“ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਮਨੁੱਖ ਨੂੰ ਇਕੱਲੇਪਨ ਤੋਂ ...”
(18 ਅਕਤੂਬਰ 2019)
ਵਿਲੀਅਮ ਸ਼ੈਕਸਪੀਅਰ ਦੇ ਅਨੁਸਾਰ ਮਨੁੱਖੀ ਜੀਵਨ ਦੇ ਸੱਤ ਪੜਾਅ ਹੁੰਦੇ ਹਨ। ਉਮਰ ਦੇ ਹਰ ਪੜਾਅ ਦੀਆਂ ਆਪਣੀਆਂ ਹੀ ਖਿੱਚਾਂ ਹੁੰਦੀਆਂ ਹਨ। ਫਿਰ ਵੀ ਬਚਪਨ, ਜਵਾਨੀ ਅਤੇ ਬੁਢਾਪਾ ਆਪਣੀ ਖਾਸ ਪਹਿਚਾਣ ਰੱਖਦੀਆਂ ਹਨ। ਜ਼ਿੰਦਗੀ ਦੇ ਤਿੰਨ ਪੜਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚੋਂ ਬਚਪਨ ਅਤੇ ਬੁਢਾਪੇ ਵਿੱਚ ਦੂਜਿਆਂ ਦੇ ਆਸਰੇ ਦੀ ਲੋੜ ਪੈਂਦੀ ਹੈ। ਜਵਾਨੀ ਵਿੱਚ ਮਨੁੱਖ ਆਪਣੀ ਤਾਕਤ ਦੇ ਸਿਰ ਉੱਤੇ ਜਿਉਂਦਾ ਹੈ। ਜਵਾਨੀ ਵਿੱਚ ਮਨੁੱਖ ਕਮਾਈ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਮਨੁੱਖ ਘਰ ਦੇ ਦੂਜੇ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਹੋ ਜਾਂਦਾ ਹੈ। ਜਿੱਥੇ ਬਚਪਨ ਉਹ ਮਸਤਮੌਲਾ ਅਵਸਥਾ ਹੈ, ਜਿਸ ਵਿੱਚ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ, ਉੱਥੇ ਬੁਢਾਪਾ ਜੀਵਨ ਦੇ ਤਜਰਬਿਆਂ ਦੀ ਪੂੰਜੀ ਜਮ੍ਹਾਂ ਹੋਣ ਕਰਕੇ ਸਿਆਣਾ ਹੋ ਚੁੱਕੇ ਵਿਅਕਤੀ ਨੂੰ ਹਰ ਗੱਲ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰਦਾ ਹੈ। ਬੁਢਾਪਾ ਉਸ ਬੂਟੇ ਵਰਗਾ ਹੁੰਦਾ ਹੈ ਜੋ ਉੱਪਰੋਂ ਭਾਵੇਂ ਹਰਾ ਨਾ ਵੀ ਦਿਸੇ ਪਰ ਉਸਦੀਆਂ ਜੜ੍ਹਾਂ ਵਿੱਚ ਨਮੀ ਜਰੂਰ ਹੁੰਦੀ ਹੈ। ਬੁਢਾਪੇ ਵੇਲੇ ਮਾੜੇ ਪਲਾਂ ਨੂੰ ਮਾੜੇ ਦਿਨਾਂ ਵਿੱਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ। ਐਵੇਂ ਹੀ ਝੂਰਦੇ ਰਹਿਣ ਦੀ ਬਜਾਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਹੀ ਬਿਹਤਰ ਹੁੰਦਾ ਹੈ। ਮਨੁੱਖ ਨੂੰ ਕਿਸੇ ਵੀ ਉਮਰ ਵਿੱਚ ਅੱਗੇ ਵਧਣ ਦਾ ਹੌਸਲਾ ਰੱਖਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਨਵਾਂ ਮੋੜ ਦਿੱਤਾ ਜਾ ਸਕੇ। ਮਨੁੱਖੀ ਜੀਵਨ ਯਾਤਰਾ ਦੇ ਆਖਰੀ ਪੜਾਅ ਨੂੰ ਬੁਢਾਪਾ ਕਿਹਾ ਜਾਂਦਾ ਹੈ।
ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਵਿੱਚ ਪਹੁੰਚਕੇ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਹੌਲੀ ਹੌਲੀ ਘਟਣ ਲੱਗਦੀ ਹੈ। ਸਰੀਰ ਵਿੱਚ ਪਹਿਲਾਂ ਵਰਗੀ ਊਰਜਾ ਨਾ ਹੋਣ ਕਰਕੇ ਵਿਅਕਤੀ ਲਾਚਾਰੀ ਵੱਲ ਜਾਂਦਾ ਮਹਿਸੂਸ ਕਰਦਾ ਹੈ। ਖੁਦ ਦੀ ਹੋਂਦ ਗੁਆਚਦੀ ਹੋਈ ਮਹਿਸੂਸ ਹੁੰਦੀ ਹੈ। ਬੁਢਾਪੇ ਦੀ ਕਮਜ਼ੋਰੀ ਅਤੇ ਕਮਾਈ ਦਾ ਸਾਧਨ ਨਾ ਹੋਣ ਕਰਕੇ ਕਈ ਵਿਅਕਤੀ ਦੂਜਿਆਂ ਦੇ ਮੁਥਾਜ ਹੋ ਜਾਂਦੇ ਹਨ। 75 ਫੀਸਦੀ ਬੀਮਾਰੀਆਂ ਨਕਾਰਤਮਿਕ ਸੋਚ ਤੋਂ ਪੈਂਦਾ ਹੁੰਦੀਆਂ ਹਨ। ਵਿਅਕਤੀ ਆਪਣੀ ਗਲਤ ਸੋਚ ਕਾਰਨ ਖੁਦ ਨੂੰ ਖਤਮ ਕਰ ਰਿਹਾ ਹੈ। ਵਿਅਕਤੀ ਨੂੰ ਇਹ ਅਵਸਥਾ ਬੋਝ ਲੱਗਦੀ ਹੈ। ਇਸੇ ਕਾਰਨ ਮਨੁੱਖ ਦਾ ਮਨ ਹਰ ਵਕਤ ਢਹਿੰਦੀਆਂ ਕਲਾਂ ਵੱਲ ਜਾਣ ਲੱਗਦਾ ਹੈ। ਅਸਲ ਵਿੱਚ ਇਹ ਮਨੁੱਖ ਅੰਦਰ ਘੱਟ ਰਹੀ ਸਰੀਰਕ ਸ਼ਕਤੀ ਦੇ ਕਾਰਨ ਹੀ ਹੁੰਦਾ ਹੈ। ਮਨੁੱਖ ਦੇ ਮਨ ਵਿੱਚ ਬੁਢਾਪੇ ਦੀ ਭਾਵਨਾ ਭਰਦਿਆਂ ਹੀ ਸਰੀਰ ਨਿਢਾਲ ਹੋਣ ਲੱਗ ਪੈਂਦਾ ਹੈ। ਮਨੁੱਖ ਬਿਨਾ ਕੁਝ ਸੋਚੇ ਸਮਝੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਹੋ ਜਾਂਦਾ ਹੈ। ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਨਹੀਂ ਹੁੰਦਾ ਸਗੋਂ ਦਿਮਾਗ ਦੀ ਸੋਚ ਕਮਜ਼ੋਰ ਹੋਣ ਨਾਲ ਬੁਢਾਪਾ ਆਣ ਘੇਰਦਾ ਹੈ। ਉਮਰ ਦੇ ਵਧਣ ਨਾਲ ਆਦਮੀ ਦੇ ਵਿਚਾਰ ਪਰਪੱਕ ਹੋ ਜਾਂਦੇ ਹਨ। ਬੁਢਾਪੇ ਨੂੰ ਚੰਗੀ ਤਰ੍ਹਾਂ ਜਿਊਣਾ ਵੀ ਇੱਕ ਕਲਾ ਹੈ।
ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਲਈ ਪਰਿਵਾਰ ਦੇ ਜੀਆਂ ਨਾਲ ਤਾਲਮੇਲ ਬਣਾਕੇ ਰੱਖਣਾ ਚਾਹੀਦਾ ਹੈ। ਬੁਢਾਪੇ ਵਿੱਚ ਬੱਚਿਆਂ ਦੀ ਸੋਚ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚਿਆਂ ਦੀਆਂ ਹੁੰਦੀਆਂ ਤਰੱਕੀਆਂ ਨੂੰ ਦੇਖਕੇ ਖੁਸ਼ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਉਤਸ਼ਾਹਤ ਵੀ ਕਰਨਾ ਚਾਹੀਦਾ ਹੈ। ਬੱਚਿਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ। ਤਨਾਅ ਵਿੱਚ ਨਹੀਂ ਆਉਣਾ ਚਾਹੀਦਾ। ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਸੋਚ ਮੁਤਾਬਕ ਵਧੀਆ ਤਰੀਕੇ ਨਾਲ ਜੀਵਨ ਜਿਊਣ ਦੇਣਾ ਚਾਹੀਦਾ ਹੈ ਤਾਂ ਹੀ ਬਜ਼ੁਰਗਾਂ ਵਾਲਾ ਸਤਿਕਾਰ ਮਿਲ ਸਕਦਾ ਹੈ। ਚੰਗੀ ਸੋਚ ਵਾਲੇ ਮਨੁੱਖ ਉਮਰ ਦੇ ਹਰ ਪੜਾਅ ਉੱਤੇ ਚੰਗਾ ਹੀ ਸੋਚਦੇ ਹਨ। ਸੰਜਮ, ਸਬਰ-ਸੰਤੋਖ ਅਤੇ ਮਨ ਤੇ ਨਿਯੰਤਰਣ ਕਰਨ ਵਾਲੇ ਬੁਜ਼ਰਗ ਉਮਰ ਦੇ ਇਸ ਪੜਾਅ ਉੱਤੇ ਪਰਿਵਾਰ ਦੇ ਜੀਆਂ ਤੋਂ ਸਤਿਕਾਰ ਪ੍ਰਾਪਤ ਕਰ ਲੈਂਦੇ ਹਨ। ਅਜਿਹੇ ਲੋਕਾਂ ਵਿੱਚ ਆਤਮ ਵਿਸ਼ਵਾਸ, ਦ੍ਰਿੜ੍ਹਤਾ ਅਤੇ ਉੱਦਮ ਵਰਗੇ ਗੁਣ ਕਦੀ ਵੀ ਆਪਣੀ ਹੋਂਦ ਨਹੀਂ ਗੁਆਉਂਦੇ। ਬੁਢਾਪੇ ਦੀ ਅਵਸਥਾ ਨੂੰ ਮਾਨਣ ਲਈ ਮਨੁੱਖ ਨੂੰ ਸਕਾਰਾਤਮਿਕ ਸੋਚ ਦਾ ਧਾਰਣੀ ਹੋਣਾ ਚਾਹੀਦਾ ਹੈ।
ਬੁਢਾਪੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਬੱਚਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਹੈ। ਬੁਢਾਪੇ ਵਿੱਚ ਕਦੇ ਵੀ ਕੋਈ ਗੱਲ ਦਿਲ ਉੱਤੇ ਨਹੀਂ ਲਗਾਉਣੀ ਚਾਹੀਦੀ। ਮਨੁੱਖ ਨੂੰ ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਹੈ। ਹੱਸਣ ਨਾਲ ਮਨ ਅਤੇ ਤਨ ਨੂੰ ਤੰਦਰੁਸਤੀ ਮਿਲਦੀ ਹੈ। ਹੱਸਣ ਉਪਰੰਤ ਸਰੀਰ ਫੁੱਲ ਵਾਂਗ ਹੌਲਾ ਹੋ ਜਾਂਦਾ ਹੈ। ਹਸਮੁੱਖ ਚਿਹਰੇ ਉੱਤੇ ਹਮੇਸ਼ਾ ਰੌਣਕ ਰਹਿੰਦੀ ਹੈ। ਹਾਸਾ ਤਣਾਅ ਨੂੰ ਖਤਮ ਕਰਦਾ ਹੈ। ਮੁਸਕਾਨ ਨਾਲ ਖੁਸ਼ੀ ਮਿਲਦੀ ਹੈ। ਬੁਢਾਪੇ ਦੀ ਅਵਸਥਾ ਵਿੱਚ ਖੁਸ਼ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਖੁਸ਼ੀ ਦੇ ਵਿਚਾਰ ਸਾਡੇ ਤਣਾਅ ਨੂੰ ਖਤਮ ਕਰਕੇ ਦੁੱਖ ਧੋ ਦਿੰਦੇ ਹਨ। ਚੰਗੀ ਗੱਲ ਯਾਦ ਰੱਖਣ ਦੇ ਨਾਲ ਨਾਲ ਮਾੜੀ ਗੱਲ ਨੂੰ ਵੀ ਭੁੱਲ ਜਾਣਾ ਚਾਹੀਦਾ ਹੈ। ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ ਕਿ ਮਨੁੱਖ ਦਾ ਪ੍ਰਭਾਵ ਪਰਿਵਾਰ ਉੱਤੇ ਚੰਗਾ ਪਵੇ। ਹਾਸਾ ਮਨੁੱਖ ਦੀ ਰੂਹ ਦੀ ਖੁਰਾਕ ਹੈ।
ਬੁਢਾਪੇ ਦਾ ਅੰਨਦ ਮਾਨਣ ਵਾਸਤੇ ਮਨੁੱਖ ਨੂੰ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਮਨੁੱਖ ਨੂੰ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਸੱਚ ਅਤੇ ਸਿਧਾਂਤ ਉੱਤੇ ਪਹਿਰਾ ਦੇਣ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇ। ਸਰੀਰ ਨੂੰ ਬੁਢਾਪੇ ਵਿੱਚ ਤਬਦੀਲ ਕਰਨ ਵਾਲੀ ਪ੍ਰਕਿਰਿਆ ਉਦੋ ਤੱਕ ਅਰੰਭ ਨਹੀਂ ਹੁੰਦੀ ਜਦੋਂ ਤੱਕ ਮਨੁੱਖ ਦਾ ਮਨ ਆਪਣੇ ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ। ਜਿਊਣਾ ਝੂਠ ਹੈ ਅਤੇ ਮਰਨਾ ਸੱਚ ਹੈ। ਮਨੁੱਖ ਨੂੰ ਮੌਤ ਦਾ ਡਰ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਮੌਤ ਸਬੰਧੀ ਘਾਤਕ ਵਿਚਾਰ ਮਨੁੱਖ ਦੀ ਪ੍ਰੇਰਨਾ ਸ਼ਕਤੀ ਨੂੰ ਨਿਰਭਰ ਕਰਦੇ ਹਨ। ਜਿਹੜੇ ਮਨੁੱਖ ਨਵੀਆਂ ਨਵੀਆਂ ਗੱਲਾਂ ਸੋਚਦੇ ਹਨ ਅਤੇ ਨਵੇਂ ਕੰਮਾਂ ਵਿੱਚ ਰੁੱਚੀ ਲੈਂਦੇ ਹਨ, ਉਹ ਨਿਸ਼ਚਤ ਤੌਰ ’ਤੇ ਪ੍ਰਫੁਲਤ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਣ ਵਾਲਾ ਵਿਅਕਤੀ ਜਲਦੀ ਹੀ ਨੌਜਵਾਨਾਂ ਵਿੱਚ ਘੁੱਲ ਮਿਲ ਜਾਂਦਾ ਹੈ। ਮਨ ਨੂੰ ਆਸ਼ਾਵਾਦੀ ਹੁਲਾਰਾ ਦੇਣ ਵਾਲੀਆਂ ਉੱਚੀਆਂ ਭਾਵਨਾਵਾਂ ਅਤੇ ਰੋਸ਼ਨ ਇੱਛਾਵਾਂ ਦਾ ਵਿਸਥਾਰ ਕਦੇ ਵੀ ਮਨੁੱਖ ਨੂੰ ਘਟਣ ਨਹੀਂ ਦੇਣਾ ਚਾਹੀਦਾ। ਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਬੁਢਾਪੇ ਦਾ ਹਨੇਰਾ ਕਦੇ ਵੀ ਤੁਹਾਡੀਆਂ ਬਰੂਹਾਂ ’ਤੇ ਨਹੀਂ ਟਪਕੇਗਾ। ਜਵਾਨੀ ਮਨੁੱਖ ਦੇ ਅੰਦਰ ਸੁੰਦਰ ਵਿਚਾਰਾਂ ਅਤੇ ਅਨੁਭਵਾਂ ਦੀ ਸ਼ੁੱਧਤਾ ਨਾਲ ਟਿੱਕੀ ਰਹਿੰਦੀ ਹੈ। ਖੁਸ਼ ਰਹਿਣਾ ਤੰਦਰੁਸਤ ਜੀਵਨ ਦਾ ਮਹਾਨ ਫਲਸਫਾ ਹੈ। ਨਰਾਸ਼ਾ ਤੋਂ ਵੱਡਾ ਬੁਢਾਪੇ ਦਾ ਹੋਰ ਕੋਈ ਦੁਸ਼ਮਣ ਨਹੀਂ ਹੈ।
ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਵਾਸਤੇ ਮਨੁੱਖ ਨੂੰ ਇਕੱਲੇਪਨ ਤੋਂ ਬੱਚਣਾ ਚਾਹੀਦਾ ਹੈ। ਇਸ ਵਾਸਤੇ ਮਨੁੱਖ ਨੂੰ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਸਮੇਂ ਦੀ ਸਹੀ ਵਰਤੋ ਕਰਨੀ ਚਾਹੀਦੀ ਹੈ। ਮਨੁੱਖ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਕਿਸੇ ਵੀ ਸਮਾਜਿਕ ਸੰਸਥਾ ਦਾ ਮੈਂਬਰ ਬਣਕੇ ਮਨੁੱਖ ਨੂੰ ਸੇਵਾ ਵਾਲੇ ਕੰਮਾਂ ਵਿੱਚ ਜੁਟ ਜਾਣਾ ਚਾਹੀਦਾ ਹੈ। ਘਰ ਦੇ ਕੰਮਾਂ ਵਿੱਚ ਮਦਦ ਕਰਨੀ ਚਾਹੀਦੀ ਹੈ। ਘਰ ਦਾ ਜੋ ਵੀ ਕੰਮ ਸੌਖਾ ਲੱਗੇ, ਉਸ ਨੂੰ ਕਰਕੇ ਆਪਣੇ ਆਪ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਮਨੁੱਖ ਵਿਹਲਾ ਹੁੰਦਾ ਹੈ ਤਾਂ ਉਹ ਦੂਜੇ ਦੇ ਕੰਮਾਂ ਵਿੱਚ ਟੋਕਾ ਟਾਕੀ ਕਰਦਾ ਹੈ। ਅਕਸਰ ਪਰਿਵਾਰਾਂ ਵਿੱਚ ਲੜਾਈ ਦੀ ਇਹੀ ਵਜ੍ਹਾ ਹੈ। ਮਨੁੱਖ ਨੂੰ ਆਪਣੇ ਵਤੀਰੇ ਵਿੱਚ ਵੀ ਤਬਦੀਲੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕੌੜੇ ਸ਼ਬਦ ਨਹੀਂ ਬੋਲਣੇ ਚਾਹੀਦੇ। ਅਜਿਹੇ ਵਿਚਾਰਾਂ ਨਾਲ ਬੱਚਿਆਂ ਦੇ ਮਨ ਵਿੱਚ ਬਜ਼ੁਰਗਾਂ ਪ੍ਰਤੀ ਨਫਰਤ ਪੈਦਾ ਹੁੰਦੀ ਹੈ। ਹਮੇਸ਼ਾ ਪਰਿਵਾਰ ਵਿੱਚ ਨਿਮਰਤਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਪਰਿਵਾਰ ਦੇ ਨਾਇਕ ਬਣੇ ਰਹੋ। ਮਨੁੱਖ ਨੂੰ ਬੁਢਾਪੇ ਵਿੱਚ ਨਵੇਂ ਸ਼ੌਕ ਅਪਣਾਉਣ ਦੇ ਨਾਲ ਨਾਲ ਪੁਰਾਣੇ ਸ਼ੌਕਾਂ ਨੂੰ ਵੀ ਦੁਬਾਰਾ ਜਗਾਉਣਾ ਚਾਹੀਦਾ ਹੈ। ਮਨੁੱਖ ਨੂੰ ਧਾਰਮਿਕ ਹੋਣ ਦੇ ਨਾਲ ਨਾਲ ਨਿਯਮਤ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਹੈ। ਮਨੁੱਖ ਨੂੰ ਕਿਸੇ ਵੀ ਗੱਲ ਨੂੰ ਤਣਾਅ ਤੋਂ ਬਗੈਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉੱਤੇ ਮਾੜਾ ਪ੍ਰਭਾਵ ਨਾ ਪਵੇ।
ਬੁਢਾਪੇ ਵਿੱਚ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਬਜ਼ੁਰਗਾਂ ਨੂੰ ਗਤੀਸ਼ੀਲ ਰਹਿਣਾ ਚਾਹੀਦਾ ਹੈ ਕਿਉਂਕਿ ਵਡੇਰੀ ਉਮਰ ਵਿੱਚ ਬਜ਼ੁਰਗਾਂ ਦੇ ਗਤੀਹੀਣ ਹੋਣ ਨਾਲ ਉਨ੍ਹਾਂ ਦੇ ਸਰੀਰ ਵਿੱਚ ਕਈ ਬੀਮਾਰੀਆਂ ਦੀ ਸੰਭਾਵਾਨਾ ਵਧ ਜਾਂਦੀ ਹੈ। ਕਬਜ਼, ਦਿਲ ਦੇ ਰੋਗ, ਸਾਹ ਦਾ ਰੋਗ, ਜੋੜਾਂ ਵਿੱਚ ਦਰਦ, ਲਕਵਾ ਆਦਿ ਹੋ ਸਕਦਾ ਹੈ। ਇਸ ਲਈ ਇਸ ਉਮਰ ਵਿੱਚ ਹਲਕੀ ਫੁਲਕੀ ਮਿਹਨਤ, ਕਸਰਤ ਅਤੇ ਸਰੀਰਕ ਸਰਗਰਮੀ ਬਣਾਈ ਰੱਖਣ ਨਾਲ ਬੁੱਢੇ ਸਰੀਰ ਨੂੰ ਲਾਭ ਮਿਲਦਾ ਹੈ। ਬਸ਼ਰਤੇ ਇਹ ਸਹੀ ਢੰਗ ਨਾਲ ਹੋਵੇ। ਇਸ ਨਾਲ ਸਰੀਰ ਦੇ ਸਾਰੇ ਅੰਗਾਂ ਉੱਤੇ ਚੰਗਾ ਅਸਰ ਪੈਂਦਾ ਹੈ। ਕਿਉਂਕਿ ਕਸਰਤ ਚਰਬੀ ਦੇ ਪੱਧਰ ਨੂੰ ਕਾਬੂ ਵਿੱਚ ਰੱਖਦੀ ਹੈ, ਕਸਰਤ ਭਾਰ ਅਤੇ ਮੋਟਾਪਾ ਵਧਣ ਨਹੀਂ ਦਿੰਦੀ। ਚਰਬੀ ਘਟਣ ਨਾਲ ਦਿਲ ਦੇ ਦੌਰੇ ਦਾ ਖਤਰਾ ਟਲਦਾ ਹੈ। ਕਸਰਤ ਪਾਚਨ ਸ਼ਕਤੀ ਨੂੰ ਵਧਾਉਣ ਦੇ ਨਾਲ ਨਾਲ ਮਾਸ ਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਕਸਰਤ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ, ਝੁਰੜੀਆਂ ਨਹੀਂ ਵਧਦੀਆਂ, ਚਿਹਰੇ ਉੱਤੇ ਚਮਕ ਰਹਿੰਦੀ ਹੈ। ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਦਿਲ, ਅਧਰੰਗ, ਫੇਫੜੇ ਸਾਹ ਖੀਨ ਦੇ ਦਬਾਅ, ਸ਼ੂਗਰ ਆਦਿ ਬੀਮਾਰੀਆਂ ਦੀ ਸਥਿਤੀ ਵਿੱਚ ਲਾਭ ਮਿਲਦਾ ਹੈ। ਇਸ ਉਮਰ ਦੇ ਕੰਮ, ਕਸਰਤ ਅਤੇ ਸਰਗਰਮੀਆਂ ਨਾਲ ਬੁਢਾਪੇ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਸਰੀਰ ਤੰਦਰੁਸਤ ਦੇ ਨਾਲ ਨਾਲ ਊਰਜਾ ਅਤੇ ਸ਼ਕਤੀ ਨਾਲ ਭਰਭਪੂਰ ਰਹਿੰਦਾ ਹੈ। ਬੁਢਾਪੇ ਨੂੰ ਚੁਸਤ ਦਰੁਸਤ ਰੱਖਣ ਲਈ ਕਸਰਤ ਜ਼ਰੂਰੀ ਕਰਨੀ ਚਾਹੀਦੀ ਹੈ।
ਬੁਢਾਪੇ ਨੂੰ ਹੋਰ ਚੰਗੇਰਾ ਹੰਢਾਉਣ ਲਈ ਆਪਣੇ ਆਪ ਵਿੱਚ ਸੁਧਾਰ ਲਿਆਉਣ ਲਈ ਧਿਆਨ ਲਗਾਉਣਾ ਬਹੁਤ ਜ਼ਰੂਰੀ ਹੈ। ਸਾਰਾ ਦਿਨ ਕਿਵੇਂ ਬੀਤਿਆ, ਕੀ ਕੀਤਾ, ਕੀ ਕਰਨਾ ਸੀ ਜੋ ਪੂਰਾ ਨਹੀਂ ਹੋ ਸਕਿਆ। ਇਸ ਨੂੰ ਅਗਲੇ ਦਿਨ ਦੀ ਰੋਜ਼ਮਰਾ ਵਿੱਚ ਜੋੜਨਾ ਚਾਹੀਦਾ ਹੈ। ਇਸ ਨਾਲ ਤੁਸੀਂ ਆਪਣੀ ਸ਼ਕਤੀ ਅਤੇ ਸਮਰੱਥਾ ਪਛਾਣ ਸਕਦੇ ਹੋ। ਇਸ ਨਾਲ ਆਤਮ ਵਿਸ਼ਵਾਸ ਵਧਦਾ ਹੈ। ਸਰੀਰ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸਫਾਈ ਤੰਦਰੁਸਤ ਰਹਿਣ ਵਿੱਚ ਮਦਦ ਕਰਦੀ ਹੈ। ਸਤੁੰਲਤ ਜੀਵਨ ਵਾਸਤੇ ਚੰਗੇ ਵਿਚਾਰ ਅਤੇ ਸ਼ੁੱਧ ਵਾਤਾਵਰਣ ਦਾ ਹੋਣਾ ਬੇਹੱਦ ਜ਼ਰੂਰੀ ਹੈ। ਜੇ ਸਰੀਰ ਅਰੋਗ ਹੈ ਤਾਂ ਮਨੁੱਖ ਵਾਸਤੇ ਸਭ ਕੁਝ ਨਹੀਂ ਤਾਂ ਬਹੁਤ ਕੁਝ ਕਰਨਾ ਸੰਭਵ ਹੈ। ਸਮੇਂ ਸਿਰ ਉਚਿਤ ਖਾਣਾ ਜਰੂਰ ਖਾਣਾ ਚਾਹੀਦਾ ਹੈ। ਦਿਨ ਭਰ ਦੇ ਰੁਝੇਵਿਆਂ ਨੂੰ ਖਾਣੇ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਸਵੇਰ ਦਾ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਸਾਰਾ ਦਿਨ ਗਤੀਸ਼ੀਲ ਰਹਿ ਸਕੇ। ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਤੇ ਸਹੀ ਸਮੇਂ ਸਿਰ ਸੌਣਾ ਚਾਹੀਦਾ ਹੈ। ਚੰਗੀ ਸਿਹਤ ਵਾਸਤੇ ਨੀਂਦ ਪੂਰੀ ਲੈਣੀ ਬਹੁਤ ਜ਼ਰੂਰੀ ਹੈ। ਖੁਦ ਨੂੰ ਤੰਦਰੁਸਤ ਅਤੇ ਸੁਖੀ ਬਣਾਉਣਾ ਕਾਫੀ ਹੱਦ ਤੱਕ ਆਪਣੇ ਆਪ ਉੱਤੇ ਹੀ ਨਿਰਭਰ ਕਰਦਾ ਹੈ।
ਮਨੁੱਖ ਨੂੰ ਇਸ ਉਮਰ ਵਿੱਚ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। ਇਹ ਉਹ ਵੇਲਾ ਹੈ ਜਦੋਂ ਇਨਸਾਨ ਖੁਦ ਨਾਲ ਇਨਸਾਫ ਕਰੇ। ਮਨ ਅਤੇ ਰੂਹ ਦੀ ਖੁਰਾਕ ਲਈ ਅਸਵੰਦ ਹੋ ਕੇ ਕੁਝ ਕਰਨਾ ਚਾਹੀਦਾ ਹੈ। ਆਪਣੇ ਸ਼ੌਕ ਪਾਲਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੈ। ਸਥਿਰਤਾ ਕੁਦਰਤ ਦਾ ਨਿਯਮ ਨਹੀਂ ਹੈ। ਸਮੇਂ ਦੇ ਬਦਲਾਅ ਨੂੰ ਅਪਣਾ ਲੈਣਾ ਚਾਹੀਦਾ ਹੈ। ਅਜੋਕੇ ਯੁੱਗ ਵਿੱਚ ਇਸ ਉਮਰ ਤੱਕ ਹਰ ਇਨਸਾਨ ਸਵੈ ਨਿਰਭਰ ਹੁੰਦਾ ਹੈ। ਆਪਣੀ ਪੈਨਸ਼ਨ ਜਾਂ ਥੋੜ੍ਹੀ ਰਕਮ ਬਹੁਤ ਜਮ੍ਹਾਂ ਰੱਖਦਾ ਹੈ। ਸਮਾਜ ਸੇਵੀ ਸੰਸਥਾਵਾਂ ਨਾਲ ਜੁੜਕੇ ਤੰਗੀਆਂ ਤੁਰਸ਼ੀਆਂ ਵਿੱਚੋਂ ਦੀ ਲੰਘ ਰਹੇ ਬੇਸਹਾਰਾ ਬਜ਼ੁਰਗਾਂ ਦੇ ਸਹਾਇਕ ਬਣਨਾ ਅੱਜ ਸਮੇਂ ਦੀ ਲੋੜ ਹੈ। ਲਗਨ ਅਤੇ ਮੰਤਵ ਪ੍ਰਾਪਤੀ ਵਿੱਚ ਰੁੱਝੇ ਫਿਲਾਸਫਰ, ਵਿਗਿਆਨੀ, ਕਲਾਕਾਰ ਆਦਿ ਆਮ ਤੌਰ ’ਤੇ ਲੰਮੀ ਉਮਰ ਭੋਗਦੇ ਹਨ। ਸੀਨੀਅਰ ਸਿਟੀਜ਼ਨ ਕਲੱਬਾਂ ਵਿੱਚ ਸ਼ਾਮਲ ਹੋ ਕੇ ਉੱਥੇ ਹੁੰਦੀਆਂ ਖੇਡਾਂ, ਮਨੋਰੰਜਨ, ਸੱਭਿਆਚਾਰ ਆਦਿ ਪ੍ਰੋਗਰਾਮਾ ਵਿੱਚ ਹਿੱਸਾ ਲੈ ਸਕਦਾ ਹੈ। ਲਾਇਬਰੇਰੀ ਵਿੱਚ ਕਿਤਾਬਾਂ, ਮੈਗਜ਼ੀਨ ਅਤੇ ਅਖਬਾਰਾਂ ਨਾਲ ਦੋਸਤੀ ਪਾ ਸਕਦਾ ਹੈ। ਹਮੇਸ਼ਾ ਰੁਝੇਵਿਆਂ ਵਿੱਚ ਵੀ ਕੁਦਰਤ ਦੇ ਅਣਮੁੱਲੇ ਤੋਹਫਿਆਂ ਦਾ ਆਨੰਦ ਮਾਣਦਿਆਂ ਸਿਹਤ ਨੂੰ ਬਰਕਰਾਰ ਰੱਖੀਏ ਤਾਂ ਕਿ ਬੁਢਾਪਾ ਸੁਖਾਲਾ ਹੋ ਜਾਵੇਗਾ।
ਆਪਣੇ ਨੇੜਲੇ ਮਿੱਤਰਾਂ ਸਬੰਧੀਆਂ ਨਾਲ ਮਹੀਨੇ ਵਿੱਚ ਇੱਕ ਦੋ ਵਾਰ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਰਲਕੇ ਪਿਕਨਿਕ ਉੱਤੇ ਜਾਣ ਦੇ ਨਾਲ ਨਾਲ ਮੌਜ ਮਸਤੀ ਜਜ਼ਰ ਕਰਨੀ ਚਾਹੀਦੀ ਹੈ। ਆਪਣੇ ਦੋਸਤਾਂ ਨਾਲ ਬਿਤਏ ਸਮੇਂ ਦੀਆਂ ਪ੍ਰਾਪਤੀਆਂ, ਜੀਵਨ ਜਾਚ ਦੀਆਂ ਗੱਲਾਂਬਾਤਾਂ ਅਤੇ ਹੱਢ ਬੀਤੀਆਂ ਸਾਂਝੀਆਂ ਕਰਦਿਆਂ ਆਖਰੀ ਪੜਾ ’ਤੇ ਹਾਸਾ ਬਖੇਰਦੇ ਰਹਿਣਾ ਚਾਹੀਦਾ ਹੈ। ਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਰਦਾਨ ਹੈ। ਆਪਣੇ ਪੋਤਰੇ ਪੋਤਰੀਆਂ ਨਾਲ ਸਮਾਂ ਬਿਤਾਕੇ ਅਤੇ ਆਪਣੇ ਵਰਗੇ ਹੋਰ ਬਜ਼ੁਰਗ ਸਾਥੀਆਂ ਦੀ ਸੰਗਤ ਕਰਕੇ ਜ਼ਿੰਦਗੀ ਦੀ ਇਸ ਸ਼ਾਮ ਨੂੰ ਖੁਸ਼ਨੁਮਾ ਬਣਾਕੇ ਬੁਢਾਪੇ ਦਾ ਬਿਨਾਂ ਖੌਫ ਮਜ਼ਾ ਲੈਂਦੇ ਹੋਏ ਇਸ ਨੂੰ ਸੁਗੰਧਿਤ ਕਰ ਸਕਦੇ ਹਾਂ। ਇਸ ਸਭ ਕੁਝ ਨਾਲ ਜਿਊਣ ਦੀ ਉਮੰਗ ਜਾਗ੍ਰਿਤ ਹੁੰਦੀ ਹੈ, ਜੋ ਚੰਗੀ ਸਿਹਤ ਦੀ ਸੂਚਕ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1773)
(ਸਰੋਕਾਰ ਨਾਲ ਸੰਪਰਕ ਲਈ: