“ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ...”
(18 ਸਤੰਬਰ 2021)
ਦੇਸ਼ ਨੂੰ ਆਜ਼ਾਦ ਹੋਇਆ ਸੱਤ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਭਾਰਤ ਨੇ ਅਨੇਕਾਂ ਖੇਤਰਾਂ ਵਿੱਚ ਤਰੱਕੀ ਕੀਤੀ ਹੈ। ਭਾਰਤ ਦੀਆਂ ਪ੍ਰਾਪਤੀਆਂ ਦੀ ਗਿਣਤੀ ਬੇਸ਼ੁਮਾਰ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਦੇਸ਼ ਦੇ ਸਮੁੱਚੇ ਰੰਗ ਨੂੰ ਹੀ ਬਦਲ ਦਿੱਤਾ ਹੈ। ਪਰ ਇਸਦੇ ਨਾਲ ਹਾਲੇ ਰਹਿ ਗਈਆਂ ਉਨ੍ਹਾਂ ਘਾਟਾਂ ਨੂੰ ਵੀ ਪੂਰਾ ਕੀਤਾ ਜਾਣਾ ਹੈ, ਜੋ ਹਮੇਸ਼ਾ ਇਸਦੇ ਸੀਨੇ ਵਿੱਚ ਦਰਦ ਕਰਦੀਆਂ ਰਹੀਆਂ ਹਨ। ਅੱਜ ਵੀ ਕਰੋੜਾਂ ਲੋਕ ਗੁਰਬਤ ਵਿੱਚ ਗ੍ਰਸੇ ਕੁੱਲੀ, ਗੁੱਲੀ ਅਤੇ ਜੁੱਲੀ ਦੇ ਚੱਕਰ ਵਿੱਚ ਫਸੇ ਦਿਖਾਈ ਦਿੰਦੇ ਹਨ। ਸਮੁੱਚੇ ਦੇਸ਼ ਵਿੱਚ ਵੱਡੀ ਨਿਰਾਸ਼ਾ ਪਸਰੀ ਇਸ ਲਈ ਦਿਖਾਈ ਦਿੰਦੀ ਹੈ ਕਿਉਂਕਿ ਇੱਥੇ ਲਗਾਤਾਰ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਹਾਲੇ ਨਿੱਤ ਦਿਨ ਵਧਦੀ ਆਬਾਦੀ ’ਤੇ ਕਾਬੂ ਪਾਉਣ ਵਿੱਚ ਸਾਡਾ ਦੇਸ਼ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਤਤਕਾਲੀ ਸਰਕਾਰਾਂ ਇਸ ਬੇਹੱਦ ਜ਼ਰੂਰੀ ਮੁੱਦੇ ਲਈ ਯੋਜਨਾਬੰਦੀ ਨਹੀਂ ਕਰ ਸਕੀਆਂ। ਸਮੇਂ-ਸਮੇਂ ਉਲੀਕੀਆਂ ਯੋਜਨਾਵਾਂ ਵੀ ਕਿਸੇ ਤਰ੍ਹਾਂ ਪ੍ਰਭਾਵਸ਼ਾਲੀ ਹੁੰਦੀਆਂ ਦਿਖਾਈ ਨਹੀਂ ਦਿੱਤੀਆਂ। ਅੱਜ ਵੀ ਅਸੀਂ ਅਨੇਕਾਂ ਪੱਖਾਂ ਤੋਂ ਦੁਨੀਆਂ ਦੇ ਬਹੁਤੇ ਵਿਕਾਸਸ਼ੀਲ ਦੇਸ਼ਾਂ ਤੋਂ ਪਿਛਲੀ ਕਤਾਰ ਵਿੱਚ ਖੜ੍ਹੇ ਦਿਖਾਈ ਦਿੰਦੇ ਹਾਂ।
ਅੱਜ ਸਾਡਾ ਦੇਸ਼ ਤਰੱਕੀ ਦੀਆਂ ਸਿਖਰਾਂ ਛੂਹਣ ਦੀ ਬਜਾਏ ਪਤਨ ਦੀਆਂ ਡੂੰਘੀਆਂ ਖਾਈਆਂ ਵੱਲ ਜਾ ਰਿਹਾ ਹੈ। ਬਹੁਤੇ ਦੇਸ਼ ਵਾਸੀ ਅੱਜ ਵੀ ਗੁਲਾਮਾਂ ਵਰਗਾਂ ਜੀਵਨ ਜੀਅ ਰਹੇ ਹਨ। ਬਹੁਤੇ ਲੋਕ ਅੱਜ ਵੀ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ। ਦੇਸ਼ ਵਿੱਚ ਬਹੁਤੇ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਲੋਕਾਂ ਨੂੰ ਜੀਵਨ ਜਿਊਣ ਲਈ ਮੁਢਲੇ ਜ਼ਰੂਰੀ ਸਾਧਨ ਵੀ ਉਪਲਬਧ ਨਹੀਂ ਹੋਏ ਹਨ। ਬਹੁਤੀ ਆਬਾਦੀ ਨੂੰ ਅੱਜ ਵੀ ਪੀਣ ਪਈ ਸਾਫ ਪਾਣੀ, ਵਿੱਦਿਅਕ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਹੀਂ ਹਨ। ਕਰੋੜਾਂ ਲੋਕਾਂ ਕੋਲ ਅੱਜ ਵੀ ਰਹਿਣ ਲਈ ਮਕਾਨ ਨਹੀਂ ਹਨ, ਉਹ ਫੁੱਟਪਾਥਾਂ, ਰੇਲਵੇ ਸਟੇਸ਼ਨਾਂ ਆਦਿ ’ਤੇ ਰਾਤਾਂ ਕੱਟਦੇ ਹਨ। ਸਾਡੇ ਦੇਸ਼ ਵਿੱਚ ਆਮ ਵਿਅਕਤੀ ਦੀ ਜ਼ਿੰਦਗੀ ਦੀ ਅਹਿਮੀਅਤ ਜਾਨਵਰਾਂ ਨਾਲੋਂ ਵੀ ਘੱਟ ਹੈ। ਅੱਜ ਦੇਸ਼ ਦੀ ਜਨਤਾ ਕਿਸੇ ਬਾਹਰੀ ਹਕੂਮਤ ਦੀ ਨਹੀਂ ਸਗੋਂ ਦੇਸ਼ ਦੇ ਆਪਣੇ ਨੇਤਾਵਾਂ ਦੀ ਗੁਲਾਮ ਹੋ ਕੇ ਰਹਿ ਗਈ ਹੈ। ਭਾਰਤ ਗਰੀਬ ਨਹੀਂ ਹੈ, ਇਸ ਨੂੰ ਸਾਡੇ ਭ੍ਰਿਸ਼ਟ ਨੇਤਾਵਾਂ ਨੇ ਗਰੀਬ ਬਣਾ ਦਿੱਤਾ ਹੈ। ਜੇਕਰ ਦੇਸ਼ ਸੱਚਮੁੱਚ ਗਰੀਬ ਹੁੰਦਾ ਤਾਂ ਇਕੱਲੇ ਲੋਕ ਨਹੀਂ ਬਲਕਿ ਇਹ ਨੇਤਾ ਲੋਕ ਵੀ ਗਰੀਬ ਹੋਣੇ ਚਾਹੀਦੇ ਸਨ।
ਅੱਜ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ੇ ਅਤੇ ਰਿਸ਼ਵਤਖੋਰੀ ਕੌੜੀ ਵੇਲ ਵਾਂਗ ਵਧ ਰਹੀ ਹੈ। ਉਚੇਰੀ ਪੜ੍ਹਾਈ ਦਾ ਮਿਆਰ ਲਗਾਤਾਰ ਡਿਗ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਪੂਰੀਆਂ ਕਰਨ ਵਿੱਚ ਸਮੇਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਸਚਾਈ ਇਹ ਹੈ ਕਿ 32 ਕਰੋੜ ਤੋਂ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ। ਦੂਜੇ ਪਾਸੇ ਹਜ਼ਾਰਾਂ ਲੱਖਾਂ ਟਨ ਆਨਾਜ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਰਿਹਾ ਹੈ। ਧਰਤੀ ਦਾ ਸੀਨਾ ਪਾੜ ਕੇ ਆਨਾਜ ਪੈਂਦਾ ਕਰਨ ਵਾਲਾ ਕਿਸਾਨ ਅੱਜ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਜ਼ੋਰਦਾਰ ਅਤੇ ਵਿਆਪਕ ਕਿਸਾਨ ਅੰਦੋਲਨ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। 600 ਦੇ ਕਰੀਬ ਇਸ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਦੇ ਬਾਵਜੂਦ ਇਸ ਮਸਲੇ ਨੂੰ ਸਰਕਾਰ ਲਟਕਾ ਰਹੀ ਹੈ।
ਮਹਿਲਾਵਾਂ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖੇ ਪੇਟ ਮੌਤਾਂ ਹੋ ਰਹੀਆਂ ਹਨ। ਦੇਸ਼ ਦੇ ਬਹੁਤੇ ਬੱਚੇ ਸਕੂਲ ਜਾਣ ਦੀ ਉਮਰ ਵਿੱਚ ਵੀ ਸਿਰ ’ਤੇ ਮੈਲ ਢੋ ਕੇ ਆਪਣਾ ਢਿੱਡ ਭਰਦੇ ਹਨ। ਕੂੜੇ ਦੇ ਢੇਰਾਂ ’ਤੇ ਕਾਗਜ਼ ਇਕੱਠੇ ਕਰਦਿਆਂ ਬਚਪਨ ਗੁਜ਼ਾਰਦੇ ਹਨ। ਭਾਰਤ ਵਿੱਚ ਬਾਲ ਮਜ਼ਦੂਰ ਡੇਢ ਤੋਂ ਦੋ ਕਰੋੜ ਹਨ। ਇਹ ਬੱਚੇ 6 ਤੋਂ 14 ਸਾਲ ਦੇ ਹਨ, ਜੋ ਸਕੂਲ ਛੱਡ ਕੇ ਖੇਤੀ ਕਰਨ ਲੱਗਦੇ ਹਨ ਜਾਂ ਘਰੇਲੂ ਕੰਮ ਕਰਦੇ ਹਨ। ਸਰਕਾਰ ਨੇ ਗਰੀਬ ਪਰਿਵਾਰਾਂ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਸਕੂਲ, ਕਾਲਜ ਹੁਣ ਵਿਦਿਆਕ ਅਦਾਰੇ ਨਹੀਂ ਰਹੇ, ਸਗੋਂ ਪ੍ਰਾਈਵੇਟ ਸ਼ਾਹੂਕਾਰਾਂ ਦੀਆਂ ਦੁਕਾਨਾਂ ਬਣ ਕੇ ਰਹਿ ਗਏ ਹਨ। ਇੱਕ ਗਰੀਬ ਪਰਿਵਾਰ ਦਾ ਬੱਚਾ ਇਨ੍ਹਾਂ ਵਿੱਚ ਦਾਖਲਾ ਲੈਣ ਲਈ ਸੋਚ ਵੀ ਨਹੀਂ ਸਕਦਾ। ਪ੍ਰਾਈਵੇਟ ਹਸਪਤਾਲਾਂ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਆਧੁਨਿਕ ਮਸ਼ੀਨਰੀ ਸਰਕਾਰੀ ਹਸਪਤਾਲਾਂ ਦਾ ਮੂੰਹ ਚਿੜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਨਾ ਡਾਕਟਰ ਲੱਭਦੇ ਹਨ ਅਤੇ ਨਾ ਹੀ ਦਵਾਈਆਂ। ਸਾਰੇ ਟੈਸਟ ਮਹਿੰਗੇ ਭਾਅ ਬਾਹਰ ਪ੍ਰਾਈਵੇਟ ਡਾਕਟਰਾਂ ਤੋਂ ਕਰਵਾਉਣੇ ਪੈਂਦੇ ਹਨ। ਬਹੁਤੇ ਲੋਕ ਦਵਾਈਆਂ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਇਲਾਜ ਬਿਨਾਂ ਮਰ ਜਾਂਦੇ ਹਨ। ਜਦਕਿ ਸਾਡੇ ਰਾਜਨੇਤਾ ਅਤੇ ਅਧਿਕਾਰੀ ਛੋਟੀ ਛੋਟੀ ਬਿਮਾਰੀ ਹੋਣ ’ਤੇ ਵੀ ਸਰਕਾਰੀ ਖਰਚੇ ਤੇ ਮਹਿੰਗੇ ਇਲਾਜ ਕਰਵਾਉਂਦੇ ਹਨ।
2019 ਦੇ ਅੰਕੜਿਆਂ ਮੁਤਾਬਿਕ ਸਿਹਤ ਸਹੂਲਤਾਂ ਵਿੱਚ ਭਾਰਤ 190 ਦੇਸ਼ਾਂ ਵਿੱਚੋਂ 141 ਵੇਂ ਸਥਾਨ ’ਤੇ ਹੈ। ਅਨਪੜ੍ਹਤਾ ਦੇ ਮਾਮਲੇ ਵਿੱਚ 234 ਦੇਸ਼ਾਂ ਵਿੱਚੋਂ 168 ਵੇਂ, ਸਿੱਖਿਆ ਦੇ ਖੇਤਰ ਵਿੱਚ 191 ਦੇਸ਼ਾਂ ਵਿੱਚੋਂ ਇਸਦਾ ਸਥਾਨ 145 ਵਾਂ ਹੈ। ਭਾਰਤੀ ਲੋਕਾਂ ਦੀ ਇਹ ਸਥਿਤੀ ਸਰਕਾਰਾਂ ਦੀਆਂ ਬਦਨੀਤੀਆਂ ਅਤੇ ਗਲਤ ਤਰਜੀਹਾਂ ਕਾਰਨ ਹੈ। ਅੱਜ ਵੀ ਮੁਲਕ ਭਰ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਯੂਨੀਵਸਿਟੀਆਂ ਤਕ ਯੋਗ ਅਤੇ ਪੂਰੇ ਅਧਿਆਪਕ ਨਹੀਂ ਹਨ। ਅੱਧ ਤੋਂ ਵੱਧ ਪੋਸਟਾਂ ਖਾਲੀ ਹਨ। ਪਰ ਘਾਤਕ ਜੰਗੀ ਸਮਾਨ ਖਰੀਦਣ ਵਿੱਚ ਅਸੀਂ ਵਿਸ਼ਵ ਪੱਧਰ ’ਤੇ ਚੋਟੀ ਉੱਤੇ ਹਾਂ। ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਾਡੇ ਕੋਲ ਲੋੜੀਂਦੇ ਹਸਪਤਾਲ ਨਹੀਂ ਹਨ। ਮਰੀਜ਼ਾਂ ਲਈ ਲੋੜੀਂਦੇ ਬੈੱਡ ਨਹੀਂ ਹਨ। ਡਾਕਟਰਾਂ ਤੇ ਹੋਰ ਸਟਾਫ ਦੀ ਕਮੀ ਹੈ। 140 ਕਰੋੜ ਲੋਕਾਂ ਲਈ ਕੇਵਲ 12 ਲੱਖ ਰਜਿਸਟਰਡ ਡਾਕਟਰ ਹਨ ਜਿਨ੍ਹਾਂ ਵਿੱਚ ਪ੍ਰਾਈਵੇਟ ਡਾਕਟਰ ਵੀ ਹਨ। ਇਸ ਦੇਸ਼ ਦੇ 39 ਫੀਸਦੀ ਲੋਕਾਂ ਨੂੰ ਮੌਤ ਤਕ ਕਦੇ ਵੀ ਡਾਕਟਰ ਦਾ ਮੂੰਹ ਦੇਖਣਾ ਨਸੀਬ ਨਹੀਂ ਹੁੰਦਾ। ਕਰੋਨਾ ਮਹਾਂਮਾਰੀ ਨੇ ਦੇਸ਼ ਦੀਆਂ ਸਿਹਤ ਸੇਵਾਵਾਂ ਦੀ ਬਦਹਾਲੀ ਦਾ ਮੰਜ਼ਰ ਪੂਰੇ ਸੰਸਾਰ ਨੇ ਦੇਖ ਲਿਆ ਹੈ। ਸਿੱਖਿਆ ਦੇ ਵਪਾਰੀਕਰਨ ਨੇ ਲੱਖਾਂ ਗਰੀਬਾਂ ਦੀ ਸਿੱਖਿਆ ਦੀ ਪ੍ਰਾਪਤੀ ਦੇ ਸੁਪਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ।
ਦੇਸ਼ ਵਿੱਚ ਪਿਛਲੇ ਤੀਹ ਸਾਲਾਂ ਤੋਂ ਆਰਥਿਕ ਅਸਮਾਨਤਾਵਾਂ ਵਧ ਰਹੀਆਂ ਹਨ। ਦੇਸ਼ ਦੀ ਕੁਲ ਆਮਦਨ ਦਾ 73 ਫੀਸਦੀ ਹਿੱਸਾ ਕੇਵਲ ਇੱਕ ਫੀਸਦੀ ਅਮੀਰਾਂ ਦੇ ਕੋਲ ਹੈ। ਆਕਸਫੈਮ ਦੀ ਰਿਪੋਰਟ ਅਨੁਸਾਰ ਦੇਸ਼ ਦੇ ਕੇਵਲ 57 ਫੀਸਦੀ ਧਨਾਢਾਂ ਕੋਲ ਦੇਸ਼ ਦੀ 70 ਫੀਸਦੀ ਦੇ ਬਰਾਬਰ ਦੌਲਤ ਦੇ ਭੰਡਾਰ ਹਨ। ਭਾਰਤ ਦੇ ਇੱਕ ਫੀਸਦੀ ਅਰਬਪਤੀਆਂ ਨੇ ਹੀ ਦੇਸ਼ ਦਾ 58 ਫੀਸਦੀ ਸਰਮਾਇਆ ਹੜੱਪਿਆ ਹੋਇਆ ਹੈ। ਇਸ ਸਮੇਂ ਨਿੱਜੀ ਕਾਰਪੋਰੇਟ ਖੇਤਰ ਦੇਸ਼ ਦੀ 40 ਫੀਸਦੀ ਤੋਂ ਵੱਧ ਆਮਦਨ ’ਤੇ ਕਾਬਜ਼ ਹੋ ਗਿਆ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਦੁਨੀਆਂ ਦੀ ਸਭ ਤੋਂ ਵੱਧ ਭੁੱਖਮਰੀ ਹੈ। ਦੇਸ਼ ਵਿੱਚ ਗਰੀਬੀ ਸਭ ਹੱਦਾ ਬੰਨੇ ਪਾਰ ਕਰਦੀ ਜਾ ਰਹੀ ਹੈ। ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ। ਜਿੱਥੇ ਕਰੋਨਾ ਮਹਾਂਮਾਰੀ ਨੇ ਦੇਸ਼ ਦੀ ਅਰਥ ਵਿਵਸਥਾ ਤਹਿਸ ਨਹਿਸ ਕਰ ਦਿੱਤੀ ਹੈ, ਉੱਥੇ ਅੰਬਾਨੀ ਦੀ ਦੌਲਤ ਵਧ ਕੇ 84 ਅਰਬ ਡਾਲਰ ਤੇ ਅਡਾਨੀ ਦੀ ਪੂੰਜੀ 78 ਅਰਬ ਡਾਲਰ ਤਕ ਪੁੱਜ ਗਈ ਹੈ। ਕਰੋਨਾ ਮਹਾਂਮਾਰੀ ਦੇ ਦੌਰਾਨ ਭਾਰਤ ਦੇ ਅਰਬਪਤੀਆਂ ਦੀ ਦੌਲਤ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ। ਦੂਸਰੇ ਪਾਸੇ ਸਾਲ 2017 ਤੋਂ ਲੈ ਕੇ ਸਾਲ 2019 ਤਕ ਭੋਜਨ ਸੁਰੱਖਿਆ ਤੋਂ ਪੀੜਤ ਲੋਕਾਂ ਦੀ ਗਿਣਤੀ 48.96 ਕਰੋੜ ਹੋ ਗਈ ਹੈ। ਵੱਡੇ ਕਾਰਪੋਰੇਟਾਂ ਨੂੰ ਖੁੱਲ੍ਹੇ ਦਿਲ ਨਾਲ ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਵੀ ਕਾਰਪੋਰੇਟਾਂ ਦਾ ਅਰਬਾਂ ਰੁਪਇਆ ਕਰਜ਼ਾ ਵੱਟੇ ਖਾਤੇ ਪਾਇਆ ਹੋਇਆ ਹੈ ਤੇ ਹੁਣ ਬੈਂਕ ਨੇ 2020-21 ਦੌਰਾਨ ਕਾਰਪੋਰੇਟ ਕਰਜ਼ਿਆਂ ਦਾ 1 ਲੱਖ 53 ਹਜ਼ਾਰ ਕਰੋੜ ਰੁਪਇਆ ਹੋਰ ਮੁਆਫ ਕਰ ਦਿੱਤਾ ਹੈ।
ਦੇਸ਼ ਦੇ ਵਿਕਾਸ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਕਿਸਾਨ ਅਤੇ ਮਜ਼ਦੂਰ ਸਰਕਾਰਾਂ ਦੀਆਂ ਬਦਨੀਤੀਆਂ ਕਾਰਨ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹਨ। ਪਿਛਲੇ ਸਮੇਂ ਦੌਰਾਨ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਧਰਮ ਅਧਾਰਿਤ ਅਤੇ ਜਾਤ ਅਧਾਰਿਤ ਹੋਏ ਦੰਗਿਆਂ ਕਾਰਨ ਅਤੇ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਕਾਰਨ ਬਹੁਤੇ ਲੋਕ ਆਪਣੇ ਆਮ ਨੂੰ ਗੁਲਾਮ ਹੀ ਸਮਝਣ ਲੱਗ ਪਏ ਹਨ। ਦੇਸ਼ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਜਿਸ ਨੇ ਦੇਸ਼ ਦੀ ਤਰੱਕੀ ਵਿੱਚ ਉਸਾਰੂ ਭੂਮਿਕਾ ਅਦਾ ਕਰਨੀ ਸੀ, ਉਸ ਨੂੰ ਆਪਣੀ ਰੋਟੀ ਦੇ ਲਾਲੇ ਪਏ ਹੋਏ ਹਨ। ਨੌਜਵਾਨ ਨਸ਼ਿਆਂ ਵਰਗੀ ਭੈੜੀ ਬਿਮਾਰੀ ਵਿੱਚ ਗ੍ਰਸਤ ਹੁੰਦੇ ਜਾ ਰਹੇ ਹਨ। ਸਰਕਾਰਾਂ ਕੁੰਭਕਰਨੀ ਨੀਂਦ ਸੌਂ ਰਹੀਆਂ ਹਨ। ਮਹਿੰਗਾਈ ਅਸਮਾਨ ਨੂੰ ਛੂੰਹਦੀ ਜਾ ਰਹੀ ਹੈ। ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਦੇਸ਼ ਵਿੱਚ ਸਾਰੇ ਪਾਸੇ ਹਫੜਾ ਦਫੜੀ ਮਚੀ ਹੋਈ ਹੈ। ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ। ਬਹੁਤੇ ਲੋਕ ਦੇਸ਼ ਵਿੱਚ ਰਹਿਣਾ ਨਹੀਂ ਚਾਹੁੰਦੇ। ਲੋਕ ਦੇਸ਼ ਦੇ ਸਿਸਟਮ ਤੋਂ ਤੰਗ ਆ ਚੁੱਕੇ ਹਨ। ਦੇਸ਼ ਦੇ ਜ਼ਿਆਦਾਤਰ ਲੋਕ ਨਾ ਖੁਸ਼ ਹਨ।
ਦੇਸ਼ ਦੇ ਲੋਕਾਂ ਦੀ ਖੁਸ਼ੀ ਪ੍ਰਸੰਨਤਾ ਰਿਪੋਰਟ ਔਸਤ ਪ੍ਰਤੀ ਵਿਅਕਤੀ ਆਮਦਨ, ਸਿਹਤਮੰਦ ਜ਼ਿੰਦਗੀ, ਦਿਆਲਤਾ/ਉਦਾਰਤਾ, ਨਿੱਜੀ ਜ਼ਿੰਦਗੀ ਵਿੱਚ ਫੈਸਲੇ ਲੈਣ ਦੀ ਆਜ਼ਾਦੀ, ਪਰਿਵਾਰਕ, ਸਮਾਜਿਕ ਸਹਿਯੋਗ ਤੇ ਸਮਰਥਨ ਤੇ ਦੇਸ਼ ਵਿੱਚ ਮੌਜੂਦ ਭ੍ਰਿਸ਼ਟਾਚਾਰ ਦਾ ਪੱਧਰ ਆਦਿ ਤੋਂ ਤਿਆਰ ਕੀਤੀ ਜਾਂਦੀ ਹੈ। ਖੁਸ਼ੀ ਪ੍ਰਸੰਨਤਾ ਰਿਪੋਰਟ ਵਿੱਚ ਭਾਰਤ ਦੀ ਸਥਿਤੀ ਜ਼ਿਆਦਾ ਵਧੀਆ ਨਹੀਂ ਹੈ। ਭਾਰਤ ਦਾ ਵਿਸ਼ਵ ਖੁਸ਼ੀ ਪ੍ਰਸੰਨਤਾ ਸਕੇਲ ’ਤੇ 2017 ਵਿੱਚ 122 ਵਾਂ, 2018 ਵਿੱਚ 133 ਵਾਂ ਤੇ 2014 ਵਿੱਚ 140 ਵੇਂ ਸਥਾਨ ’ਤੇ ਸੀ।
ਜੂਨ 2021 ਵਿੱਚ ਸਰਵੇ ਦੇ ਆਧਾਰਿਤ ਵਿਸ਼ਵ ਖੁਸ਼ਹਾਲੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਅਨੁਸਾਰ ਭਾਰਤ 149 ਦੇਸ਼ਾਂ ਵਿੱਚੋਂ 139 ਵੇਂ ਸਥਾਨ ’ਤੇ ਹੈ। ਪਾਕਿਸਤਾਨ 105 ਵੇਂ, ਬੰਗਲਾ ਦੇਸ਼ 101 ਵੇਂ ਅਤੇ ਚੀਨ 84 ਵੇਂ ਸਥਾਨ ’ਤੇ ਹੈ।
ਖੇਤੀਬਾੜੀ ਵਿੱਚ ਲੱਗੇ ਲੋਕ ਕਿਸਾਨ ਤੇ ਖੇਤ ਮਜ਼ਦੂਰ ਨਾ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਪੈਦਾਵਾਰ ਅਤੇ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਸੰਗਠਿਤ ਅਤੇ ਗੈਰ ਸੰਗਠਿਤ ਖੇਤਰ ਵਿੱਚ ਲੱਗੇ ਕਾਮੇ ਵੀ ਅਸੰਤੁਸ਼ਟ ਅਤੇ ਨਾਖੁਸ਼ ਹਨ, ਕਿਉਂਕਿ ਉਨ੍ਹਾਂ ਨੂੰ ਉਜਰਤਾਂ ਵਾਜਬ ਨਹੀਂ ਮਿਲ ਰਹੀਆਂ। ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਲੋਕ ਨਾਖੁਸ਼ ਹਨ। ਮਈ ਤੋਂ ਜੁਲਾਈ 2018 ਵਿੱਚ ਕੀਤੇ ਇੱਕ ਸਰਵੇਖਣ ਅਨੁਸਾਰ 70 ਫੀਸਦੀ ਭਾਰਤੀ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਵਧਦੀ ਮਹਿੰਗਾਈ ਕਾਰਨ ਨਾਖੁਸ਼ ਸਨ। ਲੋਕ ਉਸ ਸਮੇਂ ਆਰਥਿਕ ਤੌਰ ’ਤੇ ਆਜ਼ਾਦ ਅਤੇ ਖੁਸ਼ ਹੋਣਗੇ ਜਦੋਂ ਦੇਸ਼ ਵਿੱਚੋਂ ਭੁੱਖਮਰੀ ਖਤਮ ਹੋ ਜਾਵੇਗੀ। ਕੋਈ ਵੀ ਨਾਗਰਿਕ ਇਲਾਜ ਲਈ ਨਹੀਂ ਤਰਸੇਗਾ। ਜਾਤ ਅਤੇ ਧਰਮ ਦੇ ਆਧਾਰ ’ਤੇ ਹੋ ਰਿਹਾ ਵਿਤਕਰਾ ਖਤਮ ਹੋ ਜਾਵੇਗਾ। ਸਮਾਜਿਕ ਅਤੇ ਆਰਥਿਕ ਪਾੜਾ ਘੱਟ ਹੋ ਜਾਵੇਗਾ। ਜਦੋਂ ਲੋਕਾਂ ਦਾ ਰੁਜ਼ਗਾਰ ਸੁਰੱਖਿਅਤ ਹੋ ਜਾਵੇਗਾ ਤੇ ਆਮਦਨ ਲਗਾਤਾਰ ਬਣੀ ਰਹੇਗੀ, ਹਰ ਇੱਕ ਨੂੰ ਸਮੇਂ ਸਿਰ ਸਹੀ ਇਨਸਾਫ ਮਿਲੇਗਾ, ਲੋਕ ਖੁਸ਼ ਹੋਣਗੇ। ਸਰਕਾਰ ਨੂੰ ਆਰਥਿਕ ਅਤੇ ਸਮਾਜਿਕ ਨੀਤੀਆਂ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਕਿ ਕਾਰਪੋਰੇਟ ਪੱਖੀ ਨੀਤੀਆਂ ਨੂੰ ਬਦਲਕੇ ਲੋਕ ਪੱਖੀ ਬਣਾਵੇ ਕਿਉਂਕਿ ਆਰਥਿਕ ਸਰੁੱਖਿਆ ਅਤੇ ਆਤਮ ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। ਇਹ ਤਾਂ ਹੀ ਸੰਭਵ ਹੈ ਜੇਕਰ ਸਰਕਾਰਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੀਆਂ। ਹਰ ਦੇਸ਼ ਵਾਸੀ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਦੇਸ਼ ਤਰੱਕੀ ਕਰੇ ਅਤੇ ਉਸ ਦਾ ਦੇਸ਼ ਵਿਸ਼ਵ ਵਿੱਚ ਹਰ ਪੱਖੋਂ ਮੋਹਰੀ ਹੋਣ ਦਾ ਮਾਣ ਪ੍ਰਾਪਤ ਕਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3014)
(ਸਰੋਕਾਰ ਨਾਲ ਸੰਪਰਕ ਲਈ: