“ਉਮਰ ਦੇ ਹਿਸਾਬ ਨਾਲ ਬੱਚੇ ਤੋਂ ਛੋਟੇ ਛੋਟੇ ਕੰਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੰਮ ਕਰਨ ਦੀ ਆਦਤ ...”
(14 ਜੁਲਾਈ 2021)
ਬੱਚੇ ਦਾ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਜੋ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਬੱਚਾ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ, ਭੈਣ ਭਰਾ ਨਾਲ ਭਾਵਨਾਤਮਕ ਰੂਪ ਵਿੱਚ ਜੁੜਿਆ ਹੁੰਦਾ ਹੈ। ਮਾਤਾ ਪਿਤਾ ਦੀ ਦੇਖ ਰੇਖ ਵਿੱਚ ਵਧੀਆ ਖਾਣ ਪੀਣ ਦੀਆਂ ਆਦਤਾਂ ਅਪਣਾ ਕੇ ਬੱਚੇ ਦਾ ਵਿਕਾਸ ਹੁੰਦਾ ਹੈ। ਬੱਚੇ ਦਾ ਪਹਿਲਾ ਗੁਰੂ ਉਸਦੀ ਮਾਂ ਹੁੰਦੀ ਹੈ, ਜਿਸ ਤੋਂ ਬੱਚਾ ਬੋਲਣਾ ਚੱਲਣਾ ਲਿਖਣਾ ਖਾਣਾ ਪੀਣਾ ਆਦਿ ਸਿੱਖਦਾ ਹੈ। ਬੱਚੇ ’ਤੇ ਪਰਿਵਾਰਕ ਮੈਂਬਰਾਂ, ਘਰ ਦੇ ਵਾਤਾਵਰਣ ਧਾਰਮਿਕ ਅਤੇ ਸਭਿਆਚਾਰਕ ਰੀਤੀ ਰਿਵਾਜਾਂ ਦਾ ਵੀ ਪ੍ਰਭਾਵ ਪੈਂਦਾ ਹੈ। ਪਰਿਵਾਰ ਬੱਚੇ ਵਿੱਚ ਪ੍ਰੇਮ, ਦਇਆ, ਸਹਿਣਸ਼ੀਲਤਾ, ਸਹਿਯੋਗ, ਅਨੁਸ਼ਾਸਨ ਆਦਿ ਗੁਣ ਪੈਦਾ ਕਰਦਾ ਹੈ।
ਪਰਿਵਾਰ ਦਾ ਬੱਚੇ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਪਰਿਵਾਰ ਤੋਂ ਬਿਨਾਂ ਬੱਚੇ ਦੀ ਹੋਂਦ ਨਹੀਂ ਹੈ। ਪਰਿਵਾਰ ਬੱਚੇ ਦੀਆਂ ਸਮਾਜਿਕ ਭਾਵਨਾਵਾਂ ਨੂੰ ਬਿਹਤਰ ਬਣਾਉਣ ਵਿੱਚ ਸਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਪਰਿਵਾਰ ਵਿੱਚ ਰਹਿ ਕੇ ਬੱਚੇ ਦਾ ਸਰੀਰਕ, ਬੌਧਿਕ, ਮਨੋਵਿਗਿਆਨਕ ਤੇ ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ ਹੈ। ਪਰਿਵਾਰ ਵਿੱਚ ਰਹਿ ਕੇ ਹੀ ਬੱਚਾ ਸਾਰੀਆਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਹੈ। ਇਸ ਤਰ੍ਹਾਂ ਬੱਚਾ ਆਪਣੇ ਦੇਸ਼ ਅਤੇ ਸੱਭਿਆਚਾਰ ਨਾਲ ਆਪਣੇ ਪਰਿਵਾਰ ਰਾਹੀਂ ਜੁੜਦਾ ਹੈ। ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪਰਿਵਾਰ ਦੀ ਹੀ ਹੁੰਦੀ ਹੈ। ਪਰਿਵਾਰ ਬੱਚੇ ਨੂੰ ਵਧੀਆ ਇਨਸਾਨ ਬਣਾਉਂਦਾ ਹੈ। ਬੱਚੇ ਦੀ ਸ਼ਖਸੀਅਤ ’ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ, ਜਿੱਥੇ ਉਹ ਆਪਣਾ ਸਾਰਾ ਮੁੱਢਲਾ ਜੀਵਨ ਗੁਜ਼ਾਰਦਾ ਹੈ
ਅੱਜ ਕੱਲ੍ਹ ਮਾਵਾਂ ਬੱਚਿਆਂ ਨੂੰ ਆਰੇ ਲਾਉਣ ਲਈ ਮੋਬਾਇਲ ’ਤੇ ਗਾਣੇ ਜਾਂ ਮੰਨੋਰੰਜਨ ਵਾਲੀਆਂ ਹੋਰ ਚੀਜ਼ਾਂ ਲਾ ਕੇ ਦਿੰਦੀਆਂ ਹਨ ਉਹ ਭਾਵੇਂ ਬੱਚੇ ਦੀ ਸਮਝ ਵਿੱਚ ਨਹੀਂ ਆਉਂਦਾ ਪਰ ਉਹ ਸਮੱਗਰੀ ਬੱਚੇ ਦੇ ਅਚੇਤ ਮਨ ਦਾ ਹਿੱਸਾ ਬਣ ਜਾਂਦੀ ਹੈ। ਇਸ ਤਰ੍ਹਾਂ ਬੱਚਾ ਵੱਡਾ ਹੋ ਕੇ ਗਲਤ ਕੰਮਾਂ ਵੱਲ ਅਕਰਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਉਸ ਦਾ ਭਵਿੱਖ ਖਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ। ਉਸ ਉੱਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸਖਸੀਅਤ ਦਾ ਵਿਕਾਸ ਹੋਵੇਗਾ। ਬਚਪਨ ਤੋਂ ਹੀ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਕਿਤਾਬਾਂ ਜ਼ਿੰਦਗੀ ਦਾ ਵਿਸ਼ਾਲ ਸਮੁੰਦਰ ਹਨ। ਦੁਨੀਆ ਦੇ ਜਿੰਨੇ ਵੀ ਮਹਾਨ ਆਗੂ ਹੋਏ ਹਨ ਉਨ੍ਹਾਂ ਸਾਰਿਆਂ ਵਿੱਚ ਪੜ੍ਹਨ ਦੀ ਆਦਤ ਬਹੁਤ ਜ਼ਿਆਦਾ ਸੀ। ਬੱਚਿਆਂ ਦੇ ਚੰਗੇਰੇ ਭਵਿੱਖ ਦੇ ਨਾਲ ਨਾਲ ਵਧੀਆ ਨਾਗਰਿਕ ਤੇ ਚੰਗੇ ਇਨਸਾਨ ਬਣਨ ਲਈ ਸਾਨੂੰ ਉਨ੍ਹਾਂ ਅੰਦਰ ਪੜ੍ਹਨ ਦੀ ਆਦਤ ਜ਼ਰੂਰ ਵਿਕਸਿਤ ਕਰਨੀ ਚਾਹੀਦੀ ਹੈ।
ਬੱਚੇ ਦੇ ਥੋੜ੍ਹਾ ਜਿਹਾ ਵੱਡਾ ਹੋਣ ਤੋਂ ਬਾਅਦ ਮਾਂ ਬਾਪ ਬੱਚੇ ਦੀ ਸਕੂਲ ਪੜ੍ਹਾਈ ਬਾਰੇ ਸੋਚਣ ਲਗਦੇ ਹਨ। ਪਰਿਵਾਰ ਤੋਂ ਬਾਅਦ ਸਕੂਲ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਕੂਲ ਦਾ ਬੱਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਸਕੂਲ ਬੱਚੇ ਦੇ ਪਰਿਵਾਰਕ ਜੀਵਨ ਨੂੰ ਬਾਹਰਲੀ ਦੁਨੀਆਂ ਨਾਲ ਜੋੜਨ ਵਾਲੀ ਮਹੱਤਵਪੂਰਨ ਕੜੀ ਹੈ ਕਿਉਂਕਿ ਸਕੂਲ ਵਿੱਚ ਬੱਚਾ ਦੂਸਰੇ ਬੱਚਿਆਂ ਦੇ ਸੰਪਰਕ ਵਿੱਚ ਆਉਂਦਾ ਹੈ। ਸਕੂਲ ਵਿੱਚ ਬੱਚੇ ਦਾ ਦ੍ਰਿਸ਼ਟੀਕੋਣ ਵਿਕਸਿਤ ਹੋ ਜਾਂਦਾ ਹੈ। ਸਕੂਲ ਵਿੱਚ ਹੀ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਸਕੂਲ ਵਿੱਚ ਬੱਚੇ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਸਕੂਲ ਵਿੱਚ ਹੀ ਬੱਚੇ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਸਕੂਲ ਵਿੱਚ ਹੀ ਬੱਚੇ ਦੀ ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ ਹੈ। ਸਕੂਲ ਵਿੱਚ ਹੀ ਬੱਚੇ ਦਾ ਭਾਵਨਾਤਮਕ ਵਿਕਾਸ ਹੁੰਦਾ ਹੈ। ਜੇ ਸਕੂਲ ਸਹੀ ਰੂਪ ਵਿੱਚ ਬੱਚਿਆਂ ਨੂੰ ਸਹੀ ਵਾਤਾਵਰਣ ਮੁਹਈਆ ਕਰਵਾਉਣ ਤਾਂ ਬੱਚੇ ਵੱਡੇ ਹੋ ਕੇ ਦੇਸ਼ ਦੇ ਜਾਗਰੂਕ ਨਾਗਰਿਕ ਤੇ ਵਧੀਆ ਇਨਸਾਨ ਵਜੋਂ ਵਿਕਸਿਤ ਹੋ ਸਕਦੇ ਹਨ ਜੋ ਜਾਤ ਪਾਤ ਧਰਮ ਰੰਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਤੇ ਵਿਸ਼ਵ ਦੀ ਭਲਾਈ ਲਈ ਖੁਦ ਨੂੰ ਸਮਰਪਿਤ ਕਰ ਸਕਦੇ ਹਨ।
ਚੰਗੀ ਪੜ੍ਹਾਈ ਕਰਨ ਲਈ ਸਾਡੇ ਅੰਦਰ ਲਗਨ ਤੇ ਚਾਹਤ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂਘ ਤੋਂ ਬਿਨਾਂ ਵਿੱਦਿਆ ਗ੍ਰਹਿਣ ਨਹੀਂ ਕੀਤੀ ਜਾ ਸਕਦੀ। ਮਨੁੱਖ ਨੂੰ ਹਮੇਸ਼ਾ ਆਪਣੇ ਅੰਦਰ ਸਿੱਖਦੇ ਰਹਿਣ ਦੀ ਭੁੱਖ ਕਾਇਮ ਰੱਖਣੀ ਚਾਹੀਦੀ ਹੈ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਹਰ ਉਮਰ ਵਿੱਚ ਸਿੱਖਿਆ ਜਾ ਸਕਦਾ ਹੈ। ਪਰ ਬਚਪਨ ਤੋਂ ਹੀ ਬੱਚਿਆਂ ਅੰਦਰ ਸਿੱਖਣ ਦੀ ਆਦਤ ਜ਼ਰੂਰ ਵਿਕਸਿਤ ਕਰਨੀ ਚਾਹੀਦੀ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਕਿ ਉਹ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਅਤੇ ਗਿਆਨ ਦੀ ਮਹੱਤਤਾ ਬਾਰੇ ਵੀ ਪ੍ਰਰੇਨਾ ਜ਼ਰੂਰ ਦੇਣ। ਬੱਚੇ ਨੂੰ ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਚੰਗੀਆਂ ਗੱਲਾਂ ਅਤੇ ਚੰਗੇ ਵਿਚਾਰ ਸੁਣਨ ਅਤੇ ਧਾਰਨ ਕਰਨ ਦੀ ਆਦਤ ਪਾ ਦੇਣੀ ਚਾਹੀਦੀ ਹੈ। ਬਚਪਨ ਤੋਂ ਲੱਗੀ ਇਹ ਚੇਟਕ ਬਾਅਦ ਦੀ ਉਮਰ ਵਿੱਚ ਫਲ ਜ਼ਰੂਰ ਦਿੰਦੀ ਹੈ। ਮਾਤਾ ਪਿਤਾ ਨੂੰ ਖ਼ੁਦ ਸਮਾਂ ਦੇ ਕੇ ਬੱਚਿਆਂ ਵਿੱਚ ਸਿੱਖਣ ਦਾ ਸ਼ੌਕ ਜ਼ਰੂਰ ਪੈਂਦਾ ਕਰਨਾ ਚਾਹੀਦਾ ਹੈ। ਵਿੱਦਿਆ ਅਨਮੋਲ ਗਹਿਣਾ ਹੈ। ਵਿੱਦਿਆ ਜ਼ਿੰਦਗੀ ਭਰ ਨਾਲ ਰਹਿੰਦੀ ਹੈ। ਬੱਚਿਆਂ ਅੰਦਰ ਪੜ੍ਹਨ ਦੀ ਆਦਤ ਵਿਕਸਤ ਕਰਨ ਦੀ ਲੋੜ ਹੈ
ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਜ਼ਿੱਦੀ ਨਹੀਂ ਬਣਨ ਦੇਣਾ ਚਾਹੀਦਾ ਹੈ। ਵੱਡੇ ਬੱਚਿਆਂ ਦੇ ਮੁਕਾਬਲੇ ਛੋਟੇ ਬੱਚੇ ਜ਼ਿਆਦਾ ਜ਼ਿੱਦ ਕਰਦੇ ਹਨ। ਜਦੋਂ ਬੱਚਾ ਜ਼ਿੱਦ ਕਰਦਾ ਹੈ ਤਾਂ ਮਾਤਾ ਪਿਤਾ ਨੂੰ ਬੱਚੇ ਨੂੰ ਪਿਆਰ ਨਾਲ ਹੀ ਸਮਝਾਉਣਾ ਚਾਹੀਦਾ ਹੈ ਕਿਉਂਕਿ ਛੋਟੇ ਬੱਚੇ ਗੁੱਸੇ ਦੀ ਭਾਸ਼ਾ ਘੱਟ ਤੇ ਪਿਆਰ ਦੀ ਭਾਸ਼ਾ ਜ਼ਿਆਦਾ ਸਮਝਦੇ ਹਨ। ਮਾਤਾ ਪਿਤਾ ਨੂੰ ਕਦੇ ਵੀ ਬੱਚੇ ਦੇ ਗਲਤੀ ਕਰਨ ’ਤੇ ਉਸ ਨੂੰ ਜਨਤਕ ਥਾਂਵਾਂ ’ਤੇ ਲੋਕਾਂ ਦੇ ਸਾਹਮਣੇ ਬੇਇਜ਼ਤ ਨਹੀਂ ਕਰਨਾ ਚਾਹੀਦਾ ਹੈ। ਮਾਂ ਬਾਪ ਨੂੰ ਬੱਚੇ ਦੀ ਜ਼ਿੱਦ ਦੂਰ ਕਰਨ ਲਈ ਉਸਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਅੰਦਰ ਖੁਸ਼ੀ ਪੈਦਾ ਹੋਵੇ ਅਤੇ ਆਤਮ ਵਿਸ਼ਵਾਸ ਵਧ ਸਕੇ। ਮਾਪਿਆਂ ਨੂੰ ਆਪਣੇ ਬੱਚੇ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਮਾਂ ਬਾਪ ਨੂੰ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਹੀ ਸੇਧ ਪ੍ਰਦਾਨ ਕਰਨੀ ਚਾਹੀਦੀ ਹੈ। ਬੱਚਿਆਂ ਦੇ ਜ਼ਿੱਦੀ ਵਿਵਹਾਰ ਨੂੰ ਮਾਪਿਆਂ ਵਲੋਂ ਪਿਆਰ ਸ਼ਾਤੀ ਅਤੇ ਸਹਿਣਸ਼ੀਲਤਾ ਨਾਲ ਬਦਲਿਆ ਜਾ ਸਕਦਾ ਹੈ।
ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਰੋਨਾ ਮਹਾਂਮਾਰੀ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ। ਵਿੱਦਿਅਕ ਸੰਸਥਾਵਾਂ ਬੰਦ ਹਨ। ਇਨ੍ਹਾਂ ਦੇ ਖੁੱਲ੍ਹਣ ਬਾਰੇ ਵੀ ਅੱਜੇ ਅਨਿਸਚਤਾ ਬਣੀ ਹੋਈ ਹੈ। ਅਧਿਆਪਕ ਅਤੇ ਖਾਸ ਕਰਕੇ ਮਾਪਿਆਂ ਨੂੰ ਬੱਚਿਆਂ ਨਾਲ ਮਨੋਵਿਗਿਆਨਕ ਤੌਰ ’ਤੇ ਨਜਿੱਠਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਮਹਾਂਮਾਰੀ ਕਾਰਨ ਸਕੂਲ ਜਾਣਾ ਸੰਭਵ ਨਹੀਂ ਇਸੇ ਕਾਰਨ ਅੱਜ ਕੱਲ੍ਹ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਮਾਤਾ ਪਿਤਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੱਚਿਆਂ ਦੀ ਆਨਲਾਈਨ ਪੜ੍ਹਾਈ ਦਾ ਖਿਆਲ ਰੱਖਣਾ ਪੈ ਰਿਹਾ ਹੈ। ਮਾਤਾ ਪਿਤਾ ਦੇ ਨਾਲ ਨਾਲ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਕੇਵਲ ਆਨਲਾਈਨ ਪੜ੍ਹਾਈ ਬਾਰੇ ਹੀ ਨਹੀਂ, ਸਗੋਂ ਆਨਲਾਈਨ ਖੇਡਾਂ ਰਾਹੀਂ ਵੀ ਮਨ ਪ੍ਰਚਾਵੇ, ਬਾਰੇ ਉਤਸ਼ਾਹਿਤ ਕਰਨ। ਇਸ ਦੌਰਾਨ ਘਰਾਂ ਅੰਦਰ ਲੂਡੋ ਯੋਗਾ ਅਤੇ ਕੈਰਮ ਬੋਰਡ ਆਦਿ ਵਰਗੀਆਂ ਗਤੀਵਿਧੀਆਂ ਆਦਿ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਹਨ। ਆਨਲਾਈਨ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਆਫਲਾਈਨ ਭਾਵ ਕਾਪੀਆਂ ਕਿਤਾਬਾਂ ਨਾਲ ਵੀ ਜੋੜੀ ਰੱਖਣਾ ਚਾਹੀਦਾ ਹੈ।
ਬੱਚਿਆਂ ਨੂੰ ਡਿਜੀਟਲ ਪੜ੍ਹਾਈ ਦੀ ਬਰੇਕ ਸਮੇਂ ਯੋਗਾ ਤੇ ਸਰੀਰਕ ਕਸਰਤ ਨਾਲ ਸਬੰਧਿਤ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਧਿਆਪਕਾਂ ਨੂੰ ਵੀ ਚਾਹੀਦਾ ਕਿ ਬੱਚਿਆਂ ਉੱਤੇ ਪੜ੍ਹਾਈ ਦਾ ਬੋਝ ਘੱਟ ਕਰਕੇ ਰੋਜ਼ਾਨਾ ਸਲੇਬਸ ਵਿੱਚ ਮੰਨੋਰੰਜਨ ਸਰੀਰਕ ਵਿਕਾਸ ਨਾਲ ਸਬੰਧਿਤ ਗਤੀਵਿਧੀਆਂ ਵੱਧ ਤੋਂ ਵੱਧ ਸ਼ਾਮਿਲ ਕਰਨ ਤਾਂ ਜੋ ਬੱਚਿਆਂ ਦੇ ਵਿਵਹਾਰ ਨੂੰ ਹਾਂ ਪੱਖੀ ਦਿਸ਼ਾ ਵੱਲ ਲੈ ਜਾਇਆ ਜਾ ਸਕੇ।
ਬੱਚਿਆਂ ਦੇ ਕਰੀਅਰ ਚੋਣ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚੇ ਨੂੰ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚੇ ਉੱਪਰ ਆਪਣੇ ਫੈਸਲੇ ਥੋਪਣੇ ਨਹੀਂ ਚਾਹੀਦੇ। ਬੱਚੇ ਨੂੰ ਵੱਖ ਵੱਖ ਕੋਰਸਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਜਾਣੂ ਕਰਾਉਣਾ ਚਾਹੀਦਾ ਹੈ। ਮਾਤ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਅਤੇ ਹੋਰ ਵਿਦੇਸ਼ੀ ਭਸ਼ਾਵਾਂ ’ਤੇ ਪਕੜ ਬਣਾਉਣ ਲਈ ਬੱਚੇ ਨੂੰ ਪ੍ਰਰੇਤ ਕਰਦੇ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਸਮੇਂ ਸਮੇਂ ’ਤੇ ਸਵੈ ਰੁਜ਼ਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਸ ਕੋਰਸ ਜਾਂ ਕਿੱਤੇ ਦੀ ਚੋਣ ਲਈ ਬੱਚੇ ਨੂੰ ਪ੍ਰਰੇਤ ਕਰਨਾ ਚਾਹੀਦਾ ਹੈ, ਜਿਸ ਦੀ ਲੰਮੇ ਸਮੇਂ ਲਈ ਮੰਗ ਹੋਵੇ। ਬੱਚੇ ਨੂੰ ਖੁਦ ਫੈਸਲਾ ਲੈਣ ਲਈ ਮਾਪਿਆਂ ਨੂੰ ਅਗਵਾਈ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਮਾਤਾ ਪਿਤਾ ਦੇ ਅਨੁਭਵ ਤੋਂ ਲਾਭ ਲੈਣ ਦੀ ਜ਼ਰੂਰਤ ਹੈ। ਦੂਸਰੇ ਵਲੋਂ ਦਿੱਤੀ ਅਗਵਾਈ ਦਾ ਬੱਚੇ ਨੂੰ ਚੰਗੀ ਤਰ੍ਹਾਂ ਅਧਿਐਨ ਕਰ ਲੈਣਾ ਚਾਹੀਦਾ ਹੈ। ਫਿਰ ਬੱਚੇ ਨੂੰ ਆਪਣੇ ਕੀਤੇ ਫੈਸਲੇ ’ਤੇ ਦ੍ਰਿੜ੍ਹਤਾ ਨਾਲ ਅੱਗੇ ਮੰਜ਼ਿਲ ਵਲ ਵਧਣ ਦੀ ਲਗਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਾਂ ਬਾਪ ਨੂੰ ਬੱਚਿਆਂ ਵਾਸਤੇ ਰੋਜ਼ਾਨਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਹੱਦ ਤੋਂ ਜ਼ਿਆਦਾ ਖੇਡਣ ਕੁੱਦਣ, ਖੱਟੀਆਂ ਮਿੱਠੀਆਂ ਵਸਤੂਆਂ ਦਾ ਸੇਵਨ, ਲੋੜ ਤੋਂ ਜ਼ਿਆਦਾ ਟੈਲੀਵੀਜਨ ਦੇਖਣ ਤੇ ਮੋਬਾਇਲ ਦੀ ਵਰਤੋ ਤੋਂ ਗੁਰੇਜ਼ ਕਰਨ ਲਈ ਬੱਚਿਆਂ ਨੂੰ ਜ਼ਰੂਰ ਰੋਕਣਾ ਚਾਹੀਦਾ ਹੈ। ਸਵੇਰੇ ਜਲਦੀ ਉੱਠਣ, ਸਮੇਂ ਸਿਰ ਸਕੂਲ ਜਾਣ, ਅਧਿਆਪਕ ਦੁਆਰਾ ਪੜ੍ਹਾਏ ਜਾ ਰਹੇ ਪਾਠ ਜਾਂ ਕਢਾਏ ਜਾ ਰਹੇ ਸਵਾਲਾਂ ਵਲ ਧਿਆਨ ਕੇਂਦਰਤ ਕਰਨ, ਸਰੀਰ ਦੀ ਸਫਾਈ ਰੱਖਣ, ਸੁੰਦਰ ਲਿਖਾਈ ਕਰਨ, ਨਕਲ ਮਾਰਨ ਤੋਂ ਗੁਰੇਜ਼ ਕਰਨ, ਪੜ੍ਹਾਈ ਦੇ ਨਾਲ ਨਾਲ ਰਸਾਲੇ ਅਖਬਾਰਾਂ, ਚੰਗੀਆਂ ਕਹਾਣੀਆਂ ਪੜ੍ਹਨ, ਟੈਲੀਵੀਜਨ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਸੁਣਨ, ਸਖਤ ਮਿਹਨਤ, ਸ਼ਾਂਤ ਵਾਤਾਵਰਣ ਵਿੱਚ ਪੜ੍ਹਾਈ ਕਰਨ, ਸਖਤ ਮਿਹਨਤ ਕਰਨ, ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰਨ, ਸੱਚ ਦੇ ਮਾਰਗ ਤੇ ਚੱਲਣ, ਅਨੁਸਾਸਨ ਬਣਾਕੇ ਰੱਖਣ, ਟਰੈਫਿਕ ਰੂਲਜ਼ ਦੀ ਪਾਲਣਾ ਕਰਨ ਆਦਿ ਚੰਗੀਆਂ ਗੱਲਾਂ ਬੱਚੇ ਅੰਦਰ ਵਿਕਸਿਤ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਵਿਦਿਆਰਥੀ ਜੀਵਨ ਇੱਕ ਤਪੱਸਿਆ ਦੀ ਤਰ੍ਹਾਂ ਹੁੰਦਾ ਹੈ। ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਜੀਵਨ ਵਿੱਚ ਸਹਾਈ ਸਿੱਧ ਹੋ ਸਕਦੀਆਂ ਹਨ ਅਤੇ ਮੰਜ਼ਿਲ ਤਕ ਪਹੁੰਚਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੀਆਂ ਹਨ। ਸਕੂਲਾਂ ਅੰਦਰ ਅਧਿਆਪਕਾਂ ਨੂੰ ਆਪਣੇ ਵਿਸ਼ੇ ਦੇ ਅਧਿਆਪਨ ਦੇ ਨਾਲ ਨਾਲ ਹੋਰ ਗੱਲਾਂ ਦਾ ਗਿਆਨ ਵੀ ਬੱਚੇ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕੇ।
ਮਾਤਾ ਪਿਤਾ ਨੂੰ ਬੱਚੇ ਨੂੰ ਹਰ ਰੋਜ਼ ਬਜ਼ਾਰ ਤੋਂ ਖਾਣ ਪੀਣ ਵਾਲੀਆਂ ਚੀਜ਼ਾਂ ਲਿਆ ਕੇ ਨਹੀਂ ਦੇਣੀਆਂ ਚਾਹੀਦੀਆਂ। ਬੱਚੇ ਨੂੰ ਜ਼ਿਆਦਾ ਘੂਰਨਾ\ਮਾਰਨਾ ਵੀ ਨਹੀਂ ਚਾਹੀਦਾ ਹੈ। ਘਰ ਵਿੱਚ ਇੱਕ ਤੋਂ ਜ਼ਿਆਦਾ ਬੱਚੇ ਹੋਣ ’ਤੇ ਮਾਂ ਬਾਪ ਨੂੰ ਬੱਚਿਆਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਰਾਤ ਨੂੰ ਸੌਣ ਤੋਂ ਪਹਿਲਾਂ ਬੱਚੇ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨਾਲ ਬੱਚੇ ਨੂੰ ਚੰਗੇ ਬਣਨ ਦੀ ਪ੍ਰੇਰਨਾ ਮਿਲਦੀ ਰਹੇ। ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨ ਅਤੇ ਛੋਟਿਆਂ ਨਾਲ ਪਿਆਰ ਕਰਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਸਵੇਰੇ ਸ਼ਾਮ ਬੱਚੇ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ। ਉਮਰ ਦੇ ਹਿਸਾਬ ਨਾਲ ਬੱਚੇ ਤੋਂ ਛੋਟੇ ਛੋਟੇ ਕੰਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕੰਮ ਕਰਨ ਦੀ ਆਦਤ ਬੱਚੇ ਵਿੱਚ ਜ਼ਰੂਰ ਪੈਦਾ ਕਰਨੀ ਚਾਹੀਦੀ ਹੈ। ਬੱਚੇ ਵਿੱਚ ਆਤਮ ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਕੁੱਟ ਕੁੱਟ ਕੇ ਭਰ ਦੇਣਾ ਚਾਹੀਦਾ ਹੈ। ਮਾਤਾ ਪਿਤਾ ਨੂੰ ਬੱਚੇ ਪ੍ਰਤੀ ਕਦੇ ਵੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਅਣਗਹਿਲੀ ਬੱਚੇ ਦੇ ਭਵਿੱਖ ਨੂੰ ਵਿਗਾੜ ਸਕਦੀ ਹੈ। ਜਦਕਿ ਮਾਤਾ ਪਿਤਾ ਦੀ ਨਿਭਾਈ ਜ਼ਿੰਮੇਵਾਰੀ ਬੱਚੇ ਨੂੰ ਉੱਚੀਆਂ ਬੁਲੰਦੀਆਂ ’ਤੇ ਪਹੁੰਚਾ ਸਕਦੀ ਹੈ। ਇਸ ਲਈ ਸਾਨੂੰ ਬੱਚਿਆਂ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਉਹ ਸਾਡਾ ਨਾਂਅ ਰਹਿੰਦੀ ਦੁਨੀਆਂ ਤਕ ਰੁਸ਼ਨਾ ਸਕਣ। ਇਸ ਤਰ੍ਹਾਂ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕਦਾ ਹੈ ਅਤੇ ਭਵਿੱਖ ਵਿੱਚ ਮਾਤਾ ਪਿਤਾ ਦਾ ਬੁਢਾਪਾ ਵੀ ਸੁਖੀ ਅਤੇ ਸੁਰੱਖਿਅਤ ਬਣ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2897)
(ਸਰੋਕਾਰ ਨਾਲ ਸੰਪਰਕ ਲਈ: