HarshinderKaur7ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ: ਮੱਛੀ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ  ...
(27 ਅਪਰੈਲ 2022)
ਮਹਿਮਾਨ: 227. 

 

ਮਾਂ ਦੀ ਅੱਖ ਵਿੱਚੋਂ ਕਿਰਿਆ ਹੰਝੂ ਤਕਦੀਰ ਬਦਲ ਦੇਣ ਦੀ ਤਾਕਤ ਰੱਖਦਾ ਹੈਬੱਚੇ ਦੀ ਅੱਖ ਵਿੱਚੋਂ ਡਿੱਗਿਆ ਹੰਝੂ ਮਾਂ ਦਾ ਦਿਲ ਵਲੂੰਧਰ ਦਿੰਦਾ ਹੈਬਹੁਤ ਖੁਸ਼ੀ ਮਿਲ ਜਾਣ ਉੱਤੇ ਵੀ ਅੱਖਾਂ ਵਿੱਚੋਂ ਨੀਰ ਵਹਿ ਤੁਰਦਾ ਹੈ ਅਤੇ ਬਹੁਤ ਜ਼ਿਆਦਾ ਦੁੱਖ ਕਦੇ ਕਦਾਈਂ ਅੱਖਾਂ ਵਿਚਲੇ ਸਾਰੇ ਹੰਝੂ ਸੁਕਾ ਦਿੰਦਾ ਹੈ

ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਕਿ ਡਾਕਟਰੀ ਪੱਖ ਤੋਂ ਹੰਝੂ ਤਿੰਨ ਤਰ੍ਹਾਂ ਦੇ ਲੱਭੇ ਜਾ ਚੁੱਕੇ ਹਨ ਅਤੇ ਤਿੰਨੋ ਕਿਸਮਾਂ ਹੀ ਅੱਖਾਂ ਦੀ ਸਿਹਤ ਲਈ ਵਧੀਆ ਸਾਬਤ ਹੋ ਚੁੱਕੀਆਂ ਹਨਪਹਿਲੀ ਕਿਸਮ ਦੇ ਹੰਝੂ ਅੱਖਾਂ ਗਿੱਲੀਆਂ ਕਰਨ ਲਈ ਅਤੇ ਅੱਖਾਂ ਨੂੰ ਨਮ ਰੱਖ ਕੇ ਮਿੱਟੀ ਘੱਟੇ ਤੋਂ ਬਚਾਉਣ ਲਈ ਲਗਾਤਾਰ ਬਹੁਤ ਘੱਟ ਮਾਤਰਾ ਵਿੱਚ ਪੁਤਲੀਆਂ ਦੇ ਅੰਦਰ ਅੰਦਰ ਫੈਲ ਕੇ ਜਜ਼ਬ ਹੁੰਦੇ ਰਹਿੰਦੇ ਹਨ ਇਹ ਹੰਝੂ ਸਭ ਤੋਂ ਅਹਿਮ ਹੁੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਅੱਖ ਨੂੰ ਖ਼ੁਰਾਕ ਵੀ ਪਹੁੰਚਦੀ ਰਹਿੰਦੀ ਹੈ

ਦੂਜੀ ਕਿਸਮ ਦੇ ਹੰਝੂ ਖੁਸ਼ੀ ਜਾਂ ਗ਼ਮੀ ਦਾ ਅਹਿਸਾਸ ਕਰਵਾਉਂਦੇ ਹਨਵਿਗਿਆਨੀਆਂ ਨੇ ਇਸ ਕਿਸਮ ਦੇ ਹੰਝੂਆਂ ਵਿੱਚ ਕੁਝ ਹਾਰਮੋਨਾਂ ਦੇ ਅੰਸ਼ ਵੀ ਲੱਭੇ ਹਨ ਜੋ ਤਣਾਓ ਨਾਲ ਸੰਬੰਧਤ ਹੁੰਦੇ ਹਨਇਨ੍ਹਾਂ ਦੇ ਬਾਹਰ ਨਿਕਲ ਜਾਣ ਨਾਲ ਸਰੀਰ ਅੰਦਰੋਂ ਤਣਾਓ ਘੱਟ ਜਾਣ ਦੇ ਆਸਾਰ ਵੱਧ ਜਾਂਦੇ ਹਨਇਨ੍ਹਾਂ ਹੰਝੂਆਂ ਦੇ ਵਗਣ ਨਾਲ ਸਰੀਰ ਅੰਦਰ ਐਂਡਰੋਫਿਨ ਨਿਕਲ ਪੈਂਦੇ ਹਨ ਜੋ ਚੰਗਾ ਮਹਿਸੂਸ ਕਰਵਾਉਣ ਲੱਗ ਪੈਂਦੇ ਹਨ ਅਤੇ ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈਕੁਦਰਤ ਦਾ ਕਮਾਲ ਵੇਖੋ ਕਿ ਇਹ ਦੂਜੀ ਕਿਸਮ ਦੇ ਹੰਝੂ ਸਿਰਫ਼ ਇਨਸਾਨ ਹੀ ਵਹਾ ਸਕਣ ਦੇ ਸਮਰੱਥ ਹੁੰਦੇ ਹਨਇਸੇ ਲਈ ਇਨ੍ਹਾਂ ਨੂੰ ਜਜ਼ਬਾਤੀ ਹੰਝੂਆਂ ਦਾ ਨਾਂ ਦੇ ਦਿੱਤਾ ਗਿਆ ਹੈ

ਹਾਲੇ ਤਕ ਦੀਆਂ ਸੰਭਵ ਹੋ ਚੁੱਕੀਆਂ ਖੋਜਾਂ ਅਨੁਸਾਰ ਜਜ਼ਬਾਤੀ ਹੰਝੂਆਂ ਦੇ ਨਾਲ ਰਲਦੇ ਮਿਲਦੇ ਹੰਝੂ ਸਿਰਫ਼ ਹਾਥੀਆਂ ਤੇ ਗੁਰਿੱਲਾ ਵਿੱਚ ਹੀ ਲੱਭੇ ਗਏ ਹਨ ਪਰ ਇਨ੍ਹਾਂ ਵਿੱਚ ਹਾਰਮੋਨਾਂ ਦੇ ਓਨੇ ਅੰਸ਼ ਨਹੀਂ ਲੱਭੇ ਜਾ ਸਕੇ ਜਿੰਨੇ ਇਨਸਾਨੀ ਹੰਝੂਆਂ ਵਿੱਚ ਮਿਲੇ ਹਨ

ਅੱਖਾਂ ਵਿਚਲੇ ‘ਲੈਕਰਾਈਮਲ ਗਲੈਂਡ’ ਇੱਕ ਹੋਰ ਬਿਲਕੁਲ ਪਾਣੀ ਵਰਗੇ ਹੰਝੂ ਵੀ ਬਣਾਉਂਦੇ ਹਨ ਜਿਨ੍ਹਾਂ ਨੂੰ ‘ਰਿਫਲੈਕਸ ਹੰਝੂ’ ਕਿਹਾ ਜਾਂਦਾ ਹੈਜੇ ਮੱਖੀ ਜਾਂ ਕੁਝ ਹੋਰ ਅੱਖ ਵਿੱਚ ਵੱਜੇ ਤਾਂ ਝੱਟ ਇਹ ਪਾਣੀ ਵਰਗੇ ਹੰਝੂ ਛਲਕ ਪੈਂਦੇ ਹਨ ਤਾਂ ਜੋ ਅੱਖ ਝਟਪਟ ਸਾਫ਼ ਹੋ ਜਾਏ ਤੇ ਸੱਟ ਤੋਂ ਵੀ ਬਚ ਜਾਏ

ਕਈ ਵਾਰ ਅੱਖ ਇੰਜ ਲਗਦੀ ਹੈ ਜਿਵੇਂ ਉਸ ਵਿੱਚ ਹਲਕੀ ਲਾਲੀ, ਜਲਨ, ਰਗੜ ਮਹਿਸੂਸ ਹੋਣੀ ਜਾਂ ਪੂਰਾ ਸਾਫ਼ ਨਾ ਦਿਸਣਾ ਤੇ ਇੰਜ ਲੱਗਣਾ ਜਿਵੇਂ ਅੱਖ ਵਿੱਚ ਕੁਝ ਰੜਕ ਰਿਹਾ ਹੈ ਪਰ ਹੋਣਾ ਕੁਝ ਵੀ ਨਾਇਸ ਤਰ੍ਹਾਂ ਦੀ ਅੱਖ ਵਿਚਲੀ ਹਾਲਤ ਨੂੰ ‘ਡਰਾਈ ਆਈ’ ਯਾਨੀ ਹੰਝੂਆਂ ਦੀ ਕਮੀ ਕਿਹਾ ਜਾਂਦਾ ਹੈ

ਬਹੁਤੇ ਹੰਝੂ ਤਾਂ ਲੈਕਰਾਈਮਲ ਗਲੈਂਡ ਵਿੱਚੋਂ ਹੀ ਨਿਕਲਦੇ ਹਨਅੱਖ ਵਿਚਲੇ ‘ਮੇਬੋਮੀਅਨ ਗਲੈਂਡ ਹਲਕਾ ਤੇਲ ਕੱਢਦੇ ਹਨਇੱਕ ਹੋਰ ਸੈੱਲ, ਗੋਬਲੈੱਟ ਸੈੱਲ, ਹੰਝੂ ਤੇ ਤੇਲ ਦਾ ਮਿਸ਼ਰਨ ਸਹੀ ਰੱਖਣ ਵਿੱਚ ਮਦਦ ਕਰਦੇ ਹਨ

ਜੇ ਇਹ ਮਿਸ਼ਰਨ ਸਹੀ ਨਾ ਰਹੇ ਜਾਂ ਘੱਟ ਬਣਨ ਲੱਗ ਪਵੇ ਤਾਂ ਅੱਖ ਸੁੱਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈਲੈਕਰਾਈਮਲ ਗਲੈਂਡ ਵਿੱਚ ਸੋਜ਼ਿਸ਼ ਹੋ ਜਾਣੀ, ਮੇਬੋਮੀਅਨ ਗਲੈਂਡ ਦਾ ਘੱਟ ਕੰਮ ਕਰਨਾ, ਕੁਝ ਕਿਸਮਾਂ ਦੀਆਂ ਦਵਾਈਆਂ, ਹਾਰਮੋਨਾਂ ਵਿੱਚ ਤਬਦੀਲੀ ਆਦਿ, ਅਨੇਕ ਕਾਰਨ ਹਨ ਜਿਨ੍ਹਾਂ ਕਰਕੇ ਹੰਝੂਆਂ ਵਿੱਚ ਕਮੀ ਆ ਸਕਦੀ ਹੈ

ਹੁਣ ਬਜ਼ਾਰ ਵਿੱਚ ਕੰਪਨੀਆਂ ਵੱਲੋਂ ਬਣਾਏ ਨਕਲੀ ਹੰਝੂ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਡਾਕਟਰੀ ਸਲਾਹ ਨਾਲ ਦਿਨ ਵਿੱਚ ਚਾਰ ਵਾਰ ਤਕ ਵਰਤਿਆ ਜਾ ਸਕਦਾ ਹੈ

ਕੁਝ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਅੰਦਰਲੇ ਕੋਨੇ ਵਿਚਲੇ ਸੁਰਾਖ਼, ਜਿਨ੍ਹਾਂ ਵਿੱਚੋਂ ਹੰਝੂ ਨੱਕ ਵੱਲ ਨਿਕਲਣ ਦਾ ਕੁਦਰਤੀ ਰਾਹ ਹੁੰਦਾ ਹੈ, ਉਸ ਰਾਹ ਨੂੰ ਬੰਦ ਕਰ ਕੇ ਵੀ ਸੁੱਕੀਆਂ ਅੱਖਾਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਕੁਦਰਤੀ ਹੰਝੂ ਦੇਰ ਤਕ ਅੱਖਾਂ ਨੂੰ ਨਮ ਰੱਖ ਸਕਦੇ ਹਨ

ਜਦੋਂ ਰੋਣਾ ਆਏ ਤਾਂ ਨੱਕ ਰਾਹੀਂ ਵੀ ਪਾਣੀ ਵਗਣ ਲੱਗ ਪੈਂਦਾ ਹੈਇਹ ਪਾਣੀ ਅੱਖਾਂ ਵੱਲੋਂ ਹੀ ਨੱਕ ਵੱਲ ਗਏ ਹੰਝੂ ਹੁੰਦੇ ਹਨਇਸ ਰਾਹ ਨੂੰ ’ਟੀਅਰ ਡਕਟ’ ਯਾਨੀ ਹੰਝੂਆਂ ਦੀ ਨਾਲੀ ਕਿਹਾ ਜਾਂਦਾ ਹੈ ਕੁਝ ਡਾਕਟਰ ਇਸ ਨੂੰ ’ਨੇਜ਼ੋਲੈਕਰਾਈਮਲ ਡਕਟ’ ਵੀ ਕਹਿੰਦੇ ਹਨ

ਹੰਝੂ ਘੱਟ ਆਉਣ ਦੇ ਕਾਰਨ:

1. ਵਧਦੀ ਉਮਰ

2. ਸ਼ੋਗਰਨ ਸਿੰਡਰੋਮ-ਸਰੀਰ ਅੰਦਰ ਤਰਲ ਦਾ ਘੱਟ ਬਣਨਾ

3. ਅੱਖਾਂ ਦੀ ਐਲਰਜੀ

4. ਰਿਊਮੈਟਾਇਰਡ ਆਰਥਰਾਈਟਸ

5. ਲੂਪਸ ਬੀਮਾਰੀ

6. ਸਕਲਿਰੋਡਰਮਾ ਬੀਮਾਰੀ

7. ਅੰਗ ਟਰਾਂਸਪਲਾਂਟ ਤੋਂ ਬਾਅਦ

8. ਸਾਰਕਾਇਡ ਬੀਮਾਰੀ

9. ਥਾਇਰਾਇਡ ਦੇ ਰੋਗ

10. ਵਿਟਾਮਿਨ ਏ ਦੀ ਕਮੀ ਆਦਿ

ਲਗਾਤਾਰ ਅੱਖਾਂ ਦੀ ਵਰਤੋਂ ਜਿਵੇਂ ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਇਲ ਨਾਲ ਚਿਪਕਣਾ, ਹਵਾਈ ਜਹਾਜ਼ ਦਾ ਲੰਮਾ ਸਫ਼ਰ, ਏਅਰ ਕੰਡੀਸ਼ਨ ਕਮਰਾ, ਮੋਟਰਸਾਈਕਲ ਬਿਨਾਂ ਐਨਕ ਦੇ ਚਲਾਉਣਾ ਆਦਿ, ਅੱਖਾਂ ਵਿਚਲੀ ਨਮੀ ਘਟਾ ਕੇ ਅੱਖਾਂ ਵਿੱਚ ਰੜਕ, ਰਗੜ ਜਾਂ ਸੁੱਕਾਪਨ ਮਹਿਸੂਸ ਕਰਵਾ ਸਕਦੇ ਹਨਇੰਜ ਕਈ ਵਾਰ ਅੱਖਾਂ ਨੂੰ ਰੌਸ਼ਨੀ ਵੀ ਚੁੱਭਦੀ ਮਹਿਸੂਸ ਹੋਣ ਲੱਗ ਪੈਂਦੀ ਹੈ, ਧੁੰਦਲਾ ਜਾਂ ਦੋ ਦੋ ਦਿਸਣ ਲੱਗ ਸਕਦੇ ਹਨ ਤੇ ਅੱਖਾਂ ਵੀ ਥੱਕੀਆਂ ਮਹਿਸੂਸ ਹੁੰਦੀਆਂ ਹਨ

ਜੇ ਅੱਖਾਂ ਵਿਚਲੀ ਨਮੀ ਘੱਟ ਹੋਵੇ ਤਾਂ ਅੱਗੇ ਦੱਸੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:

1. ਅੱਖਾਂ ਵਿੱਚ ਸਿੱਧੀ ਹਵਾ ਜਿਵੇਂ ਫਰਾਟਾ ਪੱਖਾ ਆਦਿ ਸਾਹਮਣੇ ਨਹੀਂ ਹੋਣੇ ਚਾਹੀਦੇ

2. ਧੁੱਪੇ ਨਿਕਲਣ ਲੱਗਿਆਂ ਕਾਲੀਆਂ ਐਣਕਾਂ ਵਰਤਣੀਆਂ ਚਾਹੀਦੀਆਂ ਹਨ

3. ਲਗਾਤਾਰ ਏ.ਸੀ. ਵਿੱਚ ਬੈਠਣ ਤੋਂ ਬਚਣਾ ਚਾਹੀਦਾ ਹੈ

4. ਕੰਪਿਊਟਰ ਜਾਂ ਮੋਬਾਇਲ ਵੇਖਦਿਆਂ ਹਰ 20 ਸਕਿੰਟ ਬਾਅਦ ਅੱਖਾਂ ਨੂੰ ਦੋ ਸਕਿੰਟ ਲਈ ਬੰਦ ਕਰ ਲੈਣਾ ਚਾਹੀਦਾ ਹੈ

5. ਕੰਪਿਊਟਰ ਦਾ ਪੱਧਰ ਅੱਖਾਂ ਦੀ ਪੱਧਰ ਤੋਂ ਰਤਾ ਕੁ ਹੇਠਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਧਾ ਅੱਖਾਂ ਵਿੱਚ ਰੌਸ਼ਨੀ ਨਾ ਪੈਂਦੀ ਰਹੇ

6. ਅੱਖਾਂ ਨੇੜੇ ਕਿਸੇ ਕਿਸਮ ਦਾ ਧੂੰਆਂ ਨਹੀਂ ਹੋਣਾ ਚਾਹੀਦਾ

7. ਡਾਕਟਰ ਦੀ ਸਲਾਹ ਨਾਲ ਵਿਟਾਮਿਨ ਏ ਲੈਂਦੇ ਰਹਿਣਾ ਚਾਹੀਦਾ ਹੈ

ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ:

1. ਮੱਛੀ। ਸਾਲਮਨ ਮੱਛੀ ਵਿਚਲੇ ਓਮੇਗਾ ਤਿੰਨ ਫੈਟੀ ਏਸਿਡ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ

2. ਹਰੀਆਂ ਪੱਤੇਦਾਰ ਸਬਜ਼ੀਆਂ। ਵਿਟਾਮਿਨ ਸੀ ਹੋਣ ਕਾਰਨ ਹਰੀਆਂ ਸਬਜ਼ੀਆਂ ਅੱਖਾਂ ਦੀ ਨਮੀ ਦੇ ਨਾਲ-ਨਾਲ ਸੈੱਲਾਂ ਦੀ ਟੁੱਟ ਫੁੱਟ ਵੀ ਘਟਾਉਂਦੀਆਂ ਹਨਫੋਲੇਟ ਵੀ ਇਨ੍ਹਾਂ ਵਿੱਚ ਲੋੜ ਅਨੁਸਾਰ ਪੂਰਾ ਹੁੰਦਾ ਹੈਕੇਲ ਪੱਤਾ, ਪਾਲਕ, ਹਰੀਆਂ ਫਲੀਆਂ ਆਦਿ ਖਾਂਦੇ ਰਹਿਣਾ ਚਾਹੀਦਾ ਹੈ

3. ਬੀਜ। ਸ਼ਾਕਾਹਾਰੀਆਂ ਲਈ ਕੀਆ ਬੀਜ, ਫਲੈਕਸ ਬੀਜ ਵੀ ਓਮੇਗਾ ਤਿੰਨ ਫੈਟੀ ਏਸਿਡ ਮੁਹਈਆ ਕਰਵਾ ਦਿੰਦੇ ਹਨ ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰਦੇ ਹਨ

4. ਸੁੱਕੇ ਮੇਵੇ। ਓਮੇਗਾ ਤਿੰਨ ਫੈੱਟੀ ਏਸਿਡ ਤੇ ਵਿਟਾਮਿਨ ਈ ਭਰੇ ਹੋਣ ਸਦਕਾ ਸੁੱਕੇ ਮੇਵੇ ਵੀ ਅੱਖਾਂ ਲਈ ਵਧੀਆ ਹਨ, ਖ਼ਾਸ ਤੌਰ ਉੱਤੇ ਅਖਰੋਟ ਅਤੇ ਕਾਜੂਗ਼ਰੀਬਾਂ ਲਈ ਮੂੰਗਫਲੀ ਵੀ ਕਾਜੂਆਂ ਵਾਂਗ ਹੀ ਫ਼ਾਇਦੇਮੰਦ ਹੈ

5. ਫਲੀਆਂ। ਫਾਈਬਰ, ਪ੍ਰੋਟੀਨ, ਫੋਲੇਟ, ਜ਼ਿੰਕ ਭਰੇ ਹੋਣ ਸਦਕਾ ਫਲੀਆਂ ਨਾ ਸਿਰਫ਼ ਅੱਖਾਂ ਲਈ ਬਲਕਿ ਪੂਰੇ ਸਰੀਰ ਲਈ ਹੀ ਬਹੁਤ ਵਧੀਆ ਹਨਇਹ ਮੈਲਾਨਿਨ ਬਣਾਉਣ ਵਿੱਚ ਵੀ ਮਦਦ ਕਰ ਦਿੰਦੀਆਂ ਹਨ

6. ਪਾਣੀ। ਪਾਣੀ ਦੀ ਕਮੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਰਫ਼ ਹੰਝੂ ਹੀ ਨਹੀਂ ਬਲਕਿ ਸਰੀਰ ਦੇ ਹਰ ਅੰਗ ਦੇ ਸਹੀ ਕੰਮਕਾਰ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ

7. ਕੇਲਾ। ਪੋਟਾਸ਼ੀਅਮ ਭਰਪੂਰ ਹੋਣ ਸਦਕਾ ਕੇਲਾ ਵੀ ਅੱਖਾਂ ਵਿਚਲੇ ਹੰਝੂਆਂ ਲਈ ਅਹਿਮ ਰੋਲ ਅਦਾ ਕਰਦਾ ਹੈ ਤੇ ਹੰਝੂ ਦੀ ਮੋਟੀ ਪਰਤ ਬਣਾਉਣ ਵਿੱਚ ਸਹਾਈ ਹੁੰਦਾ ਹੈ ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈਕੇਲੇ ਵਿੱਚ ਵਿਟਾਮਿਨ ਏ ਵੀ ਹੁੰਦਾ ਹੈ ਜੋ ਅੱਖਾਂ ਲਈ ਜ਼ਰੂਰੀ ਹੈ

8. ਕੌਫ਼ੀ: ਆਮ ਧਾਰਨਾ ਹੈ ਕਿ ਕੌਫ਼ੀ ਪੀਣ ਨਾਲ ਅੱਖਾਂ ਦੀ ਨਮੀ ਉੱਤੇ ਫ਼ਰਕ ਪੈਂਦਾ ਹੈ ਪਰ ਅਜਿਹੀ ਕੋਈ ਗੱਲ ਹਾਲੇ ਤਕ ਸਾਬਤ ਨਹੀਂ ਕੀਤੀ ਜਾ ਸਕੀ

ਘਰੇਲੂ ਨੁਸਖ਼ੇ:

* ਬੰਦ ਅੱਖਾਂ ਉੱਤੇ ਕੋਸੇ ਪਾਣੀ ਦੇ ਭਰੇ ਰੂੰ ਰੱਖਣ ਨਾਲ ਵੀ ਥੱਕੀਆਂ ਅੱਖਾਂ ਨੂੰ ਰਾਹਤ ਮਿਲ ਜਾਂਦੀ ਹੈ

* ਕੱਦੂਕਸ ਕਰ ਕੇ ਖੀਰਾ ਵੀ ਬੰਦ ਅੱਖਾਂ ਉੱਤੇ ਰੱਖਣ ਨਾਲ ਥੱਕੀਆਂ ਤੇ ਨਮੀ ਰਹਿਤ ਅੱਖਾਂ ਨੂੰ ਆਰਾਮ ਮਿਲ ਜਾਂਦਾ ਹੈ

ਇੰਨਾ ਸਾਰਾ ਕੁਝ ਜਾਣ ਲੈਣ ਬਾਅਦ ਇੱਕ ਆਖ਼ਰੀ ਗੱਲ ਜ਼ਰੂਰ ਕਰਨੀ ਚਾਹੁੰਦੀ ਹਾਂਹੰਝੂ ਅੱਖਾਂ ਅੰਦਰ ਵਗਦੇ ਰਹਿਣ ਤਾਂ ਅੱਖਾਂ ਦੀ ਨਮੀ ਲਈ ਜ਼ਰੂਰੀ ਹਨ ਪਰ ਕਿਸੇ ਮਾਂ ਜਾਂ ਪਿਓ ਦੀਆਂ ਅੱਖਾਂ ਵਿੱਚੋਂ ਪੁੱਤਰ ਵੱਲੋਂ ਕੀਤੀ ਬੇਕਦਰੀ ਸਦਕਾ ਵਗੇ ਹੰਝੂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇਅਜਿਹੇ ਹਰ ਹੰਝੂ ਦੀ ਵੱਖ ਕਹਾਣੀ ਹੁੰਦੀ ਹੈ ਜੋ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਗ੍ਰੰਥ ਤਿਆਰ ਕਰਵਾ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3531)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author