“ਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ...”
(5 ਜੂਨ 2021)
ਹਰੇਕ ਇਨਸਾਨ ਦੀ ਦਿਲੀ ਖ਼ਾਹਿਸ਼ ਹੁੰਦੀ ਹੈ ਕਿ ਉਸ ਨੂੰ ਜ਼ਿੰਦਗੀ ਵਿੱਚ ਹਰ ਪਲ ’ਤੇ ਕਾਮਯਾਬੀ ਮਿਲੇ। ਪਰ ਬਹੁਤ ਸਾਰੇ ਵਿਅਕਤੀਆਂ ਨੂੰ ਇੱਛਾ ਸ਼ਕਤੀ ਦੇ ਨਾਲ ਨਾਲ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ, ਜਿਸ ਕਾਰਨ ਵਿਅਕਤੀ ਦੀ ਸੋਚ ਨਕਾਰਾਤਮਕ ਹੋਣਾ ਸ਼ੁਰੂ ਹੋ ਜਾਂਦੀ ਹੈ। ਸੋਚ ਬਦਲਣ ਨਾਲ ਵਿਅਕਤੀ ਦੇ ਕਰਮ ਵੀ ਬਦਲਣ ਜਾਂਦੇ ਹਨ, ਜੋ ਉਸਦੀ ਰਹਿਣੀ ਬਹਿਣੀ ਨੂੰ ਪ੍ਰਭਾਵਤ ਕਰਦੇ ਹਨ। ਹੌਲੀ ਹੌਲੀ ਦੁੱਖ ਵਿਅਕਤੀ ਨੂੰ ਆਪਣੀ ਜਕੜ ਵਿੱਚ ਲੈ ਲੈਂਦੇ ਹਨ। ਹਰ ਵਿਅਕਤੀ ਦੇ ਜੀਵਨ ਵਿੱਚ ਦੁੱਖ ਹੁੰਦੇ ਹਨ। ਇੱਛਾ ਮੁਤਾਬਿਕ ਨਾ ਹੋਣਾ ਤੇ ਅਣਚਾਹਿਆ ਹੋ ਜਾਣਾ ਹੀ ਦੁੱਖਾਂ ਦੀ ਅਸਲੀ ਜੜ੍ਹ ਹੈ। ਮਨੁੱਖ ਦਾ ਜੀਵਨ ਇੱਕ ਵਹਾਅ ਵਾਂਗ ਉੱਪਰ ਹੇਠਾਂ ਚਲਦਾ ਰਹਿੰਦਾ ਹੈ। ਭਾਉਂਦੇ ਫਿਰਨਾ ਭੌਰੇ ਦੀ ਜ਼ਿੰਦਗੀ ਹੈ। ਭੌਰਾ ਫੁੱਲ ਕੋਲ ਜਾਂਦਾ ਹੈ, ਰਸ ਮਿਲਿਆ ਤਾਂ ਪੀ ਲਿਆ ਜੇ ਨਾ ਮਿਲਿਆ ਤਾਂ ਕੋਈ ਗਿਲਾ ਸ਼ਿਕਵਾ ਨਹੀਂ। ਰਸ ਨਾਂ ਮਿਲਣ ’ਤੇ ਭੌਰਾ ਦੁੱਖ ਨਹੀਂ ਪ੍ਰਗਟਾਉਂਦਾ। ਇਸੇ ਤਰ੍ਹਾਂ ਜੇਕਰ ਮਨੁੱਖ ਵੀ ਜੀਵਨ ਰੂਪੀ ਬਾਗ ਭੌਰੇ ਵਰਗੀ ਜੀਵਨ ਸ਼ੈਲੀ ਆਪਣਾ ਲਵੇ ਤਾਂ ਕਈ ਦੁੱਖਾਂ ਦਾ ਹੱਲ ਹੋਣ ਲੱਗ ਪਵੇਗਾ।
ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਜ਼ਿੰਦਗੀ ਵਿੱਚ ਕਦੇ ਖੁਸ਼ੀ ਅਤੇ ਗਮੀ ਪਰਤਣਾ ਜੀਵਨ ਦੇ ਰੰਗ ਹਨ। ਜੋ ਵਿਅਕਤੀ ਇਸ ਗੱਲ ਨੂੰ ਸਮਝ ਲੈਂਦੇ ਹਨ ਅਤੇ ਹੱਸਦੇ ਹੋਏ ਆਪਣੇ ਕੰਮਾਂ ਵਿੱਚ ਮਗਨ ਰਹਿੰਦੇ ਹਨ, ਦੁੱਖ ਉਨ੍ਹਾਂ ਵਿਅਕਤੀਆਂ ਵਲ ਵਧਣ ਦਾ ਜੇਰਾ ਵੀ ਨਹੀਂ ਕਰਦੇ। ਇਸ ਲਈ ਇਨਸਾਨ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਦੁੱਖ ਇਨਸਾਨ ਨੂੰ ਚੜ੍ਹਦੀ ਕਲ੍ਹਾ ਅਤੇ ਜਿੱਤ ਬਾਰੇ ਸੋਚਣ ਦੀ ਹਿੰਮਤ ਬਖ਼ਸ਼ਦੇ ਹਨ। ਦੁੱਖਾਂ ਦੀ ਭੱਠੀ ਵਿੱਚ ਤਪ ਕੇ ਹੀ ਇਨਸਾਨ ਨੂੰ ਸੁੱਖ ਵੱਧ ਪ੍ਰਭਾਵਸ਼ਾਲੀ, ਆਨੰਦਦਾਇਕ ਅਤੇ ਦਿਲਚਸਪ ਮਹਿਸੂਸ ਹੋਣ ਲਗਦੇ ਹਨ। ਇਸ ਲਈ ਇਨਸਾਨ ਨੂੰ ਦੁੱਖਾਂ ਅਤੇ ਸੁੱਖਾਂ ਵਿੱਚ ਸੰਤੁਲਨ ਸਥਾਪਤ ਕਰਕੇ ਜੀਵਨ ਦਾ ਅਸਲੀ ਆਨੰਦ ਲੈਣਾ ਚਾਹੀਦਾ ਹੈ।
ਵਿਅਕਤੀ ਨੂੰ ਉਸਾਰੂ ਤੇ ਸੁਚਾਰੂ ਤਰੀਕੇ ਨਾਲ ਆਪਣੀ ਸੋਚ ਦੀ ਕਾਇਆ ਕਲਪ ਕਰਦੇ ਹੋਏ ਨਵੇਂ ਨਰੋਏ ਵਿਚਾਰਾਂ ਨੂੰ ਮਨ ਵਿੱਚ ਵਸਾ ਕੇ ਜੀਵਨ ਦਾ ਅਸਲੀ ਆਨੰਦ ਲੈਂਦੇ ਰਹਿਣਾ ਚਾਹੀਦਾ ਹੈ। ਸੁੱਖ ਦਾ ਮਾਰਗ ਹਮੇਸ਼ਾ ਦੁੱਖ ਤੋਂ ਹੋ ਕੇ ਗੁਜ਼ਰਦਾ ਹੈ। ਜਿਸਨੇ ਦੁੱਖ ਵੀ ਹੱਸ ਕੇ ਸਹਾਰਨਾ ਸਿੱਖ ਲਿਆ ਉਹੀ ਸੱਚੇ ਸੁੱਖ ਦਾ ਆਨੰਦ ਲੈ ਸਕਦਾ ਹੈ। ਸਰਦੀ ਗਰਮੀ ਦੀ ਤਰ੍ਹਾਂ ਸੁੱਖ ਦੁੱਖ ਵਿੱਚ ਵੀ ਇੱਕ ਸਮਾਨ ਵਿਵਹਾਰ ਕਰਨ ਵਾਲਾ ਵਿਅਕਤੀ ਜੀਵਨ ਦੇ ਸੱਚੇ ਸਾਰ ਨੂੰ ਸਮਝਦਾ ਹੈ। ਉਸ ਦਾ ਧਿਆਨ ਆਪਣੇ ਟੀਚੇ ’ਤੇ ਕੇਂਦਰਤ ਰਹਿੰਦਾ ਹੈ, ਜਿਸ ਕਾਰਨ ਸਫਲਤਾ ਉਸਦੇ ਪੈਰ ਚੁੰਮਦੀ ਹੈ। ਇਹੀ ਖੁਸ਼ਹਾਲ ਜ਼ਿੰਦਗੀ ਦਾ ਸਹੀ ਮਾਰਗ ਹੈ।
ਸੱਚੀ ਸੁੱਚੀ ਕਿਰਤ ਦਾ ਵਿਅਕਤੀ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਧਰਮ ਗ੍ਰੰਥਾਂ ਵਿੱਚ ਮਿਹਨਤ ਤੇ ਇਮਾਨਦਾਰੀ ਨਾਲ ਕੀਤੀ ਦਸਾਂ ਨਹੁੰਆਂ ਦੀ ਕਮਾਈ ਨੂੰ ਹੀ ਸੱਚੀ ਕਿਰਤ ਕਿਹਾ ਗਿਆ ਹੈ। ਸੱਚੀ ਸੁੱਚੀ ਕਿਰਤ ਨਾਲ ਕਮਾਈ ਰੋਜ਼ੀ ਰੋਟੀ ਹੀ ਆਤਮਿਕ ਆਨੰਦ ਅਤੇ ਤ੍ਰਿਪਤੀ ਦਾ ਸਾਧਨ ਮੰਨੀ ਗਈ ਹੈ। ਅਜਿਹੀ ਕਿਰਤ ਕਮਾਈ ਨੂੰ ਸੁਖੀ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਮਿਹਨਤ ਦੀ ਕਮਾਈ ਵਿੱਚ ਜੋ ਸੁਖ ਅਤੇ ਸੰਤੁਸ਼ਟੀ ਮਿਲਦੀ ਹੈ, ਉਹ ਬੇਈਮਾਨੀ ਦੇ ਅਰਬਾਂ ਖਰਬਾਂ ਰੁਪਇਆਂ ਨਾਲ ਵੀ ਹਾਸਲ ਨਹੀਂ ਕੀਤੀ ਜਾ ਸਕਦੀ। ਅਜਿਹੀ ਕਿਰਤ ਨਾਲ ਭੌਤਿਕ ਸੁਖ ਸਹੂਲਤਾਂ ਦੇ ਅਨੇਕਾਂ ਸਾਧਨ ਤਾਂ ਖਰੀਦੇ ਜਾ ਸਕਦੇ ਹਨ ਪਰ ਆਤਿਮਕ ਸੁਖ ਸ਼ਾਂਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸੱਚੀ ਸੁੱਚੀ ਕਿਰਤ ਕਮਾਈ ਕਰਨ ਵਾਲਾ ਵਿਅਕਤੀ ਰੱਬ ਦੀ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈ। ਅਜਿਹਾ ਵਿਅਕਤੀ ਸਬਰ ਸੰਤੋਖ ਅਤੇ ਨਿਮਰਤਾ ਦਾ ਧਾਰਨੀ ਬਣ ਜਾਂਦਾ ਹੈ। ਦਸਾਂ ਨਹੁੰਆਂ ਨਾਲ ਕੀਤੀ ਕਿਰਤ ਕਮਾਈ ਹੀ ਉੱਤਮ ਅਤੇ ਸੁਖਮਈ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇਹ ਹੀ ਸੰਦੇਸ਼ ਦਿੱਤਾ ਸੀ। ਮਨੁੱਖ ਨੂੰ ਹਮੇਸ਼ਾ ਨੇਕੀ ਅਤੇ ਇਮਾਨਦਾਰੀ ਨਾਲ ਹੀ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਮਾੜੀ ਕਮਾਈ ਵਿੱਚ ਬਰਕਤ ਨਹੀਂ ਹੁੰਦੀ। ਇਸ ਲਈ ਮਨੁੱਖ ਨੂੰ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ। ਇਸ ਵਿੱਚ ਹੀ ਜੀਵਨ ਦਾ ਅਸਲ ਆਨੰਦ ਹੈ।
ਤਨ ਮਨ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ ਤੋਂ ਇਲਾਵਾ ਜੀਵਨ ਦੀ ਮਾਣ ਮਰਿਆਦਾ ਲਈ ਸੰਜਮ ਦੀ ਪਾਲਣਾ ਹਰੇਕ ਮਨੁੱਖ ਲਈ ਬੇਹੱਦ ਜ਼ਰੂਰੀ ਹੈ। ਸੰਜਮ ਨਾਲ ਜੀਵਨ ਵਿੱਚ ਸਿਹਤਯਾਬੀ ਮਿਲਦੀ ਹੈ। ਸੰਜਮ ਨਾਲ ਸਰੀਰ ਵਿੱਚ ਬਲ, ਬੁੱਧੀ ਦਾ ਵਾਧਾ ਹੁੰਦਾ ਹੈ। ਸੰਜਮ ਨਾਲ ਮਨ ਪ੍ਰਸੰਨ ਅਤੇ ਸ਼ਾਂਤ ਬਣਿਆ ਰਹਿੰਦਾ ਹੈ। ਸੰਜਮ ਵਾਲੇ ਵਿਅਕਤੀ ਨਿਯਮਾਂ, ਸਿਧਾਤਾਂ ਦੀ ਪਾਲਣਾ ਕਰਕੇ ਦੂਜਿਆਂ ਦੀ ਭਲਾਈ ਕਰਦੇ ਹਨ, ਜਦਕਿ ਸੰਜਮ ਰਹਿਤ ਮਨੁੱਖ ਪੈਰ ਪੈਰ ’ਤੇ ਜੋਖਮ ਸਹਾਰਦਾ ਹੋਇਆ ਜੀਵਨ ਬਸਰ ਕਰਦਾ ਰਹਿੰਦਾ ਹੈ। ਸੰਜਮ ਰਹਿਤ ਵਿਅਕਤੀ ਰੋਗੀ ਬਣਿਆ ਰਹਿੰਦਾ ਹੈ, ਆਪਣੇ ਜੀਵਨ ਦੀ ਕਬਰ ਖੁਦ ਪੁੱਟ ਲੈਂਦਾ ਹੈ। ਸੰਜਮ ਜੀਵਨ ਵਿੱਚ ਸੁਖ, ਖੁਸ਼ਹਾਲੀ, ਸ਼ਾਂਤੀ, ਸੁਰੱਖਿਆ ਅਤੇ ਕਲਿਆਣ ਪ੍ਰਦਾਨ ਕਰਦਾ ਹੈ। ਨਿਰੋਗੀ ਕਾਇਆ ਦਾ ਸੁਪਨਾ ਸੰਜਮ ਰਾਹੀਂ ਹੀ ਸੰਭਵ ਹੋ ਸਕਦਾ ਹੈ। ਸਿਆਣੇ ਕਹਿੰਦੇ ਹਨ ਕਿ ਸੌ ਦਵਾਈਆਂ ਦੀ ਇੱਕ ਹੀ ਦਵਾਈ ਸੰਜਮ ਹੈ। ਸੋ ਸਾਨੂੰ ਸੰਜਮ ਵਿੱਚ ਰਹਿੰਦੇ ਹੋਏ ਜੀਵਨ ਦਾ ਅਸਲ ਆਨੰਦ ਮਾਣਨਾ ਚਾਹੀਦਾ ਹੈ।
ਜੀਵਨ ਵਿੱਚ ਵਰਤਮਾਨ ਦਾ ਬਹੁਤ ਮਹੱਤਵ ਹੈ। ਵਰਤਮਾਨ ਪਲ ਸਾਡੇ ਵੱਸ ਵਿੱਚ ਹੈ। ਜੀਵਨ ਦਾ ਸਬੰਧ ਹੀ ਵਰਤਮਾਨ ਨਾਲ ਹੈ। ਵਰਤਮਾਨ ਸਾਡੇ ਲਈ ਬਹੁਤ ਅਹਿੰਮ ਹੈ। ਵਰਤਮਾਨ ਨੂੰ ਅਸੀਂ ਅਣਦੇਖੇ ਭਵਿੱਖ ਨੂੰ ਸੁਧਾਰਨ ਲਈ ਲਗਾ ਸਕਦੇ ਹਾਂ। ਸਾਨੂੰ ਵਰਤਮਾਨ ਵਿੱਚ ਰਹਿੰਦਿਆਂ ਇੱਕ ਇਕ ਪਲ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ, ਵਰਤਮਾਨ ਦੀ ਹਰ ਨਿੱਕੀ ਨਿੱਕੀ ਖੁਸ਼ੀ ਨੂੰ ਮਾਣਨਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ। ਸਫਲ ਇਨਸਾਨ ਵਰਤਮਾਨ ਵਿੱਚ ਰਹਿੰਦੇ ਹੋਏ ਬੀਤੇ ਦੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਭਵਿੱਖ ਨੂੰ ਸੁਨਹਿਰੀ ਬਣਾ ਲੈਂਦੇ ਹਨ।
ਜ਼ਿੰਦਗੀ ਨੂੰ ਖੂਬਸੂਰਤ ਬਣਾਈ ਰੱਖਣ ਲਈ ਮਨੁੱਖ ਸੰਭਵ ਕੋਸ਼ਿਸ਼ ਅਤੇ ਸਖਤ ਮਿਹਨਤ ਕਰਦਾ ਹੈ। ਜ਼ਿੰਦਗੀ ਵਿੱਚ ਹਰ ਇਨਸਾਨ ਨੂੰ ਆਪਣੀ ਜ਼ੁਬਾਨ, ਗੁੱਸੇ ਅਤੇ ਆਦਤਾਂ ਉੱਤੇ ਦਬਦਬਾ ਰੱਖਣਾ ਚਾਹੀਦਾ ਹੈ। ਜ਼ਿੰਦਗੀ ਦੀਆਂ ਤਮਾਮ ਸਮੱਸਿਆਵਾਂ ਦਾ ਹੱਲ ਇੱਕ ਚੁੱਪ ਤੇ ਸੌ ਸੁੱਖ ਹੈ। ਚੁੱਪ ਰਹਿਣਾ ਆਪਣੇ ਆਪ ਵਿੱਚ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਚੁੱਪ ਰਹਿਣ ਨਾਲ ਊਰਜਾ ਘੱਟ ਖਰਚ ਹੁੰਦੀ ਹੈ। ਚੁੱਪ ਰਹਿਣ ਵਾਲੇ ਵਿਅਕਤੀ ਦੀ ਸੋਚ ਸਕਾਰਾਤਮਕ ਹੁੰਦੀ ਹੈ। ਚੁੱਪ ਰਹਿਣ ਜਾਂ ਘੱਟ ਬੋਲਣ ਵਾਲੇ ਵਿਅਕਤੀ ਦੇ ਸਬੰਧ ਹੰਢਣਸਾਰ ਅਤੇ ਦੂਰ ਤਕ ਚੱਲਣ ਵਾਲੇ ਹੁੰਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੁੱਪ ਰਹਿ ਕੇ ਬਾਦਸ਼ਾਹ ਜਹਾਂਗੀਰ ਅਤੇ ਔਰੰਗਜ਼ੇਬ ਦੇ ਮੂੰਹ ’ਤੇ ਚਪੇੜ ਮਾਰੀ ਸੀ ਤੇ ਇਨ੍ਹਾਂ ਦਾ ਹੰਕਾਰ ਚਕਨਾਚੂਰ ਹੋ ਗਿਆ ਸੀ। ਚੁੱਪ ਰਹਿਣਾ ਇੱਕ ਕਲਾ, ਸਾਧਨਾ ਅਤੇ ਤਪੱਸਿਆ ਹੈ। ਚੁੱਪ ਰਹਿਣ ਵਾਲੇ ਵੱਡੇ ਜਿਗਰੇ ਵਾਲੇ ਹੁੰਦੇ ਹਨ। ਚੁੱਪ ਰਹਿਣ ਨਾਲ ਗੁੱਸਾ ਘੱਟ ਆਉਂਦਾ ਹੈ ਤੇ ਪਿਆਰ ਵਧਦਾ ਹੈ। ਗੁਰਬਾਣੀ ਵਿੱਚ ਵੀ ਚੁੱਪ ਬਾਰੇ ਇਉਂ ਆਖਿਆ ਗਿਆ ਹੈ:
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁੱਪ॥
ਚੁੱਪ ਰਹਿਕੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ।
ਸਾਵੈ ਕਾਬੂ ਦੀ ਤਾਕਤ ਨਾਲ ਵੀ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਆਤਮਾ, ਮਨ ਅਤੇ ਤਨ ਦਾ ਸੰਤੁਲਨ ਜਦੋਂ ਸਾਡੀ ਬੋਲਬਾਣੀ ਅਤੇ ਵਿਹਾਰ ਵਿੱਚ ਪ੍ਰਗਟ ਹੁੰਦਾ ਹੈ, ਉਸ ਨੂੰ ਸਵੈ-ਕਾਬੂ ਕਹਿੰਦੇ ਹਨ। ਸਵੈ-ਕਾਬੂ ਨਾਲ ਉਹ ਊਰਜਾ ਪੈਦਾ ਹੁੰਦੀ ਹੈ ਜਿਸ ਨਾਲ ਵੱਡੇ ਤੋਂ ਵੱਡਾ ਕਾਰਜ ਕੀਤਾ ਜਾ ਸਕਦਾ ਹੈ। ਪਾਣੀ ਨੂੰ ਬੰਨ੍ਹ ਮਾਰ ਕੇ ਲੱਖਾਂ ਮੈਗਾਵਾਟ ਬਿਜਲੀ ਪੈਂਦਾ ਕੀਤੀ ਜਾ ਸਕਦੀ ਹੈ। ਭਾਫ਼ ਨੂੰ ਕਾਬੂ ਕਰਕੇ ਇੰਜਨ ਚਲਾਇਆ ਜਾ ਸਕਦਾ ਹੈ। ਸਵੈ ਕਾਬੂ ਲਈ ਮਨ ਦੀ ਸ਼ਾਂਤੀ ਜ਼ਰੂਰੀ ਹੈ। ਸ਼ਾਂਤ ਮਨ ਜ਼ਬਤ ਵਿੱਚ ਰਹਿੰਦਾ ਹੈ। ਮਨ ਦੀ ਸ਼ਾਂਤੀ ਲਈ ਕਸਰਤ ਅਤੇ ਮੈਡੀਟੇਸ਼ਨ ਦੀ ਜ਼ਰੂਰਤ ਪੈਂਦੀ ਹੈ। ਇਸੇ ਕਰਕੇ ਧਾਰਮਿਕ ਵਿਅਕਤੀਆਂ ਦੇ ਮਨ ਜ਼ਿਆਦਾ ਸ਼ਾਂਤ ਹੁੰਦੇ ਹਨ। ਮਨ ਦੀ ਸ਼ਾਂਤੀ ਲਈ ਯੋਗ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਸ਼ਾਂਤ ਮਨ ਨਾਲ ਹੀ ਸਵੈ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਸ਼ਾਂਤ ਮਨ ਨਾਲ ਸਾਡੀ ਸ਼ਖ਼ਸੀਅਤ ਨਿੱਖਰ ਕੇ ਨਵੇਂ ਰੂਪ ਵਿੱਚ ਸਾਹਮਣੇ ਆ ਸਕਦੀ ਹੈ। ਸਾਡਾ ਜੀਵਨ ਖੁਸ਼ਹਾਲ ਹੋ ਸਕਦਾ ਹੈ।
ਮੁਸਕਰਾਹਟ ਸਿਹਤਮੰਦ ਸਮਾਜ ਦੀ ਬੁਨਿਆਦ ਹੈ। ਮੁਸਕਰਾਹਟ ਰੱਬੀ ਵਰਦਾਨ ਹੈ। ਹਮੇਸ਼ਾ ਮੁਸਕਰਾਉਣ ਵਾਲਾ ਮਨੁੱਖ ਸਰੀਰਕ, ਮਾਨਸਿਕ ਅਤੇ ਦਿਮਾਗੀ ਤੌਰ ’ਤੇ ਆਮ ਮਨੁੱਖ ਨਾਲੋਂ ਵੱਧ ਸਿਹਤਮੰਦ ਹੁੰਦਾ ਹੈ। ਮੁਸਕਰਾਉਣ ਵਾਲੇ ਮਨੁੱਖ ਦਾ ਚਿਹਰਾ ਸੁੰਦਰ, ਸਰੀਰ ਸੁਡੌਲ ਅਤੇ ਦਿੱਖ ਜਵਾਨ ਰਹਿੰਦੀ ਹੈ। ਮੁਸਕਰਾਹਟ ਜਿੱਥੇ ਸਵੈ-ਭਰੋਸੇ ਦੀ ਖੁਰਾਕ ਹੈ ਉੱਥੇ ਇਸ ਵਿੱਚ ਮਨੁੱਖੀ ਦਿਮਾਗ ਨੂੰ ਆਰਮਾ ਦੇਣ, ਦਿਲ ਨੂੰ ਖੁਸ਼ੀ ਨਾਲ ਭਰਨ ਤੇ ਸਰੀਰਕ ਕਿਰਿਆਵਾਂ ਨੂੰ ਉਤਸ਼ਾਹਿਤ ਕਰਨ ਦੀ ਤਾਕਤ ਵੀ ਹੁੰਦੀ ਹੈ। ਸਮਾਜ ਵਿੱਚ ਹਮੇਸ਼ਾ ਮੁਸਕਰਾਉਂਦੇ ਚਿਹਰਿਆਂ ਵਾਲੇ ਮਨੁੱਖ ਆਮ ਲੋਕਾਂ ਨਾਲੋਂ ਵੱਧ ਮਾਣ ਸਨਮਾਨ ਹਾਸਲ ਕਰਦੇ ਹਨ। ਕਾਮਯਾਬ ਅਤੇ ਸ਼ਕਤੀਸ਼ਾਲੀ ਲੋਕ ਆਪਣੀ ਸਮਰੱਥਾ, ਸਵੈ-ਵਿਸ਼ਵਾਸ ਅਤੇ ਸਫਲਤਾ ਕਾਰਨ ਔਸਤ ਲੋਕਾਂ ਨਾਲੋਂ ਵੱਧ ਮੁਸਕਰਾਉਂਦੇ ਹਨ। ਮੁਸਕਰਾਉਣ ਵਾਲੇ ਮਨੁੱਖ ਦਾ ਨਜ਼ਰੀਆ ਆਸ਼ਾਵਾਦੀ, ਸੋਚ ਸਕਾਰਤਾਮਕ ਅਤੇ ਦਿਲ ਦਿਆਲੂ ਹੁੰਦਾ ਹੈ। ਮੁਸਕਰਾਹਟ ਖੁਸ਼ੀਆਂ ਦਾ ਖ਼ਜਾਨਾ ਹੈ। ਮੁਸਕਰਾਹਟ ਜ਼ਿੰਦਾਦਿਲੀ ਦੀ ਪ੍ਰਤੀਕ ਹੈ।
ਚੰਗੇਰੇ ਜੀਵਨ ਲਈ ਮਨੁੱਖ ਨੂੰ ਜ਼ਿੰਦਗੀ ਨੂੰ ਬੋਝ ਨਹੀਂ ਬਣਨ ਦੇਣਾ ਚਾਹੀਦਾ। ਜ਼ਿੰਦਗੀ ਬਤੀਤ ਤਾਂ ਸਾਰੇ ਹੀ ਕਰਦੇ ਹਨ ਪਰ ਅਸਲ ਵਿੱਚ ਜ਼ਿੰਦਗੀ ਜਿਊਂਦੇ ਵਿਰਲੇ ਹੀ ਹਨ। ਜ਼ਿੰਦਗੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸਰਲ ਤੇ ਦੂਸਰੀ ਗੁੰਝਲਦਾਰ। ਸਰਲ ਜ਼ਿੰਦਗੀ ਬਤੀਤ ਕਰਨ ਵਾਲੇ ਮਨੁੱਖਾਂ ਵਿੱਚ ਸੰਤੁਸ਼ਟੀ ਝਲਕਦੀ ਹੈ ਜਦਕਿ ਗੁੰਝਲਦਾਰ ਜ਼ਿੰਦਗੀ ਵਾਲੇ ਮਨੁੱਖ ਵਿੱਚ ਤਣਾਉ ਬਣਿਆ ਰਹਿੰਦਾ ਹੈ, ਜਿਸ ਕਾਰਨ ਜ਼ਿੰਦਗੀ ਬੋਝ ਲੱਗਣ ਲੱਗ ਪੈਂਦੀ ਹੈ। ਜ਼ਿੰਦਗੀ ਬੋਝ ਉਦੋਂ ਬਣਦੀ ਹੈ ਜਦੋਂ ਸਾਡੀਆਂ ਬੇਲੋੜੀਆਂ ਖਾਹਿਸ਼ਾਂ ਜ਼ਿੰਦਗੀ ਉੱਤੇ ਹਾਵੀ ਹੋ ਜਾਂਦੀਆਂ ਹਨ। ਸੋਚ ਸਮਝ ਕੇ ਅਤੇ ਲਿਆਕਤ ਨਾਲ ਜ਼ਿੰਦਗੀ ਜੀਵੀ ਜਾਵੇ ਤਾਂ ਉਸਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ। ਜੇ ਜ਼ਿੰਦਗੀ ਵਿੱਚ ਸਾਦਗੀ ਅਤੇ ਸਬਰ ਸੰਤੋਖ ਹੋਵੇ ਤਾਂ ਜ਼ਿੰਦਗੀ ਕਦੇ ਵੀ ਭਾਰ ਨਹੀਂ ਬਣਦੀ, ਸਗੋਂ ਵਰਦਾਨ ਬਣਦੀ ਹੈ। ਜ਼ਿੰਦਗੀ ਨੂੰ ਆਪਣੇ ਵਸੀਲਿਆਂ ਮੁਤਾਬਿਕ ਜਿਊਣਾ ਹੀ ਸਮਝਦਾਰੀ ਹੈ। ਸਬਰ ਵਾਲੀ ਜ਼ਿੰਦਗੀ ਜਿਊਣ ਲਈ ਮਨੁੱਖ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਮਨੁੱਖ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਬੋਝ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਜ਼ਿੰਦਗੀ ਦਾ ਅਸਲ ਆਨੰਦ ਲੈਣਾ ਚਾਹੀਦਾ ਹੈ।
ਮੰਜ਼ਿਲ ’ਤੇ ਪਹੁੰਚਣ ਲਈ ਰਸਤੇ ਦੀ ਲੋੜ ਪੈਂਦੀ ਹੈ। ਰਸਤੇ ਵੀ ਦੀ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਰਸਤੇ ਹੁੰਦੇ ਹਨ, ਜੋ ਸਾਨੂੰ ਮੰਜ਼ਿਲ ਵੱਲ ਲੈ ਕੇ ਜਾਂਦੇ ਹਨ ਤੇ ਦੂਸਰੇ ਰਸਤੇ ਉਹ ਹੁੰਦੇ ਹਨ, ਜੋ ਸਾਨੂੰ ਮੰਜ਼ਿਲ ਤੋਂ ਦੂਰ ਲੈ ਜਾਂਦੇ ਹਨ। ਕੇਵਲ ਚੱਲਣਾ ਹੀ ਕਾਫੀ ਨਹੀਂ ਹੁੰਦਾ, ਸਗੋਂ ਇਹ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਿਸ ਦਿਸ਼ਾ ਵੱਲ ਚੱਲ ਰਹੇ ਹਾਂ। ਜੇਕਰ ਦਿਸ਼ਾ ਹੀ ਗਲਤ ਹੋਵੇਗੀ ਤਾਂ ਚੱਲਣ ਵਾਲਾ ਜ਼ਿਆਦਾ ਚੱਲਣ ਦੇ ਬਾਵਜੂਦ ਮੰਜ਼ਿਲ ਤੋਂ ਦੂਰ ਹੋ ਜਾਵੇਗਾ। ਇੱਕ ਸਮੁੰਦਰੀ ਜਹਾਜ਼ ਵਿੱਚ ਯਾਤਰੀਆਂ ਨਾਲ ਸੂਚਨਾ ਸਾਂਝੀ ਕੀਤੀ ਜਾ ਰਹੀ ਸੀ ਕਿ ਦੋ ਤਰ੍ਹਾਂ ਦੀ ਖਬਰ ਹੈ, ਇੱਕ ਚੰਗੀ ਅਤੇ ਇੱਕ ਮਾੜੀ। ਚੰਗੀ ਖਬਰ ਇਹ ਹੈ ਕਿ ਜਹਾਜ਼ ਆਪਣੀ ਮਿਥੀ ਰਫ਼ਤਾਰ ’ਤੇ ਜਾ ਰਿਹਾ ਹੈ। ਮਾੜੀ ਖਬਰ ਇਹ ਕਿ ਜਹਾਜ਼ ਦਾ ਦਿਸ਼ਾ ਦੱਸਣ ਵਾਲਾ ਯੰਤਰ ਖਰਾਬ ਹੋ ਗਿਆ ਹੈ। ਇਸ ਲਈ ਜਹਾਜ਼ ਦੀ ਦਿਸ਼ਾ ਬਾਰੇ ਕੋਈ ਅੰਦਾਜ਼ਾ ਨਹੀਂ। ਅੱਜ ਸਾਡੇ ਵਿੱਚੋਂ ਬਹੁਤਿਆਂ ਦਾ ਜੀਵਨ ਇਸੇ ਤਰ੍ਹਾਂ ਚੱਲ ਰਿਹਾ ਹੈ। ਜ਼ਿੰਦਗੀ ਨੇ ਪੂਰੀ ਰਫ਼ਤਾਰ ਤਾਂ ਫੜੀ ਹੋਈ ਹੈ ਪਰ ਕਿਸ ਦਿਸ਼ਾ ਵੱਲ, ਇਸਦਾ ਕੋਈ ਗਿਆਨ ਨਹੀਂ। ਅਸੀਂ ਬਹੁਤ ਵਾਰ ਗਲਤ ਦਿਸ਼ਾ ਹੋਣ ਕਰਕੇ ਭਟਕ ਜਾਂਦੇ ਹਾਂ ਅਤੇ ਮੰਜ਼ਿਲ ਹਾਸਲ ਨਹੀਂ ਕਰ ਪਾਉਂਦੇ। ਇਸ ਲਈ ਮਨੁੱਖ ਵਾਸਤੇ ਠੀਕ ਰਸਤੇ ਦੀ ਚੋਣ ਕਰਕੇ ਕਾਮਯਾਬੀ ਦੇ ਰਾਹ ਤੁਰਨਾ ਬੇਹੱਦ ਜ਼ਰੂਰੀ ਹੈ।
ਸਾਡੀ ਸੋਚ ਸਾਡੇ ਕਰਮ ਬੀਜ ਰੂਪ ਹਨ। ਜੇਕਰ ਇਹ ਚੰਗੇ ਹੋਣਗੇ ਤਾਂ ਹੀ ਜੀਵਨ ਖੁਸ਼ਹਾਲ ਜੀਵਿਆ ਜਾ ਸਕਦਾ ਹੈ। ਜੇਕਰ ਜੀਵਨ ਵਿੱਚ ਹੰਕਾਰ ਦਾ ਤਿਆਗ ਕਰਾਂਗੇ ਤਾਂ ਸਾਡੀ ਝੋਲੀ ਵਿੱਚ ਸਾਰੀਆਂ ਨੇਕੀਆਂ, ਚੰਗਿਆਈਆਂ ਅਤੇ ਖੁਸ਼ੀਆਂ ਆ ਜਾਣਗੀਆਂ। ਗੁਰਬਾਣੀ ਅਨੁਸਾਰ “ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ”। ਨਿਮਰਤਾ ਨਾਲ ਇਨਸਾਨ ਹਰ ਖੇਤਰ ਵਿੱਚ ਸਫਲਤਾ ਹਾਸਲ ਕਰ ਲੈਂਦਾ ਹੈ। ਇੱਕ ਇਕ ਇੱਟ ਲਾ ਕੇ ਦੀਵਾਰ ਬਣਦੀ ਹੈ। ਪਰ ਜੇਕਰ ਮਿਸਤਰੀ ਕੰਧ ਬਣਾਉਣ ਸਮੇਂ ਇੱਟਾਂ ਟੇਢੀਆਂ ਲਗਾ ਦੇਵੇ ਤਾਂ ਕੰਧ ਡਿਗ ਪੈਂਦੀ ਹੈ। ਇਸੇ ਤਰ੍ਹਾਂ ਜੀਵਨ ਵਿੱਚ ਇੱਕ ਇਕ ਕਰਮ ਸਾਡਾ ਜੀਵਨ ਬਣਾਉਂਦਾ ਹੈ। ਜੇਕਰ ਕਰਮ ਟੇਢੇ ਹੋ ਜਾਣ, ਭਾਵ ਸੱਚ ਅਤੇ ਇਖਲਾਕ ਅਨੁਸਾਰ ਨਾ ਹੋਣ ਤਾਂ ਜੀਵਨ ਦੀ ਕੰਧ ਵੀ ਡਿਗ ਪੈਂਦੀ ਹੈ। ਜੇਕਰ ਜ਼ਿੰਦਗੀ ਦਾ ਨਜ਼ਰੀਆਂ ਹਾ ਪੱਖੀ ਹੋਵੇ ਤਾਂ ਸਾਰੀਆਂ ਮੁਸ਼ਕਲਾਂ ਸੁਖਾਲੀਆਂ ਹੋ ਜਾਂਦੀਆਂ ਹਨ। ਸਾਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਜੀਵਨ ਕੁਰਾਹੇ ਪੈਂਦਾ ਹੋਵੇ।
ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਲਈ ਮਨੁੱਖ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਕੰਮ ਕਰਨ ਵਾਲੇ ਮਨੁੱਖ ਦੀ ਸ਼ਖਸੀਅਤ ਵੱਖਰੀ ਹੁੰਦੀ ਹੈ। ਕੰਮ ਕਰਨ ਵਾਲੇ ਬੰਦੇ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ। ਕੰਮ ਕਰਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਮਰਦਾ, ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲਾ ਜਾਵੇ ਉਹ ਆਪਣੀ ਥਾਂ ਬਣਾ ਹੀ ਲਵੇਗਾ। ਕੰਮ ਵਾਲੇ ਬੰਦੇ ਨੂੰ ਰੁਜ਼ਗਾਰ ਦੀ ਕੋਈ ਘਾਟ ਨਹੀਂ ਰਹੇਗੀ। ਜਿਸ ਮਨੁੱਖ ਨੂੰ ਕੰਮ ਦੀ ਆਦਤ ਪੈ ਜਾਵੇ ਉਹ ਹਰ ਥਾਂ ਸਫਲ ਹੁੰਦਾ ਹੈ। ਮਨੁੱਖ ਨੂੰ ਆਪਣੇ ਸਾਰੇ ਕੰਮ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਦੂਸਰਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਆਪਣੇ ਕੰਮ ਆਪ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ, ਉਸਦਾ ਸਵੈਮਾਣ ਵਧਦਾ ਹੈ। ਮਨੁੱਖ ਨੂੰ ਦੂਸਰਿਆਂ ਦਾ ਸਹਾਰਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰਾਈ ਆਸ ਹਮੇਸ਼ਾ ਨਿਰਾਸ਼ਾ ਦਿੰਦੀ ਹੈ। ਪਰਾਈਆਂ ਉਮੀਦਾਂ ਦਰਦ ਹੀ ਦਿੰਦੀਆਂ ਹਨ। ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨ। ਇਸ ਲਈ ਮਨੁੱਖ ਨੂੰ ਆਪਣੀ ਜ਼ਿੰਦਗੀ ਆਪਣੇ ਬਲ ਸਹਾਰੇ ਜੀਣੀ ਚਾਹੀਦੀ ਹੈ।
