HarshinderKaur7ਇਹ ਸੋਚ ਤਾਂ ਹੁਣ ਹਰ ਹਾਲ ਬਦਲਣੀ ਹੀ ਪੈਣੀ ਹੈ ਤਾਂ ਹੀ ਭਾਰਤ ਅੰਦਰ ਸਹੀ ...
(23 ਫਰਵਰੀ 2020)

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਤੁੱਛ ਮੰਨਦਿਆਂ ਵਿਚਾਰ ਰੱਖੇ ਸਨ ਕਿ ਅਨੇਕਾਂ ਹੀ ਚੋਰ ਹਨ, ਅਨੇਕ ਦੂਜਿਆਂ ਉੱਤੇ ਵਧੀਕੀਆਂ ਕਰ ਕੇ ਸੰਸਾਰ ਤੋਂ ਚਲੇ ਜਾਂਦੇ ਹਨ, ਅਨੇਕ ਖ਼ੂਨੀ ਮਨੁੱਖਾਂ ਦੇ ਗਲੇ ਵੱਢ ਰਹੇ ਹਨ ਤੇ ਅਨੇਕ ਪਾਪੀ ਪਾਪ ਕਮਾ ਕੇ ਦੁਨੀਆ ਤੋਂ ਤੁਰ ਜਾਂਦੇ ਹਨਅਨੇਕ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਹੋਏ ਹਨ, ਝੂਠ ਬੋਲਣ ਦੇ ਸੁਭਾਓ ਵਾਲੇ ਮਨੁੱਖ ਝੂਠ ਬੋਲਣ ਵਿੱਚ ਰੁੱਝੇ ਹੋਏ ਹਨ ਤੇ ਅਨੇਕ ਖੋਟੀ ਬੁੱਧੀ ਵਾਲੇ ਮਨੁੱਖੀ ਮਲ ਖਾਈ ਜਾ ਰਹੇ ਹਨਅਨੇਕਾਂ ਹੀ ਨਿੰਦਕ ਨਿੰਦਾ ਕਰਨ ਵਿੱਚ ਰੁੱਝੇ ਹਨ ਤੇ ਬਥੇਰੇ ਹੋਰ ਕੁਕਰਮਾਂ ਵਿੱਚ ਰੁੱਝੇ ਹਨਕੁਦਰਤ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਸਿਰਫ਼ ਜਾਤ ਵਿਚਲੇ ਚੋਰ, ਧਾੜਵੀ, ਠੱਗ, ਨਿੰਦਕ, ਹਰਾਮਖੋਰ ਆਦਿ ਦਾ ਵੀ ਹਿਸਾਬ ਲਾਉਣ ਲੱਗ ਜਾਓ ਤਾਂ ਵੀ ਇਨ੍ਹਾਂ ਦਾ ਕੋਈ ਅੰਤ ਨਹੀਂ ਲੱਭਦਾ

ਹੁਣ ਤਾਂ ਹਾਲ ਇਹ ਹੈ ਕਿ ਉਨ੍ਹਾਂ ਅਣਗਿਣਤ ਹਰਾਮਖੋਰਾਂ ਵਿੱਚ ਬੇਗ਼ੈਰਤ ਤੇ ਬਦਜ਼ਾਤ ਲੋਕ ਵੀ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਲਈ ਔਰਤ ਸਿਰਫ਼ ਇੱਕ ਭੋਗਣ ਜੋਗਾ ਜਿਸਮ ਹੀ ਹੈ ਤੇ ਉਸ ਨੂੰ ਹਰ ਮੌਕੇ ਜ਼ਲੀਲ ਕਰਨਾ ਹੀ ਉਨ੍ਹਾਂ ਲਈ ਇੱਕੋ ਕੰਮ ਬਚਿਆ ਹੈ

ਅਜਿਹੇ ਲੋਕ ਹਰ ਦਿਨ ਇਹੋ ਸੋਚਣ ਉੱਤੇ ਲਾਉਂਦੇ ਹਨ ਕਿ ਕਿਹੜੇ ਹੋਰ ਨਵੇਂ ਢੰਗ ਤਰੀਕੇ ਲੱਭੇ ਜਾਣ ਜਿਨ੍ਹਾਂ ਨਾਲ ਔਰਤ ਹੋਰ ਨੀਵੀਂ ਵਿਖਾਈ ਜਾ ਸਕੇ ਇਸਦੀ ਤਾਜ਼ਾ ਤਸਵੀਰ ਭੁੱਜ ਵਿੱਚ ਨਜ਼ਰ ਆਈ ਹੈਮੈਡੀਕਲ ਸਾਇੰਸ ਅਨੁਸਾਰ ਔਰਤ ਨੂੰ ਮਾਹਵਾਰੀ ਆਉਣੀ ਇੱਕ ਸੰਕੇਤ ਹੈ ਕਿ ਉਹ ਬੱਚਾ ਜੰਮਣ ਯੋਗ ਹੈਔਰਤ ਮਰਦ ਵਿਚਲਾ ਇਹ ਫ਼ਰਕ ਸਿਰਫ਼ ਮਨੁੱਖਾਂ ਵਿੱਚ ਹੀ ਨਹੀਂ, ਨਰ ਤੇ ਮਾਦਾ ਜਾਨਵਰ, ਪੰਛੀਆਂ ਆਦਿ ਵਿੱਚ ਵੀ ਦਿਸਦਾ ਹੈ

ਦੂਜੀ ਵਿਗਿਆਨਿਕ ਗੱਲ ਜੋ ਸਭ ਜਾਣਦੇ ਹਨ ਕਿ ਹਰ ਮਰਦ ਦੇ ਸਰੀਰ ਅੰਦਰਲਾ ਐਕਸ ਕਰੋਮੋਸੋਮ ਉਸ ਦੀ ਮਾਂ ਵੱਲੋਂ ਆਇਆ ਹੁੰਦਾ ਹੈ ਇਸਦਾ ਮਤਲਬ ਹੈ ਕਿ ਹਰ ਮਰਦ ਅੰਦਰ ਔਰਤ ਦਾ ਅੰਸ਼ ਕੁਦਰਤੀ ਤੌਰ ਉੱਤੇ ਆਉਂਦਾ ਹੈ ਤਾਂ ਹੀ ਉਹ ਸੰਪੂਰਨ ਮਰਦ ਕਹਿਲਾਉਣ ਯੋਗ ਹੁੰਦਾ ਹੈਹਰ ਮਰਦ ਦੇ ਸਰੀਰ ਦੇ ਹਿੱਸੇ ਵੀ ਔਰਤ ਦੇ ਜਿਸਮ ਅੰਦਰ ਹੀ ਤਿਆਰ ਹੁੰਦੇ ਹਨ ਤੇ ਮਾਂ ਦਾ ਦੁੱਧ ਪੀ ਕੇ ਹੀ ਉਹ ਵੱਡਾ ਹੁੰਦਾ ਹੈਯਾਨੀ ਪੂਰਨ ਰੂਪ ਵਿੱਚ ਔਰਤ ਉੱਤੇ ਨਿਰਭਰ ਹੋ ਕੇ ਹੀ ਮਰਦ ਦਾ ਜਨਮ ਇਸ ਧਰਤੀ ਉੱਤੇ ਹੋ ਸਕਦਾ ਹੈ

ਮਾਹਵਾਰੀ ਨਾ ਆਉਣ ਵਾਲੀ ਬਾਂਝ ਔਰਤ ਦੇ ਕੁੱਖੋਂ ਮਰਦ ਪੈਦਾ ਹੀ ਨਹੀਂ ਹੋ ਸਕਦਾ ਇਹ ਸਭ ਜਾਣਦਿਆਂ ਮਾਹਵਾਰੀ ਨੂੰ ਅਪਸ਼ਗਨ ਮੰਨਣ ਵਾਲੇ ਮਰਦ ਆਖ਼ਰ ਸਾਬਤ ਕੀ ਕਰਨਾ ਚਾਹ ਰਹੇ ਹਨ? ਇੱਕ ਨਾਰਮਲ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਉਣ ਲਈ ਕਿਸ ਹੱਦ ਤਕ ਆਦਮੀ ਡਿੱਗ ਸਕਦਾ ਹੈ, ਉਹ ਆਪਣੀਆਂ ਹੀ ਧੀਆਂ ਨੂੰ ਨਿਰਵਸਤਰ ਕਰਨ ਦੀ ਜੱਗ ਜ਼ਾਹਿਰ ਹੋਈ ਦਾਸਤਾਂ ਰਾਹੀਂ ਪਤਾ ਲੱਗ ਜਾਂਦਾ ਹੈ

ਭੁੱਜ ਦੇ ਸ੍ਰੀ ਸਹਿਜਨੰਦ ਗਰਲਜ਼ ਕਾਲਜ ਦੇ ਪ੍ਰਿੰਸੀਪਲ ਦੇ ਹੁਕਮਾਂ ਤਹਿਤ 68 ਨੌਜਵਾਨ ਔਰਤਾਂ ਦੇ ਕੱਪੜੇ ਲੁਹਾ ਕੇ ਇਹ ਚੈੱਕ ਕੀਤਾ ਗਿਆ ਕਿ ਉਨ੍ਹਾਂ ਨੂੰ ਮਾਹਵਾਰੀ ਤਾਂ ਨਹੀਂ ਆਈ ਹੋਈ! ਇਸ ਪਿੱਛੇ ਕਾਰਨ ਇਹ ਸੀ ਕਿ ਕਿਤੇ ਮਾਹਵਾਰੀ ਦੌਰਾਨ ਉਹ ਬੱਚੀਆਂ ਰਸੋਈ ਵਿੱਚ ਜਾਂ ਮੰਦਰ ਅੰਦਰ ਤਾਂ ਨਹੀਂ ਵੜ ਰਹੀਆਂ ਕਿਤੇ ਇਹ ਬੱਚੀਆਂ ਮਾਹਵਾਰੀ ਦੌਰਾਨ ਦੂਜਿਆਂ ਨਾਲ ਮਿਲਜੁਲ ਤਾਂ ਨਹੀਂ ਰਹੀਆਂ? ਇਸ ਵਾਸਤੇ ਉਨ੍ਹਾਂ ਨੂੰ ਪੜ੍ਹਾਈ ਦੌਰਾਨ ਪੀਰੀਅਡ ਵਿੱਚ ਖੜ੍ਹੇ ਕਰਵਾ ਕੇ ਪੁੱਛਿਆ ਗਿਆ ਕਿ ਕਿਹੜੀਆਂ ਬੱਚੀਆਂ ਨੂੰ ਮਾਹਵਾਰੀ ਆਈ ਹੋਈ ਹੈ? ਇਸ ਉੱਤੇ ਵੀ ਤਸੱਲੀ ਨਾ ਹੋਣ ਉੱਤੇ ਉਨ੍ਹਾਂ ਦੇ ਕੱਪੜੇ ਲੁਹਾ ਕੇ ਚੈੱਕ ਕੀਤਾ ਗਿਆਕਾਲਜ ਦੇ ਪੂਰੇ ਟਰਸਟੀ ਇਸ ਘਟਨਾ ਨੂੰ ਜ਼ੋਰ ਸ਼ੋਰ ਨਾਲ ਜਾਇਜ਼ ਕਰਾਰ ਦੇ ਰਹੇ ਹਨਸਾਰੇ ਟਰਸਟੀ ਤੇ ਧਰਮ ਦੇ ਮੋਢੀਆਂ ਨੇ ਕਾਲਜ ਦੀ ਪ੍ਰਿੰਸੀਪਲ ਨੂੰ ਅੱਗੇ ਲਾ ਕੇ ਅਜਿਹਾ ਆਪ ਚੈੱਕ ਕਰਨ ਲਈ ਕਿਹਾ ਸੀਹੱਦ ਹੀ ਹੋ ਗਈਮਰਦ ਪ੍ਰਧਾਨ ਸਮਾਜ ਵਿੱਚ ਇੱਕ ਔਰਤ ਪ੍ਰਿੰਸੀਪਲ ਨੂੰ ਆਪਣੀ ਨੌਕਰੀ ਬਚਾਉਣ ਵਾਸਤੇ ਆਪਣੀ ਹੀ ਜ਼ਾਤ ਦੀਆਂ ਦੀ ਬੇਪਤੀ ਕਰਨ ਲਈ ਮਜਬੂਰ ਕੀਤਾ ਗਿਆ!

ਸਵਾਲ ਇੱਕ ਨਹੀਂ, ਅਨੇਕ ਹਨਕੀ ਸੱਚਮੁੱਚ ਔਰਤ ਨੂੰ ਹੀ ਔਰਤ ਦੀ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਰਹੇਗਾ ਤੇ ਮਰਦ ਲੱਠ ਚੁੱਕ ਕੇ ਆਪਣੇ ਹੁਕਮ ਚਲਾਉਂਦਾ ਰਹੇਗਾ? ਹਰ ਮਰਦ ਟਰਸਟੀ ਇਸ ਨਾਦਰਸ਼ਾਹੀ ਹੁਕਮ ਨੂੰ ਜਾਇਜ਼ ਕਿਉਂ ਕਰਾਰ ਦੇ ਰਿਹਾ ਹੈ? ਕੀ ਇਹ ਟਰਸਟੀ ਆਪਣੀ ਮਾਂ ਦੇ ਕੁੱਖੋਂ ਨਹੀਂ ਜੰਮੇ? ਜੇ ਜੰਮੇ ਹਨ ਤਾਂ ਕੀ ਉਨ੍ਹਾਂ ਦੀਆਂ ਮਾਵਾਂ ਨੂੰ ਮਾਹਵਾਰੀ ਨਹੀਂ ਸੀ ਆਉਂਦੀ? ਕੀ ਉਨ੍ਹਾਂ ਆਪਣੀ ਮਾਂ ਦੀ ਮਾਹਵਾਰੀ ਦੌਰਾਨ ਉਸ ਦਾ ਦੁੱਧ ਪੀਣਾ ਬੰਦ ਕਰ ਦਿੱਤਾ ਸੀ?

ਇਹ ਬੰਦਸ਼ਾਂ ਲਾਉਣ ਵਾਲੇ ਕੌਣ ਹਨ? ਕੀ ਅਸਮਾਨੋ ਅਜਿਹੀਆਂ ਹਦਾਇਤਾਂ ਡਿੱਗੀਆਂ ਸਨ? ਕੌਣ ਹੈ ਇਹ ਫ਼ੈਸਲਾ ਲੈਣ ਵਾਲਾ ਕਿ ਹਰ ਬੱਚੀ ਮਾਹਵਾਰੀ ਦੌਰਾਨ ਘਰੋਂ ਬਾਹਰ ਬੈਠੇਗੀ, ਕਲਾਸ ਵਿੱਚ ਸਭ ਤੋਂ ਪਿੱਛੇ ਬੈਠੇਗੀ, ਰਜਿਸਟਰ ਵਿੱਚ ਮਾਹਵਾਰੀ ਆਉਣ ਬਾਰੇ ਦਰਜ ਕਰੇਗੀ, ਰਸੋਈ ਵਿੱਚ ਨਹੀਂ ਵੜੇਗੀ, ਮੰਦਰ ਨੇੜੇ ਨਹੀਂ ਜਾਏਗੀ, ਆਦਿ ਵਰਗੀਆਂ ਪਰੰਪਰਾਵਾਂ ਬਣਾਉਣ ਵਾਲੇ ਆਖ਼ਰ ਵਿਆਹ ਕਰਵਾਉਣ ਵੇਲੇ, ਔਰਤ ਨਾਲ ਹਮਬਿਸਤਰ ਹੋਣ ਵੇਲੇ, ਉਸਦੇ ਕੁੱਖੋਂ ਆਪਣਾ ਨਾਮਲੇਵਾ ਲੈਣ ਵੇਲੇ ਕਿਉਂ ਭਿਟ ਨਹੀਂ ਜਾਂਦੇ?

ਜੇ ਸਤੀ ਪ੍ਰਥਾ ਖ਼ਤਮ ਕੀਤੀ ਜਾ ਸਕੀ ਸੀ ਤਾਂ ਔਰਤ ਦੇ ਪੈਰਾਂ ਵਿੱਚੋਂ ਇਹੋ ਜਿਹੀਆਂ ਪਰੰਪਰਾਵਾਂ ਦੀਆਂ ਬੇੜੀਆਂ ਵੀ ਤੋੜ ਦੇਣੀਆਂ ਚਾਹੀਦੀਆਂ ਹਨ ਆਖ਼ਰ ਕਿਉਂ ਅੱਜ ਦੇ ਦਿਨ ਸਭ ਦੀ ਜ਼ਿੰਦਗੀ ਖੜੋਤ ਵਿੱਚ ਪਹੁੰਚ ਚੁੱਕੀ ਹੈ? ਕਿਉਂ ਕਿਤੇ ਵੀ ਆਪਣੇ ਹੱਕਾਂ ਲਈ ਪੁਰਜ਼ੋਰ ਆਵਾਜ਼ ਚੁੱਕੀ ਨਹੀਂ ਦਿਸਦੀ? ਕਿਉਂ ਲੋਕ-ਰੋਹ ਦਮ ਤੋੜ ਰਿਹਾ ਹੈ? ਲੋਕ ਸਿਰਫ਼ ਆਪਣੀਆਂ ਲੋੜਾਂ ਦੀ ਪੂਰਤੀ ਤਕ ਹੀ ਕਿਉਂ ਸੀਮਤ ਹੋ ਚੁੱਕੇ ਹਨ? ਇਸ ਤਬਦੀਲੀ ਵਾਸਤੇ ਕਿਸੇ ਹੋਰ ਮੁਲਕ ਦੇ ਮਨੁੱਖੀ ਹੱਕਾਂ ਦੇ ਰਾਖੇ ਆਵਾਜ਼ ਚੁੱਕਣ ਤਾਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ

ਇੱਕ ਗੱਲ ਵੱਲ ਸ਼ਾਇਦ ਬਹੁਤਿਆਂ ਦਾ ਧਿਆਨ ਨਹੀਂ ਗਿਆਜਿਨ੍ਹਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ, ਉਦੋਂ ਸਭ ਰੀਂਗਦੇ ਕੀੜਿਆਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਸਨਉਨ੍ਹਾਂ ਹੀ ਨਪੀੜਿਆਂ ਹੋਇਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਕੇ ਉਨ੍ਹਾਂ ਨੂੰ ਗ਼ਲਤ ਪਰੰਪਰਾਵਾਂ ਵਿਰੁੱਧ ਆਵਾਜ਼ ਚੁੱਕਣ ਲਈ ਤਿਆਰ ਕੀਤਾ ਗਿਆ ਸੀਉਸੇ ਸੋਚ ਅਧੀਨ ਉਨ੍ਹਾਂ ਹੀ ਨਪੀੜੇ ਹੋਏ ਲੋਕਾਂ ਦੀਆਂ ਧੀਆਂ ਨੇ ਅੱਗੋਂ ਦਸ਼ਮੇਸ਼ ਪਿਤਾ ਦੇ ਅਸਰ ਹੇਠ ਕਮਾਨ ਚੁੱਕੀ ਤੇ ਜੰਗਾਂ ਵੀ ਜਿੱਤੀਆਂ ਗੱਲ ਸਿਰਫ਼ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਸੀਦੇਵਦਾਸੀ ਪ੍ਰਥਾ ਅਧੀਨ ਅਯਾਸ਼ੀ ਦੇ ਅੱਡਿਆਂ ਨੂੰ ਖ਼ਤਮ ਕਰਨ ਲਈ ਉਦੋਂ ਵੀ ਮਨੁੱਖੀ ਹੱਕਾਂ ਦਾ ਘਾਣ ਕਰਦੀਆਂ ਪਰੰਪਰਾਵਾਂ ਤੋੜੀਆਂ ਗਈਆਂ ਸਨ

ਕੀ ਅੱਜ ਕੋਈ ਸੂਰਮਾ ਨਹੀਂ ਰਿਹਾ? ਕੋਈ ਜੁਝਾਰੂ ਇਸ ਤਰ੍ਹਾਂ ਦੀ ਔਰਤਾਂ ਦੀ ਜ਼ਲਾਲਤ ਵਿਰੁੱਧ ਆਵਾਜ਼ ਚੁੱਕਣ ਵਾਲਾ ਨਹੀਂ ਰਿਹਾ? ਸਿਰਫ਼ ਔਰਤ ਨੂੰ ਹੱਕ ਦਿਵਾਉਣ ਵੇਲੇ ਸਾਰੇ ਕਾਨੂੰਨ ਕਿਉਂ ਫੇਲ ਹੋ ਜਾਂਦੇ ਹਨ? ਇਹ ਸੋਚ ਤਾਂ ਹੁਣ ਹਰ ਹਾਲ ਬਦਲਣੀ ਹੀ ਪੈਣੀ ਹੈ ਤਾਂ ਹੀ ਭਾਰਤ ਅੰਦਰ ਸਹੀ ਵਿਕਾਸ ਗਿਣਿਆ ਜਾਵੇਗਾਜਦ ਤੱਕ ਔਰਤਾਂ ਦੇ ਹੱਕਾਂ ਦਾ ਘਾਣ ਹੁੰਦਾ ਰਹੇਗਾ, ਭਾਰਤ ਕਦੇ ਵੀ ਵਿਕਸਿਤ ਮੁਲਕਾਂ ਵਿੱਚ ਨਹੀਂ ਗਿਣਿਆ ਜਾ ਸਕੇਗਾਜਿਸ ਦਿਨ ਔਰਤ ਨੂੰ ਇਨਸਾਨ ਗਿਣਿਆ ਗਿਆ ਤੇ ਉਸ ਦੇ ਤ੍ਰਿਸਕਾਰ ਲਈ ਘੜੀਆਂ ਗਈਆਂ ਪਰੰਪਰਾਵਾਂ ਦੇ ਸੰਗਲਾਂ ਨੂੰ ਤੋੜਿਆ ਗਿਆ, ਉਸੇ ਦਿਨ ਭਾਰਤ ਆਪਣੀਆਂ ਧੀਆਂ ਦੇ ਸਕਾਰਾਤਮਕ ਯੋਗਦਾਨ ਤੇ ਭੈਣਾਂ ਦਾ ਆਪਣੇ ਹੀ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤ ਨੂੰ ਵਿਕਸਿਤ ਮੁਲਕ ਬਣਾਉਣ ਵਿਚਲੇ ਜਤਨਾਂ ਸਦਕਾ ਦੁਨੀਆ ਦੇ ਚੋਟੀ ਦੇ ਮੁਲਕਾਂ ਵਿੱਚ ਸ਼ਾਮਲ ਹੋ ਜਾਏਗਾ

ਵੇਖੀਏ ਹੁਣ ਅਨੇਕਾਂ ਚੋਰਾਂ, ਹਰਾਮਖੋਰਾਂ, ਧਾੜਵੀਆਂ, ਠੱਗਾਂ, ਨਿੰਦਕਾਂ, ਖੂਨੀਆਂ ਅਤੇ ਦੂਜਿਆਂ ਉੱਤੇ ਵਧੀਕੀਆਂ ਕਰਨ ਵਾਲਿਆਂ ਅੱਗੇ ਕਿਹੜਾ ਬਹਾਦਰ ਬੋਤਾ ਸਿੰਘ ਵਾਂਗ ਡਟ ਕੇ ਖਲੋਣ ਦੀ ਹਿੰਮਤ ਕਰਦਾ ਹੈ? ਜੇ ਨਹੀਂ, ਤਾਂ ਔਰਤਾਂ ਨੂੰ ਹੁਣ ਵਾਗਡੋਰ ਆਪਣੇ ਹੱਥ ਲੈ ਕੇ ਮਾਈ ਭਾਗੋ ਜਾਂ ਮਾਈ ਤੇਜੋ ਬਣ ਕੇ ਹਰਾਮਖੋਰਾਂ ਦੀਆਂ ਗਰਦਣਾਂ ਵੱਢਣ ਲਈ ਉੱਠਣਾ ਪੈਣਾ ਹੈ

ਗੱਲ ਸੋਚਣ ਦੀ ਇਹ ਬਚੀ ਹੈ ਕਿ ਗੁਜਰਾਤ ਦੇ ‘ਸਵਾਮੀ ਜੀ ਦੇ ਪ੍ਰਵਚਨ’ ਅਨੁਸਾਰ (ਜੋ ਸਹਿਜਨੰਦ ਗਰਲਜ਼ ਕਾਲਜ ਚਲਾਉਂਦੇ ਹਨ) ਮਾਹਵਾਰੀ ਦੌਰਾਨ ਆਪਣੇ ਪਤੀ ਲਈ ਰੋਟੀ ਬਣਾਉਣ ਵਾਲੀਆਂ ਔਰਤਾਂ ਅਗਲੇ ਜਨਮ ਵਿੱਚ ਕੁੱਤੀਆਂ ਬਣਦੀਆਂ ਹਨ ਤੇ ਉਨ੍ਹਾਂ ਹੱਥੋਂ ਰੋਟੀ ਖਾਣ ਵਾਲੇ ਮਰਦ ਬਲਦ! ਦੁਨੀਆ ਦੇ ਹਰ ਕੋਨੇ ਵਿੱਚ ਮਾਹਵਾਰੀ ਦੌਰਾਨ ਔਰਤਾਂ ਰੋਟੀ ਬਣਾ ਰਹੀਆਂ ਹਨਜੇ ਇਹ ਸੱਚ ਹੁੰਦਾ ਤਾਂ ਦੁਨੀਆ ਭਰ ਵਿੱਚ ਇਸ ਸਮੇਂ ਅਗਲੇ ਜਨਮ ਵਿੱਚ ਬਣ ਚੁੱਕੀਆਂ ਉਨ੍ਹਾਂ ਕੁੱਤੀਆਂ ਦੇ ਕੁੱਖੋਂ ਜੰਮੇ ਕੁੱਤੇ ਹੀ ਦਿਸਦੇ ਜਾਂ ਫੇਰ ਬਲਦ! ਆਖ਼ਰ ਇਨਸਾਨ ਹਾਲੇ ਤਕ ਦਿਸ ਕਿਵੇਂ ਰਹੇ ਹਨ? ਇਹ ਵੀ ਹਾਲੇ ਤਕ ਮੈਡੀਕਲ ਸਾਇੰਸ ਵਿੱਚ ਸੰਭਵ ਨਹੀਂ ਹੋ ਸਕਿਆ ਕਿ ਕੁੱਤੀਆਂ ਦੇ ਕੁੱਖੋਂ ਬਲਦ ਜੰਮ ਰਹੇ ਹੋਣਫੇਰ ਕੀ ਬਲਦਾਂ ਨੇ ਦਰਖ਼ਤਾਂ ਵਾਂਗ ਉੱਗ ਕੇ ਜ਼ਮੀਨ ਹੇਠੋਂ ਨਿਕਲਣਾ ਸੀ ਜਾਂ ਅਸਮਾਨ ਵਿੱਚੋਂ ਹੇਠਾਂ ਡਿੱਗਣਾ ਸੀ?

ਪਹਿਲਾਂ ਸਮਾਂ ਸੀ ਜਦੋਂ ਔਰਤਾਂ ਇਹ ਸਭ ਸੁਣ ਕੇ ਸਬਰ ਕਰ ਲੈਂਦੀਆਂ ਸਨ:

“ਚੱਲ ਬੁੱਲਿਆ ਚੱਲ ਵਰ੍ਹਦੇ ਮੀਂਹ ਵਿੱਚ ਆਪਾਂ ਰੱਜ ਕੇ ਰੋਈਏ,
ਅੱਥਰੂ ਕਣੀਆਂ ਇੱਕ ਮਿੱਕ ਹੋਵਣ ਇੱਦਾਂ ਪੀੜ ਲਕੋਈਏ
।”

ਇਸੇ ਲਈ ਮਰਦ ਪ੍ਰਧਾਨ ਸਮਾਜ ਅਧਨੰਗੇ ਜਿਸਮਾਂ ਨੂੰ ਫਖ਼ਰ ਨਾਲ ਮਧੋਲਦਾ ਰਿਹਾ ਤੇ ਔਰਤ ਨੂੰ ਚੰਮ ਦੀ ਗੁੱਡੀ ਬਣਾ ਕੇ ਖੇਡਦਾ ਰਿਹਾ ਪਰ ਹੁਣ ਸਮਾਂ ਤਲਵਾਰ ਚੁੱਕਣ ਦਾ ਹੈ:

“ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ,
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ
।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1952)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author