“ਜ਼ਿੰਦਗੀ ਦੇ ਔਖੇ ਪਲ ਹਮੇਸ਼ਾ ਨਹੀਂ ਰਹਿੰਦੇ। ਦੁੱਖ ਤਕਲੀਫਾਂ, ਸੰਕਟ ਤੇ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹਨ ...”
(6 ਜਨਵਰੀ 2022)
ਜ਼ਿੰਦਗੀ ਅਨਮੋਲ ਹੈ। ਪ੍ਰਮਾਤਮਾ ਦੀ ਬਖਸ਼ੀ ਹੋਈ ਬਹੁਮੁੱਲੀ ਦਾਤ ਹੈ। ਜ਼ਿੰਦਗੀ ਵਿੱਚ ਹਰੇਕ ਵਿਅਕਤੀ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੱਸਿਆਵਾਂ ਨੂੰ ਹੱਲ ਕਰਨ ਦਾ ਹਰੇਕ ਵਿਅਕਤੀ ਦਾ ਢੰਗ ਤਰੀਕਾ ਵੱਖੋ-ਵੱਖ ਹੁੰਦਾ ਹੈ। ਆਸ਼ਾਵਾਦੀ ਲੋਕ ਕਠਿਨ ਤੋਂ ਕਠਿਨ ਸਮੱਸਿਆਵਾਂ ਦਾ ਹੱਲ ਅਸਾਨੀ ਨਾਲ ਕਰ ਲੈਂਦੇ ਹਨ। ਜਦਕਿ ਨਿਰਾਸ਼ਾਵਾਦੀ ਲੋਕ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ। ਕਈ ਵਾਰ ਸਮੱਸਿਆ ਦਾ ਹੱਲ ਨਾ ਨਿਕਲਣ ’ਤੇ ਖੁਦਕੁਸ਼ੀ ਦਾ ਰਸਤਾ ਵੀ ਅਪਣਾ ਲੈਂਦੇ ਹਨ। ਅਜੋਕੀ ਭੱਜਦੌੜ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਤਣਾਅ ਵਿੱਚ ਰਹਿੰਦੇ ਹਨ। ਦੂਸਰਾ, ਮਹਿੰਗਾਈ ਦੀ ਮਾਰ ਵੀ ਲੋਕਾਂ ਨੂੰ ਸਤਾ ਰਹੀ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ। ਲੋਕਾਂ ਦਾ ਜਿਊਣਾ ਦੁੱਭਰ ਹੋਈ ਜਾਂਦਾ ਹੈ। ਗੱਲ ਕੀ, ਬੱਚੇ, ਨੌਜਵਾਨ, ਬਜ਼ੁਰਗ ਸਾਰੇ ਹੀ ਖੁਦਕੁਸ਼ੀ ਦੇ ਰਾਹ ਪਏ ਹੋਏ ਹਨ। ਘਰੇਲੂ ਹਿੰਸਾ, ਬਿਮਾਰੀ, ਬਜ਼ੁਰਗਾਂ ਦੀ ਬੇਕਦਰੀ ਬੱਚਿਆਂ ਉੱਤੇ ਪੜ੍ਹਾਈ ਦਾ ਬੋਝ, ਵਿਆਹੇ ਜੋੜੇ ਦੀ ਆਪਸ ਵਿੱਚ ਨਾ ਬਣਨੀ, ਬੇਰੁਜ਼ਗਾਰੀ, ਗਰੀਬੀ, ਭੱਖਮਰੀ ਆਦਿ ਅਨੇਕਾਂ ਖੁਦਕੁਸ਼ੀਆਂ ਦੇ ਕਾਰਨ ਹਨ। ਦੁਨੀਆਂ ਭਰ ਵਿੱਚ ਖੁਦਕੁਸ਼ੀਆਂ ਦਾ ਵਧ ਰਿਹਾ ਰੁਝਾਨ ਚਿੰਤਾਜਨਕ ਹੈ।
ਬੀਤੇ ਸਾਲ ਖੁਦਕੁਸ਼ੀਆਂ ਕਰਨ ਵਾਲੇ ਲੋਕਾਂ ਵਿੱਚੋਂ ਕੁਲ 56.7 ਫੀਸਦੀ ਲੋਕਾਂ ਨੇ ਪਰਿਵਾਰਕ ਸਮੱਸਿਆਵਾਂ ਕਰਕੇ ਖੁਦਕੁਸ਼ੀਆਂ ਕੀਤੀਆਂ ਜਦਕਿ 5 ਫੀਸਦੀ ਨੇ ਵਿਆਹ ਸਬੰਧੀ ਸਮੱਸਿਆਵਾਂ ਅਤੇ 18 ਫੀਸਦੀ ਲੋਕਾਂ ਨੇ ਕਿਸੇ ਨਾ ਕਿਸੇ ਬਿਮਾਰੀ ਕਾਰਨ ਜਾਨ ਗਵਾਈ।
ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਅਗਸਤ 2021 ਵਿੱਚ 32.30 ਫੀਸਦੀ ਸੀ। ਭਾਵ ਭਾਰਤ ਦਾ ਹਰ ਤੀਸਰਾ ਨੌਜਵਾਨ ਬੇਰੁਜ਼ਗਾਰ ਹੈ। ਇਹ ਨੌਜਵਾਨ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਜੋ ਕਿ ਜ਼ਿਆਦਾਤਰ ਪਹਿਲਾਂ ਹੀ ਲਾਕਡਾਊਨ, ਅਰਥ ਵਿਵਸਥਾ ਦੀ ਮੰਦਹਾਲੀ ਅਤੇ ਮਹਿੰਗਾਈ ਦੇ ਭੰਨੇ ਹੋਏ ਹਨ। ਦੁਨੀਆਂ ਦੇ ਸਭ ਤੋਂ ਵਧੇਰੇ ਨੌਜਵਾਨ ਆਬਾਦੀ ਵਾਲੇ ਦੇਸ਼ ਵਿੱਚ ਨੌਜਵਾਨਾਂ ਦੇ ਖੁਦਕੁਸ਼ੀਆਂ ਕਰਨ ਦੇ ਇਹ ਅੰਕੜੇ ਘੋਰ ਨਿਰਾਸ਼ਾ ਪੈਦਾ ਕਰਦੇ ਹਨ।
ਭਾਰਤ ਵਿੱਚ ਹਰ ਰੋਜ਼ ਬੱਚੇ ਵੀ ਖੁਦਕੁਸ਼ੀ ਕਰ ਰਹੇ ਹਨ। ਖੁਦਕੁਸ਼ੀ ਦੇ ਵਧ ਰਹੇ ਮਾਮਲਿਆਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਨੇ ਬੱਚਿਆਂ ਵਿੱਚ ਮਨੋਵਿਗਿਆਨਕ ਸਦਮੇ ਨੂੰ ਕਾਫੀ ਹੱਦ ਤਕ ਵਧਾ ਦਿੱਤਾ ਹੈ ਪ੍ਰਸ਼ਾਸਨਿਕ ਅੰਕੜਿਆਂ ਅਨੁਸਾਰ ਸਾਲ 2017 ਤੋਂ ਲੈ ਕੇ ਸਾਲ 2019 ਦੇ ਦਰਮਿਆਨ 14 ਸਾਲ ਤੋਂ 18 ਸਾਲ ਦੀ ਉਮਰ ਦੇ 24568 ਬੱਚਿਆਂ ਨੇ ਖੁਦਕੁਸ਼ੀ ਕੀਤੀ। ਸਾਲ 2020 ਵਿੱਚ 18 ਸਾਲ ਤੋਂ ਘੱਟ ਉਮਰ ਦੇ 4006 ਬੱਚੇ ਪਰਿਵਾਰਕ ਕਲੇਸ਼ ਕਾਰਨ ਖੁਦਕੁਸ਼ੀ ਦਾ ਸ਼ਿਕਾਰ ਹੋਏ।
ਜਨ ਸੰਖਿਆ ਵਿਸਫੋਟ ਕਾਰਨ ਵੀ ਸਮਾਜ ਵਿੱਚ ਨਿਰਾਸ਼ਾ ਦਾ ਦੌਰ ਹੈ। ਹਰ ਖੇਤਰ ਵਿੱਚ ਮੌਕੇ ਘੱਟ ਹਨ ਤੇ ਉਮੀਦਵਾਰ ਵੱਧ ਹਨ। ਪਿਛਲੇ ਵਰ੍ਹੇ 14 ਲੱਖ 10 ਹਜ਼ਾਰ 755 ਵਿਦਿਆਰਥੀਆਂ ਨੇ ਨੀਟ ਇਮਤਿਹਾਨ ਦਿੱਤਾ। 139 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਐੱਮ.ਬੀ.ਬੀ.ਐਸ ਸੀਟਾਂ ਸਿਰਫ 79855 ਹੀ ਹਨ। ਬੀ.ਡੀ.ਐੱਸ. ਸੀਟਾਂ 26949 ਹਨ। ਐੱਮ.ਡੀ., ਐੱਮ.ਐੱਸ., ਪੀ.ਜੀ. ਡਿਪਲੋਮਾ ਸੀਟਾਂ ਸਿਰਫ 36000 ਹਨ। ਕਰੋਨਾ ਕਹਿਰ ਅਤੇ ਤਾਲਾਬੰਦੀ ਦੇ ਦੌਰ ਵਿੱਚ ਹਰ ਪਾਸਿਉ ਆ ਰਹੀਆਂ ਉਦਾਸ ਖ਼ਬਰਾਂ ਕਾਰਨ ਸਮਾਜ ਵਿੱਚ ਬੇਚੈਨੀ, ਟਕਰਾਅ ਅਤੇ ਘਰੇਲੂ ਹਿੰਸਾ ਵਧੀ ਹੈ। ਖੁਦਕੁਸ਼ੀਆਂ ਦਾ ਮੁੱਖ ਕਾਰਨ ਘਰੇਲੂ ਪ੍ਰੇਸ਼ਾਨੀ ਹੈ।
ਮੁਲਕ ਭਰ ਵਿੱਚ ਅੱਜ ਬੱਚਿਆਂ ਦੀ ਵਿਦੇਸ਼ਾਂ ਨੂੰ ਦੌੜ ਲੱਗੀ ਹੋਈ ਹੈ। ਪਿੰਡਾਂ, ਸ਼ਹਿਰਾਂ, ਗਲੀਆਂ ਤੇ ਮਹੁੱਲਿਆ ਵਿੱਚ ਹਰ ਤੀਜੇ ਘਰ ਵਿੱਚੋਂ ਬੱਚੇ ਵਿਦੇਸ਼ਾਂ ਵਿੱਚ ਗਏ ਹੋਏ ਹਨ ਤੇ ਘਰ ਵਿੱਚ ਸਿਰਫ ਬਿਰਧ ਹੀ ਨਜ਼ਰ ਆਉਂਦੇ ਹਨ। ਅੱਜ ਹਰ ਘਰ ਬਿਰਧ ਆਸ਼ਰਮ ਬਣਿਆ ਹੋਇਆ ਹੈ। ਗਰੀਬ ਜਾਂ ਮੱਧ ਵਰਗ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਅਜਿਹਾ ਕਰਨ ਵਾਸਤੇ ਉਹ ਆਪਣੀ ਜ਼ਮੀਨ ਜਾਇਦਾਦ ਵੇਚਕੇ ਜਾਂ ਗਹਿਣੇ ਰੱਖਕੇ ਵਿੱਤੋਂ ਬਾਹਰ ਜਾ ਕੇ ਵੀ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਇਹ ਬੱਚੇ ਮੁਲਕ ਵਿੱਚ ਰਹਿ ਕੇ ਕੋਈ ਕੰਮ ਕਰਨ ਲਈ ਤਿਆਰ ਨਹੀਂ ਹਨ। ਉਹੀ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਬੁਰੇ ਹਾਲਾਤ ਵਿੱਚ ਰਹਿੰਦੇ ਹਨ ਅਤੇ ਮਾੜੇ ਤੋਂ ਮਾੜਾ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਇਸ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਮੰਦੇ ਭਾਗਾਂ ਨੂੰ ਜੇ ਬੱਚਾ ਉੱਥੇ ਜਾ ਕੇ ਨਾ ਟਿਕ ਸਕੇ ਤਾਂ ਮਾਪਿਆਂ ਵੱਲੋਂ ਚੁੱਕਿਆ ਹੋਇਆ ਕਰਜ਼ਾ ਉਮਰ ਭਰ ਉਨ੍ਹਾਂ ਲਈ ਬੋਝ ਬਣਿਆ ਰਹਿੰਦਾ ਹੈ ਤੇ ਕਈ ਵਾਰ ਤਾਂ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਘਰ ਦਾ ਕੋਈ ਨਾ ਕੋਈ ਜੀਅ ਖੁਦਕੁਸ਼ੀ ਕਰਨ ਲਈ ਮਜ਼ਬੁਰ ਹੋ ਜਾਂਦਾ ਹੈ।
ਕੁਝ ਬੱਚਿਆਂ ਦੇ ਖੁਦਕੁਸ਼ੀ ਕਰਨ ਪਿੱਛੇ ਵਿਚਾਰਕ ਮਤਭੇਦ, ਵਿਚਾਰਧਾਰਕ, ਮਤਭੇਦ, ਸਰੀਰਕ ਸੋਸ਼ਣ, ਮਹਿੰਗਾਈ, ਬੇਰੁਜ਼ਗਾਰੀ, ਬਾਂਝਪਨ, ਨਿਪੁੰਸਨਤਾ ਅਤੇ ਨਸ਼ਾਖੋਰੀ ਵਰਗੇ ਹੋਰ ਬਹੁਤ ਸਾਰੇ ਖੁਦਕੁਸ਼ੀ ਦਾ ਕਾਰਨ ਬਣਦੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦੀ ਅਣਗਹਿਲੀ, ਅਧਿਆਪਕਾਂ ਦੀ ਅਣਗਹਿਲੀ ਵਾਲਾ ਰਵੱਈਆ, ਉੱਚ ਪੱਧਰੀ ਦੋਸਤਾਂ ਦੀ ਹੀਣਤਾ, ਇਮਤਿਹਾਨ ਵਿੱਚ ਚੰਗੇ ਰੈਕ ਲੈਣ ਵਿੱਚ ਅਸਫਲਤਾ, ਭਾਵਨਾਤਮਕ ਤਣਾਅ ਆਦਿ ਖੁਦਕੁਸ਼ੀ ਦੇ ਕਾਰਨ ਹਨ। ਮਾਹਰਾਂ ਮੁਤਾਬਿਕ ਕਰੋਨਾ ਕਾਰਨ ਸਕੂਲ ਬੰਦ ਹੋਣ ਅਤੇ ਖੇਡਾਂ ਸਬੰਧੀ ਮੁਕਾਬਲੇ ਠੱਪ ਹੋਣ ਕਾਰਨ ਬੱਚਿਆਂ ਦਾ ਮਨਸਿਕ ਤੇ ਸਰੀਰਕ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਂ ਹੈ। ਬਾਲ ਸਰੁੱਖਿਆ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ‘ਸੇਵ ਦਾ ਚਿਲਡਰਨ’ ਦੇ ਉਪਨਿਰਦੇਸ਼ਕ ਪ੍ਰਭਾਤ ਕੁਮਾਰ ਨੇ ਕਿਹਾ ਕਿ ਕੋਵਿਡ ਕਾਰਨ ਸਕੂਲ ਬੰਦ ਹੋਣ ਤੋਂ ਇਲਾਵਾ ਸਮਾਜਿਕ ਇਕਾਂਤਵਾਸ ਦੇ ਕਾਰਨ ਬੱਚਿਆਂ ਸਮੇਤ ਵੱਡੀਆਂ ਦੀ ਮਾਨਸਿਕ ਸਿਹਤ ਬੁਰੀ ਤਰ੍ਹਾਂ ਪ੍ਰਬਾਵ ਹੋਈ ਹੈ। ਖੁਦਕੁਸ਼ੀਆਂ ਦੇ ਜਨੂੰਨ ਨੂੰ ਰੋਕਣ ਲਈ ਨਿਰੰਤਰ ਯਤਨਾਂ ਦੀ ਲੋੜ ਹੈ। ਇਸ ਰੁਝਾਨ ਨੂੰ ਰੋਕਣ ਲਈ ਮਾਪੇ ਅਤੇ ਸਰਪ੍ਰਸਤ ਅਹਿਮ ਭੂਮਿਕਾ ਨਿਭਾ ਸਕਦੇ ਹਨ। ਬੱਚਿਆਂ ਨੂੰ ਮੌਤ ਦਾ ਰਾਹ ਅਪਣਾਉਣ ਦੇ ਰੁਝਾਨ ਨੂੰ ਰੋਕਣ ਲਈ ਜਿੱਥੇ ਸਰਕਾਰੀ ਪੱਧਰ ’ਤੇ ਠੋਸ ਸਿੱਖਿਆ ਨੀਤੀ ਬਣਾਉਣ ਦੀ ਲੋੜ ਹੈ, ਉੱਥੇ ਠੋਸ ਕਦਮ ਚੁੱਕਣ ਅਤੇ ਲਗਾਤਾਰ ਯਤਨ ਕਰਨ ਦੀ ਲੋੜ ਹੈ।
ਸਮਾਜ ਵਿੱਚ ਖੁਦਕੁਸ਼ੀ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਮਾਹੌਲ ਇੰਨਾ ਨਿੱਘਰ ਗਿਆ ਹੈ ਕਿ ਅੱਲੜ੍ਹ ਉਮਰ ਦੇ ਬੱਚੇ ਵੀ ਵੱਡਿਆਂ ਨੂੰ ਦੇਖਕੇ, ਉਸੇ ਰਾਹ ਤੁਰਦੇ ਜਾ ਰਹੇ ਹਨ। ਸਮਾਜਿਕ ਮਾਨਤਾਵਾਂ ਨੂੰ ਉਲੰਘਕੇ ਕਈ ਵਿਆਹੇ ਵਰੇ ਮਰਦ ਅਤੇ ਔਰਤਾਂ ਨਜਾਇਜ਼ ਸਬੰਧਾਂ ਕਾਰਨ, ਬਦਨਾਮੀ ਦੇ ਡਰੋਂ ਇਕੱਠੇ ਆਤਮ ਹੱਤਿਆ ਕਰਕੇ ਸਮਾਜ ਨੂੰ ਨਿਘਾਰ ਤੇ ਨਿਰਾਸ਼ਾ ਵੱਲ ਧੱਕ ਰਹੇ ਹਨ। ਜ਼ਿੰਦਗੀ ਦੇ ਸਭ ਸੁਖ ਮਾਣਦਿਆਂ ਵੀ ਕਈ ਵਿਅਕਤੀ, ਅਜੋਕੀ ਤਣਾਓ ਗ੍ਰਸਤ ਜੀਵਨ ਜਾਂਚ ਅਤੇ ਅੰਤਰ ਮੁਖੀ ਵਿਵਹਾਰ ਕਾਰਨ ਜ਼ਿੰਦਗੀ ਨੂੰ ਭੰਗ ਦੇ ਭਾਣੇ ਗੁਆ ਬੈਠਦੇ ਹਨ। ਸੰਕਟ ਕਿੰਨਾ ਵੀ ਡੂੰਘਾ ਹੋਵੇ ਪਰ ਆਸਾਂ ਦੇ ਦੀਵੇ ਬੁਝਾਕੇ ਮੌਤ ਦੀ ਅੰਨ੍ਹੀ ਗਲੀ ਵੱਲ ਤੁਰ ਪੈਣਾ ਕਿਸੇ ਤਰ੍ਹਾਂ ਵਾਜਬ ਨਹੀਂ ਕਿਹਾ ਜਾ ਸਕਦਾ।
ਮਿਹਨਤ ਤੇ ਮੁਸ਼ੱਕਤ ਨਾਲ ਲਹੂ ਪਸੀਨਾ ਇੱਕ ਕਰਕੇ ਕਿਸਾਨਾਂ ਦੀਆਂ ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਸੰਵੇਦਨਾ ਨਾਲ ਭਰੇ ਹਰ ਮਨ ਨੂੰ ਵਲੂੰਧਰ ਰਹੀਆਂ ਹਨ। 2020 ਵਿੱਚ 5579 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਕਦੇ ਨਕਲੀ ਬੀਜ, ਨਕਲੀ ਦਵਾਈਆਂ, ਕਦੇ ਕੁਦਰਤੀ ਕਰੋਪੀਆਂ ਤੇ ਪਾਲੀ ਫਸਲ ਦਾ ਯੋਗ ਮੁੱਲ ਨਾ ਮਿਲਣ ਕਰਕੇ ਸੰਕਟ ਕਿਸਾਨਾਂ ਦਾ ਸਾਹ ਸੂਤ ਲੈਂਦੇ ਹਨ। ਕਰਜ਼ੇ ਦੀਆਂ ਟੁੱਟੀਆਂ ਕਿਸ਼ਤਾਂ, ਵਿਆਹ ਸ਼ਾਦੀਆਂ ਤੇ ਘਰ ਪਰਿਵਾਰ ਦੇ ਅਨੇਕਾਂ ਖਰਚੇ ਪੂਰੇ ਕਰਨ ਦੀਆਂ ਜਮ੍ਹਾਂ ਤਕਸੀਮਾਂ ਵਿੱਚ ਉਲਝਿਆ ਧਰਤੀ ਪੁੱਤਰ ਕਈ ਵਾਰ ਹਾਰ ਜਾਂਦਾ ਹੈ। ਤੇ ਫਸਲ ਦੇ ਕੀੜਿਆਂ ਨੂੰ ਮਾਰਨ ਵਾਲੀ ਜ਼ਹਿਰ ਦਾ ਘੁੱਟ ਭਰ ਕੇ ਆਪ ਤਾਂ ਮੁਕਤ ਹੋ ਜਾਂਦਾ ਹੈ। ਪਰ ਆਪਣੇ ਪਰਿਵਾਰ ਤੇ ਧੀਆਂ ਪੁੱਤਰਾਂ ਨੂੰ ਗਹਿਰੇ ਦੁੱਖਾਂ ਦਰਦਾਂ ਦੇ ਥਪੇੜੇ ਖਾਣ ਲਈ ਛੱਡ ਜਾਂਦਾ ਹੈ। ਪਰ ਖੁਦਕੁਸ਼ੀ ਵਰਗਾਂ ਸਿਰੇ ਦਾ ਕਦਮ, ਜਿੱਥੇ ਕੁਦਰਤ ਦੇ ਨਿਯਮਾਂ ਦੇ ਖਿਲਾਫ ਹੈ, ਉੱਥੇ ਕਿਸੇ ਮਨੁੱਖ ਵੱਲੋਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੀ ਥਾਂ ਜ਼ਿੰਦਗੀ ਅੱਗੇ ਹਾਰ ਜਾਣ ਦੀ ਨਮੋਸ਼ੀ ਦਾ ਸਬੱਬ ਵੀ ਬਣਦਾ ਹੈ।
ਅਜਿਹੇ ਵਿੱਚ ਜ਼ਰੂਰੀ ਹੈ ਕਿ ਸਮਾਜ ਵਿੱਚ ਫੈਲ ਰਹੀ ਅਸਮਾਨਤਾ ਦੂਰ ਕੀਤੀ ਜਾਵੇ। ਰੁਜ਼ਗਾਰ ਦੇ ਮੌਕੇ ਵਧਾਏ ਜਾਣ। ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਂਦੀ ਜਾਵੇ ਅਤੇ ਤਣਾਅ ਘਟਾਇਆ ਜਾਵੇ। ਸੰਜੀਦਾ ਉਪਰਾਲਿਆਂ ਸਦਕਾ ਹੀ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਜਾਂ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ ਖੁਦ ਮਰਨ ਤੋਂ ਪਹਿਲਾਂ ਦੂਜਿਆਂ ਨੂੰ ਮਾਰਨ ਦੀ ਬਿਰਤੀ ਰੋਕਣ ਲਈ ਵੀ ਨਾ ਸਿਰਫ ਸਰਕਾਰਾਂ ਦੇ ਪੱਧਰ ’ਤੇ ਕਦਮ ਚੁੱਕੇ ਜਾਣ ਬਲਕਿ ਸਮਾਜਿਕ ਤੌਰ ’ਤੇ ਵੀ ਇਨ੍ਹਾਂ ਕਾਰਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹੱਲ ਕਰਨ ਵਾਲੇ ਪਾਸੇ ਤੁਰਨਾ ਚਾਹੀਦਾ ਹੈ ਤਾਂ ਜੋ ਬੇਸ਼ਕੀਮਤੀ ਜਾਨਾਂ ਅਜਾਈਂ ਨਾ ਜਾਣ। ਜ਼ਿੰਦਗੀ ਦਾ ਸਫਰ ਤਾਂ ਅੱਜ ਤਪਦੇ ਥਲ ਅਤੇ ਨੰਗੇ ਪੈਰ ਵਾਂਗ ਹੈ। ਜ਼ਿੰਦਗੀ ਵਿੱਚ ਵਿਅਕਤੀ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਖੁਦਕੁਸ਼ੀ ਬਾਰੇ ਤਾਂ ਕਦੇ ਵੀ ਸੋਚਣਾ ਹੀ ਨਹੀਂ ਚਾਹੀਦਾ। ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਨਿਰਾਸ਼ਾ ਦਾ ਦੌਰ ਆਉਂਦਾ ਹੈ। ਪਰ ਇਹ ਨਿਰਾਸ਼ਾ ਦਾ ਦੌਰ ਜ਼ਿੰਦਗੀ ਵਿੱਚ ਸਦਾ ਨਹੀਂ ਰਹਿੰਦਾ। ਜ਼ਿੰਦਗੀ ਦੇ ਔਖੇ ਪਲ ਹਮੇਸ਼ਾ ਨਹੀਂ ਰਹਿੰਦੇ। ਦੁੱਖ ਤਕਲੀਫਾਂ, ਸੰਕਟ ਤੇ ਪਰੇਸ਼ਾਨੀਆਂ ਜ਼ਿੰਦਗੀ ਦਾ ਹਿੱਸਾ ਹਨ, ਇਹਨਾਂ ਵਿੱਚੋਂ ਨਿਕਲਣ ਲਈ ਕੋਈ ਰਾਹ ਤਲਾਸ਼ਣਾ ਹੀ ਸਿਆਣਪ ਹੈ। ਕਿਸੇ ਦੁੱਖ ਵਿੱਚ ਜ਼ਿੰਦਗੀ ਵੱਲ ਪਿੱਠ ਕਰ ਲੈਣੀ ਕੁਦਰਤ ਤੇ ਜ਼ਿੰਦਗੀ ਦੋਹਾਂ ਦਾ ਅਪਮਾਨ ਹੈ। ਇਸ ਰੰਗਲੀ ਦੁਨੀਆ ਵਿੱਚੋਂ ਕਿਸੇ ਦਾ ਜਾਣ ਨੂੰ ਦਿਲ ਨਹੀਂ ਕਰਦਾ। ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਜਿੰਨੀ ਮਰਜ਼ੀ ਤੰਗੀ ਤੁਰਸ਼ੀ ਹੋਵੇ, ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਹਰ ਕਿਸੇ ਨੂੰ ਆਪਣੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਸਕਾਰਾਤਮਕ ਸੋਚ ਅਪਣਾ ਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿੱਚ ਹੀ ਸਰਬੱਤ ਦਾ ਭਲਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3258)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































