HarshinderKaur7ਜੇ ਇੱਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ, ਤਾਂ ...
(2 ਨਵੰਬਰ 2020)

 

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈਜਦੋਂ ਹੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ ਸੈਕੜਿਆਂ ਦੀ ਗਿਣਤੀ ਵਿੱਚ ਹਰ ਸ਼ਹਿਰ ਵਿੱਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉੱਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ ਸਕੂਟਰਾਂ ਦੀ ਰੇਸ ਵਿੱਚ ਸਾਈਕਲ ਨੂੰ ਭੁਲਾ ਹੀ ਚੁੱਕੇ ਸਨਕੋਰੋਨਾ ਨੇ ਕਸਰਤ ਅਤੇ ਸਿਹਤਮੰਦ ਖ਼ੁਰਾਕ ਵੱਲ ਸਭ ਨੂੰ ਮੋੜਿਆ

ਸਾਈਕਲ ਚਲਾਉਣ ਵਾਲੇ ਲੰਮੀ ਜ਼ਿੰਦਗੀ ਭੋਗਦੇ ਹਨਇਹ ਨੁਕਤਾ ਤਾਂ ਬਹੁਤ ਪੁਰਾਣਾ ਪ੍ਰਚਲਿਤ ਹੈ ਕਿ ਕਾਰਾਂ ਜਾਂ ਸਕੂਟਰਾਂ ਨਾਲ ਜਿੱਥੇ ਐਕਸੀਡੈਂਟ ਰਾਹੀਂ ਜਾਨਾਂ ਜਾ ਰਹੀਆਂ ਹਨ, ਉੱਥੇ ਕਸਰਤ ਘਟਣ ਨਾਲ ਇਨਸਾਨੀ ਸਰੀਰ ਬੀਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ

ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਔਰਤਾਂ ਜੇ ਲਗਾਤਾਰ ਦੋ ਸਾਲ, ਹਫ਼ਤੇ ਵਿੱਚ ਤਿੰਨ ਵਾਰ ਤੋਂ ਵੱਧ ਅਤੇ ਰੋਜ਼ 25 ਮੀਲ ਤਕ ਸਾਈਕਲ ਚਲਾਉਂਦੀਆਂ ਰਹਿਣ ਤਾਂ ਉਨ੍ਹਾਂ ਵਿੱਚ ਗੱਦੀ ਉੱਤੇ ਛੁੰਹਦੇ ਹਿੱਸੇ ਦਾ ਸੁੰਨ ਹੋਣਾ ਅਤੇ ਸਖ਼ਤ ਗੱਦੀ ਸਦਕਾ ਚਮੜੀ ਦਾ ਸਖ਼ਤ ਹੋਣਾ ਜਾਂ ਜ਼ਖ਼ਮ ਬਣਨ ਦਾ ਖ਼ਤਰਾ ਹੁੰਦਾ ਹੈਇੰਜ ਹੀ ਬਹੁ-ਗਿਣਤੀ ਸਾਈਕਲ ਚਲਾਉਂਦੀਆਂ ਔਰਤਾਂ ਵਿੱਚ ਪਿਸ਼ਾਬ ਦੇ ਰਾਹ ਵਿੱਚ ਕੀਟਾਣੂਆਂ ਦੇ ਹੱਲੇ ਦਾ ਖ਼ਤਰਾ ਵੀ ਹੁੰਦਾ ਹੈ

ਇੱਕ ਹੋਰ ਖੋਜ ਨੇ ਪੁਰਸ਼ਾਂ ਦੇ ਦੋ ਸਾਲ ਲਗਾਤਾਰ ਬਹੁਤ ਜ਼ਿਆਦਾ ਸਾਈਕਲ ਚਲਾਉਣ ਬਾਅਦ ਉਨ੍ਹਾਂ ਵਿੱਚ ਮਰਦਾਨਾ ਕਮਜ਼ੋਰੀ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਤੇ ਸ਼ੁਕਰਾਣੂਆਂ ਵਿੱਚ ਕਮੀ ਬਾਰੇ ਵੀ ਦੱਸਿਆ

ਇਨ੍ਹਾਂ ਦੋਨਾਂ ਖੋਜਾਂ ਬਾਰੇ ਅਮਰੀਕਨ ਯੂਰੌਲੋਜੀਕਲ ਐਸੋਸੀਏਸ਼ਨ ਵਿਚਲੇ 21 ਹਜ਼ਾਰ ਡਾਕਟਰਾਂ ਨੇ ਨਕਾਰਿਆ ਕਿ ਜੇ ਸਾਈਕਲ ਚਲਾਉਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਨ੍ਹਾਂ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈਸਾਈਕਲ ਚਲਾਉਣ ਦੇ ਫ਼ਾਇਦੇ ਇੰਨੇ ਜ਼ਿਆਦਾ ਹਨ ਕਿ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ

ਦਰਅਸਲ ਸਖਤ ਸੀਟ ਨਾਲ ਹੇਠਲੀਆਂ ਨਸਾਂ ਤੇ ਲਹੂ ਦੀਆਂ ਨਾੜੀਆਂ ਦੱਬ ਜਾਂਦੀਆਂ ਹਨਅਜਿਹਾ ਉਨ੍ਹਾਂ ਪੁਲਿਸ ਅਫਸਰਾਂ ਵਿੱਚ ਲੱਭਿਆ ਗਿਆ ਜਿਹੜੇ ਸਾਰਾ ਦਿਨ ਸਾਈਕਲਾਂ ਉੱਤੇ ਡਿਊਟੀ ਨਿਭਾ ਰਹੇ ਸਨ

ਇਸੇ ਲਈ ਸਾਈਕਲ ਦੀ ਸੀਟ ਨਰਮ ਹੋਣੀ ਚਾਹੀਦੀ ਹੈ ਅਤੇ ਸਾਈਕਲ ਚਲਾਉਂਦੇ ਹੋਏ ਰਤਾ ਮਾਸਾ ਹਿਲਜੁਲ ਕਰ ਕੇ ਅਗਾਂਹ ਪਿਛਾਂਹ ਹੋ ਜਾਣਾ ਚਾਹੀਦਾ ਹੈ ਤਾਂ ਜੋ ਇੱਕੋ ਥਾਂ ਸਰੀਰ ਦਾ ਭਾਰ ਨਾ ਪੈਂਦਾ ਰਹੇ

ਸਾਈਕਲ ਚਲਾਉਣ ਦੇ ਫ਼ਾਇਦੇ:

1. ਔਰਤਾਂ ਲਈ ਬਰਿਟਿਸ਼ ਹਾਰਟ ਫਾਊਂਡੇਸ਼ਨ ਨੇ ਸੰਨ 2017 ਵਿੱਚ ਰਿਪੋਰਟ ਛਾਪੀ ਕਿ ਹਰ ਹਫ਼ਤੇ 150 ਮਿੰਟ ਸਾਈਕਲ ਚਲਾਉਣਾ ਅਤੇ ਹਫ਼ਤੇ ਵਿੱਚ ਦੋ ਦਿਨ ਪੱਠੇ ਤਗੜੇ ਕਰਨ ਵਾਲੀਆਂ ਕਸਰਤਾਂ ਔਰਤਾਂ ਲਈ ਬੇਹੱਦ ਜ਼ਰੂਰੀ ਹਨਇਸ ਵੇਲੇ ਇੱਕ ਕਰੋੜ 18 ਲੱਖ ਔਰਤਾਂ ਅਤੇ 83 ਲੱਖ ਮਰਦ ਸਿਰਫ਼ ਇੰਗਲੈਂਡ ਵਿੱਚ ਹੀ ਕਸਰਤ ਨਾ ਕਰਨ ਨੂੰ ਤਰਜੀਹ ਦੇ ਰਹੇ ਹਨਇਸੇ ਲਈ 26.8 ਫੀਸਦੀ ਇੰਗਲੈਂਡ ਦੀਆਂ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਚੁੱਕੀਆਂ ਹਨ

ਰੈਗੂਲਰ ਸਾਈਕਲ ਚਲਾਉਣ ਵਾਲੀਆਂ ਔਰਤਾਂ ਵਿੱਚ ਕੈਂਸਰ ਹੋਣ ਦੇ ਆਸਾਰ ਘੱਟ ਦਿਸੇ, ਹਾਰਟ ਅਟੈਕ ਘੱਟ ਹੋਏ ਤੇ ਸ਼ੱਕਰ ਰੋਗ ਵੀ ਕਾਫ਼ੀ ਘੱਟ ਹੋਇਆ

2. ਔਰਤਾਂ ਵਿੱਚ ਹਾਰਮੋਨ, ਜੀਨ, ਕੰਮ-ਕਾਰ ਤੇ ਸਰੀਰਕ ਬਣਤਰ ਸਦਕਾ ਜੋੜ ਛੇਤੀ ਨੁਕਸਾਨੇ ਜਾਂਦੇ ਹਨ ਤੇ ਤਿੰਨ ਚੌਥਾਈ ਇੰਗਲੈਂਡ ਦੀਆਂ ਔਰਤਾਂ 45 ਸਾਲ ਦੀ ਉਮਰ ਤੋਂ ਬਾਅਦ ਮੋਟਾਪਾ ਵੀ ਸਹੇੜ ਲੈਂਦੀਆਂ ਹਨਇਸੇ ਲਈ ਉਨ੍ਹਾਂ ਨੂੰ ਆਰਥਰਾਈਟਿਸ ਰੋਗ ਕਾਫ਼ੀ ਵੱਧ ਹੁੰਦਾ ਹੈਸਾਈਕਲ ਚਲਾਉਣ ਨਾਲ ਇੱਕ ਘੰਟੇ ਵਿੱਚ 300 ਕੈਲਰੀਆਂ ਤਕ ਖਰਚ ਹੋ ਜਾਂਦੀਆਂ ਹਨ ਤੇ ਭਾਰ ਘਟਣ ਨਾਲ ਜੋੜਾਂ ਦਾ ਦਰਦ ਵੀ ਘਟ ਜਾਂਦਾ ਹੈਸਾਈਕਲ ਚਲਾਉਣ ਵੇਲੇ ਜੋੜ ਸਰੀਰ ਦਾ ਵਾਧੂ ਦਾ ਭਾਰ ਵੀ ਨਹੀਂ ਚੁੱਕਦੇ ਸੋ ਜੋੜਾਂ ਦੀ ਟੁੱਟ-ਫੁੱਟ ਵੀ ਘਟ ਜਾਂਦੀ ਹੈਬਹੁਤਿਆਂ ਦੇ ਕਾਰਟੀਲੇਜ ਵੀ ਵਾਧੂ ਖਿੱਚੇ ਜਾਣ ਤੋਂ ਬਚ ਜਾਂਦੇ ਹਨਪੈਰਾਂ ਦੇ ਜੋੜ, ਗੋਡੇ ਤੇ ਪਿੱਠ, ਸਾਰੇ ਹੀ ਜੋੜਾਂ ਦੀ ਕਸਰਤ ਵੀ ਹੋ ਜਾਂਦੀ ਹੈ ਤੇ ਵਾਧੂ ਭਾਰ ਵੀ ਨਹੀਂ ਝੱਲਣਾ ਪੈਂਦਾ

ਇੱਕ 90 ਸਾਲਾ ਔਰਤ ਲੈਨ ਯਿਨ, ਜੋ ਹਰ ਸਾਲ 160 ਮੀਲ ਸਾਈਕਲ ਚਲਾਉਣ ਦੀ ਦੌੜ ਵਿੱਚ ਸ਼ਾਮਲ ਹੁੰਦੀ ਹੈ ਤੇ ਪਿਛਲੇ 50 ਸਾਲਾਂ ਤੋਂ ਸਾਈਕਲ ਚਲਾ ਰਹੀ ਹੈ, ਦਾ ਇਹੀ ਕਹਿਣਾ ਹੈ ਕਿ ਸਰੀਰ ਉਦੋਂ ਹੀ ਖੜ੍ਹ ਜਾਂਦਾ ਹੈ ਜਦੋਂ ਇਸ ਨੂੰ ਵਰਤਣਾ ਛੱਡ ਦਿੱਤਾ ਜਾਵੇ

3. ਰੈਗੂਲਰ ਸਾਈਕਲ ਚਲਾਉਂਦੀਆਂ ਔਰਤਾਂ ਵਿੱਚ ਮਾਹਵਾਰੀ ਦੌਰਾਨ ਘੱਟ ਤਕਲੀਫ਼ਾਂ ਹੁੰਦੀਆਂ ਹਨ ਤੇ ਉਹ ਜੰਮਣ ਪੀੜਾਂ ਵੀ ਸੌਖੀਆਂ ਜਰ ਜਾਂਦੀਆਂ ਹਨ

4. ਗਰਭਵਤੀ ਔਰਤਾਂ ਵੀ ਡਾਕਟਰ ਦੀ ਸਲਾਹ ਨਾਲ ਰੈਗੂਲਰ ਸਾਈਕਲ ਚਲਾ ਸਕਦੀਆਂ ਹਨ

5. ਇੰਗਲੈਂਡ ਦੇ ‘ਮੈਂਟਲ ਹੈਲਥ ਫਾਊਂਡੇਸ਼ਨ’ ਅਨੁਸਾਰ ਔਰਤਾਂ ਵਿੱਚ ਮਰਦਾਂ ਨਾਲੋਂ ਵੱਧ ਢਹਿੰਦੀ ਕਲਾ ਤੇ ਘਬਰਾਹਟ ਹੁੰਦੀ ਹੈਇਸੇ ਲਈ ਘਰੋਂ ਬਾਹਰ ਤਾਜ਼ੀ ਹਵਾ ਵਿੱਚ ਸਾਈਕਲ ਚਲਾਉਣ ਨਾਲ ਔਰਤਾਂ ਦੀ ਮਾਨਸਿਕ ਦਸ਼ਾ ਵਿੱਚ ਵੀ ਸੁਧਾਰ ਹੁੰਦਾ ਦਿਸਿਆਸਾਈਕਲ ਚਲਾਉਣ ਨਾਲ ਔਰਤ ਅਤੇ ਮਰਦ, ਦੋਹਾਂ ਦੇ ਸਰੀਰ ਅੰਦਰ ਐਡਰੀਨਾਲੀਨ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਓ ਘਟਾ ਕੇ ਚੜ੍ਹਦੀ ਕਲਾ ਦਾ ਇਹਸਾਸ ਕਰਵਾ ਦਿੰਦੇ ਹਨ

6. ਲਗਾਤਾਰ ਸਾਈਕਲ ਚਲਾਉਣ ਵਾਲਿਆਂ ਵਿੱਚ ਹੌਲੀ-ਹੌਲੀ ਸਵੈ-ਵਿਸ਼ਵਾਸ ਵੀ ਵਧਿਆ ਲੱਭਿਆਜਿਵੇਂ-ਜਿਵੇਂ ਸਰੀਰਕ ਤੰਦਰੁਸਤੀ ਹੋਈ, ਸਭਨਾਂ ਦਾ ਮਨੋਬਲ ਵੀ ਵਧ ਗਿਆ

7. ਸਾਈਕਲ ਚਲਾਉਣਾ ਲੱਤਾਂ ਦੇ ਪੱਠਿਆਂ ਦੀ ਬਹੁਤ ਵਧੀਆ ਕਸਰਤ ਮੰਨੀ ਗਈ ਹੈ

8. ਜੋੜਾਂ ਵਿੱਚ ਲਚਕ ਵਧ ਜਾਂਦੀ ਹੈ ਤੇ ਜੋੜ ਬਦਲਣ ਦੀ ਨੌਬਤ ਨਹੀਂ ਆਉਂਦੀ

9. ਤਣਾਓ ਘਟਾਉਣ ਵਿੱਚ ਸਹਾਈ ਹੁੰਦਾ ਹੈ

10. ਰੀੜ੍ਹ ਦੀ ਹੱਡੀ ਤਕੜੀ ਹੋ ਜਾਂਦੀ ਹੈ

11. ਲੱਤਾਂ ਦੀਆਂ ਹੱਡੀਆਂ ਤਕੜੀਆਂ ਹੋ ਜਾਂਦੀਆਂ ਹਨ

12. ਸਰੀਰ ਅੰਦਰ ਥਿੰਦੇ ਦੀ ਮਾਤਰਾ ਘਟ ਜਾਂਦੀ ਹੈ

13. ਢਿੱਡ ਅਤੇ ਪਿੱਠ ਦੇ ਪੱਠਿਆਂ ਦੀ ਕਸਰਤ ਵੀ ਹੋ ਜਾਂਦੀ ਹੈ

14. ਇਹ ਖੋਜ ਰਾਹੀਂ ਸਾਹਮਣੇ ਆ ਚੁੱਕੇ ਤੱਥ ਹਨ ਕਿ ਸੁਸਤੀ ਤੇ ਨਿਤਾਣਾਪਨ ਸਾਈਕਲ ਚਲਾਉਣ ਦੇ ਦਸ ਮਿੰਟ ਦੇ ਅੰਦਰ-ਅੰਦਰ ਖ਼ਤਮ ਹੋਣ ਲੱਗ ਪੈਂਦੇ ਹਨ ਕਿਉਂਕਿ ਸਰੀਰ ਅੰਦਰ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਤਣਾਓ ਘਟਾ ਦਿੰਦੇ ਹਨਰੈਗੂਲਰ ਤੌਰ ਉੱਤੇ ਸਾਈਕਲ ਚਲਾਉਣ ਵਾਲੇ ਜ਼ਿਆਦਾ ਆਤਮ ਨਿਰਭਰ ਅਤੇ ਸਵੈ ਵਿਸ਼ਵਾਸ ਨਾਲ ਭਰ ਜਾਂਦੇ ਹਨ

15. ਦਿਲ ਵਾਸਤੇ ਬਹੁਤ ਵਧੀਆ ਕਸਰਤ ਹੈ

16. ਕੁੱਝ ਕਿਸਮਾਂ ਦੇ ਕੈਂਸਰ, ਖ਼ਾਸ ਤੌਰ ਉੱਤੇ ਛਾਤੀ ਦਾ ਕੈਂਸਰ ਅਤੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿੱਚ ਲਗਾਤਾਰ ਕੀਤੀ ਕਸਰਤ ਫ਼ਾਇਦਾ ਦਿੰਦੀ ਹੇ

17. ਸਵੇਰੇ ਨਿਰਣੇ ਕਾਲਜੇ ਚਲਾਇਆ ਸਾਈਕਲ ਵੱਧ ਥਿੰਦਾ ਖੋਰਦਾ ਹੈ ਅਤੇ ਸਾਰਾ ਦਿਨ ਚੁਸਤੀ ਨਾਲ ਭਰ ਦਿੰਦਾ ਹੈ

ਸੰਨ 2019 ਵਿੱਚ ਕੀਤੀ ਖੋਜ ਨੇ ਇਹ ਸਪਸ਼ਟ ਕੀਤਾ ਕਿ ਜਿਨ੍ਹਾਂ ਨੇ 6 ਹਫ਼ਤੇ ਰੋਜ਼ ਸਵੇਰੇ ਨਾਸ਼ਤੇ ਤੋਂ ਪਹਿਲਾਂ ਕਸਰਤ ਕੀਤੀ, ਉਨ੍ਹਾਂ ਦੇ ਸਰੀਰ ਅੰਦਰ ਵੱਧ ਇਨਸੂਲਿਨ ਨਿਕਲੀ ਅਤੇ ਉਨ੍ਹਾਂ ਦਾ ਭਾਰ ਦੂਜਿਆਂ ਨਾਲੋਂ ਦੁੱਗਣਾ ਘਟਿਆ, ਜਿਨ੍ਹਾਂ ਨੇ ਨਾਸ਼ਤੇ ਤੋਂ ਬਾਅਦ ਕਸਰਤ ਕੀਤੀ

18. ਬਲੱਡ ਪ੍ਰੈੱਸ਼ਰ ਘਟਾਉਣ ਤੇ ਹਾਰਟ ਅਟੈਕ ਅਤੇ ਸ਼ੱਕਰ ਰੋਗ ਹੋਣ ਦਾ ਖ਼ਤਰਾ ਘਟਾਉਣ ਵਿੱਚ ਸਾਈਕਲ ਚਲਾਉਣਾ ਬੇਹੱਦ ਅਸਰਦਾਰ ਸਾਬਤ ਹੋਇਆ ਹੈ

ਸਾਈਕਲ ਚਲਾਉਣ ਵੇਲੇ ਸਰੀਰ ਅੰਦਰਲਾ ਗਲੂਕੋਜ਼ ਕਾਫ਼ੀ ਵਰਤਿਆ ਜਾਂਦਾ ਹੈਜਿਗਰ ਵਿਚਲਾ ਗਲਾਈਕੋਜਨ ਇਹ ਗਲੂਕੋਜ਼ ਮੁਹਈਆ ਕਰਵਾਉਂਦਾ ਹੈਇਸੇ ਦੌਰਾਨ ਨਾਲੋ-ਨਾਲ ਸਾਹ ਰਾਹੀਂ ਅੰਦਰ ਖਿੱਚੀ ਆਕਸੀਜਨ ਨਾਲ ਪੂਰਾ ਸਰੀਰ ਚੁਸਤ ਹੋ ਜਾਂਦਾ ਹੈਪਰ, ਜਦੋਂ ਹੱਦੋਂ ਵੱਧ ਸਾਈਕਲ ਚਲਾਇਆ ਜਾਵੇ ਤਾਂ ਪੱਠਿਆਂ ਦੀ ਟੁੱਟ-ਫੁੱਟ ਹੋਣ ਲੱਗ ਪੈਂਦੀ ਹੈਇਨ੍ਹਾਂ ਸੈੱਲਾਂ ਦੀ ਟੁੱਟ-ਫੁੱਟ ਸਦਕਾ ਦਰਦ ਹੋਣ ਲੱਗ ਪੈਂਦਾ ਹੈ

ਪੱਠਿਆਂ ਵਿਚਲਾ ਗਲਾਈਕੋਜਨ 10 ਮਿੰਟ ਤਕ ਦੇ ਬਹੁਤ ਤੇਜ਼ ਸਾਈਕਲ ਚਲਾਉਣ ਲਈ ਬਥੇਰਾ ਹੁੰਦਾ ਹੈਉਸ ਤੋਂ ਬਾਅਦ ਜਿਗਰ ਵੱਲੋਂ ਮੁਹਈਆ ਹੋਣ ਲੱਗ ਪੈਂਦਾ ਹੈਲਹੂ ਰਾਹੀਂ ਲਗਾਤਾਰ ਕਸਰਤ ਕਰ ਰਹੇ ਪੱਠਿਆਂ ਨੂੰ ਆਕਸੀਜਨ ਪਹੁੰਚਦੀ ਰਹਿੰਦੀ ਹੈ ਤੇ ਇੰਜ 18 ਗੁਣਾ ਵੱਧ ਤਾਕਤ ਸਰੀਰ ਅੰਦਰਲੇ ਗਲੂਕੋਜ਼ ਤੇ ਫੈਟੀ ਏਸਿਡ ਦੇ ਦਿੰਦੇ ਹਨ ਜਿਸ ਨਾਲ ਖਿਡਾਰੀ ਜਾਂ ਸਾਈਕਲ ਚਲਾਉਣ ਵਾਲਾ ਤਕੜੀ ਕਸਰਤ ਕਰ ਸਕਦਾ ਹੈਧਿਆਨ ਰਹੇ ਕਿ ਥਕਾਵਟ ਤੋਂ ਬਚਣ ਲਈ ਤੇ ਪੱਠਿਆਂ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੁੰਦੀ ਹੈ ਜੇ ਸੰਤੁਲਿਤ ਖ਼ੁਰਾਕ ਨਾ ਹੋਵੇ ਤਾਂ ਪੱਠਿਆਂ ਤੇ ਜਿਗਰ ਅੰਦਰਲੇ ਗਲੂਕੋਜ਼ ਦੇ ਮੁੱਕਦੇ ਹੀ ਪੱਠਿਆਂ ਵਿਚਲੀ ਪ੍ਰੋਟੀਨ ਤਾਕਤ ਦੇਣ ਲਈ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਪੀੜ, ਕਮਜ਼ੋਰੀ ਤੇ ਥਕਾਵਟ ਮਹਿਸੂਸ ਹੁੰਦੀ ਹੈ ਜੋ ਕਈ ਦਿਨਾਂ ਤਕ ਹੁੰਦੀ ਰਹਿ ਸਕਦੀ ਹੈ

ਇਹੀ ਕਾਰਨ ਹੈ ਕਿ ਡਾਕਟਰ ਹਰ ਖਿਡਾਰੀ ਨੂੰ ਸਹਿਜੇ-ਸਹਿਜੇ ਕਸਰਤ ਵਧਾਉਣ ਤੇ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹਨਜਦੋਂ ਇੱਕ ਪੱਧਰ ਤਕ ਪਹੁੰਚ ਚੁੱਕੇ ਹੋਵੋ ਤਾਂ ਸਾਈਕਲ ਹੋਰ ਕੁਝ ਕਿਲੋਮੀਟਰ ਚਲਾਇਆ ਜਾ ਸਕਦਾ ਹੈਇੰਜ ਕਰਦਿਆਂ ਭਾਵੇਂ ਸਾਈਕਲ ਰੇਸ ਦੇ 200 ਕਿਲੋਮੀਟਰ ਤਕ ਵੀ ਪਹੁੰਚ ਜਾਓ ਤਾਂ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜੇ ਇੱਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ, ਤਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2403)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author