“ਦਿਨ-ਬ-ਦਿਨ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਟ ਚੜ੍ਹੇ ਵਪਾਰੀ ...”
(24 ਅਗਸਤ 2021)
ਪਰਵਾਸ ਦਾ ਰੁਝਾਨ ਨਵਾਂ ਨਹੀਂ ਹੈ। ਇਹ ਪਹਿਲਾਂ ਤੋਂ ਹੀ ਚਲਿਆ ਆ ਰਿਹਾ ਹੈ। ਇੱਕ ਦੇਸ਼ ਤੋਂ ਦੂਸਰੇ ਦੇਸ਼ ਲੋਕ ਪਰਵਾਸ ਕਰਦੇ ਹੀ ਰਹਿੰਦੇ ਹਨ। ਪਰ ਪਿਛਲੇ ਦੋ ਦਹਾਕਿਆਂ ਤੋਂ ਪ੍ਰਵਾਸ ਦਾ ਰੁਝਾਨ ਬਹੁਤ ਵਧ ਗਿਆ ਹੈ। ਭਾਰਤ ਵਿੱਚੋਂ ਬੱਚੇ, ਨੌਜਵਾਨ ਲੜਕੇ ਅਤੇ ਲੜਕੀਆਂ, ਬਿਰਧ, ਅਰਬਪਤੀ ਲਗਾਤਾਰ ਪਰਵਾਸ ਕਰ ਰਹੇ ਹਨ। ਕਰੋਨਾ ਕਾਲ ਵਿੱਚ ਕਰੋੜਪਤੀ ਤੇਜ਼ੀ ਨਾਲ ਦੇਸ਼ ਛੱਡ ਰਹੇ ਹਨ। ਗਲੋਬਲ ਵੈਲਥ ਮਾਈਗਰੇਸ਼ਨ ਰੀਵਿਊ ਰਿਪੋਰਟ ਮੁਤਾਬਿਕ ਭਾਰਤ ਦੇ ਕੁਲ ਕਰੋੜਪਤੀਆਂ ਵਿੱਚੋਂ ਦੋ ਫੀਸਦੀ ਨੇ ਸੰਨ 2020 ਵਿੱਚ ਦੇਸ਼ ਛੱਡ ਦਿੱਤਾ ਹੈ। ਹYਨਰੀ ਐਂਡ ਪਾਰਟਨਰਸ ਦੀ ਰਿਪੋਰਟ ਮੁਤਾਬਿਕ ਸੰਨ 2020 ਵਿੱਚ ਸੰਨ 2019 ਦੀ ਤੁਲਨਾ ਵਿੱਚ 63 ਫੀਸਦੀ ਜ਼ਿਆਦਾ ਭਾਰਤੀਆਂ ਨੇ ਦੇਸ਼ ਛੱਡਣ ਲਈ ਇਨਕੁਆਰੀ ਕੀਤੀ। ਹਾਲਾਂਕਿ ਉਡਾਣ ਬੰਦ ਹੋਣ ’ਤੇ ਤਾਲਾਬੰਦੀ ਦੇ ਚੱਲਦਿਆਂ ਕਈ ਦਸਤਾਵੇਜ਼ੀ ਸਬੰਧਿਤ ਕੰਮ ਦੀ ਧੀਮੀ ਗਤੀ ਦੇ ਚੱਲਦਿਆਂ 2020 ਵਿੱਚ 5 ਤੋਂ 6 ਹਜ਼ਾਰ ਅਮੀਰਾਂ ਨੇ ਦੇਸ਼ ਛੱਡਿਆ।
ਇਸ ਤੋਂ ਪਹਿਲਾਂ 2015 ਤੋਂ 2019 ਵਿਚਾਲੇ 29 ਹਜ਼ਾਰ ਤੋਂ ਜ਼ਿਆਦਾ ਕਰੋੜਪਤੀਆਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ। ਜਾਣਕਾਰੀ ਅਨੁਸਾਰ ਕਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਇਨਕੁਆਰੀ ਤੇਜ਼ ਹੋ ਗਈ ਹੈ। 2021 ਵਿੱਚ ਪਿਛਲੇ ਸਾਲ ਤੋਂ ਵੀ ਜ਼ਿਆਦਾ ਅਮੀਰ ਦੇਸ਼ ਛੱਡ ਸਕਦੇ ਹਨ।
ਹੈਨਰੀ ਐਂਡ ਪਾਰਟਨਰਸ ਦੀ ਰਿਪੋਰਟ ਮੁਤਾਬਿਕ ਭਾਰਤ ਦੇ ਲੋਕਾਂ ਨੇ ਕੈਨੇਡਾ, ਪੁਰਤਗਾਲ, ਆਸਟਰੀਆ, ਮਾਲਟਾ, ਤੁਰਕੀ, ਅਮੀਰਕਾ ਤੇ ਇੰਗਲੈਂਡ ਵਿੱਚ ਵਸਣ ਦੀ ਸਭ ਤੋਂ ਜ਼ਿਆਦਾ ਜਾਣਕਾਰੀ ਇਕੱਤਰ ਕੀਤੀ ਹੈ। ਭਾਰਤ ਵਿੱਚ ਰੁਜ਼ਗਾਰ ਦੀ ਦਰ ਪਹਿਲਾਂ ਤੋਂ ਹੀ ਖਰਾਬ ਹੈ। ਅਜਿਹੇ ਵਿੱਚ ਅਮੀਰਾਂ ਦਾ ਵਪਾਰ ਨੂੰ ਕਿਤੇ ਹੋਰ ਲਿਜਾਣਾ ਇੱਥੇ ਬੇਰੁਜ਼ਗਾਰੀ ਦੀ ਦਰ ਨੂੰ ਹੋਰ ਵਧਾਏਗਾ। ਇਸ ਨਾਲ ਭਾਰਤ ਵਿੱਚ ਅਮੀਰ ਤੇ ਗਰੀਬ ਦਾ ਅੰਤਰ ਹੋਰ ਵਧੇਗਾ। ਅਮੀਰ ਵੱਡਾ ਹਿੱਸਾ ਟੈਕਸ ਦਾ ਬਚਾਉਣ ਲਈ ਦੇਸ਼ ਛੱਡਦੇ ਹਨ। ਇਸ ਨਾਲ ਟੈਕਸ ਕੁਲੈਕਸ਼ਨ ਘਟ ਜਾਂਦਾ ਹੈ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਸਿੰਗਾਪੁਰ, ਹਾਂਗਕਾਂਗ, ਬਰਤਾਨੀਆਂ ਤੇ ਕੋਰੀਆ ਵਿੱਚ ਟੈਕਸ ਪ੍ਰਣਾਲੀ ਬਹੁਤ ਸਧਾਰਨ ਹੈ। ਇਸ ਲਈ ਲੋਕ ਆਪਣਾ ਦੇਸ਼ ਛੱਡ ਇਨ੍ਹਾਂ ਦੇਸ਼ਾਂ ਵਿੱਚ ਕਾਰੋਬਾਰ ਸਥਾਪਿਤ ਕਰਨ ਚਲੇ ਜਾਂਦੇ ਹਨ।
ਐਫਰੋ ਏਸ਼ਿਆਈ ਬੈਂਕ ਅਨੁਸਾਰ ਅਮੀਰਾਂ ਦੇ ਪਰਵਾਸ ਦਾ ਇੱਕ ਕਾਰਨ ਸੁਰੱਖਿਆ ਹੈ। ਜੇ ਅਮੀਰਾਂ ਦੇ ਪਰਿਵਾਰਾਂ ਨੂੰ ਖਾਸ ਕਰਕੇ ਔਰਤਾਂ ਤੇ ਬੱਚਿਆਂ ਨੂੰ ਸੁਰੱਖਿਆ ਨਹੀਂ ਮਿਲਦੀ ਤਾਂ ਉਹ ਪਰਵਾਸ ਕਰਨਾ ਚਾਹੁੰਦੇ ਹਨ। ਦੂਸਰਾ ਕਾਰਨ ਮਾਹੌਲ ਦੱਸਿਆ ਗਿਆ ਹੈ। ਜਦੋਂ ਕਿਸੇ ਵੀ ਦੇਸ਼ ਵਿੱਚ ਵੱਖੋ ਵੱਖ ਧਰਮਾਂ ਵਿੱਚ ਵਿਵਾਦ ਚਲਦਾ ਹੈ ਤਾਂ ਸਮਾਜਿਕ ਢਾਂਚਾ ਵਿਗੜ ਜਾਂਦਾ ਹੈ ਤੇ ਅਸੁਰੱਖਿਆ ਦਾ ਮਾਹੌਲ ਬਣ ਜਾਂਦਾ ਹੈ। ਤੀਸਰਾ ਕਾਰਨ ਖੁੱਲ੍ਹਾ ਮਾਹੌਲ ਦੱਸਿਆ ਗਿਆ ਹੈ। ਅਮੀਰ ਲੋਕ ਖੁੱਲ੍ਹੇ ਮਾਹੌਲ ਵਿੱਚ ਜਿਊਣਾ ਚਾਹੁੰਦੇ ਹਨ। ਚੌਥਾ ਕਾਰਨ ਦੱਸਿਆ ਗਿਆ ਹੈ ਕਿ ਜਦੋਂ ਕਿਸੇ ਦੇਸ਼ ਵਿੱਚ ਆਰਥਿਕ ਵਿਕਾਸ ਦੀ ਗਤੀ ਧੀਮੀ ਹੁੰਦੀ ਹੈ ਤਾਂ ਰੁਜ਼ਗਾਰ ਦੇ ਮੌਕੇ ਵੀ ਘੱਟ ਹੋ ਜਾਂਦੇ ਹਨ ਤੇ ਗਰੀਬੀ ਵੀ ਵਧਦੀ ਹੈ ਇਸ ਨਾਲ ਦੁਬਾਰਾ ਅਸੁਰੱਖਿਆ ਦਾ ਮਾਹੌਲ ਬਣਦਾ ਹੈ। ਇਨ੍ਹਾਂ ਕਾਰਨਾਂ ’ਤੇ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਨੌਜਵਾਨਾਂ ਅੰਦਰ ਵੀ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਹੁਤ ਵਧ ਗਿਆ ਹੈ। ਦੇਸ਼ ਦੇ ਸਿਸਟਮ ਤੋਂ ਅੱਕੇ ਨੌਜਵਾਨ ਵਿਦੇਸ਼ ਜਾ ਰਹੇ ਹਨ। ਅਫਸੋਸ ਕਿ ਅਸੀਂ ਆਪਣੇ ਦੇਸ਼ ਦੇ ਸਿਸਟਮ ਨੂੰ ਨੌਜਵਾਨਾਂ ਦੇ ਅਨਕੁਲ ਨਹੀਂ ਰੱਖ ਸਕੇ। ਇੱਥੇ ਮਨੁੱਖ ਦੀਆਂ ਲਾਲਸਾਵਾਂ ਕਾਰਨ ਸਮਾਜ, ਸਿਆਸਤ ਅਤੇ ਵਾਤਾਵਰਣ ਸਮੇਤ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਜਾਣ ਨੂੰ ਕਾਹਲੇ ਇਹ ਨੌਜਵਾਨ ਆਪਣੇ ਦੇਸ਼ ਵਿੱਚ +2 ਪਾਸ ਕਰਦਿਆਂ ਹੀ ਅੰਡਰ ਗੈਜੂਏਟ ਕੋਰਸਾਂ ਲਈ ਉਡਾਰੀ ਮਾਰ ਜਾਂਦੇ ਹਨ। ਦੂਜੇ ਪਾਸੇ ਸਾਡੇ ਦੇਸ਼ ਵਿੱਚ ਰਹਿ ਕੇ ਨੌਜਵਾਨ ਗੈਜੂਏਟ ਜਾਂ ਹੋਰ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ। ਇੱਕ ਚਪੜਾਸੀ ਦੀ ਆਸਾਮੀ ਲਈ ਲੱਖਾਂ ਦੀ ਤਾਦਾਦ ਵਿੱਚ ਫਾਰਮ ਭਰੇ ਜਾਂਦੇ ਹਨ। ਇਨ੍ਹਾਂ ਫਾਰਮ ਭਰਨ ਵਾਲਿਆਂ ਵਿੱਚ ਬਹੁਗਿਣਤੀ ਗੈਜੂਏਟ ਤੇ ਪੋਸਟ ਗੈਜੂਏਟ ਦੀ ਹੁੰਦੀ ਹੈ।
ਪਿਛਲੇ ਪੰਜ ਸਾਲਾਂ ਦੌਰਾਨ ਮੁਲਕ ਭਰ ਵਿੱਚੋਂ ਲੱਖਾਂ ਵਿਦਿਆਰਥੀ ਸਟਡੀ ਵੀਜ਼ੇ ’ਤੇ ਵਿਦੇਸ਼ ਜਾ ਚੁੱਕੇ ਹਨ ਅਤੇ ਹੁਣ ਵੀ ਇਹ ਸਿਲਸਿਲਾ ਜਾਰੀ ਹੈ। ਇਸ ਸਮੇਂ ਦੌਰਾਨ ਗੁਜਰਾਤ ਤੋਂ 1,71,146, ਦਿੱਲੀ ਤੋਂ 1,54,327, ਚੰਡੀਗੜ੍ਹ ਤੋਂ 1,14,900, ਉੱਤਰ ਪ੍ਰਦੇਸ਼ ਤੋਂ 81530, ਪੱਛਮੀ ਬੰਗਾਲ ਤੋਂ 58,148 ਵਿਦਿਆਰਥੀ ਸਟਡੀ ਵੀਜ਼ੇ ਤੋਂ ਵਿਦੇਸ਼ ਚਲੇ ਗਏ ਹਨ। ਉਕਰੋਕਤ ਸਮੇਂ ਦੌਰਾਨ ਮੁਲਕ ਭਰ ਵਿੱਚੋ 21.96 ਲੱਖ ਵਿਦਿਆਰਥੀ ਸਟਡੀ ਵੀਜ਼ੇ ’ਤੇ ਵਿਦੇਸ਼ ਚਲੇ ਗਏ ਹਨ। ਇਹਨਾਂ ਵਿੱਚੋਂ 2.62 ਲੱਖ ਵਿਦਿਆਰਥੀ ਸਟਡੀ ਵੀਜ਼ੇ ਤੇ ਇਕੱਲੇ ਪੰਜਾਬ ਵਿੱਚੋਂ ਗਏ ਹਨ। ਪੰਜਾਬ ਵਿੱਚੋਂ ਔਸਤਨ ਹਰ 20ਵੇਂ ਘਰ ਦਾ ਜਵਾਨ ਜੀਅ ਸਟਡੀ ਵੀਜ਼ੇ ’ਤੇ ਵਿਦੇਸ਼ ਪੜ੍ਹਾਈ ਕਰ ਰਿਹਾ ਹੈ। ਰਿਪੋਰਟ ਅਨੁਸਾਰ ਸਾਲ 2016 ਵਿੱਚ ਜਿੱਥੇ ਪੰਜਾਬ ਵਿੱਚੋਂ ਔਸਤਨ ਰੋਜ਼ਾਨਾ 100 ਵਿਦਿਆਰਥੀ ਵਿਦੇਸ਼ ਜਾਣ ਲਈ ਜਹਾਜ਼ ਚੜ੍ਹਦੇ ਸਨ, ਉੱਥੇ ਸਾਲ 2017 ਵਿੱਚ ਇਹ ਗਿਣਤੀ ਰੋਜ਼ਾਨਾ ਵਧ ਕੇ 142 ਵਿਦਿਆਰਥੀ ਹੋ ਗਈ। ਇਸ ਤਰ੍ਹਾਂ ਮੁਲਕ ਭਰ ਵਿੱਚੋਂ ਸਟਡੀ ਵੀਜ਼ੇ ਤੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਵਿੱਚ ਸਾਲ 2018 ਵਿੱਚ ਪੰਜਾਬ ਦੂਜੇ ਅਤੇ ਸਾਲ 2019 ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ। ਜੇਕਰ ਔਸਤਨ 15 ਲੱਖ ਰੁਪਏ ਪ੍ਰਤੀ ਵਿਦਿਆਰਥੀ ਖਰਚਾ ਮੰਨੀਏ ਤਾਂ ਪੰਜਾਬ ਵਿੱਚੋਂ ਪਿਛਲੇ ਪੰਜ ਸਾਲਾਂ ਦੌਰਾਨ 3930 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ ਜਾ ਚੁੱਕਾ ਹੈ।
ਰੁਜ਼ਗਾਰ ਸਬੰਧੀ ਕੋਈ ਠੋਸ ਨੀਤੀ ਨਾ ਹੋਣ ਕਾਰਨ ਨੌਜਵਾਨਾਂ ਨੇ ਵਿਦੇਸ਼ ਵੱਲ ਮੂੰਹ ਕਰ ਲਿਆ ਹੈ। ਮੁਲਕ ਭਰ ਵਿੱਚ ਸਰਕਾਰੀ ਅਦਾਰਿਆਂ ਵਿੱਚ ਨਿਗੂਣੀ ਤਨਖਾਹ ’ਤੇ ਠੇਕੇ ’ਤੇ ਭਰਤੀ ਕੀਤੀ ਜਾ ਰਹੀ ਹੈ। ਪੜ੍ਹੇ ਲਿਖੇ ਮੁੰਡੇ ਕੁੜੀਆਂ ਨਿੱਜੀ ਅਦਾਰਿਆਂ ਵਿੱਚ ਪੰਜ ਸੱਤ ਹਜ਼ਾਰ ਦੀ ਨੌਕਰੀ ਕਰਨ ਲਈ ਮਜਬੂਰ ਹਨ। ਨੌਜਵਾਨ ਲੜਕੇ ਲੜਕੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੇਬਰ ਬਿਊਰੋ ਦੇ ਅੰਕੜਿਆਂ ਮੁਤਾਬਿਕ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਬੇਰੁਜ਼ਗਾਰਾ ਵਾਲਾ ਦੇਸ਼ ਬਣ ਚੁੱਕਾ ਹੈ। ਦੇਸ਼ ਵਿੱਚ ਨੌਕਰੀਆਂ ਦਿਨ ਬਦਿਨ ਘਟ ਰਹੀਆਂ ਹਨ। ਸਵੈ ਰੁਜ਼ਗਾਰ ਦੇ ਮੌਕੇ ਨੌਜਵਾਨਾਂ ਨੂੰ ਨਹੀਂ ਮਿਲ ਰਹੇ। ਭਾਵੇਂ ਭਾਰਤ ਦਾ ਅਰਥਚਾਰਾ ਦੁਨੀਆਂ ਭਰ ਵਿੱਚ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ ਪਰ ਫਿਰ ਵੀ ਅਰਥਚਾਰਾ ਰੁਜ਼ਗਾਰ ਪੈਦਾ ਨਹੀਂ ਕਰ ਰਿਹਾ ਹੈ। ਮੁਲਕ ਦੀ 65 ਫੀਸਦੀ ਆਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਵ ਭਾਰਤ ਦੀ ਕਾਮਾ ਸ਼ਕਤੀ ਦੁਨੀਆਂ ਦੇ ਕਿਸੇ ਵੀ ਮੁਲਕ ਨਾਲੋਂ ਵੱਧ ਹੈ। ਇਸ ਕਾਮਾ ਸ਼ਕਤੀ ਕੋਲ ਰੁਜ਼ਗਾਰ ਜਾਂ ਸਵੈ ਰੁਜ਼ਗਾਰ ਨਹੀਂ ਹੈ। ਇਸੇ ਵਜ੍ਹਾ ਕਾਰਨ ਨੌਜਵਾਨਾਂ ਦੇ ਜੀਵਨ ਵਿੱਚ ਭਟਕਾਅ ਤੇ ਅਸੰਤੁਲਨ ਵੇਖਿਆ ਜਾਣ ਲੱਗਾ ਹੈ। ਨੌਜਵਾਨਾਂ ਵਿੱਚ ਨਿਰਾਸ਼ਾ ਦਾ ਕਾਰਨ ਰੁਜ਼ਗਾਰ ਦੀ ਕਮੀ ਹੈ। ਇਹ ਕਮੀ ਨੌਜਵਾਨਾਂ ਨੂੰ ਪਰਵਾਸ ਹੰਢਾਉਣ ਲਈ ਮਜਬੂਰ ਕਰ ਰਹੀ ਹੈ। ਜਾਂ ਫਿਰ ਨੌਜਵਾਨਾਂ ਨੂੰ ਅੱਤਵਾਦੀ ਸਰਗਰਮੀਆਂ ਤੇ ਸਮਾਜ ਵਿਰੋਧੀ ਅਨਸਰਾਂ ਵੱਲ ਪ੍ਰੇਰਿਤ ਕਰਦੀ ਹੈ।
ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਇਸਦੀ ਮਿਸਾਲ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ 1152 ਪਟਵਾਰੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੌਣ ਬੋਰਡ ਪੰਜਾਬ ਵਲੋਂ 8 ਅਗਸਤ 2021 ਨੂੰ ਲਈ ਗਈ ਲਿਖਤੀ ਪ੍ਰੀਖਿਆ ਤੋਂ ਮਿਲਦੀ ਹੈ ਜਿਸ ਵਿੱਚ ਇੱਕ ਲੱਖ ਕਹੱਤਰ ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਇਮਤਿਹਾਨ ਦਿੱਤਾ। ਜਦਕਿ ਇਨ੍ਹਾਂ ਅਸਾਮੀਆਂ ਲਈ 2,33,181 ਉਮੀਦਵਾਰਾਂ ਵੱਲੋਂ ਬਿਨੈ ਪੱਤਰ ਦਿੱਤਾ ਗਿਆ ਸੀ। ਕਰੋਨਾ ਵਾਇਰਸ ਦੀ ਦੂਸਰੀ ਲਹਿਰ ਕਾਰਨ ਹੀ ਅ੍ਰਪੈਲ ਅਤੇ ਮਈ ਵਿੱਚ ਭਾਰਤ ਵਿੱਚ ਕਰੀਬ 2.27 ਕਰੋੜ ਲੋਕ ਬੇਰੁਜ਼ਗਾਰ ਹੋਏ ਹਨ। ਵਧਦੀ ਮਹਿੰਗਾਈ ਤੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਦੌਰ ਵਿੱਚ ਆਮ ਇਨਸਾਨ ਲਈ ਪਰਿਵਾਰ ਦੇ ਪਾਲਣ ਪੋਸ਼ਣ ਲਈ ਇੱਕ ਚੰਗੀ ਨੌਕਰੀ ਦੀ ਜ਼ਰੂਰਤ ਹੁੰਦੀ ਹੈ। ਅਤੇ ਉਹ ਵੀ ਜੇਕਰ ਖੁਸ ਜਾਵੇ ਤਾਂ ਉਸਦੇ ਜੀਵਨ ਤੇ ਵੱਡਾ ਸੰਕਟ ਮੰਡਰਾਉਣ ਲੱਗ ਜਾਂਦਾ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ ਦੇ ਮੁਖੀ ਮਹੇਸ਼ ਵਿਆਸ ਨੇ ਦੱਸਿਆ ਕਿ ਅਸੀਂ ਦੂਸਰੀ ਲਹਿਰ ਦੌਰਾਨ ਅ੍ਰਪੈਲ ਤੇ ਮਈ ਵਿੱਚ 2.27 ਕਰੋੜ ਨੌਕਰੀਆਂ ਗੁਆ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 40 ਕਰੋੜ ਲੋਕ ਨੌਕਰੀਆਂ ਕਰਦੇ ਹਨ। ਤੇ ਇਨ੍ਹਾਂ ਵਿੱਚੋਂ 2.27 ਕਰੋੜ ਲੋਕਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਹੀ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ।
ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਬਾਹਰਲੇ ਦੇਸ਼ਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ। ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਇਨ੍ਹਾਂ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਦਾ ਸਿਸਟਮ, ਨਿਯਮ, ਕਾਨੂੰਨ, ਸਾਫ ਸੁਥਰਾ ਵਾਤਾਵਰਣ, ਬਰਾਬਰੀ ਵਾਲਾ ਮਾਹੌਲ ਵੀ ਪ੍ਰਭਾਵਿਤ ਕਰਦਾ ਹੈ। ਦੂਸਰੇ ਪਾਸੇ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਦਿਨ-ਬ-ਦਿਨ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਟ ਚੜ੍ਹੇ ਵਪਾਰੀ, ਘਾਟੇ ਵਿੱਚ ਜਾ ਰਹੀ ਕਿਸਾਨੀ, ਬੇਹੱਦ ਮਹਿੰਗੀ ਸਿੱਖਿਆ ਪ੍ਰਣਾਲੀ, ਸਿਖਰਾਂ ਨੂੰ ਛੂੰਹਦੇ ਭ੍ਰਿਸ਼ਟਾਚਾਰ, ਲਗਾਤਾਰ ਵਧ ਰਿਹਾ ਨਸ਼ਿਆਂ ਦਾ ਰੁਝਾਨ ਤੇ ਅਪਰਾਧਿਕ ਘਟਨਾਵਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ ਨੌਜਵਾਨਾਂ ਨੂੰ ਵਿਦੇਸ਼ਾਂ ਨੂੰ ਵਹੀਰਾ ਘੱਤ ਲਈਆਂ ਹਨ। ਕੇਂਦਰ ਤੇ ਸੂਬੇ ਸਰਕਾਰਾਂ ਨੂੰ ਇਸ ਗੰਭੀਰ ਮਸਲੇ ’ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਆਖਿਰ ਸਾਡੇ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਕਿਉਂ ਕੂਚ ਕਰ ਰਹੇ ਹਨ? ਸਰਕਾਰ ਨੂੰ ਗੰਭੀਰ ਮੰਥਨ ਕਰਨਾ ਚਾਹੀਦਾ ਹੈ। ਦੇਸ਼ ਦੇ ਹੁਕਮਰਾਨਾਂ ਨੂੰ ਇਮਾਨਦਾਰ ਹੋਣਾ ਪਵੇਗਾ ਤੇ ਸਾਨੂੰ ਵੀ ਆਪਣੇ ਨਿਜ਼ਾਮ ਨੂੰ ਖੁਦ ਸੁਧਾਰਨ ਲਈ ਲਾਮਬੰਦ ਹੋਣਾ ਪਵੇਗਾ।
ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਅਮੀਰ ਲੋਕ ਪਰਵਾਸ ਕਰ ਰਹੇ ਹਨ ਤੇ ਦੂਸਰੇ ਦੇਸ਼ਾਂ ਦੀ ਨਾਗਰਿਕਤਾਂ ਹਾਸਲ ਕਰ ਰਹੇ ਹਨ। ਸਰਕਾਰ ਨੂੰ ਉਹਨਾਂ ’ਤੇ ਭਾਰੀ ਐਗਜ਼ਿਟ ਟੈਕਸ ਲਾ ਦੇਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੇ ਭਾਰਤੀ ਆਰਥਚਾਰੇ ਤੋਂ ਜੋ ਲਾਭ ਲਏ ਹਨ ਉਨ੍ਹਾਂ ਦੀ ਭਰਪਾਈ ਭਾਰਤ ਨੂੰ ਕਰਨ। ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਨਾਲ ਅਸੀਂ ਆਪਣੇ ਅਮੀਰਾਂ ਨੂੰ ਪਰਵਾਸ ਕਰਨ ਤੋਂ ਰੋਕ ਸਕਾਗੇ। ਇਸਦੇ ਨਾਲ ਹੀ ਦੂਜੇ ਦੇਸ਼ਾਂ ਤੋਂ ਵੀ ਅਮੀਰਾਂ ਨੂੰ ਆਕਰਸ਼ਿਤ ਕਰਨ ਵਿੱਚ ਵੀ ਕਾਮਯਾਬ ਹੋਵਾਂਗੇ।
ਨੌਜਵਾਨ ਸ਼ਕਤੀ ਨੂੰ ਸੰਭਾਲਣ ਲਈ ਸਰਕਾਰ ਨੂੰ ਨੌਕਰੀਆਂ ਦੇ ਦਰਵਾਜ਼ੇ ਖੋਲ੍ਹਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਜਵਾਨੀ ਨੂੰ ਆਪਣੀ ਮਾਂ ਭੂਮੀ ਨੂੰ ਛੱਡਣ ਲਈ ਮਜਬੂਰ ਨਾ ਹੋਣਾ ਪਵੇ। ਨੌਜਵਾਨ ਸ਼ਕਤੀ ਕਿਸੇ ਦੇਸ਼ ਲਈ ਰੀੜ੍ਹ ਦੀ ਹੱਡੀ ਸਮਾਨ ਹੁੰਦੀ ਹੈ। ਭਾਰਤ ਵਿੱਚ 15 ਤੋਂ 24 ਸਾਲ ਦੀ ਉਮਰ ਦੀ ਆਬਾਦੀ ਕੁਲ ਆਬਾਦੀ ਦਾ ਕਰੀਬ 22 ਫੀਸਦੀ ਹੈ। ਦੇਸ਼ ਦੇ ਚੰਗੇਰੇ ਭਵਿੱਖ ਲਈ ਨੌਜਵਾਨ ਸ਼ਕਤੀ ਨੂੰ ਸੰਭਾਲਣਾ ਸਰਕਾਰਾਂ ਦਾ ਤਰਜੀਹੀ ਮੁੱਦਾ ਬਣਨਾ ਚਾਹੀਦਾ ਹੈ। ਮੁਲਕ ਭਰ ਵਿੱਚ ਸਰਕਾਰ ਨੂੰ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਬਿਹਤਰ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਦੇਸ਼ ਦੇ ਵਿੱਚ ਰਹਿਕੇ ਵਿਕਾਸ ਕਰ ਸਕਣ ’ਤੇ ਬਿਹਤਰ ਜ਼ਿੰਦਗੀ ਗੁਜ਼ਾਰ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2971)
(ਸਰੋਕਾਰ ਨਾਲ ਸੰਪਰਕ ਲਈ: