“ਰੋਗਾਂ ਤੋਂ ਬਚਾ ਲਈ ਮਨੁੱਖ ਅੰਦਰ ਸਕਾਰਾਤਮਕ ਭਾਵਨਾਵਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਕਾਰਾਤਮਕ ਭਾਵਨਾਵਾਂ ...”
(1 ਸਤੰਬਰ 2024)
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਜੇਕਰ ਥੋੜ੍ਹਾ ਜਿਹਾ ਸਮਾਂ ਆਪਣੀ ਸਿਹਤ ਲਈ ਕੱਢ ਲਿਆ ਜਾਵੇ ਤਾਂ ਸਰੀਰ ਅਤੇ ਮਨ ਨੂੰ ਸਿਹਤਮੰਦ ਅਤੇ ਖੁਸ਼ ਰੱਖਿਆ ਜਾ ਸਕਦਾ ਹੈ। ਸਿਹਤਮੰਦ ਰਹਿਣ ਲਈ ਸੰਤੁਲਿਤ ਭੋਜਨ, ਪਾਣੀ, ਹਵਾ, ਨੀਂਦ, ਸੂਰਜੀ ਰੌਸ਼ਨੀ, ਅਰਾਮ ਆਦਿ ਦੀ ਜ਼ਰੂਰਤ ਹੁੰਦੀ ਹੈ। ਇੱਕ ਅੰਦਾਜ਼ੇ ਅਨੁਸਾਰ ਸਰੀਰ ਦੀ ਤਾਕਤ ਬਣਾਈ ਰੱਖਣ ਲਈ 60 ਫ਼ੀਸਦੀ ਊਰਜਾ ਖਾਣ-ਪੀਣ ਤੋਂ ਪ੍ਰਾਪਤ ਹੁੰਦੀ ਹੈ ਅਤੇ ਬਾਕੀ ਕਸਰਤ, ਪ੍ਰਦੂਸ਼ਣ ਰਹਿਤ ਵਾਤਾਵਰਣ ਅਤੇ ਸਹੀ ਜੀਵਨ ਸ਼ੈਲੀ ਤੋਂ ਮਿਲਦੀ ਹੈ। ਖਾਣ-ਪੀਣ (ਰੈਡੀ ਟੂ ਈਟ) ਵਰਗੀਆਂ ਚੀਜ਼ਾਂ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਬਣਦੀਆਂ ਹਨ। ਉਨ੍ਹਾਂ ਚੀਜ਼ਾਂ ਵਿੱਚ ਰੰਗ ਅਤੇ ਹੋਰ ਰਸਾਇਣ ਮਿਲਾਏ ਜਾਂਦੇ ਹਨ। ਇਸ ਲਈ ਡੱਬਾ ਬੰਦ ਚੀਜ਼ਾਂ ਖਾਣ ਅਤੇ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਦੇ ਖਾਣ ਪੀਣ ਤੋਂ ਬਾਅਦ ਖੂਨ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਇੰਡੀਅਨ ਕੌਂਸਲ ਆਫ ਰਿਸਰਚ ਮੁਤਾਬਕ ਭਾਰਤ ਵਿੱਚ 56.4 ਫ਼ੀਸਦੀ ਬਿਮਾਰੀਆਂ ਖਾਣ ਪੀਣ ਕਾਰਨ ਹੁੰਦੀਆਂ ਹਨ। ਸਿਹਤਮੰਦ ਖਾਣਾ ਅਤੇ ਸਰੀਰਕ ਸਰਗਰਮੀ ਨਾਲ ਜਿੱਥੇ ਦਿਲ ਦੀ ਬਿਮਾਰੀ, ਉੱਚੇ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਸਕਦਾ ਹੈ, ਉੱਥੇ ਟਾਈਪ 2 ਸ਼ੂਗਰ ਨੂੰ ਵੀ 80 ਫ਼ੀਸਦੀ ਤਕ ਰੋਕਿਆ ਜਾ ਸਕਦਾ ਹੈ। ਸਿਹਤਮੰਦ ਜੀਵਨ ਸ਼ੈਲੀ ਅਪਣਾਕੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਹਿੱਸਾ ਵੀ ਟਾਲਿਆ ਜਾ ਸਕਦਾ ਹੈ। ਸਾਰਿਆਂ ਦੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਜੇਕਰ ਹਰ ਆਦਮੀ ਨੂੰ ਖਾਣ-ਪੀਣ ਲਈ ਬਿਨਾਂ ਮਿਲਾਵਟ ਖੁਰਾਕ, ਸਾਫ਼ ਪਾਣੀ ਅਤੇ ਸਾਹ ਲੈਣ ਲਈ ਪ੍ਰਦੂਸ਼ਣ ਰਹਿਤ ਹਵਾ ਮਿਲੇ।
ਲੋਕਾਂ ਲਈ ਪੌਸ਼ਟਿਕ ਅਤੇ ਮਿਲਾਵਟ ਰਹਿਤ ਭੋਜਨ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿਉਂਕਿ ਅੱਜ-ਕੱਲ੍ਹ ਦਾ ਖਾਣ-ਪੀਣ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਿਹਾ ਹੈ। ਇਸ ਤੋਂ ਬਚਣ ਲਈ ਜਿੱਥੇ ਸੰਜਮ ਨਾਲ ਭੋਜਨ ਕਰਨਾ ਜ਼ਰੂਰੀ ਹੈ, ਉੱਥੇ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਸਾਫ ਹਵਾ, ਸਹੀ ਕਸਰਤ ਅਤੇ ਮਾਨਸਿਕ ਖੁਸ਼ੀ ਦਾ ਪ੍ਰਭਾਵ ਪੈਣ ਨਾਲ ਸਰੀਰ ਦਾ ਰੋਗ-ਮੁਕਤ ਹੋਣਾ ਸੁਭਾਵਿਕ ਹੈ। ਸਰੀਰ ਦੇ ਅੰਗਾਂ ਨੂੰ ਸੁਭਾਵਿਕ ਤੌਰ ’ਤੇ ਮਜ਼ਬੂਤ ਰੱਖਣ ਲਈ ਇੱਕ ਕਸਰਤ ਹੈ ਸੈਰ। ਇਸ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਟਹਿਲਣਾ ਅਨੇਕ ਰੋਗਾਂ ਦੀ ਦਵਾਈ ਹੈ। ਟਹਿਲਣ ਨਾਲ ਪੂਰੇ ਸਰੀਰ ਦੀ ਕਸਰਤ ਹੋਣ ਨਾਲ ਖੂਨ ਸੰਚਾਰ ਵੱਧਦਾ ਹੈ। ਟਹਿਲਣ ਨਾਲ ਸਰੀਰ ਦੀ ਸਜੀਵਤਾ ਬਣੀ ਰਹਿੰਦੀ ਹੈ। ਟਹਿਲਣ ਨਾਲ ਫੇਫੜਿਆਂ ਅਤੇ ਦਿਲ ਦੀ ਸ਼ਕਤੀ ਵਧਦੀ ਹੈ, ਭੋਜਨ ਹਜ਼ਮ ਹੁੰਦਾ ਹੈ ਅਤੇ ਸਰੀਰ ਦੀ ਸਫਾਈ ਵਿੱਚ ਲੱਗੇ ਅੰਗ ਤੇਜ਼ੀ ਨਾਲ ਆਪਣਾ ਕੰਮ ਪੂਰਾ ਕਰਦੇ ਹਨ। ਹੱਡੀਆਂ ਅਤੇ ਮਾਸ ਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਟਹਿਲਣ ਨਾਲ ਮਾਨਸਿਕ ਫੁਰਤੀ ਵਧਦੀ ਹੈ। ਤੇਜ਼ੀ ਨਾਲ ਡੂੰਘੇ ਸਾਹ ਲੈਂਦੇ ਹੋਏ ਟਹਿਲਣਾ ਕਬਜ਼ ਦੀ ਦਵਾਈ ਹੈ। ਟਹਿਲਣ ਨਾਲ ਚਮੜੀ ਵਿੱਚ ਨਿਖ਼ਾਰ ਆਉਂਦਾ ਹੈ, ਸਰੀਰ ਉੱਤੇ ਚਮਕ ਝਲਕਣ ਲਗਦੀ ਹੈ, ਜੋ ਗੱਲ੍ਹਾਂ ਉੱਤੇ ਲਾਲੀ ਅਤੇ ਚਿਹਰੇ ਦੀ ਚਮਕ ਵਧਾਉਂਦੀ ਹੈ। ਨੰਗੇ ਪੈਰੀਂ ਹਰੇ ਘਾਹ ’ਤੇ ਸੈਰ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ, ਦਿਮਾਗ ਤਾਜ਼ਾ ਰਹਿੰਦਾ ਹੈ, ਸਰੀਰ ਵਿੱਚ ਫੁਰਤੀ ਅਤੇ ਸੁੰਦਰਤਾ ਵਧਦੀ ਹੈ ਅਤੇ ਆਲਸ ਦੂਰ ਹੋ ਜਾਂਦੀ ਹੈ। ਹਰ ਰੋਜ਼ ਸਵੇਰੇ ਟਹਿਲਣਾ ਬਹੁਤ ਗੁਣਕਾਰੀ ਹੈ। ਟਹਿਲਣ ਨਾਲ ਸਿਹਤ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ।
ਸਮਾਜਿਕ ਸੰਬੰਧ ਵੀ ਵਿਅਕਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਵਿਅਕਤੀ ਦੇ ਸਮਾਜਿਕ ਸੰਬੰਧ ਚੰਗੇ ਹੋਣ ਤਾਂ ਉਹ ਚੰਗੀ ਸਿਹਤ ਦੇ ਨਾਲ-ਨਾਲ ਲੰਮੀ ਉਮਰ ਭੋਗ ਸਕਦਾ ਹੈ। ਖੋਜਕਾਰਾਂ ਵੱਲੋਂ ਇੱਕ ਖੋਜ 14 ਸਾਲਾਂ ਤਕ ਲਗਭਗ 2700 ਵਿਅਕਤੀਆਂ ਦੇ ਸੰਬੰਧਾਂ ਅਤੇ ਉਨ੍ਹਾਂ ਦਾ ਉਨ੍ਹਾਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਕਿ ਜੋ ਲੋਕ ਸਮਾਜਿਕ ਹਨ, ਉਨ੍ਹਾਂ ਨੇ ਲੰਮੀ ਉਮਰ ਪਾਈ ਅਤੇ ਜੋ ਸਾਮਜਿਕ ਨਹੀਂ ਸਨ, ਉਹ ਸਮਾਜਿਕ ਵਿਅਕਤੀਆਂ ਦੇ ਮੁਕਾਬਲੇ ਘੱਟ ਜਿਊਂਦੇ ਰਹੇ। ਮਾਹਿਰਾਂ ਅਨੁਸਾਰ ਸੋਸ਼ਲ ਸਰਗਰਮੀ ਸਿਹਤ ਲਈ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਜੇਕਰ ਮਨੁੱਖ ਦੂਜਿਆਂ ਲਈ ਕੁਝ ਕਰਦਾ ਹੈ ਤਾਂ ਉਸ ਦੇ ਹਿਮਿਊਨ ਸਿਸਟਮ ’ਤੇ ਚੰਗਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਾਡਾ ਦਿਮਾਗ ਅਤੇ ਹਿਮਿਊਨ ਸਿਸਟਮ ਇੱਕ ਦੂਜੇ ਨਾਲ ਸੰਬੰਧਿਤ ਹਨ। ਚੰਗੀ ਸਿਹਤ ਲਈ ਮਾਹਿਰ ਲਗਾਤਾਰ ਕਸਰਤ ਅਤੇ ਸੰਤੁਲਿਤ ਭੋਜਨ ਦੀ ਰਾਏ ਦਿੰਦੇ ਹਨ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਨਸਾਨਾਂ ਦੇ ਆਪਸੀ ਪ੍ਰੇਮ ਅਤੇ ਸਹਿਯੋਗ ਨਾਲ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ। ਸਾਡੇ ਸਰੀਰ ਦੇ ਅੰਗ ਵੀ ਆਪਸੀ ਸਹਿਯੋਗ ਨਾਲ ਇੱਕ ਦੂਸਰੇ ਨੂੰ ਚਲਾਉਂਦੇ ਹਨ। ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਸੱਟ ਲਗਦੀ ਹੈ ਤਾਂ ਦਿਮਾਗ ਤੁਰੰਤ ਉੱਥੇ ਪਹੁੰਚ ਜਾਂਦਾ ਹੈ। ਅੱਖਾਂ ਉਸ ਸਥਾਨ ਨੂੰ ਵੇਖਦੀਆਂ ਹਨ ਅਤੇ ਹੱਥ ਸਹਿਯੋਗ ਲਈ ਅੱਗੇ ਵਧਦੇ ਹਨ। ਕਿਸੇ ਮਕਾਨ ਦੀਆਂ ਨੀਹਾਂ ਵਿੱਚ ਲੱਗੀਆਂ ਇੱਟਾਂ ਦੀ ਆਪਣੀ ਮਹਾਨਤਾ ਹੁੰਦੀ ਹੈ। ਨੀਂਹ ਵਿੱਚ ਲੱਗੀਆਂ ਇੱਟਾਂ ਦੇ ਸਹਿਯੋਗ ਨਾਲ ਹੀ ਕਿਸੇ ਮਕਾਨ ਦੀ ਛੱਤ ਸੰਭਵ ਹੈ। ਸਹਿਯੋਗ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਦਿੰਦਾ ਹੈ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਸਾਹਮਣਾ ਵੀ ਸਹਿਯੋਗ ਨਾਲ ਹੀ ਸੰਭਵ ਹੈ। ਸਹਿਯੋਗ ਦੀ ਭਾਵਨਾ ਇੱਕ ਅਜਿਹੀ ਪਾਰਸ ਦੀ ਵੱਟੀ ਹੈ, ਜਿਸ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ। ਹਰ ਪਰਿਵਾਰ, ਸੰਸਥਾ ਅਤੇ ਪਿੰਡ ਤੋਂ ਲੈ ਕੇ ਦੇਸ਼ ਦੀ ਤਰਕੀ ਤਕ ਸਹਿਯੋਗ ਦੀ ਵੱਡੀ ਲੋੜ ਹੁੰਦੀ ਹੈ। ਚੰਗੇ ਸਮਾਜਿਕ ਸੰਬੰਧ ਬਣਾਉਣ ਲਈ ਸਾਨੂੰ ਆਪਸੀ ਸਹਿਯੋਗ ਦੀ ਕੜੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਰੋਗਾਂ ਤੋਂ ਬਚਾ ਲਈ ਮਨੁੱਖ ਅੰਦਰ ਸਕਾਰਾਤਮਕ ਭਾਵਨਾਵਾਂ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਕਾਰਾਤਮਕ ਭਾਵਨਾਵਾਂ ਰੋਗਾਂ ਨੂੰ ਸੱਦਾ ਦਿੰਦੀਆਂ ਹਨ। ਚਿੰਤਾ, ਗੁੱਸਾ, ਤਣਾਅ, ਡਰ, ਉਦਾਸੀ ਆਦਿ ਨਕਾਰਾਤਮਕ ਭਾਵਨਾਵਾਂ ਹਨ ਜੋ ਮਨੁੱਖ ਨੂੰ ਰੋਗਾਂ ਦਾ ਸ਼ਿਕਾਰ ਬਣਾ ਦਿੰਦੀਆਂ ਹਨ। ਨਕਾਰਾਤਮਕ ਭਾਵਨਾਵਾਂ ਨਾਲ ਬਲੱਡ-ਪ੍ਰੈੱਸ਼ਰ, ਦਿਲ ਦੇ ਰੋਗ, ਨੀਂਦ ਨਾ ਆਉਣਾ ਅਤੇ ਹੋਰ ਬਹੁਤ ਸਾਰੇ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਨਕਾਰਾਤਮਕ ਭਾਵਨਾਵਾਂ ਮਨੁੱਖ ਦੇ ਦਿਮਾਗ ਅਤੇ ਸਰੀਰਕ ਸਿਹਤ ’ਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ। ਮਨੁੱਖ ਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਕੋਲ ਜ਼ਰੂਰ ਪ੍ਰਗਟ ਕਰਨਾ ਚਾਹੀਦਾ ਹੈ। ਭਾਵਨਾਵਾਂ ਪ੍ਰਗਟ ਦਾ ਭਾਵ ਹੈ ਇੱਕ ਦੂਜੇ ਨਾਲ ਦੁੱਖ-ਸੁਖ ਵੰਡਣਾ, ਜਿਸ ਨਾਲ ਮਨ ਦਾ ਬੋਝ ਹਲਕਾ ਹੋਵੇ। ਜਿਹੜੇ ਲੋਕ ਭਾਵਨਾਵਾਂ ਨੂੰ ਆਪਣੇ ਤਕ ਸੀਮਤ ਰੱਖਦੇ ਹਨ, ਉਹ ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਰਹਿੰਦੇ ਹਨ। ਆਤਮ-ਵਿਸ਼ਵਾਸ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਨਾਲ ਨਕਾਰਾਤਮਕ ਭਾਵਨਾਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਤੇ ਵਿਅਕਤੀ ਰੋਗਾਂ ਤੋਂ ਬਚ ਸਕਦਾ ਹੈ।
ਮਾਹਿਰਾਂ ਅਨੁਸਾਰ ਆਸ਼ਾਵਾਦੀ ਹੋਣਾ ਅਤੇ ਖੁਸ਼ ਰਹਿਣਾ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ। ਹਾਲ ਹੀ ਵਿੱਚ ਮਾਹਿਰਾਂ ਨੇ ਇੱਕ ਵਿਅਕਤੀ ਦੇ ਆਸ਼ਾਵਾਦੀ ਰਹਿਣ ਨਾਲ ਉਸ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ। ਖੋਜਕਾਰਾਂ ਨੇ 65 ਸਾਲ ਦੀ ਉਮਰ ਦੇ 2478 ਲੋਕਾਂ ਦਾ ਛੇ ਸਾਲ ਤਕ ਅਧਿਐਨ ਕੀਤਾ ਅਤੇ ਦੇਖਿਆ ਕਿ ਜੋ ਵਿਅਕਤੀ ਖੁਸ਼ ਰਹੇ ਅਤੇ ਆਸ਼ਾਵਾਦੀ ਰਹੇ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਦੀ ਸੰਭਾਵਨਾ ਘੱਟ ਪਾਈ ਗਈ ਅਤੇ ਜੋ ਲੋਕ ਨਿਰਾਸ਼ਾਵਾਦੀ ਰਹੇ, ਉਨ੍ਹਾਂ ਵਿੱਚ ਦਿਲ ਦੇ ਰੋਗਾਂ ਦੀ ਸੰਭਾਵਨਾ ਵੱਧ ਪਾਈ ਗਈ। ਇਸ ਖੋਜ ਦੇ ਖੋਜਕਾਰਾਂ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਇੱਕ ਸਿਹਤਮੰਦ ਜੀਵਨ ਸ਼ੈਲੀ ਜਿਊਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਸਰਤ ਕਰਦਾ ਹੈ, ਜਿਸ ਕਾਰਨ ਉਹ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਬਿਮਾਰੀਆਂ ਤੋਂ ਬਚਾ ਲਈ ਹਮੇਸ਼ਾ ਖੁਸ਼ ਅਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਚੰਗਾ ਸੋਚੀਏ, ਚੰਗਾ ਕਹੀਏ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ। ਸਰਬੱਤ ਦਾ ਭਲਾ ਮੰਗੀਏ।
ਸਾਬਤ ਅਨਾਜ ਦੀ ਵਰਤੋਂ ਵੀ ਉਮਰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਜੋ ਵਿਅਕਤੀ ਸਾਬਤ ਅਨਾਜ ਦੀ ਵਰਤੋਂ ਕਰਦੇ ਹਨ, ਉਹ ਸਿਹਤਮੰਦ ਜੀਵਨ ਜਿਊਂਦੇ ਹਨ ਅਤੇ ਕਈ ਰੋਗਾਂ ਤੋਂ ਬਚੇ ਰਹਿੰਦੇ ਹਨ। ਹਾਲ ਹੀ ਵਿੱਚ ਕੀਤੀ ਗਈ ਇੱਕ ਖੋਜ ਵਿੱਚ ਚੌਂਤੀ ਹਜ਼ਾਰ ਵਿਅਕਤੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ ਅਤੇ ਪਾਇਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਸਾਬਤ ਅਨਾਜ ਦੀ ਵਧੇਰੇ ਵਰਤੋਂ ਕੀਤੀ, ਉਨ੍ਹਾਂ ਨੂੰ ਸਾਬਤ ਅਨਾਜ ਦੀ ਵਰਤੋਂ ਨਾ ਕਾਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਦਿਲ ਦਾ ਰੋਗ ਹੋਣ ਦੀ ਸੰਭਾਵਨਾ 21 ਫ਼ੀਸਦੀ ਘੱਟ ਪਾਈ ਗਈ। ਸਾਬਤ ਅਨਾਜ ਵਿਅਕਤੀ ਨੂੰ ਕਈ ਗੰਭੀਰ ਰੋਗਾਂ ਤੋਂ ਬਚਾਉਂਦਾ ਹੈ। ਵਡੇਰੀ ਉਮਰ ਵਿੱਚ ਮਨੁੱਖ ਨੂੰ ਹਾਲਾਤ ਮੁਤਾਬਿਕ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ। ਦੁਨੀਆਂ ਵਿੱਚ ਹਰ ਚੀਜ਼ ਪਰਿਵਰਤਨਸ਼ੀਲ ਹੈ। ਸਮਾਂ, ਗਤੀ ਨਿਰੰਤਰ ਗਤੀਸ਼ੀਲ ਰਹਿੰਦੇ ਹਨ। ਨਿਰੰਤਰਤਾ ਬਦਲਾਅ ਨਾਲ ਜੁੜੀ ਹੋਈ ਹੈ। ਬਦਲਾਅ ਨਾਲ ਹੀ ਵਿਕਾਸ ਅਤੇ ਵਿਕਾਸ ਨਾਲ ਹੀ ਲੋਕਾਂ ਦੇ ਜੀਵਨ ਵਿੱਚ ਪ੍ਰਕਾਸ਼ ਹੁੰਦਾ ਹੈ। ਮਨੁੱਖ ਦਾ ਜੀਵਨ ਵੀ ਇਸ ਬਦਲਾਅ ਦਾ ਹਿੱਸਾ ਹੈ ਕਿਉਂਕਿ ਅਸੀਂ ਇੱਕ ਨਿਰੰਤਰ ਬਦਲਦੀ ਹੋਈ ਦੁਨੀਆਂ ਵਿੱਚ ਰਹਿੰਦੇ ਹਾਂ।
ਹਰ ਨਦੀ ਇੱਕ ਛੋਟੀ ਧਾਰਾ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਫਿਰ ਚਲਦੇ-ਚਲਦੇ ਉਸ ਵਿੱਚ ਹੋਰ ਨਦੀਆਂ ਦਾ ਮਿਲਾਨ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਇੱਕ ਸਰੋਤ ਤੋਂ ਨਿਕਲੀ ਛੋਟੀ ਜਿਹੀ ਧਾਰਾ ਵੱਡੀ ਨਦੀ ਬਣ ਜਾਂਦੀ ਹੈ ਅਤੇ ਇਸ ਤਰ੍ਹਾਂ ਉਸ ਦੀ ਤਾਕਤ ਵਧਦੀ ਜਾਂਦੀ ਹੈ। ਠੀਕ ਇਹੀ ਸਥਿਤੀ ਮਨੁੱਖੀ ਜੀਵਨ ਯਾਤਰਾ ਦੀ ਹੈ। ਮਨੁੱਖ ਵੀ ਕਦੇ ਰੁਕਿਆ ਨਹੀਂ ਹੈ। ਸ਼ੁਰੂ ਤੋਂ ਲੈ ਕੇ ਹੁਣ ਤਕ ਮਨੁੱਖ ਨੇ ਅਣਗਣਿਤ ਉਪਲਬਧੀਆਂ ਹਾਸਲ ਕੀਤੀਆਂ ਹਨ। ਅੱਗ ਤੋਂ ਲੈ ਕੇ ਪਹਾੜ ਤਕ ਦਾ ਸਫ਼ਰ ਕੀਤਾ ਹੈ। ਮਨੁੱਖ ਦੇ ਜੀਵਨ ਵਿੱਚ ਦੁੱਖ-ਸੁਖ ਆਉਂਦੇ ਰਹਿੰਦੇ ਹਨ। ਜੇਕਰ ਅਸੀਂ ਹਾਲਾਤ ਮੁਤਾਬਿਕ ਨਹੀਂ ਬਦਲਾਂਗੇ ਤਾਂ ਸਾਹਮਣੇ ਪਰੇਸ਼ਾਨੀਆਂ ਦਾ ਪਹਾੜ ਨਜ਼ਰ ਆਉਣ ਲੱਗੇਗਾ। ਇਸ ਲਈ ਜੀਵਨ ਜਿਊਣ ਦਾ ਸਹੀ ਤਰੀਕਾ ਇਹੀ ਹੈ ਕਿ ਮਨੁੱਖ ਨਦੀ ਦੇ ਵਹਾ ਵਾਂਗ ਵਿਚਰੇ ਅਤੇ ਹਾਲਾਤ ਮੁਤਾਬਿਕ ਢਲ਼ਦਾ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5263)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.