“ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫ਼ਲ ਇਨਸਾਨ ਬਣ ਜਾਂਦੇ ਨੇ ਤੇ ਬਾਕੀ ...”
(28 ਜੂਨ 2019)
ਹਰਸ਼ ਮਾਸੀ ਸ਼ਾਮ ਨੂੰ ਬੱਚਿਆਂ ਨਾਲ ਸੈਰ ਕਰਨ ਨਿਕਲੀ ਤਾਂ ਹਿੱਤੀ ਕਹਿਣ ਲੱਗਿਆ, “ਮਾਸੀ ਜੀ, ਇੱਥੇ ਲੋਕ ਕਿੰਨਾ ਉੱਚੀ ਬੋਲਦੇ ਪਏ ਨੇ। ਔਹ ਵੇਖੋ ਕਿੰਨੇ ਸਾਰੇ ਕੁੱਤੇ ਘੁੰਮੀ ਜਾਂਦੇ ਨੇ। ਰਤਾ ਸਫ਼ਾਈ ਨਹੀਂ ਕੀਤੀ ਹੋਈ। ਇੱਥੇ ਕਿਸੇ ਨੂੰ ਚੱਜ ਨਾਲ ਕਸਰਤ ਕਰਨੀ ਨਹੀਂ ਆਉਂਦੀ! ਵੇਖੋ, ਔਹ ਬੱਚਾ ਕਿੰਨੀ ਹੌਲੀ ਚੱਲ ਰਿਹਾ ਹੈ? ਐਹ ਮਾਈ ਕਿੰਨੀ ਝੁਕ ਕੇ ਚੱਲ ਰਹੀ ਹੈ। ”
“ਮੈਂਨੂੰ ਬਹੁਤ ਗਰਮੀ ਲੱਗ ਰਹੀ ਹੈ।” ਜੀਵ ਬੋਲ ਪਿਆ।
“ਅੱਜ ਤਾਂ ਰੱਬ ਨੇ ਰਤਾ ਵੀ ਹਵਾ ਨਹੀਂ ਚਲਾਈ। ਸੈਰ ਦਾ ਮਜ਼ਾ ਈ ਖ਼ਤਮ ਹੋ ਗਿਆ ਹੈ।” ਹੈਰੀ ਵੀ ਬੋਲ ਪਿਆ।
“ਐ ਵੇਖੋ ਕਿੰਨੇ ਵੱਟੇ ਨੇ, ਇੱਕ ਵੱਟਾ ਮੇਰੇ ਪੈਰ ’ਤੇ ਵੱਜਿਆ ਹੈ।” ਨਾਨੂ ਕਹਿਣ ਲੱਗਿਆ।
“ਮਾਸੀ ਜੀ, ਤੁਸੀਂ ਗੁਰਪਾਲ ਮਾਸੜ ਜੀ ਨੂੰ ਫ਼ੋਨ ਕਰ ਕੇ ਬੁਲਾ ਲਓ, ਆਪਾਂ ਘਰ ਚੱਲ ਕੇ ਏ.ਸੀ. ਥੱਲੇ ਬਹਿੰਦੇ ਆਂ। ਇੱਥੇ ਤਾਂ ਮਿੱਟੀ ਵੀ ਬਹੁਤ ਐ। ਪੈਰ ਗੰਦੇ ਹੋ ਰਹੇ ਨੇ।” ਸੁੱਖੀ ਬੋਲੀ।
ਹਰਸ਼ ਮਾਸੀ ਚੁੱਪਚਾਪ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, “ਹੈਰੀ, ਕਾਰ ਵਿੱਚੋਂ ਪਾਸੇ ਵੱਲ ਪਏ ਕਾਗਜ਼ ਦੇ ਨੈਪਕਿਨ ਚੁੱਕ ਕੇ ਲਿਆ।”
“ਪਸੀਨਾ ਪੂੰਝਣ ਲਈ?” ਨਾਨੂ ਨੇ ਪੁੱਛਿਆ।
“ਲਿਆਓ ਤਾਂ ਸਹੀ, ਦੱਸਦੀ ਹਾਂ ਕੀ ਕਰਨੇ ਨੇ।” ਹਰਸ਼ ਮਾਸੀ ਨੇ ਕਿਹਾ।
ਜਦੋਂ ਹੈਰੀ ਕਾਗਜ਼ ਲੈ ਕੇ ਮੁੜਿਆ ਤਾਂ ਹਰਸ਼ ਮਾਸੀ ਕਹਿਣ ਲੱਗੀ, “ਐਹ ਸਾਰੇ ਕਾਗਜ਼ ਤਿਕੋਨੇ ਕਰ ਲਵੋ ਤੇ ਆਪੋ ਆਪਣੇ ਸਿਰ ਉੱਤੇ ਰੱਖ ਲਵੋ। ਹੁਣ ਇਸ ਲਾਈਨ ਤੋਂ ਸ਼ੁਰੂ ਹੋ ਜਾਓ ਤੇ ਗਰਾਊਂਡ ਦੇ ਪਰਲੇ ਕੋਨੇ ਤਕ ਹੌਲੀ-ਹੌਲੀ ਧਿਆਨ ਨਾਲ ਤੁਰ ਕੇ ਜਾਓ। ਧਿਆਨ ਰਹੇ ਕਿ ਕਿਸੇ ਦੇ ਸਿਰ ਉੱਤੋਂ ਕਾਗਜ਼ ਡਿਗਣਾ ਨਹੀਂ ਚਾਹੀਦਾ। ਜਿਹੜਾ ਦੋ ਚੱਕਰ ਬਿਨਾਂ ਕਾਗਜ਼ ਡੇਗੇ ਪੂਰੇ ਕਰ ਗਿਆ, ਉਸਨੂੰ ਇਨਾਮ ਮਿਲੇਗਾ। ਕਾਗਜ਼ ਨੂੰ ਹੱਥ ਨਾਲ ਕਿਸੇ ਨੇ ਰਸਤੇ ਵਿੱਚ ਠੀਕ ਨਹੀਂ ਕਰਨਾ! ਸਿਰ ਸਿੱਧਾ ਰੱਖਿਓ।”
ਸਾਰੇ ਜਣਿਆਂ ਨੇ ਕਾਗਜ਼ ਤਿਕੋਨੇ ਕਰ ਕੇ ਸਿਰਾਂ ਉੱਤੇ ਟਿਕਾ ਲਏ। ਹੈਰੀ ਬੋਲਿਆ, “ਜੇ ਮੈਂ ਜਿੱਤ ਗਿਆ ਤਾਂ ਮਾਸੀ ਜੀ, ਤੁਸੀਂ ਮੈਂਨੂੰ ਤਿੰਨ ਦਿਨ ਤੱਕ ਪੜ੍ਹਨ ਲਈ ਨਹੀਂ ਕਹੋਗੇ!”
ਸੁੱਖੀ ਹੱਸ ਕੇ ਕਹਿਣ ਲੱਗੀ, “ਫ਼ਿਕਰ ਨਾ ਕਰ। ਤੂੰ ਨਹੀਂ ਜਿੱਤਣ ਲੱਗਾ। ਤੈਨੂੰ ਤਾਂ ਪੜ੍ਹਨਾ ਈ ਪੈਣੈ। “
“ਪਹਿਲਾਂ ਇਨਾਮ ਦੱਸੋ ਕੀ ਮਿਲੇਗਾ?” ਨਾਨੂ ਪੁੱਛਣ ਲੱਗਿਆ। “ਮੈਂ ਨਿੱਕਾ ਜਿਹਾ ਕੁੱਤਾ ਪਾਲਣਾ ਹੈ।”
“ਚਲੋ, ਪਹਿਲਾਂ ਤੁਰੋ ਤਾਂ ਸਹੀ। ਇਨਾਮ ਵਧੀਆ ਮਿਲੇਗਾ।” ਹਰਸ਼ ਮਾਸੀ ਨੇ ਖਹਿੜਾ ਛੁਡਾਉਂਦਿਆਂ ਕਿਹਾ।
ਸਾਰੇ ਤੁਰ ਪਏ। ਜੀਵ ਪੁੱਛਣ ਲੱਗਿਆ, “ਵੇਖੀਂ ਹਿੱਤੀ ਵੀਰ, ਕਿਤੇ ਮੇਰਾ ਕਾਗਜ਼ ਟੇਢਾ ਤਾਂ ਨਹੀਂ ਹੋ ਗਿਆ!?”
ਹਿੱਤੀ ਬੋਲਿਆ, “ਹਾਂ ਹੋ ਚੱਲਿਆ ਹੈ। ਵੇਖੀਂ ਡਿੱਗ ਨਾ ਜਾਏ।” ਜੀਵ ਗਰਦਨ ਰਤਾ ਕੁ ਟੇਢਾ ਕਰ ਕੇ ਤੁਰਨ ਲੱਗ ਪਿਆ। ਇੰਨੇ ਨੂੰ ਸੁੱਖੀ ਬੋਲੀ, “ਓ ਜੀਵ ਵੀਰ, ਤੇਰਾ ਕਾਗਜ਼ ਤਾਂ ਡਿੱਗਣ ਵਾਲਾ ਹੈ। ਹੌਲੀ ਚੱਲ।”
ਨਾਨੂ ਕਹਿਣ ਲੱਗਿਆ, “ਮੇਰੇ ਸਿਰ ’ਤੇ ਕਾਗਜ਼ ਹੇਠਾਂ ਖੁਰਕ ਹੋ ਰਹੀ ਹੈ। ਮੈਂ ਹੱਥ ਨਹੀਂ ਲਾਉਣਾ ਪਰ ਕੋਈ ਹੋਰ ਜਣਾ ਮੈਂਨੂੰ ਉੱਥੇ ਖ਼ੁਰਕ ਕਰ ਦੇਵੇ।”
ਹਿੱਤੀ ਬੋਲਿਆ, “ਬੜਾ ਸੌਖਾ ਜਿਹਾ ਲੱਗਦਾ ਸੀ, ਪਰ ਹੁਣ ਤੁਰਦਿਆਂ ਪਤਾ ਲੱਗਿਆ, ਕਿੰਨਾ ਔਖਾ ਕੰਮ ਐ ਬਿਲਕੁਲ ਸਿਰ ਹਿਲਾਏ ਬਿਨਾ ਤੁਰਨਾ ਕਿੰਨਾ ਔਖੈ। ਮਾਸੀ ਜੀ ਨੇ ਫਸਾ ’ਤਾ।”
“ਵੀਰੇ, ਇਨਾਮ ਕੀ ਮਿਲੂਗਾ?” ਸੁੱਖੀ ਨੇ ਪੁੱਛਿਆ?
“ਕੀ ਪਤਾ, ਇਹ ਤਾਂ ਮਾਸੀ ਜੀ ਨੂੰ ਪਤਾ ਹੈ। ਪਰ ਮੈਂ ਅੱਜ ਹਰ ਹਾਲ ਰੇਸ ਪੂਰੀ ਕਰ ਕੇ ਜਿੱਤ ਕੇ ਵਿਖਾਉਣਾ ਹੈ। ਮੈਂ ਤਾਂ ਕਿਤਾਬਾਂ ਤੋਂ ਤਿੰਨ ਦਿਨ ਦੀ ਛੁੱਟੀ ਲੈਣੀ ਹੈ।” ਹੈਰੀ ਬੋਲ ਪਿਆ।
ਜਦ ਅੱਧੇ ਘੰਟੇ ਬਾਅਦ ਸਾਰੇ ਬੱਚੇ ਵਾਪਸ ਪਹੁੰਚੇ ਤਾਂ ਹਰ ਕਿਸੇ ਨੇ ਰਸਤੇ ਵਿੱਚ ਇੱਕ ਅੱਧ ਵਾਰ ਸਿਰ ਉੱਤੇ ਰੱਖਿਆ ਕਾਗਜ਼ ਠੀਕ ਕੀਤਾ ਸੀ। ਹਰਸ਼ ਮਾਸੀ ਨੇ ਨਾਨੂ ਨੂੰ ਪੁੱਛਿਆ, “ਬੱਚਿਆ, ਰਸਤੇ ਵਿੱਚ ਕਿੰਨੇ ਵੱਟੇ ਸੀ?
ਨਾਨੂ ਨੇ ਜਵਾਬ ਦਿੱਤਾ, “ਮੇਰਾ ਤਾਂ ਸਾਰਾ ਧਿਆਨ ਸਿਰ ’ਤੇ ਰੱਖੇ ਕਾਗਜ਼ ਵੱਲ ਸੀ। ਪਤਾ ਈ ਨਹੀਂ ਲੱਗਿਆ।”
“ਜੀਵ ਬੱਚਿਆ, ਗਰਮੀ ਕਿੰਨੀ ਲੱਗੀ? ਪਸੀਨਾ ਪੂੰਝਣਾ ਪਿਆ?” ਹਰਸ਼ ਮਾਸੀ ਨੇ ਪੁੱਛਿਆ।
ਜੀਵ ਨੇ ਜਵਾਬ ਦਿੱਤਾ, “ਮਾਸੀ ਜੀ, ਧਿਆਨ ਹੀ ਨਹੀਂ ਰਿਆ। ਮੈਂ ਤਾਂ ਮਸਾਂ ਸਿਰ ਟੇਢਾ ਕਰ ਕੇ ਕਾਗਜ਼ ਸਿੱਧਾ ਰੱਖਣ ਵਿੱਚ ਲੱਗਿਆ ਰਿਹਾ।”
“ਹਿੱਤੀ ਬੱਚੇ, ਕਿੰਨੇ ਕੁ ਲੋਕ ਉੱਚੀ ਬੋਲ ਰਹੇ ਸੀ?”
ਹਿੱਤੀ ਬੋਲਿਆ, “ਸੱਚੀਂ ਮਾਸੀ ਜੀ, ਕਿਸੇ ਦਾ ਪਤਾ ਹੀ ਨਹੀਂ ਲੱਗਿਆ। ਮੈਂ ਤਾਂ ਪੂਰਾ ਧਿਆਨ ਸਿਰ ਉੱਪਰਲੇ ਕਾਗਜ਼ ’ਤੇ ਟਿਕਾਇਆ ਹੋਇਆ ਸੀ।”
ਜਿਉਂ ਹੀ ਸੁੱਖੀ ਵਲ ਹਰਸ਼ ਮਾਸੀ ਨੇ ਮੂੰਹ ਘੁਮਾਇਆ, ਸੁੱਖੀ ਬੋਲ ਪਈ, “ਮੈਂਨੂੰ ਵੀ ਮਾਸੀ ਜੀ ਮਿੱਟੀ ਬਾਰੇ ਉੱਕਾ ਖ਼ਿਆਲ ਨਹੀਂ ਰਿਹਾ।”
ਹਰਸ਼ ਮਾਸੀ ਸਮਝਾਉਣ ਲੱਗੀ, “ਬੱਚਿਓ, ਜਦੋਂ ਦਿਮਾਗ਼ ਨੂੰ ਕਿਸੇ ਕੰਮ ਨਾ ਲਾਈਏ ਤਾਂ ਉਹ ਵਿਹਲਾ ਬੈਠਾ ਦੂਜਿਆਂ ਵਿੱਚ ਨੁਕਸ ਕੱਢਣ ਲੱਗ ਜਾਂਦਾ ਹੈ। ਜਦੋਂ ਤੁਸੀਂ ਸਾਰੇ ਜਣੇ ਕਿਸੇ ਆਹਰੇ ਲੱਗ ਗਏ ਤਾਂ ਤੁਹਾਨੂੰ ਉਹੀ ਚੀਜ਼ਾਂ ਦਿਸਣੀਆਂ ਬੰਦ ਹੋ ਗਈਆਂ ਜਿਨ੍ਹਾਂ ਵਿੱਚ ਤੁਹਾਨੂੰ ਨੁਕਸ ਦਿਸ ਰਹੇ ਸੀ। ਮਿੱਟੀ ਅਜੇ ਵੀ ਹੈ, ਰੌਲਾ ਵੀ ਹੈ, ਵੱਟੇ ਵੀ ਨੇ ਪਰ ਤੁਹਾਨੂੰ ਕੁਝ ਨਹੀਂ ਦਿਸਿਆ।”
ਇੰਨੇ ਨੂੰ ਗੁਰਪਾਲ ਮਾਸੜ ਜੀ ਪਿੱਛੋਂ ਆਉਂਦੇ ਦਿਸੇ ਤਾਂ ਨਾਨੂ ਚੀਕ ਪਿਆ, “ਆ ਜੋ ਮਾਸੜ ਜੀ, ਮਾਸੀ ਜੀ ਮਜ਼ੇਦਾਰ ਗੱਲਾਂ ਸੁਣਾ ਰਹੇ ਨੇ। ਹੁਣ ਇਨਾਮ ਵੀ ਦੇਣਗੇ।”
ਹਰਸ਼ ਮਾਸੀ ਬੋਲੀ, “ਬੱਚਿਓ, ਪਹਿਲਾਂ ਮੇਰੀ ਗੱਲ ਵੱਲ ਧਿਆਨ ਦਿਓ। ਜਿਹੜੇ ਜਣੇ ਕਿਸੇ ਹੋਰ ਵਿੱਚ ਨੁਕਸ ਕੱਢਣ, ਉਹ ਵਿਹਲੇ ਹੁੰਦੇ ਨੇ। ਉਨ੍ਹਾਂ ਕੋਲ ਕੋਈ ਹੋਰ ਕੰਮ ਨਹੀਂ ਹੁੰਦਾ। ਜਿਹੜੇ ਲਗਨ ਨਾਲ ਆਪਣੇ ਕੰਮ ਵਿੱਚ ਜੁਟੇ ਹੋਏ ਹੋਣ, ਉਨ੍ਹਾਂ ਕੋਲ ਦੂਜਿਆਂ ਵੱਲ ਝਾਕਣ ਦਾ ਸਮਾਂਹੀ ਨਹੀਂ ਹੁੰਦਾ। ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫ਼ਲ ਇਨਸਾਨ ਬਣ ਜਾਂਦੇ ਨੇ ਤੇ ਬਾਕੀ ਸਿਰਫ਼ ਆਪਣੀ ਜ਼ਿੰਦਗੀ ਜ਼ਾਇਆ ਕਰਦੇ ਨੇ। ਹੁਣ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇ ਕੇ ਕਸਰਤ ਕਰੋ, ਬਾਕੀ ਸਭ ਗੱਲਾਂ ਤੁਹਾਡੇ ਮਨ ਵਿੱਚੋਂ ਆਪਣੇ ਆਪ ਬਾਹਰ ਨਿਕਲ ਜਾਣਗੀਆਂ। ਇੰਜ ਹੀ ਪੜ੍ਹਾਈ ਵੇਲੇ ਜੇ ਤੁਹਾਡਾ ਹੋਰ ਗੱਲਾਂ ਵੱਲ ਧਿਆਨ ਜਾ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਇਕਾਗਰ ਹੋ ਕੇ ਨਹੀਂ ਪੜ੍ਹ ਰਹੇ।”
“ਕਿਹੜੀ ਕਹਾਣੀ ਸੁਣਾਈ ਜਾ ਰਹੀ ਹੈ ਬਈ?” ਗੁਰਪਾਲ ਮਾਸੜ ਜੀ ਨੇ ਨੇੜੇ ਆਉਂਦਿਆਂ ਪੁੱਛਿਆ।
“ਮਾਸੜ ਜੀ, ਮਾਸੀ ਜੀ ਨੇ ਸਾਨੂੰ ਸਾਰਿਆਂ ਨੂੰ ਰੇਸ ਵਿੱਚ ਫੇਲ ਕਰ ’ਤਾ। ਕਿਸੇ ਨੂੰ ਇਨਾਮ ਨਹੀਂ ਮਿਲਿਆ। ਤੁਸੀਂ ਸਾਨੂੰ ਆਈਸਕ੍ਰੀਮ ਖੁਆ ਦਿਓਗੇ?” ਨਾਨੂ ਨੇ ਮਾਸੜ ਜੀ ਦੀ ਲੱਤ ਨੂੰ ਜੱਫੀ ਪਾ ਕੇ ਕਿਹਾ।
“ਜ਼ਰੂਰ, ਜ਼ਰੂਰ। ਪਰ ਦੱਸੋ ਅੱਜ ਕਿਹੜੀ ਕਹਾਣੀ ਸੁਣੀ?” ਗੁਰਪਾਲ ਮਾਸੜ ਜੀ ਨੇ ਪੁੱਛਿਆ।
“ਅੱਜ ਤਾਂ ਮਾਸੀ ਜੀ ਨੇ ਵਧੀਆ ਜ਼ਿੰਦਗੀ ਜਿਊਣ ਦਾ ਗੁਰ ਸਿਖਾ ਦਿੱਤਾ ਹੈ ਤੇ ਨਾਲੇ ਚੰਗੀ ਤਰ੍ਹਾਂ ਪੜ੍ਹਾਈ ਕਰਨ ਦਾ ਵੀ।” ਸੁੱਖੀ ਬੋਲ ਪਈ।
“ਚਲੋ ਫਿਰ ਚੱਲੀਏ ਆਈਸਕ੍ਰੀਮ ਖਾਣ।” ਗੁਰਪਾਲ ਮਾਸੜ ਜੀ ਬੱਚਿਆਂ ਦਾ ਹੱਥ ਫੜ ਕੇ ਤੁਰ ਪਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1646)
(ਸਰੋਕਾਰ ਨਾਲ ਸੰਪਰਕ ਲਈ: