HarshinderKaur7ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ...
(31 ਅਗਸਤ 2019)

 

ਇਤਿਹਾਸ ਗਵਾਹ ਹੈ ਕਿ ਧਾਰਮਿਕ ਦੰਗਿਆਂ ਅਤੇ ਜੰਗਾਂ ਵਿੱਚ ਸਭ ਤੋਂ ਵੱਧ ਮਾਰ ਔਰਤਾਂ ਅਤੇ ਬੱਚੀਆਂ ਸਹਿੰਦੀਆਂ ਹਨ

‘ਵੈਲੀ ਆਫ ਵਿੱਡੋਜ਼’ ਕੋਲੰਬੀਆ ਵਿਚਲੀਆਂ ਉਨ੍ਹਾਂ ਵਿਧਵਾਵਾਂ ਦੀ ਬਸਤੀ ਹੈ ਜਿੱਥੇ ਔਰਤਾਂ ਦੇ ਪਤੀ ਨਹੀਂ ਰਹੇ ਤੇ ਨਾ ਹੀ ਕੋਈ ਜ਼ਮੀਨ ਅਤੇ ਕਮਾਈ ਦਾ ਸਾਧਨਇਹ ਸਭ ਖਾਨਾਜੰਗੀ ਅਤੇ ਨਸ਼ਿਆਂ ਦੀ ਭੇਂਟ ਚੜ੍ਹ ਗਿਆ

ਬੌਸਨੀਆ ਵਿੱਚ ਵੀ ਚੱਲੇ ਕਤਲੇਆਮ ਦੌਰਾਨ ਅਣਗਿਣਤ ਔਰਤਾਂ ਦੇ ਬਲਾਤਕਾਰ ਹੋਏ, ਬਥੇਰੀਆਂ ਚੁੱਕੀਆਂ ਗਈਆਂ, ਕੈਂਪਾਂ ਵਿੱਚ ਜਬਰੀ ਸਰੀਰਕ ਸ਼ੋਸ਼ਣ ਰਾਹੀਂ ਉਨ੍ਹਾਂ ਦੇ ਸਰੀਰਾਂ ਅੰਦਰ ਦੂਜੇ ਪਾਸੇ ਵਾਲਿਆਂ ਨੇ ਆਪਣੇ ਅੰਸ਼ ਛੱਡਣੇ ਚਾਹੇ ਤਾਂ ਜੋ ਨਸਲ ਦਾ ਨਾਸ ਮਾਰਿਆ ਜਾ ਸਕੇ

ਰਵਾਂਡਾ ਵਿੱਚ ਔਰਤਾਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਏਡਜ਼ ਦੀ ਬੀਮਾਰੀ ਦੇ ਦਿੱਤੀ ਗਈ ਤਾਂ ਜੋ ਨਸਲਕੁਸ਼ੀ ਹੋ ਸਕੇ

ਟਿਮੋਰ, ਕੌਂਗੋ ਅਤੇ ਗਉਟੇਮਾਲਾ ਦੀ ਵੀ ਕਹਾਣੀ ਕੋਈ ਵੱਖ ਨਹੀਂ ਸੀਔਰਤਾਂ ਦਾ ਜੋ ਹਾਲ ਹੋਇਆ, ਉੱਥੇ ਬਲਾਤਕਾਰਾਂ ਦੀ ਗਿਣਤੀ ਕਰਨੀ ਔਖੀ ਹੋ ਗਈ ਸੀ

ਕਿਵੇਂ ਹੋਸਟਲਾਂ ਨੂੰ ਹਰਮਾਂ ਵਿੱਚ ਤਬਦੀਲ ਕਰ ਕੇ ਬੱਚੀਆਂ ਉਦੋਂ ਤੱਕ ਬੰਦ ਰੱਖੀਆਂ ਜਾਂਦੀਆਂ ਜਦ ਤਕ ਉਨ੍ਹਾਂ ਦਾ ਗਰਭ ਨਾ ਠਹਿਰ ਜਾਂਦਾ ਤਾਂ ਜੋ ਉੱਥੇ ਦੇ ਲੋਕਾਂ ਦਾ ਬੀਜ ਨਾਸ ਕੀਤਾ ਜਾ ਸਕੇ

ਦੁਨੀਆ ਵਿੱਚ ਕਿਤੇ ਵੀ ਜਦੋਂ ਖਾਨਜੰਗੀ ਹੋਵੇ, ਘਰੇਲੂ ਹਿੰਸਾ, ਰਿਸ਼ਤੇਦਾਰੀ ਵਿੱਚ ਪਾੜ, ਵਪਾਰ ਵਿੱਚ ਤ੍ਰੇੜ, ਗੱਲ ਕੀ ਹਰ ਥਾਂ ਸਿਰਫ਼ ਔਰਤਾਂ ਦੀ ਪੱਤ ਲੁੱਟਣ, ਜ਼ਲੀਲ ਕਰਨ ਅਤੇ ਕਤਲ ਕਰ ਕੇ ਉਸ ਦੇ ਸਰੀਰ ਦੀ ਨੁਮਾਇਸ਼ ਕਰਨ ਨੂੰ ਹੀ ਜੰਗ ਜਿੱਤਣ ਦਾ ਨਾਂ ਦੇ ਦਿੱਤਾ ਗਿਆ ਹੈ

ਲੁੱਟ-ਖਸੁੱਟ ਕਰਨ ਦਾ ਮਤਲਬ ਹੀ ਇਹੋ ਮੰਨ ਲਿਆ ਗਿਆ ਹੈ ਕਿ ਹਰ ਨਜ਼ਰੀਂ ਪਈ ਬੱਚੀ ਦਾ ਜਬਰਨ ਸ਼ਿਕਾਰ ਕੀਤਾ ਜਾਵੇਇਹੀ ਕਾਰਣ ਸੀ ਕਿ ਸੰਨ 1947 ਵਿੱਚ ਭਾਰਤ ਪਾਕ ਵੰਡ ਵੇਲੇ ਪਿਓਆਂ ਨੇ ਆਪਣੀਆਂ ਵਹੁਟੀਆਂ, ਮਾਵਾਂ ਅਤੇ ਧੀਆਂ ਜ਼ਹਿਰ ਦੇ ਕੇ ਮਾਰ ਛੱਡੀਆਂ ਜਾਂ ਕਿਰਪਾਨਾਂ ਨਾਲ ਵੱਢ ਦਿੱਤੀਆਂ ਤੇ ਜਾਂ ਔਰਤਾਂ ਨੇ ਹੀ ਖੂਹਾਂ ਵਿੱਚ ਛਾਲਾਂ ਮਾਰ ਕੇ ਜਾਨ ਦੇ ਦਿੱਤੀ

ਅਜਿਹੇ ਹੱਲਿਆਂ ਵਿੱਚ ਨਾ 9 ਮਹੀਨਿਆਂ ਦੀ ਬਾਲੜੀ ਬਖ਼ਸ਼ੀ ਜਾਂਦੀ ਹੈ ਤੇ ਨਾ ਹੀ 90 ਵਰ੍ਹਿਆਂ ਦੀ ਮਾਂ

1984 ਵਿੱਚ ਇਹ ਵੇਖਣ ਵਿੱਚ ਆਇਆ ਕਿ ਮੁਹੱਲੇ ਦੇ ਲੋਕ ਹੀ ਧਾੜਵੀਆਂ ਵਿੱਚ ਸ਼ਾਮਲ ਹੋ ਕੇ ਆਪਣੀਆਂ ਹੀ ਗੁਆਂਢਣਾਂ, ਜੋ ਉਨ੍ਹਾਂ ਨੂੰ ਭਰਾ ਜਾਂ ਪਿਓ ਆਖਦੀਆਂ ਸਨ, ਦੀ ਪੱਤ ਲੁੱਟਣ ਨੂੰ ਕਾਹਲੇ ਹੋਏ ਪਏ ਸਨ

ਯਾਨੀ ਜਦੋਂ ਇਨਸਾਨੀਅਤ ਦੇ ਪਤਲੇ ਜਿਹੇ ਵਰਕ ਦਾ ਮੁਖੌਟਾ ਉੱਤਰਦਾ ਹੈ ਤਾਂ ਹੇਠੋਂ ਹੈਵਾਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ

ਇਹੋ ਅਸਲੀਅਤ ਹੈਚੁਫੇਰੇ ਫਿਰਦੇ ਸੱਭਿਅਕ ਅਖਵਾਉਂਦੇ ਲੋਕ ਉਦੋਂ ਤਕ ਹੀ ਸੱਭਿਅਕ ਰਹਿੰਦੇ ਹਨ ਜਦੋਂ ਤੱਕ ‘ਮੌਕਾ’ ਨਹੀਂ ਮਿਲਦਾਕਿੰਨੀ ਵੀ ਉੱਚੀ ਪਦਵੀ ਹੋਵੇ, ਮਜ਼ਲੂਮ ਸਾਹਮਣੇ ਵੇਖ ਕੇ ਸ਼ਿਕਾਰ ਕੀਤੇ ਬਗ਼ੈਰ ਰਿਹਾ ਨਹੀਂ ਜਾਂਦਾ!

ਇਸ ਕੌੜੀ ਹਕੀਕਤ ਨੂੰ ਬੇਪਰਦਾ ਕਰਦਿਆਂ ਬਹੁਤ ਜਣੇ ਉੱਚੀ-ਉੱਚੀ ਚੀਕਦੇ, ਰੌਲਾ ਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਆਪ ਨੰਗਾ ਹੋਇਆ ਜਾਪਦਾ ਹੈ

ਕੋਈ ਵੀ ਜਣਾ ਕਿਆਸ ਲਾ ਸਕਦਾ ਹੈ ਕਿ ਅਜਿਹੀ ਹੈਵਾਨੀਅਤ ਦੀਆਂ ਸ਼ਿਕਾਰ ਔਰਤਾਂ ਕਿਸ ਬਦਲਾ ਲਊ ਸੋਚ ਨਾਲ ਵਿਚਰ ਰਹੀਆਂ ਹੋਣਗੀਆਂ ਤੇ ਅੱਗੋਂ ਕੀ ਕਹਿਰ ਢਾਅ ਸਕਦੀਆਂ ਹਨ

ਬਦਲਾਲਊ ਨੀਤੀ ਨਾਲ ਉੱਠੀ ਔਰਤ ਜ਼ਹਿਰੀਲੇ ਸੱਪ ਤੋਂ ਵੱਧ ਤਿੱਖਾ ਡੰਗ ਮਾਰਦੀ ਹੈ ਤੇ ਉਹ ਵੀ ਪੂਰੀ ਨੀਤੀ ਘੜ ਕੇਉਹ ਨਿਸ਼ਾਨਾ ਸੇਧਦੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਸਹਿਜ ਅਤੇ ਸਿਆਣਪ ਨਾਲ ਸਮਾਂ ਚੁਣਦੀ ਹੈ ਤਾਂ ਜੋ ਚੂਕ ਨਾ ਹੋ ਜਾਵੇਉਹ ਵਾਰ ਵੀ ਸਿਰਫ਼ ਉਨ੍ਹਾਂ ਉੱਤੇ ਕਰਦੀ ਹੈ ਜੋ ਉਸ ਉੱਤੇ ਜ਼ੁਲਮ ਢਾਅ ਕੇ ਹਟੇ ਹੋਣ

ਇਹ ਵੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਔਰਤਾਂ ਦੀ ਸੋਚ ਕੁਝ ਵੱਖ ਹੁੰਦੀ ਹੈ

ਯੂਨੀਫੈਮ ਦੀ ਸ਼ਾਂਤੀ ਦੀ ਟੌਰਚ ਜਦੋਂ ਬਲਾਤਕਾਰ ਪੀੜਤ ਅਫਰੀਕਨ ਔਰਤਾਂ ਨਾਲ ਬਾਲੀ ਗਈ ਅਤੇ ਜਦੋਂ ਬੀਜਿੰਗ ਵਿਖੇ 1995 ਵਿੱਚ ਚੌਥੀ ਵਿਸ਼ਵ ਔਰਤਾਂ ਦੀ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਦੁਨੀਆ ਦੰਗ ਰਹਿ ਗਈ

ਲਗਭਗ ਹਰ ਔਰਤ ਆਪਣੀ ਪੀੜ ਨੂੰ ਉਸਾਰੂ ਸੋਚ ਦੇ ਰਹੀ ਸੀਹੋਰ ਜੰਗ ਜਾਂ ਬਦਲਾਲਊ ਨੀਤੀ ਦੀ ਥਾਂ ਚੰਗੇ ਸ਼ਹਿਰੀ ਪੈਦਾ ਕਰਨ ਤੇ ਨਵਾਂ ਸਮਾਜ ਸਿਰਜਣ ਦੀ ਗੱਲ ਕੀਤੀ ਗਈ, ਜਿੱਥੇ ਹਰ ਔਰਤ ਵਧੀਆ ਮਾਂ ਬਣ ਕੇ ਆਪਣੇ ਪੁੱਤਰ ਜਾਂ ਧੀ ਲਈ ਰਾਹ ਦਸੇਰਾ ਬਣਨ ਲਈ ਤਿਆਰ ਸੀ ਕਿ ਅੱਗੋਂ ਤੋਂ ਅਜਿਹਾ ਜ਼ੁਲਮ ਉਨ੍ਹਾਂ ਦੇ ਕੁੱਖੋਂ ਜੰਮਿਆ ਪੁੱਤਰ ਕਿਸੇ ਧੀ ਉੱਤੇ ਨਾ ਕਰੇ

ਸਪਸ਼ਟ ਸੀ ਕਿ ਆਪਣੀ ਪੀੜ ਨੂੰ ਔਰਤਾਂ ਨੇ ਵਿਸ਼ਵ ਸ਼ਾਂਤੀ ਦੇ ਪੁਲ ਦੀ ਉਸਾਰੀ ਲਈ ਵਰਤ ਲਿਆ ਸੀ

ਇਹ ਔਰਤਾਂ ਇੱਕ ਦੂਜੇ ਦਾ ਸਹਾਰਾ ਆਪ ਹੀ ਬਣੀਆਂ ਸਨ ਕਿਉਂਕਿ ਮਰਦਾਂ ਵੱਲੋਂ ਉਨ੍ਹਾਂ ਨੂੰ ਸਿਰਫ਼ ‘ਵਰਤਣ’ ਵਾਲੀ ਸ਼ੈਅ ਮੰਨ ਲਿਆ ਗਿਆ ਸੀਸਭ ਨੂੰ ਤ੍ਰਿਸਕਾਰ ਹੀ ਹਾਸਲ ਹੋਇਆ ਸੀ

ਇਨ੍ਹਾਂ ਵਿੱਚੋਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਆਪਣੇ ਨਾਲ ਦੀਆਂ ਅਨਪੜ੍ਹ ਔਰਤਾਂ ਨੂੰ ਪੜ੍ਹਾਉਣ ਦਾ ਜ਼ਿੰਮਾ ਆਪ ਚੁੱਕਿਆਨਤੀਜੇ ਵਜੋਂ 90 ਫੀਸਦੀ ਪੇਂਡੂ ਔਰਤਾਂ ਪੜ੍ਹ ਲਿਖ ਗਈਆਂ ਤੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਈਆਂਇਨ੍ਹਾਂ ਵਿੱਚੋਂ ਹੀ ਕਈ ਇੱਕ ਦੂਜੇ ਨੂੰ ਨਵੇਂ ਕਿੱਤੇ ਸਿਖਾਉਣ ਵਿੱਚ ਲੱਗ ਗਈਆਂ ਤੇ ਕੁਝ ਚੋਣਾਂ ਵਿੱਚ ਵੀ ਖੜ੍ਹੀਆਂ ਹੋਈਆਂ

ਰਤਾ ਧਿਆਨ ਕਰੀਏ ਕਿ ਜੇ ਇਹ ਉਸਾਰੂ ਸੋਚ ਛੰਡ ਕੇ ਦੂਜੇ ਪਾਸੇ ਤੁਰ ਪਈਆਂ ਹੁੰਦੀਆਂ ਤਾਂ ਕੀ ਕਹਿਰ ਢਹਿ ਸਕਦਾ ਸੀ! ਚੁਫੇਰੇ ਸਿਰਫ਼ ਨਫਰਤ ਦੀ ਅੱਗ ਦਿਸਣੀ ਸੀਹਰ ਮਾਂ ਆਪਣੇ ਪੁੱਤਰ ਨੂੰ ਨਸ਼ਤਰ ਚੁਭੋ ਕੇ ਇੱਕ ਆਦਮ ਕਦ ਬੰਬ ਤਿਆਰ ਕਰ ਦਿੰਦੀ ਤਾਂ ਦੁਨੀਆ ਵਿੱਚ ਤਬਾਹੀ ਆ ਜਾਣੀ ਸੀ

ਇਸ ਤਬਦੀਲੀ ਨੂੰ ਸਮਝਦਿਆਂ ਵੱਡੀ ਗਿਣਤੀ ਪੁਰਸ਼ ਅੱਗੇ ਆਏ ਤੇ ਅਨੇਕ ਵਿਸ਼ਵ ਪੱਧਰੀ ਕਾਨਫਰੰਸਾਂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ ਤਾਂ ਜੋ ਔਰਤਾਂ ਉੱਤੇ ਹੁੰਦੀ ਹਿੰਸਾ ਘੱਟ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਨਿਆਂ ਮਿਲ ਸਕੇ

ਭਾਰਤ ਵਰਗਾ ਮੁਲਕ, ਜਿੱਥੇ ਮੁਲਕ ਨੂੰ ਹੀ ‘ਮਾਤਾ’ ਕਹਿ ਕੇ ਸਤਿਕਾਰਿਆ ਜਾਂਦਾ ਹੋਵੇ, ਨਿਰੀ ਦੋਗਲੀ ਨੀਤੀ ਦਾ ਸ਼ਿਕਾਰ ਹੈਇੱਥੇ ‘ਰੇਪ ਕੈਪੀਟਲ’ ਵੀ ਹਨ ਤੇ ਇਸ ਨੂੰ ਦੁਨੀਆ ਭਰ ਵਿੱਚ ਔਰਤਾਂ ਲਈ ਖ਼ਤਰਨਾਕ ਮੁਲਕ ਐਲਾਨਿਆ ਜਾ ਚੁੱਕਿਆ ਹੈ!

ਯੁਨਾਈਟਿਡ ਨੇਸ਼ਨਜ਼ ਅਨੁਸਾਰ ਪਾਰਲੀਮੈਂਟ ਵਿੱਚ ਬੈਠੀਆਂ 82 ਫੀਸਦੀ ਔਰਤਾਂ ਆਪਣੇ ਹੀ ਸਾਥੀਆਂ ਜਾਂ ਪਾਰਟੀ ਵਰਕਰਾਂ ਵੱਲੋਂ ਭੱਦੀ ਛੇੜਛਾੜ ਜਾਂ ਤਾਅਨੇ ਮਿਹਣੇ ਸੁਣ ਚੁੱਕੀਆਂ ਹਨਇਹ ਕਿਵੇਂ ਔਰਤ ਜ਼ਾਤ ਲਈ ਆਵਾਜ਼ ਚੁੱਕਣਗੀਆਂ?

ਮਸਲਾ ਇਹ ਹੈ ਕਿ ਜਿੱਥੇ ਪੁਰਸ਼ ਅਸੈਂਬਲੀ ਵਿੱਚ ਪੋਰਨ ਫਿਲਮਾਂ ਵੇਖ ਰਹੇ ਹੋਣ, ਆਪਣੀਆਂ ਸਾਥੀ ਔਰਤਾਂ ਦੇ ਜਿਸਮਾਂ ਨੂੰ ਨਿਹਾਰ ਰਹੇ ਹੋਣ ਅਤੇ ਹਰ ਲੋੜਵੰਦ ਔਰਤ ਨੂੰ ਚੂੰਡਣ ਨੂੰ ਤਿਆਰ ਹੋਣ, ਉੱਥੇ ਜਦੋਂ ਕਸ਼ਮੀਰ ਦੀਆਂ ਫੁੱਲਾਂ ਵਰਗੀਆਂ ਧੀਆਂ ਦਾ ਜ਼ਿਕਰ ਹੋਵੇ ਤਾਂ ਉਨ੍ਹਾਂ ਦੀ ਮਨਾਂ ਅੰਦਰਲੀ ਗੰਦਗੀ ਉਨ੍ਹਾਂ ਦੇ ਖੂੰਖਾਰ ਚਿਹਰੇ ਉੱਪਰਲੀ ਤਿਰਛੀ ਜ਼ਹਿਰੀਲੀ ਮੁਸਕਾਨ ਰਾਹੀਂ ਬਾਹਰ ਦਿਸਣੀ ਹੀ ਹੈ!

ਕਸ਼ਮੀਰ ਦੀ ਤਰੱਕੀ ਬਾਰੇ ਜ਼ਿਕਰ ਕਰਨ ਦੀ ਥਾਂ ਵੱਡੀ ਗਿਣਤੀ ਲੋਕ ਟਵਿਟਰ, ਫੇਸ ਬੁੱਕ, ਵਟਸਐਪ ਉੱਤੇ ਕਸ਼ਮੀਰੀ ਬੱਚੀਆਂ ਤੇ ਔਰਤਾਂ ਨੂੰ ਪ੍ਰਾਪਰਟੀ ਮੰਨ ਕੇ ਹਥਿਆ ਲੈਣ ਦੀ ਗੱਲ ਕਰ ਰਹੇ ਹੋਣ ਤਾਂ ਅਜੀਬ ਨਹੀਂ ਲੱਗਦਾ ਕਿਉਂਕਿ ਭਾਰਤ ਵਿੱਚ ਇਹ ਆਮ ਗੱਲ ਬਣ ਚੁੱਕੀ ਹੈ

ਸਿਰਫ਼ ਹੁਣ ਉਸ ਵੇਲੇ ਦੀ ਉਡੀਕ ਹੈ ਜਦੋਂ ਕਈ ਪਿਓ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਧੀਆਂ ਨੂੰ ਆਪਣੀ ਮੰਨ ਕੇ ਜਾਗ੍ਰਿਤ ਹੋਣਗੇ! ਅਨੇਕ ਭਰਾ ਆਪਣੇ ਨਾਲ ਦੇ ਘਰ ਦੀ ਬੇਟੀ ਨੂੰ ‘ਮਾਲ’ ਨਾ ਮੰਨ ਕੇ ਉਸ ਦੀ ਰਾਖੀ ਲਈ ਅਗਾਂਹ ਆਉਣਗੇ! ਜਦੋਂ ਪੁੱਤਰ ਆਪਣੀ ਮਾਂ ਦੀ ਰਾਖੀ ਦੇ ਨਾਲ ਆਪਣੀ ਕਲੋਨੀ ਵਿਚਲੀ ਹਰ ਮਾਂ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋਣਗੇ!

ਉਹੀ ਸਮਾਂ ਹੋਵੇਗਾ ਅਸਲ ਤਬਦੀਲੀ ਦਾ! ਰਾਮ, ਬੁੱਧ, ਨਾਨਕ ਅਤੇ ਕ੍ਰਿਸ਼ਨ ਵਰਗੇ ਗੁਰੂਆਂ ਦੇ ਸੁਫ਼ਨਿਆਂ ਦੇ ਸਿਰਜੇ ਭਾਰਤ ਦਾ!

ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ਤਿਆਰ ਕਰਨਾ ਪਵੇਗਾ ਤਾਂ ਜੋ ਅਗਲੀ ਪਨੀਰੀ ਔਰਤ ਵਿੱਚ ਸਿਰਫ਼ ਜਿਸਮ ਵੇਖਣਾ ਬੰਦ ਕਰ ਦੇਵੇ

ਸ਼ਾਲਾ ਕਦੇ ਤਾਂ ਉਹ ਸਮਾਂ ਜ਼ਰੂਰ ਆਏਗਾ ਜਦੋਂ ਭਾਰਤ ਦੀ ਕੋਈ ਧੀ ਅੱਧ ਰਾਤ ਵੀ ਬਿਨਾਂ ਡਰ ਦੇ ਇਕੱਲਿਆਂ ਵਾਪਸ ਘਰ ਪਰਤ ਰਹੀ ਹੋਵੇਗੀ

ਅੱਜ ਦੇ ਦਿਨ ਦੀ ਲੋੜ ਹੈ, ਸਾਰੇ ਅਣਖਾਂ ਵਾਲੇ ਇਕਜੁੱਟ ਹੋ ਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਕਿ ਕਸ਼ਮੀਰ ਦੀ ਹਰ ਧੀ ਦੀ ਰਾਖੀ ਕਰਨਾ ਸਾਡਾ ਫਰਜ਼ ਹੈਜੇ ਇਹ ਆਵਾਜ਼ ਬੁਲੰਦ ਹੋ ਗਈ ਤਾਂ ਸਾਰਾ ਕੂੜ ਕਬਾੜ ਜੋ ਹੁਣ ਖਿਲਰ ਰਿਹਾ ਹੈ, ਸਭ ਹੂੰਝਿਆ ਜਾਵੇਗਾਚਲੋ ਸਾਰੇ ਜਣੇ ਆਵਾਜ਼ ਚੁੱਕ ਕੇ ਆਪਣੇ ਜੀਉਂਦੇ ਹੋਣ ਦਾ ਸਬੂਤ ਦੇਈਏ

ਜੇ ਹਾਲੇ ਵੀ ਵੀਰ ਹਿੰਮਤ ਨਹੀਂ ਜੁਟਾ ਰਹੇ ਤਾਂ ਚਲੋ ਭੈਣਾਂ ਹੀ ਇਕੱਠੀਆਂ ਹੋ ਕੇ ਆਪਣੀ ਤਾਕਤ ਵਿਖਾਈਏ ਕਿ ਜਦੋਂ ਭਾਰਤ ਵਿਚਲੀਆਂ ਬੇਟੀਆਂ ਜਾਗ ਜਾਣ ਤਾਂ ਇਸ ਸੈਲਾਬ ਅੱਗੇ ਕੋਈ ਨਹੀਂ ਟਿਕ ਸਕਣ ਲੱਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1719)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author