“ਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ...”
(7 ਅਕਤੂਬਰ 2023)
ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਕਿਤਾਬਾਂ ਸਾਨੂੰ ਨਵੇਂ ਸ਼ਬਦ ਸਿਖਾਉਂਦੀਆਂ ਹਨ। ਕਿਤਾਬਾਂ ਸਾਨੂੰ ਨਵੀਆਂ ਭਾਸ਼ਾਵਾਂ ਸਿੱਖਣ ਵਿੱਚ ਸਹਾਈ ਹੁੰਦੀਆਂ ਹਨ। ਕਿਤਾਬਾਂ ਸਾਡੀ ਕਲਪਨਾ ਸ਼ਕਤੀ ਨੂੰ ਵਧਾਉਂਦੀਆਂ ਹਨ। ਕਿਤਾਬਾਂ ਸਾਡੀ ਸਿਰਜਣਾਤਮਿਕਤਾ ਦੀ ਕਲਾ ਨੂੰ ਚਾਰ ਚੰਨ ਲਾਉਂਦੀਆਂ ਹਨ। ਕਿਤਾਬਾਂ ਸਾਨੂੰ ਬੁੱਧੀਮਾਨ ਬਣਾਉਂਦੀਆਂ ਹਨ। ਕਿਤਾਬਾਂ ਸਾਨੂੰ ਸਵੈ ਨਿਯੰਤਰਣ ਅਤੇ ਨਰੀਖਣ ਦੇ ਹੁਨਰਾਂ ਦਾ ਧਾਰਨੀ ਬਣਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਇੱਕ ਆਮ ਸਧਾਰਨ ਵਿਅਕਤੀ ਵੀ ਅਥਾਹ ਗਿਆਨ ਪ੍ਰਾਪਤ ਕਰ ਸਕਦਾ ਹੈ। ਚੰਗੇ ਲੇਖਕਾਂ ਦੀਆਂ ਕਿਤਾਬਾਂ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।
ਕਿਤਾਬਾਂ ਸਾਡੇ ਫੋਕਸ, ਯਾਦਦਾਸ਼ਤ, ਹਮਦਰਦੀ ਅਤੇ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਦੀ ਸਫ਼ਲ ਕੋਸ਼ਿਸ਼ ਕਰਦੀਆਂ ਹਨ। ਚੰਗੀਆਂ ਕਿਤਾਬਾਂ ਗਿਆਨ ਵਿੱਚ ਵਾਧਾ ਕਰਨ ਤੋਂ ਇਲਾਵਾ ਦਿਮਾਗ ਦੀ ਕਸਰਤ ਦੇ ਨਾਲ ਨਾਲ ਧਿਆਨ ਨੂੰ ਕਿਸੇ ਵਿਸ਼ੇ ’ਤੇ ਕੇਂਦਰਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਕਿਤਾਬਾਂ ਕਮਜ਼ੋਰ ਯਾਦਦਾਸ਼ਤ ਨੂੰ ਪੁਖਤਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਕਿਤਾਬਾਂ ਮਨੁੱਖ ਨੂੰ ਆਸ਼ਾਵਾਦੀ ਬਣਾਉਂਦੀਆਂ ਹਨ। ਕਿਤਾਬਾਂ ਜਿੱਥੇ ਇਨਸਾਨ ਦਾ ਚੰਗਾ ਮੰਨੋਰੰਜਨ ਕਰਦੀਆਂ ਹਨ, ਉੱਥੇ ਉਸ ਨੂੰ ਕੰਮ ਵਿੱਚ ਨਿਪੁੰਨ ਵੀ ਬਣਾਉਂਦੀਆਂ ਹਨ।
ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਗੱਲਬਾਤ ਕਰਨ ਦੇ ਢੰਗ ਵਿੱਚ ਨਿਖਾਰ ਆਉਂਦਾ ਹੈ। ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੀ ਬੋਲ-ਚਾਲ ਪ੍ਰਭਾਵਸ਼ਾਲੀ ਬਣਦੀ ਹੈ। ਵਿਸ਼ਵ ਪ੍ਰਸਿੱਧ ਲੇਖਕ ਸਵੇਟ ਨਾਰਡਨ ਦੀਆਂ ਪੁਸਤਕਾਂ ਸੁਖਾਵੀਂ ਜੀਵਨ ਜਾਂਚ ਬਾਰੇ ਦੱਸਦੀਆਂ ਹਨ। ਕਿਤਾਬਾਂ ਵਿਅਕਤੀ ਦੇ ਜੀਵਨ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਕਿਤਾਬਾਂ ਸਾਡੀਆਂ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਹੁੰਦੀਆਂ ਹਨ। ਕਿਤਾਬਾਂ ਸਾਡੀ ਮਾਨਸਿਕ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਰੂਹ ਦੀ ਖ਼ੁਰਾਕ ਵੀ ਹੁੰਦੀਆਂ ਹਨ। ਕਿਤਾਬਾਂ ਸਾਡੇ ਸੰਚਾਰ ਹੁਨਰ ਨੂੰ ਵੀ ਵਿਕਸਿਤ ਕਰਦੀਆਂ ਹਨ। ਦੁਨੀਆਂ ਦੀ ਹਰੇਕ ਵਸਤੂ ਸਮੇਂ ਨਾਲ ਬਦਲਣ ਦੇ ਨਾਲ ਨਾਲ ਪੁਰਾਣੀ ਵੀ ਹੋ ਜਾਂਦੀ ਹੈ। ਪ੍ਰੰਤੂ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਾ ਬਦਲਦਾ ਹੈ ਅਤੇ ਨਾ ਹੀ ਪੁਰਾਣਾ ਹੁੰਦਾ ਹੈ।
ਕਿਸੇ ਖੇਤਰ ਵਿੱਚ ਅਗਾਂਹ ਵਧਣ ਲਈ ਕਿਤਾਬਾਂ ਬਹੁਤ ਜ਼ਰੂਰੀ ਹਨ। ਕਿਤਾਬਾਂ ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਦੱਸਦੀਆਂ ਹਨ। ਇੱਕ ਉੱਤਮ ਕਿਤਾਬ ਦਾ ਇਕੱਲਾ ਇਕੱਲਾ ਅੱਖਰ ਜਿੱਥੇ ਜੀਵਨ ਦੇ ਹਰ ਰੰਗ ਨੂੰ ਬਿਆਨ ਕਰਦਾ ਹੈ, ਉੱਥੇ ਸਮਾਜ ਨੂੰ ਅੱਗੇ ਵਧਣ ਵਿੱਚ ਸਹਾਇਤਾ ਵੀ ਕਰਦਾ ਹੈ। ਕਿਤਾਬਾਂ ਮਨੁੱਖ ਨੂੰ ਸਹੀ ਗਲਤ ਦੀ ਪਹਿਚਾਣ ਕਰਵਾਉਂਦੀਆਂ ਹਨ। ਕਿਤਾਬਾਂ ਮਨੁੱਖ ਅੰਦਰ ਆਤਮ ਵਿਸ਼ਵਾਸ ਪੈਦਾ ਕਰਦੀਆਂ ਹਨ। ਕਿਤਾਬਾਂ ਸਾਡਾ ਮਾਰਗ ਦਰਸ਼ਨ ਕਰਨੀਆਂ ਹਨ। ਕਿਤਾਬਾਂ ਸਾਨੂੰ ਮਨੁੱਖਤਾ ਨਾਲ ਜੋੜਦੀਆਂ ਹਨ। ਕਿਤਾਬਾਂ ਗਿਆਨ ਦਾ ਕੱਦ ਉੱਚਾ ਚੁੱਕਦੀਆਂ ਹਨ। ਕਿਸੇ ਖੇਤਰ ਵਿੱਚ ਅਗਾਂਹ ਵਧਣਾ ਕਿਤਾਬਾਂ ’ਤੇ ਹੀ ਨਿਰਭਰ ਹੈ। ਕਿਤਾਬਾਂ ਦਾ ਦੁਨੀਆਂ ਵਿੱਚ ਕੋਈ ਬਦਲ ਨਹੀਂ ਹੈ। ਵਿਸ਼ਵ ਦੀਆਂ ਲਾਇਬ੍ਰੇਰੀਆਂ ਇਸਦਾ ਗਵਾਹ ਅਤੇ ਸਬੂਤ ਹਨ। ਕਿਤਾਬਾਂ ਮਨ ਨੂੰ ਸ਼ੁੱਧਤਾ ਅਤੇ ਇਕਾਗਰਤਾ ਪ੍ਰਦਾਨ ਕਰਦੀਆਂ ਹਨ। ਜ਼ਿੰਦਗੀ ਵਿੱਚ ਸਫਲਤਾ ਲਈ ਸਾਨੂੰ ਕਿਤਾਬਾਂ ਨਾਲ ਦੋਸਤੀ ਜ਼ਰੂਰ ਪਾਉਣੀ ਚਾਹੀਦੀ ਹੈ।
ਕਿਤਾਬਾਂ ਸਾਡਾ ਭਵਿੱਖ ਤੈਅ ਕਰਦੀਆਂ ਹਨ। ਚੰਗੀਆਂ ਕਿਤਾਬਾਂ ਸਾਨੂੰ ਆਸ਼ਾਵਾਦੀ ਬਣਾਉਂਦੀਆਂ ਹਨ। ਕਿਤਾਬਾਂ ਚੰਗਾ ਜੀਵਨ ਜਿਊਣ ਦਾ ਰਾਹ ਦਸੇਰਾ ਹੁੰਦੀਆਂ ਹਨ। ਦੇਸ਼ ਦਾ ਸੁਨਹਿਰੀ ਇਤਿਹਾਸ ਕਿਤਾਬਾਂ ਸਾਂਭਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਆਣਪ ਕਿਤਾਬਾਂ ਰਾਹੀਂ ਸਾਡੇ ਕੋਲ ਪਹੁੰਚੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਜੀਵਨ ਫਿਲਾਸਫੀ ਸ੍ਰੀ ਗੁਰੂ ਗ੍ਰੰਥ ਸਾਹਿਬ, ਅੱਜ ਸਾਰੀ ਦੁਨੀਆਂ ਲਈ ਰਾਹ ਦਸੇਰਾ ਬਣੇ ਹੋਏ ਹਨ। ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਕਿਤਾਬਾਂ ਰਾਹੀਂ ਹੀ ਸਾਡੇ ਤਕ ਪਹੁੰਚੇ ਹਨ। ਦੁਨੀਆਂ ਵਿੱਚ ਜਿੰਨੇ ਵੀ ਮਹਾਨ ਵਿਅਕਤੀ ਪੈਦਾ ਹੋਏ ਹਨ, ਉਹਨਾਂ ਨੇ ਕਿਤਾਬਾਂ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਕਿਤਾਬਾਂ ਤੋਂ ਪ੍ਰਾਪਤ ਗਿਆਨ ਆਪਣੇ ਜੀਵਨ ਵਿੱਚ ਉਤਾਰਿਆ ਹੈ। ਕਿਤਾਬਾਂ ਗਿਆਨ ਨੂੰ ਸੰਜੋਯ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ।
ਥਾਮਸ ਕਾਰਲਾਇਲ ਅਨੁਸਾਰ ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ। ਨਰਿੰਦਰ ਸਿੰਘ ਕਪੂਰ ਅਨੁਸਾਰ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਜ਼ਿੰਦਗੀ ਮਾਣਨ ਦੀ ਸਮਰੱਥਾ ਵਧ ਜਾਂਦੀ ਹੈ। ਕਿਤਾਬਾਂ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਗਿਆਨ ਵਿੱਚ ਹੋਇਆ ਵਾਧਾ ਮਨੁੱਖ ਦੀ ਸੋਭਾ ਵਧਾਉਂਦਾ ਹੈ। ਕਿਤਾਬਾਂ ਰਾਹੀਂ ਇੱਕ ਪੀੜ੍ਹੀ ਦਾ ਗਿਆਨ ਦੂਜੀ ਪੀੜ੍ਹੀ ਤਕ ਪਹੁੰਚਦਾ ਹੈ। ਕਿਤਾਬਾਂ ਮਨੁੱਖ ਨੂੰ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਣ ਅਤੇ ਉਸ ਪ੍ਰਤੀ ਨਜ਼ਰੀਆ ਕਾਇਮ ਕਰਨ ਦਾ ਗੁਣ ਪੈਦਾ ਕਰਦੀਆਂ ਹਨ। ਜਿਵੇਂ ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਰਹਿਣ ਲਈ ਚੰਗੇ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇੱਕ ਚੰਗੀ ਕਿਤਾਬ ਮਨ ਦੀ ਖ਼ੁਰਾਕ ਹੈ। ਪੁਸਤਕਾਂ ਅੱਜ ਵੀ ਮਾਨਵ ਸੱਭਿਅਤਾ ਦਾ ਮੂਲ ਅਧਾਰ ਹਨ। ਪੁਸਤਕਾਂ ਮਨੁੱਖ ਦੀ ਸੋਚ ਨੂੰ ਵਸੀਹ ਅਤੇ ਵਿਸ਼ਾਲ ਬਣਾਉਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ।
ਕਿਤਾਬਾਂ ਸਾਡੇ ਜੀਵਨ ਵਿੱਚ ਅਹਿਮ ਮਹੱਤਵ ਰੱਖਦੀਆਂ ਹਨ। ਪੁਸਤਕਾਂ ਪੜ੍ਹਕੇ ਲੋਕਾਂ ਦੇ ਜੀਵਨ ਵਿੱਚ ਅਜਿਹੇ ਬਦਲਾਅ ਆਏ ਕਿ ਉਨ੍ਹਾਂ ਦੁਨੀਆਂ ਦੇ ਜਿਊਣ ਦੇ ਤੌਰ ਤਰੀਕੇ ਹੀ ਬਦਲ ਦਿੱਤੇ, ਕਿਉਂਕਿ ਕਿਤਾਬਾਂ ਜਾਂ ਸਾਹਿਤ ਤੋਂ ਸਾਨੂੰ ਉਹ ਗਿਆਨ ਪ੍ਰਾਪਤ ਹੁੰਦਾ ਹੈ, ਜੋ ਹੋਰ ਕਿਸੇ ਢੰਗ ਨਾਲ ਦੁਨੀਆਂ ਕੋਲੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਵਿੱਚ ਕਿਤਾਬਾਂ ਦੀ ਅਹਿਮੀਅਤ ਦਰਸਾਉਂਦੇ ਹੋਏ ਡਿਸਕੇਰਟਸ ਲਿਖਦਾ ਹੈ ਕਿ, “ਚੰਗੀਆਂ ਕਿਤਾਬਾਂ ਪੜ੍ਹਨਾ ਉਸੇ ਤਰ੍ਹਾਂ ਹੈ, ਜਿਵੇਂ ਬੀਤੀਆਂ ਸਦੀਆਂ ਦੇ ਵਧੀਆ ਮਨੁੱਖਾਂ ਨਾਲ ਗੱਲਬਾਤ ਕਰਨਾ।” ਇਸੇ ਤਰ੍ਹਾਂ ਕਿਤਾਬਾਂ ਬਾਰੇ ਗੰਗਾਧਰ ਤਿਲਕ ਕਹਿੰਦੇ ਹਨ, “ਮੈ ਨਰਕ ਵਿੱਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਉਨ੍ਹਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।”
ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, “ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿੱਚ ਮੈਨੂੰ ਸਹਾਰੇ ਦਾ ਅਤੇ ਦਰਦ ਵਿੱਚ ਅਰਾਮ ਦਾ ਅਹਿਸਾਸ ਕਰਾਉਂਦੀਆਂ ਹਨ।” ਪਰ ਸਾਡੇ ਤਾਂ ਇੱਥੇ ਘਰਾਂ ਵਿੱਚ ਅਖ਼ਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨ। ਪੜ੍ਹਨ ਵਾਲੇ ਪਾਸੇ ਤਾਂ ਸਾਡਾ ਆਦਮ ਹੀ ਨਿਰਾਲਾ ਹੈ, ਕਿਉਂਕਿ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ। ਅਜੋਕੇ ਵਿਦਿਆਰਥੀ ਤਾਂ ਆਪਣੀਆਂ ਪਾਠਕ੍ਰਮ ਦੀਆਂ ਕਿਤਾਬਾਂ ਨੂੰ ਪੜ੍ਹਨ ਵੇਲੇ ਵੀ ਬੜੀ ਔਖ ਮਹਿਸੂਸ ਕਰਦੇ ਹਨ। ਸਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਨੂੰ ਪੜ੍ਹਨਾ ਤਾਂ ਉਨ੍ਹਾਂ ਦੇ ਵੱਸ ਦੀ ਗੱਲ ਹੀ ਨਹੀਂ। ਭਾਵ ਕਿ ਅੱਜਕੱਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਹਰ ਵਿਸ਼ੇ ’ਤੇ ਜਾਣਕਾਰੀ ਪ੍ਰਾਪਤ ਕਰਨਾ ਸੌਖਾ ਹੋ ਗਿਆ ਹੈ। ਪਰ ਇਸਦੇ ਬਾਵਜੂਦ ਪੁਸਤਕ ਪੜ੍ਹਨ ਦਾ ਆਪਣਾ ਹੀ ਸੁਆਦ ਹੈ।
ਕਿਤਾਬਾਂ ਸ਼ਬਦ ਭੰਡਾਰ ਨੂੰ ਅਮੀਰ ਬਣਾਉਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਮਿੱਤਰ ਬਣਕੇ ਉਸ ਨੂੰ ਸਹਾਰਾ ਦਿੰਦੀਆਂ ਹਨ। ਕਿਤਾਬਾਂ ਮਨੁੱਖ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸਦਾ ਆਤਮ ਵਿਸ਼ਵਾਸ ਵਧਾਉਂਦੀਆਂ ਹਨ। ਬਿਨਾਂ ਕਿਤਾਬਾਂ ਵਾਲਾ ਕਮਰਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਆਤਮਾ ਤੋਂ ਬਗੈਰ ਸਰੀਰ। ਸਿਸਰੋ ਮੁਤਾਬਕ ਜੇਕਰ ਤੁਸੀਂ ਆਪਣੇ ਘਰ ਵਿੱਚ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ। ਦੁਨੀਆਂ ਭਰ ਵਿੱਚ ਵੱਖ ਵੱਖ ਭਸ਼ਾਵਾਂ ਵਿੱਚ ਕਿਤਾਬਾਂ ਲਿਖੀਆਂ ਅਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਕਿਤਾਬਾਂ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਇੱਕ ਚੰਗੀ ਕਿਤਾਬ ਸਾਡਾ ਸਭ ਤੋਂ ਵਧੀਆਂ ਸਾਥੀ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾ ਸਕਦੀ ਹੈ। ਚੰਗੀਆਂ ਕਿਤਾਬਾਂ ਅਤੇ ਉਹਨਾਂ ਦੇ ਬਹੁਮੱਲੇ ਵਿਚਾਰ ਇੱਕ ਚੇਤਨ ਅਤੇ ਨਰੋਏ ਸਮਾਜ ਦਾ ਨਿਰਮਾਣ ਕਰਦੇ ਹਨ।
ਕਿਤਾਬਾਂ ਲਿਖਾਰੀਆਂ ਲਈ ਸਮਾਜਿਕ ਪਹਿਚਾਣ ਬਣਾਉਣ ਦਾ ਬਹੁਤ ਵਧੀਆਂ ਜ਼ਰੀਆ ਹਨ। ਕਿਤਾਬਾਂ ਦੀ ਸੰਗਤ ਨਕਾਰਾਤਮਕ ਲੋਕਾਂ ਦੀ ਮਹਿਫਲ ਨਾਲੋਂ ਕਿਤੇ ਜ਼ਿਆਦਾ ਚੰਗੀ ਹੁੰਦੀ ਹੈ। ਕਿਤਾਬਾਂ ਪੜ੍ਹਨਾ ਅਤੇ ਕੁਝ ਲਿਖਣਾ ਮਨ ਹਲਕਾ ਕਰਨ ਦਾ ਇੱਕ ਵਧੀਆ ਤਰੀਕਾ ਹੈ। ਇੱਕ ਵਧੀਆਂ ਵਕਤਾ ਬਣਨ ਲਈ ਸ਼ਬਦਾਂ ਦੇ ਸਹੀ ਉਚਾਰਨ ਲਈ ਤਾਂ ਕਿਤਾਬਾਂ ਦਾ ਅਧਿਐਨ ਕਰਨਾ ਲਾਜ਼ਮੀ ਹੈ। ਕਿਤਾਬਾਂ ਪੜ੍ਹਨ ਵਾਲਾ ਵਿਅਕਤੀ ਸੰਵੇਦਨਸ਼ੀਲ ਹੋਣ ਕਰਕੇ ਸਭ ਪ੍ਰਤੀ ਸਨੇਹ ਰੱਖਦਾ ਹੈ ਅਤੇ ਸਭ ਦਾ ਭਲਾ ਕਰਨ ਬਾਰੇ ਸੋਚਦਾ ਹੈ। ਇਸ ਲਈ ਆਪਣੇ ਆਪ ਅਤੇ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਆਮ ਲੋਕਾਂ ਨੂੰ ਕਿਤਾਬਾਂ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਕੰਮ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਦੀ ਸਥਾਪਨਾ ਕਰੇ। ਸਰਕਾਰ ਨੂੰ ਲਾਇਬ੍ਰੇਰੀਆਂ ਲਈ ਵੱਧ ਤੋਂ ਵੱਧ ਫੰਡਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ।
ਅਧਿਆਪਨ ਕਿੱਤੇ ਨਾਲ ਜੁੜੇ ਹਰ ਇਨਸਾਨ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੱਧ ਤੋਂ ਵੱਧ ਪੁਸਤਕਾਂ ਨਾਲ ਜੋੜੇ। ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਪੇ ਅਤੇ ਅਧਿਆਪਕ ਦੋਵਾਂ ਨੂੰ ਹੀ ਪਹਿਲਾਂ ਖ਼ੁਦ ਕਿਤਾਬਾਂ ਪੜ੍ਹਨ ਦਾ ਮੋਹ ਪਾਲਣਾ ਲਾਜ਼ਮੀ ਹੈ। ਇਸ ਵਾਸਤੇ ਸਾਡੇ ਸਭ ਦੇ ਘਰਾਂ ਵਿੱਚ ਘੱਟੋ ਘੱਟ ਇੱਕ ਕਿਤਾਬ-ਘਰ ਜ਼ਰੂਰ ਹੋਣਾ ਚਾਹੀਦਾ ਹੈ। ਕਿਤਾਬਾਂ ਵਿੱਚ ਮੋਹ ਪੈਦਾ ਕਰਨ ਲਈ ਜਨਮ ਦਿਨ ’ਤੇ ਕਿਤਾਬਾਂ ਦੇ ਤੋਹਫੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਖੁਸ਼ੀ-ਗ਼ਮੀ ਦੇ ਮੌਕਿਆਂ ’ਤੇ ਕਿਤਾਬਾਂ ਦੀਆਂ ਪਰਦਰਸ਼ਨੀਆਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰਰੇਤ ਕਰਨ ਵਾਸਤੇ ਉਹਨਾਂ ਅੱਗੇ ਚੰਗੀਆਂ ਚੰਗੀਆਂ ਪੁਸਤਕਾਂ ਦੀ ਸਮੇਂ ਸਮੇਂ ’ਤੇ ਸਿਫ਼ਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਵਿੱਚ ਪੜ੍ਹਨ ਦਾ ਸਬੱਬ ਜ਼ਰੂਰ ਬਣਿਆ ਰਹੇਗਾ।
ਕਿਤਾਬਾਂ ਪੜ੍ਹਨਾ ਪੜ੍ਹਾਉਣਾ ਹੀ ਮਨੁੱਖ ਦੀ ਅਸਲ ਤਰੱਕੀ ਦਾ ਰਾਹ ਹੈ। ਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ਕੋਈ ਬਾਗ। ਕਿਤਾਬਾਂ ਤੋਂ ਬਗੈਰ ਘਰ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਰੁੱਖ ਪੰਛੀਆਂ ਤੋਂ ਬਗ਼ੈਰ। ਇੱਕ ਚੰਗੀ ਕਿਤਾਬ ਸਾਡੀ ਮਿੱਤਰ ਅਤੇ ਸੱਚਾ ਰਾਹ ਦਸੇਰਾ ਸਾਬਤ ਹੋ ਸਕਦੀ ਹੈ। ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਚੰਗੀ ਪੁਸਤਕ ਰੂਹ ਦੀ ਖ਼ੁਰਾਕ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਪੁਸਤਕਾਂ ਖਰੀਦਕੇ ਪੜ੍ਹਨਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਪੁਸਤਕਾਂ ਪੜ੍ਹਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਆਤਮਾ ਦੀ ਤਾਜ਼ਗੀ ਲਈ ਕਿਤਾਬਾਂ ਨਾਲ ਸਾਂਝ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4272)
(ਸਰੋਕਾਰ ਨਾਲ ਸੰਪਰਕ ਲਈ: (