ShingaraSDhillon7ਬੱਸ ਚਾਰ ਦਿਨ ਦਾ ਸ਼ੋਰ ਸ਼ਰਾਬਾ ਤੇ ਗੱਲ ਖਤਮ। ਇਸ ਤਰ੍ਹਾਂ ਦੇ ਵਰਤਾਰੇ ਵਿੱਚ ਜੇਕਰ ਅਸੀਂ ...
(4 ਨਵੰਬਰ 2021)

 

ਕੋਈ ਵੀ ਧਰਮ ਪੂਜਾ ਦਾ ਵਿਸ਼ਾ ਨਹੀਂ। ਹਰ ਧਰਮ ਸਿਰਫ ਤੇ ਸਿਰਫ ਵਿਚਾਰਨ ਦਾ ਵਿਸ਼ਾ ਹੁੰਦਾ ਹੈ, ਮਾਨਵਤਾ ਦੇ ਭਲੇ ਦਾ ਵਿਸ਼ਾ ਹੁੰਦਾ ਹੈ ਤੇ ਸਫਲ ਜ਼ਿੰਦਗੀ ਜੀਊਣ ਦਾ ਮੰਤਵ ਸਿੱਖਣ ਦਾ ਵਿਸ਼ਾ ਹੁੰਦਾ ਹੈ। ਜਦੋਂ ਕੋਈ ਵੀ ਧਰਮ ਪੂਜਾ ਦਾ ਵਿਸ਼ਾ ਬਣ ਜਾਵੇ ਤਾਂ ਉਸ ਦਾ ਅਸਲ ਮੰਤਵ ਖਤਮ ਹੋ ਜਾਂਦਾ ਹੈ। ਫੋਕਟ ਦੇ ਕਰਮ ਕਾਂਡ ਸ਼ੁਰੂ ਹੋ ਜਾਂਦੇ ਹਨ, ਜਿਹਨਾਂ ਨਾਲ ਧਰਮ ਦੀ ਅਸਲ ਭਾਵਨਾ ਤੇ ਉਦੇਸ਼ ਦਾ ਘਾਤ ਸ਼ੁਰੂ ਹੋ ਜਾਂਦਾ ਹੈ।

ਧਾਰਮਿਕ ਸਥਾਨ ਧਰਮ ਦਾ ਅਸਲ ਉਦੇਸ਼ ਪ੍ਰਚਾਰਨ ਅਤੇ ਪ੍ਰਸਾਰਨ ਦਾ ਸਕੂਲ ਬਣਨ ਦੀ ਬਜਾਏ ਪੂਜਾ ਦੇ ਅਡੰਬਰਾਂ ਦੇ ਅੱਡੇ ਬਣ ਕੇ ਵਪਾਰਕ ਅਦਾਰਿਆਂ ਵਿੱਚ ਬਦਲ ਜਾਂਦੇ ਹਨ, ਜਿੱਥੇ ਪੂਜਾ, ਪਾਠਾਂ, ਹਵਨ ਜੱਗਾਂ ਦੇ ਰੇਟ ਫਿਕਸ ਬਿਲਕੁਲ ਪੰਸਾਰੀ ਦੀ ਦੁਕਾਨ ਵਾਂਗ ਹੁੰਦੇ ਹਨ ਚੜ੍ਹਾਵਾ ਕਿਹੜੇ ਖਾਤੇ ਵਿੱਚ ਜਾਂਦਾ ਹੈ, ਉਸ ਦਾ ਨਾ ਹੀ ਕੋਈ ਹਿਸਾਬ ਕਿਤਾਬ ਪੁੱਛਦਾ ਹੈ ਤੇ ਨਾ ਹੀ ਕਦੇ ਉਹਦਾ ਹਿਸਾਬ ਕਿਤਾਬ ਕਿਸੇ ਨੂੰ ਦਿੱਤਾ ਜਾਂਦਾ ਹੈ, ਬੱਸ ਪੁਜਾਰੀਆਂ ਦੀ ਵਧੀ ਹੋਈ ਗੋਗੜ ਦੇਖ ਕੇ ਹੀ ਅੰਦਾਜ਼ਾ ਲਗਦਾ ਹੈ ਕਿ ਉਹ ਚੜ੍ਹਾਵਾ ਕਿੱਥੇ ਜਾ ਰਿਹਾ ਹੈ। ਬਹੁਤੇ ਧਰਮਾਂ ਦੇ ਧਰਮ ਸਥਾਨਾਂ ਦਾ ਅੱਜਕਲ ਇਹੀ ਹਾਲ ਹੈ।

ਸਿੱਖ ਧਰਮ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ਼ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈਇਹਨਾਂ ਦੀ ਸਾਂਭ ਸੰਭਾਲ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਇਹੀ ਸੁਨੇਹਾ ਬਾਬੇ ਨਾਨਕ ਦੀ ਬ੍ਰਹਿਮੰਡੀ ਆਰਤੀ ਵਿੱਚ ਵੀ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਭਗਵਾਨ ਰਾਮ ਚੰਦਰ ਦੁਆਰਾ ਲੰਕਾ ਫ਼ਤਿਹ ਕਰਕੇ ਆਯੁਧਿਆ ਵਾਪਸ ਪਰਤਣ ਦੀ ਖੁਸ਼ੀ ਵਿੱਚ ਕੀਤੀ ਗਈ ਦੀਪ ਮਾਲਾ ਅਗਿਆਨਤਾ ਤੋਂ ਗਿਆਨ ਵੱਲ ਪਰਤਣ ਅਤੇ ਨੇਕੀ ਦੁਆਰਾ ਬਦੀ ’ਤੇ ਜਿੱਤ ਦੇ ਸੰਕਲਪ ਨੂੰ ਪੇਸ਼ ਕਰਦੀ ਹੈ, ਪਰ ਇਹਨਾਂ ਨੂੰ ਕਦੋਂ, ਕਿਵੇਂ ਤੇ ਕਿਉਂ ਪਟਾਕੇਬਾਜ਼ੀ ਤੇ ਹੋਰ ਬਹੁਤ ਸਾਰੀਆਂ ਦਕਿਆਨੂਸ ਰੀਤਾਂ ਰਿਵਾਇਤਾਂ ਨਾਲ ਜੋੜ ਕੇ ਵਪਾਰੀਕਰਨ ਕਰ ਦਿੱਤਾ ਗਿਆ, ਪਤਾ ਹੀ ਨਹੀਂ ਲੱਗਾ। ਇਸ ਤਿਉਹਾਰ ਨੂੰ ਇਸਦੇ ਅਸਲ ਮੰਤਵ ਤੋਂ ਪਰੇ ਜਾ ਕੇ ਬਹੁਤ ਹੀ ਡੂੰਘੀ ਸਾਜ਼ਿਸ਼ ਤਹਿਤ ਇਸ ਨੂੰ ਸਿਰਫ ਚਮਕ ਦਮਕ, ਖਾਣੇ ਪੀਣੇ ਤੇ ਮੇਲਿਆਂ ਮੁਸਾਹਵਿਆਂ ਵਿੱਚ ਬਦਲ ਦਿੱਤਾ ਗਿਆ। ਉਂਜ ਵੀ ਅੱਜਕਲ ਬਹੁਤੇ ਧਾਰਮਿਕ ਦਿਨ ਤਿਉਹਾਰ ਅਸਲ ਮਕਸਦ ਤੋਂ ਪਰੇ ਜਾ ਕੇ ਮਨਾਏ ਜਾ ਰਹੇ ਹਨ, ਜੋ ਨਾ ਹੀ ਆਪਣੇ ਮਕਸਦ ਨਾਲ ਮੇਚ ਖਾਂਦੇ ਹਨ ਕੇ ਨਾ ਹੀ ਲੋਕਾਂ ਨੂੰ ਉਹਨਾਂ ਦੀ ਅੰਤਰੀਵ ਭਾਵਨਾ ਨਾਲ ਜੋੜਦੇ ਹਨ। ਬੱਸ ਚਾਰ ਦਿਨ ਦਾ ਸ਼ੋਰ ਸ਼ਰਾਬਾ ਤੇ ਗੱਲ ਖਤਮ। ਇਸ ਤਰ੍ਹਾਂ ਦੇ ਵਰਤਾਰੇ ਵਿੱਚ ਜੇਕਰ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜੜ੍ਹਾਂ ਨਾਲ਼ੋਂ ਟੁੱਟਣ ਦਾ ਦੋਸ਼ ਦਿੰਦੇ ਹਾਂ ਤਾਂ ਇਹ ਸਰਾਸਰ ਗਲਤ ਹੈ ਕਿਉਂਕਿ ਅਸੀਂ ਆਪ ਤਿਓਹਾਰਾਂ ਦੇ ਅਸਲ ਮਕਸਦ ਤੋਂ ਭਟਕੇ ਹੋਏ ਹਾਂ ਤੇ ਬੱਚੇ ਓਹੀ ਕੁਝ ਲਿੱਖਦੇ ਹਨ ਜੋ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।

ਦਰਅਸਲ ਜਿੰਨਾ ਚਿਰ ਲੋਕ ਕਿਸੇ ਤਿਉਹਾਰ ਦੀ ਅਸਲ ਭਾਵਨਾ ਜਾਂ ਉਦੇਸ਼ ਨਾਲ ਨਹੀਂ ਜੁੜਦੇ, ਉੰਨਾ ਚਿਰ ਨਾ ਹੀ ਉਹ ਆਪ ਆਪਣੀ ਜ਼ਿੰਦਗੀ ਦੀ ਸਹੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ ਤੇ ਨਾ ਹੀ ਉਹਨਾਂ ਦੀਆਂ ਅਗਲੇਰੀਆਂ ਨਸਲਾਂ ਮਾਨਸਿਕ ਤੌਰ ’ਤੇ ਕਿਸੇ ਤਿਉਹਾਰ ਦੇ ਅਸਲ ਮੰਤਵ ਨਾਲ ਜੁੜ ਸਕਣਗੀਆਂਇਸ ਕਰਕੇ ਅਚੇਤ ਜਾਂ ਸੁਚੇਤ ਸਾਡੇ ਵੋਕ ਇੱਕੀਵੀਂ ਸਦੀ ਵਿੱਚ ਵੀ ਆਪਣਾ ਦੋਹਰਾ ਨੁਕਸਾਨ ਕਰ ਰਹੇ ਹਨ।

ਹੁਣ ਗੱਲ ਕਰਦੇ ਹਾਂ ਸਿੱਖ ਧਰਮ ਦੀ। ਸਿੱਖ ਧਰਮ ਵਿੱਚ ਦਿਵਾਲੀ ਦੇ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆਂ ਜਾਂਦਾ ਹੈ। ਇਸ ਦਿਨ ਛੇਵੇਂ ਗੁਰੂ ਸਾਹਿਬ ਨੇ ਬਵੰਜਾ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਜੋ ਕਿ ਸਭ ਤਰ੍ਹਾਂ ਮਜ਼ਹਬੀ ਬੰਧਨ ਤੋੜਕੇ ਸਰਵ ਸਾਂਝੀਵਾਲਤਾ, ਭਾਈਚਾਰਕ ਏਕਤਾ ਵੱਲ ਵੱਡਾ ਕਦਮ ਸੀ ਤੇ ਅੱਜ ਦੇ ਮਨੁੱਖੀ ਅਧਿਕਾਰਾਂ ਦਾ ਮੁੱਢ ਸੀ, ਪਰ ਇਸ ਨੂੰ ਸਿਰਫ ਮਿਠਿਆਈਆਂ ਅਤੇ ਪਟਾਕਿਆਂ ਨਾਲ ਕਿਵੇਂ ਜੋੜਿਆ ਗਿਆ? ਇਹ ਗੱਲ ਸਮਝ ਤੋਂ ਪਰੇ ਹੈਚਾਹੀਦਾ ਇਹ ਹੈ ਕਿ ਇਸ ਦਿਨ ਸਿੱਖ ਧਰਮ ਦੀ ਸਿੱਖਿਆਵਾਂ ਨਾਲ ਸੰਬੰਧਿਤ ਵਰਕਸ਼ਾਪਾਂ ਲਗਾਈਆਂ ਜਾਣ, ਲੋਕਾਂ ਨੂੰ ਮਾਨਵਤਾ ਦੇ ਭਲੇ ਦੀ ਮਹੱਤਤਾ ਦੱਸੀ ਜਾਵੇ, ਜੀਵਨ ਦੇ ਅਸਲ ਮਕਸਦ ਬਾਰੇ ