HarshinderKaur7ਕਿਸੇ ਲਈ ਮੋਢਾ ਬਣ ਸਕੀਏ ਤਾਂ ਜ਼ਿੰਦਗੀ ਸਫਲ ਹੈ ਪਰ ਕਿਸੇ ਦਾ ...
(2 ਮਾਰਚ 2020)

 

ਅੱਜ ਕੱਲ੍ਹ ਪੂਰੇ ਜ਼ੋਰ ਸ਼ੋਰ ਨਾਲ ਧਰਮ ਦੇ ਨਾਂ ’ਤੇ ਹਿੰਸਾ ਭੜਕ ਰਹੀ ਹੈ। ਧਰਮ ਦੇ ਠੇਕੇਦਾਰਾਂ ਵੱਲੋਂ ਭੜਕਾਊ ਭਾਸ਼ਣਾਂ ਹੇਠ ਹਿੰਸਾ ਵਧਾਉਣ ਤੇ ਦੂਜੇ ਧਰਮ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਢੰਗ ਸਿਖਾਇਆ ਜਾ ਰਿਹਾ ਹੈ। ਅਜਿਹਾ ਕਈ ਵਾਰ ਵੇਖਣ ਵਿੱਚ ਆਇਆ ਹੈ। ਇਤਿਹਾਸ ਅਜਿਹੇ ਅਨੇਕ ਦੰਗਿਆਂ ਦੀ ਦਾਸਤਾਨ ਆਪਣੇ ਬੁੱਕਲ ਵਿੱਚ ਲੁਕਾਈ ਬੈਠਾ ਹੈ। ਇਸ ਤਰ੍ਹਾਂ ਦੇ ਦੰਗਿਆਂ ਵਿੱਚੋਂ ਕਦੇ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ। ਸਿਰਫ਼ ਇਨਸਾਨੀਅਤ ਹਰ ਵਾਰ ਸ਼ਰਮਸਾਰ ਹੁੰਦੀ ਹੈ ਤੇ ਅਨੇਕ ਮਾਵਾਂ ਆਪਣੀ ਉੱਜੜੀ ਕੁੱਖ ਨੂੰ ਲੈ ਕੇ ਰੱਬ ਨੂੰ ਕਸੂਰਵਾਰ ਠਹਿਰਾ ਕੇ ਸਬਰ ਕਰਦਿਆਂ ਅੱਖਾਂ ਮੀਟ ਜਾਂਦੀਆਂ ਹਨ। ਅਨੇਕ ਨੌਜਵਾਨ ਬੱਚੀਆਂ ਅਜਿਹੇ ਧਾਰਮਿਕ ਦੰਗਿਆਂ ਵਿੱਚ ਸਰੀਰਕ ਸ਼ੋਸ਼ਣ ਸਹਿੰਦੀਆਂ ਆਤਮਹੱਤਿਆ ਕਰ ਜਾਂਦੀਆਂ ਹਨ। ਬਥੇਰੇ ਗ਼ਰੀਬਾਂ ਦੀ ਹੱਕ ਹਲਾਲ ਦੀ ਕਮਾਈ ਇਨ੍ਹਾਂ ਦੰਗਿਆਂ ਵਿੱਚ ਲੁੱਟ ਲਈ ਜਾਂਦੀ ਹੈ ਤੇ ਘਰ ਬਾਰ ਫੂਕ ਦਿੱਤੇ ਜਾਂਦੇ ਹਨ।

ਜ਼ਿਆਦਾਤਰ ਲਾਸ਼ਾਂ ਤਾਂ ਦੰਗਈ ਸਾੜ ਫੂਕ ਕੇ ਸੁਆਹ ਕਰ ਦਿੰਦੇ ਹਨ ਜਾਂ ਕੱਟ ਵੱਢ ਦਿੰਦੇ ਹਨ ਪਰ ਜਿੰਨੀਆਂ ਕੁ ਕੱਟੀਆਂ ਵੱਢੀਆਂ ਪੋਸਟਮਾਰਟਮ ਲਈ ਪਹੁੰਚਦੀਆਂ ਹਨ, ਉਨ੍ਹਾਂ ਵਿੱਚੋਂ ਕਿਸੇ ਵੀ ਲੱਤ ਜਾਂ ਬਾਂਹ ਜਾਂ ਗੁਰਦੇ, ਦਿਲ, ਲਹੂ, ਫੇਫੜੇ, ਜਿਗਰ, ਅੱਖਾਂ, ਦੰਦ ਆਦਿ ਤੋਂ ਇਹ ਪਤਾ ਲਾਇਆ ਹੀ ਨਹੀਂ ਜਾ ਸਕਦਾ ਕਿ ਉਹ ਕਿਹੜੇ ਧਰਮ ਦਾ ਬੰਦਾ ਹੋਵੇਗਾ! ਯਾਨੀ ਕੁਦਰਤ ਨੇ ਹਰ ਜੰਮਦੇ ਬੱਚੇ ਨੂੰ ਇੱਕੋ ਜਿਹਾ ਹੀ ਬਣਾਇਆ ਹੁੰਦਾ ਹੈ, ਬੇਸ਼ਕ ਰੰਗ ਰੂਪ ਵੱਖ ਦਿਸੇ। ਵਿਤਕਰੇ ਦੀ ਫਿਤਰਤ ਹੀ ਇਨਸਾਨ ਨੂੰ ਆਪਣੇ ਬੱਚੇ ਦੇ ਮਨ ਵਿੱਚ ਵੰਡੀਆਂ ਪਾਉਣ ਤੇ ਧਾਰਮਿਕ ਅਡੰਬਰਾਂ ਦੀ ਵਲਗਣ ਵਿੱਚ ਬੰਨ੍ਹਣ ਉੱਤੇ ਮਜਬੂਰ ਕਰ ਦਿੰਦੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਤੁਕਾਂ ਬਹੁਤ ਡੂੰਘਾ ਗਿਆਨ ਸਮੋਈ ਬੈਠੀਆਂ ਹਨ:

ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮੁ ਨਹੀਂ ਪੂਰਨ ਰਹਤ॥
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ॥ ਆਪਣਾ ਕਹਿਆ ਆਪਿ ਨ ਕਮਾਵੈ॥
ਪੰਡਿਤ ਬੇਦੁ ਬੀਚਾਰਿ ਪੰਡਿਤ॥ ਮਨ ਕਾ ਕ੍ਰੋਧੁ ਨਿਵਾਰਿ ਪੰਡਤਿ॥ (ਅੰਗ 887-888)

ਹੇ ਪੰਡਿਤ! ਵੇਦ ਆਦਿ ਧਰਮ ਪੁਸਤਕ ਦੇ ਉਪਦੇਸ਼ ਤੂੰ ਆਪਣੇ ਮਨ ਅੰਦਰ ਵਸਾਈ ਰੱਖ ਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।

ਜਿਹੜਾ ਮਨੁੱਖ ਧਰਮ ਪੁਸਤਕਾਂ ਨੂੰ ਮੂੰਹੋਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨਹੀਂ ਵਸਦਾ, ਉਸ ਦੀ ਰਹਿਣੀ ਬੇਦਾਗ਼ ਨਹੀਂ ਹੈ ਤੇ ਹੋਰਨਾਂ ਨੂੰ ਜੋ ਧਰਮ-ਪੁਸਤਕਾਂ ਦਾ ਉਪਦੇਸ਼ ਰਟਾਉਂਦਾ ਹੈ, ਉਹ ਆਪ ਉਸ ਉੱਤੇ ਅਮਲ ਨਹੀਂ ਕਰਦਾ ਤਾਂ ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ।

ਆਤਮਕ ਜੀਵਨ ਵੱਲੋਂ ਅੰਨ੍ਹਾ ਮਨੁੱਖ ਸਾਲਗਰਾਮ ਦੀ ਮੂਰਤੀ ਸਾਹਮਣੇ ਰੱਖ ਲੈਂਦਾ ਹੈ ਪਰ ਉਸ ਦਾ ਮਨ ਹੋਰ ਥਾਂਈਂ ਭਟਕਦਾ ਰਹਿੰਦਾ ਹੈ। ਅਜਿਹਾ ਮਨੁੱਖ ਮੱਥੇ ਉੱਤੇ ਤਿਲਕ ਵੀ ਲਾਉਂਦਾ ਹੈ ਤੇ ਮੂਰਤੀ ਦੇ ਪੈਰੀਂ ਵੀ ਪੈਂਦਾ ਹੈ ਪਰ ਸਿਰਫ਼ ਦੁਨੀਆ ਨੂੰ ਭਰਮਾਉਣ ਲਈ। ਕਿਸੇ ਧਨਾਢ ਦੇ ਘਰ ਜਾ ਕੇ ਅਜਿਹਾ ਮਨੁੱਖ ਪੈਸੇ ਲੈ ਕੇ ਸਿਰਫ਼ ਵਿਖਾਵਾ ਹੀ ਕਰਦਾ ਹੈ।

ਕੋਈ ਭਾਗਾਂ ਵਾਲਾ ਹੀ ਰੱਬ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਕੇ, ਉਸ ਉੱਤੇ ਅਮਲ ਕਰ ਕੇ ਮਾਇਆ ਦੇ ਮਕੜ ਜਾਲ ਵਿੱਚੋਂ ਬਚ ਨਿਕਲਦਾ ਹੈ ਅਤੇ ਕੋਈ ਭਾਗਾਂ ਵਾਲਾ ਮਨੁੱਖ ਹੀ ਅਜਿਹੇ ਧਰਮ ਦੇ ਉਪਦੇਸ਼ ਦੇਣ ਵਾਲੇ ਦੀ ਸ਼ਰਨ ਪੈਂਦਾ ਹੈ।

ਇਨ੍ਹਾਂ ਅਰਥਾਂ ਰਾਹੀਂ ਬਹੁਤ ਕੁਝ ਸਮਝ ਆ ਜਾਂਦਾ ਹੈ। ਧਰਮ ਅਸਮਾਨ ਤੋਂ ਨਹੀਂ ਡਿੱਗਿਆ। ਕਿਸੇ ਨਾ ਕਿਸੇ ਧਰਤੀ ਉੱਤੇ ਪੈਦਾ ਹੋਣ ਵਾਲੇ ਮਨੁੱਖ ਨੇ ਹੀ ਰਚਿਆ ਤੇ ਉਸ ਦਾ ਮਕਸਦ ਧਰਤੀ ਉੱਪਰ ਵੱਸ ਰਹੇ ਜੀਵਾਂ ਨੂੰ ਸਹੀ ਸੇਧ ਦੇ ਕੇ ਇੱਕ ਕਾਨੂੰਨ ਅੰਦਰ ਬੰਨ੍ਹ ਕੇ ਰੱਖਣ ਦਾ ਜਤਨ ਸੀ। ਬਿਨਾਂ ਕਿਸੇ ਰੋਕ ਟੋਕ ਕੇ, ਬਿਨਾਂ ਕਿਸੇ ਭੈਅ ਦੇ, ਕਿਸੇ ਨੂੰ ਗ਼ਲਤ ਤੇ ਸਹੀ ਬਾਰੇ ਦੱਸਣਾ ਔਖਾ ਹੁੰਦਾ ਹੈ। ਜਿਵੇਂ ਲਾਲ ਬੱਤੀ ਤੋਂ ਬਿਨਾਂ ਕੋਈ ਚੌਂਕ ਉੱਤੇ ਰੁਕੇ ਹੀ ਨਾ ਤਾਂ ਸਭ ਦਾ ਐਕਸੀਡੈਂਟ ਹੁੰਦਾ ਰਹੇਗਾ, ਉਸੇ ਤਰ੍ਹਾਂ ਜਾਨਵਰ ਤੋਂ ਤਬਦੀਲ ਹੋਇਆ ਮਨੁੱਖ ਵੀ ਆਪਣੇ ਅੰਦਰਲੇ ਜਾਨਵਰ ਨੂੰ ਕਾਬੂ ਵਿੱਚ ਰੱਖਣ ਲਈ ਕੋਈ ਰੋਕ ਟੋਕ ਨਾ ਹੋਣ ਉੱਤੇ ਦੂਜੇ ਦਾ ਘਾਣ ਕਰਦਾ ਰਹੇਗਾ। ਇਸੇ ਲਈ ਇੱਕ ਗ਼ੈਬੀ ਸ਼ਕਤੀ ਦਾ ਡਰ ਅਤੇ ਉਸੇ ਸ਼ਕਤੀ ਰਾਹੀਂ ਵਧੀਆ ਜ਼ਿੰਦਗੀ ਜੀਊਣ ਦੇ ਗੁਰ, ਜਿਸ ਵਿੱਚ ਧੀਰਜ, ਠਰ੍ਹੰਮਾ, ਮੁਹੱਬਤ, ਸਾਂਝ, ਕਿਰਤ ਕਰਨੀ, ਦੂਜੇ ਦਾ ਹੱਕ ਨਾ ਮਾਰਨਾ, ਆਦਿ ਸ਼ਾਮਲ ਕੀਤੇ ਗਏ।

ਹਰ ਧਾਰਮਿਕ ਗ੍ਰੰਥ ਨੇ ਵੱਖੋ-ਵੱਖ ਤਰੀਕਿਆਂ ਰਾਹੀਂ ਰੱਬ ਨੂੰ ਪਾਉਣ, ਖ਼ੁਸ਼ ਕਰਨ ਤੇ ਆਪਣਾ ਜੀਵਨ ਸਾਰਥਕ ਕਰਨ ਦਾ ਢੰਗ ਸਮਝਾਇਆ ਹੈ, ਪਰ ਇੱਕ ਦੂਜੇ ਨੂੰ ਖ਼ਤਮ ਕਰਨ ਬਾਰੇ ਗੱਲ ਨਹੀਂ ਕੀਤੀ ਕਿਉਂਕਿ ਧਾਰਮਿਕ ਗ੍ਰੰਥ ਲਿਖਣ ਵਾਲੇ ਹਰ ਵਿਦਵਾਨ ਨੂੰ ਸਮਝ ਸੀ ਕਿ ਜੇ ਮਨੁੱਖੀ ਮਨ ਵਿਚਲਾ ਜਾਨਵਰ ਆਜ਼ਾਦ ਹੋ ਗਿਆ ਤਾਂ ਧਰਤੀ ਉੱਤੇ ਮਨੁੱਖੀ ਜ਼ਾਤ ਬਚਣੀ ਹੀ ਨਹੀਂ ਤੇ ਧਰਮ ਆਪਣੇ ਆਪ ਖ਼ਤਮ ਹੋ ਜਾਣਾ ਹੈ।

ਵਧੀਆ ਜ਼ਿੰਦਗੀ ਜੀਊਣ ਲਈ ਇੱਕ ਦੂਜੇ ਨੂੰ ਇੱਜ਼ਤ, ਮਾਣ-ਸਤਿਕਾਰ ਦੇਣ ਨਾਲ ਤੇ ਉੰਨਾ ਹੀ ਵਾਪਸ ਮਿਲਣ ਨਾਲ ਇੱਕ ਸਾਂਝ ਦਾ ਰਿਸ਼ਤਾ ਗੰਢਿਆ ਜਾਂਦਾ ਹੈ। ਇਹੀ ਰਿਸ਼ਤਾ ਵੱਖੋ-ਵੱਖ ਧਰਮਾਂ ਵਿੱਚ ਵੀ ਤੇ ਵੱਖੋ-ਵੱਖ ਮੁਲਕਾਂ, ਪਰੰਪਰਾਵਾਂ, ਸੱਭਿਆਤਾਵਾਂ, ਆਦਿ ਨੂੰ ਪ੍ਰਫੁੱਲਿਤ ਕਰਦਾ ਹੈ।

ਇੰਜ ਵੱਖੋ-ਵੱਖ ਗੁੱਟ ਹੁੰਦਿਆਂ ਹੋਇਆਂ ਵੀ ਤੇ ਵੱਖੋ-ਵੱਖ ਮੁਲਕ, ਜ਼ਬਾਨਾਂ, ਰੰਗ-ਰੂਪ ਹੁੰਦਿਆਂ ਵੀ ਹਰ ਕਿਸੇ ਨੂੰ ਆਪਣੀ ਸੋਚ ਅਨੁਸਾਰ ਜੀਊਣ ਦੀ ਖੁੱਲ੍ਹ ਮੰਨ ਕੇ ਸਾਰੇ ਇੱਕ ਦੂਜੇ ਨੂੰ ਖ਼ਤਮ ਕਰਨ ਦੀ ਸੋਚ ਨਹੀਂ ਪਾਲਦੇ।

ਇਹੀ ਕਾਰਨ ਹੈ ਕਿ ਭਾਵੇਂ ਨਾਸਤਕ ਹੋਣ ਤੇ ਭਾਵੇਂ ਹਿੰਦੂ ਮੁਸਲਿਮ, ਸਿੱਖ, ਈਸਾਈ, ਪਾਰਸੀ, ਜੈਨ, ਬੁੱਧ ਜਾਂ ਕੋਈ ਵੀ ਹੋਰ, ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇੱਕ ਦੂਜੇ ਤੋਂ ਸਮਾਨ ਖਰੀਦਣ ਤੋਂ ਲੈ ਕੇ ਅੰਗ-ਦਾਨ ਜਾਂ ਖ਼ੂਨ-ਦਾਨ ਕਰਨ ਤਕ ਕੋਈ ਵਿਤਕਰਾ ਮਹਿਸੂਸ ਨਹੀਂ ਕਰਦੇ।

