HarshinderKaur7ਆਓ ਸਾਰੇ ਰਲਮਿਲ ਕੇ ਰਹੀਏ ਅਤੇ ਨਫਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਪਾਈਏ ...
(19 ਅਗਸਤ 2020)

 

ਜੰਗ ਦੇ ਆਮ ਤੌਰ ਉੱਤੇ ਦੋ ਪਹਿਲੂ ਹੁੰਦੇ ਹਨਇੱਕ ਜਿੱਤਣ ਵਾਲਿਆਂ ਦਾ ਅਤੇ ਦੂਜਾ ਹਾਰਨ ਵਾਲਿਆਂ ਦਾਜਿੱਤਣ ਵਾਲਿਆਂ ਵਿੱਚੋਂ ਵੀ ਕੁਝ ਜਸ਼ਨ ਮਨਾਉਂਦੇ ਹਨ ਅਤੇ ਕੁਝ ਜੰਗ ਦੌਰਾਨ ਆਪਣਿਆਂ ਦੇ ਖੁੱਸ ਜਾਣ ਦਾ ਮਾਤਮ! ਜੇ ਭਾਰਤ ਦੀ ਗੱਲ ਕਰੀਏ ਤਾਂ ਜਿੰਨੀ ਵਾਰ ਬਦੇਸੀ ਹਮਲਾਵਰ ਆਏ, ਸਰਹੱਦ ਉੱਤੇ ਖ਼ਤਰਾ ਹੋਇਆ ਜਾਂ ਸਰਹੱਦ ਅੰਦਰ ਮਨੁੱਖੀ ਹੱਕਾਂ ਦਾ ਘਾਣ ਹੋਇਆ, ਵੱਡੀ ਗਿਣਤੀ ਵਿੱਚ ਹਮੇਸ਼ਾ ਸਿੱਖਾਂ ਨੇ ਹੀ ਆਪਣਾ ਫਰਜ਼ ਮੰਨਦਿਆਂ ਕੁਰਬਾਨੀਆਂ ਦਿੱਤੀਆਂ ਹਨਇੱਥੋਂ ਤਕ ਕਿ ਵਤਨੋਂ ਪਾਰ ਦੇ ਐਸ਼ੋ-ਆਰਾਮ ਛੱਡ ਕੇ ਵਾਪਸ ਭਾਰਤ ਪਰਤ ਕੇ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲੈ ਕੇ ਜਾਨਾਂ ਗੁਆ ਦਿੱਤੀਆਂਉਨ੍ਹਾਂ ਗਦਰ ਲਹਿਰ ਦੇ ਨਾਇਕਾਂ ਨੂੰ ਭਾਰਤ ਵਾਸੀਆਂ ਵੱਲੋਂ ਉੱਕਾ ਹੀ ਵਿਸਾਰ ਦੇਣਾ ਕੀ ਜਾਇਜ਼ ਹੈ? ਪੰਦਰਾਂ ਅਗਸਤ ਦੇ ਨਾਚ ਗਾਣਿਆਂ ਅਤੇ ਸਕੂਲੀ ਛੁੱਟੀਆਂ ਵਿੱਚ ਪੰਜਾਬੀਆਂ ਦੀ ਤ੍ਰਾਸਦੀ ਕਿਸੇ ਨੂੰ ਯਾਦ ਨਹੀਂ ਰਹੀ

ਆਜ਼ਾਦੀ ਦੇ ਜਸ਼ਨ ਵਿੱਚ ਰੁੱਝੇ ਭਾਰਤੀਆਂ ਨੂੰ ਸ਼ਾਇਦ ਇਹ ਗੱਲਾਂ ਯਾਦ ਨਾ ਰਹੀਆਂ ਹੋਣ ਜਿਨ੍ਹਾਂ ਬਾਰੇ ਮੈਂ ਅੱਗੇ ਜ਼ਿਕਰ ਕਰਨ ਲੱਗੀ ਹਾਂਹਿੰਦੁਸਤਾਨ ਤੇ ਪਾਕਿਸਤਾਨ ਦਾ ਪਾੜ ਪੈਣ ਲੱਗਿਆਂ ਅਸਲ ਵਿੱਚ ਬਰਬਾਦੀ ਕਿਸ ਦੀ ਹੋਈ ਸੀ? ਪੰਜਾਬੀਆਂ ਦੀ ਬਰਬਾਦੀ, ਉਨ੍ਹਾਂ ਦੇ ਲਹੂ ਦੀ ਹੋਲੀ ਖੇਡੀ ਗਈ, ਉਨ੍ਹਾਂ ਦੀਆਂ ਧੀਆਂ ਦੀ ਇੱਜ਼ਤ ਤਾਰ-ਤਾਰ ਹੋਈ, ਜਿਗਰੀ ਦੋਸਤਾਂ ਵਿੱਚ ਡੂੰਘਾ ਪਾੜ ਪਿਆ, ਫਿਰਕੂ ਨਫ਼ਰਤ ਦੇ ਤੂਫ਼ਾਨ ਵਿੱਚ ਸਕੇ ਰਿਸ਼ਤਿਆਂ ਦਾ ਉਜਾੜਾ ਹੋਇਆ। ਪੰਜਾਬੀ ਅਤੇ ਪੰਜਾਬੀਅਤ ਦਾ ਘਾਣ, ਜਾਇਦਾਦਾਂ ਤੇ ਘਰਾਂ ਦਾ ਖੁੱਸ ਜਾਣਾ, ਬਚਪਨ ਦੀਆਂ ਡੂੰਘੀਆਂ ਯਾਦਾਂ ਦੀਆਂ ਤੰਦਾਂ ਟੁੱਟਣੀਆਂ, ਪੰਜਾਬੀ ਸੱਭਿਆਚਾਰ ਦਾ ਭੋਗ ਪੈਣਾ ਅਤੇ ਹੋਰ ਵੀ ਬਹੁਤ ਕੁਝ ਕਿਵੇਂ ਭੁਲਾਇਆ ਜਾ ਸਕਦਾ ਹੈ? ਦੋਨਾਂ ਮੁਲਕਾਂ ਦੀ ਆਜ਼ਾਦੀ ਦੇ ਜਸ਼ਨਾਂ ਵਿੱਚ ਕਿਤੇ ਉਹ ਚੀਸਾਂ ਅਤੇ ਚੀਕਾਂ, ਹਰ ਹਰ ਮਹਾਂਦੇਵ, ਤੇ ਅੱਲਾ ਹੂ ਅਕਬਰ ਦੇ ਨਾਅਰੇ ਲਾਉਂਦੇ ਸ਼ਰਾਰਤੀ ਅਨਸਰ ਲੁਕਾ ਤਾਂ ਨਹੀਂ ਦਿੱਤੇ ਗਏ? ਇਨ੍ਹਾਂ ਜਸ਼ਨਾਂ ਵਿੱਚ ਅੱਜ ਦੇ ਦਿਨ ਜਿਹੜਾ ਚਾਨਣ ਲੱਗਦਾ ਹੈ, ਉਸ ਵਿੱਚ ਲੁੱਟੇ ਪੁੱਟੇ ਗ਼ਰੀਬਾਂ ਦੇ ਚੁੱਲ੍ਹੇ ਦਾ ਬਾਲਣ ਤਾਂ ਨਹੀਂ ਬਲਦਾ? ਕੀ ਵਾਹਗੇ ਦੇ ਆਰ-ਪਾਰ ਹਰ ਵਰ੍ਹੇ ਪੀੜ ਦੀ ਸਾਂਝ ਗੰਢਣ ਲਈ ਕਦੇ ਵੈਣ ਸੁਣੇ ਗਏ ਹਨ ਜਿੱਥੇ ਵਿਛੜੀਆਂ ਮਾਸੀਆਂ, ਭੂਆ ਮਿਲੀਆਂ ਹੋਣ?

ਕੀ ਬਾਰਡਰ ਉੱਤੇ ਨਿਰੀ ਪੁਰੀ ਨਫ਼ਰਤਾਂ ਭਰੀ ਨੋਕ ਝੋਂਕ ਹੀ ਸੁਣੀਦੀ ਹੈ ਜਿਸ ਵਿੱਚ ਹਾਕਮਾਂ ਵੱਲੋਂ ਆਪਣੀ ਕੁਰਸੀ ਪੱਕੀ ਰੱਖਣ ਲਈ ਉਕਸਾਊ ਅਤੇ ਭੜਕਾਊ ਭਾਸ਼ਣਾਂ ਰਾਹੀਂ ਪੰਜਾਬ ਤੇ ਪੰਜਾਬੀਆਂ ਦੀ ਹੋਰ ਬਰਬਾਦੀ ਦਾ ਆਧਾਰ ਪੱਕਾ ਕੀਤਾ ਜਾਂਦਾ ਹੈ?

ਮੇਰੇ ਅਗਲੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਿਹੜੇ ਵੀ ਰੱਬ ਨੂੰ ਮੰਨਦੇ ਹੋਵੋ, ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਕਹਿਣ ਤੇ ਮੰਨਣ ਦਾ ਹੀਆ ਕਰ ਲੈਣਾ:

1. ਇਸ ਆਜ਼ਾਦ ਭਾਰਤ ਵਿੱਚ ਕੀ ਸੱਚਮੁੱਚ ਸਾਰੇ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਨ? ਕੀ ਭਾਰਤ ਦੇ ਇੱਕ ਹਿੱਸੇ ਵਿੱਚ ਇੱਕ ਰੇਲ ਗੱਡੀ ਸਿਰਫ਼ ਇਸ ਕਰਕੇ ਤਾਂ ਨਹੀਂ ਸਾੜ ਦਿੱਤੀ ਗਈ ਸੀ ਕਿ ਉਸ ਵਿੱਚ ਵੱਖ ਧਰਮ ਨੂੰ ਮੰਨਣ ਵਾਲੇ ਸਾਡੇ ਵਰਗੇ ਹੀ ਆਮ ਲੋਕ ਸਨ?

2. ਦੱਰਾ ਖ਼ੈਬਰ ਤੋਂ ਤਿੱਬਤ ਤਕ ਬਦੇਸੀ ਹੱਲਿਆਂ ਨੂੰ ਜਾਨ ਵਾਰ ਕੇ ਰੋਕਣ ਵਾਲੇ ਅਤੇ ਦੇਸ ਲਈ ਸ਼ਹੀਦ ਹੋਣ ਵਾਲਿਆਂ ਵਿੱਚੋਂ 82 ਫੀਸਦੀ ਸਿੱਖ ਸਨਜਦੋਂ ਸਾਡੇ ਹੀ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਖ਼ਤਰਾ ਮਹਿਸੂਸ ਹੋਇਆ ਅਤੇ ਉਨ੍ਹਾਂ ਉੱਤੇ ਜਬਰ ਸਿਰਫ਼ ਇਸ ਕਰ ਕੇ ਹੋਇਆ ਕਿ ਉਹ ਹਿੰਦੂ ਰੱਬ ਨੂੰ ਮੰਨਦੇ ਸਨ ਤਾਂ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਨਿਰਪੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਾਨ ਕੁਰਬਾਨ ਕਰ ਦਿੱਤੀਜਦੋਂ ਜਨੇਊ ਭਰ ਕੇ ਗੱਡੇ ਲੱਦੇ ਗਏ ਸਨ ਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨੂੰ ਜਬਰੀ ਧਰਮ ਤਬਦੀਲ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਪੰਜ ਕਰਾਰ ਪਹਿਨੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੇ ਹਿੰਦੂ ਭੈਣ ਭਰਾਵਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਆਪਣੇ ਸਿਰ ਵੱਢਵਾ ਕੇ ਗੱਡਿਆਂ ਵਿੱਚ ਭਰਵਾ ਦਿੱਤੇ ਸਨਮੁਲਕ ਦੀ ਵੰਡ ਵਿੱਚ ਸਭ ਤੋਂ ਵੱਧ ਮਾਰ ਖਾਣ ਵਾਲੇ ਇਨ੍ਹਾਂ ਸਿੱਖਾਂ ਨੂੰ ਕੀ ਪਾਕਿਸਤਾਨ ਵਿਚਲੀਆਂ ਧਾਰਮਿਕ ਥਾਵਾਂ ’ਤੇ ਹੁਣ ਤਕ ਵੀ ਗੋਲੀਆਂ ਅਤੇ ਬੰਬਾਂ ਨਾਲ ਨਹੀਂ ਉਡਾਇਆ ਜਾ ਰਿਹਾ? ਕੀ ਭਾਰਤ ਵਿੱਚ ਸਿੱਖੀ ਪਹਿਰਾਵੇ ਵਾਲਿਆਂ ਨੂੰ ਟਰੱਕਾਂ ਵਿੱਚੋਂ ਥੱਲੇ ਧੂਹ ਕੇ ਜਾਂ ਸੜਕ ਉੱਤੇ ਜਾਂਦਿਆਂ ਬੇਦੋਸਿਆਂ ਨੂੰ ਭੜਕਾਈ ਭੀੜ ਵੱਲੋਂ ਰਾਡਾਂ ਨਾਲ ਨਹੀਂ ਕੁੱਟਿਆ ਜਾ ਰਿਹਾ?

3. ਕੀ ਸਰਹੱਦ ਉੱਤੇ ਜਾਨ ਵਾਰ ਦੇਣ ਲਈ ਤਿਆਰ ਸਿੱਖ ਫੌਜੀਆਂ ਨੂੰ 84 ਵਿੱਚ ਰੇਲ ਗੱਡੀਆਂ ਵਿੱਚੋਂ ਧੂਅ ਕੇ ਬਾਹਰ ਕੱਢ ਕੇ, ਉੱਚੀ-ਉੱਚੀ ਚੀਕ ਕੇ- ‘ਫੂਕ ਦੋ ਸਰਦਾਰੋਂ ਕੋ, ਦੇਸ ਕੇ ਗੱਦਾਰੋਂ ਕੋ’ ਮਾਰੇ ਜਾਣ ਤੋਂ ਪਹਿਲਾਂ ਨਹੀਂ ਸੁਣਨਾ ਪਿਆ ਸੀ?

4. ਇਨ੍ਹਾਂ ਫੌਜੀਆਂ ਦੀਆਂ ਵਿਧਵਾਵਾਂ ਤੇ ਬੇਕਸੂਰ ਨਿਹੱਥੀਆਂ ਬੇਟੀਆਂ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਕਿਸ ਆਧਾਰ ਉੱਤੇ ਬਣਾਇਆ ਗਿਆ ਸੀ?

5. ਦਸਤਾਰਾਂ ਵਾਲਿਆਂ ਦੇ ਗਲੇ ਵਿੱਚ ਟਾਇਰ ਪਾ ਕੇ ਸਾੜਨ ਲੱਗਿਆਂ ਸਰਹੱਦਾਂ ਉੱਤੇ ਛਾਤੀ ਵਿੱਚ ਗੋਲੀਆਂ ਖਾ ਕੇ ਸ਼ਹੀਦ ਹੋਣ ਵਾਲੇ ਸਿੱਖ ਕਿਉਂ ਭੁਲਾ ਦਿੱਤੇ ਗਏ. ਜਿਨ੍ਹਾਂ ਸਦਕਾ ਅੱਜ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਹਨ?

6. ਪਰ ਇਹ ਤਾਂ ਦੱਸੋ ਕਿ ਕੀ ਅੱਜ ਆਜ਼ਾਦ ਹਿੰਦੁਸਤਾਨ ਵਿੱਚੋਂ ਭ੍ਰਿਸ਼ਟ ਅਧਿਕਾਰੀਆਂ ਤੋਂ ਵੀ ਆਜ਼ਾਦੀ ਮਿਲ ਚੁੱਕੀ ਹੈ?

7. ਕੀ ਆਜ਼ਾਦੀ ਵੇਲੇ ਹੋ ਰਹੀਆਂ ਔਰਤਾਂ ਦੀਆਂ ਬੇਪਤੀਆਂ ਹੁਣ ਆਜ਼ਾਦ ਭਾਰਤ ਜਾਂ ਆਜ਼ਾਦ ਪਾਕਿਸਤਾਨ ਵਿੱਚ ਖ਼ਤਮ ਹੋ ਚੁੱਕੀਆਂ ਹਨ?

8. ਕੀ ਹੁਣ ਪਾਕਿਸਤਾਨ ਜਾਂ ਹਿੰਦੁਤਸਾਨ ਵਿੱਚ ਆਜ਼ਾਦੀ ਤੋਂ ਬਾਅਦ ਧਾਰਮਿਕ ਦੰਗੇ ਬੰਦ ਹੋ ਚੁੱਕੇ ਹਨ?

9. ਕੀ ਆਜ਼ਾਦੀ ਤੋਂ ਬਾਅਦ ਦੋਨਾਂ ਮੁਲਕਾਂ ਵਿੱਚੋਂ ਭ੍ਰਿਸ਼ਟ ਤੇ ਫਿਰਕੂ ਵੰਡੀਆਂ ਪਾਉਣ ਵਾਲੇ ਸਿਆਸਤਦਾਨਾਂ ਤੋਂ ਮੁਕਤੀ ਮਿਲ ਚੁੱਕੀ ਹੋਈ ਹੈ? ਕੀ ਦੋਨਾਂ ਮੁਲਕਾਂ ਵਿੱਚ ਸਿਆਸਤਦਾਨਾਂ ਵੱਲੋਂ ਨਫ਼ਰਤਾਂ ਵੰਡਣੀਆਂ ਬੰਦ ਹੋ ਚੁੱਕੀਆਂ ਹਨ? ਕੀ ਭੜਕਾਊ ਸਿਆਸੀ ਭਾਸ਼ਣ ਬੰਦ ਹੋ ਚੁੱਕੇ ਹਨ?

10. ਕੀ ਸਿਆਸੀ ਵਧੀਕੀਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਮੀਡੀਆ ਕਰਮੀਆਂ ਨੂੰ ਦੋਨਾਂ ਮੁਲਕਾਂ ਵਿੱਚ ਸੱਚ ਦੀ ਆਵਾਜ਼ ਕੱਢਣ ਕਰਕੇ ਗੋਲੀਆਂ ਨਾਲ ਭੁੰਨ ਤਾਂ ਨਹੀਂ ਦਿੱਤਾ ਜਾਂਦਾ? ਕਿਤੇ ਆਜ਼ਾਦੀ ਦੇ ਨਾਂ ਹੇਠ ਉਨ੍ਹਾਂ ਤੋਂ ਸੱਚ ਲਿਖਣ ਤੇ ਬੋਲਣ ਦੀ ਆਜ਼ਾਦੀ ਤਾਂ ਨਹੀਂ ਖੋਹ ਲਈ ਗਈ?

11. ਕੀ ਆਜ਼ਾਦੀ ਤੋਂ ਬਾਅਦ ਨਸ਼ਾ ਮਾਫੀਆ, ਭੁੱਕੀ, ਚਰਸ ਉੱਤੇ ਰੋਕ ਲੱਗ ਗਈ ਹੈ?

12. ਕੀ ਦੋਨਾਂ ਮੁਲਕਾਂ ਦੇ ਗ਼ਰੀਬ ਲੋਕਾਂ ਨੂੰ ਆਪਣੇ ਹੱਕ ਮਿਲਣ ਲੱਗ ਪਏ ਹਨ?

13. ਕੀ ਧਾਰਮਿਕ ਪਾਖੰਡਾਂ ਵਿੱਚੋਂ ਦੋਵੇਂ ਮੁਲਕਾਂ ਦੇ ਲੋਕ ਆਜ਼ਾਦ ਹੋ ਚੁੱਕੇ ਹਨ?

14. ਕੀ 74 ਸਾਲਾਂ ਦੀ ਆਜ਼ਾਦੀ ਬਾਅਦ ਹਾਲੇ ਵੀ ਸੱਚ ਨੂੰ ਫਾਂਸੀ ਤਾਂ ਨਹੀਂ ਮਿਲ ਰਹੀ?

15. ਕੀ ਦੋਨਾਂ ਮੁਲਕਾਂ ਵਿੱਚ ਕੂੜੇ ਭਰੇ ਢੇਰਾਂ ਵਿੱਚੋਂ ਭਵਿੱਖ ਭਾਲਦੇ ਗ਼ਰੀਬ ਬਚਪਨ ਰੁਲ ਤਾਂ ਨਹੀਂ ਰਹੇ?

16. ਕੀ ਲੱਦਾਖ ਵਿੱਚ 12 ਚੀਨੀਆਂ ਨੂੰ ਮਾਰ ਮੁਕਾਉਣ ਵਾਲਾ ਮੁੱਛਫੁੱਟ ਸਿੱਖ ਬਹਾਦਰੀ ਵਿਖਾਉਣ ਲੱਗਿਆਂ ਜੈਕਾਰਾ ਛੱਡੇ ਤਾਂ ਠੀਕ, ਪਰ ਉਹੀ ਜੈਕਾਰਾ ਧਾਰਮਿਕ ਥਾਂ ਅੰਦਰ ਗੂੰਜੇ ਤਾਂ ਦੇਸ਼ ਧ੍ਰੋਹ ਤਾਂ ਨਹੀਂ ਮੰਨ ਲਿਆ ਜਾਂਦਾ? ਕੀ ਪੰਜ ਕਰਾਰਾਂ ਵਾਲਾ ਸਿੱਖੀ ਪਹਿਰਾਵਾ ਹੁਣ ਆਜ਼ਾਦ ਮੁਲਕ ਵਿੱਚ ਜੁਰਮ ਮੰਨ ਕੇ ਅਣਪਛਾਤੀ ਲਾਸ਼ ਤਾਂ ਨਹੀਂ ਬਣਾ ਦਿੱਤੀ ਜਾਂਦੀ?

17. ਕੀ ਦੋਵਾਂ ਆਜ਼ਾਦ ਮੁਲਕਾਂ ਦੇ ਗ਼ਰੀਬਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਅਤੇ ਮੁਫ਼ਤ ਵਿੱਦਿਆ ਮਿਲਣ ਲੱਗ ਚੁੱਕੀ ਹੈ?

18. ਕੀ ਦੋਵੇਂ ਆਜ਼ਾਦ ਮੁਲਕਾਂ ਵਿਚਲੇ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਤਾਂ ਨਹੀਂ ਬਣ ਰਹੇ?

19. ਕੀ ਦੋਵਾਂ ਆਜ਼ਾਦ ਮੁਲਕਾਂ ਦੇ ਸਿਆਸਤਦਾਨਾਂ ਦੇ ਬੱਚੇ ਸਰਹੱਦਾਂ ਉੱਤੇ ਮਰਨ ਜਾ ਰਹੇ ਹਨ ਕਿ ਸਿਰਫ਼ ਆਮ ਜਨਤਾ ਨੂੰ ਹੀ ਮਰਨ ਲਈ ਅੱਗੇ ਧੱਕਿਆ ਜਾ ਰਿਹਾ ਹੈ?

20. ਕੀ ਕਿਸਾਨ ਖ਼ੁਦਕੁਸ਼ੀਆਂ ਬੰਦ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਆਜ਼ਾਦੀ ਸਦਕਾ ਕਰਜ਼ਿਆਂ ਤੋਂ ਨਿਜਾਤ ਮਿਲ ਚੁੱਕੀ ਹੈ?

21. ਕੀ ਬਾਲੜੀਆਂ ਦੇ ਬਲਾਤਕਾਰ ਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਦੇਰ ਰਾਤ ਘਰੋਂ ਬਾਹਰ ਰਹਿਣਾ ਦੋਵਾਂ ਮੁਲਕਾਂ ਵਿੱਚ ਆਜ਼ਾਦੀ ਤੋਂ ਬਾਅਦ ਸੁਰੱਖਿਅਤ ਮੰਨਿਆ ਜਾਂਦਾ ਹੈ?

ਆਖ਼ਰੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਜ਼ਾਦੀ ਦੇ ਨਾਂ ਉੱਤੇ ਲਹਿਲਹਾਉਂਦੀਆਂ ਫਸਲਾਂ, ਘਰ-ਬਾਰ, ਜ਼ਮੀਨਾਂ ਅਤੇ ਗੁਰਧਾਮਾਂ ਨੂੰ ਛੱਡ ਕੇ ਆਏ ਸਿੱਖ ਕੀ ਹੁਣ ਬਚੇ ਖੁਚੇ ਪੰਜਾਬ ਅੰਦਰ ਟਿਕ ਕੇ ਬਹਿ ਚੁੱਕੇ ਹਨ? ਕੀ ਹੁਣ ਹੋਰ ਥਾਏਂ ਪਰਵਾਸ ਤਾਂ ਨਹੀਂ ਸ਼ੁਰੂ ਹੋ ਚੁੱਕਿਆ? ਕੀ ਹੁਣ ਪੰਜਾਬ ਅੰਦਰਲੀਆਂ ਲਹਿਲਹਾਉਂਦੀਆਂ ਫਸਲਾਂ, ਘਰ-ਬਾਰ, ਜ਼ਮੀਨਾਂ ਤੇ ਗੁਰਧਾਮਾਂ ਨੂੰ ਛੱਡ ਕੇ ਦੁਬਾਰਾ ਬਾਹਰ ਜਾਣ ਉੱਤੇ ਮਜਬੂਰ ਤਾਂ ਨਹੀਂ ਕੀਤਾ ਜਾ ਰਿਹਾ? ਇਸ ਮਜਬੂਰੀ ਵਿੱਚ ਸ਼ਾਮਲ ਹੈ ਕਿਸਾਨਾਂ ਨੂੰ ਨਪੀੜਨਾ, ਕਰਜ਼ਿਆਂ ਥੱਲੇ ਦੱਬਣਾ, ਨੌਕਰੀਆਂ ਨਾ ਹੋਣੀਆਂ, ਕਮਾਈ ਦੇ ਸਾਧਨ ਖੋਹਣੇ, ਟੈਕਸਾਂ ਨਾਲ ਪੀਹ ਦੇਣਾ।

ਹੁਣ ਇਸ ਸਵਾਲ ਦਾ ਜਵਾਬ ਤਾਂ ਦੇ ਦਿਓ ਕਿ 1947, 15 ਅਗਸਤ ਬਾਰੇ ਸ਼ਾਇਰ ਬਲੱਗਣ ਨੇ ਜੋ ਉਚਾਰਿਆ ਸੀ, ਕੀ ਉਹ ਅੱਜ ਵੀ ਸੌ ਫੀਸਦੀ ਸਹੀ ਤਾਂ ਨਹੀਂ ਸਾਬਤ ਹੋ ਰਿਹਾ?

“ਰਾਹ ਵੀਰਾਂ ਦਾ ਤੱਕਦੀਆਂ ਕਈ ਭੈਣਾਂ,
ਅਜੇ ਤੀਕ ਖਲੋ ਦਹਿਲੀਜ਼ ਉੱਤੇ

ਅਜੇ ਤੀਕ ਵੀ ਅੱਥਰੂ ਕੇਰ ਰਹੀਆਂ,
ਆਪਣੇ ਦਾਜ ਦੀ ਸੁੱਚੀ ਕਮੀਜ਼ ਉੱਤੇ

ਕਈ ਵਹੁਟੀਆਂ ਖੜ੍ਹੀਆਂ ਬਨੇਰਿਆਂ ਤੇ,
ਪਾਉਣ ਔਸੀਆਂ ਕਿਸੇ ਉਡੀਕ ਪਿੱਛੇ!”

ਆਪਣੇ ਜ਼ਮੀਰ ਨੂੰ ਹਲੂਣਾ ਦੇ ਕੇ ਇੱਕ ਵਾਰ ਸੱਚ ਬੋਲਣ ਦੀ ਹਿੰਮਤ ਕਰੋ ਤੇ ਦੱਸੋ ਕਿ ਉਸ ਸਮੇਂ ਦੇ ਫਾਂਸੀਆਂ ਨੂੰ ਚੁੰਮ ਕੇ ਸੰਘਰਸ਼ ਨੂੰ ਅੰਜਾਮ ਦੇਣ ਵਾਲੇ ਅੱਜ ਤਕ ਅਣਪਛਾਤੀਆਂ ਲਾਸ਼ਾਂ ਕਿਉਂ ਬਣਾਏ ਜਾ ਰਹੇ ਹਨ? ਆਜ਼ਾਦੀ ਮਿਲਣ ਨਾਲ ਉਸ ਸਮੇਂ ਦੇ ਭਰੇ ਗੱਡਿਆਂ ਨਾਲ ਸਿਰ ਤੇ ਅੱਜ ਦੇ ਟਰੱਕ ਭਰ ਕੇ ਨੌਜਵਾਨਾਂ ਦੀਆਂ ਲਾਸ਼ਾਂ ਸਾੜ ਦੇਣ ਵਿੱਚ ਕੀ ਫਰਕ ਪਿਆ ਹੈ?

ਸਿੱਖੀ ਪਹਿਰਾਵੇ ਨੂੰ ਸ਼ਿਕਾਰ ਬਣਾਉਣ ਵਾਲੇ ਜਰਾਇਮ ਪੇਸ਼ਾ ਲੋਕਾਂ ਨੂੰ ਇੰਨਾ ਚੇਤੇ ਰੱਖਣ ਦੀ ਲੋੜ ਹੈ ਕਿ ਸਿੱਖਾਂ ਨੂੰ ਮਾਰ ਮੁਕਾਉਣ ਦੀ ਸੋਚ ਤੇ ਇਨ੍ਹਾਂ ਨੂੰ ਪੰਜਾਬੋਂ ਬਾਹਰ ਧੱਕ ਦੇਣ ਬਾਅਦ ਜਦੋਂ ਫਿਰ ਕਿਸੇ ਵੈਰੀ ਵੱਲੋਂ ਭਾਰਤ ਉੱਤੇ ਹੱਲੇ ਹੋਏ ਤਾਂ ਉਦੋਂ ਗੋਲੀਆਂ ਤੋਂ ਬਚਣ ਲਈ ਕਿਨ੍ਹਾਂ ਦੀਆਂ ਛਾਤੀਆਂ ਲੱਭਣਗੇ?

ਅਖੀਰ ਵਿੱਚ ਮੈਂ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਪਿੰਡਾਂ ਵਿੱਚ ਅੱਜ ਵੀ ਈਦ, ਜਨਮ ਅਸ਼ਟਮੀ ਅਤੇ ਗੁਰਪੁਰਬ ਸਾਂਝੇ ਮਨਾਏ ਜਾਂਦੇ ਹਨਜੇ ਆਮ ਲੋਕ ਪਿਆਰ ਅਤੇ ਮੁਹੱਬਤ ਚਾਹੁੰਦੇ ਹਨ ਅਤੇ ਅਮਨ-ਅਮਾਨ ਨਾਲ ਜੀਣਾ ਚਾਹੁੰਦੇ ਹਨ ਤਾਂ ਫਿਰ ਕਿਉਂ, ਆਖ਼ਰ ਕਿਉਂ, ਹੁਕਮਰਾਨਾਂ ਵੱਲੋਂ ਭੜਕਾਏ ਜਾਣ ਉੱਤੇ ਭੜਕ ਕੇ ਆਪਣਾ ਹੀ ਨੁਕਸਾਨ ਕਰਵਾ ਰਹੇ ਹਨ? ਆਓ ਸਾਰੇ ਰਲਮਿਲ ਕੇ ਰਹੀਏ ਅਤੇ ਨਫਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਪਾਈਏਇਹੀ ਅਸਲ ਆਜ਼ਾਦੀ ਮੰਨੀ ਜਾਏਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2302)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author