HarshinderKaur7ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਣ ਵੱਧ ਬੀਮਾਰ ਹੋ ਗਿਆ ਹੈ! ਕਿਉਂ ਨਹੀਂ ...
(27 ਜੂਨ 2021)

 

ਗੱਲ ਤੇਲੀਆਂ ਦੀ ਫਰਵਾਹੀ ਪਿੰਡ ਦੀ ਹੈਦਿਹਾੜੀ ਕਰਦਾ ਇੱਕ ਬੰਦਾ ਗੱਲਾਂ ਕਰਦਿਆਂ ਜਦੋਂ ਆਪਣਾ ਦਿਲ ਫਰੋਲਣ ਲੱਗਿਆ ਤਾਂ ਮੈਂਨੂੰ ਉਸ ਦੀਆਂ ਯਾਦਾਂ ਵਿਚਲੀ ਉਡਦੀ ਸੁਆਹ ਵਿੱਚੋਂ ਬਹੁਤ ਕੁਝ ਹਾਸਲ ਹੋਇਆ

ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਅੱਖੀਂ ਵੇਖੇ ਕਈ ਦਰਦਨਾਕ ਸੱਚ ਉਸ ਨੂੰ ਸੁਣਾਏ ਸਨਉਸ ਨੇ ਮਾਂ ਕੋਲੋਂ ਸੁਣੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਦਿਆਂ ਖ਼ੌਰੇ ਕਿੰਨੀ ਵਾਰ ਹੰਝੂ ਕੇਰੇਉਸ ਦੱਸਿਆ ਕਿ ਦੇਸ ਦੀ ਵੰਡ ਮੌਕੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਖੂਹੀ ਪੁੱਟਣੀ ਪਈ ਸੀ, ਕਿਉਂਕਿ ਜਿੰਨੇ ਤਗਾੜੇ ਮੁਸਲਮਾਨ ਉੱਥੇ ਰਹਿੰਦੇ ਸਨ, ਉਨ੍ਹਾਂ ਸਾਰਿਆਂ ਦੇ ਸਾਰੇ ਟੱਬਰ ਵੱਢ ਸੁੱਟੇ ਗਏ ਸਨਗੁਆਂਢੀਆਂ ਨੇ ਹੀ ਘਰ ਬਾਰ ਲੁੱਟਣ ਖ਼ਾਤਰ ਬਹੁਤ ਹੀ ਛੋਟੀ ਉਮਰ ਦੇ ਬੱਚਿਆਂ, ਜਵਾਨਾਂ ਅਤੇ 100 ਸਾਲ ਤਕ ਦੇ ਬਜ਼ੁਰਗ ਕਟ ਵੱਢ ਕੇ ਉਸੇ ਖੂਹ ਵਿੱਚ ਸੁੱਟ ਦਿੱਤੇ ਸਨ

ਉਸ ਦੀ ਮਾਂ ਨੇ ਕੁਝ ਦਿਲ ਚੀਰਵੇਂ ਦ੍ਰਿਸ਼ ਵੀ ਵੇਖੇ ਸਨਗੁਰਦੁਆਰੇ ਦੀਆਂ ਪੌੜੀਆਂ ਸਾਹਮਣੇ ਦੋ ਮੁਸਲਮਾਨ ਔਰਤਾਂ ਵੱਢੀਆਂ ਪਈਆਂ ਸਨ, ਜਿਨ੍ਹਾਂ ਦੇ ਦੁੱਧ ਪੀਂਦੇ ਬੱਚੇ ਮਾਂ ਦੀ ਲਾਸ਼ ਉੱਤੇ ਛਾਤੀ ਨਾਲ ਚਿੰਮੜੇ ਦੁੱਧ ਚੁੰਘਦੇ ਪਏ ਸਨਆਲੇ-ਦੁਆਲੇ ਗਿਰਝਾਂ ਉਨ੍ਹਾਂ ਉੱਤੇ ਝਪੱਟਾ ਮਾਰਨ ਦੀ ਉਡੀਕ ਕਰ ਰਹੀਆਂ ਸਨ

ਇੱਕ ਛੋਟੂ ਨਾਂ ਦੇ ਬੰਦੇ ਨੇ ਖਪਰੇ ਨਾਲ ਬਥੇਰੇ ਮੁਸਲਮਾਨ ਬੱਚੇ ਵੱਢੇਉਸ ਦੇ ਤਾਏ ਨੇ ਆ ਕੇ ਉਸ ਨੂੰ ਕੁੱਟ-ਕੁੱਟ ਕੇ ਅਜਿਹਾ ਕਰਨ ਤੋਂ ਹਟਾਇਆਨਤੀਜਾ ਕੀ ਹੋਇਆ? ਛੋਟੂ, ਜੋ ਕਟ ਵੱਢ ਕਰਦਾ ਪਿਆ ਸੀ, ਉਸ ਦੀ ਔਲਾਦ ਅੱਜ ਵੱਡੀਆਂ-ਵੱਡੀਆਂ ਮੱਲੀਆਂ ਹੋਈਆਂ ਕੋਠੀਆਂ ਵਿੱਚ ਐਸ਼ ਕਰ ਰਹੀ ਹੈ ਤੇ ਉਸ ਦੇ ਮਨੁੱਖੀ ਹੱਕਾਂ ਲਈ ਲੜਦੇ ਤਾਏ ਦੇ ਬੱਚੇ ਦਿਹਾੜੀ ਕਰਦੇ ਜਾਂ ਬੱਕਰੀਆਂ ਪਾਲਦੇ ਪਏ ਹਨ! ਉਸਨੇ ਦੱਸਿਆ ਕਿ ਉਹ ਉਸੇ ਤਾਏ ਦੀ ਪੁਸ਼ਤ ਵਿੱਚੋਂ ਹੈ

ਉਸ ਦੇ ਕੁਝ ਰਿਸ਼ਤੇਦਾਰ ਕਾਂਜਲੇ ਪਿੰਡ ਵਿੱਚ ਵੀ ਸਨ ਜਿੱਥੇ 20-20 ਕਿੱਲਿਆਂ ਦੇ ਮਾਲਕ ਮੁਸਲਮਾਨ ਵੀ ਵੱਢੇ ਟੁੱਕੇ ਗਏ ਸਨ ਕੁਝ ਕੁ ਦੀਆਂ ਔਰਤਾਂ ਆਪਣੇ ਬੱਚੇ ਬਚਾ ਕੇ ਮਲੇਰਕੋਟਲੇ ਭੱਜ ਗਈਆਂ ਸਨਉੱਥੇ ਉਹ ਖ਼ੌਰੇ ਕਿੰਨੀ-ਕਿੰਨੀ ਵਾਰ ਜਬਰ ਜ਼ਨਾਹ ਦਾ ਸ਼ਿਕਾਰ ਹੋਈਆਂ! ਉਨ੍ਹਾਂ ਦੇ ਬੱਚੇ ਹੁਣ ਦਿਹਾੜੀ ਕਰ ਕੇ ਢਿੱਡ ਪਾਲ ਰਹੇ ਹਨ

ਉਸ ਦਿਹਾੜੀਦਾਰ ਦੀਆਂ ਅੱਖਾਂ ਇਹ ਸਭ ਸੁਣਾਉਂਦੀਆਂ ਬੜੀ ਵਾਰ ਭਰੀਆਂ, ਕਿਉਂਕਿ ਉਹ ਹਾਲੇ ਤਕ ਲੰਘ ਚੁੱਕਿਆ ਹਰ ਪਲ ਆਪਣੇ ਮਨ ਉੱਤੇ ਹੰਢਾ ਰਿਹਾ ਸੀ ਤੇ ਉਸ ਦਾ ਵੰਡ ਵੇਲੇ ਦਾ ਜ਼ਖ਼ਮ ਅਜੇ ਤਕ ਅੱਲ੍ਹਾ ਸੀ! ਬੋਲਦਿਆਂ ਬੋਲਦਿਆਂ ਉਹ ਕੁਝ ਚਿਰ ਰੁਕ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ, “ਏਨਾ ਯਾਦ ਰੱਖਿਓ, ਮੈਂ ਰੁੱਤਾਂ ਬਥੇਰੀਆਂ ਬਦਲਦੀਆਂ ਵੇਖੀਆਂ ਨੇਪੱਤੇ ਝੜਦੇ ਤੇ ਫੇਰ ਨਵੇਂ ਆ ਜਾਂਦੇ ਨੇ ਪਰ ਜੜ੍ਹਾਂ ਉਹੀ ਰਹਿੰਦੀਆਂ ਨੇਇਨਸਾਨਾਂ ਦਾ ਬਿਲਕੁਲ ਇਹੋ ਜਿਹਾ ਹੀ ਹਾਲ ਹੈਮਾੜੇ ਲੋਕ ਕੁਰਸੀਆਂ ਮੱਲ ਲੈਂਦੇ ਨੇ ਤੇ ਪੱਕੀਆਂ ਜੜ੍ਹਾਂ ਵਾਂਗ ਨੇਉਨ੍ਹਾਂ ਦੇ ਮੋਹਰੇ ਪੱਤਿਆਂ ਵਾਂਗ ਝੜਦੇ ਰਹਿੰਦੇ ਹਨਸਾਡੇ ਵਰਗੇ ਆਮ ਲੋਕ ਉਮੀਦਾਂ ਲਾ ਕੇ ਬਹਿ ਜਾਂਦੇ ਨੇਫੇਰ ਨਵੇਂ ਮੋਹਰੇ ਵੱਖਰੇ ਰੰਗ-ਰੂਪ ਵਿੱਚ ਓਹੋ ਘਾਣ ਕਰਦੇ ਨੇ ਬੱਸ ਫੇਰ ਚੱਲ ਸੋ ਚੱਲ! ਜੜ੍ਹਾਂ ਤਾਂ ਉਹੋ ਨੇ! ਔਰਤਾਂ ਅਤੇ ਗ਼ਰੀਬਾਂ ਨਾਲ ਹੋ ਰਿਹਾ ਅੱਤਿਆਚਾਰ ਨਾ ਕਦੇ ਘਟਿਆ ਹੈ ਨਾ ਘਟੇਗਾ।”

ਗੱਲ ਮੈਂਨੂੰ ਬਿਲਕੁਲ ਸਹੀ ਜਾਪੀਸਮਾਂ ਬਦਲਦਾ ਹੈ, ਥਾਂ ਬਦਲਦੀ ਹੈਨਵੇਂ ਚਿਹਰੇ ਆਉਂਦੇ ਹਨ, ਪਰ ਜ਼ੁਲਮ ਉਂਝ ਦਾ ਉਂਝ ਪਹਿਲਾਂ ਵਾਂਗ ਆਪਣੀ ਚਾਲ ਚਲਦਾ ਰਹਿੰਦਾ ਹੈਚੰਗੇ ਲੋਕ ਚੁੱਪੀ ਸਾਧ ਇੰਜ ਹੀ ਜ਼ਿੰਦਗੀ ਬਤੀਤ ਕਰ ਤੁਰ ਜਾਂਦੇ ਹਨਇਸੇ ਲਈ ਜ਼ੁਲਮ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਪਦੀ ਹੈ

ਮੈਂਨੂੰ ਅੱਜ ਵੀ ਚੇਤੇ ਹੈ ਕਿ ਮੇਰੀ ਸਕੂਲ ਵੇਲੇ ਦੀ ਸਹੇਲੀ ਨੂੰ ਸਿਰਫ਼ ਇਸ ਲਈ ਸਕੂਲੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਸਾਈਕਲ ਉੱਤੇ ਸਕੂਲ ਆਉਂਦੀ ਨੂੰ ਰਾਹ ਵਿੱਚ ਇੱਕ ਵਾਰ ਇੱਕ ਮੁਸ਼ਟੰਡੇ ਨੇ ਸੀਟੀ ਮਾਰ ਦਿੱਤੀ ਸੀ ਤੇ ਇਸ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਸੀਗ਼ਲਤੀ ਕਿਸਦੀ ਤੇ ਭੁਗਤਿਆ ਕਿਸ ਨੇ?

ਇੰਨ-ਬਿੰਨ ਇਹੋ ਕੁਝ ਮੇਰੇ ਪਤੀ ਦੀਆਂ ਦੋ ਛੋਟੀਆਂ ਮਾਸੀਆਂ ਨਾਲ ਰਾਮਪੁਰਾ ਫੂਲ ਵਿੱਚ ਹੋਇਆ ਸੀਉਨ੍ਹਾਂ ਨੂੰ ਵੀ ਇੱਕ ਮਨਚਲੇ ਦੀ ਸੀਟੀ ਕਾਰਣ ਸਕੂਲ ਬਦਲਣਾ ਪਿਆ ਸੀ ਹੁਣ ਤੀਹ ਸਾਲ ਬਾਅਦ ਕੀ ਬਦਲਾਓ ਆਇਆ ਹੈ, ਉਸ ਵਲ ਵੀ ਝਾਤ ਮਾਰੀਏ! ਕੀ ਉਸ ਦਿਹਾੜੀਦਾਰ ਦੀ ਕਹੀ ਗੱਲ ਸਹੀ ਨਹੀਂ ਹੈ?

ਅੱਜ ਦੇ ਦਿਨ ਵੀ ਖ਼ਬਰਾਂ ਅਨੁਸਾਰ 16 ਸਾਲਾ ਸੰਗਰੂਰ ਦੀ ਦਲਿਤ ਬੱਚੀ ਨੂੰ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਣਾ ਪਿਆ ਕਿਉਂਕਿ ਚਾਰ ਜੱਟ ਮੁੰਡਿਆਂ ਨੇ 20 ਦਿਨ ਉਸ ਨੂੰ ਛੇੜ-ਛੇੜ ਕੇ ਉਸ ਦਾ ਜੀਣਾ ਹਰਾਮ ਕਰ ਦਿੱਤਾਉਨ੍ਹਾਂ ਵੱਲੋਂ ਕੀਤੀ ਭੱਦੀ ਛੇੜਛਾੜ ਨੂੰ ਰੋਕਣ ਉੱਤੇ ਉਨ੍ਹਾਂ ਸਰੇਆਮ ਉਸ ਨੂੰ ਥੱਪੜ ਤਕ ਜੜ ਦਿੱਤਾਵਿਚਾਰੀ ਬੱਚੀ ਇਸ ਡਰ ਨੂੰ ਚੁੱਪ ਸਹਿ ਗਈ ਕਿ ਕਿਤੇ ਉਸ ਦਾ ਸਕੂਲ ਜਾਣਾ ਬੰਦ ਨਾ ਹੋ ਜਾਏਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਤਾਂ ਜੋ ਉਸ ਦੇ ਗ਼ਰੀਬ ਮਾਪਿਆਂ ਲਈ ਕੋਈ ਖ਼ਤਰਾ ਨਾ ਰਹੇ!

ਭਾਰਤ ਦੇ ਨੈਸ਼ਨਲ ਕਰਾਈਮ ਬਿਊਰੋ ਦਾ ਰਿਕਾਰਡ ਦੱਸਦਾ ਹੈ ਕਿ ਅਜਿਹਾ ਕੋਈ ਇੱਕਾ ਦੁੱਕਾ ਕੇਸ ਨਹੀਂ ਹੈਸਿਰਫ਼ ਸੰਨ 2014 ਵਿੱਚ ਹੀ 36, 700 ਜਬਰ ਜਨਾਹ ਦੇ ਕੇਸ ਰਿਪੋਰਟ ਹੋਏ ਹਨਜਿਹੜੇ ਰਿਪੋਰਟ ਨਹੀਂ ਹੋਏ ਜਾਂ ਘਰਾਂ ਵਿੱਚ ਨਾਬਾਲਗ ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ਹਨ, ਉਹ ਇਸ ਤੋਂ ਤਿੰਨ ਗੁਣਾ ਤੋਂ ਵੀ ਵੱਧ ਹਨ

ਲਾਹਨਤ ਵਾਲੀ ਗੱਲ ਇਹ ਹੈ ਕਿ ਭਾਰਤੀ ਨੌਜਵਾਨ ਹੁਣ ਇੱਕ ਔਰਤ ਨੂੰ ਵੀ ਚੱਬਣ ਵਿੱਚ ਇਕੱਲੇ ਤੌਰ ਉੱਤੇ ਘਬਰਾਉਣ ਲੱਗ ਪਏ ਹਨ ਤੇ ਪੂਰੀ ਟੀਮ ਬਣਾ ਕੇ ਹੱਲਾ ਬੋਲਣ ਲੱਗ ਪਏ ਹਨਸੰਨ 2014 ਵਿੱਚ ਪੂਰੇ ਮੁਲਕ ਵਿੱਚ 2300 ਸਮੂਹਕ ਬਲਾਤਕਾਰ ਹੋਏ, ਜਿਨ੍ਹਾਂ ਵਿੱਚੋਂ 570 ਸਿਰਫ਼ ਉੱਤਰ ਪ੍ਰਦੇਸ਼ ਵਿੱਚ ਹੀ ਸਨਹਰਿਆਣਾ ਤੇ ਦਿੱਲੀ ਅਜਿਹਾ ਜ਼ੁਲਮ ਕਰਨ ਵਿੱਚ ਪਹਿਲਾ ਤੇ ਦੂਜਾ ਨੰਬਰ ਕ੍ਰਮਵਾਰ ਲੈ ਕੇ ਬੈਠੇ ਹਨਕਾਰਣ? ਕੁੜੀਆਂ ਦੀ ਘਟਦੀ ਜਾਂਦੀ ਗਿਣਤੀ! ਪੰਜਵੇਂ ਨੰਬਰ ਉੱਤੇ ਪੰਜਾਬ!

ਰਾਹ ਚੱਲਦਿਆਂ ਭੱਦੀ ਛੇੜਛਾੜ, ਕੰਮ ਕਾਜ ਵਾਲੀ ਥਾਂ ਉੱਤੇ ਹਵਸ ਦਾ ਸ਼ਿਕਾਰ ਬਣਾਉਣਾ ਅਤੇ ਬੱਸਾਂ ਗੱਡੀਆਂ ਵਿੱਚ ਹੋ ਰਹੀ ਬੇਹਯਾਈ ਦੀ ਗਿਣਤੀ ਕਰਨੀ ਔਖੀ ਹੋਈ ਪਈ ਹੈਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ 36, 700 ਜਬਰ ਜ਼ਨਾਹ ਦੇ ਕੇਸਾਂ ਵਿੱਚੋਂ 197 ਪੁਲਿਸ ਸਟੇਸ਼ਨ ਵਿੱਚ ਪੁਲਿਸ ਦੀ ਦੇਖ-ਰੇਖ ਹੇਠਾਂ ਹੋਏਉੱਤਰ ਪ੍ਰਦੇਸ਼ ਵਿੱਚ ਤਾਂ ਹੱਦ ਬੰਨ੍ਹੇ ਹੀ ਤੋੜ ਦਿੱਤੇ ਗਏ ਕਿਉਂਕਿ ਉੱਥੇ ਦੇ 90 ਪ੍ਰਤੀਸ਼ਤ ਬਲਾਤਕਾਰਾਂ ਦੇ ਕੇਸ ਥਾਣਿਆਂ ਅੰਦਰ ਹੀ ਹੋਏਕਾਰਾ ਕਰਨ ਵਾਲੇ ਵੱਡੇ ਘਰਾਂ ਦੇ ਕਾਕੇ ਆਪਣਾ ਅਸਰ ਰਸੂਖ ਵਰਤ ਕੇ ਕੇਸਾਂ ਵਿੱਚੋਂ ਝਟ ਬਾਹਰ ਨਿਕਲ ਗਏ।

ਇਨ੍ਹਾਂ ਤੋਂ ਇਲਾਵਾ 4200 ਹੋਰ ਕੇਸ ਰਿਕਾਰਡ ਕੀਤੇ ਗਏ, ਜਿਨ੍ਹਾਂ ਵਿੱਚ ਜਬਰਜ਼ਨਾਹ ਕਰਨ ਦੀ ਕੋਸ਼ਿਸ਼ ਕਰਦਿਆਂ ਰਾਹਗੀਰਾਂ ਜਾਂ ਆਂਢੀਆਂ-ਗੁਆਂਢੀਆਂ ਵੱਲੋਂ ਬਚਾ ਲਿਆ ਗਿਆ ਜਾਂ ਔਰਤਾਂ ਨੇ ਆਪਣੀ ਆਬਰੂ ਬਚਾਉਣ ਖ਼ਾਤਰ ਖ਼ੁਦਕੁਸ਼ੀ ਕਰ ਲਈ

ਨੰਗੇਜ਼ਵਾਦ ਵਿੱਚ ਵਾਧਾ ਸਿਖ਼ਰ ਉੱਤੇ ਪਹੁੰਚ ਚੁੱਕਿਆ ਹੈ ਜਿਸ ਵਿੱਚ ਮੀਡੀਆ, ਮੋਬਾਇਲ, ਲੱਚਰ ਗੀਤ ਸੰਗੀਤ, ਕੰਪਿਊਟਰ, ਇੰਟਰਨੈੱਟ, ਫੇਸਬੁੱਕ ਆਦਿ ਹਨ। ਗੱਲ ਕੀ ਹਰ ਜਣਾ ਖਣਾ ਔਰਤ ਨੂੰ ਨਿਰਵਸਤਰ ਕਰਨ ਦੀ ਹੋੜ ਵਿੱਚ ਪਹਿਲਾ ਨੰਬਰ ਲੈਣ ਦੇ ਜਤਨ ਵਿੱਚ ਲੱਗਿਆ ਹੋਇਆ ਹੈਭਾਰਤ ਵਿਚਲੇ ਅਜਿਹੇ 674 ਕੇਸ ਜੋ ਔਰਤਾਂ ਦੀਆਂ ਕੱਪੜੇ ਬਦਲਦੀਆਂ ਦੀਆਂ ਜਾਂ ਨਹਾਉਂਦੀਆਂ ਦੀਆਂ ਵੀਡੀਓ ਬਣਾਉਣ ਵਾਲੇ ਸਾਹਮਣੇ ਆਏ। ਉਨ੍ਹਾਂ ਵਿੱਚ ਗੋਆ ਪਹਿਲੇ ਨੰਬਰ ਉੱਤੇ ਹੈ ਤੇ ਅਸਾਮ ਦੂਜੇ ਨੰਬਰ ਉੱਤੇ

ਬੱਚੀਆਂ ਦਾ ਪਿੱਛਾ ਕਰ ਕੇ ਧਮਕਾਉਣ ਜਾਂ ਅਗਵਾ ਕਰਨ ਦੇ 4600 ਕੇਸ ਸੰਨ 2014 ਵਿੱਚ ਰਿਪੋਰਟ ਹੋਏ ਜਿਸ ਵਿੱਚ ਪਹਿਲਾ ਨੰਬਰ ਉੱਤਰ ਪ੍ਰਦੇਸ਼ (835 ਕੇਸ) ਤੇ ਦੂਜਾ ਮਹਾਰਾਸ਼ਟਰ ਦਾ ਹੈ (797 ਕੇਸ)ਦਿੱਲੀ ਵਿੱਚ 541 ਕੇਸ ਰਿਕਾਰਡ ਹੋਏ ਪਰ ਆਬਾਦੀ ਦੇ ਹਿਸਾਬ ਨਾਲ ਵੇਖੀਏ ਤਾਂ ਦਿੱਲੀ ਦਾ ਨਾਂ ਪਹਿਲੇ ਨੰਬਰ ਉੱਤੇ ਆ ਜਾਂਦਾ ਹੈ

ਕੰਮ ਕਾਰ ਵਾਲੀ ਥਾਂ ਉੱਤੇ ਹੋ ਰਹੀ ਔਰਤਾਂ ਨਾਲ ਭੱਦੀ ਛੇੜਛਾੜ ਅਤੇ ਯੌਨ ਉਤਪੀੜਨ ਦੇ ਕੇਸ ਇੰਨੇ ਜ਼ਿਆਦਾ ਹੋ ਚੁੱਕੇ ਹਨ ਕਿ ਗਿਣਤੀ ਕਰਨੀ ਔਖੀ ਹੋ ਗਈ ਹੈ ਕਿਉਂਕਿ ਡਰਾ ਧਮਕਾ ਕੇ ਜਿਸ ਤਰੀਕੇ ਉਨ੍ਹਾਂ ਔਰਤਾਂ ਦਾ ਮੂੰਹ ਘੁੱਟ ਦਿੱਤਾ ਜਾਂਦਾ ਹੈ, ਉਹ ਕੇਸ ਦਰਜ ਕਰਵਾਉਣ ਅਗਾਂਹ ਨਿਕਲਦੀਆਂ ਹੀ ਨਹੀਂਨੈਸ਼ਨਲ ਕਰਾਈਮ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਵਾਕਈ ਲਗਭਗ ਹਰ ਕੰਮਕਾਰ ਵਾਲੀ ਥਾਂ ਔਰਤਾਂ ਨਾਲ ਧੱਕਾ ਹੋ ਰਿਹਾ ਹੈ ਪਰ ਕੇਵਲ 57 ਔਰਤਾਂ ਹੀ ਪੂਰੇ ਭਾਰਤ ਵਿੱਚੋਂ ਕੇਸ ਕਰਨ ਅਗਾਂਹ ਆਈਆਂਬਾਕੀ ਚੁੱਪ ਚਾਪ ਸਹਿ ਰਹੀਆਂ ਹਨ ਤਾਂ ਜੋ ਸਹੁਰੇ-ਪੇਕੇ ਘਰ ਦੀ ਲੱਜ ਢਕੀ ਰਹਿ ਸਕੇ ਜਦੋਂ ਕੰਮਕਾਰ ਵਾਲੀ ਥਾਂ ਉੱਤੇ ਸਮੂਹਕ ਤੌਰ ’ਤੇ ਨੌਕਰੀਪੇਸ਼ਾ ਕੁੜੀ ਉੱਤੇ ਹੱਲਾ ਬੋਲਿਆ ਗਿਆ ਹੋਵੇ ਜਾਂ ਕੰਮਕਾਰ ਵਾਲੀ ਥਾਂ ਤੋਂ ਬਾਹਰ ਬੌਸ ਨਾਲ ਹੋਰ ਦੋਸਤ ਰਲ ਕੇ ਨੌਕਰੀ ਕਰਦੀ ਲੋੜਵੰਦ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਹੋਣ, ਤਾਂ ਅਜਿਹੇ 469 ਕੇਸ ਜ਼ਰੂਰ ਰਿਪੋਰਟ ਹੋਏ ਹਨ

ਬੱਸਾਂ, ਰੇਲ ਗੱਡੀਆਂ, ਸੜਕਾਂ ਉੱਤੇ, ਰਾਹ ਵਿੱਚ ਆਉਂਦੇ ਜਾਂਦੇ ਸੀਟੀਆਂ ਮਾਰਨੀਆਂ, ਭੱਦੀ ਛੇੜਛਾੜ, ਗੁੰਡਾਗਰਦੀ, ਚੂੰਢੀਆਂ ਵੱਢਣੀਆਂ, ਸਰੀਰ ਨੂੰ ਟੋਹਣਾ ਆਦਿ ਕੇਸਾਂ ਨੂੰ ਪੁਲਿਸ ਰਿਕਾਰਡ ਕਰਨ ਵਿੱਚ ਵੀ ਆਨਾਕਾਨੀ ਕਰਨ ਲੱਗ ਪਈ ਹੈ, ਕਿਉਂਕਿ ਜਿੰਨੇ ਕੇਸ ਅਸਲ ਵਿੱਚ ਵਾਪਰ ਰਹੇ ਹਨ, ਜੇ ਗਿਣਤੀ ਕਰਨੀ ਪੈ ਜਾਏ ਤਾਂ ਭਾਰਤ ਦੀ ਲਗਭਗ ਹਰ ਔਰਤ ਤੇ ਬੱਚੀ ਇਹ ਹਾਮੀ ਭਰੇਗੀ ਕਿ ਉਸ ਨਾਲ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਵਾਰ ਅਜਿਹਾ ਹੋ ਚੁੱਕਿਆ ਹੈਦਿੱਲੀ ਵਰਗੇ ਸ਼ਹਿਰ ਵਿੱਚ, ਜਿਹੜਾ ਔਰਤਾਂ ਲਈ ਸਭ ਤੋਂ ਖ਼ਤਰਨਾਕ ਥਾਂ ਸਾਬਤ ਹੋ ਚੁੱਕਿਆ ਹੈ, ਸਿਰਫ਼ 8 ਔਰਤਾਂ ਨੇ ਅਜਿਹੀ ਛੇੜਛਾੜ ਦਾ ਕੇਸ ਦਰਜ ਕਰਵਾਇਆ ਹੈਪੂਰੇ ਭਾਰਤ ਵਿੱਚ ਸਿਰਫ਼ 121 ਔਰਤਾਂ ਨੇ ਕੇਸ ਦਰਜ ਕਰਵਾਇਆ ਪਰ ਸਾਰੀਆਂ ਨੇ ਇਹੋ ਮੰਨਿਆ ਕਿ ਕੇਸ ਦਰਜ ਕਰਵਾਉਣ ਬਾਅਦ ਵੀ ਉਸੇ ਹਾਲ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਤਬਦੀਲੀ ਮਾਹੌਲ ਵਿੱਚ ਆਈ ਨਹੀਂ ਦਿਸੀ।

ਸੰਨ 2014 ਵਿੱਚ 77, 000 ਅਗਵਾ ਦੇ ਕੇਸ ਦਰਜ ਹੋਏ ਜਿਨ੍ਹਾਂ ਵਿੱਚੋਂ 31, 000 ਬੱਚੀਆਂ ਸਿਰਫ਼ ਵਿਆਹ ਕਰਵਾਉਣ ਲਈ ਛੜਿਆਂ ਵੱਲੋਂ ਚੁਕਵਾਈਆਂ ਗਈਆਂ ਕਿਉਂਕਿ ਕੁੜੀਆਂ ਦੀ ਘਾਟ ਕਾਰਣ ਉਨ੍ਹਾਂ ਦੇ ਵਿਆਹ ਨਹੀਂ ਸਨ ਹੋ ਰਹੇਉੱਤਰ ਪ੍ਰਦੇਸ਼, ਬਿਹਾਰ ਤੇ ਅਸਾਮ ਵਿਚਲੀਆਂ 50 ਫੀਸਦੀ ਅਗਵਾ ਹੋਈਆਂ ਬੱਚੀਆਂ (ਉੱਤਰ ਪ੍ਰਦੇਸ਼ ਵਿੱਚ 7, 338 ਜਵਾਨ ਬੱਚੀਆਂ ਚੁੱਕੀਆਂ ਗਈਆਂ ਯਾਨੀ 60 ਫੀਸਦੀ ਅਗਵਾ ਹੋਏ ਕੇਸ) ਸਿਰਫ ਵਿਆਹ ਕਰਵਾਉਣ ਲਈ ਚੁੱਕੀਆਂ ਗਈਆਂ

ਜਿਹੜਾ ਤੱਥ ਸਭ ਤੋਂ ਘਿਨਾਉਣਾ ਹੈ, ਉਹ ਇਹ ਹੈ ਕਿ 47 ਫੀਸਦੀ ਜਬਰਜ਼ਨਾਹ ਦੇ ਕੇਸ 18 ਸਾਲ ਤੋਂ ਛੋਟੀਆਂ ਬੱਚੀਆਂ, ਖਾਸਕਰ 6 ਸਾਲ ਤੋਂ ਵੀ ਛੋਟੀਆਂ ਬੱਚੀਆਂ ਵਿੱਚ ਰਿਕਾਰਡ ਕੀਤੇ ਗਏ! ਮੱਧ ਪ੍ਰਦੇਸ ਵਿੱਚ 5076 ਤੇ ਹਿਮਾਚਲ ਵਿੱਚ 284 ਰੇਪ ਦੇ ਕੇਸ ਦਰਜ ਹੋਏ ਪਰ ਇਨ੍ਹਾਂ ਵਿੱਚ ਸਭ ਤੋਂ ਵੱਧ ਕੇਸ 6 ਤੋਂ 12 ਅਤੇ ਫੇਰ 12 ਤੋਂ 16 ਸਾਲ ਦੀਆਂ ਨਿੱਕੀਆਂ ਬਾਲੜੀਆਂ ਦੇ ਸਨ। ਸਾਲ 2014 ਵਿੱਚ 18 ਤੋਂ 30 ਸਾਲ ਦੀਆਂ 97 ਤੇ 30 ਤੋਂ 45 ਸਾਲ ਦੀਆਂ 49 ਔਰਤਾਂ ਨੇ ਰੇਪ ਦਾ ਕੇਸ ਹਿਮਾਚਲ ਪ੍ਰਦੇਸ਼ ਵਿੱਚ ਦਰਜ ਕਰਵਾਇਆਇਨ੍ਹਾਂ ਤੋਂ ਇਲਾਵਾ ਤਿੰਨ ਕੇਸ 60 ਵਰ੍ਹਿਆਂ ਦੀਆਂ ਔਰਤਾਂ ਦੇ ਵੀ ਸਨ ਤੇ 5 ਕੇਸ 8 ਮਹੀਨੇ ਤੋਂ 2 ਸਾਲ ਦੀਆਂ ਬੱਚੀਆਂ ਦੇ ਰਿਕਾਰਡ ਹੋਏਸੰਨ 2010 ਤੋਂ 2015 ਤਕ ਬਲਾਤਕਾਰ ਦੇ ਰਿਕਾਰਡ ਕੀਤੇ ਜਾ ਰਹੇ ਕੇਸਾਂ ਵਿੱਚ ਲਗਭਗ ਦੁੱਗਣਾ ਵਾਧਾ ਹੁੰਦਾ ਜਾ ਰਿਹਾ ਹੈ!

ਹੁਣ ਇਨ੍ਹਾਂ 6 ਜਾਂ 8 ਮਹੀਨਿਆਂ ਦੀਆਂ ਕਿਲਕਾਰੀਆਂ ਮਾਰਦੀਆਂ ਬਾਲੜੀਆਂ ਤੋਂ ਲੈ ਕੇ 60 ਵਰ੍ਹਿਆਂ ਦੀ ਮਾਂ ਦਾ ਚੀਰਹਰਣ ਕਰਨ ਵਾਲਿਆਂ ਬਾਰੇ ਵੀ ਜਾਨਣ ਦੀ ਕੋਸ਼ਿਸ਼ ਕਰੀਏ।

ਪੁਲਿਸ ਦੀ ਤਫ਼ਤੀਸ਼ ਅਨੁਸਾਰ ਸਾਰੇ ਦੇ ਸਾਰੇ ਰਿਕਾਰਡ ਹੋਏ ਕੇਸਾਂ ਵਿੱਚ ਘਿਨਾਉਣਾ ਕਾਰਾ ਕਰਨ ਵਾਲੇ ਬਾਲੜੀਆਂ ਦੇ ਪਿਓ, ਭਰਾ, ਮਾਮੇ, ਚਾਚੇ, ਤਾਏ, ਫੁੱਫੜ ਜਾਂ ਹੋਰ ਨੇੜੇ ਦੇ ਰਿਸ਼ਤੇਦਾਰ ਹੀ ਸਨ! ਇੱਕ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਕਿਸੇ ਬਾਹਰਲੇ ਨੇ ਹੱਦ ਟੱਪੀ ਹੋਵੇ! ਹਿਮਾਚਲ ਵਿੱਚ ਰਿਪੋਰਟ ਹੋਏ 283 ਕੇਸਾਂ ਵਿੱਚੋਂ 24 ਤਾਂ ਪਿਓ ਹੀ ਗੁਨਾਹਗਾਰ ਸਨ, 5 ਭਰਾ, 16 ਚਾਚੇ-ਤਾਏ ਤੇ 49 ਬਹੁਤ ਨੇੜਲੇ ਗੁਆਂਢੀਇਸੇ ਤਰ੍ਹਾਂ 9 ਕੇਸ ਦਫਤਰ ਦੇ ਬੌਸ ਵੱਲੋਂ ਕੀਤੀ ਜਿਸਮਾਨੀ ਵਧੀਕੀ ਦੇ ਸਨ।

ਸਭ ਤੋਂ ਘੱਟ ਜਬਰਜ਼ਨਾਹ ਦੇ ਕੇਸ ਨਾਗਾਲੈਂਡ (30), ਸਿੱਕਮ (47) ਤੇ ਮਨੀਪੁਰ (75) ਵਿੱਚ ਰਿਪੋਰਟ ਹੋਏ ਸਨ!

ਭਾਵੇਂ ਵੰਡ ਤੇ ਜੰਗਾਂ ਸਮੇਂ ਦੀ ਭਿਆਨਕ ਜ਼ਲਾਲਤ ਸਹਿਣੀ ਪਈ ਹੋਵੇ, ਭਾਵੇਂ ਸਕੂਲਾਂ ਵਿੱਚ ਅਧਿਆਪਿਕਾਂ ਹੱਥੋਂ ਜਬਰਜ਼ਨਾਹ ਦੇ ਕੇਸ ਹੋਣ, ਧਾਰਮਿਕ ਸਥਾਨਾਂ ਉੱਤੇ ਬੇਹਯਾਈ ਕੀਤੀ ਗਈ ਹੋਵੇ, ਕੁੱਖ ਵਿੱਚ ਕਤਲ ਕਰਕੇ ਕੁੱਤਿਆਂ ਅੱਗੇ ਸੁੱਟਿਆ ਗਿਆ ਹੋਵੇ, ਗੋਦ ਵਿੱਚ ਮੁਸਕਰਾਉਂਦੀ ਕਲੀ ਨੂੰ ਪਿਓ ਜਾਂ ਭਰਾ ਵੱਲੋਂ ਹੀ ਮਿੱਧਿਆ ਗਿਆ ਹੋਵੇ, ਕੰਮਕਾਰ ਵਾਲੀ ਥਾਂ ਔਰਤ ਨੂੰ ਨਿਰਵਸਤਰ ਕੀਤਾ ਗਿਆ ਹੋਵੇ, ਮੀਡੀਆ ਰਾਹੀਂ ਅਸ਼ਲੀਲ ਤਸਵੀਰਾਂ ਨਾਲ, ਭੱਦੇ ਗੀਤ-ਸੰਗੀਤ ਨਾਲ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੋਵੇ ਜਾਂ ਤਾਹਨੇ ਮਿਹਣਿਆਂ ਨਾਲ ਲਫ਼ਜ਼ੀ ਬਲਾਤਕਾਰ ਹੋ ਰਿਹਾ ਹੋਵੇ, ਔਰਤ ਜ਼ਾਤ ਨੂੰ ਜ਼ਲੀਲ ਕਰਨ ਵਿੱਚ ਕੋਈ ਪਿਛਾਂਹ ਨਹੀਂ ਰਹਿ ਰਿਹਾ

ਸਹੀ ਕਿਹਾ ਗਿਆ ਹੈ:

“ਇਹ ਦੇਸ ਕੇ ਮੰਦਿਰੋਂ ਮੇਂ ਕਹਾਂ ਦਰਾਰ ਨਹੀਂ
ਸਹੀ ਸਲਾਮਤ ਏਕ ਭੀ ਦੀਵਾਰ ਨਹੀਂ

ਮਤ ਪੂਛੋ ਕਿਸ ਨੇ ਲੂਟਾ ਹੈ ਇਸ ਗੁਲਸ਼ਨ ਕੋ
ਯੇ ਪੂਛੋ ਇਸ ਲੂਟ ਮੇਂ ਕੌਨ ਹਿੱਸੇਦਾਰ ਨਹੀਂ
?”

ਰਿਪੋਰਟਾਂ ਮੁਤਾਬਕ ਜੇ ਪਿਓ ਗੋਦ ਵਿੱਚ ਪਈ ਧੀ ਦੀ ਪੱਤ ਲੁੱਟਣ ਤੋਂ ਬਿਨਾਂ ਨਹੀਂ ਰਹਿ ਸਕਿਆ ਤੇ ਪੁੱਤਰ ਮਾਂ ਦਾ ਬਲਾਤਕਾਰ ਕਰਨ ਤੋਂ ਬਗ਼ੈਰ ਨਹੀਂ ਰਹਿ ਸਕਿਆ ਤਾਂ ਔਰਤ ਕਿੱਥੇ ਸੁਰੱਖਿਅਤ ਮੰਨੀ ਜਾਣੀ ਚਾਹੀਦੀ ਹੈ? ਕੌਣ ਉਸ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਏਗਾ?

ਔਰਤ ਦੇ ਮੁਰਦਾ ਜਿਸਮ ਤਕ ਨਾਲ ਕੀਤਾ ਗਿਆ ਬਲਾਤਕਾਰ ਅਨੇਕ ਵਾਰ ਰਿਕਾਰਡ ਹੋ ਚੁੱਕਿਆ ਹੈ

ਕਮਾਲ ਦਾ ਜਿਗਰਾ ਕਹਿਣਾ ਚਾਹੀਦਾ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਮਰਦ ਧਾਰਮਿਕ ਸਥਾਨਾਂ ਵਿੱਚ ਦੇਵੀਆਂ ਨੂੰ ਮਾਵਾਂ ਤੇ ਕੰਜਕਾਂ ਦੇ ਨਾਂ ਦੇ ਕੇ ਉੱਚੇ-ਉੱਚੇ ਨਾਅਰੇ ਲਾਉਂਦੇ, ਮੱਥੇ ਤਿਲਕ ਲਾਉਂਦੇ ਤੇ ਉਨ੍ਹਾਂ ਅੱਗੇ ਮੱਥੇ ਰਗੜ ਕੇ ਪਾਪ ਬਖ਼ਸ਼ਵਾਉਂਦੇ, ਧਨ ਦੌਲਤ ਦੇ ਵਾਧੇ ਲਈ ਦੁਆਵਾਂ ਕਰਦੇ ਵੇਖੇ ਜਾਂਦੇ ਹਨ।

ਪਿੰਡਾਂ ਦੀਆਂ ਪੰਚਾਇਤਾਂ ਫ਼ੈਸਲੇ ਦੇ ਰਹੀਆਂ ਹਨ ਕਿ ਜੇ ਮੁੰਡਾ ਜਾਤੀ ਤੋਂ ਬਾਹਰ ਵਿਆਹ ਕਰਵਾਏਗਾ ਤਾਂ ਉਸ ਦੀਆਂ ਭੈਣਾਂ ਦਾ ਸਮੂਹਕ ਬਲਾਤਕਾਰ ਕੀਤਾ ਜਾਵੇਗਾ! ਕਮਾਲ ਹੀ ਹੋ ਗਈ ਦੋਗਲੇਪਨ ਦੀ! ਕੋਈ ਹੱਦਨਨਨਾ ਛੱਡਿਆ ਹੀ ਨਹੀਂ ਗਿਆ! ਕੇਸ ਕੋਈ ਵੀ ਹੋਵੇ, ਫ਼ੈਸਲਾ ਔਰਤ ਦੀ ਪੱਤ ਲੁੱਟਣ ਦਾ ਸੁਣਾਇਆ ਜਾਵੇਗਾ! ਦੁਰ ਫਿੱਟੇ ਮੂੰਹ ਇਹੋ ਜਿਹੇ ਸਮਾਜ ਦਾ!

ਅਸਲੀਅਤ ਵਿੱਚ ਇਹ ਸਮਾਜ ਪੂਰਾ ਨੰਗਾ ਹੈ, ਪਰ ਨੰਗਾ ਕਹਾਏ ਜਾਣ ਤੋਂ ਡਰਦਾ ਹੈਪਾਖੰਡ ਦਾ ਨਕਾਬ ਪਹਿਨ ਕੇ ਬੈਠੇ ਬਥੇਰੇ ਲੋਕ ਆਪਣੇ ਮਨ ਅੰਦਰਲੇ ਪਾਪ ਦੇ ਪੁੰਗਰੇ ਬੀਜ ਨੂੰ ਲੁਕਾਉਣ ਖ਼ਾਤਰ ਔਰਤ ਨੂੰ ਹੀ ਔਰਤ ਦਾ ਦੁਸ਼ਮਣ ਕਹਿ ਕੇ ਪਾਸਾ ਵੱਟ ਕੇ ਬਹਿ ਜਾਂਦੇ ਹਨ

ਛੇ ਮਹੀਨਿਆਂ ਦੀ ਬੱਚੀ ਨਾਲ ਕੁਕਰਮ ਕਰਨ ਵਾਲਾ ਪਿਓ, 60 ਸਾਲਾਂ ਦੀ ਮਾਂ ਨਾਲ ਮੂੰਹ ਕਾਲਾ ਕਰਨ ਵਾਲਾ ਪੁੱਤਰ, ਰੱਖੜੀ ਬੰਨ੍ਹਣ ਵਾਲੀ ਭੈਣ ਨਾਲ ਬੇਹਯਾਈ ਕਰਨ ਵਾਲਾ ਭਰਾ, ਫਰੇਬੀ ਮੁਖੌਟਾ ਪਹਿਨੀ ਦਫਤਰ ਦਾ ਬੌਸ ਆਪਣੇ ਮਾਤਹਿਤ ਕੰਮ ਕਰਦੀ ਔਰਤ ਨੂੰ ਝਪਟਣ ਲਈ ਸ਼ਿੰਕਜਾ ਕੱਸ ਕੇ ਬੈਠਾ ਤਿਆਰ-ਬਰ-ਤਿਆਰ ਕਿਵੇਂ ਇਹ ਮੰਨੇ ਕਿ ਮਰਦ ਔਰਤ ਦਾ ਦੁਸ਼ਮਣ ਹੈ? ਆਪਣਾ ਬਘਿਆੜੀ ਰੂਪ ਲੁਕਾਉਣ ਖ਼ਾਤਰ ਕਿੰਨਾ ਸੌਖਾ ਹੈ ਕਿ ਜਿਸ ਉੱਤੇ ਜ਼ੁਲਮ ਕੀਤਾ ਗਿਆ ਹੋਵੇ, ਉਸੇ ਨੂੰ ਗੁਨਾਹਗਾਰ ਸਾਬਤ ਕਰ ਦਿਓ।

ਜਿੰਨੀਆਂ ਮਾਵਾਂ ਤੋਂ ਪੁੱਛਗਿਛ ਕੀਤੀ ਗਈ ਕਿ ਉਨ੍ਹਾਂ ਆਪਣੀਆਂ ਅੱਖਾਂ ਸਾਹਮਣੇ ਆਪਣੀ ਧੀ ਦਾ ਬਲਾਤਕਾਰ ਆਪਣੇ ਪਤੀ ਵੱਲੋਂ ਹੁੰਦਾ ਵੇਖਿਆ ਤਾਂ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ, ਤਾਂ ਉਨ੍ਹਾਂ ਦਾ ਜਵਾਬ ਸੀ, “ਘਰ ਤਾਂ ਇੱਕ ਚੱਬ ਰਿਹਾ ਹੈ, ਪਰ ਘਰੋਂ ਬਾਹਰ ਸੈਂਕੜੇ ਸਾਨੂੰ ਨੋਚਣ ਨੂੰ ਤਿਆਰ ਬੈਠੇ ਹਨ? ਕਿੱਥੇ ਸ਼ਰਨ ਲਈਏ? ਇਸੇ ਲਈ ਇਹੀ ਜੇਲ ਰੂਪੀ ਨਰਕ ਔਖੇ-ਸੌਖੇ ਕੱਟ ਲੈਂਦੇ ਹਾਂ।”

ਇੰਨਾ ਸਭ ਕੁਝ ਵੇਖ ਸੁਣ ਕੇ, ਮੈਂ ਹਾਲੇ ਵੀ ਨਾ-ਉਮੀਦ ਨਹੀਂ ਹੋਈਬਥੇਰੇ ਮਰਦ ਹਾਲੇ ਵੀ ਇੱਕੋ ਰਟ ਨਹੀਂ ਲਗਾ ਕੇ ਬੈਠੇ ਕਿ ਸਿਰਫ਼ ਔਰਤ ਹੀ ਔਰਤ ਦੀ ਦੁਸ਼ਮਣ ਹੈ, ਬਲਕਿ ਉਹ ਅਜਿਹਾ ਘਿਨਾਉਣਾ ਕਾਰਾ ਕਰਨ ਵਾਲਿਆਂ ਮਰਦਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨਹਾਲੇ ਵੀ ਕਾਨੂੰਨ ਦੇ ਘਾੜੇ ਹਨ ਜੋ ਔਰਤਾਂ ਪ੍ਰਤੀ ਹੋ ਰਹੇ ਘਿਨਾਉਣੇ ਜੁਰਮਾਂ ਅਤੇ ਉਸਦੀ ਇੱਜ਼ਤ ਤਾਰ-ਤਾਰ ਕਰਨ ਵਾਲਿਆਂ ਲਈ ਤਕੜੀ ਸਜ਼ਾ ਦੇਣ ਲਈ ਤਿਆਰ ਹਨਬਥੇਰੇ ਡਾਕਟਰ ਵੀ ਹਨ ਜੋ ਜਬਰਜ਼ਨਾਹ ਕਰਨ ਵਾਲਿਆਂ ਦਾ ਅੰਗ ਵੱਢ ਕੇ ਨਪੰਸਕ ਬਣਾਉਣ ਨੂੰ ਤਿਆਰ ਬੈਠੇ ਹਨਬਥੇਰੇ ਪਿਓ ਵੀ ਹਨ ਜੋ ਦੂਜਿਆਂ ਦੀਆਂ ਧੀਆਂ ਬਚਾਉਣ ਲਈ ਸਭ ਕੁਝ ਵਾਰ ਦਿੰਦੇ ਹਨਅਧਿਆਪਕ ਵਰਗ ਵਿੱਚ ਵੀ ਬਥੇਰੇ ਭਲੇ ਮਾਨਸ ਹਨ, ਪਰ ਖ਼ਾਮੋਸ਼ ਰਹਿ ਜਾਣਾ ਉਨ੍ਹਾਂ ਨੂੰ ਜੁਰਮ ਦਾ ਭਾਗੀਦਾਰ ਬਣਾ ਦਿੰਦਾ ਹੈ

ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਣ ਵੱਧ ਬੀਮਾਰ ਹੋ ਗਿਆ ਹੈ! ਕਿਉਂ ਨਹੀਂ ਰਲਮਿਲ ਕੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜਾਂਦਾ ਤਾਂ ਜੋ ਅੱਗੇ ਤੋਂ ਮਾੜੀ ਸੋਚ ਵਾਲਿਆਂ ਦੇ ਦਿਲ ਦਹਿਲ ਜਾਣ? ਕਦੇ ਤਾਂ ਉੱਠੀਏ ਮਾਂ ਦੇ ਦੁੱਧ ਦਾ ਕਰਜ਼ ਲਾਹੁਣ ਲਈ! ਸੁਰਜੀਤ ਪਾਤਰ ਜੀ ਨੇ ਸਹੀ ਹਲੂਣਿਆ ਹੈ:

ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ
ਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ
ਉੱਠ ਜਗਾ ਦੇ ਮੋਮਬੱਤੀਆਂ

ਮੰਨਿਆ ਕਿ ਰਾਜ ਨ੍ਹੇਰੇ ਦਾ ਹਠੀਲਾ
ਪਰ ਅਜੇ ਜਿਊਂਦਾ ਹੈ ਕਿਰਨਾਂ ਦਾ ਕਬੀਲਾ
ਕਾਲਿਆਂ ਸਫ਼ਿਆਂ ’ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ!

ਲੋੜ ਹੈ ਅਜਿਹੀ ਇੱਕ-ਇੱਕ ਮੋਮਬੱਤੀ ਜੋੜ ਵੱਡੀ ਲਾਟ ਬਣਾਉਣ ਦੀ, ਜਿਸ ਵਿੱਚ ਜੁਰਮ ਕਰਨ ਵਾਲੇ ਭਸਮ ਕਰ ਦਿੱਤੇ ਜਾਣ ਤੇ ਮਾੜੀ ਸੋਚ ਵੀ ਨਿਪੁੰਸਕ ਬਣ ਜਾਏ! ਫੇਰ ਹੀ ਸਮਾਜ ਦਾ ਘਿਨਾਉਣਾ ਰੂਪ ਸੁਧਾਰਿਆ ਜਾ ਸਕੇਗਾ!

****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2865)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author