“ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਗਰੀਬੀ, ਬੇਰੁਜ਼ਗਾਰੀ, ਬੇਤਹਾਸ਼ਾ ...”
(25 ਦਸੰਬਰ 2020)
ਦੇਸ਼ ਦੀ ਕੁਲ ਆਬਾਦੀ ਦਾ ਇੱਕ ਤਿਹਾਈ ਬੱਚੇ ਹਨ। ਦੇਸ਼ ਤੇ ਸਮਾਜ ਦਾ ਭਵਿੱਖ ਇਹਨਾਂ ਬੱਚਿਆਂ ’ਤੇ ਨਿਰਭਰ ਹੈ। ਦੇਸ਼ ਵਿੱਚ ਹਰ ਸਾਲ ਬੱਚਿਆਂ ਦੇ ਚੰਗੇ ਭਵਿੱਖ ਲਈ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਹਰ ਸਾਲ ਬਾਲ ਦਿਵਸ ਸਮਾਰੋਹਾਂ ’ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੈਮੀਨਰ ਕਰਵਾਏ ਜਾਂਦੇ ਹਨ। ਪਰ ਅਜਿਹਾ ਕਰਨ ਦੇ ਬਾਵਜੂਦ ਵੀ ਬੱਚਿਆਂ ਦੇ ਜੀਵਨ ਵਿੱਚ ਕੋਈ ਖਾਸ ਸੁਧਾਰ ਨਹੀਂ ਹੋ ਰਿਹਾ। ਬੱਚਿਆਂ ਦੇ ਜੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੱਚੇ ਬੀਮਾਰੀ ਨਾਲ ਮਰ ਰਹੇ ਹਨ। ਅਗਵਾ, ਕਤਲ, ਜਬਰ ਜਨਾਹ, ਬਾਲ ਮਜ਼ਦੂਰੀ, ਹਸਪਤਾਲਾਂ ਆਦਿ ਵਿੱਚ ਬੱਚਿਆਂ ਨੂੰ ਲਾਵਾਰਸ ਛੱਡਣ ਅਤੇ ਕੁੜੀਆਂ ਨੂੰ ਜਬਰਦਸਤੀ ਦੇਹ ਵਪਾਰ ਦੇ ਧੰਦੇ ਵਿੱਚ ਧਕੇਲਣਾ ਆਦਿ ਦੇਸ਼ ਵਿੱਚ ਆਮ ਗੱਲ ਹੈ। ਅੱਜ ਦੇਸ਼ ਵਿੱਚ ਬਚਪਨ ਰੁਲ ਰਿਹਾ ਹੈ। ਕੌਮੀ ਮਨੁੱਖੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ ਸਾਲ 40 ਹਜ਼ਾਰ ਬੱਚੇ ਅਗਵਾ ਕੀਤੇ ਜਾਂਦੇ ਹਨ। ਮੁਲਕ ਭਰ ਵਿੱਚ ਤਿੰਨ ਲੱਖ ਦੇ ਲਗਭਗ ਬੱਚੇ ਭੀਖ ਮੰਗਦੇ ਹਨ ਅਤੇ 44 ਹਜ਼ਾਰ ਬੱਚੇ ਵੱਖ ਵੱਖ ਅਪਰਾਧੀ ਗਿਰੋਹਾਂ ਲਈ ਕੰਮ ਕਰਦੇ ਹਨ। ਦੇਹ ਵਪਾਰ ਨਾਲ ਜੁੜੇ ਲੋਕਾਂ ਵਿੱਚ 40 ਫੀਸਦੀ ਬੱਚੇ ਹਨ।
ਰਾਸ਼ਟਰੀ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਸਾਲ 2014 ਤੋਂ ਸਾਲ 2016 ਦਰਮਿਆਨ ਕੁਲ 1 ਲੱਖ 11 ਹਜ਼ਾਰ 569 ਬੱਚੇ ਲਾਪਤਾ ਹੋਏ ਸਨ। ਜਿਹਨਾਂ ਵਿੱਚ 70 ਹਜ਼ਾਰ 394 ਲੜਕੀਆਂ ਅਤੇ 4,1175 ਲੜਕੇ ਸਨ। ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰੋਜ਼ਾਨਾ 18 ਬੱਚੇ ਗੁੰਮ ਹੋਏ। ਅੰਕੜਿਆਂ ਅਨੁਸਾਰ ਦਿੱਲੀ ਵਿੱਚ ਸਾਲ 2017 ਵਿੱਚ ਕੁਲ 6450 ਬੱਚੇ ਗੁੰਮ ਹੋਏ, ਜਿਨ੍ਹਾਂ ਵਿੱਚ ਲਗਭਗ 4000 ਲੜਕੀਆਂ ਅਤੇ 2500 ਲੜਕੇ ਸਨ। ਰਾਸ਼ਟਰੀ ਰਿਕਾਰਡ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਕ ਦਿੱਲੀ ਵਿੱਚ ਇੱਕ ਸਾਲ ਅੰਦਰ ਗੁੰਮਸ਼ੁਦਾ ਦੇ 52, 252 ਦਰਜ ਮਾਮਲਿਆਂ ਵਿੱਚ 48.9 ਫੀਸਦੀ ਮਾਮਲੇ ਕੇਵਲ ਬੱਚਿਆਂ ਨੂੰ ਅਗਵਾ ਕਰਨ ਵਾਲੇ ਸਨ। ਰਿਪੋਰਟ ਦੱਸਦੀ ਹੈ ਕਿ ਜਿੱਥੇ ਸਾਲ 2016 ਵਿੱਚ 22340 ਨਾਬਾਲਗ ਲੜਕੇ ਲਾਪਤਾ ਹੋਏ ਉੱਥੇ ਹੀ ਨਾਬਾਲਗ ਲੜਕੀਆਂ ਦੀ ਗਿਣਤੀ 41 ਹਜ਼ਾਰ ਸੀ।
ਯੂਨੀਸੈੱਫ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਵਿੱਚ 43 ਫੀਸਦੀ ਲੜਕੀਆਂ 19 ਸਾਲ ਦੀ ਉਮਰ ਦੀਆਂ 10 ਲੜਕੀਆਂ ਵਿੱਚੋਂ ਇੱਕ ਨੂੰ ਜਿਸਮ ਨਚਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਬਾਲ ਮਜ਼ਦੂਰੀ ਜਾਂ ਦੇਹ ਵਪਾਰ ਪੱਖੋਂ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। ਦੇਸ਼ ਵਿੱਚ ਹਰ ਰੋਜ਼ ਔਸਤਨ 92 ਜਬਰ ਜਨਾਹ ਦੇ ਕੇਸ ਦਰਜ ਹੁੰਦੇ ਹਨ, ਜਦਕਿ ਦਿੱਲੀ ਵਿੱਚ ਹਰ ਰੋਜ਼ 4 ਜਬਰ ਜਨਾਹ ਦੇ ਕੇਸ ਦਰਜ ਹੁੰਦੇ ਹਨ। ਕੌਮੀ ਰਿਕਾਰਡ ਬਿਊਰੋ ਮੁਤਾਬਿਕ ਮੁਲਕ ਭਰ ਵਿੱਚ ਜਬਰ ਜਨਾਹ ਦੇ 94 ਫੀਸਦੀ ਦਰਜ ਮਾਮਲਿਆਂ ਵਿੱਚ ਦੋਸ਼ੀ ਪੀੜਤ ਬੱਚਿਆਂ ਜਾ ਬੱਚੀਆਂ ਦੇ ਕਰੀਬੀ ਸਨ। ਜਿਸ ਵਿੱਚ ਦਾਦਾ, ਭਰਾ, ਜਾ ਪੁੱਤਰ ਤਕ ਵੀ ਸ਼ਾਮਲ ਸਨ। ਸਾਲ 2015 ਵਿੱਚ ਪੂਰੇ ਦੇਸ਼ ਅੰਦਰ ਜਬਰ ਜਨਾਹ ਦੇ ਕੁਲ ਮਾਮਲਿਆਂ ਵਿੱਚ 2173 ਮਾਮਲੇ ਰਿਸ਼ਤੇਦਾਰਾਂ ਨਾਲ ਸਬੰਧਿਤ ਸਨ, ਜਦਕਿ 10520 ਮਾਮਲਿਆਂ ਵਿੱਚ ਗਵਾਂਢੀ ਦੋਸ਼ੀ ਸਨ।
ਕੇਦਰੀ ਸਿਹਤ ਮੰਤਰਾਲੇ ਵੱਲੋਂ ਸਾਲ 2017 ਵਿੱਚ ਕਰਵਾਏ ਗਏ ਇੱਕ ਸਰਵੇਖਣ ਦੀ ਰਿਪੋਰਟ ਮੁਤਾਬਿਕ 5 ਤੋਂ 12 ਸਾਲ ਦੀ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਬੱਚਿਆਂ ਦਾ ਇਹ ਸ਼ੋਸ਼ਣ ਅੱਗੇ ਸਕੂਲਾਂ, ਹੋਟਲਾਂ ਜੇਲਾਂ ਅਤੇ ਯਤੀਮਖਾਨਿਆਂ ਆਦਿ ਵਿੱਚ ਕੀਤਾ ਜਾਂਦਾ ਹੈ। ਬੱਚੇ ਦਾ ਕੀਤਾ ਗਿਆ ਸ਼ੋਸ਼ਣ ਉਸ ਦੀ ਸਿਹਤ, ਦਿਮਾਗ, ਵਿਕਾਸ ਅਤੇ ਮਾਨ ਸਨਮਾਨ ’ਤੇ ਮਾਰੂ ਅਸਰ ਪਾਉਂਦਾ ਹੈ। ਭਾਰਤ ਵਿੱਚ 53 ਫੀਸਦੀ ਬੱਚਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਦਾ ਹੈ। ਸਰਵੇਖਣ ਅਨੁਸਾਰ ਕੁਲ ਸ਼ੋਸ਼ਿਤ ਬੱਚਿਆਂ ਵਿੱਚੋਂ 55 ਫੀਸਦੀ ਲੜਕੇ ਅਤੇ 45 ਫੀਸਦੀ ਲੜਕੀਆਂ ਸਨ। ਲਗਭਗ 86 ਫੀਸਦੀ ਬੱਚਿਆਂ ਦਾ ਸ਼ੋਸ਼ਣ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਕੀਤਾ ਗਿਆ, ਜਦਕਿ ਬੱਚਿਆਂ ਦੀ ਰਖਵਾਲੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ।
ਇੱਕ ਗੈਰ ਸਰਕਾਰੀ ਸੰਸਥਾ ਅਨੁਸਾਰ ਦੇਸ਼ ਅੰਦਰ ਵੱਖ ਵੱਖ ਥਾਵਾਂ ਤੇ ਹਰ ਰੋਜ਼ 271 ਬੱਚੇ ਲਾਵਾਰਸ ਛੱਡੇ ਜਾਂਦੇ ਹਨ। ਜਿਹਨਾਂ ਵਿੱਚ 90 ਫੀਸਦੀ ਕੁੜੀਆਂ ਹੁੰਦੀਆਂ ਹਨ। ਗਾਇਬ ਹੋਏ ਬੱਚਿਆਂ ਵਿੱਚੋਂ ਬਹੁਤ ਘੱਟ ਬੱਚੇ ਲੱਭਦੇ ਹਨ। ਜੋ ਮਿਲਦੇ ਵੀ ਹਨ ਉਹਾਂ ਵਿੱਚੋਂ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਲਾਵਾਰਿਸ ਥਾਵਾਂ ਤੋਂ ਚੁੱਕ ਕੇ ਇਹਨਾਂ ਬੱਚਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਅਨਾਥ ਆਸ਼ਰਮਾਂ ਵਿੱਚ ਜ਼ਿਆਦਾਤਰ ਬੱਚੇ ਨਰਕ ਭਰੀ ਜ਼ਿੰਦਗੀ ਜਿਊਂਦੇ ਹਨ। ਹਰ ਸੰਵੇਦਨਸ਼ੀਲ ਮਨੁੱਖ ਅਜਿਹੀਆਂ ਘਟਨਾਵਾਂ ਤੋਂ ਦੁਖੀ ਹੁੰਦਾ ਹੈ। ਅਗਵਾ, ਕਤਲ ਜਬਰ ਜਨਾਹ, ਬਾਲ ਮਜ਼ਦੂਰੀ ਅਤੇ ਬੱਚਿਆਂ ਨੂੰ ਲਾਵਾਰਸ ਛੱਡਣ ਦੀਆਂ ਖਬਰਾਂ ਅਖਬਾਰਾਂ ਵਿੱਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇੰਟਰਨੈੱਟ ਅਤੇ ਖਬਰ ਚੈਨਲਾਂ ਦੇ ਵੀਡੀਓ ਇਨ੍ਹਾਂ ਬੱਚਿਆਂ ਦੀ ਦਰਦ ਭਰੀ ਦਾਸਤਾਨ ਪੇਸ਼ ਕਰਕੇ ਰਹਿੰਦੇ ਹਨ।
ਪੂਰੇ ਦੇਸ਼ ਵਿੱਚੋਂ ਹਰ ਸਾਲ ਹਜ਼ਾਰਾਂ ਬੱਚੇ ਕਿਸੇ ਕਾਰਨ ਘਰੋ ਤੋਂ ਚਲੇ ਜਾਂਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਝੁੱਗੀਆਂ-ਝੋਂਪੜੀਆਂ ਵਿੱਚ ਰਹਿਣ ਵਾਲੇ ਬੱਚੇ ਹੁੰਦੇ ਹਨ। ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਖੁਦ ਰੇਲਵੇ ਸਟੇਸ਼ਨਾਂ ਜਾਂ ਬੱਸ ਅੱਡਿਆਂ ਤੋਂ ਭੀਖ ਮੰਗਣ ਲਈ ਭੇਜਦੇ ਹਨ। ਅਜਿਹੇ ਪਰਿਵਾਰਾਂ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਅਤੇ ਉਨ੍ਹਾਂ ਵਿੱਚ ਅਜਿਹੇ ਕੰਮਾਂ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿਉਂਕਿ ਅਜਿਹੇ ਬੱਚੇ ਗਲਤ ਸੰਗਤ ਵਿੱਚ ਪੈ ਕੇ ਜਿੱਥੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਉੱਥੇ ਹੀ ਵੱਡੇ ਹੋ ਕੇ ਇਹ ਬੱਚੇ ਚੋਰੀ, ਡਕੈਤੀ, ਜਬਰ ਜਨਾਹ ਜਾਂ ਹੋਰ ਸਮਾਜਿਕ ਬੁਰਾਈਆਂ ਵਿੱਚ ਸ਼ਾਮਲ ਹੋ ਜਾਂਦੇ ਹਨ, ਜਿਨਾਂ ਦਾ ਸਭਿਅਕ ਸਮਾਜ ਨੂੰ ਵਧੇਰੇ ਨੁਕਸਾਨ ਹੁੰਦਾ ਹੈ।
ਅੱਜ ਵੀ ਕਰੋੜਾਂ ਬੱਚਿਆਂ ਦਾ ਬਚਪਨ ਖੋਹਿਆ ਜਾ ਰਿਹਾ ਹੈ। ਭਾਰਤ ਵਿੱਚ 8 ਕਰੋੜ 40 ਲੱਖ ਬੱਚੇ ਅਜਿਹੇ ਹਨ ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਵੇਖਿਆ। ਅੱਠਾਂ ਵਿੱਚੋਂ ਇੱਕ ਬੱਚਾ ਸਾਡੇ ਦੇਸ਼ ਵਿੱਚ ਬਾਲ ਮਜ਼ਦੂਰ ਬਣਦਾ ਹੈ। ਭਾਰਤ ਵਿੱਚ ਹਰ ਸਾਲ ਗਿਆਰਾਂ ਲੱਖ 27 ਹਜ਼ਾਰ ਬੱਚੇ 5 ਸਾਲ ਦੀ ਉਮਰ ਤਕ ਪਹੁੰਚਦੇ ਪਹੁੰਚਦੇ ਖਤਮ ਹੋ ਜਾਂਦੇ ਹਨ। ਪੰਜ ਸਾਲ ਤਕ ਦੀ ਉਮਰ ਤੋਂ ਹੇਠਾਂ ਦੀ ਉਮਰ ਦੌਰਾਨ ਹੀ ਮਰ ਜਾਣ ਵਾਲੇ 56 ਫੀਸਦੀ ਬੱਚੇ ਤਾਂ ਜਨਮ ਬਾਅਦ ਜੀਵਨ ਦੇ 28 ਦਿਨਾਂ ਵਿੱਚ ਹੀ ਮਰ ਜਾਂਦੇ ਹਨ। 4 ਵਿੱਚੋਂ 1 ਬੱਚਾ ਆਪਣਾ ਬਚਪਨ ਨਹੀਂ ਮਾਣ ਸਕਦਾ ਜੋ ਕਿ ਵਧਣ ਫੁੱਲਣ, ਸਿੱਖਣ ਅਤੇ ਖੇਡਣ ਦਾ ਸਮਾਂ ਹੁੰਦਾ ਹੈ। ਸੰਸਾਰ ਦੀ ਕੁਲ ਅਬਾਦੀ ਦਾ 30 ਫੀਸਦੀ ਬੱਚੇ ਹਨ। ਯੂ.ਐੱਨ.ਆਈ ਜੀ ਐੱਸ.ਈ. ਸੰਸਥਾ ਦੀ ਰਿਪੋਰਟ ਮੁਤਾਬਿਕ ਸਾਲ 2017 ਵਿੱਚ ਅੱਠ ਲੱਖ ਦੋ ਹਜ਼ਾਰ ਬੱਚਿਆਂ ਦੀ ਮੌਤ ਹੋਈ ਸੀ। ਇਸੇ ਸਾਲ ਪੰਦਰਾਂ ਸਾਲ ਤੋਂ ਘੱਟ ਉਮਰ ਦੇ 63 ਲੱਖ ਬੱਚਿਆਂ ਦੀ ਮੌਤ ਹੋਈ, ਜਿਸਦਾ ਕਾਰਨ ਦੂਸ਼ਿਤ ਪਾਣੀ ਅਤੇ ਬਿਮਾਰੀ ਤੋਂ ਬਾਅਦ ਸਹੀ ਸਿਹਤ ਸੇਵਾਵਾਂ ਨਾ ਮਿਲਣਾ ਅਤੇ ਬਿਨਾਂ ਇਲਾਜ ਦੇ ਇਹ ਬੱਚੇ ਮੌਤ ਦੇ ਮੂੰਹ ਚਲੇ ਗਏ। ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਕਰਨ ਦੀ ਜ਼ਰੂਰਤ ਹੈ। ਇਸ ਲਈ ਬਹੁਤ ਸਾਰੇ ਸਾਧਨ ਅਤੇ ਸਰੋਤ ਲਾਉਣ ਦੀ ਲੋੜ ਹੈ।
ਬੱਚਿਆਂ ਪ੍ਰਤੀ ਵਧ ਰਹੇ ਜੁਰਮਾਂ ਦੇ ਤੱਥਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਗਰੀਬੀ, ਅਨੈਤਿਕਤਾ, ਨਸ਼ਿਆਂ ਦੀ ਦਲਦਲ, ਬੇਰੁਜ਼ਗਾਰੀ, ਬੇਤਹਾਸ਼ਾ ਵਧ ਰਹੀ ਆਬਾਦੀ ਅਤੇ ਬਿਮਾਰ ਮਾਨਸਿਕਤਾ ਨੇ ਲੋਕਾਂ ਨੂੰ ਇਸ ਪਾਸੇ ਤੋਰਿਆ ਹੈ। ਲੋਕਾਂ ਅਤੇ ਪ੍ਰਸ਼ਾਸਨ ਦੀ ਮੁਸਤੈਦੀ ਬਿਨਾਂ ਇਨ੍ਹਾਂ ਜੁਰਮਾਂ ਦਾ ਅੰਤ ਸੰਭਵ ਨਹੀਂ ਹੈ। ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਸਮਾਜ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨੂੰ ਸਮੇਂ ਸਮੇਂ ’ਤੇ ਅਜਿਹੇ ਅਭਿਆਨ ਚਲਾਉਂਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨਾਲ ਆਪਣੇ ਪਰਿਵਾਰਾਂ ਤੋਂ ਵਿਛੜੇ ਬੱਚੇ ਆਪਣੇ ਘਰਾਂ ਨੂੰ ਵਾਪਸ ਪਰਤਣ ਅਤੇ ਸਮਾਜਿਕ ਬੁਰਾਈਆਂ ਤੋਂ ਬਚ ਕੇ, ਵਧੀਆ ਨਾਗਰਿਕ ਬਣਕੇ ਸਮਾਜ ਵਿੱਚ ਰਹਿਣ। ਸਰਕਾਰ ਨੂੰ ਅਜਿਹੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਗਰੀਬੀ, ਬੇਰੁਜ਼ਗਾਰੀ, ਬੇਤਹਾਸ਼ਾ ਵਧ ਰਹੀ ਆਬਾਦੀ, ਬਿਮਾਰ ਮਾਨਸਿਕਤਾ, ਨਸ਼ਿਆਂ ਦੀ ਦਲਦਲ ਅਤੇ ਅਨੈਤਿਕਤਾ ’ਤੇ ਕਾਬੂ ਪਾਊਣਾ ਚਾਹੀਦਾ ਹੈ। ਦੇਸ਼ ਦੇ ਭਵਿੱਖ ਨੂੰ ਪੂਰੀ ਤਰ੍ਹਾਂ ਸੁਰੱਖਿਅਤ, ਅਪਰਾਧ ਅਤੇ ਰੋਗ ਮੁਕਤ ਕਰਨ ਲਈ ਬੱਚਿਆਂ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2486)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)