ਮਨੁੱਖ ਨੂੰ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚੰਗੇ ਲੋਕ ਚਾਨਣ ਅਤੇ ਖੁਸ਼ੀਆਂ ਵੰਡਦੇ ਹਨ। ਚਾਨਣ ਵੰਡਣ ਵਾਲੇ ਤੇ ਖੁਸ਼ੀਆਂ ਦੇਣ ਵਾਲੇ ਲੋਕਾਂ ਨੂੰ ਮਿਲ ਕੇ ਦਿਲ ਨੂੰ ਅੰਤਾਂ ਦਾ ਸਕੂਨ ਤੇ ਰੂਹ ਨੂੰ ਰੱਜ ਮਹਿਸੂਸ ਹੁੰਦਾ ਹੈ। ਉਨ੍ਹਾਂ ਦੀ ਹਾਂ ਪੱਖੀ ਪਹੁੰਚ, ਹਾਂ ਪੱਖੀ ਸੋਚ ਅਤੇ ਆਸ਼ਾਵਾਦੀ ਨਜ਼ਰੀਆ ਸਾਨੂੰ ਆਸ਼ਾਵਾਦ ਦੇ ਖੂਬਸੂਰਤ ਬਾਗ ਵਿੱਚ ਲੈ ਜਾਂਦਾ ਹੈ, ਜਿੱਥੇ ਖਿੜੇ ਹੋਏ ਮਹਿਕਾਂ ਵੰਡਦੇ ਫੁੱਲ ਸਾਡਾ ਸਵਾਗਤ ਕਰਦੇ ਹਨ। ਇਨ੍ਹਾਂ ਦਾ ਮੁੱਖ ਸਰੋਕਾਰ ਹੀ ਚੰਗੇ, ਤੰਦਰੁਸਤ ਅਤੇ ਕਦਰਾਂ ਕੀਮਤਾਂ ਭਰਪੂਰ ਸਮਾਜ ਦੀ ਸਿਰਜਣਾ ਹੁੰਦਾ ਹੈ। ਇਹ ਜੋ ਕੁਝ ਬੋਲਦੇ ਹਨ ਅਤੇ ਕਹਿੰਦੇ ਹਨ ਉਹ ਚੜ੍ਹਦੀ ਕਲਾ ਵਾਲਾ ਹੁੰਦਾ ਹੈ। ਇਹ ਏਕੇ ਦੀ ਤੰਦ ਪਰੋਂਦੇ ਹਨ ਅਤੇ ਪ੍ਰੇਮ ਦੀ ਮਾਲਾ ਬੁਣਦੇ ਹਨ। ਅਜਿਹੇ ਲੋਕ ਹੀ ਸਹੀ ਅਰਥਾਂ ਵਿੱਚ ਸਮਾਜ ਦੇ ਸਿਰਜਕ ਹੁੰਦੇ ਹਨ। ਇਹ ਸੱਜਣ ਸਾਡਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ। ਅਜਿਹੇ ਲੋਕਾਂ ਦੇ ਜ਼ਿੰਦਗੀ ਵਿੱਚ ਆਉਣ ਨਾਲ ਇੰਜ ਲਗਦਾ ਹੈ ਜਿਵੇਂ ਸਤਰੰਗੀ ਪੀਂਘ ਚੜ੍ਹ ਗਈ ਹੋਵੇ।
ਜ਼ਿੰਦਾਦਿਲੀ ਦਾ ਨਾਮ ਹੀ ਜ਼ਿੰਦਗੀ ਹੈ। ਜ਼ਿੰਦਗੀ ਅਨਮੋਲ ਹੈ। ਜ਼ਿੰਦਗੀ ਨੂੰ ਸਹੀ ਅਰਥਾਂ ਵਿੱਚ ਜਿਊਣਾ ਹੀ ਕਲਾ ਹੈ। ਜ਼ਿੰਦਗੀ ਵਿੱਚ ਮਨੁੱਖ ਇਮਾਨਦਾਰੀ ਨਾਲ ਤੁਰਿਆ ਜਾਵੇ ਤਾਂ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈ। ਜ਼ਿੰਦਗੀ ਵਿੱਚ ਆਜ਼ਾਦ ਅਤੇ ਸਧਾਰਨ ਰਹਿ ਕੇ ਜੀਵਨ ਜੀਅ ਕੇ ਇਨਸਾਨ ਨੂੰ ਖੁਸ਼ੀ ਦੀ ਪ੍ਰਾਪਤੀ ਲਈ ਇੱਕ ਸੋਹਣੇ ਤੇ ਸਾਫ ਮਨ ਦੀ ਜ਼ਰੂਰਤ ਪੈਂਦੀ ਹੈ। ਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਮਨ ਪ੍ਰਸੰਨ ਹੁੰਦਾ ਹੈ। ਵਿਹਲੇ ਸਮੇਂ ਵਿੱਚ ਇਨਸਾਨ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਨਾ ਚਾਹੀਦਾ ਹੈ। ਫੁੱਲ ਪਤੀਆਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਇਨਸਾਨ ਨੂੰ ਜ਼ਿੰਦਗੀ ਵਿੱਚ ਖੁਸ਼ੀ ਦੀ ਪ੍ਰਾਪਤੀ ਲਈ ਮਿਹਨਤ ਦੀ ਕਮਾਈ ਉੱਤੇ ਨਿਰਭਰ ਰਹਿਣਾ ਚਾਹੀਦਾ ਹੈ। ਖੁਸ਼ੀ ਅਤੇ ਆਨੰਦ ਭਾਗਾਂ ਵਾਲੇ ਇਨਸਾਨਾਂ ਨੂੰ ਨਸੀਬ ਹੁੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਵਰਤਮਾਨ ਵਿੱਚ ਰਹਿੰਦਿਆਂ ਸਵੈ ਕਾਬੂ ਦੀ ਤਾਕਤ ਨਾਲ ਜੀਵਨ ਦਾ ਅਸਲ ਆਨੰਦ ਜ਼ਰੂਰ ਮਾਣਨਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2825)
(ਸਰੋਕਾਰ ਨਾਲ ਸੰਪਰਕ ਲਈ: