HarshinderKaur7ਸਹੇਲੀ ਨੂੰ ਫ਼ੋਨ ਕੀਤਾ ਤਾਂ ਉਹ ਦੁਹੱਥੜ ਮਾਰ ਕੇ ਰੋਂਦੀ ਝੱਟ ...
(8 ਮਈ 2020)

 

ਜਦੋਂ ਉਸਦਾ ਵਿਆਹ ਹੋਇਆ ਸੀ ਤਾਂ ਸਭ ਕਹਿੰਦੇ ਸਨ ਕਿ ਉਹ ਬਹੁਤ ਸਾਊ ਕੁੜੀ ਸੀ। ਸਹੁਰੇ ਘਰ ਜਾਂਦੇ ਸਾਰ ਉਸ ਨੇ ਸਭ ਦਾ ਮਨ ਮੋਹ ਲਿਆ ਸੀ। ਆਂਢੀ-ਗਵਾਂਢੀ ਵੀ ਉਸ ਦੀ ਸਿਫ਼ਤ ਕਰਦੇ ਨਹੀਂ ਸੀ ਥੱਕਦੇ। ਉਸ ਨੇ ਕਦੇ ਕਿਸੇ ਨਾਲ ਉੱਚਾ ਨਹੀਂ ਸੀ ਬੋਲਿਆ। ਸਭ ਦੀ ਹਰਮਨ ਪਿਆਰੀ ਹੋਣ ਸਦਕਾ ਜਦੋਂ ਉਸ ਘਰ ਪਹਿਲਾ ਪੁੱਤਰ ਜੰਮਿਆ ਤਾਂ ਸਾਰੀ ਕਲੋਨੀ ਹੀ ਵਧਾਈ ਦੇਣ ਪਹੁੰਚੀ। ਸਭ ਨੂੰ ਉਹ ਇੱਕੋ ਗੱਲ ਕਹਿੰਦੀ ਰਹੀ, “ਚਲੋ ਮੇਰੇ ਸਵਰਗ ਜਾਣ ਦਾ ਰਾਹ ਖੁੱਲ੍ਹ ਗਿਆ।” ਜਦੋਂ ਉਸ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਮਾਂ ਦੀ ਗੱਲ ਸੁਣਾਈ ਕਿ ਉਸ ਦੀ ਮਾਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਸੀ- ਮੇਰਾ ਪੁੱਤਰ ਹੀ ਮੇਰੀ ਚਿਤਾ ਨੂੰ ਅੱਗ ਲਾਏਗਾ, ਤਾਂ ਹੀ ਮੇਰਾ ਸਵਰਗ ਜਾਣ ਦਾ ਰਾਹ ਖੁੱਲ੍ਹੇਗਾ। ਸਾਰੇ ਉਸ ਦੀ ਗੱਲ ਸੁਣ ਕੇ ਮਜ਼ਾਕ ਉਡਾਉਣ ਲੱਗ ਪਏ ਕਿ ਕਿਹੜਾ ਸਵਰਗ ਤੇ ਕਿਹੜਾ ਨਰਕ! ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ। ਅੱਜ ਕੱਲ੍ਹ ਕੌਣ ਇਸ ਨੂੰ ਮੰਨਦਾ ਹੈ। ਹੁਣ ਤਾਂ ਕੁੜੀਆਂ ਵੀ ਚਿਤਾ ਨੂੰ ਅੱਗ ਲਾ ਦਿੰਦੀਆਂ ਹਨ।

ਉਸ ਦੀ ਸੱਸ ਨੂੰ ਇਹ ਗੱਲ ਸੁਣ ਕੇ ਬੜਾ ਮਾੜਾ ਲੱਗਿਆ ਕਿ ਇੰਨੀ ਖ਼ੁਸ਼ੀ ਦੇ ਮੌਕੇ ਮਰਨ ਦੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਕੁੜੀ ਹੋਵੇ ਭਾਵੇਂ ਮੁੰਡਾ, ਸਿਹਤਮੰਦ ਤੇ ਬੀਬਾ ਹੋਣਾ ਚਾਹੀਦਾ ਹੈ।

ਸਮਾਂ ਲੰਘਿਆ ਤਾਂ ਉਸ ਦੇ ਇੱਕ ਹੋਰ ਮੁੰਡਾ ਤੇ ਇੱਕ ਕੁੜੀ ਵੀ ਜੰਮ ਪਏ। ਤਿੰਨੋ ਬੱਚੇ ਬੜੇ ਆਗਿਆਕਾਰੀ ਸਨ। ਪਰ, ਉਹ ਵੀ ਤਾਂ ਸਭ ’ਤੇ ਜਾਨ ਛਿੜਕਦੀ ਸੀ। ਪੂਰੇ ਮੁਹੱਲੇ ਵਿੱਚ ਕਿਸੇ ਨੂੰ ਲੋੜ ਹੁੰਦੀ ਤਾਂ ਸਭ ਤੋਂ ਪਹਿਲਾਂ ਉਸੇ ਕੋਲ ਪਹੁੰਚਦੇ ਤੇ ਉਹ ਵਿੱਤੋਂ ਬਾਹਰ ਜਾ ਕੇ ਹਰ ਕਿਸੇ ਦੀ ਮਦਦ ਕਰਦੀ।

ਸਭ ਕਹਿੰਦੇ ਕਿ ਇਸ ਨੇ ਤਾਂ ਮੋਤੀ ਦਾਨ ਕੀਤੇ ਹੋਣੇ ਹਨ ਜੋ ਇੰਨਾ ਵਧੀਆ ਟੱਬਰ ਮਿਲਿਆ ਹੈ। ਬੱਚੇ ਵੀ ਹੌਲੀ-ਹੌਲੀ ਜਵਾਨ ਹੋਣ ਲੱਗੇ ਤੇ ਹਰ ਮਾਮਲੇ ਵਿੱਚ ਮਾਂ ਦੀ ਸਲਾਹ ਲੈਂਦੇ। ਕਾਰੋਬਾਰ ਚੰਗਾ ਚੱਲ ਪਿਆ ਸੀ। ਹੌਲੀ-ਹੌਲੀ ਤਿੰਨਾਂ ਦਾ ਵਿਆਹ ਵੀ ਹੋ ਗਿਆ। ਮਾਂ ਰਤਾ ਵਿਹਲੀ ਹੋ ਗਈ ਤਾਂ ਸਮਾਜਿਕ ਕੰਮਾਂ ਵੱਲ ਧਿਆਨ ਦੇਣ ਲੱਗੀ। ਉਸ ਦੀ ਇੱਕ ਬਚਪਨ ਦੀ ਸਹੇਲੀ ਲਾਵਾਰਿਸ ਲਾਸ਼ਾਂ ਨੂੰ ਚਿਤਾ ਦੇਣ ਦਾ ਕੰਮ ਕਰਦੀ ਸੀ। ਉਸ ਨੇ ਵੀ ਉਸ ਕੰਮ ਵਿੱਚ ਸਾਥ ਦੇਣ ਬਾਰੇ ਸੋਚਿਆ ਤਾਂ ਸਾਰੇ ਟੱਬਰ ਨੇ ਵਿਰੋਧ ਕੀਤਾ ਕਿ ਇਹ ਤਾਂ ਬਹੁਤ ਹੀ ਮਾੜਾ ਕੰਮ ਹੈ। ਪਤਾ ਨਹੀਂ ਕਿਸ ਕਿਸ ਦੀ ਅਣਪਛਾਤੀ ਲਾਵਾਰਿਸ ਲਾਸ਼ ਢੋਅ ਕੇ ਲਿਜਾਂਦੀ ਹੋਵੇਗੀ! ਇਹ ਕੰਮ ਤਾਂ ਕਿਸੇ ਹਾਲ ਨਹੀਂ ਕਰਨਾ!

ਫੇਰ ਉਸ ਘਰ ਪਹਿਲਾ ਪੋਤਰਾ ਆਇਆ। ਉਸ ਦਿਨ ਉਹ ਫੇਰ ਬੋਲ ਪਈ, “ਹੁਣ ਤਾਂ ਸਵਰਗ ਜਾਣਾ ਪੱਕਾ ਹੋ ਗਿਆ। ਪੁੱਤਰ ਤੇ ਪੋਤਰਾ, ਦੋਵੇਂ ਰਲ ਕੇ ਮੇਰੀ ਚਿਤਾ ਨੂੰ ਅੱਗ ਲਾਉਣਗੇ। ਇਹ ਤਾਂ ਕਿਸਮਤ ਵਾਲਿਆਂ ਨੂੰ ਨਸੀਬ ਹੁੰਦਾ ਹੈ।”

ਸਾਰੇ ਫਿਰ ਉਸ ਨੂੰ ਕੁੱਦ ਕੇ ਪੈ ਗਏ ਕਿ ਇੰਨੇ ਸ਼ੁਭ ਮੌਕੇ ਉੱਤੇ ਕਿਉਂ ਮਰਨ ਦੀਆਂ ਗੱਲਾਂ ਕਰਦੀ ਹੈਂ? ਉਹ ਵਿਚਾਰੀ ਸਭ ਦਾ ਕਿਹਾ ਮੰਨ ਕੇ ਚੁੱਪ ਹੋ ਗਈ ਪਰ ਕਦੇ ਕਦਾਈਂ ਰੱਬ ਦਾ ਸ਼ੁਕਰ ਕਰਦੀ। ਫਿਰ ਉਸ ਦੇ ਮੂੰਹੋਂ ਨਿਕਲ ਹੀ ਜਾਂਦਾ, “ਵਿਚਾਰੇ ਕਿੰਨੇ ਬਦਨਸੀਬ ਹੁੰਦੇ ਹਨ ਜਿਨ੍ਹਾਂ ਦੀ ਚਿਤਾ ਨੂੰ ਕੋਈ ਅੱਗ ਲਾਉਣ ਵਾਲਾ ਵੀ ਨਹੀਂ ਹੁੰਦਾ। ਮੇਰਾ ਦਿਲ ਉਨ੍ਹਾਂ ਲਈ ਬੜਾ ਤੜਫਦੈ। ਮੇਰੇ ਉੱਤੇ ਤਾਂ ਰੱਬ ਨੇ ਇੰਨੀ ਮਿਹਰ ਕੀਤੀ ਹੈ ਕਿ ਕਈ ਜਨਮਾਂ ਤਕ ਸ਼ੁਕਰ ਕਰਦੀ ਰਹਾਂ ਤਾਂ ਵੀ ਘੱਟ ਹੈ!

ਇੱਕ ਦਿਨ ਛੋਟਾ ਮੁੰਡਾ ਬਹਿਸ ਕਰਨ ਲੱਗ ਪਿਆ, “ਮੰਮੀ ਤੂੰ ਕਿਉਂ ਸਵਰਗ ਨਰਕ ਦੀ ਰਟ ਲਾਉਂਦੀ ਰਹਿੰਦੀ ਹੈਂ? ਭਰਿਆ ਪੂਰਾ ਘਰ ਹੈ। ਆਰਾਮ ਨਾਲ ਬਹਿ। ਤੇਰੀ ਸੇਵਾ ਕਰਨ ਨੂੰ ਦੋ-ਦੋ ਨੂੰਹਾਂ ਹਨ।”

ਉਸ ਬੜੇ ਤਰਲੇ ਲਏ ਪਰ ਕਿਸੇ ਨੇ ਉਸ ਨੂੰ ਆਪਣੀ ਸਹੇਲੀ, ਜੋ ਲਾਵਾਰਿਸ ਲਾਸ਼ਾਂ ਸਾਂਭਦੀ ਸੀ, ਨੂੰ ਮਿਲਣ ਨਾ ਦਿੱਤਾ ਕਿ ਖ਼ੌਰੇ ਉਸ ਨੂੰ ਮਿਲ ਕੇ ਉਸ ਨਾਲ ਕੰਮ ਨਾ ਕਰਨ ਲੱਗ ਜਾਵੇ।

ਨਿੱਕੇ ਪੋਤਰੇ ਨਾਲ ਦਿਨ-ਰਾਤ ਜਾਗ ਕੇ, ਬਾਹਰ ਘੁਮਾਉਂਦਿਆਂ, ਉਸ ਨੂੰ ਖੁਆਉਂਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਵਕਤ ਲੰਘ ਗਿਆ। ਫੇਰ ਦੂਜੇ ਪੁੱਤਰ ਦੇ ਘਰ ਧੀ ਜੰਮ ਪਈ। ਘਰ ਰੌਣਕਾਂ ਨਾਲ ਭਰ ਗਿਆ। ਸਾਰੇ ਇਕੱਠੇ ਘੁੰਮਣ ਜਾਂਦੇ ਤਾਂ ਪੋਤਰਾ ਪੋਤਰੀ ਦਾਦੀ ਕੋਲ ਛੱਡ ਜਾਂਦੇ। ਉਹ ਵੀ ਇਨ੍ਹਾਂ ਨੂੰ ਸਾਂਭਦੀ ਭੁੱਲ ਹੀ ਜਾਂਦੀ ਕਿ ਉਸ ਦੇ ਪਤੀ ਨੂੰ ਮਰਿਆਂ 8 ਸਾਲ ਲੰਘ ਚੁੱਕੇ ਸਨ।

ਪੁੱਤਰਾਂ ਨੇ ਨਵਾਂ ਬਿਜ਼ਨੈੱਸ ਖੋਲ੍ਹਣ ਦੀ ਗੱਲ ਕੀਤੀ ਤਾਂ ਉਸ ਨੇ ਸਾਰੀ ਜਮ੍ਹਾਂ ਪੂੰਜੀ ਉਨ੍ਹਾਂ ਨੂੰ ਦੇ ਦਿੱਤੀ ਤੇ ਆਪ ਸਵੇਰੇ ਸ਼ਾਮ ਰੱਬ ਦੀ ਭਗਤੀ ਵਿੱਚ ਸਮਾਂ ਬਿਤਾਉਣ ਲੱਗ ਪਈ। ਬਾਕੀ ਸਾਰਾ ਦਿਨ ਤਾਂ ਪੋਤਰੇ ਪੋਤਰੀ ਨੂੰ ਸਾਂਭਦਿਆਂ ਹੀ ਲੰਘ ਜਾਂਦਾ ਸੀ!

ਇੱਕ ਦਿਨ ਛੋਟਾ ਪੁੱਤਰ ਆਪਣੀ ਵਹੁਟੀ ਨਾਲ ਘਰ ਮੁੜਿਆ ਤਾਂ ਉਸ ਨੇ ਬਰਾਂਡੇ ਵਿੱਚ ਆਪਣੀ ਮਾਂ ਨੂੰ ਬੱਚਿਆਂ ਨਾਲ ਗੱਲ ਕਰਦਿਆਂ ਸੁਣ ਲਿਆ, “ਮੈਨੂੰ ਤਾਂ ਤੁਹਾਡਾ ਦਾਦਾ ਯਾਦ ਕਰਦਾ ਪਿਆ ਹੈ। ਕਿੰਨੇ ਸਾਲ ਹੋ ਗਏ ਉਸ ਨੂੰ ਗਿਆਂ। ਉਹ ਸਵਰਗ ਪਹੁੰਚਿਐ। ਮੈਂ ਵੀ ਉਸ ਕੋਲ ਤਾਂ ਹੀ ਪਹੁੰਚਾਂਗੀ ਜੇ ਤੁਸੀਂ ਆਪੋ ਆਪਣੇ ਪਾਪਾ ਨਾਲ ਮੇਰੀ ਚਿਤਾ ਨੂੰ ਅੱਗ ਲਾਓਗੇ। ਵੇਖਿਓ, ਕਿਤੇ ਮੈਂ ਤੁਹਾਡੇ ਦਾਦਾ ਜੀ ਤੋਂ ਪਰ੍ਹਾਂ ਨਾ ਰਹਿ ਜਾਵਾਂ।”

ਛੋਟੇ ਪੁੱਤਰ ਨੂੰ ਉਸ ਦਿਨ ਬੜਾ ਕਹਿਰ ਚੜ੍ਹਿਆ। ਉਹ ਮਾਂ ਨੂੰ ਝਿੜਕ ਕੇ ਪਿਆ, “ਪੂਰੀ ਉਮਰ ਲੰਘ ਗਈ ਤੁਹਾਡੀ ਚਿਤਾ ਨੂੰ ਅੱਗ ਲਾਉਣ ਦੀ ਗੱਲ ਸੁਣਦਿਆਂ। ਇੰਨਾ ਵੀ ਕੀ ਸਵਰਗ ਦਾ ਝੱਲ ਹੋਇਆ। ਇਹ ਸਭ ਵਹਿਮ ਹਨ। ਬੱਚਿਆਂ ਨੂੰ ਇਸ ਵਹਿਮ ਵਿੱਚ ਨਾ ਫਸਾਓ। ਇਹ ਸਭ ਤੁਹਾਡੀ ਸਹੇਲੀ ਦਾ ਕੀਤਾ ਧਰਿਆ ਹੈ। ਉਹ ਲਾਵਾਰਿਸ ਲਾਸ਼ਾਂ ਸਾਂਭਦੀ ਹੈ। ਤੁਹਾਨੂੰ ਵੀ ਉਸ ਨੇ ਗਧੀ ਗੇੜ ਵਿੱਚ ਪਾ ਛੱਡਿਐ।”

ਵਿਚਾਰੀ ਚੁੱਪ ਹੋ ਗਈ। ਸਹੇਲੀ ਨੂੰ ਤਾਂ ਮਿਲਣ ਜਾਣ ਹੀ ਨਹੀਂ ਸੀ ਦਿੰਦੇ। ਉਹ ਵੀ ਤਾਂ ਉਸ ਵਾਂਗ ਬਿਰਧ ਹੋ ਗਈ ਸੀ। ਮਨ ਵਿੱਚ ਹਿਰਖ ਸੀ ਕਿ ਉਸ ਨੂੰ ਇੱਕ ਵਾਰ ਤਾਂ ਮਿਲ ਲੈਂਦੀ। ਛੋਟੇ ਹੁੰਦਿਆਂ ਉਸ ਨਾਲ ਲੁੱਕਣ ਮੀਟੀ ਖੇਡਣ ਦੀਆਂ ਯਾਦਾਂ ਹਾਲੇ ਤਕ ਧੁੰਦਲੀਆਂ ਨਹੀਂ ਸੀ ਹੋਈਆਂ। ਇੱਕ ਵਾਰ ਤਾਂ ਉਹ ਪਰਛੱਤੀ ਵਿੱਚ ਪਈ ਪੇਟੀ ਅੰਦਰ ਲੁਕ ਗਈ ਸੀ ਤਾਂ ਸਹੇਲੀ ਕੋਲੋਂ ਦੋ ਘੰਟੇ ਨਹੀਂ ਸੀ ਲੱਭੀ ਗਈ। ਜਦੋਂ ਸਹੇਲੀ ਤਰਲੇ ਕਰਨ ਲੱਗ ਪਈ ਸੀ, ਫੇਰ ਹੀ ਉਹ ਪੇਟੀ ਵਿੱਚੋਂ ਬਾਹਰ ਨਿਕਲੀ ਸੀ। ਕਿੰਨੀ ਘੁੱਟ ਕੇ ਫੇਰ ਉਨ੍ਹਾਂ ਜੱਫੀ ਪਾਈ ਰੱਖੀ ਸੀ।

ਪਰ, ਇਹ ਤਾਂ ਹੁਣ ਯਾਦਾਂ ਹੀ ਰਹਿ ਗਈਆਂ ਸਨ। ਮਿਲਣ ਦੀ ਆਸ ਤਾਂ ਮੁੱਕ ਹੀ ਗਈ ਸੀ। ਸਿਰਫ਼ ਇੱਕ ਵਾਰ ਲੁਕ ਕੇ ਨੂੰਹ ਦੇ ਫ਼ੋਨ ਤੋਂ ਉਸ ਸਹੇਲੀ ਨਾਲ ਗੱਲ ਕੀਤੀ ਸੀ ਤੇ ਪੂਰਾ ਅੱਧਾ ਘੰਟਾ ਯਾਦਾਂ ਤਾਜ਼ਾ ਕੀਤੀਆਂ। ਅਖੀਰ ਲੰਮਾ ਸਾਹ ਲੈਂਦਿਆਂ ਉਸ ਕਿਹਾ, “ਚੰਗਾ ਪ੍ਰੀਤੀਏ, ਪਤਾ ਨਹੀਂ ਇਸ ਜਨਮ ਵਿੱਚ ਕਦੇ ਆਪਾਂ ਮਿਲ ਵੀ ਸਕਣਾ ਹੈ ਕਿ ਨਹੀਂ। ਅਫ਼ਸੋਸ ਤਾਂ ਇਹ ਹੈ ਕਿ ਮੈਂ ਲਾਵਾਰਿਸ ਲਾਸ਼ ਬਣ ਕੇ ਵੀ ਤੇਰੇ ਕੋਲ ਕਦੇ ਨਹੀਂ ਆ ਸਕਣਾ। ਸੋ ਅਗਲੇ ਜਨਮ ਹੀ ਮਿਲਾਂਗੇ। ਮੈਂ ਤਾਂ ਸਵਰਗ ਤੇਰੇ ਜੀਜਾ ਜੀ ਕੋਲ ਜਾਣੈ। ਤੂੰ ਵੀ ਨੇਕ ਕੰਮ ਕਰਦੀ ਹੈਂ, ਉੱਥੇ ਹੀ ਮਿਲ ਲਵਾਂਗੇ।”

ਮਹੀਨੇ ਕੁ ਬਾਅਦ ਹੀ ਇੱਕ ਕੁਲਿਹਣੇ ਬੁਖ਼ਾਰ ਦਾ ਰੌਲਾ ਪੈ ਗਿਆ। ਚੁਫ਼ੇਰੇ ਕਰੋਨਾ ਕਰੋਨਾ ਕਰਦੇ ਫਿਰਦੇ ਸਨ। ਉਸ ਦਾ ਕੰਮ ਤਾਂ ਪੋਤਰੇ ਪੋਤਰੀ ਨੂੰ ਸਕੂਲੋਂ ਘਰ ਲਿਆਉਣਾ ਸੀ। ਵਾਪਸੀ ’ਤੇ ਸਬਜ਼ੀ ਫਲ ਵੀ ਨਾਲ ਹੀ ਲੈ ਆਉਂਦੀ ਸੀ। ਉਸ ਨੂੰ ਤਾਂ ਕਦੇ ਕੋਈ ਕਰੋਨਾ ਨਹੀਂ ਮਿਲਿਆ। ਫੇਰ ਬੱਚਿਆਂ ਦੇ ਸਕੂਲ ਵੀ ਬੰਦ ਹੋ ਗਏ। ਸਿਰਫ਼ ਸਬਜ਼ੀ ਫਲ ਲੈਣ ਉਹ ਇੱਕ ਵਾਰ ਘਰੋਂ ਬਾਹਰ ਜਾਂਦੀ ਸੀ। ਰਾਤ ਨੂੰ ਪੋਤਰੇ ਤੇ ਪੋਤਰੀ ਦੀਆਂ ਲੱਤਾਂ ਘੁੱਟ ਕੇ ਸੁਆ ਦਿੰਦੀ। ਬੱਚੇ ਵੀ ਤਾਂ ਸਾਰਾ ਦਿਨ ਘਰ ਅੰਦਰ ਟੱਪਦੇ ਦੌੜਦੇ ਥੱਕ ਜਾਂਦੇ ਸਨ। ਸਾਰਾ ਆਂਢ ਗਵਾਂਢ ਉਸ ਦਾ ਰੋਜ਼ ਹਾਲ ਚਾਲ ਪੁੱਛਦਾ।

