HarshinderKaur7ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾਤਾਂ ਉਹ ਚੀਜ਼ ...
(8 ਜੂਨ 2022)
ਮਹਿਮਾਨ: 725.


ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ ਹੈਲਥ ਨੇ ਸਰਵੇਖਣ ਕਰ ਕੇ ਦੱਸਿਆ ਹੈ ਕਿ ਲਗਭਗ
40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿੱਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲੱਗ ਪਏ ਸਨਇਨ੍ਹਾਂ ਵਿੱਚ ਵੱਧ ਪੜ੍ਹੇ ਲਿਖੇ, ਅਮੀਰ ਅਤੇ ਇੰਟਰਨੈੱਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨਬਹੁਤੇ ਤਾਂ ਸਰਜਰੀ, ਕੀਮੋਥੈਰਪੀ, ਰੇਡੀਓਥੈਰਪੀ ਆਦਿ ਦੇ ਨਾਲ ਹੀ ਹੋਰ ਦੇਸੀ ਨੁਸਖ਼ੇ ਵਰਤਣ ਲੱਗ ਪਏ ਸਨ ਤੇ ਕੁਝ ਇਲਾਜ ਪੂਰਾ ਮੁਕਾਉਣ ਬਾਅਦ ਦੇਸੀ ਦਵਾਈਆਂ ਲੈਣ ਲੱਗ ਪਏ ਸਨ

ਸਾਲ 2019 ਦੇ ਸਰਵੇਖਣ ਅਨੁਸਾਰ 83 ਫੀਸਦੀ ਕੈਂਸਰ ਦੇ ਮਰੀਜ਼ਾਂ ਨੇ ਅਮਰੀਕਾ ਵਿੱਚ ਦੇਸੀ ਜਾਂ ਕੋਈ ਹੋਰ ਜੜ੍ਹੀ ਬੂਟੀ ਐਲੋਪੈਥੀ ਇਲਾਜ ਦੇ ਨਾਲ ਹੀ ਸ਼ੁਰੂ ਕਰ ਲਈ

ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਇਹ ਸਪਸ਼ਟ ਕੀਤਾ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਅਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਨ੍ਹਾਂ ਵਿੱਚ ਮੌਤ ਦਰ ਕਾਫੀ ਵਧੀ ਹੋਈ ਲੱਭੀ ਤੇ ਉਹ ਵਕਤ ਤੋਂ ਪਹਿਲਾਂ ਹੀ ਕੂਚ ਕਰ ਗਏਜਿਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਖਾਣ ਦੇ ਨਾਲੋ ਨਾਲ ਦੇਸੀ ਦਵਾਈਆਂ ਵਰਤੀਆਂ, ਉਨ੍ਹਾਂ ਵਿੱਚੋਂ ਬਥੇਰਿਆਂ ਨੂੰ ਕੈਂਸਰ ਦੀਆਂ ਦਵਾਈਆਂ ਦਾ ਤਕੜਾ ਮਾੜਾ ਅਸਰ ਹੁੰਦਾ ਲੱਭਿਆ ਕਿਉਂਕਿ ਦੇਸੀ ਦਵਾਈਆਂ ਦਾ ਕੈਂਸਰ ਦੀਆਂ ਦਵਾਈਆਂ ਨਾਲ ਸਰੀਰ ਅੰਦਰ ਟਕਰਾਓ ਹੋਣ ਲੱਗ ਪਿਆ ਸੀ ਤੇ ਉਲਟ ਅਸਰ ਹੁੰਦੇ ਲੱਭੇ

ਇਹ ਅਸਰ ਕਿਹੜੇ ਸਨ:

1. ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣਾ

ਕੈਂਸਰ ਦੀਆਂ ਦਵਾਈਆਂ ਜਜ਼ਬ ਕਰਨ ਦੀ ਤਾਕਤ ਘਟਾਉਣਾ, ਸਰੀਰ ਵੱਲੋਂ ਕੱਢੇ ਜਾ ਰਹੇ ਹਜ਼ਮ ਕਰਨ ਦੇ ਰਸਾਂ ਨਾਲ ਛੇੜਛਾੜ ਅਤੇ ਅਸਰ ਕਰਨ ਵਾਲੀ ਥਾਂ ਉੱਤੇ ਪਏ ਸੈੱਲਾਂ ਨੂੰ ਸਖ਼ਤ ਜਾਨ ਬਣਾ ਦੇਣਾ, ਆਮ ਹੀ ਦੇਸੀ ਦਵਾਈਆਂ ਨਾਲ ਵੇਖਿਆ ਗਿਆ ਹੈਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਸਹੀ ਕਰਨ ਵਿੱਚ ਸੀ.ਵਾਈ.ਪੀ. 3ਏ. 4 ਰਸ ਦਾ ਅਹਿਮ ਰੋਲ ਹੁੰਦਾ ਹੈ ਜੋ ਕਈ ਕਿਸਮਾਂ ਦੀਆਂ ਦੇਸੀ ਦਵਾਈਆਂ ਨਸ਼ਟ ਕਰ ਦਿੰਦੀਆਂ ਹਨ

ਬਹੁਤ ਸਾਰੀਆਂ ਕੈਂਸਰ ਦੀਆਂ ਦਵਾਈਆਂ ਜਿਵੇਂ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕਰਿਸਟੀਨ, ਵਿਨਬਲਾਸਟੀਨ ਆਦਿ ਸੀ.ਵਾਈ.ਪੀ. 3ਏ. 4 ਰਸ ਰਾਹੀਂ ਹੀ ਅਸਰ ਵਿਖਾਉਂਦੀਆਂ ਹਨਇੰਜ ਹੀ ਪੀੜ ਨੂੰ ਆਰਾਮ ਦੇਣ ਵਾਲੀਆਂ ਓਪਿਆਇਡ ਦਵਾਈਆਂ ਦਾ ਵੀ ਅਸਰ ਘੱਟ ਹੋ ਜਾਂਦਾ ਹੈ ਜਿਸ ਸਦਕਾ ਮਰੀਜ਼ ਲਈ ਪੀੜ ਨੂੰ ਜਰਨਾ ਔਖਾ ਹੋ ਜਾਂਦਾ ਹੈ

ਛਾਤੀ ਦੇ ਕੈਂਸਰ ਲਈ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਦਾ ਅਸਰ ਤਾਂ ਇਨ੍ਹਾਂ ਦੇਸੀ ਦਵਾਈਆਂ ਨਾਲ ਕਾਫੀ ਘੱਟ ਹੋ ਜਾਂਦਾ ਹੈ ਕਿਉਂਕਿ ਦੇਸੀ ਦਵਾਈਆਂ ਦੀ ਸਾਰੀ ਟੁੱਟ ਫੁੱਟ ਜਿਗਰ ਰਾਹੀਂ ਹੁੰਦੀ ਹੈਜਿਗਰ ਦੇ ਕੰਮਕਾਰ ਵਿੱਚ ਰੋਕਾਂ ਪੈਣ ਨਾਲ ਜਾਂ ਉਸ ਦੇ ਲੋੜੋਂ ਵੱਧ ਕੰਮ ਕਰਦੇ ਰਹਿਣ ਨਾਲ ਕੈਂਸਰ ਦੀਆਂ ਅਸਲ ਦਵਾਈਆਂ ਦਾ ਅਸਰ ਪੂਰਾ ਹੁੰਦਾ ਹੀ ਨਹੀਂ

ਇਸ ਤਰ੍ਹਾਂ ਲਗਾਤਾਰ ਵਧਦੀਆਂ ਮੌਤਾਂ ਨੂੰ ਵੇਖਦਿਆਂ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ ਨੇ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਵੈੱਬਸਾਈਟ ਰਾਹੀਂ ਜਾਣਕਾਰੀ ਜੱਗ ਜ਼ਾਹਿਰ ਕਰ ਦਿੱਤੀ ਹੈ ਕਿ ਕਿਵੇਂ ਕੁਝ ਦੇਸੀ ਦਵਾਈਆਂ ਤਾਂ ਸਗੋਂ ਕੈਂਸਰ ਦੇ ਮਰੀਜ਼ ਨੂੰ ਛੇਤੀ ਮੌਤ ਦੇ ਮੂੰਹ ਵੱਲ ਲੈ ਜਾਂਦੀਆਂ ਹਨ

ਉਸ ਵੈੱਬਸਾਈਟ ਰਾਹੀਂ ਕੈਂਸਰ ਦੀਆਂ ਦਵਾਈਆਂ ਦੇ ਅਸਰ ਕਰਨ ਦਾ ਢੰਗ ਅਤੇ ਕੁਝ ਚੁਣਿੰਦਾ ਦੇਸੀ ਦਵਾਈਆਂ ਵੱਲੋਂ ਉਸ ਅਸਰ ਵਿੱਚ ਛੇੜਛਾੜ ਕਰਨ ਦਾ ਸਪਸ਼ਟ ਅਸਰ ਵੀ ਸਮਝਾਇਆ ਗਿਆ ਹੈਇਸੇ ਲਈ ਉਸ ਵੈੱਬਸਾਈਟ ਵਿੱਚ ਕਾਫੀ ਦੇਸੀ ਦਵਾਈਆਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹੋਏ ਹਨ ਕਿ ਇਨ੍ਹਾਂ ਨੂੰ ਕੈਂਸਰ ਦੀਆਂ ਦਵਾਈਆਂ ਨਾਲ ਨਹੀਂ ਵਰਤਣਾ ਚਾਹੀਦਾ

2. ਕਿਹੜੀਆਂ ਹੋਰ ਦਵਾਈਆਂ ਨਾ ਵਰਤੀਆਂ ਜਾਣ?

ਭਾਵੇਂ ਬਹੁਤ ਘੱਟ ਕੇਸ ਹਨ ਪਰ ਅਜਿਹੇ ਕੁਝ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦਾ ਦੇਸੀ ਦਵਾਈਆਂ ਸਦਕਾ ਕੈਂਸਰ ਵੀ ਫੈਲਿਆ, ਜਿਗਰ ਦਾ ਵੀ ਨੁਕਸਾਨ ਹੋਇਆ ਤੇ ਮੌਤ ਵੀ ਛੇਤੀ ਹੋ ਗਈ

ਹੋਰ ਤਾਂ ਹੋਰ, ਕੁਝ ਕੈਂਸਰ ਦੇ ਮਰੀਜ਼ਾਂ ਵਿੱਚ ਸੇਂਟ ਜਾਨ ਵੌਰਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਤੇ ਜ਼ਿੰਕੋ ਬਿਲੋਬਾ ਵਰਗੀਆਂ ਦਵਾਈਆਂ ਨਾਲ ਸਪਸ਼ਟ ਰੂਪ ਵਿੱਚ ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣ ਵਿੱਚ ਰੋਲ ਵਿਖਾਇਆ ਗਿਆ ਹੈ ਜੋ ‘ਹਰਬ-ਕੈਂਸਰ ਡਰੱਗ ਇੰਟਰਐਕਸ਼ਨ’ ਖੋਜ ਪੱਤਰ ਵਿੱਚ ਛਾਪਿਆ ਗਿਆ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਇਹ ਆਮ ਜਾਪਦੀਆਂ ਦਵਾਈਆਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ

ਸੇਂਟ ਜਾਨ ਵੌਰਟ ਹਰਬਲ ਮੈਡੀਸਨ ਭਾਵੇਂ ਬੂਟਿਆਂ ਤੋਂ ਬਣੀ ਦਵਾਈ ਹੈ ਜਿਵੇਂ ਜਿਨਸੈਂਗ ਜਾਂ ਜ਼ਿੰਕੋ ਬਿਲੋਬਾ ਜਾਂ ਕੈਕਟਸ ਦਾ ਫਲ, ਪਰ ਇਹ ਕੁਝ ਕਿਸਮਾਂ ਦੇ ਕੈਂਸਰ ਦੀਆਂ ਦਵਾਈਆਂ ਦਾ ਅਸਰ 50 ਫੀਸਦੀ ਤਕ ਘਟਾ ਦਿੰਦੀਆਂ ਹਨ ਕਿਉਂਕਿ ਇਹ ਕੈਂਸਰ ਦੀਆਂ ਦਵਾਈਆਂ ਨੂੰ ਛੇਤੀ ਸਰੀਰ ਵਿੱਚੋਂ ਬਾਹਰ ਕੱਢ ਦਿੰਦੀਆਂ ਹਨ

ਖੋਜ ਵਿੱਚ ਇੱਕ ਕੈਂਸਰ ਦੀ ਦਵਾਈ ‘ਇਮੈਟੀਨਿਬ’ ਨਾਲ ਜਦੋਂ ਹਰਬਲ ਦਵਾਈ ਸੇਂਟ ਜਾਨ ਵੌਰਟ ਦਿੱਤੀ ਗਈ ਤਾਂ ਮਰੀਜ਼ਾਂ ਦੇ ਸਰੀਰ ਅੰਦਰ ਦੋ ਹਫ਼ਤਿਆਂ ਵਿੱਚ ਇਮੈਟੀਨਿਬ ਦਾ ਅਸਰ 42 ਫੀਸਦੀ ਤਕ ਘਟਿਆ ਹੋਇਆ ਲੱਭਿਆ

ਇੰਜ ਹੀ ਚਕੋਧਰੇ ਦਾ ਰਸ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਦੇਣ ਨਾਲ ਅਨੇਕ ਕਿਸਮ ਦੀਆਂ ਕੈਂਸਰ ਦੀਆਂ ਦਵਾਈਆਂ ਦਾ ਅਸਰ 32 ਤੋਂ 42 ਫੀਸਦੀ ਘਟਿਆ ਹੋਇਆ ਲੱਭਿਆ

ਚਕੋਧਰਾ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਹੀ ਨਹੀਂ ਹੋਣ ਦਿੰਦਾ ਤੇ ਫਟਾਫਟ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ

ਇੱਕ ਖੋਜ ਵਿੱਚ ਬਹੁਤ ਵਧੇ ਹੋਏ ਛਾਤੀ ਦੇ ਕੈਂਸਰ ਦੀਆਂ ਔਰਤਾਂ ਵਿੱਚ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਥੋਮ ਖੁਆਉਣ ਨਾਲ ਡੌਸੀਟੈਕਸਿਲ ਕੈਂਸਰ ਦੀ ਦਵਾਈ ਦੀ ਮਾਤਰਾ ਲਹੂ ਵਿੱਚ 35 ਫੀਸਦੀ ਘਟੀ ਹੋਈ ਲੱਭੀਇੰਜ ਹੀ ਅਦਰਕ ਦੇਣ ਨਾਲ ਕੈਂਸਰ ਦੇ ਅਪਰੇਸ਼ਨ ਬਾਅਦ ਲਹੂ ਬਹੁਤ ਦੇਰ ਤਕ ਵਗਦਾ ਹੋਇਆ ਲੱਭਿਆ

3. ਕਿਹੜੇ ਮਸਾਲੇ ਜਾਂ ਬੀਜ ਵੀ ਠੀਕ ਨਹੀਂ?

ਐਲਫਾਲਫਾ, ਚੇਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ ਆਦਿ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਿੱਚ ਇਲਾਜ ਦੌਰਾਨ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ

ਸੋਇਆਬੀਨ ਵਿਚਲਾ ‘ਜੈਨੀਸਟੀਨ’ ਤਾਂ ਕਈ ਵਾਰ ‘ਟੈਮੋਕਸੀਫੈਨ’ ਕੈਂਸਰ ਦੀ ਦਵਾਈ ਦਾ ਅਸਰ ਬਹੁਤ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਦੇ ਵਧਣ ਵਿੱਚ ਤੇਜ਼ੀ ਲਿਆ ਦਿੰਦਾ ਹੈ

ਕੁਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਵੀ ਦੇਸੀ ਨੁਸਖ਼ਿਆਂ ਨਾਲ ਵੱਧ ਫੈਲ ਜਾਂਦੇ ਹਨ ਕਿਉਂਕਿ ਉਨ੍ਹਾਂ ਵਿੱਚ ਕੁਦਰਤੀ ਹਾਰਮੋਨ ਹੁੰਦੇ ਹਨਕੁਝ ਟੋਟਕਿਆਂ ਨਾਲ ਲਹੂ ਵਗਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ

ਕੁਝ ਕਿਸਮਾਂ ਦੇ ਵਿਟਾਮਿਨ ਵੀ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਕਰਨ ਵਾਲੀ ਥਾਂ ਨੂੰ ਆਪ ਮੱਲ ਕੇ ਬਹਿ ਜਾਂਦੇ ਹਨ ਜਾਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਕੇ ਤਕੜੇ ਤਰੀਕੇ ਨਾਲ ਫੈਲਣ ਲਈ ਤਿਆਰ ਕਰ ਦਿੰਦੇ ਹਨ ਜਿਵੇਂ ਵਿਟਾਮਿਨ ਈ ਜਾਂ ਵਿਟਾਮਿਨ ਸੀ

ਖੋਜ ਵਿੱਚ ਸਾਬਤ ਹੋ ਚੁੱਕਿਆ ਹੈ ਕਿ ਰੇਡੀਓਥੈਰਪੀ ਤੋਂ ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇੱਕ ਇੱਕ ਖ਼ੁਰਾਕ ਵਿਟਾਮਿਨ ਈ ਅਤੇ ਸੀ ਦੀ ਦਿੱਤੀ ਗਈ, ਉਨ੍ਹਾਂ ਦੇ ਕੈਂਸਰ ਸੈੱਲਾਂ ਉੱਤੇ ਰੇਡੀਓਥੈਰਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆਇੰਜ ਹੀ ਕਈ ਮਰੀਜ਼ਾਂ ਵਿੱਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦੇਣ ਨਾਲ ਸਗੋਂ ਕੈਂਸਰ ਦੇ ਸੈੱਲ ਵੱਧ ਪ੍ਰਫੁੱਲਿਤ ਹੋਏ ਲੱਭੇ

4. ਕਿਹੜੇ ਕੁਦਰਤੀ ਤੱਤ ਫ਼ਾਇਦੇਮੰਦ ਸਾਬਤ ਹੋਏ?

ਅਮਰੀਕਾ ਅਤੇ ਚੀਨ ਦੀਆਂ ਛਾਤੀ ਦੀਆਂ ਕੈਂਸਰ ਦੀਆਂ ਹਜ਼ਾਰਾਂ ਔਰਤਾਂ ਉੱਤੇ ਇੱਕ ਵੱਡੀ ਖੋਜ ਰਾਹੀਂ ਇਹ ਨੁਕਤਾ ਸਾਹਮਣੇ ਆਇਆ ਕਿ ਹਰ ਕੁਦਰਤੀ ਚੀਜ਼ ਮਾੜੀ ਨਹੀਂ ਹੁੰਦੀ

ਸੋਇਆਬੀਨ ਨਾਲ ਭਾਵੇਂ ਮੌਤ ਦਰ ਨਹੀਂ ਘਟੀ ਤੇ ਦਵਾਈਆਂ ਦਾ ਅਸਰ ਵੀ ਘੱਟ ਹੋਇਆ ਪਰ ਇਸਦੇ ਖਾਣ ਨਾਲ ਕਾਫੀ ਜਣਿਆਂ ਵਿੱਚ ਛਾਤੀ ਦੇ ਕੈਂਸਰ ਦੇ ਸੈੱਲ ਦੁਬਾਰਾ ਚੁਸਤ ਹੋਏ ਨਹੀਂ ਲੱਭੇ ਤੇ ਦੂਜੀ ਵਾਰ ਕੈਂਸਰ ਹੋਣ ਦੇ ਆਸਾਰ ਬਹੁਤ ਘੱਟ ਹੋਏ

ਐਂਥਰਾਸਾਈਕਲਿਨ ਐਂਟੀਆਕਸੀਡੈਂਟ ਵੀ ਕੁਝ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿੱਚ ਸਹਾਈ ਹੋਏ ਲੱਭੇ

ਡਾ. ਵਾਸਰਥੀਲ ਨੇ ਆਪਣੇ ਸਾਥੀਆਂ ਨਾਲ ਕੀਤੀ ਇੱਕ ਖੋਜ ਰਾਹੀਂ ਜਦੋਂ ਕੁਝ ਫੈਲੇ ਹੋਏ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਮਿਨਰਲ ਤੱਤ ਤੇ ਵਿਟਾਮਿਨ ਸਹੀ ਮਿਕਦਾਰ ਵਿੱਚ ਖੁਆਏ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ਾਂ ਵਿੱਚ ਮੌਤ ਦਰ ਘੱਟ ਹੁੰਦੀ ਦਿਸੀ

5. ਮੌਜੂਦਾ ਸਥਿਤੀ ਕੀ ਹੈ?

ਦਿਨੋ-ਦਿਨ ਕੈਂਸਰ ਦੇ ਮਰੀਜ਼ ਵਧਦੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਕੁਦਰਤੀ ਖ਼ੁਰਾਕ ਜਾਂ ਦੇਸੀ ਨੁਸਖ਼ਿਆਂ ਅਤੇ ਆਯੁਰਵੈਦਿਕ ਦਵਾਈਆਂ ਦਾ ਸੇਵਨ ਵੀ ਵਧਦਾ ਜਾ ਰਿਹਾ ਹੈਅਮਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਔਫ ਨੈਚੂਰਲ ਮੈਡੀਸਨ ਪਿਛਲੇ 50 ਸਾਲਾਂ ਤੋਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ ਤੇ ਅਨੇਕ ਖੋਜਾਂ ਕਰ ਚੁੱਕੀ ਹੈ

ਨੈਚਰੋਪੈਥੀ ਉੱਤੇ ਕੰਮ ਕਰਦੀ ਇਸ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਨਹੀਂ ਪਰ ਇਲਾਜ ਪੂਰਾ ਕਰਨ ਬਾਅਦ ਜ਼ਰੂਰ ਕੁਦਰਤੀ ਖ਼ੁਰਾਕ ਉੱਤੇ ਜ਼ੋਰ ਪਾਉਣਾ ਚਾਹੀਦਾ ਹੈਉਹ ਤਾਂ ਇੱਥੋਂ ਤਕ ਕਹਿ ਰਹੇ ਹਨ ਕਿ ਜੇ ਪਹਿਲਾਂ ਤੋਂ ਹੀ ਸਹੀ ਸੰਤੁਲਿਤ ਖ਼ੁਰਾਕ ਖਾਂਦੇ ਰਹੋ ਅਤੇ ਰੈਗੂਲਰ ਕਸਰਤ ਕਰਦੇ ਰਹੋ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਲਗਦੀ ਹੀ ਨਹੀਂ

ਅਨੇਕ ਅਜਿਹੇ ਕੁਦਰਤੀ ਖਾਣੇ ਵੀ ਹਨ ਜਿਨ੍ਹਾਂ ਨੂੰ ਕੈਂਸਰ ਦੇ ਪੂਰੇ ਇਲਾਜ ਤੋਂ ਬਾਅਦ ਖਾਂਦੇ ਰਹਿਣ ਨਾਲ ਲੰਮੀ ਸਿਹਤਮੰਦ ਜ਼ਿੰਦਗੀ ਭੋਗੀ ਜਾ ਸਕਦੀ ਹੈਸਿਰਫ਼ ਗੱਲ ਇਹ ਹੈ ਕਿ ਸਿਆਣੇ ਡਾਕਟਰ ਤੋਂ ਹਰ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਬਾਅਦ ਹੀ ਠੀਕ ਸਲਾਹ ਲੈ ਕੇ ਸਹੀ ਮਿਕਦਾਰ ਵਿੱਚ ਇਹ ਕੁਦਰਤੀ ਚੀਜ਼ਾਂ ਖਾਣ ਦੀ ਲੋੜ ਹੈਮਿਸਾਲ ਵਜੋਂ ਅਦਰਕ ਵਰਗੀ ਖਾਣ ਵਾਲੀ ਚੀਜ਼ ਵੀ ਹਰ ਜਣੇ ਉੱਤੇ ਇੱਕੋ ਜਿੰਨਾ ਅਸਰ ਨਹੀਂ ਵਿਖਾਉਂਦੀਵਰਤਣ ਦਾ ਢੰਗ ਅਤੇ ਮਿਕਦਾਰ ਹਰ ਮਰੀਜ਼ ਦੀ ਹਾਲਤ ਅਨੁਸਾਰ ਵੱਖ ਹੋ ਸਕਦੇ ਹਨ

ਆਖ਼ਰੀ ਅਸਰਦਾਰ ਨੁਕਤਾ ਜੋ ਕੈਂਸਰ ਨਾਲ ਜੂਝਣ ਵਿੱਚ ਸਫ਼ਲ ਸਾਬਤ ਹੋ ਚੁੱਕਿਆ ਹੈ, ਉਹ ਹੈ-ਚੜ੍ਹਦੀ ਕਲਾ!

ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ਦੁੱਗਣਾ ਅਸਰ ਵਿਖਾਉਂਦੀ ਹੈ, ਪਰ ਜੇ ਉਹ ਚੀਜ਼ ਖਾਣ ਲੱਗਿਆਂ ਉਮੀਦ ਨਾ ਰਹੇ ਤਾਂ ਉੱਕਾ ਹੀ ਬੇਅਸਰ ਵੀ ਸਾਬਤ ਹੋ ਜਾਂਦੀ ਹੈ

ਇਸੇ ਲਈ ਸਾਰਥਕ ਨਜ਼ਰੀਆ ਕੈਂਸਰ ਨਾਲ ਜੂਝਣ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3615)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author