“ਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ...”
(8 ਸਤੰਬਰ 2021)
ਭੁੱਖਮਰੀ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦੁਨੀਆਂ ਭਰ ਵਿੱਚ ਕਰੋਨਾ ਮਹਾਂਮਾਰੀ ਦੌਰਾਨ ਭੁੱਖਮਰੀ ਹੋਰ ਵੀ ਵਧੀ ਹੈ। ਔਕਸਫੈਮ ਦੀ ਹਾਲੀਆ ਰਿਪੋਰਟ ਮੁਤਾਬਿਕ ਦੁਨੀਆਂ ਭਰ ਵਿੱਚ ਭੁੱਖਮਰੀ ਨਾਲ ਪ੍ਰਤੀ ਮਿੰਟ 11 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਭਾਵ 24 ਘੰਟਿਆਂ ਅੰਦਰ 15840 ਵਿਅਕਤੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਭੁੱਖਮਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਕੋਵਿੰਡ-19 ਨਾਲ ਹੋਈਆਂ ਮੌਤਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੈ। ਭੁੱਖਮਰੀ ਦੇ ਕਾਰਨਾਂ ਵਿੱਚ ਵੱਡਾ ਹਿੱਸਾ ਦੇਸ਼ਾਂ ਦੇ ਅੰਦਰਲੇ ਟਕਰਾਅ, ਵਾਤਾਵਰਨਕ ਤਬਦੀਲੀ ਅਤੇ ਕੋਵਿਡ-19 ਵਰਗੀਆਂ ਮਹਾਂਮਾਰੀਆਂ ਨੂੰ ਮੰਨਿਆ ਗਿਆ ਹੈ। ਵਿਸ਼ਵ ਦੀ ਆਬਾਦੀ ਦਾ 8.9 ਫੀਸਦੀ ਭਾਵ 69 ਕਰੋੜ ਲੋਕ ਭੁੱਖੇ ਢਿੱਡ ਰਾਤ ਨੂੰ ਸੌਣ ਲਈ ਮਜਬੂਰ ਹਨ। ਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਹ ਅੰਕੜਾ 2030 ਤੱਕ 84 ਕਰੋੜ ਤੋਂ ਵਧ ਜਾਵੇਗਾ। ਭੁੱਖਮਰੀ ਦਾ ਸ਼ਿਕਾਰ ਹਰ ਤਿੰਨ ਵਿਅਕਤੀਆਂ ਵਿੱਚੋਂ ਦੋ ਇਸ ਲਈ ਭੁੱਖੇ ਹਨ ਕਿ ਉਨ੍ਹਾਂ ਦੇ ਦੇਸ਼ ਅੰਦਰੂਨੀ ਲੜਾਈ ਝਗੜਿਆਂ ਵਿੱਚ ਫਸੇ ਹੋਏ ਹਨ। ਦੁਨੀਆਂ ਭਰ ਵਿੱਚ ਇੰਨੀ ਗਰੀਬੀ ਹੈ ਕਿ ਅੱਧੀ ਤੋਂ ਵੱਧ ਅਬਾਦੀ ਕੇਵਲ ਇੱਕ ਸਮੇਂ ਦਾ ਭੋਜਨ ਵੀ ਪ੍ਰਾਪਤ ਨਹੀਂ ਕਰ ਰਹੀ। ਇਲਾਜ ਤੇ ਸੰਤੁਲਿਤ ਭੋਜਨ ਪੱਖੋਂ 62 ਫੀਸਦੀ ਆਬਾਦੀ ਬੇਵੱਸ ਹੋ ਕੇ ਤੜਫ ਕੇ ਮੌਤ ਵੱਲ ਜਾ ਰਹੀ ਹੈ। 37 ਫੀਸਦੀ ਆਬਾਦੀ ਕੋਲ ਤਨ ਢੱਕਣ ਲਈ ਕੱਪੜੇ ਤੇ ਰਹਿਣ ਲਈ ਛੋਟੇ ਤੋਂ ਛੋਟਾ ਮਕਾਨ ਵੀ ਨਹੀਂ ਹੈ।
ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ 2021 ਦੇ ਅੰਤ ਤੱਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਵਿੱਚ 15 ਕਰੋੜ ਤੱਕ ਹੋਰ ਵਾਧਾ ਹੋ ਜਾਵੇਗਾ। ਜਦਕਿ ਕੋਵਿਡ-19 ਦੇ ਬਾਵਜੂਦ ਸੰਨ 2020 ਵਿੱਚ ਪਿਛਲੇ ਦਹਾਕੇ ਦੀ ਸਭ ਤੋਂ ਜ਼ਿਆਦਾ ਦੌਲਤ ਵਧੀ ਹੈ। ਸੰਨ 2020 ਵਿੱਚ ਦੁਨੀਆਂ ਨੇ ਹਰ ਦੋ ਦਿਨ ਵਿੱਚ 3 ਅਰਬਪਤੀ ਸ਼ਾਮਿਲ ਕੀਤੇ ਹਨ। ਇਸ ਸਮੇਂ ਦੌਰਾਨ ਸੰਸਾਰ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਦੌਲਤ ਵਿੱਚ 413 ਅਰਬ ਡਾਲਰ ਦਾ ਵਾਧਾ ਹੋਇਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਿਕ ਭੁੱਖ ਦੁਨੀਆਂ ਦੀ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈ। ਦੁਨੀਆਂ ਭਰ ਵਿੱਚ ਅਜੇ ਵੀ 81.1 ਕਰੋੜ ਲੋਕ ਭੁੱਖੇ ਰਹਿੰਦੇ ਹਨ।
ਦੁਨੀਆਂ ਭਰ ਵਿੱਚ ਵਿਸ਼ਵ ਸਿਹਤ ਸੰਸਥਾ ਅਨੁਸਾਰ ਕੁਪੋਸ਼ਣ ਬੱਚਿਆਂ ਦੀ ਮੌਤ ਦਰ ਵਿੱਚ ਹੁਣ ਤੱਕ ਸਭ ਤੋਂ ਵੱਡਾ ਹਿੱਸਾ ਹੈ। ਹਰ ਸਾਲ 5 ਸਾਲ ਤੋਂ ਘੱਟ ਉਮਰ ਦੇ 31 ਲੱਖ ਬੱਚਿਆਂ ਦੀ ਮੌਤ ਦਾ ਕਾਰਣ ਕੁਪੋਸ਼ਣ ਹੈ। ਭਾਰਤ ਵਿੱਚ ਵੀ ਕੁਲ ਆਬਾਦੀ ਦਾ 14 ਫੀਸਦੀ ਭਾਵ 18.92 ਕਰੋੜ ਲੋਕ ਕੁਪੋਸ਼ਣ ਵਿੱਚ ਰਹਿ ਰਹੇ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਰੋਨਾ ਮਹਾਂਮਾਰੀ ਦੇ ਬਾਵਜੂਦ ਦੁਨੀਆਂ ਭਰ ਵਿੱਚ ਫੌਜਾਂ ’ਤੇ ਹੋਣ ਵਾਲਾ ਖਰਚਾ ਕੋਵਿੰਡ-19 ਦੇ ਸਮੇਂ 51 ਅਰਬ ਡਾਲਰ ਵਧਿਆ ਹੈ। ਉਪਰੋਕਤ ਰਾਸ਼ੀ ਭੁੱਖਮਰੀ ਨੂੰ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਧਨ ਦੀ ਲੋੜ ਹੈ, ਉਸ ਨਾਲੋਂ ਛੇ ਗੁਣਾ ਵੱਧ ਹੈ। ਕੋਵਿੰਡ-19 ਕਰਕੇ ਭਾਰਤ ਵਰਗੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਵੀ ਭੁੱਖਮਰੀ ਤੇਜ਼ੀ ਨਾਲ ਵਧੀ ਹੈ। ਦੇਸ਼ ਦੇ 12 ਸੂਬਿਆਂ ਦੇ ਕੀਤੇ ਸਰਵੇਖਣ ਵਿੱਚ 70 ਫੀਸਦੀ ਲੋਕਾਂ ਦੀ ਖੁਰਾਕ ਵਿੱਚ ਕਮੀਆਂ ਉਨ੍ਹਾਂ ਦੀ ਖਰੀਦ ਸ਼ਕਤੀ ਘਟਣ ਕਾਰਨ ਆਈਆਂ ਹਨ। ਕੋਵਿੰਡ-19 ਦੌਰਾਨ ਸਕੂਲ ਬੰਦ ਹੋਣ ਕਾਰਨ 12 ਕਰੋੜ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਨਾ ਮਿਲਣ ਕਰਕੇ ਕੁਪੋਸ਼ਣ ਵਧਿਆ ਹੈ। ਇਸ ਮੌਕੇ 15.50 ਕਰੋੜ ਲੋਕ ਖੁਰਾਕ ਅਸੁਰੱਖਿਆ ਦੀ ਬਦਤਰ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਹੰਗਰ ਵਾਚ ਸੰਸਥਾ ਦੇ 11 ਸੂਬਿਆਂ ਦੇ ਸਰਵੇ ਅਨੁਸਾਰ ਸਤੰਬਰ ਤੋਂ ਅਕਤੂਬਰ 2020 ਵਿੱਚ 27 ਫੀਸਦੀ ਲੋਕਾਂ ਨੇ ਦੱਸਿਆ ਕਿ ਉਹ ਰਾਤ ਨੂੰ ਭੁੱਖੇ ਸੁੱਤੇ।
ਭੁੱਖਮਰੀ ਦਰਜਾਬੰਦੀ (ਗੋਲਬਲ ਹੰਗਰ ਇੰਡੈਕਸ) 2020 ਅਨੁਸਾਰ 107 ਦੇਸ਼ਾਂ ਵਿੱਚੋਂ ਭਾਰਤ ਦਾ 97ਵਾਂ ਸਥਾਨ ਹੈ ਜਦਕਿ ਸਾਡੇ ਗੁਆਂਡੀ ਮੁਲਕ ਬੰਗਲਾ ਦੇਸ਼ ਦਾ 75ਵਾਂ, ਨੇਪਾਲ ਦਾ 73ਵਾਂ, ਪਾਕਿਸਤਾਨ ਦਾ 88ਵਾਂ ਤੇ ਸ੍ਰੀਲੰਕਾ ਦਾ 6ਵਾਂ ਸਥਾਨ ਹੈ। ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ 8.5 ਕਰੋੜ ਲੋਕਾਂ ਦਾ ਵਾਧਾ ਹੋ ਗਿਆ ਹੈ। ਦੁਨੀਆਂ ਭਰ ਵਿੱਚ ਹਰ ਕਿਤੇ ਗਰੀਬੀ ਲਈ ਰੋਟੀ, ਕੱਪੜਾ ਤੇ ਮਕਾਨ ਦੀ ਅਹਿਮੀਅਤ ਹੈ ਤੇ ਉਹ ਚੀਜ਼ਾਂ ਹਾਸਲ ਕਰਨ ਲਈ ਬਹੁਤ ਯਤਨ ਵੀ ਕਰਦੇ ਹਨ। ਦੂਜੇ ਪਾਸੇ ਥੋੜ੍ਹੇ ਜਿਹੇ ਪੈਸੇ ਦੇ ਕੇ ਹੀ ਗਰੀਬਾਂ ਨੂੰ ਗੁਰਬਤ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸਦੇ ਉਲਟ ਅਸੀਂ ਦੇਖ ਰਹੇ ਹਾਂ ਕਿ ਟੈਕਸ ਛੋਟਾਂ, ਆਰਥਿਕਤ ਰਾਹਤ, ਪੈਕੇਜ, ਬੈਂਕ ਕਰਜ਼ਿਆਂ ਦੀ ਮੁਆਫੀ, ਬਿਪਤਾ ਵਿੱਚ ਘਿਰੇ ਕਾਰੋਬਾਰੀਆਂ ਦੀ ਇਮਦਾਦ ਤੇ ਆਰਥਿਕ ਹੁਲਾਰਾ ਦੇਣ ’ਤੇ ਅਥਾਹ ਸਬਸਿਡੀਆਂ ਦੇ ਰੂਪ ਵਿੱਚ ਮੁਲਕ ਦਾ ਵੱਧ ਤੋਂ ਵੱਧ ਧਨ ਅਮੀਰਾਂ ਦੇ ਪੇਟੇ ਪਾਇਆ ਜਾ ਰਿਹਾ ਹੈ।
ਦੇਸ਼ ਦੀ 14 ਫੀਸਦੀ ਆਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਜਿਨ੍ਹਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ ਅਤੇ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਪੂਰਾ ਨਹੀਂ ਹੁੰਦਾ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ 1.90 ਕਰੋੜ ਮਕਾਨਾਂ ਦੀ ਘਾਟ ਹੈ। ਇਹ ਅੰਕੜਾ ਭਵਿੱਖ ਵਿੱਚ ਘਟਣ ਦੀ ਬਜਾਏ ਵਧਦਾ ਹੀ ਜਾਵੇਗਾ। ਇਹ ਅੰਕੜਾ 2020 ਤੱਕ ਤਕਰੀਬਨ 3 ਕਰੋੜ ਮਕਾਨਾਂ ਦੀ ਘਾਟ ਹੋ ਜਾਵੇਗੀ। ਕਰੋੜਾਂ ਲੋਕ ਬੇਰੁਜ਼ਗਾਰ ਹਨ। ਕਰੋਨਾ ਕਾਲ ਆਮ ਲੋਕਾਂ ਲਈ ਬਹੁਤ ਘਾਤਕ ਸਾਬਤ ਹੋਇਆ ਹੈ, ਜਿਸ ਵਿੱਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ। ਮਜ਼ਦੂਰ ਕੰਮਾਂ ਤੋਂ ਵਿਹਲੇ ਹੋ ਗਏ। ਅਨਾਜ ਦੇ ਗੋਦਾਮ ਭਰੇ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਕੋਈ ਵਿਤੀ ਸਹਾਇਤਾ ਨਹੀਂ ਦਿੱਤੀ ਗਈ, ਜਿਸ ਨਾਲ ਉਹ ਰਾਹਤ ਮਹਿਸੂਸ ਕਰਦੇ।
ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਿਕ ਮਹਾਂਮਾਰੀ ਦੌਰਾਨ ਭਾਰਤੀ ਪਰਿਵਾਰਾਂ ’ਤੇ ਕਰਜ਼ੇ ਦਾ ਬੋਝ ਵਧਿਆ ਹੈ। ਪਰਿਵਾਰਾਂ ਦੀ ਬੱਚਤ 10.4 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਈ। ਲੋਕਾਂ ਨੂੰ ਰੋਜ਼ਾਨਾ ਜ਼ਰੂਰਤਾਂ ਦੀ ਪੂਰਤੀ ਲਈ ਵੀ ਕਰਜ਼ੇ ਲੈਣੇ ਪਏ। ਆਬਾਦੀ ਦਾ ਦੋ ਤਿਹਾਈ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈ। ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਲੋਕ ਖੁਸ਼ ਅਤੇ ਖੁਸ਼ਹਾਲ ਨਹੀਂ ਹਨ। ਦੇਸ਼ ਸਾਧਨ ਸੰਪੰਨ ਹੋਣ ਦੇ ਬਾਵਜੂਦ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ।
ਕਰੋਨਾ ਕਾਲ ਵਿੱਚ ਭਾਰਤ ਦੇ ਪੂੰਜੀਪਤੀਆਂ ਦੀ ਦੌਲਤ ਵਿੱਚ 35 ਫੀਸਦੀ ਦਾ ਵਾਧਾ ਹੋਇਆ ਹੈ। ਮੌਜੂਦਾ ਸਾਲ 2021 ਵਿੱਚ ਇਕੱਲੇ ਅਡਾਨੀ ਦੀ ਦੌਲਤ ਵਿੱਚ 43 ਅਰਬ ਡਾਲਰ 3.15 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੂਸਰੇ ਪਾਸੇ ਕਰੋਨਾ ਮਹਾਂਮਾਰੀ ਦੇ ਦੌਰਾਨ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਦੀ ਗਿਣਤੀ ਵਿੱਚ 23 ਕਰੋੜ ਦਾ ਵਾਧਾ ਹੋਇਆ ਹੈ। ਭਾਰਤ ਵਿੱਚ ਅਜੇ ਵੀ 15 ਕਰੋੜ ਬੱਚੇ ਬਾਲ ਮਜ਼ਦੂਰੀ ਕਰਦੇ ਹਨ। ਇੱਕ ਅਨੁਮਾਨ ਅਨੁਸਾਰ ਦੁਨੀਆਂ ਭਰ ਵਿੱਚ ਘੱਟੋ ਘੱਟ 4 ਕਰੋੜ ਲੋਕ ਗੁਲਾਮ ਹਨ। ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਆਮਦਨ ਦੀ ਅਸਮਾਨਤਾ ਅਤੇ ਆਰਥਿਕ ਮੁਸ਼ਕਲਾਂ ਦੇ ਕਾਰਨ ਖੁਦਕੁਸ਼ੀਆਂ ਕਰਨ ਲਈ ਪ੍ਰੇਰਤ ਲੋਕ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਵਾਧਾ ਦੇਖ ਰਹੇ ਹਾਂ। ਕਰੋਨਾ ਕਾਲ ਦੀ ਦੂਜੀ ਲਹਿਰ ਵਿੱਚ ਬੇਰੁਜ਼ਗਾਰੀ ਦਰ 12 ਫੀਸਦੀ ਤੱਕ ਪਹੁੰਚ ਗਈ ਹੈ। ਭਾਰਤ ਵਿੱਚ ਕਰੀਬ ਇੱਕ ਕਰੋੜ ਲੋਕਾਂ ਨੇ ਕਰੋਨਾ ਕਾਲ ਵਿੱਚ ਨੌਕਰੀ ਗੁਆ ਲਈ ਹੈ ਅਤੇ ਉਹ ਬੇਰੁਜ਼ਗਾਰ ਹਨ। ਸੀ.ਐੱਮ.ਆਈ.ਟੀ. ਦੇ ਅੰਕੜੇ ਦੱਸਦੇ ਹਨ ਕਿ ਕਰੋਨਾ ਦੀ ਦੂਜੀ ਲਹਿਰ ਵਿੱਚ ਬੇਰੁਜ਼ਗਾਰੀ 10 ਮਿਲੀਅਨ ਤੋਂ ਵੀ ਵਧੀ ਹੈ।
ਵਿਸ਼ਵ ਬੈਂਕ ਦੀ 21 ਜਨਵਰੀ 2021 ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ 2020 ਵਿੱਚ ਤਕਰੀਬਨ 48 ਕਰੋੜ ਕਾਮੇ ਸਨ, ਜਿਨ੍ਹਾਂ ਵਿੱਚੋਂ ਕੇਵਲ 6 ਫੀਸਦੀ ਕਾਮੇ ਹੀ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਸਨ। ਬਾਕੀ ਦੇ 94 ਫੀਸਦੀ ਗੈਰ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਸਨ। ਮਹਾਂਮਾਰੀ ਕਾਰਨ ਗੈਰ ਰਸਮੀ ਰੁਜ਼ਗਾਰ ਵਾਲੇ ਕਿਰਤੀਆਂ ਵਿੱਚੋਂ ਸਭ ਤੋਂ ਵੱਡੀ ਮਾਰ ਮੁਲਕ ਵਿੱਚ ਪਰਵਾਸੀ ਕਿਰਤੀਆਂ ਉੱਪਰ ਪਈ ਹੈ। ਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ਬੰਧੂਆ ਮਜ਼ਦੂਰ ਅਤੇ 30 ਕਰੋੜ ਬਾਲਗ ਬੰਧੂਆ ਮਜ਼ਦੂਰ ਹਨ। ਯੂਨੀਸੈੱਫ ਦੇ 2009 ਦੇ ਇੱਕ ਅਨੁਮਾਨ ਮੁਤਾਬਿਕ ਕੋਈ 1.5 ਕਰੋੜ ਬੱਚਿਆਂ ਨੂੰ ਬੰਧੂਆ ਬਣਾ ਕੇ ਇੱਕ ਤਰ੍ਹਾਂ ਦੀ ਕੈਦ ਵਿੱਚ ਰੱਖਿਆ ਹੋਇਆ ਹੈ। ਭਾਰਤ ਅੰਦਰ ਬੰਧੂਆ ਗੁਲਾਮੀ ਬਿਨਾਂ ਕਿਸੇ ਰੋਕ ਟੋਕ ਦੇ ਚੱਲ ਰਹੀ ਹੈ। ਬੰਧੂਆ ਮਜ਼ਦੂਰਾਂ ਦਾ ਸ਼ਿਕਾਰ ਸਭ ਤੋਂ ਵੱਧ ਦਲਿਤਾਂ ਨਾਲ ਸਬੰਧਤ ਜਾਤੀ ਦੇ ਲੋਕ ਹੁੰਦੇ ਹਨ।
ਇੱਕ ਪਾਸੇ ਲੋਕ ਭੁੱਖੇ ਮਰ ਰਹੇ ਹਨ, ਦੂਜੇ ਪਾਸੇ ਖਾਣਾ ਅਜਾਈਂ ਜਾ ਰਿਹਾ ਹੈ। 26 ਮਾਰਚ 2021 ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ 2019 ਵਿੱਚ 93 ਕਰੋੜ 10 ਲੱਖ ਟਨ ਖਾਣਾ ਜਾਇਆ ਕੀਤਾ ਗਿਆ, ਜਿਸ ਵਿੱਚੋਂ 57 ਕਰੋੜ 10 ਲੱਖ ਟਨ ਭਾਵ 61 ਫੀਸਦੀ ਘਰਾਂ ਵਿੱਚੋਂ, 26 ਫੀਸਦੀ ਖਾਣਾ ਮੁਹਈਆ ਕਰਨ ਵਾਲੀਆਂ ਸੰਸਥਾਵਾਂ ਅਤੇ 13 ਫੀਸਦੀ ਪ੍ਰਚੂਨ ਤੋਂ ਆਇਆ ਸੀ। ਇਹ ਅੰਕੜੇ ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਵਲੋਂ ਜਾਰੀ ਕੀਤੀ ਫੂਡ ਵੇਸਟ ਇੰਡੈਕਸ ਰਿਪੋਰਟ 2021 ਅਨੁਸਾਰ ਹਨ। ਜਿਹੜੇ ਦੇਸ਼ਾਂ ਵਿੱਚ ਭੁੱਖਮਰੀ ਜ਼ਿਆਦਾ ਹੈ, ਉਹ ਦੇਸ਼ ਬਰਬਾਦੀ ਜ਼ਿਆਦਾ ਕਰਦੇ ਹਨ। ਜਿਵੇਂ ਨਾਈਜੀਰੀਆ ਨੇ 189 ਕਿਲੋਗ੍ਰਾਮ ਪ੍ਰਤੀ ਜੀਅ ਭੋਜਨ ਸਲਾਨਾ ਬਰਬਾਦ ਕੀਤਾ। ਰਵਾਂਡਾ ਨੇ 164 ਕਿਲੋਗ੍ਰਾਮ ਪ੍ਰਤੀ ਜੀਅ ਭੋਜਨ ਸਲਾਨਾ ਬਰਬਾਦ ਕੀਤਾ। ਸਲੋਵੇਨੀਆ ਨੇ 34 ਕਿਲੋਗ੍ਰਾਮ ਪ੍ਰਤੀ ਜੀਅ ਸਲਾਨਾ ਅਨਾਜ ਬਰਬਾਦ ਕੀਤਾ ਜਦਕਿ ਆਸਟਰੀਆ ਨੇ 39 ਕਿਲੋਗ੍ਰਾਮ ਪ੍ਰਤੀ ਜੀਅ ਸਲਾਨਾ ਅਨਾਜ ਬਰਬਾਦ ਕੀਤਾ।
ਯੂਨਾਈਟਿਡ ਨੇਸ਼ਨਜ਼ ਅਨੁਸਾਰ ਭਾਰਤ ਵਿਚ 40 ਫੀਸਦੀ ਅਨਾਜ ਜਾਂ ਤਾਂ ਬੇਕਾਰ ਚਲਾ ਜਾਂਦਾ ਹੈ ਜਾਂ ਢੋਆ ਢੁਆਈ ਵਿੱਚ ਗੁਆਚ ਜਾਂਦਾ ਹੈ, ਜਿਸ ਦੀ ਕੀਮਤ 392 ਹਜ਼ਾਰ ਕਰੋੜ ਰੁਪਏ ਬਣਦੀ ਹੈ। ਦਸ ਤੋਂ ਬਾਰਾਂ ਫੀਸਦੀ ਖਾਣਾ ਵਿਆਹ-ਸ਼ਾਦੀਆਂ ਅਤੇ ਸਮਾਜਿਕ ਸਮਾਗਮਾਂ ਵਿੱਚ ਖਰਾਬ ਹੋ ਜਾਂਦਾ ਹੈ। ਆਸਟ੍ਰੇਲੀਆ ਵਿੱਚ ਜਿੰਨੀ ਕਣਕ ਸਲਾਨਾ ਪੈਦਾ ਹੁੰਦੀ ਹੈ, ਉੰਨੀ ਭਾਰਤ ਵਿੱਚ ਖਰਾਬ ਹੋ ਜਾਂਦੀ ਹੈ। ਇਹ ਮਾਤਰਾ 2 ਕਰੋੜ 10 ਲੱਖ ਮੀਟਰਿਕ ਟਨ ਬਣਦੀ ਹੈ। ਇਸਦੇ ਉਲਟ ਦੁਨੀਆਂ ਦੇ ਅਸੁਰੱਖਿਅਤ ਅਨਾਜ ਵਿੱਚੋਂ 22 ਫੀਸਦੀ ਭਾਰਤ ਦਾ ਹੈ, ਜੋ ਕਿ 2017-19 ਵਿੱਚ ਸਭ ਤੋਂ ਵੱਧ ਸੀ। ਹਰੇਕ ਸ਼ਹਿਰ ਵਿੱਚ ਅਜਿਹੀ ਸੰਸਥਾ ਹੋਣੀ ਚਾਹੀਦੀ ਹੈ, ਜੋ ਵਾਧੂ ਖਾਣਾ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਏ। ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਹੋਟਲਾਂ, ਰੈਸਟੋਰੈਟਾਂ ਤੇ ਇੱਥੋਂ ਤੱਕ ਘਰਾਂ ਵਿੱਚ ਵੀ ਵਧਿਆ ਖਾਣਾ ਇਕੱਠਾ ਕਰਕੇ ਲੋੜਵੰਦਾਂ ਨੂੰ ਦਿੰਦੀਆਂ ਹਨ।
ਕੁਝ ਕੁ ਹਫਤੇ ਪਹਿਲਾ ਸੰਯੁਕਤ ਰਾਸ਼ਟਰ ਨੇ ਸਰਵੇਖਣ ’ਤੇ ਆਧਾਰਿਤ ਵਿਸ਼ਵ ਖੁਸ਼ਹਾਲੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ 149 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਭਾਰਤ ਇਸ ਸੂਚੀ ਵਿੱਚ 130ਵੇਂ ਸਥਾਨ ’ਤੇ ਹੈ। ਸੂਚੀ ਵਿੱਚ ਪਾਕਿਸਤਾਨ 105ਵੇਂ ਤੇ ਬੰਗਲਾ ਦੇਸ਼ 101ਵੇਂ ਸਥਾਨ ਨਾਲ ਭਾਰਤ ਤੋਂ ਬਿਹਤਰ ਸਥਿਤੀ ਵਿੱਚ ਹਨ। ਦੁਨੀਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਚੀਨ 84ਵੇਂ ਸਥਾਨ ’ਤੇ ਹੈ। ਆਮ ਲੋਕਾਂ ਦੀ ਖੁਸ਼ਹਾਲੀ ਦੇ ਪੱਖ ਤੋਂ ਭਾਰਤ ਦੀ ਸਥਿਤੀ ਆਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਬਿਹਤਰ ਨਹੀਂ ਹੋਈ। ਇਹ ਸਰਵੇਖਣ ਕੋਵਿਡ-19 ਦੌਰਾਨ ਲੋਕਾਂ ਦੀ ਹਾਲਤ ਅਤੇ ਕਿਸੇ ਦੇਸ਼ ਨੇ ਇਸ ਮਹਾਂਮਾਰੀ ਦਾ ਮੁਕਾਬਲਾ ਕਿੰਨੀ ਸਮਰੱਥਾ ਤੇ ਸੰਜੀਦਗੀ ਨਾਲ ਕੀਤਾ ’ਤੇ ਆਧਾਰਿਤ ਸੀ। ਸਰਵੇਖਣ ਦੇ ਜ਼ਿਆਦਾਤਰ ਪੱਖ ਭਾਰਤ ਦੀ ਖਰਾਬ ਸਥਿਤੀ ਵੱਲ ਇਸ਼ਾਰਾ ਕਰਦੇ ਹਨ।