ਜਦੋਂ ਕੋਈ ਜਣਾ ਧਰਮ ਦੀ ਆੜ ਹੇਠ ਭੜਕਾ ਕੇ ਦੰਗਾ ਕਰਨ ਲਈ ਉਕਸਾਉਂਦਾ ਹੈ ਤਾਂ ਸਪਸ਼ਟ ਹੈ ਕਿ ਧਰਮ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਸ ਦਾ ਆਪਣਾ ਸ਼ੈਤਾਨੀ ਮਨ ਆਪਣੇ ਆਕਾਵਾਂ ਤੋਂ ਕੁਝ ਹਾਸਲ ਕਰਨ ਲਈ ਜਾਨਵਰਾਂ ਵਾਲੀ ਪ੍ਰਵਿਰਤੀ ਉਜਾਗਰ ਕਰ ਲੈਂਦਾ ਹੈ। ਕੁਝ ਹਾਸਲ ਕਰ ਲੈਣ ਬਾਅਦ ਅਜਿਹਾ ਬੰਦਾ ਵਾਪਸ ਉਸੇ ਤਰ੍ਹਾਂ ਨਾਰਮਲ ਢੰਗ ਨਾਲ ਵਿਹਾਰ ਕਰਨ ਲੱਗ ਪੈਂਦਾ ਹੈ ਤੇ ਲੋੜ ਪੈਣ ਉੱਤੇ ਕਿਸੇ ਹੋਰ ਧਰਮ ਵਾਲੇ ਦਾ ਲਹੂ ਚੜ੍ਹਵਾਉਣ ਜਾਂ ਉਸ ਤੋਂ ਅੰਗ ਦਾਨ ਲੈਣ ਲੱਗਿਆਂ ਇੱਕ ਵਾਰ ਨਾਂਹ ਨੁੱਕਰ ਕਰਨ ਬਾਰੇ ਸੋਚਦਾ ਵੀ ਨਹੀਂ।

ਹੁਣ ਵੇਖੀਏ ਕਿ ਦੁਨੀਆ ਵਿੱਚ ਧਰਮ ਦੇ ਨਾਂ ਉੱਤੇ ਕਤਲ ਕਰਨ ਵਾਲਿਆਂ ਦਾ ਹਸ਼ਰ ਕੀ ਹੋਇਆ ਸੀ ਤੇ ਕੀ ਸੁਨੇਹਾ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚੋਂ ਮਿਲਦਾ ਹੈ:

1. ਹਿਟਲਰ, ਜਿਸ ਨੇ ਲੱਖਾਂ ਮਾਰੇ, ਆਪ ਖ਼ੁਦਕੁਸ਼ੀ ਕਰ ਕੇ ਮਰਿਆ।

2. ਮੁਸੌਲਿਨੀ, ਜਿਸ ਨੇ ਜ਼ੁਲਮ ਢਾਹਿਆ, ਆਪ ਵੀ ਗੋਲੀ ਦਾ ਸ਼ਿਕਾਰ ਹੋ ਗਿਆ।

3. ਸੱਦਾਮ ਹੁਸੈਨ ਨੂੰ ਚੂਹੇ ਵਾਂਗ ਖੁੱਡ ਵਿੱਚ ਲੁਕਣਾ ਪਿਆ ਤੇ ਅਖ਼ੀਰ ਫਾਂਸੀ ਚਾੜ੍ਹਿਆ ਗਿਆ।

4. ਓਸਾਮਾ ਬਿਨ ਲਾਦੇਨ ਵੀ ਉਡਾ ਦਿੱਤਾ ਗਿਆ।

5. ਗੱਦਾਫੀ ਨੇ ਵੀ ਅੱਤ ਦਾ ਜ਼ੁਲਮ ਢਾਹਿਆ ਪਰ ਅਖ਼ੀਰ ਲੋਕਾਂ ਹੱਥੋਂ ਕੁੱਤੇ ਦੀ ਮੌਤ ਮਾਰਿਆ ਗਿਆ।

ਸਪਸ਼ਟ ਹੈ ਜ਼ੁਲਮ ਕਰਨ ਵਾਲੇ ਆਪ ਵੀ ਜ਼ੁਲਮ ਦਾ ਸ਼ਿਕਾਰ ਹੋ ਜਾਂਦੇ ਹਨ। ਕੋਈ ਵੀ ਸਦੀਵੀ ਨਹੀਂ ਹੈ। ਹਰ ਕਿਸੇ ਦਾ ਅੰਤ ਹੋਣਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਜ਼ੁਲਮ ਢਾਹੁਣ ਵਾਲਿਆਂ ਦੀ ਜ਼ਿੰਦਗੀ ਸਰੀਰ ਖ਼ਤਮ ਹੋਣ ਤੱਕ ਹੁੰਦੀ ਹੈ ਜਦਕਿ ਪਿਆਰ ਵੰਡਣ ਵਾਲਿਆਂ ਦੀ ਜ਼ਿੰਦਗੀ ਕਦੇ ਮੁੱਕਦੀ ਹੀ ਨਹੀਂ ਕਿਉਂਕਿ ਹਰ ਸਦੀ ਵਿੱਚ ਉਨ੍ਹਾਂ ਨੂੰ ਯਾਦ ਕਰਨ ਵਾਲੇ ਅਗਾਂਹ ਆਉਂਦੇ ਰਹਿੰਦੇ ਹਨ।

ਇਸੇ ਲਈ ਨਫ਼ਰਤ ਵੰਡਣ ਵਾਲੇ ਆਪ ਉਸੇ ਦਲਦਲ ਵਿੱਚ ਡੁੱਬ ਜਾਂਦੇ ਹਨ ਤੇ ਉਨ੍ਹਾਂ ਨੂੰ ਬਚਾਉਣ ਵਾਸਤੇ ਉਨ੍ਹਾਂ ਦੇ ਆਪਣੇ ਵੀ ਅੱਗੇ ਨਹੀਂ ਆਉਂਦੇ। ਮਰਨ ਬਾਅਦ ਵੀ ਉਨ੍ਹਾਂ ਨੂੰ ਯਾਦ ਕਰਨ ਲੱਗਿਆਂ ਘ੍ਰਿਣਾ ਨਾਲ ਯਾਦ ਕੀਤਾ ਜਾਂਦਾ ਹੈ।

ਦੋ ਘਟਨਾਵਾਂ ਦਾ ਇੱਥੇ ਜ਼ਿਕਰ ਕਰਨਾ ਚਾਹੁੰਦੀ ਹਾਂ।

ਪਹਿਲੀ ਘਟਨਾ ਅਪੰਗ ਬੱਚਿਆਂ ਦੀ ਦੌੜ ਦੀ ਹੈ। ਜਿਉਂ ਹੀ ਅੱਠ ਅਪੰਗ ਬੱਚਿਆਂ ਦੀ ਦੌੜ ਸ਼ੁਰੂ ਕਰਵਾਈ ਗਈ ਤਾਂ ਇੱਕ ਬੱਚੀ ਡਿੱਗ ਪਈ। ਅਗਾਂਹ ਲੰਘ ਚੁੱਕੇ ਬੱਚੇ ਝੱਟ ਰੁਕ ਗਏ ਤੇ ਵਾਪਸ ਮੁੜ ਕੇ ਉਨ੍ਹਾਂ ਨੇ ਉਸ ਬੱਚੀ ਨੂੰ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਤੇ ਸਾਰੇ ਬੱਚੇ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਹੀ ਦੌੜ ਕੇ ਅਖ਼ੀਰ ਤੱਕ ਪਹੁੰਚੇ। ਅਫ਼ਰੀਕਾ ਵਿੱਚ ਅਜਿਹੇ ਸਾਥ ਨੂੰ ਉਬੁੰਤੂ ਕਿਹਾ ਜਾਂਦਾ ਹੈ। ਇਸਦਾ ਮਤਲਬ ਹੈ ਦੂਜਿਆਂ ਪ੍ਰਤੀ ਇਨਸਾਨੀਅਤ ਦਾ ਪ੍ਰਗਟਾਵਾ- ”ਮੈਂ ਹਾਂ, ਕਿਉਂਕਿ ਅਸੀਂ ਹਾਂ।” ਮਨੁੱਖ ਇਕੱਲਾ ਜੀਊਣ ਜੋਗਾ ਹੈ ਹੀ ਨਹੀਂ। ਇਸੇ ਲਈ ਇਸ ਨੂੰ “ਸੋਸ਼ਲ ਐਨੀਮਲ” ਕਿਹਾ ਜਾਂਦਾ ਹੈ। ਇਕੱਲੇ ਰਹਿ ਜਾਣ ਉੱਤੇ ਜ਼ਿੰਦਗੀ ਛੋਟੀ ਹੋ ਜਾਂਦੀ ਹੈ, ਇਹ ਤੱਥ ਮੈਡੀਕਲ ਸਾਇੰਸ ਸਾਬਤ ਕਰ ਚੁੱਕੀ ਹੈ। ਕੋਈ ਨਾ ਕੋਈ ਮੋਢਾ ਜ਼ਰੂਰ ਚਾਹੀਦਾ ਹੁੰਦਾ ਹੈ ਜਿਸ ਉੱਤੇ ਸਿਰ ਰੱਖ ਕੇ ਦਿਲ ਹੌਲਾ ਕੀਤਾ ਜਾ ਸਕੇ।

ਧਰਮ ਸ਼ੁਰੂ ਕਰਨ ਦਾ ਮਕਸਦ ਸੀ ਜਾਨਵਰ ਤੋਂ ਇਨਸਾਨ ਬਣਾਉਣਾ ਸੀ, ਨਾ ਕਿ ਇਨਸਾਨੀਅਤ ਛਿੱਕੇ ਟੰਗ ਕੇ ਵਹਿਸ਼ੀਪੁਣੇ ਨੂੰ ਖੁੱਲ੍ਹ ਦੇਣੀ। ਆਪਸੀ ਸਾਂਝ ਤੇ ਮੁਹੱਬਤ ਨੂੰ ਖ਼ਤਮ ਕਰ ਕੇ ਦੰਗਾ ਭੜਕਾਉਣ ਵਾਲੇ ਸਿਰਫ਼ ਆਪਣਾ ਉੱਲੂ ਸਿੱਧਾ ਕਰ ਰਹੇ ਹੁੰਦੇ ਹਨ। ਇਸ ਪਿੱਛੇ ਸਿਆਸੀ ਲਾਹਾ ਹੋਵੇ, ਪੈਸਾ ਹੋਵੇ ਜਾਂ ਮਨ ਅੰਦਰ ਭਰੀ ਕਿਸੇ ਪੁਰਾਣੀ ਹਾਰ ਦੀ ਕੜਵਾਹਟ, ਮਰਦੇ ਸਭ ਧਰਮਾਂ ਦੇ ਆਮ ਬੰਦੇ ਹੀ ਹਨ, ਜਿਨ੍ਹਾਂ ਦਾ ਉਸ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ

ਭਲਾ ਸੋਚ ਕੇ ਵੇਖੀਏ - ਇੱਕੋ ਮਾਂ ਦੇ ਜਾਏ, ਇਕੱਠੇ ਖੇਡੇ, ਇੱਕੋ ਜੀਨ ਨਾਲ ਜੁੜੇ, ਸਿਰਫ਼ ਸਰਹੱਦਾਂ ਵੰਡ ਦੇਣ ਨਾਲ ਜੇ ਵੰਡੇ ਜਾਣ ਤਾਂ ਜਾਨੀ ਦੁਸ਼ਮਣ ਬਣਾਉਣ ਵਾਲੇ ਤਾਂ ਸਿਆਸੀ ਲਾਹਾ ਲੈਣ ਵਾਲੇ ਹੀ ਹੋਏ ਜਿਨ੍ਹਾਂ ਨੇ ਰਾਜਗੱਦੀਆਂ ਸਾਂਭੀਆਂ! ਦੰਗੇ ਭੜਕਾਉਣ ਵਾਲਿਆਂ ਦਾ ਆਪਣਾ ਨੁਕਸਾਨ ਕਦੇ ਵੀ ਦੰਗਿਆਂ ਵਿੱਚ ਨਹੀਂ ਹੋਇਆ। ਉਹ ਤਾਂ ਬਾਅਦ ਵਿੱਚ ਕੁਦਰਤੀ ਕਹਿਰ ਦੇ ਸ਼ਿਕਾਰ ਹੁੰਦੇ ਹਨ।

ਦੰਗਿਆਂ ਦੌਰਾਨ ਤਾਂ ਨਿਮਾਣਿਆਂ ਦੇ ਘਰ ਸੜਦੇ ਹਨ, ਦੁਕਾਨਾਂ ਲੁੱਟੀਆਂ ਜਾਂਦੀਆਂ ਹਨ ਤੇ ਘਰ ਦੀਆਂ ਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈ। ਅਜਿਹਾ ਕਰਨਾ ਕਿਸੇ ਧਾਰਮਿਕ ਗ੍ਰੰਥ ਵਿੱਚ ਨਹੀਂ ਲਿਖਿਆ। ਫੇਰ ਇਹ ਧਾਰਮਿਕ ਦੰਗੇ ਕਿਵੇਂ ਹੋਏ? ਸਿਰਫ਼ ਇੱਕ ਸ਼ੈਤਾਨੀ ਦਿਮਾਗ਼ ਦੀ ਉਪਜ ਹੀ ਹੋਏ, ਜਿਨ੍ਹਾਂ ਨੇ ਆਪਣਾ ਉੱਲੂ ਸਿੱਧਾ ਕਰ ਲਿਆ।

ਏਕੁ ਪਿਤਾ ਏਕਸ ਕੇ ਹਮ ਬਾਰਿਕ’, ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ, ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’, ਸ਼ਬਦਾਂ ਦੀ ਡੂੰਘਿਆਈ ਸਮਝਣ ਤੋਂ ਬਾਅਦ ਪ੍ਰਤੱਖ ਹੋ ਜਾਂਦਾ ਹੈ ਕਿ ਸਾਰੇ ਇੱਕ ਦੂਜੇ ਦੇ ਪੂਰਕ ਹਨ ਤੇ ਸਭਨਾਂ ਦਾ ਰੱਬ ਇੱਕੋ ਹੈ। ਸਿਰਫ਼ ਉਸ ਨੂੰ ਪੂਜਣ ਤੇ ਮੰਨਣ ਦੇ ਢੰਗ ਵੱਖ ਹਨ। ਜੇ ਰੱਬ ਇੱਕ ਹੈ ਤਾਂ ਫਿਰ ਉਸ ਦੇ ਨਾਂ ਉੱਤੇ ਆਪੋ ਵਿੱਚ ਮਾਰ ਧਾੜ ਕਿਉਂ?

ਸਫ਼ਰ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਹੈ। ਉਸ ਨੂੰ ਖ਼ੂਬਸੂਰਤ ਤੇ ਯਾਦਗਾਰੀ ਕਿਉਂ ਨਾ ਬਣਾਇਆ ਜਾਵੇ? ਇਸ ਵਾਸਤੇ ਦੰਗਾ ਕਰਨ ਲਈ ਉਕਸਾਉਣ ਵਾਲਿਆਂ ਨੂੰ ਪਛਾਣ ਕੇ ਉਨ੍ਹਾਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦਾ ਵੇਲਾ ਹੈ।

ਜੇ ਮੁਲਕ ਦੀ ਸਰਹੱਦ ਉੱਤੇ ਜਾਨ ਵਾਰਨ ਵਾਲਿਆਂ ਨੇ ਕਦੇ ਨਹੀਂ ਸੋਚਿਆ ਕਿ ਮੈਂ ਮੁਸਲਮਾਨ ਹਾਂ ਤੇ ਸਿਰਫ਼ ਮੁਸਲਮਾਨਾਂ ਨੂੰ ਬਚਾਉਣ ਲਈ ਮਰਾਂਗਾ ਜਾਂ ਮੈਂ ਸਿੱਖ ਹਾਂ ਤੇ ਸਿਰਫ਼ ਸਿੱਖ ਬਚਾਵਾਂਗਾ, ਤਾਂ ਫਿਰ ਮੁਲਕ ਦੇ ਅੰਦਰ ਇਹ ਵਿਤਕਰਾ ਕਿਉਂ?

ਜਿਸ ਦੂਜੀ ਘਟਨਾ ਦਾ ਮੈਂ ਜ਼ਿਕਰ ਕਰਨਾ ਹੈ, ਉਸ ਬਾਰੇ ਪੜ੍ਹ ਕੇ ਬਥੇਰਿਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਇੱਕ ਫੌਜੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਇੱਕ ਬਜ਼ੁਰਗ ਨੀਮ ਬੇਹੋਸ਼ ਪਿਆ ਸੀ। ਜਿਉਂ ਹੀ ਐਮਰਜੈਂਸੀ ਦੇ ਬਾਹਰ ਇੱਕ ਮੇਜਰ ਨੂੰ ਵਰਦੀ ਵਿੱਚ ਨਰਸ ਨੇ ਵੇਖਿਆ ਤਾਂ ਦੌੜ ਕੇ ਉਸ ਦਾ ਹੱਥ ਫੜ ਕੇ ਅੰਦਰ ਲੈ ਆਈ। ਸਿੱਧਾ ਉਸ ਬਜ਼ੁਰਗ ਦੇ ਮੰਜੇ ਕੋਲ ਬਿਠਾ ਕੇ ਮਰੀਜ਼ ਦੇ ਕੰਨ ਨੇੜੇ ਰਤਾ ਉੱਚੀ ਜਿਹੀ ਬੋਲੀ, “ਤੁਹਾਨੂੰ ਜਿਸ ਦੀ ਉਡੀਕ ਸੀ, ਤੁਹਾਡਾ ਬੇਟਾ ਆ ਗਿਆ ਹੈ।” ਬਜ਼ੁਰਗ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੋਈ। ਨਰਸ ਨੇ ਫੇਰ ਉੱਚੀ ਸਾਰੀ ਕਿਹਾ, “ਕੱਲ੍ਹ ਦੇ ਬੇਟਾ ਬੇਟਾ ਕਹਿ ਕੇ ਬੇਹੋਸ਼ ਹੋ ਗਏ ਓ। ਹੁਣ ਬੇਟਾ ਆਇਐ ਤਾਂ ਅੱਖਾਂ ਵੀ ਨਹੀਂ ਖੋਲ੍ਹਦੇ ਪਏ।” ਬਜ਼ੁਰਗ ਫਿਰ ਵੀ ਨਹੀਂ ਹਿੱਲੇਨਰਸ ਨੇ ਮੇਜਰ ਨੂੰ ਸੰਬੋਧਨ ਕਰ ਕੇ ਕਿਹਾ, “ਆਖ਼ਰੀ ਸਾਹਾਂ ਉੱਤੇ ਨੇ। ਸ਼ੁਕਰ ਹੈ ਤੁਸੀਂ ਵੇਲੇ ਸਿਰ ਪਹੁੰਚ ਗਏ ਹੋ। ਸਿਰਫ਼ ਇੱਕੋ ਰਟ ਲਾਈ ਬੈਠੇ ਸਨ ਕਿ ਆਖ਼ਰੀ ਸਾਹ ਛੱਡਣ ਤੋਂ ਪਹਿਲਾਂ ਫੌਜੀ ਵਰਦੀ ਵਿੱਚ ਆਪਣਾ ਪੁੱਤਰ ਵੇਖਣੈ। ਅੱਖਾਂ ਨੂੰ ਠੰਢ ਪੈ ਜਾਣ ਬਾਅਦ ਹੀ ਸਵਾਸ ਛੱਡਾਂਗਾ। ਇਸੇ ਨੂੰ ਆਖ਼ਰੀ ਤਮੰਨਾ ਮੰਨ ਲਵੋ। ਅਸੀਂ ਤਾਂ ਆਸ ਲਾਹ ਬੈਠੇ ਸਾਂ ਕਿ ਹੁਣ ਇਨ੍ਹਾਂ ਦੀ ਆਖ਼ਰੀ ਤਮੰਨਾ ਪੂਰੀ ਨਹੀਂ ਹੋ ਸਕਣੀ। ਵਿਚਾਰਿਆਂ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।” ਇੰਨਾ ਕਹਿੰਦਿਆਂ ਨਰਸ ਫੇਰ ਰਤਾ ਉੱਚੀ ਬੋਲੀ, “ਬਾਪੂ ਜੀ, ਤੁਹਾਡਾ ਪੁੱਤਰ ਫੌਜੀ ਵਰਦੀ ਪਾ ਕੇ ਆਇਆ ਖੜ੍ਹਾ ਹੈ। ਜੇ ਤੁਸੀਂ ਅੱਖਾਂ ਨਾ ਖੋਲ੍ਹੀਆਂ ਤਾਂ ਹੁਣੇ ਵਾਪਸ ਚਲਾ ਜਾਏਗਾ।” ਇਸ ਵਾਰ ਬਜ਼ੁਰਗ ਦੇ ਸਰੀਰ ਵਿੱਚ ਰਤਾ ਹਰਕਤ ਹੋਈ ਤੇ ਉਨ੍ਹਾਂ ਦੀਆਂ ਉਂਗਲਾਂ ਫਰਕੀਆਂ। ਮੇਜਰ ਨੇ ਅਗਾਂਹ ਹੋ ਕੇ ਉਨ੍ਹਾਂ ਦਾ ਹੱਥ ਘੁੱਟ ਲਿਆ। ਨਰਸ ਨੇ ਮੇਜਰ ਨੂੰ ਕੋਲ ਹੀ ਕੁਰਸੀ ਡਾਹ ਦਿੱਤੀ। ਬਜ਼ੁਰਗ ਨੇ ਹਲਕਾ ਸਿਰ ਘੁਮਾ ਕੇ ਅੱਖ ਖੋਲ੍ਹੀ ਤਾਂ ਉਸ ਨੂੰ ਧੁੰਧਲੀ ਜਿਹੀ ਫੌਜੀ ਵਰਦੀ ਦਿਸ ਪਈ। ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਤੇ ਹੱਥ ਰਤਾ ਹੋਰ ਜ਼ੋਰ ਦੀ ਘੁੱਟ ਲਿਆ। ਬੱਸ ਇਸ ਤੋਂ ਬਾਅਦ ਬਜ਼ੁਰਗ ਨੀਮ-ਬੇਹੋਸ਼ ਹੋ ਗਏ ਪਰ ਹੱਥ ਘੁੱਟੀ ਰੱਖਿਆ। ਨਰਸ ਨੇ ਆ ਕੇ ਮੇਜਰ ਨੂੰ ਆਰਾਮ ਕਰਨ ਲਈ ਕਿਹਾ ਤਾਂ ਮੇਜਰ ਨੇ ਨਾਂਹ ਕਰ ਦਿੱਤੀ। ਰਾਤ ਭਰ ਉੱਥੇ ਹੀ ਹੱਥ ਫੜ ਕੇ ਬੈਠਾ ਰਿਹਾ ਤੇ ਸਵੇਰੇ ਜਦੋਂ ਬਜ਼ੁਰਗ ਦੀ ਮੌਤ ਹੋ ਗਈ, ਤਾਂ ਹੱਥ ਛੁਡਾਇਆ।

ਨਰਸ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਤੁਸੀਂ ਧੰਨ ਹੋ, ਜੋ ਇੰਨਾ ਪਿਆਰ ਕਰਨ ਵਾਲਾ ਪਿਓ ਮਿਲਿਆ ਸੀ।” ਬੜੀ ਤਕਲੀਫ਼ ਝੱਲ ਕੇ ਗਏ ਨੇ। ਪਰ ਜ਼ਿੱਦ ਸੀ ਕਿ ਪੁੱਤਰ ਵੇਖੇ ਬਗ਼ੈਰ ਸਵਾਸ ਨਹੀਂ ਤਿਆਗਣੇ।” ਨਰਸ ਅੱਖਾਂ ਪੂੰਝਦੇ ਮੇਜਰ ਦੇ ਮੋਢੇ ਉੱਤੇ ਹੱਥ ਰੱਖਦਿਆਂ ਬੋਲੀ।

ਮੇਜਰ ਕਹਿਣ ਲੱਗਿਆ, “ਸਿਸਟਰ, ਇਹ ਮੇਰੇ ਪਿਤਾ ਨਹੀਂ ਹਨ।” ਨਰਸ ਹੈਰਾਨ ਹੋ ਗਈ ਤੇ ਕਹਿਣ ਲੱਗੀ, “ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ?” “ਮੈਂ ਬਜ਼ੁਰਗ ਦੀ ਹਾਲਤ ਵੇਖ ਕੇ ਚੁੱਪ ਕਰ ਗਿਆ ਸੀ। ਆਖ਼ਰ ਮੈਂ ਵੀ ਫੌਜੀ ਹਾਂ ਤੇ ਇਹ ਮੇਰੇ ਪਿਤਾ ਸਮਾਨ ਸਨ ਸੋ ਮੈਂ ਆਪਣੇ ਕਿਸੇ ਭਰਾ ਫੌਜੀ ਦਾ ਫਰਜ਼ ਨਿਭਾ ਦਿੱਤਾ।” ਮੇਜਰ ਨੇ ਜਵਾਬ ਦਿੱਤਾ।

ਫੇਰ ਤੁਸੀਂ ਇੱਥੇ ਆਏ ਕਿਉਂ ਸੀ?” ਨਰਸ ਨੇ ਪੁੱਛਿਆ। “ਮੈਂ ਵਿਕਰਮ ਸਲਾਰੀਆ ਨੂੰ ਲੱਭਣ ਆਇਆ ਸੀ। ਉਸ ਦਾ ਜਵਾਨ ਪੁੱਤਰ ਕੱਲ੍ਹ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਤੇ ਮੈਂ ਉਸ ਦੀ ਖ਼ਬਰ ਲੈ ਕੇ ਆਇਆ ਸੀ ਕਿ ਪਿਤਾ ਨੂੰ ਹੌਸਲਾ ਦੇ ਸਕਾਂ। ਉਹ ਕਿੱਥੇ ਨੇ?” ਮੇਜਰ ਨੇ ਸਾਰੀ ਗੱਲ ਦੱਸੀ। ਨਰਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਬਜ਼ੁਰਗ ਦੀ ਲਾਸ਼ ਵੱਲ ਇਸ਼ਾਰਾ ਕਰ ਕੇ ਕਹਿਣ ਲੱਗੀ, “ਇਹ ਹੀ ਵਿਕਰਮ ਸਲਾਰੀਆ ਸਨ।”

ਇਸ ਤੋਂ ਬਾਅਦ ਪੂਰੀ ਐਮਰਜੈਂਸੀ ਵਿੱਚ ਚੁੱਪੀ ਛਾ ਗਈ। ਸਿਰਫ਼ ਮਰੀਜ਼ਾਂ ਦੀ ਹਾਏ ਹੀ ਸੁਣਦੀ ਸੀ। ਮੇਜਰ ਭੁਪਿੰਦਰ ਸਿੰਘ ਸਰਦਾਰ ਸਨ ਤੇ ਰੱਬੋਂ ਭੇਜੇ ਦੂਤ ਵਾਂਗ ਵਿਕਰਮ ਸਲਾਰੀਆ ਦੇ ਪੁੱਤਰ ਦੀ ਭੂਮਿਕਾ ਨਿਭਾ ਗਏ।

ਬੱਸ ਇੰਨੀ ਕੁ ਹੀ ਜ਼ਿੰਦਗੀ ਦੀ ਕਹਾਣੀ ਹੋਇਆ ਕਰਦੀ ਹੈ। ਕਿਸੇ ਲਈ ਮੋਢਾ ਬਣ ਸਕੀਏ ਤਾਂ ਜ਼ਿੰਦਗੀ ਸਫਲ ਹੈ ਪਰ ਕਿਸੇ ਦਾ ਮੋਢਾ ਵੱਢ ਰਹੇ ਹਾਂ ਤਾਂ ਉਹ ਇਨਸਾਨੀਅਤ ਦਾ ਮੋਢਾ ਵੱਢਿਆ ਜਾ ਰਿਹਾ ਹੀ ਗਿਣਿਆ ਜਾਵੇਗਾ। ਉਸ ਵਾਸਤੇ ਕਿਸੇ ਧਾਰਮਿਕ ਗ੍ਰੰਥ ਦਾ ਹਵਾਲਾ ਦੇਣ ਵਾਲਾ ਹੀ ਅਸਲ ਕਾਤਲ ਮੰਨਿਆ ਜਾਣਾ ਚਾਹੀਦਾ ਹੈ ਤੇ ਇਸੇ ਲਈ ਜੇ ਕੋਈ ਇਨਸਾਨ ਉਸ ਨੂੰ ਸਜ਼ਾ ਨਹੀਂ ਦੇ ਰਿਹਾ ਤਾਂ ਰੱਬੀ ਕਹਿਰ ਜ਼ਰੂਰ ਬਦਲਾ ਪੂਰਾ ਕਰ ਦਿੰਦਾ ਹੈ।

ਹਾਲੇ ਵੀ ਵੇਲਾ ਹੈ ਸੰਭਲ ਜਾਈਏ ਤੇ ਧਰਮ ਨੂੰ ਇਨਸਾਨਾਂ ਦੇ ਲਹੂ ਨਾਲ ਮੈਲਾ ਨਾ ਕਰੀਏ ਵਰਨਾ ਅਗਲੀਆਂ ਪੁਸ਼ਤਾਂ ਧਰਮ ਦਾ ਨਾਮੋ ਨਿਸ਼ਾਨ ਮਿਟਾ ਦੇਣਗੀਆਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1966)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author