ਇੱਕ ਦਿਨ ਸ਼ਾਮੀ ਉਸ ਨੂੰ ਹਲਕੀ ਖੰਘ ਹੋਈ ਤਾਂ ਸਾਰਾ ਮੁਹੱਲਾ ਠਠੰਬਰ ਗਿਆ। ਉਸ ਨੂੰ ਸਮਝ ਨਹੀਂ ਆਈ, ਕਿਉਂ? ਪਹਿਲਾਂ ਵੀ ਤਾਂ 50 ਵਾਰ ਉਸ ਨੂੰ ਖੰਘ ਜ਼ੁਕਾਮ ਹੋਇਆ ਸੀ।

ਉਸ ਦਿਨ ਤਾਂ ਕਮਾਲ ਹੀ ਹੋ ਗਈ। ਕਿਸੇ ਨੇ ਉਸ ਨੂੰ ਰੋਟੀ ਨਹੀਂ ਪੁੱਛੀ। ਸਭ ਨੇ ਆਪੋ ਆਪਣੇ ਕਮਰੇ ਬੰਦ ਕਰ ਲਏ ਤੇ ਰਸੋਈ ਨੂੰ ਵੀ ਕੁੰਡਾ ਲਾ ਦਿੱਤਾ।

ਘਰੋਂ ਬਾਹਰ ਨਿਕਲੀ ਤਾਂ ਗਵਾਂਢੀ ਵੀ ਝੱਟ ਅੰਦਰ ਵੜ ਗਏ। ਗੱਲ ਸਮਝ ਨਹੀਂ ਆਈ। ਦੋ ਘੰਟਿਆਂ ਵਿੱਚ ਐਂਬੂਲੈਂਸ ਘਰ ਪਹੁੰਚ ਗਈ ਤੇ ਦੋ ਨਰਸਾਂ ਉਸ ਨੂੰ ਜਬਰੀ ਹਸਪਤਾਲ ਵੱਲ ਲੈ ਚੱਲੀਆਂ। ਉਸ ਬਥੇਰੀਆਂ ਆਪਣੇ ਪੁੱਤਰਾਂ ਨੂੰ ਵਾਜਾਂ ਮਾਰੀਆਂ, ਪੋਤਰੇ ਨੂੰ ਵੀ ਸੱਦਿਆ ਤੇ ਗਵਾਂਢੀਆਂ ਨੂੰ ਵੀ, ਪਰ ਕਿਸੇ ਨੇ ਹੁੰਗਾਰਾ ਨਹੀਂ ਭਰਿਆ।

ਉਸ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਆਖ਼ਰ ਉਸ ਕੋਲੋਂ ਕੀ ਗੁਨਾਹ ਹੋ ਗਿਆ ਹੈ।

ਉਸੇ ਰਾਤ ਉਸ ਨੂੰ ਬੁਖ਼ਾਰ ਹੋਣ ਲੱਗ ਪਿਆ। ਫੇਰ ਉਸ ਨੂੰ ਇੱਕ ਵੱਖ ਕਮਰੇ ਵਿੱਚ ਗੁਲੂਕੋਜ਼ ਤੇ ਟੀਕੇ ਲਾ ਕੇ ਤਾੜ ਦਿੱਤਾ ਗਿਆ। ਕੋਈ ਉਸ ਦੀ ਆਵਾਜ਼ ਸੁਣਨ ਵਾਲਾ ਨਹੀਂ ਸੀ। ਪੂਰੀ ਰਾਤ ਉਹ ਤੜਫਦੀ ਰਹੀ। ਸਾਹ ਔਖਾ ਆਉਣ ਲੱਗ ਪਿਆ। ਉਸ ਦੀਆਂ ਅੱਖਾਂ ਦਰਵਾਜ਼ੇ ਵੱਲ ਲੱਗੀਆਂ ਰਹੀਆਂ ਕਿ ਉਸ ਦੇ ਪੁੱਤਰ, ਨੂੰਹਾਂ, ਪੋਤਰਾ, ਪੋਤਰੀ, ਗਵਾਂਢੀ, ਕੋਈ ਤਾਂ ਉਸ ਦਾ ਹਾਲ ਪੁੱਛਣ ਜ਼ਰੂਰ ਆਉਣਗੇ। ਉਹ ਵੀ ਤਾਂ ਰਾਤ-ਰਾਤ ਭਰ ਉਨ੍ਹਾਂ ਦੀ ਬੀਮਾਰੀ ਵੇਲੇ ਜਾਗਦੀ ਰਹੀ ਸੀ। ਪਰ ਕੋਈ ਨਾ ਦਿਸਿਆ। ਹੌਲੀ ਹੌਲੀ ਉਸ ਦੀ ਨਜ਼ਰ ਧੁੰਦਲੀ ਹੋਣ ਲੱਗ ਪਈ। ਉਸ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਆਪਣੇ ਪਤੀ ਕੋਲ ਸਵਰਗ ਜਾਣ ਦਾ ਸਮਾਂ ਆ ਗਿਆ ਹੈ।

ਪਰ, ਇਹ ਕੀ? ਇਕਦਮ ਉਸਨੇ ਤਭ੍ਰਕ ਕੇ ਅੱਖਾਂ ਖੋਲ੍ਹੀਆਂ ਤੇ ਸੋਚਣ ਲੱਗੀ ਜੇ ਉਸ ਨੂੰ ਹਸਪਤਾਲ ਵਿੱਚ ਇਕੱਲੀ ਨੂੰ ਹੀ ਤਾੜੀ ਰੱਖਿਆ ਤਾਂ ਉਸ ਦੇ ਪੁੱਤਰਾਂ ਨੂੰ ਕਿਵੇਂ ਪਤਾ ਲੱਗੂ ਕਿ ਉਸ ਦੀ ਚਿਤਾ ਨੂੰ ਅੱਗ ਲਾਉਣੀ ਹੈ? ਕਿਤੇ ਸਵਰਗ ਜਾਣ ਤੋਂ ਰਹਿ ਹੀ ਨਾ ਜਾਵੇ! ਪਤਾ ਨਹੀਂ ਕਦੋਂ ਰੱਬ ਨੂੰ ਧਿਆਉਂਦੀ ਉਹ ਸਵੇਰੇ ਤਿੰਨ ਵਜੇ ਸਵਾਸ ਤਿਆਗ ਗਈ।

ਘਰ ਸੁਨੇਹਾ ਭੇਜਿਆ ਗਿਆ ਕਿ ਕੋਰੋਨਾ ਨਾਲ ਤੁਹਾਡੀ ਮਾਂ ਦੀ ਮੌਤ ਹੋ ਗਈ ਹੈ। ਇਸਦੇ ਸਰੀਰ ਨੂੰ ਪੂਰੀ ਤਰ੍ਹਾਂ ਪੈਕ ਕਰ ਕੇ ਭੇਜ ਰਹੇ ਹਾਂ। ਖੋਲ੍ਹਣਾ ਨਹੀਂ। ਸਿਰਫ਼ ਇੰਜ ਹੀ ਚਿਤਾ ਉੱਤੇ ਲਿਟਾ ਦੇਣਾ। ਕੋਈ ਖ਼ਤਰਾ ਨਹੀਂ ਹੈ।

ਕੋਈ ਨਾ ਬਹੁੜਿਆ! ਦੁਬਾਰਾ ਫਿਰ ਫ਼ੋਨ ਕੀਤਾ ਤਾਂ ਸਭ ਨੇ ਉਸ ਦਾ ਮੁਰਦਾ ਸਰੀਰ ਤਕ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਸਸਕਾਰ ਕਰਨ ਤੋਂ ਵੀ। ਬਥੇਰਾ ਸਮਝਾਇਆ ਗਿਆ ਕਿ ਉਹੀ ਮਾਂ ਹੈ ਜੋ ਕੱਲ੍ਹ ਤਕ ਤੁਹਾਨੂੰ ਗੋਦ ਵਿੱਚ ਖਿਡਾਉਂਦੀ ਸੀ, ਪਰ ਕੋਈ ਨਾ ਬਹੁੜਿਆ।

ਅਖੀਰ ਲਾਵਾਰਿਸ ਲਾਸ਼ ਮੰਨ ਕੇ ਹਸਪਤਾਲ ਵਾਲਿਆਂ ਨੇ ਉਸ ਦੀ ਸਹੇਲੀ ਨੂੰ ਫ਼ੋਨ ਕੀਤਾ ਤਾਂ ਉਹ ਦੁਹੱਥੜ ਮਾਰ ਕੇ ਰੋਂਦੀ ਝੱਟ ਉੱਥੇ ਪਹੁੰਚ ਗਈ।

ਹਉਕੇ ਲੈ ਲੈ ਕੇ ਉਸ ਹਸਪਤਾਲ ਦੇ ਸਟਾਫ ਨੂੰ ਦੱਸਿਆ, “ਜਦੋਂ ਉਸ ਦੇ ਪਹਿਲੇ ਬੇਟੇ ਨੇ ਜੰਮਣਾ ਸੀ ਤਾਂ ਇਸ ਨੇ ਇੰਨੀਆਂ ਦਰਦਾਂ ਸਹੀਆਂ ਕਿ ਪੁੱਛੋ ਨਾ। ਅਖੀਰ ਡਾਕਟਰਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਬੱਚਾ ਬਚਾਇਆ ਨਹੀਂ ਜਾ ਸਕਦਾ। ਇਸਦੀ ਜ਼ਿੱਦ ਸੀ ਕਿ ਮੈਂ ਰਹਾਂ, ਨਾ ਰਹਾਂ, ਪਰ ਬੱਚਾ ਜ਼ਰੂਰ ਬਚਾਉਣਾ ਹੈ। ਲਗਾਤਾਰ ਅਰਦਾਸਾਂ ਬਾਅਦ ਹੀ ਉਹ ਬੱਚਾ ਜੰਮਿਆ ਤੇ ਫੇਰ ਦੋ ਮਹੀਨੇ ਇਹ ਮੰਜੇ ’ਤੇ ਪਈ ਰਹੀ, ਬੱਚਾ ਬਚ ਗਿਆ। ਅਜਿਹੀ ਮਾਂ ਲਈ ਵੀ ਪੁੱਤਰ ਨਾ ਬਹੁੜਿਆ ਤਾਂ ਮਾਵਾਂ ਪੁੱਤਰ ਜੰਮਣੇ ਬੰਦ ਕਰ ਦੇਣਗੀਆਂ। ਸੱਚਮੁੱਚ ਕਲਯੁੱਗ ਆ ਗਿਆ ਹੈ। ਸਾਰੀ ਉਮਰ ਪੁੱਤਰਾਂ ਹੱਥੋਂ ਚਿਤਾ ਨੂੰ ਅੱਗ ਲੁਆਉਣ ਲਈ ਤੜਫਦੀ ਰਹੀ ਪਰ ਬਣ ਗਈ ਲਾਵਾਰਿਸ ਲਾਸ਼! ਮੈਂਨੂੰ ਅਗਲੇ ਜਨਮ ਵਿੱਚ ਮਿਲਣ ਦੀ ਗੱਲ ਕਰਦੀ ਸੀ। ਹੁਣ ਕਿਵੇਂ ਦੱਸਾਂ ਕਿ ਇੱਥੇ ਹੀ ਅਸਲੀ ਨਰਕ ਸੀ। ਸਵਰਗ ਤਾਂ ਹੁਣ ਆਪਣੀ ਸਹੇਲੀ ਹੱਥੋਂ ਹੀ ਜਾਵੇਗੀ। ਮੈਂ ਜ਼ਰੂਰ ਇਸਦੀ ਚਿਤਾ ਨੂੰ ਅੱਗ ਲਾਵਾਂਗੀ ਪਰ ਇਸਦੀ ਰੂਹ ਦਾ ਕੀ ਕਰਾਂ ਜੋ ਪੁੱਤਰਾਂ ਹੱਥੋਂ ਅਲਵਿਦਾ ਹੋਣਾ ਚਾਹੁੰਦੀ ਸੀ।”

ਅਗਲੇ ਦਿਨ ਇਹ ਖ਼ਬਰ ਅਖ਼ਬਾਰਾਂ ਦੀ ਸੁਰਖੀ ਵੀ ਬਣੀ ਤੇ ਹਰ ਚੈਨਲ ਉੱਤੇ ਸਾਰਾ ਦਿਨ ਚੱਲਦੀ ਰਹੀ-

“ਕਲਯੁਗੀ ਪੁੱਤਰਾਂ ਨੇ ਕੋਰੋਨਾ ਤੋਂ ਡਰਦਿਆਂ ਮਾਂ ਦੀ ਲਾਸ਼ ਲੈਣ ਤੋਂ ਕੀਤੀ ਨਾਂਹ। ਲਾਵਾਰਿਸ ਲਾਸ਼ ਬਣ ਕੇ ਰਹਿ ਗਈ ਇੱਕ ਰੱਜੇ ਪੁੱਜੇ ਘਰ ਦੀ ਮਾਂ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2114)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author