲੱਗ ਪਈ। ਕੋਈ ਜਵਾਬ ਨਾ ਦਿੰਦੀ ਦੇਖ ਕੇ ਮੈਂ ਵੀ ਚੁੱਪ ਹੋ ਗਿਆ। ਮੈਂ ਸੋਚੀਂ ਪੈ ਗਿਆ ਕਿ ਅਸੀਂ ਆਪਣੇ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਕਿਉਂ ਨਹੀਂ ਕਰ ਸਕੇ ਕਿ ਸਾਡੇ ਬੱਚਿਆਂ ਨੂੰ ਢੁਕਵੇਂ ਰੁਜ਼ਗਾਰ ਲਈ ਪਰਵਾਸ ਨਾ ਕਰਨਾ ਪਵੇ ਅਤੇ ਮਾਪਿਆਂ ਨੂੰ ਇਕੱਲ ਵਿੱਚ ਬੁਢਾਪਾ ਨਾ ਕੱਟਣਾ ਪਵੇ। ਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਕਿਉਂ ਦੌੜਨਾ ਚਾਹੁੰਦਾ ਹੈ? ਲੋਕ ਦਿਨ ਕਟੀ ਕਰ ਰਹੇ ਮਹਿਸੂਸ ਕਿਉਂ ਕਰਨ ਲੱਗ ਪਏ ਹਨ ਅਤੇ ਮੌਕੇ ਦੀ ਤਾੜ ’ਚ ਰਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਕਦ ਕੈਨੇਡਾ ਭੇਜਣ ਅਤੇ ਬਾਕੀਆਂ ਨੂੰ ਕਹਿ ਸਕਣ, “ਸਾਡੇ ਨਿਆਣੇ ਤਾਂ ਬਾਹਰ ਸੈਟਲਡ ਨੇ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਉਨ੍ਹਾਂ ਕੋਲ ਹੀ ਚਲੇ ਜਾਈਏ। ਏਥੇ ਕੀ ਰੱਖਿਐ?” ਫਲਾਈਟ ਦੀ ਅਨਾਊਂਸਮੈਂਟ ਨੇ ਸਾਨੂੰ ਜਹਾਜ਼ ਵੱਲ ਤੋਰ ਦਿੱਤਾ।
ਹਵਾਈ ਜਹਾਜ਼ ਵਿੱਚ ਬੈਠਣ ਸਾਰ ਮੇਰੇ ਖਿਆਲਾਂ ਦੀ ਲੜੀ ਫਿਰ ਉੱਥੇ ਹੀ ਜਾ ਜੁੜੀ ਜਦ ਪਤਾ ਲੱਗਿਆ ਕਿ ਜਹਾਜ਼ ਵਿਚ ਵੀ ਵੱਖ ਵੱਖ ਸ਼੍ਰੇਣੀਆਂ ਹਨ ਅਤੇ ਅਸੀਂ ਉਸ ਸ਼੍ਰੇਣੀ ਵਿਚ ਬੈਠਾਂਗੇ ਜਿਸ ਨੂੰ ਅਮੀਰ ਆਦਮੀ ਅੱਜ ਕੱਲ ‘ਕੈਟਲ ਕਲਾਸ’ ਭਾਵ ‘ਡੰਗਰ ਸ਼੍ਰੇਣੀ’ ਕਹਿੰਦੇ ਹਨ। ਇਸ ਸ਼੍ਰੇਣੀ ਵਿਚ ਜ਼ਿਆਦਾਤਰ ਪ੍ਰਵਾਸੀ ਕਾਮੇਂ ਅਤੇ ਉਨ੍ਹਾਂ ਦੇ ਮਾਂ-ਬਾਪ ਹੀ ਹੁੰਦੇ ਹਨ। ਅਮੀਰ ਅਤੇ ਵਪਾਰੀ ਤਬਕਾ ਤਾਂ ‘ਐਗਜੀਕਿਊਟਿਵ ਸ਼੍ਰੇਣੀ’ ਵਿੱਚ ਝੂਟੇ ਲੈਂਦਾ ਹੈ।
ਮੇਰੇ ਨਾਲ ਵਾਲੀ ਸੀਟ ’ਤੇ ਬੈਠਾ ਸੱਜਣ ਕਾਫੀ ਪੜ੍ਹਿਆ ਲਿਖਿਆ ਜਾਪਦਾ ਸੀ ,ਵਾਰਤਾਲਾਪ ਦੌਰਾਨ ਕਹਿਣ ਲੱਗਾ, “ਮੈਨੂੰ ਸਾਡੀ ‘ਸਮੂਹਿਕ ਮਾਨਸਿਕਤਾ’ ਵਿਚ ਕੋਈ ਮੌਲਿਕ ਖਾਮੀ ਦਿਖਾਈ ਦਿੰਦੀ ਹੈ। ਆਪਣੇ ਦੇਸ ਵਿਚ ਬੰਦੇ ਦੇ ਹੁਨਰ ਦੀ ਕਦਰ ਨਹੀਂ, ਧਨ-ਮਾਲ ਅਤੇ ਸਮਾਜਿਕ ਰੁਤਬੇ ਦੀ ਸਰਦਾਰੀ ਹੈ। ਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ਮਨੁੱਖਾਂ ਦੀ ਤਰ੍ਹਾਂ ਹੀ ਵਿਚਰਦੇ ਹਨ। ਦੋਮ ਦੇ ਸ਼ਹਿਰੀ ...।” ਉਸ ਨੇ ਆਪਣੇ ਲੰਮੇ ਤਜਰਬੇ ਤੋਂ ਦੱਸਿਆ, “ਪੈਦਲ ਚੱਲਦੇ ਮਨੁੱਖਾਂ ਦਾ ਇਨ੍ਹਾਂ ਨੂੰ ਕੀੜੇ-ਮਕੌੜੇ ਨਜ਼ਰ ਆਉਣਾ ਕੋਈ ਹੈਰਾਨ ਕਰਨ ਵਾਲਾ ਨਹੀਂ ਹੈ। ਹਮ ਨਹੀਂ ਸੁਧਰੇਂਗੇ।”
ਦਿੱਲੀ ਹਵਾਈ ਅੱਡੇ ’ਤੇ ‘ਕੈਟਲ ਕਲਾਸ’ ਆਪਣੇ ਆਪ ਨੂੰ ਇੱਕ ਦਮ ‘ਵੀ ਆਈ ਪੀ’ ਸਮਝਣ ਲੱਗ ਪਈ। ਅਹਿਸਾਸ ਹੋਇਆ ਕਿ ਬੇਸਮੈਂਟਾਂ ਦੀਆਂ ਰੌਚਕ ਕਹਾਣੀਆਂ ਪੰਜਾਬੀ ਸੱਭਿਆਚਾਰ ਨੂੰ ਇਕ ਨਵਾਂ ਮੋੜ ਦੇਣ ਦੀ ਇਬਾਰਤ ਲਿਖ ਚੁੱਕੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3533)
(ਸਰੋਕਾਰ ਨਾਲ ਸੰਪਰਕ ਲਈ: