“ਜੇ ਮਨ ਰੋਗੀ ਹੈ ਤਾਂ ਸਰੀਰ ਆਪੇ ਹੀ ਰੋਗ ਸਹੇੜ ਲੈਂਦਾ ਹੈ। ਜੇ ਸਰੀਰ ਕਸਰਤ ਵਿਹੂਣਾ ਹੈ ਤਾਂ ...”
(24 ਮਾਰਚ 2020)
ਇਹ ਪਰਖੇ ਹੋਏ ਤੱਥ ਹਨ ਕਿ ਸੋਚ ਤੇ ਸਰੀਰ ਦਾ ਗੂੜ੍ਹਾ ਸੰਬੰਧ ਹੈ। ਜੋ ਅਸੀਂ ਸੋਚਦੇ ਹਾਂ, ਉਸ ਦਾ ਦਿਮਾਗ਼ ਰਾਹੀਂ ਸਾਡੇ ਸਰੀਰ ਉੱਤੇ ਤਕੜਾ ਅਸਰ ਪੈਂਦਾ ਹੈ। ਕੋਈ ਸੋਚ ਜਿਸ ਨਾਲ ਅਸੀਂ ਕੁਝ ਕਿਆਸ ਲਾ ਸਕਦੇ ਹੋਈਏ, ਕੋਈ ਧਾਰਨਾ ਬਣਾ ਰਹੇ ਹੋਈਏ, ਜੋ ਸਾਡੀਆਂ ਭਾਵਨਾਵਾਂ ਉੱਤੇ ਅਸਰ ਛੱਡ ਰਹੀ ਹੋਵੇ, ਉਸ ਨਾਲ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ।
ਬਿਲਕੁਲ ਇੰਜ ਹੀ ਸਰੀਰ ਅੰਦਰਲੀ ਟੁੱਟ-ਫੁੱਟ, ਚੁਸਤੀ, ਤੰਦਰੁਸਤੀ, ਬੀਮਾਰੀ, ਆਦਿ ਵੀ ਸਾਡੇ ਦਿਮਾਗ਼ ਉੱਤੇ ਅਸਰ ਛੱਡਦੇ ਹਨ ਤੇ ਸੋਚ ਵਿੱਚ ਤਬਦੀਲੀ ਲੈ ਆਉਂਦੇ ਹਨ। ਕਿਸੇ ਕਿਸਮ ਦੀ ਪ੍ਰੇਰਨਾ ਦਾ ਨਾ ਹੋਣਾ ਵੀ ਢਹਿੰਦੀ ਕਲਾ, ਢਿੱਡ ਅੰਦਰਲੇ ਅਲਸਰ (ਪੈਪਟਿਕ ਅਲਸਰ), ਘਬਰਾਹਟ, ਨੀਰਸ ਚੁਫੇਰਾ, ਕਮਜ਼ੋਰੀ, ਭੁੱਖ ਦਾ ਮਰਨਾ, ਅੰਤੜੀਆਂ ਦੇ ਰੋਗ (ਕੋਲਾਈਟਿਸ) ਆਦਿ ਕਰ ਦਿੰਦੇ ਹਨ।
ਇਕਦਮ ਮਾੜੀ ਖ਼ਬਰ ਸੁਣਨ ਨਾਲ ਸੋਚ ਵਿਚਲੀ ਤਬਦੀਲੀ ਸਦਕਾ ਬਲੱਡ ਪ੍ਰੈੱਸ਼ਰ ਦਾ ਵਾਧਾ, ਸਾਹ ਤੇਜ਼ ਹੋਣਾ, ਪਸੀਨਾ ਆਉਣਾ, ਪੱਠਿਆਂ ਵਿੱਚ ਅਕੜਾਓ ਆਦਿ ਹੋਣ ਲੱਗ ਪੈਂਦਾ ਹੈ। ਡਰ, ਗੁੱਸਾ, ਸਾੜਾ ਲੱਗਣਾ ਆਦਿ ਵਰਗੇ ਖ਼ਿਆਲ ਨੀਂਦਰ ਉਡਾ ਦਿੰਦੇ ਹਨ। ਇਸ ਨਾਲ ਸਿਰ ਪੀੜ, ਟੱਟੀਆਂ ਲੱਗਣੀਆਂ, ਬਦਹਜ਼ਮੀ ਹੋਣੀ, ਭੁੱਖ ਮਰਨੀ ਵਰਗੇ ਲੱਛਣ ਵੀ ਦਿਸ ਪੈਂਦੇ ਹਨ।
ਘਬਰਾਹਟ ਮਹਿਸੂਸ ਹੁੰਦੇ ਸਾਰ ਸਰੀਰਕ ਕਮਜ਼ੋਰੀ ਅਤੇ ਥਕਾਵਟ ਹੋਣ ਲੱਗ ਪੈਂਦੀ ਹੈ। ਥਕਾਵਟ ਨਾਲ ਚਿੜਚਿੜਾਪਨ, ਉਨੀਂਦਰਾ ਤੇ ਗੱਲ ਕਰਨ ਨੂੰ ਜੀਅ ਨਾ ਕਰਨਾ ਵਰਗੇ ਲੱਛਣ ਦਿਸ ਪੈਂਦੇ ਹਨ।
ਇਹ ਤਾਂ ਹੋਏ ਸੋਚ ਸਦਕਾ ਸਰੀਰ ਉੱਤੇ ਪੈਂਦੇ ਮਾੜੇ ਪ੍ਰਭਾਵ। ਇਸਦੇ ਉਲਟ ਵੀ ਅਜਿਹਾ ਹੀ ਦਿਸਦਾ ਹੈ। ਯਾਨੀ ਸਰੀਰਕ ਰੋਗ ਵੀ ਸੋਚ ਵਿੱਚ ਤਬਦੀਲੀ ਲੈ ਆਉਂਦੇ ਹਨ।
ਥਾਇਰਾਇਡ ਹਾਰਮੋਨਾਂ ਦਾ ਵਾਧਾ ਦਿਮਾਗ਼ ਨੂੰ ਸ਼ਾਂਤ ਨਹੀਂ ਹੋਣ ਦਿੰਦਾ ਤੇ ਦਿਮਾਗ਼ ਦੀ ਹਰਕਤ ਲੋੜੋਂ ਵੱਧ ਕਰ ਦਿੰਦਾ ਹੈ। ਜੇ ਇਹੀ ਹਾਰਮੋਨ ਘੱਟ ਜਾਣ ਤਾਂ ਬੰਦਾ ਸੋਚ ਵਿਚਾਰ ਕਰਨ ਜੋਗਾ ਨਹੀਂ ਰਹਿੰਦਾ ਤੇ ਸੁਸਤ ਅਤੇ ਥੱਕਿਆ ਮਹਿਸੂਸ ਕਰਨ ਲੱਗ ਪੈਂਦਾ ਹੈ।
ਕਬਜ਼ ਹੋਵੇ ਤਾਂ ਚਿੜਚਿੜਾਪਨ ਤੇ ਢਹਿੰਦੀ ਕਲਾ ਨਾਲੋ-ਨਾਲ ਆ ਜਾਂਦੀ ਹੈ। ਬਲੱਡ ਪ੍ਰੈੱਸ਼ਰ ਦੇ ਵਾਧੇ ਨਾਲ ਤਣਾਓ, ਘਬਰਾਹਟ, ਚਿੱਤ ਨਾ ਟਿਕਣਾ ਵਰਗੇ ਲੱਛਣ ਦਿਸਣ ਲੱਗ ਪੈਂਦੇ ਹਨ।
ਬਲੱਡ ਪ੍ਰੈੱਸ਼ਰ ਵਧ ਜਾਏ ਤਾਂ ਚਿੜਚਿੜਾਪਨ, ਸਿਰ ਪੀੜ, ਤਣਾਓ ਆਦਿ ਹੋਣ ਲੱਗ ਪੈਂਦੇ ਹਨ। ਸਿਰ ਉੱਤੇ ਵੱਜੀ ਸੱਟ ਨਾਲ ਕਈ ਕਿਸਮ ਦੇ ਮਾਨਸਿਕ ਲੱਛਣ, ਯਾਦਦਾਸ਼ਤ ਘਟਣੀ, ਆਦਿ ਦਿਸ ਸਕਦੇ ਹਨ। ਇਸੇ ਲਈ ਆਮ ਹੀ ਕਿਹਾ ਜਾਂਦਾ ਹੈ ਕਿ ਦਿਮਾਗ਼ ਅਤੇ ਸਰੀਰ, ਦੋਹਾਂ ਦਾ ਸੁਮੇਲ ਹੀ ਅਸਲ ਤੰਦਰੁਸਤੀ ਹੁੰਦੀ ਹੈ। ਜੇ ਮਨ ਰੋਗੀ ਹੈ ਤਾਂ ਸਰੀਰ ਆਪੇ ਹੀ ਰੋਗ ਸਹੇੜ ਲੈਂਦਾ ਹੈ। ਜੇ ਸਰੀਰ ਕਸਰਤ ਵਿਹੂਣਾ ਹੈ ਤਾਂ ਦਿਮਾਗ਼ ਵੀ ਹੌਲੀ-ਹੌਲੀ ਸੁਸਤ ਪੈ ਜਾਂਦਾ ਹੈ। ਇਸੇ ਕਰਕੇ ਹੁਣ ਡਾਕਟਰੀ ਇਲਾਜ ਵਿੱਚ “ਸਾਈਕੋਸੋਮੈਟਿਕ ਮੈਡੀਸਨ’ ਤਹਿਤ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਸਰੀਰਕ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਲ ਸੋਚ ਨੂੰ ਵੀ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਬਲੱਡ ਪ੍ਰੈੱਸ਼ਰ ਦੇ ਇਲਾਜ ਲਈ ਦਵਾਈਆਂ ਦੇ ਨਾਲੋ ਨਾਲ ਘਬਰਾਹਟ ਘਟਾਉਣ ਦੀ ਦਵਾਈ ਵੀ ਦੇ ਦਿੱਤੀ ਜਾਂਦੀ ਹੈ।
ਰਤਾ ਕੁ ਇਨ੍ਹਾਂ ਤੁਕਾਂ ਵੱਲ ਧਿਆਨ ਕਰੀਏ:
“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ
ਚੁਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ
ਭੁਖਿਆ ਭੁੱਖ ਨ ਉੱਤਰੀ ਜੇ ਬੰਨਾ ਪੁਰੀਆ ਭਾਰ
ਸਹਸ ਸਿਆਣਪਾ ਲਖ ਹੋਹਿ ਤ ਇੱਕ ਨਾ ਚਲੈ ਨਾਲਿ
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ
ਹੁਕਮਿ ਰਜਾਈ ਚੱਲਣਾ ਨਾਨਕ ਲਿਖਿਆ ਨਾਲਿ।” (ਅੰਗ 1)
ਮਨ ਬਾਰੇ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਨੇ ਮਨ ਦੀ ਸੁੱਚ, ਮਨ ਦੀ ਚੁੱਪ, ਮਨ ਦੀ ਭੁੱਖ ਤੇ ਮਨ ਦੀ ਸਿਆਣਪ ਬਾਰੇ ਜ਼ਿਕਰ ਕੀਤਾ ਹੈ।
ਮਨ ਨੂੰ ਸਮਾਧੀ ਲਾਉਣ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਤ੍ਰਿਸ਼ਨਾ ਵਧਾ ਕੇ ਭਵਨ ਤੇ ਪਦਾਰਥਾਂ ਦੇ ਢੇਰ ਮਨ ਨੂੰ ਸ਼ਾਂਤ ਕਰ ਸਕਦੇ ਹਨ। ਲੱਖਾਂ ਚਤਰਾਈਆਂ ਵੀ ਉਚਾਟ ਮਨ ਨੂੰ ਠੀਕ ਨਹੀਂ ਕਰ ਸਕਦੀਆਂ। ਮਨ ਅੰਦਰਲੇ ਕੂੜ ਦਾ ਪਰਦਾ ਤੋੜ ਕੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਨਾਲ ਹੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
ਇੰਨ ਬਿੰਨ ਇਹੋ ਤਰੀਕਾ ਹੁਣ ਡਾਕਟਰ ਇਲਾਜ ਵਜੋਂ ਵਰਤ ਰਹੇ ਹਨ। ਮਨ ਨੂੰ ਸ਼ਾਂਤ ਕਰਨ ਦੇ ਢੰਗ ਜਿਹੜੇ ਸਮਝਾਏ ਜਾ ਰਹੇ ਹਨ, ਉਨ੍ਹਾਂ ਵਿੱਚ ਮਰੀਜ਼ਾਂ ਨੂੰ ਹਿੰਮਤ ਵਧਾਉਣ, ਤਣਾਓ ਘਟਾਉਣ, ਉਮੀਦ ਜਗਾਉਣ, ਲੋੜਾਂ ਘਟਾਉਣ, ਹਉਮੈ ਕਾਬੂ ਵਿੱਚ ਰੱਖਣ ਤੇ ਆਪਣੇ ਉੱਤੇ ਸਾਰੀ ਧਰਤੀ ਦਾ ਬੋਝ ਨਾ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸਦੇ ਨਾਲ-ਨਾਲ ਰੱਬ ਉੱਤੇ ਅਥਾਹ ਵਿਸ਼ਵਾਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਮਨ ਇਹ ਸਮਝ ਸਕੇ ਕਿ ਕੋਈ ਹੈ ਜੋ ਸਾਡੀਆਂ ਤਕਲੀਫ਼ਾਂ ਸਮਝ ਕੇ ਸਾਡੀਆਂ ਅਰਦਾਸਾਂ ਮੰਨ ਕੇ ਸਾਨੂੰ ਆਰਾਮ ਦੇਵਗਾ। ਇੰਜ ਮਨ ਦੀ ਭਟਕਣਾ ਤੇ ਚਿੰਤਾ ਘੱਟ ਜਾਂਦੀ ਹੈ। ਇਸੇ ਲਈ ਆਮ ਹੀ ਵੇਖਿਆ ਗਿਆ ਹੈ ਕਿ ਧਾਰਮਿਕ ਥਾਵਾਂ ਨਾਲੋਂ ਹਸਪਤਾਲਾਂ ਵਿੱਚ ਰੱਬ ਨੂੰ ਵੱਧ ਯਾਦ ਕੀਤਾ ਜਾਂਦਾ ਹੈ ਤੇ ਜ਼ਿਆਦਾ ਸੱਚੇ ਦਿਲੋਂ ਕੀਤਾ ਜਾਂਦਾ ਹੈ। ਇਸੇ ਲਈ ਹਰ ਹਸਪਤਾਲ ਵਿੱਚ ਅਰਦਾਸ ਕਰਨ ਦੀ ਥਾਂ ਬਣਾਈ ਹੁੰਦੀ ਹੈ ਤੇ ਕਈ ਥਾਂਈਂ ਵੱਖੋ-ਵੱਖ ਧਰਮਾਂ ਦੀਆਂ ਮੂਰਤੀਆਂ ਜਾਂ ਤਸਵੀਰਾਂ ਟੰਗੀਆਂ ਹੁੰਦੀਆਂ ਹਨ।
ਇਹ ਵੇਖਣ ਵਿੱਚ ਆਇਆ ਹੈ ਕਿ ਦਾਖ਼ਲ ਮਰੀਜ਼ਾਂ ਵਿੱਚ ਉੰਨੀ ਤਕਲੀਫ਼ ਦੇ ਹੁੰਦਿਆਂ ਵੀ ਜਿਉਂ ਹੀ ਮਨ ਸ਼ਾਂਤ ਕਰ ਲਿਆ ਜਾਵੇ, ਉਸੇ ਸਮੇਂ ਬੀਮਾਰੀ ਘਟੀ ਹੋਈ ਮਹਿਸੂਸ ਹੋਣ ਲੱਗ ਪੈਂਦੀ ਹੈ ਤੇ ਮਰੀਜ਼ ਛੇਤੀ ਠੀਕ ਹੋ ਕੇ ਘਰ ਨੂੰ ਮੁੜ ਜਾਂਦੇ ਹਨ।
ਬਹੁਤੇ ਰੋਗ ਦਰਅਸਲ ਸਾਡੀ ਸੋਚ ਅਨੁਸਾਰ ਹੀ ਵਧਦੇ ਘਟਦੇ ਹਨ ਕਿਉਂਕਿ ਦਿਮਾਗ਼ ਅਤੇ ਸਰੀਰ ਪੂਰੇ ਸੰਤੁਲਨ ਵਿੱਚ ਇੱਕ ਦੂਜੇ ਨੂੰ ਸੁਨੇਹੇ ਘੱਲਦੇ ਰਹਿੰਦੇ ਹਨ। ਜੇ ਸਾਹਮਣਿਓਂ ਤੇਜ਼ ਟਰੱਕ ਆ ਰਿਹਾ ਹੈ ਤਾਂ ਦਿਮਾਗ਼ ਸਰੀਰ ਨੂੰ ਸੁਨੇਹਾ ਭੇਜਦਾ ਹੈ ਕਿ ਪਰ੍ਹਾਂ ਹੋ ਜਾਓ। ਜੇ ਕੁਝ ਖਾਧਾ ਨਹੀਂ ਹੈ ਤਾਂ ਵੀ ਦਿਮਾਗ਼ ਝਟਪਟ ਸੁਨੇਹਾ ਭੇਜਦਾ ਹੈ ਕਿ ਕੁਝ ਖਾਣ ਲਈ ਲੱਭਿਆ ਜਾਵੇ। ਇਹ ਨਹੀਂ ਹੈ ਕਿ ਹਰ ਰੋਗ ਦਿਮਾਗ਼ ਦੀ ਉਪਜ ਹੈ। ਪਰ, ਸੋਚ ਅਨੁਸਾਰ ਰੋਗ ਵੱਧ ਜਾਂ ਘੱਟ ਸਕਦਾ ਹੈ। ਇਸੇ ਕਰਕੇ ਤੁਰੰਤ ਉਪਜਿਆ ਤਣਾਓ ਘਟਾ ਕੇ ਰੋਗਾਂ ਦੀ ਸ਼ੁਰੂਆਤ ਰੋਕੀ ਜਾ ਸਕਦੀ ਹੈ। ਮਿਸਾਲ ਵਜੋਂ, ਜੇ ਭੱਜ ਕੇ ਬੱਸ ਫੜਨੀ ਪਈ ਹੈ ਤੇ ਉਸ ਤੋਂ ਬਾਅਦ ਕੁਝ ਪਲ ਦਿਲ ਦੀ ਧੜਕਨ ਤੇਜ਼ ਹੋਈ ਹੈ ਤੇ ਸਾਹ ਵੀ ਡੂੰਘਾ ਖਿਚਿਆ ਮਹਿਸੂਸ ਕੀਤਾ ਹੈ ਤਾਂ ਦੋ ਤਰ੍ਹਾਂ ਦੀ ਸੋਚ ਉਪਜ ਸਕਦੀ ਹੈ। ਪਹਿਲੀ, ਵਾਹ ਜੀ ਵਾਹ, ਆਖ਼ਰ ਹਿੰਮਤ ਕਰਕੇ ਬੱਸ ਫੜ ਹੀ ਲਈ! ਦੂਜੀ, ਲੱਗਦਾ ਹੈ ਮੈਂ ਉੰਨਾ ਤੰਦਰੁਸਤ ਨਹੀਂ ਜਿੰਨਾ ਪਹਿਲਾਂ ਸੀ। ਇੰਨੀ ਵਧੀ ਹੋਈ ਧੜਕਨ ਕਿਤੇ ਹਾਰਟ ਅਟੈਕ ਹੀ ਨਾ ਕਰ ਦੇਵੇ।
ਇਹ ਡਰ ਵਾਲੀ ਸੋਚ ਹੀ ਤਣਾਓ ਸਦਕਾ ਰੋਗਾਂ ਦਾ ਬੀਜ ਬੋਅ ਦਿੰਦੀ ਹੈ।
ਹਰ ਕਿਸਮ ਦੇ ਤਣਾਓ ਵਿੱਚ ਢਿੱਡ ਭਰਿਆ ਜਾਂ ਫੁੱਲਿਆ ਮਹਿਸੂਸ ਹੋਣ ਹੋਣਾ, ਬਦਹਜ਼ਮੀ ਹੋਣੀ, ਭੁੱਖ ਮਰਨੀ, ਜੀਅ ਕੱਚਾ ਹੋਣਾ, ਟੱਟੀਆਂ ਲੱਗਣੀਆਂ, ਆਦਿ ਵਿੱਚੋਂ ਕੁਝ ਨਾ ਕੁਝ ਜ਼ਰੂਰ ਹੋਣ ਲੱਗ ਪੈਂਦਾ ਹੈ। ਜੇ ਹੱਡੀ ਟੁੱਟ ਜਾਵੇ ਤਾਂ ਹੱਡੀ ਦੀ ਪੀੜ ਦੇ ਨਾਲ ਹੀ ਤਣਾਓ ਸਦਕਾ ਪੇਟ ਖਰਾਬ ਵੀ ਮਹਿਸੂਸ ਹੋਣ ਲੱਗ ਪੈਂਦਾ ਹੈ। ਇਹੋ ਕੁਝ ਇਮਤਿਹਾਨਾਂ ਨੇੜੇ ਵੀ ਮਹਿਸੂਸ ਹੁੰਦਾ ਹੈ।
ਚਮੜੀ ਦੇ ਰੋਗ ਜਿਵੇਂ ਐਗਜ਼ੀਮਾ, ਸੋਰਾਇਸਿਸ ਆਦਿ ਵੀ ਤਣਾਓ ਦੌਰਾਨ ਵੱਧ ਜਾਂਦੇ ਹਨ। ਜਿਉਂ ਹੀ ਆਪਣੀ ਦਿੱਖ ਬਾਰੇ ਚਿੰਤਾ ਹੋਣੀ ਸ਼ੁਰੂ ਹੋ ਜਾਏ, ਖ਼ਾਰਿਸ਼ ਮਹਿਸੂਸ ਹੋਣ ਲੱਗ ਪੈਂਦੀ ਹੈ ਤੇ ਨਿੱਕੀਆਂ ਮੋਟੀਆਂ ਫਿੰਸੀਆਂ ਵੀ ਦਿਸਣ ਲੱਗ ਪੈਂਦੀਆਂ ਹਨ।
ਦਮੇ ਦੇ ਰੋਗੀਆਂ ਵਿੱਚ ਵੀ ਤਣਾਓ ਸਦਕਾ ਅਟੈਕ ਸ਼ੁਰੂ ਹੋ ਸਕਦਾ ਹੈ। ਤਣਾਓ ਨਾਲ ਮਿਗਰੇਨ ਜਾਂ ਤਿੱਖੀ ਸਿਰ ਪੀੜ ਹੋ ਸਕਦੀ ਹੈ, ਥਕਾਵਟ, ਬੋਰ ਹੋਣਾ, ਨੀਂਦਰ ਨਾ ਆਉਣੀ ਆਦਿ ਵੀ ਦਿਸਦੇ ਹਨ।
ਜੇ ਥਕਾਵਟ ਦੌਰਾਨ ਚੜ੍ਹਦੀ ਕਲਾ ਮਹਿਸੂਸ ਕੀਤੀ ਜਾਵੇ ਜਾਂ ਮਨ ਨੂੰ ਸਮਝਾ ਲਿਆ ਜਾਵੇ ਕਿ ਥੱਕੇ ਤਾਂ ਹੈ ਹੀ ਨਹੀਂ, ਤਾਂ ਸਰੀਰ ਆਪੇ ਹੀ ਚੁਸਤ ਹੋਣ ਲੱਗ ਪੈਂਦਾ ਹੈ। ਇੰਜ ਦੁੱਗਣਾ ਕੰਮ ਬਿਨਾਂ ਥਕਾਵਟ ਮਹਿਸੂਸ ਕੀਤਿਆਂ ਹੋ ਸਕਦਾ ਹੈ।
ਮਨ ਢਹਿ ਢੇਰੀ ਹੋ ਜਾਏ ਤਾਂ ਸਰੀਰ ਦਾ ਇਮਿਊਨ ਸਿਸਟਮ, ਜੋ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ, ਉਹ ਵੀ ਢਿੱਲਾ ਪੈ ਜਾਂਦਾ ਹੈ ਤੇ ਜ਼ਖ਼ਮ ਭਰਨ ਵਿੱਚ ਸਮਾਂ ਵੀ ਵੱਧ ਲੱਗਦਾ ਹੈ। ਖੰਘ, ਜ਼ੁਕਾਮ ਵਰਗੀ ਆਮ ਬੀਮਾਰੀ ਵੀ ਕਈ ਹਫ਼ਤੇ ਲਟਕ ਸਕਦੀ ਹੈ।
ਬੀਮਾਰੀ ਵੇਲੇ ਸੋਚ ਵਿੱਚ ਕਿਵੇਂ ਤਬਦੀਲੀ ਲਿਆਈਏ?
ਕੁਝ ਗੱਲਾਂ ਆਪਣੇ ਆਪ ਨਾਲ ਕਰਨੀਆਂ ਚਾਹੀਦੀਆਂ ਹਨ: -
1. ਕੀ ਮੇਰੀ ਬੀਮਾਰੀ ਸਭ ਤੋਂ ਵੱਖਰੀ ਹੈ?
2. ਕੀ ਫ਼ਿਕਰ ਕਰਨ ਨਾਲ ਮੇਰੀ ਬੀਮਾਰੀ ਘੱਟ ਜਾਵੇਗੀ?
3. ਕੀ ਅੱਜ ਤੱਕ ਦੁਨੀਆ ਵਿੱਚ ਕੋਈ ਹੋਰ ਇਸ ਬੀਮਾਰੀ ਤੋਂ ਪੀੜਤ ਮਰੀਜ਼ ਨਹੀਂ ਹੋਇਆ?
4. ਕੀ ਕੋਈ ਅਜਿਹਾ ਹੈ ਜਿਸ ਦੀ ਮੌਤ ਨਾ ਹੋਈ ਹੋਵੇ?
5. ਕੀ ਕਦੇ ਕਿਸੇ ਦੇ ਤੁਰ ਜਾਣ ਬਾਅਦ ਦਾ ਘਾਟਾ ਕਦੇ ਪੂਰਿਆ ਨਹੀਂ ਗਿਆ?
6. ਕੀ ਮੈਂ ਅਮਰ ਹਾਂ?
7. ਜੇ ਮੈਂ ਠੀਕ ਠਾਕ ਹੋ ਕੇ ਵਾਪਸ ਜਾਂਦਾ ਹਾਂ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹੀ ਤਬਦੀਲੀ ਲਿਆਵਾਂਗਾ?
8. ਕੀ ਮੈਂ ਅੱਜ ਤੱਕ ਸਿਰਫ਼ ਆਪਣੇ ਲਈ ਤਾਂ ਨਹੀਂ ਸੀ ਜੀਅ ਰਿਹਾ? ਕੀ ਮੈਂ ਪਰਉਪਕਾਰ ਵਾਲੇ ਪਾਸੇ ਪਿਆ?
9. ਕੀ ਮੈਂ ਜ਼ਿੰਦਗੀ ਨੂੰ ਭਰਪੂਰ ਜੀਅ ਸਕਿਆ? ਜੇ ਨਹੀਂ ਤਾਂ ਕੀ ਸਿਰਫ਼ ਪੈਸੇ ਕਮਾਉਣ ਵਿੱਚ ਹੀ ਉਲਝਿਆ ਰਿਹਾ?
10. ਕੀ ਮੈਂ ਬੇਲੋੜੀਆਂ ਇਕੱਠੀਆਂ ਕੀਤੀਆਂ ਚੀਜ਼ਾਂ ਕਿਸੇ ਲੋੜਵੰਦ ਨੂੰ ਦੇਣੀਆਂ ਚਾਹੁੰਦਾ ਹਾਂ?
ਅਜਿਹਾ ਕਿਸੇ ਵੀ ਔਖੇ ਸਮੇਂ ਸਿਰਫ਼ ਮਨ ਨੂੰ ਸਹਿਜ ਕਰਨ ਨਾਲ, ਹੱਸਣ ਖੇਡਣ, ਪਿਆਰ ਕਰਨ ਤੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਨ ਨਾਲ ਹੀ ਸਰੀਰ ਅਤੇ ਦਿਮਾਗ਼ ਵਿੱਚ ਤੁਰੰਤ ਤਬਦੀਲੀ ਮਹਿਸੂਸ ਕੀਤੀ ਜਾ ਸਕਦੀ ਹੈ।
ਅਖ਼ੀਰ ਵਿੱਚ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਹਰ ਗੱਲ ਵਿੱਚ ਖ਼ੁਸ਼ ਰਹਿਣ, ਚੜ੍ਹਦੀ ਕਲਾ ਰੱਖਣ ਤੇ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ ਤਾਂ ਔਖੇ ਤੋਂ ਔਖਾ ਸਮਾਂ ਵੀ ਸੌਖਿਆਂ ਟਪਾਇਆ ਜਾ ਸਕਦਾ ਹੈ।
ਹੁਣ ਤਾਂ ਸੌਖਿਆਂ ਹੀ ਸਮਝ ਆ ਸਕਦੀ ਹੈ:
“ਰੇ ਮਨ ਐਸੋ ਕਰਿ ਸੰਨਿਆਸਾ
ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ।”
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2016)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































