HarshinderKaur7ਛੇਤੀ ਤੋਂ ਛੇਤੀ ਬਾਲੜੀਆਂ ਉੱਤੇ ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ ...
(12 ਮਾਰਚ 2020)

 

ਮੁੰਬਈ ਵਿਚ ਚਲਦੀ ਸੜਕ ਦੇ ਇਕ ਪਾਸੇ ਇਕ ਨਾਬਾਲਗ ਬੱਚੀ ਦੇ ਢਿੱਡ ਅਤੇ ਛਾਤੀ ਵਿਚ ਇਕ ਮੁਸ਼ਟੰਡੇ ਵੱਲੋਂ 22 ਛੁਰੇ ਦੇ ਵਾਰ ਕੀਤੇ ਗਏ। ਆਉਂਦਾ ਜਾਂਦਾ ਹਰ ਜਣਾ ਉਸ ਦੀ ਵੀਡੀਓ ਬਣਾਉਂਦਾ ਰਿਹਾ ਤੇ ਨਾਲੋ-ਨਾਲ ਫੇਸਬੁੱਕ ਤੇ ਵੱਟਸਐਪ ’ਤੇ ਪਾਉਂਦਾ ਰਿਹਾ। ਕੀ ਮਜ਼ਾਲ ਇਕ ਵੀ ਜਣਾ ਉਸ ਦੀ ਮਦਦ ਨੂੰ ਅੱਗੇ ਆਇਆ ਹੋਵੇ। ਲਹੂ ਵਹਿ ਵਹਿ ਕੇ ਉਸ ਬੱਚੀ ਦੀ ਉੱਥੇ ਹੀ ਮੌਤ ਹੋ ਗਈ ਪਰ ਨਾ ਪੁਲਿਸ ਨੂੰ ਖ਼ਬਰ ਕੀਤੀ ਗਈ ਤੇ ਨਾ ਕਿਸੇ ਨੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ।

ਵਾਰ ਕਰਨ ਵਾਲੇ ਦੇ ਚਲੇ ਜਾਣ ਬਾਅਦ ਕੁੱਝ ਜਣੇ ਬਿਲਕੁਲ ਮੂੰਹ ਦੇ ਲਾਗੇ ਤੱਕ ਜਾ ਕੇ ਆਖ਼ਰੀ ਸਾਹ ਨਿਕਲਣ ਤੱਕ ਕੁੜੀ ਦਾ ਪੂਰਾ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੇ। ਹਰ ਜਣੇ ਨੇ ਆਪੋ ਆਪਣੀ ਵੀਡੀਓ ਨੂੰ ਸਭ ਤੋਂ ਵਧੀਆ ਦਰਸਾਉਣ ਦੇ ਚੱਕਰ ਵਿਚ “ਮੇਰੀ ਕਲਿੱਪ ਇਸ ਤੋਂ ਵੀ ਹੋਰ ਨੇੜੇ ਦੀ ਹੈ।” “ਮੇਰੀ ਕਲਿੱਪ ਵਿਚ ਤਾਂ ਢਿੱਡ ਵਿੱਚੋਂ ਨਿਕਲਦੇ ਲਹੂ ਦੀਆਂ ਧਤੀਰੀਆਂ ਵੀ ਦਿਸਦੀਆਂ ਨੇ।” ਆਦਿ ਦੇ ਕੁਮੈਂਟ ਨਾਲ ਅੱਗੇ ਤੋਂ ਅੱਗੇ ਤੋਰੀ। ਪੂਰੇ ਹਿੰਦੁਸਤਾਨ ਵਿਚ ਇਹ ਕਲਿੱਪ ਘੁੰਮਦੀ ਰਹੀ ਤੇ ਲੋਕ ਕੁਮੈਂਟ ਲਿਖ ਕੇ ਸ਼ੇਅਰ ਕਰਦੇ ਰਹੇ!

ਰਾਜਸਥਾਨ ਵਿਚ ਇਕ ਹਿੰਦੂ ਕੁੜੀ ਨੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਨ ਬਾਰੇ ਗੱਲ ਕੀਤੀ ਤਾਂ ਪੂਰੀ ਭੀੜ ਨੇ ਉਸ ਨਾਲ ਖਿੱਚ ਧੂਹ ਕੀਤੀ, ਵਾਲ ਪੁੱਟੇ, ਕੱਪੜੇ ਪਾੜੇ ਤੇ ਅਖ਼ੀਰ ਉਸ ਉੱਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ। ਇਸ ਪੂਰੇ ਸਿਲਸਿਲੇ ਦੀ ਸ਼ੁਰੂ ਤੋਂ ਅਖ਼ੀਰ ਤੱਕ ਪਲ-ਪਲ ਦੀ ਵੀਡੀਓ, ਨੇੜਿਓ ਦੂਰੋਂ ਉਸ ਦੇ ਚੀਕਣ ਦੀ, ਲਹੂ ਨਿਕਲਣ ਦੀ, ਫਟੇ ਕੱਪੜਿਆਂ ਹੇਠਲੇ ਜਿਸਮ ਦੀ, ਅੱਗ ਲੱਗੀ ਹੋਈ ਦੇ ਤੜਫਣ ਦੀ ਤੇ ਢਿੱਡ ਅੰਦਰੋਂ ਸੜਦੇ ਮਾਸ ਦੇ ਭਬਕਣ ਦੀ, ਆਖ਼ਰੀ ਸਾਹ ਨਿਕਲ ਜਾਣ ਤਕ ਤੇ ਅੱਖ ਦੇ ਡੇਲੇ ਦੇ ਪਟਾਕਾ ਮਾਰ ਕੇ ਫਟ ਜਾਣ ਤਕ ਦੀ ਪੂਰੀ ਵੀਡੀਓ ਤੇ ਨਾਲ ਉੱਚੀ-ਉੱਚੀ ਹੱਸਣ, ਤਾਅਨੇ ਮਿਹਣੇ ਕੱਸਣ, ਜਿਸਮ ਦੇ ਅੰਦਰੂਨੀ ਹਿੱਸਿਆਂ ਬਾਰੇ ਚਟਕਾਰੇ ਲੈ ਕੇ ਗੱਲਾਂ ਕਰਨ ਤੱਕ ਦੀ ਵੀਡੀਓ ਪੂਰੇ ਹਿੰਦੁਸਤਾਨ ਵਿਚ ਸ਼ੇਅਰ ਹੋਈ। ਕਿਸੇ ਇੱਕ ਨੇ ਅਗਾਂਹ ਹੋ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਰੋਂ ਖੜ੍ਹੇ ਵੀ ਦਰਖ਼ਤਾਂ ਉੱਤੋਂ ਚੜ੍ਹ ਕੇ ਪੂਰੀ ਵੀਡੀਓ ਖਿੱਚਣ ਲਈ ਕਾਹਲੀ ਤਮਾਸ਼ਬੀਨਾਂ ਦੀ ਭੀੜ ਇਸ ਫ਼ਿਲਮ ਵਿਚ ਵਿਖਾਈ ਗਈ। ਕੁਮੈਂਟ ਕੁੱਝ ਇਸ ਤਰ੍ਹਾਂ ਦੇ ਲਿਖੇ ਗਏ ਸਨ – “ਸਾਲੀ ਕੋ ਬੁੱਚੜਖ਼ਾਨੇ ਮੇਂ ਹਲਾਲ ਕਰਨਾ ਚਾਹੀਏ।” “ਐਸੀ ਲੜਕੀਓਂ ਕੀ ਸਜ਼ਾ ਯਹੀ ਹੋਨੀ ਚਾਹੀਏ।”

ਮੁੰਬਈ ਦੇ ਇਕ ਪੱਬ ਵਿਚ ਉੱਪਰ ਟੰਗੀ ਤਰਪਾਲ ਨੂੰ ਅੱਗ ਲੱਗੀ ਤਾਂ ਉਹ ਹੇਠਾਂ ਨੱਚ ਰਹੇ ਜਵਾਨਾਂ ਉੱਤੇ ਡਿੱਗ ਪਈ। ਬਲਦੀ ਤਰਪਾਲ ਕੱਪੜਿਆਂ ਤੇ ਚਮੜੀ ਨੂੰ ਚਿੰਬੜ ਗਈ। ਤਰਪਾਲ ਨੂੰ ਚਮੜੀ ਸਮੇਤ ਹੀ ਖਿੱਚ ਕੇ, ਲਾਹ ਕੇ ਜਿੰਨੇ ਜਣੇ ਬਾਹਰ ਜਾਨ ਬਚਾ ਕੇ ਭੱਜ ਸਕੇ, ਭੱਜੇ! ਲਹੂ ਲੁਹਾਨ ਨਿਰਵਸਤਰ ਤੇ ਬਿਨਾਂ ਚਮੜੀ ਦੇ, ਜਦੋਂ ਸਾਹਮਣੇ ਵਾਲੀ ਕੌਫ਼ੀ ਸ਼ਾਪ ਤੋਂ ਪਾਣੀ ਮੰਗਣ ਗਏ ਤਾਂ ਦੁਕਾਨਦਾਰ ਨੇ ਪੈਸਿਆਂ ਤੋਂ ਬਿਨਾਂ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ।

ਇਹੀ ਜਵਾਨ ਜਦੋਂ ਸੜਕ ਉੱਤੋਂ ਲੰਘਦਿਆਂ ਬੰਦਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਹਸਪਤਾਲ ਲਿਜਾਣ ਲਈ ਅਰਜ਼ੋਈ ਕਰਨ ਲੱਗੇ ਤਾਂ ਹਰ ਕਾਰ, ਸਕੂਟਰ, ਟੈਂਪੂ, ਬੱਸ, ਟਰੱਕ ਵਾਲੇ ਨੇ ਉਨ੍ਹਾਂ ਦੇ ਨਿਰਵਸਤਰ ਜਿਸਮਾਂ ਦੀਆਂ ਵੀਡੀਓ ਬਣਾ ਕੇ ਝਟਪਟ ਅਪਲੋਡ ਕਰ ਦਿੱਤੀਆਂ ਪਰ ਕੋਈ ਮਦਦ ਲਈ ਨਹੀਂ ਰੁਕਿਆ। ਕੁਝ ਮਨਚਲੇ ਤਾਂ ਦੋ ਜਾਂ ਤਿੰਨ ਗੇੜੇ ਲਾ ਕੇ ਵੀਡੀਓਜ਼ ਨਾਲ ਸਟਿੱਲ ਫੋਟੋਜ਼ ਵੀ ਖਿੱਚਣ ਲਈ ਮੁੜੇ!

ਹਰ ਰੋਜ਼ ਸੜਕੀ ਦੁਰਘਟਨਾਵਾਂ ਵਿਚ ਲਹੂ ਲੁਹਾਨ ਬੰਦਿਆਂ ਦੀਆਂ ਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ ਧਤੀਰੀਆਂ ਮਾਰ ਕੇ ਵਗਦੇ ਲਹੂ ਦੀਆਂ ਵੀਡੀਓਜ਼, ਫਟ ਚੁੱਕੇ ਕੱਪੜਿਆਂ ਵਿੱਚੋਂ ਦਿਸਦੇ ਜਿਸਮਾਂ ਦੀਆਂ ਤੇ ਹਾਏ ਹਾਏ ਕਰ ਕੇ ਆਖ਼ਰੀ ਸਾਹ ਨਿਕਲ ਜਾਣ ਤੱਕ ਦਾ ਪੂਰਾ ਵੀਡੀਓ ਸ਼ੂਟ ਕਰਨ ਲਈ ਭੀੜ ਜਮ੍ਹਾਂ ਹੋ ਜਾਂਦੀ ਹੈ ਤੇ ਰੋਜ਼ ਅਜਿਹੀ ਨਵੀਂ ਵੀਡੀਓ ਫੇਸ ਬੁੱਕਾਂ ਉਤੇ ਘੁੰਮਣ ਲੱਗ ਜਾਂਦੀ ਹੈ ਪਰ ਕਦੇ ਕੋਈ ਮਦਦ ਲਈ ਅਗਾਂਹ ਨਹੀਂ ਆਉਂਦਾ ਦਿਸਦਾ।

ਅਣਮਨੁੱਖੀ ਫੋਟੋਗ੍ਰਾਫ਼ਰਾਂ ਦੀ ਭਰਮਾਰ ਚੁਫ਼ੇਰੇ ਸਿਰਫ਼ ਆਪਣਾ ਸ਼ਿਕਾਰ ਲੱਭਣ ਲਈ ਦਨਦਨਾਉਂਦੀ ਫਿਰਦੀ ਹੈ। ਜੇ ਕੁੱਝ ਘੰਟਿਆਂ ਤਕ ਕੋਈ ਨਵੀਂ ਫ਼ਿਲਮ ਤਿਆਰ ਨਾ ਹੋ ਸਕੇ ਤਾਂ ਇਹ ਭੀੜ ਆਪਣਾ ਕਾਰਨਾਮਾ ਕਰਨ ਲਈ ਤਿਆਰ ਹੋ ਜਾਂਦੀ ਹੈ। ਹਰ ਜਣਾ ਦੂਜੇ ਨਾਲੋਂ ਵੱਧ ਭਿਆਨਕ ਵੀਡੀਓ ਬਣਾਉਣ ਲਈ ਜੁਟ ਜਾਂਦਾ ਹੈ। ਅਜਿਹੇ ਕਾਰਨਾਮੇ ਸ਼ੂਟ ਕਰਨ ਲਈ ਕਿਸ ਹਦ ਤਕ ਇਹ ਅਣਮਨੁੱਖੀ ਫੋਟੋਗ੍ਰਾਫ਼ਰ ਜਾਂਦੇ ਹਨ, ਟੈਲੀਵਿਜ਼ਨ ਉੱਤੇ ਇਕ ਚਿਹਰਾ ਢਕੇ ਹੋਏ ਨਾਬਾਲਗ ਬਲਾਤਕਾਰੀ ਨੇ ਸਪਸ਼ਟ ਕਰ ਦਿੱਤਾ ਸੀ। ਉਸ ਬਿਆਨ ਦਿੱਤਾ, “ਮੈਂ ਬਲਾਤਕਾਰ ਕਰ ਕੇ ਵੀਡੀਓ ਕਲਿੱਪਾਂ ਤਿਆਰ ਕਰਨ ਦਾ ਸੈਂਕੜਾ ਪੂਰਾ ਕਰਨ ਦਾ ਟੀਚਾ ਮਿੱਥਿਆ ਹੋਇਆ ਸੀ।”

ਇਸ ਤਰ੍ਹਾਂ ਦੀਆਂ ਦਿਲ ਵਲੂੰਧਰਦੀਆਂ ਵੀਡੀਓਜ਼ ਕਿਵੇਂ ਹੌਲੀ-ਹੌਲੀ ਨਾਬਾਲਗ ਬੱਚਿਆਂ ਦੇ ਬਣਦੇ ਦਿਮਾਗ਼ ਵਿਚ ਸ਼ੈਤਾਨੀ ਕਾਰੇ ਕਰਨ ਵਾਲਾ ਬਾਰੂਦ ਇਕੱਠਾ ਕਰ ਰਹੀਆਂ ਹਨ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿਉਂਕਿ ਨਿਤ ਦਿਨ ਪਹਿਲਾਂ ਤੋਂ ਵੱਖ ਤੇ ਪਹਿਲਾਂ ਤੋਂ ਵੱਧ ਭਿਆਨਕ ਤਰੀਕੇ ਨਾਲ ਨਾਬਾਲਗ ਬੱਚੀਆਂ ਦੇ ਸਮੂਹਕ ਬਲਾਤਕਾਰ ਕਰਨ ਬਾਅਦ ਉਨ੍ਹਾਂ ਨੂੰ ਜਿਉਂਦੇ ਸਾੜ ਕੇ, ਡੁਬੋ ਕੇ ਜਾਂ ਲੱਤਾਂ ਬਾਹਵਾਂ ਤੋੜ ਕੇ ਕਤਲ ਕਰਨ ਦੇ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ਵਹਿਸ਼ੀ ਕਤਲ ਸਮਾਜ ਵਿਚ ਵਧ ਰਹੀ ਵਹਿਸ਼ੀਅਤ ਦਾ ਚਰਮ ਪ੍ਰਗਟਾਵਾ ਹਨ। ਔਰਤ ਨੂੰ ਸਿਰਫ਼ ਭੋਗ ਵਿਲਾਸ ਦੀ ਵਸਤੂ ਮੰਨ ਕੇ, ਹਵਸ ਤ੍ਰਿਪਤ ਕਰਨ ਵਿਚ ਪਸ਼ੂਵਤ ਪ੍ਰਵਿਰਤੀ ਖੁੱਲ੍ਹ ਕੇ ਉਜਾਗਰ ਹੋਣ ਲੱਗ ਪਈ ਹੈ।

ਪਾਨੀਪਤ ਵਿਚ ਉਰਲਾਨਾ ਕਲਾਂ ਪਿੰਡ ਦੇ ਬਾਹਰਵਾਰ ਇਕ ਛੱਪੜ ਲਾਗੇ ਅਧਨੰਗੀ, ਅਧਸੜੀ, ਬਾਹਵਾਂ ਲੱਤਾਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਦੀ 11 ਵਰ੍ਹਿਆਂ ਦੀ ਬਾਲੜੀ ਦੀ ਲਾਸ਼ ਮਿਲੀ। ਜਦੋਂ ਕਾਤਲਾਂ ਦੀ ਭਾਲ ਸ਼ੁਰੂ ਕੀਤੀ ਤਾਂ 28 ਸਾਲਾ ਪ੍ਰਦੀਪ ਕੁਮਾਰ ਤੇ 22 ਸਾਲਾ ਸਾਗਰ ਜੋ ਉਸੇ ਪਿੰਡ ਦੇ ਸਨ, ਨੇ ਮੰਨਿਆ ਕਿ ਉਨ੍ਹਾਂ ਨੇ ਬਾਲੜੀ ਦਾ ਜਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੂਰਾ ਜ਼ੋਰ ਲਾ ਕੇ ਸਾਨੂੰ ਨੇੜੇ ਨਾ ਫਟਕਣ ਦਿੱਤਾ। ਇਸੇ ਲਈ ਪਹਿਲਾਂ ਅਸੀਂ ਉਸੇ ਦੇ ਸਕਾਰਫ਼ ਨਾਲ ਉਸ ਦਾ ਗਲਾ ਘੁੱਟਿਆ, ਫੇਰ ਕਪੜੇ ਸਾੜੇ ਤੇ ਫੇਰ ਆਰਾਮ ਨਾਲ ਚਟਕਾਰੇ ਲੈ ਕੇ ਲਾਸ਼ ਨਾਲ ਚਾਰ ਘੰਟੇ (ਸ਼ਾਮ 7 ਵਜੇ ਤੋਂ ਰਾਤ 11 ਵਜੇ ਤਕ) ਬਲਾਤਕਾਰ ਕੀਤਾ। ਉਸ ਤੋਂ ਬਾਅਦ ਵੀਡੀਓ ਬਣਾ ਕੇ ਲਾਸ਼ ਨੂੰ ਛੱਪੜ ਕਿਨਾਰੇ ਸੁੱਟ ਦਿੱਤਾ।

ਝਾਂਸਾ ਪਿੰਡ (ਕੁਰਕਸ਼ੇਤਰ ਜ਼ਿਲ੍ਹਾ) ਵਿਚ ਰਹਿ ਰਹੀ ਇਕ 15 ਸਾਲਾ ਦਲਿਤ ਬੱਚੀ ਦੀ ਲਾਸ਼ ਕੁਰਕਸ਼ੇਤਰ ਤੋਂ 110 ਕਿਲੋਮੀਟਰ ਦੂਰ ਸਫੀਦੋਂ ਦੇ ਨੇੜੇ ਪਿੰਡ ਬੁੱਢਾ ਖੇੜਾ ਵਿੱਚੋਂ ਮਿਲੀ। ਉਹ ਤਿੰਨ ਦਿਨ ਪਹਿਲਾਂ ਲਾਪਤਾ ਹੋਈ ਸੀ। ਇਕ ਗਵਾਂਢੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ 9 ਜਨਵਰੀ 2018 ਨੂੰ ਆਪਣੇ ਕਈ ਦੋਸਤਾਂ ਨਾਲ ਇਸ ਬੱਚੀ ਨੂੰ ਚੁੱਕ ਕੇ ਦੋ ਦਿਨ ਉਸ ਦਾ ਸਮੂਹਕ ਬਲਾਤਕਾਰ ਕੀਤਾ। ਫੇਰ ਲੋਹੇ ਦੇ ਮੋਟੇ ਡੰਡੇ ਨਾਲ ਬੱਚੇਦਾਨੀ ਰਾਹੀਂ ਜਿਗਰ ਤੱਕ ਘੁਸਾ ਕੇ, ਪੂਰਾ ਢਿੱਡ ਪਾੜ ਕੇ ਉਸ ਨੂੰ ਬੇਦਰਦੀ ਨਾਲ ਡਾਂਗਾਂ ਮਾਰ-ਮਾਰ ਕੇ ਮਾਰਿਆ। ਫੇਰ ਪਾਣੀ ਵਿਚ ਡੁਬੋ ਕੇ ਆਖ਼ਰੀ ਸਾਹ ਖ਼ਤਮ ਕਰਕੇ ਦੁਬਾਰਾ ਜਬਰਜ਼ਨਾਹ ਕੀਤਾ। ਉਸ ਤੋਂ ਬਾਅਦ ਬੱਚੇਦਾਨੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਨਿਰਵਸਤਰ ਲਾਸ਼ ਸੁੱਟ ਦਿੱਤੀ। ਪੂਰੀ ਲਾਸ਼ ਨਿਰੇ ਡੂੰਘੇ ਜ਼ਖਮਾਂ ਨਾਲ ਭਰੀ ਹੋਈ ਲੱਭੀ।

ਕੁਰਕਸ਼ੇਤਰ ਵਿਖੇ ਇਕ ਹੋਰ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੀ ਲਾਸ਼ ਲੱਭੀ ਜਿਸ ਨਾਲ ਸਮੂਹਕ ਬਲਾਤਕਾਰ ਕਰਨ ਬਾਅਦ ਉਸ ਨੂੰ ਵੱਢ ਟੁਕ ਕੇ, ਮਾਰ ਕੇ ਸੁੱਟ ਦਿੱਤਾ ਗਿਆ ਸੀ।        ਇਨ੍ਹਾਂ ਸਭ ਦੀਆਂ ਪੀੜ ਸਹਿਨ ਕਰਦੀਆਂ ਦੀਆਂ ਕੂਕਾਂ ਤੇ ਜਿਸਮ ਵਿੱਚੋਂ ਵਹਿੰਦੇ ਲਹੂ ਦੀਆਂ ਧਤੀਰੀਆਂ ਦੀ ਨਰਭਖ਼ਸ਼ੀ ਫੋਟੋਗ੍ਰਾਫਰਾਂ ਨੇ ਵੀਡੀਓ ਖਿੱਚੀਆਂ।

ਜਦੋਂ ਅਜਿਹੇ ਗ਼ੈਰ ਮਨੁੱਖੀ ਕਤਲਾਂ ਬਾਰੇ ਤੇ ਨਿੱਤ ਵਧਦੇ ਜਾਂਦੇ ਭਿਆਨਕ ਜੁਰਮਾਂ ਬਾਰੇ ਆਵਾਜ਼ ਚੁੱਕੀ ਗਈ ਤਾਂ ਮਰਦ ਪ੍ਰਧਾਨ ਸਮਾਜ ਵੱਲੋਂ ਬੜੀ ਬੁਲੰਦ ਆਵਾਜ਼ ਗੂੰਜੀ, “ਔਰਤ ਹੀ ਔਰਤ ਦੀ ਦੁਸ਼ਮਨ ਹੈ।”

ਸਪਸ਼ਟ ਹੋ ਗਿਆ ਕਿ ਬਹੁਗਿਣਤੀ ਲੋਕਾਂ ਨੇ ਵਹਿਸ਼ੀਪੁਣੇ ਤੇ ਬਰਬਰਤਾ ਨੂੰ ਵੇਖਦਿਆਂ ਗੋਡਿਆਂ ਵਿੱਚ ਸਿਰ ਦੇ ਕੇ ਬਹਿਣ ਦਾ ਫੈਸਲਾ ਕਰ ਲਿਆ ਹੋਇਆ ਹੈ। ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ ਤੇ ਇਨ੍ਹਾਂ ਸਾਰੇ ਭੂਤਰੇ ਸਾਨ੍ਹਾਂ ਵੱਲੋਂ ਕੀਤੇ ਕੁਕਰਮਾਂ ਉੱਤੇ ਪਰਦਾ ਪਾਉਣਾ ਹੈ, ਉਨ੍ਹਾਂ ਕੋਲ ਇਹ ਕਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।

ਸਿਰਫ਼ ਇਹ ਕਹਿ ਕੇ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਇਨ੍ਹਾਂ ਸਾਰੇ ਕੁਕਰਮਾਂ ਲਈ ਔਰਤ ਉੱਤੇ ਹੀ ਜ਼ਿੰਮੇਵਾਰੀ ਸੁੱਟ ਦਿਓ। ਇੰਜ ਜਾਪਣ ਲੱਗ ਪਿਆ ਹੈ ਜਿਵੇਂ ਪਾਸਾ ਵੱਟ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਚੁੱਕੇ ਅਸੰਵੇਦਨਸ਼ੀਲ ਲੋਕ ਵਹਿਸ਼ੀਪੁਣੇ ਦੀਆਂ ਸਮੱਸਿਆਵਾਂ ਨਾਲ ਸਮਝੌਤਾ ਕਰਨ ਦੇ ਰੌਂਅ ਵਿਚ ਹਨ।

ਆਖ਼ਰ ਸਮਝ ਤਾਂ ਆਵੇ ਕਿ 10 ਸਾਲਾਂ ਦੀ ਬੱਚੀ ਨੂੰ ਅਧਖੜ ਉਮਰ ਦੇ ਗਵਾਂਢੀ ਨੇ ਪਿੰਜੌਰ ਵਿਚ ਸ਼ਾਮ ਨੂੰ ਖੇਡਦੀ ਨੂੰ ਚੁੱਕ ਕੇ ਉਸ ਦੀ ਬੱਚੇਦਾਨੀ ਵਿਚ ਸੋਟੀ ਪਾ ਕੇ, ਪਾੜ ਕੇ, ਆਖ਼ਰੀ ਸਾਹ ਗਿਣਦੀ ਦਾ ਬਲਾਤਕਾਰ ਕੀਤਾ, ਤਾਂ ਇਸ ਵਿਚ ਔਰਤ ਔਰਤ ਦੀ ਦੁਸ਼ਮਨ ਕਿਵੇਂ ਬਣ ਗਈ?

ਇਹ ਹਾਦਸਾ ਵੀ 14 ਜਨਵਰੀ 2018 ਨੂੰ ਵਾਪਰਿਆ। 13 ਜਨਵਰੀ ਨੂੰ ਫਰੀਦਾਬਾਦ ਵਿਖੇ 20 ਸਾਲਾਂ ਦੀ ਮੁਟਿਆਰ ਕੰਮ ਕਰ ਕੇ ਵਾਪਸ ਮੁੜ ਰਹੀ ਸੀ, ਜਦੋਂ ਚਲਦੀ ਕਾਰ ਵਿਚ ਚਾਰ ਜਣਿਆਂ ਨੇ ਉਸ ਦਾ ਜਬਰਜ਼ਨਾਹ ਕੀਤਾ। ਇਸ ਵਿਚ ਵੀ ਕਸੂਰ ਕੀ ਔਰਤ ਜ਼ਾਤ ਦਾ ਹੈ?

9 ਦਸੰਬਰ 2017 ਨੂੰ ਇਕ 6 ਵਰ੍ਹਿਆਂ ਦੀ ਗ਼ਰੀਬ ਦਲਿਤ ਬੱਚੀ ਦਾ ਉਕਲਾਨਾ ਬਲਾਕ (ਜ਼ਿਲ੍ਹਾ ਹਿਸਾਰ) ਵਿਖੇ ਬੁਰੀ ਤਰ੍ਹਾਂ ਹੱਡੀਆਂ ਤੋੜ ਕੇ ਵੱਢਿਆ ਤੇ ਬਲਾਤਕਾਰ ਕੀਤਾ ਹੋਇਆ ਮੁਰਦਾ ਜਿਸਮ ਲੱਭਿਆ। ਪੋਸਟ ਮਾਰਟਮ ਰਾਹੀਂ ਖੁਲਾਸਾ ਹੋਇਆ ਕਿ ਬਲਾਤਕਾਰ ਤੋਂ ਪਹਿਲਾਂ ਉਸ ਬੱਚੀ ਦੀਆਂ ਹੱਡੀਆਂ ਤੋੜੀਆਂ ਗਈਆਂ, ਚਾਕੂ ਦੇ ਅਨੇਕ ਵਾਰ ਕੀਤੇ ਗਏ, ਮਾਸ ਦੇ ਲੋਥੜੇ ਲਾਹੇ ਗਏ ਤੇ ਬੱਚੇਦਾਨੀ ਦਾ ਰਾਹ ਪਾੜ ਕੇ ਉਸ ਵਿਚ ਸੋਟੀ ਘੁਸਾਈ ਗਈ, ਜਿਸ ਦਾ ਢਾਈ ਇੰਚ ਲੰਮਾ ਟੋਟਾ ਬੱਚੇਦਾਨੀ ਪਾੜ ਕੇ ਢਿੱਡ ਵਿਚ ਫਸਿਆ ਰਹਿ ਗਿਆ ਲੱਭਿਆ।

ਕੀ ਇਸ ਨੂੰ ਸਿਰਫ਼ ਹੈਵਾਨੀਅਤ ਕਹਿ ਕੇ ਸਾਰ ਲਿਆ ਜਾਵੇਗਾ? ਕੀ ਸਮਾਜ ਇਸ ਨੂੰ ਵੀ ਔਰਤ ਹੀ ਔਰਤ ਦੀ ਦੁਸ਼ਮਣ ਕਹਿ ਕੇ ਪਾਸਾ ਵੱਟ ਲਵੇਗਾ?

ਘੱਟ ਸਜ਼ਾਵਾਂ ਤੇ ਸਮਾਜਿਕ ਨਪੁੰਸਕਤਾ ਹੀ ਦਿਨੋ ਦਿਨ ਅਪਰਾਧੀਆਂ ਨੂੰ ਪਹਿਲਾਂ ਨਾਲੋਂ ਹੋਰ ਭਿਆਨਕ ਤਰੀਕੇ ਸਮੂਹਕ ਜਬਰਜ਼ਨਾਹ ਤੇ ਕਤਲ ਕਰਨ ਲਈ ਉਕਸਾਉਣ ਲੱਗ ਪਏ ਹਨ। ਦਿਨੋ ਦਿਨ ਵਧਦੀ ਜਾਂਦੀ ਜਿਸਮਾਨੀ ਭੁੱਖ ਤੇ ਚੁਫ਼ੇਰੇ ਕਾਮੁਕਤਾ ਵਧਾਉਣ ਵਾਲੀਆਂ ਫ਼ਿਲਮਾਂ ਤੇ ਲੱਚਰ ਸਾਹਿਤ ਦੀ ਭਰਮਾਰ ਨੇ ਪੂਰੇ ਸਮਾਜ ਦਾ ਚਿਹਰਾ ਵਿਗਾੜ ਕੇ ਰੱਖ ਦਿੱਤਾ ਹੈ। ਔਰਤ ਵਿਰੋਧੀ ਮਾਨਸਿਕਤਾ ਤੇ ਮੱਧਯੁਗੀ ਕਦਰਾਂ ਕੀਮਤਾਂ ਹਾਲੇ ਵੀ ਔਰਤਾਂ ਨੂੰ ਜੰਜੀਰਾਂ ਵਿਚ ਜਕੜੀ ਬੈਠੀਆਂ ਹਨ। ਸਸਤੀ ਕਿਰਤ ਨਾਲ ਜੋੜ ਕੇ ਜੋ ਔਰਤ ਦੀ ਬੇਕਦਰੀ ਹੋ ਰਹੀ ਹੈ, ਉਸ ਵਿਚ ਰਾਖਸ਼ੀ ਪ੍ਰਵਿਰਤੀ ਉੱਭਰ ਕੇ ਸਾਹਮਣੇ ਆ ਚੁੱਕੀ ਹੈ। ਭੋਗ ਵਿਲਾਸ ਦੀ ਵਸਤੂ ਮੰਨ ਕੇ, ਦੇਹਵਾਦ ਨੂੰ ਮੁਨਾਫ਼ੇ ਦਾ ਸਰੋਤ ਮੰਨ ਲਿਆ ਗਿਆ ਹੈ।

4 ਦਸੰਬਰ 2017 ਨੂੰ ਹਿਸਾਰ ਦੇ ਮਿਲਟਰੀ ਕੈਨਟੋਨਮੈਂਟ ਵਿਚ 27 ਸਾਲਾ ਕੰਮ ਤੋਂ ਮੁੜਦੀ ਮੁਟਿਆਰ ਦਾ ਤਿੰਨ ਬੰਦਿਆਂ ਨੇ ਆਟੋ ਰਿਕਸ਼ਾ ਵਿਚ ਬਲਾਤਕਾਰ ਕਰਨ ਬਾਅਦ ਅਧਨੰਗਾ ਕਰ ਕੇ ਸੜਕ ਕਿਨਾਰੇ ਸੁੱਟ ਕੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਨਾ ਕਿਸੇ ਕਾਨੂੰਨ ਦਾ ਡਰ ਹੈ, ਨਾ ਪੁਲਿਸ ਦਾ ਤੇ ਨਾ ਹੀ ਮਿਲਟਰੀ ਦਾ!

ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ,

“ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।”

ਜੇ ਜ਼ੁਲਮ ਦੀ ਅਤਿ ਹੋ ਜਾਏ ਤਾਂ ਤਲਵਾਰ ਚੁੱਕਣੀ ਜਾਇਜ਼ ਹੁੰਦੀ ਹੈ।

ਕੀ ਹਾਲੇ ਵੀ ਜ਼ਰੂਰਤ ਨਹੀਂ ਕਿ ਜਦੋਂ ਤੱਕ ਜਾਗਰੂਕ ਤੇ ਸੰਵੇਦਨਸ਼ੀਲ ਮਰਦ ਮੋਰਚਾ ਨਹੀਂ ਸੰਭਾਲਦੇ, ਉਦੋਂ ਤੱਕ ਹਰ ਬੱਚੀ ਘਰੋਂ ਬਾਹਰ ਨਿਕਲਣ ਲੱਗਿਆਂ ਇਕ ਬਰਛਾ, ਕਿਰਪਾਨ ਤੇ ਪੈੱਪਰ ਸਪਰੇਅ ਲੈ ਕੇ ਨਿਕਲੇ ਤੇ ਆਪ ਸ਼ਿਕਾਰ ਬਣ ਜਾਣ ਨਾਲੋਂ ਇਨ੍ਹਾਂ ਹੈਵਾਨਾਂ ਦਾ ਖ਼ਾਤਮਾ ਕਰ ਦੇਵੇ?

ਕਾਨੂੰਨ ਤਾਂ ਇਨਸਾਨਾਂ ਦੇ ਮਾਰੇ ਜਾਣ ਉੱਤੇ ਸਜ਼ਾ ਦਿੰਦਾ ਹੈ। ਕੀ ਇਸ ਤਰ੍ਹਾਂ ਦੇ ਅਣਮਨੁੱਖੀ ਕਾਰਾ ਕਰਨ ਵਾਲਿਆਂ ਨੂੰ ਇਨਸਾਨ ਮੰਨਿਆ ਜਾਵੇਗਾ? ਜੇ ਹਾਂ, ਤਾਂ ਇਹ ਵੀ ਦੱਸ ਦਿੱਤਾ ਜਾਵੇ ਕਿ ਔਰਤ ਜ਼ਾਤ ਨੂੰ ਕੀ ਮੰਨਿਆ ਜਾ ਰਿਹਾ ਹੈ? ਜੇ ਨਹੀਂ, ਤਾਂ ਫਿਰ ਮਾਰ ਦੇਣਾ ਆਪੇ ਜਾਇਜ਼ ਹੋ ਗਿਆ।

ਭਾਰਤ ਵਿਚ ਕੁੱਤਿਆਂ ਦੇ ਹੱਕਾਂ ਬਾਰੇ ਸਖ਼ਤ ਕਾਨੂੰਨ ਬਣਾਏ ਜਾ ਚੁੱਕੇ ਹਨ। ਗਾਵਾਂ ਉੱਤੇ ਹੱਥ ਚੁੱਕਣ ਵਾਲੇ ਵੀ ਕਤਲ ਕਰ ਦਿੱਤੇ ਜਾਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਔਰਤ ਜ਼ਾਤ ਇਨ੍ਹਾਂ ਤੋਂ ਵੀ ਬਦਤਰ ਗਿਣੀ ਜਾ ਰਹੀ ਹੈ ਜਿਸ ਨੂੰ ਬੁੱਚੜਾਂ ਵਾਂਗ ਵੱਢਿਆ ਟੁੱਕਿਆ ਜਾ ਰਿਹਾ ਹੈ ਤੇ ਇਸ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਥਾਂ ਸਿਰਫ਼ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਕਸੂਰਵਾਰ ਔਰਤ ਹੀ ਹੈ!

ਗੁੰਡਾਗਰਦੀ ਤੇ ਹੈਵਾਨੀਅਤ ਦੇ ਨਿਤ ਟੁੱਟਦੇ ਰਿਕਾਰਡ ਵੇਖਦਿਆਂ ਜੇ ਔਰਤ ਕਹੇ ਕਿ ਬੇਟੀ ਨਹੀਂ ਜੰਮਣੀ ਤਾਂ ਜੋ ਉਹ ਰਾਖਸ਼ਾਂ ਹੱਥੋਂ ਵੱਢੇ ਟੁੱਕੇ ਜਾਣ ਤੋਂ ਬਚ ਜਾਵੇ, ਤਾਂ ਕੀ ਇਸ ਦਾ ਮਤਲਬ ਹੈ ਕਿ ਔਰਤ ਔਰਤ ਦੀ ਦੁਸ਼ਮਣ ਬਣ ਗਈ ਹੈ?

ਪਰ, ਕੋਈ ਤਾਂ ਦੱਸੇ ਕਿ ਕਾਨੂੰਨ-ਘਾੜਿਆਂ ਵੱਲੋਂ ਹੈਵਾਨਾਂ ਲਈ ਕਿਹੜੀਆਂ ਸਜ਼ਾਵਾਂ ਬਣਾਈਆਂ ਗਈਆਂ ਹਨ? ਇਨ੍ਹਾਂ ਨੂੰ ਇਨਸਾਨਾਂ ਵਾਲੀਆਂ ਸਜ਼ਾਵਾਂ ਕਿਉਂ ਸੁਣਾਈਆਂ ਜਾ ਰਹੀਆਂ ਹਨ? ਕਿਉਂ ਨਹੀਂ ਇਨ੍ਹਾਂ ਮਾਨਸਿਕ ਰੋਗੀਆਂ ਨੂੰ ਆਖ਼ਰੀ ਸਾਹ ਤਕ ਜੇਲ੍ਹ ਅੰਦਰ ਤਾੜ ਦਿੱਤਾ ਜਾਂਦਾ? ਕਿਉਂ ਨਹੀਂ ਇਨ੍ਹਾਂ ਨੂੰ ਵੀ ਜ਼ਿੰਦਗੀ ਦਾ ਹਰ ਪਲ ਤੜਫ ਤੜਫ ਕੇ ਗੁਜ਼ਾਰਨ ਉੱਤੇ ਮਜਬੂਰ ਕੀਤਾ ਜਾਂਦਾ?

ਕਦੇ ਤਾਂ ਅਸੰਵੇਦਨਸ਼ੀਲ ਸਮਾਜ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਇਹ ਕਹਿਣਾ ਛੱਡੇਗਾ ਕਿ ਔਰਤ ਔਰਤ ਦੀ ਦੁਸ਼ਮਨ ਨਹੀਂ, ਬਲਕਿ ਮਰਦ ਜ਼ਿਆਦਾ ਵੱਡਾ ਦੁਸ਼ਮਨ ਹੈ। ਉਦੋਂ ਹੀ ਸਹੀ ਮਾਅਨਿਆਂ ਵਿਚ ਅਜਿਹੇ ਭਿਆਨਕ ਕਾਰੇ ਕਰਨ ਵਾਲਿਆਂ ਉੱਤੇ ਨਕੇਲ ਕੱਸਣ ਵੱਲ ਧਿਆਨ ਜਾਵੇਗਾ। ਕਦੇ ਤਾਂ ਚੰਗੇ ਲੋਕ ਆਪਣੀ ਚੁੱਪੀ ਤੋੜ ਕੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਸਖ਼ਤ ਸਜ਼ਾਵਾਂ ਦੀ ਮੰਗ ਕਰਨਗੇ! ਆਖ਼ਰ ਕਦੇ ਤਾਂ ਹਜ਼ਾਰਾਂ ਸਾਲਾਂ ਬਾਅਦ ਔਰਤ ਨੂੰ ਵੀ ਇਨਸਾਨ ਹੋਣ ਦਾ ਦਰਜਾ ਦਿੱਤਾ ਜਾਵੇਗਾ!

ਉਮੀਦ ਉੱਤੇ ਦੁਨੀਆ ਟਿਕੀ ਹੈ! ਆਓ ਸਾਰੇ ਰਲ ਕੇ ਸਾਈਬਰ ਕਰਾਈਮ ਵਿਚ ਤਬਦੀਲੀ ਲਿਆਉਣ ਬਾਰੇ ਮੁੱਦਾ ਚੁੱਕੀਏ ਕਿ ਅਜਿਹੀਆਂ ਭਿਆਨਕ ਵੀਡੀਓਜ਼ ਅਪਲੋਡ ਕਰਨ ਵਾਲਿਆਂ ਨੂੰ ਵੀ ਉਮਰ ਕੈਦ ਮਿਲਣੀ ਚਾਹੀਦੀ ਹੈ। ਪੋਰਨ ਫਿਲਮਾਂ, ਜਿਨ੍ਹਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਪੈਸਾ ਲੱਗਿਆ ਹੋਇਆ ਹੈ, ਉੱਤੇ ਵੀ ਸੰਪੂਰਨ ਰੋਕ ਲੱਗਣੀ ਚਾਹੀਦੀ ਹੈ। ਅਸ਼ਲੀਲਤਾ ਤੇ ਲੱਚਰਤਾ ਪਰੋਸਣ ਵਾਲੀਆਂ ਫਿਲਮਾਂ ਤੇ ਗੀਤਾਂ ਉੱਤੇ ਬੈਨ ਲੱਗਣਾ ਚਾਹੀਦਾ ਹੈ। ਔਰਤ ਦੇ ਮਨੁੱਖੀ ਅਧਿਕਾਰਾਂ ਲਈ ਇਕਜੁੱਟ ਹੋ ਕੇ ਸਮਾਜਿਕ ਤਬਦੀਲੀ ਲਿਆਉਣ ਦੀ ਲੋੜ ਹੈ।

ਜਾਗਦੀ ਜ਼ਮੀਰਾਂ ਵਾਲੇ ਲੋਕਾਂ ਨੂੰ ਹੁਣ ਆਪਣੀ ਚੁੱਪੀ ਤੋੜ ਕੇ ਨਾਬਾਲਗ ਬੱਚੀਆਂ ਦੀ ਰਾਖੀ ਲਈ ਅੱਗੇ ਆਉਣਾ ਪਵੇਗਾ ਤੇ ਉਨ੍ਹਾਂ ਨਾਲ ਕੁਕਰਮ ਕਰਨ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਨੀ ਪਵੇਗੀ।

ਜੇ ਇਹ ਜ਼ੁਲਮ ਦੀ ਹਨ੍ਹੇਰੀ ਬੰਦ ਨਾ ਹੋਈ ਤਾਂ ਕੋਈ ਵੱਡੀ ਗੱਲ ਨਹੀਂ ਕਿ ਔਰਤ ਸਚਮੁੱਚ ਔਰਤ ਦੀ ਦੁਸ਼ਮਨ ਬਣਨ ਲੱਗ ਜਾਏ ਤੇ ਆਪਣੇ ਕੁੱਖੋਂ ਬੱਚੀ ਦਾ ਜੰਮਣਾ ਬੰਦ ਕਰ ਦੇਵੇ ਤਾਂ ਜੋ ਉਹ ਅਣਮਨੁੱਖੀ ਤਸੀਹਿਆਂ ਤੋਂ ਬਚ ਜਾਵੇ।

ਪਰ ਇਹ ਤਾਂ ਸੋਚੋ ਕਿ ਜੇ ਕਿਤੇ ਔਰਤ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਆਪਣੇ ਕੁੱਖੋਂ ਹੋਰ ਹੈਵਾਨਾਂ ਦਾ ਜੰਮਣਾ ਬੰਦ ਕਰ ਦੇਣਾ ਹੈ! ਕੀ ਬਣੇਗਾ ਜੇ ਕੁੱਖ ਵਿਚ ਉਹ ਮੁੰਡਿਆਂ ਨੂੰ ਮਾਰਨ ਲੱਗ ਪਈ ਤਾਂ? ਪੈਪੂਆ ਨਿਊ ਗਿਨੀ ਵਿਚ ਇਹ ਵਾਪਰ ਚੁੱਕਿਆ ਹੈ! ਜੇ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਭਾਰਤ ਵਿਚ ਹੋਵੇ, ਤਾਂ ਇਸ ਤਰ੍ਹਾਂ ਦੇ ਭਿਆਨਕ ਜੁਰਮਾਂ ਵਿਚ ਹਰ ਹਾਲ ਠੱਲ੍ਹ ਪਾਉਣੀ ਪਵੇਗੀ।

ਜੇ ਹਾਲੇ ਵੀ ਕੋਈ ਸੱਸ ਨੂੰਹ ਦੇ ਝਗੜੇ ਨੂੰ ਆਧਾਰ ਬਣਾ ਕੇ ਔਰਤ ਨੂੰ ਔਰਤ ਦੀ ਦੁਸ਼ਮਣ ਕਹਿਣਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਤੱਥਾਂ ਬਾਰੇ ਕੀ ਕਹੇਗਾ:

1. 71 ਫੀਸਦੀ ਔਰਤਾਂ ਆਪਣੇ ਪਤੀਆਂ ਹੱਥੋਂ ਮਾਰ ਕੁਟਾਈ, ਜ਼ਲਾਲਤ ਤੇ ਗਾਹਲਾਂ ਸੁਣ ਰਹੀਆਂ ਹਨ (ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ)

2. ਅਨੇਕ ਪੁੱਤਰ ਆਪਣੇ ਪਿਓਆਂ ਦਾ ਜਾਇਦਾਦ ਖ਼ਾਤਰ ਕਤਲ ਕਰ ਚੁੱਕੇ ਹਨ। ਕਿਉਂ ਫੇਰ ਮਰਦ ਵੀ ਮਰਦ ਦਾ ਦੁਸ਼ਮਨ ਨਹੀਂ ਕਿਹਾ ਜਾਂਦਾ?

ਘਰੇਲੂ ਝਗੜਿਆਂ ਦੀ ਗੱਲ ਛੱਡ ਕੇ, ਬਿਹਤਰ ਹੈ ਛੇਤੀ ਤੋਂ ਛੇਤੀ ਬਾਲੜੀਆਂ ਉੱਤੇ ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ। ਜੇ ਹਾਲੇ ਵੀ ਆਵਾਜ਼ ਨਾ ਚੁੱਕੀ ਤਾਂ ਇਹ ਅੱਗ ਸਾਡੇ ਆਪਣੇ ਘਰ ਨੂੰ ਵੀ ਹੜੱਪ ਕਰ ਜਾਏਗੀ। ਉਦੋਂ ਚੀਕਣ ਦਾ ਕੋਈ ਫਾਇਦਾ ਨਹੀਂ ਹੋਣਾਅੱਜ ਲੋੜ ਹੈ ਹਰ ਪਿੰਡ ਅਤੇ ਸ਼ਹਿਰ ਦੇ ਨੌਜਵਾਨਾਂ ਨੂੰ ਗਰੁੱਪ ਬਣਾ ਕੇ ਵੱਡੀ ਪੱਧਰ ਉੱਤੇ ਲਹਿਰ ਖੜ੍ਹੀ ਕਰਨ ਦੀ ਤੇ ਅਜਿਹੇ ਹੈਵਾਨਾਂ ਦੀ ਰੱਜ ਕੇ ਨਿਖੇਧੀ ਕਰ ਕੇ ਉਨ੍ਹਾਂ ਦੇ ਟੱਬਰਾਂ ਦਾ ਸੰਪੂਰਨ ਬਾਈਕਾਟ ਕਰਨ ਦੀ!

ਬੱਚੀਆਂ ਦੇ ਮਾਪਿਆਂ ਲਈ ਫਿਰ ਦੁਹਰਾਉਂਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ ਸਿਹਤ ਪੱਖੋਂ ਤਕੜੀਆਂ ਕਰਨ ਲਈ ਖੇਡਾਂ, ਜੂਡੋ-ਕਰਾਟੇ, ਗੱਤਕਾ ਜ਼ਰੂਰ ਸਿਖਾਓ ਅਤੇ ਘਰੋਂ ਬਾਹਰ ਨਿਕਲਣ ਲੱਗਿਆਂ ਆਪਣੀ ਰਾਖੀ ਲਈ ਹਥਿਆਰ ਜ਼ਰੂਰ ਫੜਾਓ, ਭਾਵੇਂ ਛੋਟੀ ਕਿਰਪਾਨ ਜਾਂ ਪੈੱਪਰ ਸਪਰੇਅ ਹੀ ਕਿਉਂ ਨਾ ਹੋਵੇ!

ਜਿਸ ਨੂੰ ਆਉਣ ਵਾਲੇ ਸਮੇਂ ਬਾਰੇ ਹਾਲੇ ਵੀ ਕੋਈ ਸ਼ੰਕਾ ਰਹਿ ਗਈ ਹੋਵੇ, ਉਹ 18 ਜਨਵਰੀ 2018 ਦੀ ਮੁੱਖ ਪੰਨੇ ਉੱਤੇ ਲੱਗੀ ਖ਼ਬਰ ਪੜ੍ਹ ਸਕਦਾ ਹੈ ਜਿੱਥੇ 14 ਵਰ੍ਹਿਆਂ ਦੇ ਬੱਚੇ ਨੇ ਹਿਸਾਰ ਵਿਚ ਮੰਨਿਆ ਹੈ ਕਿ ਉਸ ਨੇ ਆਪਣੀ ਗਵਾਂਢਣ ਤਿੰਨ ਸਾਲ ਦੀ ਬੱਚੀ ਦਾ ਬਲਾਤਕਾਰ ਕਾਮੁਕ ਵੀਡੀਓ ਫਿਲਮਾਂ ਤੋਂ ਉਤਸਾਹਿਤ ਹੋ ਕੇ ਕੀਤਾ ਹੈ। ਭਾਰਤ ਮਾਤਾ ਦੇ ਦੋਗਲੇ ਪੁੱਤਰ 800 ਸਾਲ ਪਹਿਲਾਂ ਮਰ ਚੁੱਕੀ ਇਕ ਰਾਣੀ ਲਈ ਪੂਰੇ ਮੁਲਕ ਨੂੰ ਅੱਗ ਲਾਉਣ ਲਈ ਕਾਹਲੇ ਹਨ ਪਰ ਰੋਜ਼ ਮਸਲੀਆਂ ਜਾਂਦੀਆਂ 100 ਤੋਂ ਵੱਧ ਨਾਜ਼ੁਕ ਕਲੀਆਂ ਵਰਗੀਆਂ ਪਦਮਨੀਆਂ ਲਈ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਗੁਆਂਢੀ ਮੁਲਕ ਪਾਕਿਸਤਾਨ ਵਿਚ ਇਕ ਬੱਚੀ ਨਾਲ ਜ਼ੁਲਮ ਹੋਇਆ ਤਾਂ ਪੂਰੇ ਮੁਲਕ ਵਿਚ ਹਾਹਾਕਾਰ ਮਚ ਗਈ। ਪਰ ਅਸੀਂ ਮਰ ਚੁੱਕੇ ਜ਼ਮੀਰਾਂ ਵਾਲੇ ਬਣ ਚੁੱਕੇ ਹਾਂ। ਸਿਰਫ਼ ਵਿਖਾਵਾ ਕਰ ਸਕਦੇ ਹਾਂ। ਹੁਣ ਇਸ ਤੋਂ ਵੱਧ ਹੋਰ ਕੀ ਕਹਿਣ ਨੂੰ ਰਹਿ ਗਿਆ ਹੈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1987)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author