ਸਾਡਾ ਦੇਸ਼ ਇੱਕ ਚੰਗਾ ਲੋਕਤੰਤਰ ਤਦ ਹੀ ਬਣ ਸਕਦਾ ਹੈ ਜੇਕਰ ਦੇਸ਼ ਵਿੱਚ ਗਰੀਬੀ, ਭੁੱਖਮਰੀ, ਅਨਪੜ੍ਹਤਾ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਜਾਤਪਾਤ ਅਤੇ ਧਰਮ ਦੇ ਆਧਾਰ ’ਤੇ ਹੁੰਦਾ ਵਿਤਕਰਾ ਖਤਮ ਕੀਤਾ ਜਾਵੇ। ਅਨਾਜ ਦੀ ਬਰਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਫੂਡ ਸਕਿਉਰਟੀ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਭੋਜਨ ਦੀ ਸਪਲਾਈ ਲਈ ਦੇ ਬੁਨਿਆਦੀ ਢਾਂਚੇ ਨੂੰ ਠੀਕ ਕਰਨਾ ਚਾਹੀਦਾ ਹੈ ਤਾਂ ਜੋ ਖਰਾਬ ਹੋਣ ਵਾਲੇ ਭੋਜਨ ਨੂੰ ਬਣਾਇਆ ਜਾ ਸਕੇ। ਕਿਉਂਕਿ ਭਾਰਤ ਵਿੱਚ ਕੋਲਡ ਸਟੋਰੇਜ਼ ਦੇ ਬੁਨਿਆਦੀ ਢਾਂਚੇ ਅਤੇ ਭੰਡਾਰਨ ਦੀ ਘਾਟ ਕਾਰਨ ਪੂਰੇ ਭੋਜਨ ਉਤਪਾਦਨਾਂ ਦੀ ਲਗਭਗ 20 ਫੀਸਦੀ ਉਪਜ ਬਜ਼ਾਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀ ਹੈ। ਕਿਸਾਨ ਅਤੇ ਮਜ਼ਦੂਰ ਸਾਡੀ ਭੋਜਨ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਹੈ। ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਚਾਈ ਰੱਖਣ ਲਈ ਮਹੱਤਵਪੂਰਨ ਹੈ। ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉੱਥੋਂ ਦੇ ਨਾਗਰਿਕਾਂ ਦੁਆਰਾ ਹੰਢਾਏ ਜਾ ਰਹੇ ਜੀਵਨ ਪੱਧਰ ’ਤੇ ਨਿਰਭਰ ਕਰਦੀ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰਨਾ ਤੇ ਸਹੂਲਤਾਂ ਮੁਹਈਆ ਕਰਵਾਉਣਾ ਹਰ ਸਰਕਾਰ ਦੀ ਜ਼ਿੰਮੇਵਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2998)
(ਸਰੋਕਾਰ ਨਾਲ ਸੰਪਰਕ ਲਈ: