“ਅਗਲੇ ਦਿਨ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਗੁੱਸੇ ਨਾਲ ਭਰੇ ਪੀਤੇ ਦੋ ਸਰਦਾਰ ਦਰਵਾਜ਼ਾ ਮੱਲੀ ...”
(9 ਜੁਲਾਈ 2023)
ਅਖਬਾਰ ਵਿੱਚ ਛਪੀ ਖ਼ਬਰ, ‘ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ’ ਪੜ੍ਹ ਕੇ ਮੈਨੂੰ ਪਿੰਡ ਦੀਆਂ ਕੱਚੀਆਂ ਗਲੀਆਂ ਯਾਦ ਆ ਗਈਆਂ। ਸੱਠ ਕੁ ਸਾਲ ਪਹਿਲਾਂ ਇਨ੍ਹਾਂ ਵਿੱਚ ਤੁਰਦੇ ਫਿਰਦੇ ਇਨਸਾਨ ਘਰੋ-ਘਰੀ ਖੁਸ਼ ਦਿਖਾਈ ਦਿੰਦੇ ਸਨ। ਕਿਸੇ ਕਮਜ਼ੋਰ ਮਾਲੀ ਹਾਲਤ ਵਾਲੇ ਪਰਿਵਾਰ ਨੇ ਚਾਰ ਪੱਕੀਆਂ ਇੱਟਾਂ ਲਾ ਲੈਣੀਆਂ ਤਾਂ ਸਭ ਪੁੱਛਦੇੳ, “ਇਹਦੇ ਕੋਲ ਪੈਸਾ ਕਿੱਥੋਂ ਆ ਗਿਆ? ਕੋਈ ਗਲਤ ਕੰਮ ਤਾਂ ਨੀਂ ਕੀਤਾ ਇਹਨੇ?” ਜਿਉਂ ਜਿਉਂ ਸਮਾਜ ‘ਤਰੱਕੀ’ ਦੇ ਰਾਹ ’ਤੇ ਚਲਦਾ ਗਿਆ, ਇਹ ਪੁੱਛਣ ਵਾਲੀ ਸਮਾਜਿਕ ਬਿਰਤੀ ਵੀ ਮਰਦੀ ਗਈ।
ਅਜਿਹੀਆਂ ਖ਼ਬਰਾਂ ਆਮ ਹੀ ਪਿਛਲੇ ਕੁਝ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ ਕਿ ਕੁੜੀ ਨੇ ਆਈਲੈਟਸ ਪਾਸ ਕਰ ਲਿਆ ਸੀ ਤੇ ਮੁੰਡੇ ਵਾਲਿਆਂ ਨੇ ਪੈਸੇ ਖਰਚ ਕੇ ਇਸ ਕਮਜ਼ੋਰ ਪਰਿਵਾਰ ਦੀ ਕੁੜੀ ਨੂੰ ਕਨੇਡਾ-ਆਸਟ੍ਰੇਲੀਆ ਭੇਜ ਦਿੱਤਾ। ਜਦੋਂ ਉਹ ਉੱਥੇ ਪੱਕੀ ਹੋ ਜਾਵੇਗੀ, ਆ ਕੇ ਵਿਆਹ ਕਰਵਾ ਕੇ ਮੁੰਡੇ ਨੂੰ ਵੀ ਲੈ ਜਾਊ। ਪਰ ਸਹੁਰੀ ਨੇ ਬੜਾ ਮਾੜਾ ਕੀਤਾ, ਜਾਣ ਸਾਰ ਹੀ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ... ਮੁੰਡੇ ਵਾਲੇ ਤੜਫਦੇ ਰਹਿੰਦੇ ... ਸਾਡੇ ਨਾਲ ਠੱਗੀ ਹੋ ਗਈ, ਅਸੀਂ ਲੁੱਟੇ ਗਏ, ਕੋਈ ਨੀ ਪੁੱਛਦਾ। ... ਠੱਗੀ ਵੀ ਹੋਈ ਤੇ ਉਹ ਲੁੱਟੇ ਵੀ ਗਏ, ਪਰ ਠੱਗਣ ਵਾਲੇ ਨੂੰ ਪੁੱਛਣ ਵਾਲਾ ਕੋਈ ਨਹੀਂ, ਜਿਵੇਂ ਸੱਠ ਸਾਲ ਪਹਿਲਾਂ ਮਹੱਲਾ ਪੁੱਛਦਾ ਸੀ। ਹੁਣ ਲੋਕ ਕੀ ਖੁਸਰ ਮੁਸਰ ਕਰਦੇ ਨੇ ਕਿਸੇ ਨੂੰ ਕੋਈ ਪਤਾ ਨੀ ਲਗਦਾ, ਪਰ ਠੱਗੀ ਮਾਰਨ ਵਾਲੇ ਨੂੰ ਕੋਈ ਨਹੀਂ ਪੁੱਛਦਾ ਬਈ ਉਸ ਨੇ ਅਜਿਹਾ ਕਿਉਂ ਕੀਤਾ। ਜੇਕਰ ਕੋਈ ਪੁੱਛਦਾ ਵੀ ਹੈ ਤਾਂ ਠੱਗ-ਪਰਿਵਾਰ ਦਾ ਅਕਸਰ ਜਵਾਬ ਹੁੰਦਾ ਹੈ, “ਤੁਸੀਂ ਆਪਣਾ ਕੰਮ ਕਰੋ, ਇਹ ਸਾਡਾ ਆਪਸ ਦਾ ਮਾਮਲਾ ਹੈ।” ਜਦੋਂ ਕਿ ਇਹ ਗੰਭੀਰ ਸਮਾਜਿਕ ਮਸਲਾ ਹੈ। ਅਜਿਹੇ ਵਰਤਾਰੇ ਨੇ ਸਮਾਜ ਵਿੱਚ ਬਿਰਤੀ ਪੈਦਾ ਕਰ ਦਿੱਤੀ ਹੇ, ’ਸਭ ਚਲਦੈ ... ਕੌਣ ਪੁੱਛਦਾ ਹੈ ਇੱਥੇ? ਇੰਝ ਜਾਪਣ ਲੱਗ ਗਿਆ ਹੈ ਕਿ ਹਰ ਪਾਸੇ ਹਫੜਾ-ਦਫੜੀ ਜਿਹੀ ਮਚੀ ਹੋਈ ਹੈ। ਕੋਈ ਕੁਝ ਕਰੀ ਜਾਵੇ, ਸਰਕਾਰੇ-ਦਰਬਾਰੇ ਅਤੇ ਸਮਾਜ ਵਿੱਚ ਪੁੱਛਣ ਵਾਲਾ ਕੋਈ ਨਹੀਂ ਹੈ।
ਵਿਚਾਰਾਂ ਦੀ ਇਹ ਲੜੀ ਮੈਨੂੰ ਕੋਈ ਵੀਹ ਸਾਲ ਪਿੱਛੇ ਲੈ ਗਈ। ਮੈਨੂੰ ਉਹ ਘਟਨਾ ਯਾਦ ਆ ਗਈ ਜਿੱਥੇ ਇਹ ਬਿਰਤੀ ‘ਕੌਣ ਪੁੱਛਦਾ ਹੈ ਇੱਥੇ?’ ਦਾ ਸਾਖਸ਼ਾਤ ਰੂਪ ਦੇਖਣ ਨੂੰ ਮਿਲਿਆ। ਹੋਇਆ ਇੰਝ ਕਿ 2002 ਵਿੱਚ ਮੇਰੀ ਤਾਇਨਾਤੀ ਆਸਾਮ (ਗੁਹਾਟੀ) ਵਿਖੇ ਹੋ ਗਈ। ਇਸ ਖੇਤਰ ਵਿੱਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਸੀ। ਕੇਂਦਰ ਸਰਕਾਰ ਨੇ ਇਸ ਨੂੰ ‘ਗੜਬੜ ਵਾਲਾ ਖੇਤਰ’ ਘੋਸ਼ਿਤ ਕਰ ਰੱਖਿਆ ਸੀ।ਇਸ ਲਈ ਅਜਿਹੀ ਬਿਰਤੀ ‘ਕੌਣ ਪੁੱਛਦਾ ਹੈ ਇੱਥੇ’ ਦਾ ਪਨਪਣਾ ਕੁਦਰਤੀ ਸੀ।
ਇਨਕਮ-ਟੈਕਸ ਵਿਭਾਗ ਸ਼ਾਇਦ ਕਾਨੂੰਨੀ ਦਸਤਾਵੇਜਾਂ ’ਤੇ ਦਸਤਖ਼ਤ ਕਰਨ ਅਤੇ ਮੇਰੇ ਵਰਗਿਆਂ ਨੂੰ ਸਜ਼ਾ ਦੇਣ ਲਈ ਹੀ ਮੌਜੂਦ ਸੀ। ਗੜਬੜੀ ਕਰਨ ਵਾਲੇ ਸ਼ਰੇਆਮ ਕਹਿੰਦੇ, “ਟੈਕਸ ਸਾਨੂੰ ਦਿਓ, ਜੇਕਰ ਕੋਈ ਸਰਕਾਰ ਨੂੰ ਦੇਣ ਲਈ ਕਹਿੰਦਾ ਹੈ, ਸਾਨੂੰ ਦੱਸੋ। ਅਸੀਂ ਸੋਧ ਦਿਆਂਗੇ।” ਇਸ ਲਈ ‘ਕੌਣ ਪੁੱਛਦਾ ਹੈ ਇੱਥੇ’ ਦੀ ਬਿਰਤੀ ਦਾ ਜ਼ੋਰ ਫੜਨਾ ਕੁਦਰਤੀ ਸੀ। ਸਾਨੂੰ ਵੀ ਉੱਥੇ ਕੀਹਨੇ ਪੁੱਛਣਾ ਸੀ।
ਜਿਵੇਂ ਕਹਿੰਦੇ ਨੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ, ਇਸੇ ਤਰ੍ਹਾਂ ਕੰਮ ਕਰਨ ਵਾਲੇ ਵਿਹਲੇ ਨਹੀਂ ਬਹਿ ਸਕਦੇ। ਬਕਾਇਆ ਟੈਕਸ ਦੇ ਰਜਿਸਟਰ ਉੱਤੇ ਸਰਸਰੀ ਨਜ਼ਰ ਮਾਰਦੇ ਵੇਲੇ ਪਤਾ ਚੱਲਿਆ ਕਿ ਇਹ ਮਹਿਕਮਾ ਵੀ ਕਿਸੇ ਨੂੰ ਪੁੱਛ ਨਹੀਂ ਰਿਹਾ। ਸਭ ਵਕਤ ਟਪਾ ਰਹੇ ਨੇ। ਕੁਝ ਹਿਲਜੁਲ ਸ਼ੁਰੂ ਕਰਨ ਦੇ ਇਰਾਦੇ ਨਾਲ ਮੈਂ ਟੈਕਸ ਰਿਕਵਰੀ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਛੋਟੇ ਮੋਟੇ ਬਕਾਇਆਂ ਨੂੰ ਉਗਰਾਹੇ। ਸਿਰਫ ਹੱਲਾਸ਼ੇਰੀ ਦੇਣ ਦੇ ਇਰਾਦੇ ਨਾਲ ਮੈਂ ਉਸ ਦੀ ਹਉਮੈਂ ਨੂੰ ਪੱਠੇ ਪਾ ਦਿੱਤੇ, “ਤੁਸੀਂ ਮਹਿਕਮੇ ਦੇ ਸਭ ਤੋਂ ਤਾਕਤਵਰ ਅਫਸਰ ਹੋ, ਸਿਰਫ ਤੁਹਾਡੇ ਕੋਲ ਹੀ ਗ੍ਰਿਫ਼ਤਾਰ ਕਰਨ ਦੀਆਂ ਸ਼ਕਤੀਆਂ ਹਨ, ਇਨ੍ਹਾਂ ਨੂੰ ਵਰਤੋ!”
ਮੈਂ ਜਾਣਦਾ ਸੀ ਕਿ ਉਹ ਕਿਸੇ ਅਸਾਮੀ ਜਾਂ ਬੰਗਾਲੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਨਹੀਂ ਕਰੇਗਾ। ਉਹ ਸਥਾਨਿਕ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਸੀ, ਇਸ ਲਈ ਉਸਨੇ ਖੁਦ ਹੀ ਕਿਸੇ ਉੱਤਰੀ ਭਾਰਤੀ ਉੱਤੇ ਕਾਰਵਾਈ ਕਰਨ ਦੀ ਸਲਾਹ ਦੇ ਮਾਰੀ।
ਅਗਲੇ ਦਿਨ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਗੁੱਸੇ ਨਾਲ ਭਰੇ ਪੀਤੇ ਦੋ ਸਰਦਾਰ ਦਰਵਾਜ਼ਾ ਮੱਲੀ ਖੜ੍ਹੇ ਮੈਨੂੰ ਘੂਰ ਘੂਰ ਦੇਖ ਰਹੇ ਸਨ। ਉਨ੍ਹਾਂ ਕੌੜੀ ਜਿਹੀ ਸਤਿ ਸ੍ਰੀ ਅਕਾਲ ਬੁਲਾਈ ਤੇ ਬਿਨਾਂ ਬੁਲਾਏ ਹੀ ਅੰਦਰ ਘੁਸ ਆਏ।। ਮੇਰੇ ਕੁਰਸੀ ਉੱਤੇ ਬੈਠਣ ਤੋਂ ਪਹਿਲਾਂ ਹੀ ਉਹ ਬੋਲ ਪਏ, “ਸਰਦਾਰ ਸਾਹਿਬ, ਤੁਸੀਂ ਚੰਗੇ ਪੰਜਾਬੀ ਹੋ ... ਸਾਡੇ ਨਾਲ ਇਹ ਕੀ ਕੀਤਾ? ਸਾਡੇ ਹੀ ਪੁਲਿਸ ਭੇਜ ਦਿੱਤੀ”
ਮੇਰਾ ਮੱਥਾ ਠਣਕਿਆ। ਮੈਂ ਸਾਹਬ ਨੂੰ ਬੁਲਾਇਆ। ਫਾਈਲ ਦੇਖੀ। ਜੈ ਸਿੰਘ ਹੁਰੀਂ ਇੱਕ ਲੱਖ ਰੁਪਏ ਦੇ ਦੇਣਦਾਰ ਸਨ। ਮੈਂ ਕਿਹਾ. “ਨਾ ਤੁਸੀਂ ਕੋਈ ਅਪੀਲ ਕੀਤੀ, ਅਪੀਲ ਕਰਨ ਦਾ ਸਮਾਂ ਨਿਕਲਣ ’ਤੇ ਵੀ ਕੋਈ ਟੈਕਸ ਜਮ੍ਹਾਂ ਨਹੀਂ ਕਰਵਾਇਆ, ਨਾ ਹੀ ਮਹਿਕਮੇ ਨੂੰ ਕੋਈ ਦਾਦੀ-ਫਰਿਆਦੀ ਆਰਜ਼ੀ ਦਿੱਤੀ, ਥੋਡਾ ਤਾਂ ਬਿਆਜ ਹੀ ਬਹੁਤ ਹੋ ਗਿਆ ਹੈ।”
ਜੈ ਸਿੰਘ ਹੂਰਾਂ ਨਾਲ ਆਏ ਵਕੀਲ ਸਾਹਿਬ ਨਿੰਮੋਝੂਣਾ ਜਿਹਾ ਹੋ ਕੇ ਕਹਿਣ ਲੱਗਾ, ਅਸੀਂ ਸੋਚਿਆ, ਕੌਣ ਪੁੱਛਦਾ ਹੈ ਇੱਥੇ? ਜਦੋਂ ਕੁਛ ਹੋਊ ਦੇਖ ਲਵਾਂਗੇ।”
ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ, “ਕਦੇ ਕਦੇ ਪੁੱਛਣ ਵਾਲੇ ਵੀ ਆ ਜਾਂਦੇ ਨੇ, ਹੁਣ ਦੇਖ ਲਓ ਫਿਰ ...।”
ਉਨ੍ਹਾਂ ਦੀ ਮਦਦ ਕਰਨਾ ਮੇਰਾ ਇਖਲਾਕੀ ਫ਼ਰਜ਼ ਸੀ ਕਿਉਂਕਿ ਉਨ੍ਹਾਂ ਉੱਤੇ ਕੀਤੀ ਕਾਰਵਾਈ ਇੱਕ ਅਨਾੜੀ ਅਫਸਰ ਦੀ ਮੂਰਖਤਾ ਸੀ। ਉੱਤਰ ਭਾਰਤ ਵਿੱਚ ਮੈਂ ਕਦੇ ਕਿਸੇ ਨੂੰ ਕਰੋੜਾਂ ਦੇ ਬਕਾਇਆਂ ਲਈ ਵੀ ਵਾਰੰਟ ਕੱਢਦੇ ਨਹੀਂ ਦੇਖਿਆ ਸੀ। ਜਾਂ ਇਹ ਕਹਿ ਲਓ ‘ਕੌਣ ਪੁੱਛਦਾ ਹੈ ਇੱਥੇ’ ਦੀ ਬਿਮਾਰੀ ਕਰੋਨਾ ਵਾਂਗ ਹਰ ਥਾਂ ਫੈਲ ਚੁੱਕੀ ਸੀ।
ਖ਼ਬਰ ਵਿੱਚ ਲਿਖਿਆ ਸੀ ਕਿ ਲੜਕੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਪੁਲਿਸ ਮਾਮਲਾ ਦਰਜ ਕਰਕੇ ਪੁੱਛ ਪੜਤਾਲ ਕਰ ਰਹੀ ਸੀ। ਸਕੂਨ ਮਿਲਿਆ ਕਿ ਹੁਣ ਇੱਥੇ ਵੀ ‘ਕੌਣ ਪੁੱਛਦਾ ਹੈ ਇੱਥੇ’ ਦਾ ਰੋਗ ਕੱਟਣ ਵਾਲੇ ਗਾਰੜੂ ਪੈਦਾ ਹੋਣ ਲੱਗੇ ਹਨ। ਪਰ ਇਹ ਭਰਮ ਸਵੇਰੇ ਸੈਰ ਨੂੰ ਜਾਣ ਵੇਲੇ ਹੀ ਟੁੱਟ ਗਿਆ। ਜਦੋਂ ਮੈਂ ਮੁੱਖ ਸੜਕ ’ਤੇ ਦੋ ਗੁਆਂਢੀ ਪਰਿਵਾਰਾਂ ਨੂੰ ਬੈਠੇ ਦੇਖਿਆ ਤਾਂ ਪਤਾ ਲੱਗਿਆ ਕਿ ਰਾਤ ਨੂੰ ਬਿਜਲੀ ਦੀ ਖਰਾਬੀ ਕਾਰਨ ਉਨ੍ਹਾਂ ਦੇ ਬਹੁਤ ਸਾਰੇ ਉਪਕਰਨ ਜਿਵੇਂ ਕਿ ਟੀਵੀ, ਫਰਿੱਜ, ਗੁਪਤ ਕੈਮਰਿਆਂ ਦੇ ਡੀ ਵੀ ਆਰ, ਸਭ ਉੱਡ ਗਏ ਸਨ। ਮੈਂ ਕਿਹਾ, “‘ਸ਼ਿਕਾਇਤ ਦਰਜ਼ ਕਰਵਾ ਦਿਓ, ਆ ਜਾਣਗੇ ...।”
“ਅੰਕਲ ਕੀ ਗੱਲ ਕਰਦੇ ਓਂ, ਸਵੇਰ ਦੇ ਟੈਲੀਫੋਨ ਕਰੀ ਜਾ ਰਹੇ ਆਂ। ਕੋਈ ਨੀ ਚੁੱਕਦਾ ... ਉੱਪਰ ਤਕ ... ਕੋਈ ਨੀ ਪੁੱਛਦਾ ...।”
‘ਕੌਣ ਪੁੱਛਦਾ ਹੈ ਇੱਥੇ।’ ਇਸੇ ਕਰਕੇ ਤਾਂ ਲੋਕ ਕਨੇਡਾ, ਅਮਰੀਕਾ ਭੱਜੀ ਜਾ ਰਹੇ ਨੇ। ਮੈਂ ਅਣਜਾਣ ਜਿਹਾ ਹੋ ਕੇ ਪੁੱਛਿਆ, “ਤੁਸੀਂ ਤਾਂ ਕਈ ਵਾਰ ਜਾ ਆਏ ਹੋ ਬਾਹਰ ਮੁੰਡੇ ਕੋਲ। ਉੱਥੇ ਕਿਵੇਂ ਐ, ਪੁੱਛਦੇ ਨੇ ਉੱਥੇ?”
“ਅੰਕਲ ਉੱਥੇ ਦਾ ਨਾ ਪੁੱਛੋ। ਉੱਥੇ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਨੀ। ਮੇਰੀ ਨੂੰਹ ਦੱਸਦੀ ਸੀ ਕਿ ਉਹਦੀ ਗੱਡੀ ਦੇ ਇੰਜਣ ਵਿੱਚ ਕੋਈ ਮਾੜੀ ਮੋਟੀ ਖਰਾਬੀ ਪੈ ਗਈ, ਕੰਪਨੀ ਨੇ ਉੰਨਾ ਚਿਰ ਲਈ ਆਪਣੀ ਗੱਡੀ ਫੜਾ ’ਤੀ ਜਦੋਂ ਤਕ ਉਸਦੀ ਗੱਡੀ ਠੀਕ ਨਾ ਹੋਈ। ਆਹ ਇੱਥੇ ਸਾਡੇ ਫਰਿੱਜਾਂ, ਟੀਵੀਆਂ, ਡੀਵੀ ਆਰਾਂ ਦਾ ਦੇਣਗੇ ਸਾਨੂੰ ਕੁਛ? ਕਿਸੇ ਨੇ ਪੁੱਛਣ ਤਕ ਨੀ ਆਉਣਾ ... ਕੌਣ ਪੁੱਛਦਾ ਹੈ ਇੱਥੇ?” ਕਹਿੰਦਾ ਹੋਇਆ ਠੰਢੀ ਆਹ ਭਰ ਕੇ ਉਹ ਚੁੱਪ ਹੋ ਗਿਆ।
“ਹਾਂ ਕੋਈ ਨੀ ਪੁੱਛਦਾ ਇੱਥੇ, ਇਸੇ ਲਈ ਤਾਂ ਕੁੜੀਆਂ-ਮੁੰਡੇ ਸਭ ਬਾਹਰ ਜਾਣ ਲਈ ਤਰਲੋਮੱਛੀ ਹੋ ਰਹੇ ਨੇ। ਲੋਕ ਠੱਗੀਆਂ ਦੇ ਰਾਹ ਪੈ ਗਏ ਨੇ ...।” ਮੈਂ ਵੀ ਆਹ ਜਿਹੀ ਭਰ ਕੇ ਕਿਹਾ ਤੇ ਅੱਗੇ ਤੁਰ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4078)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)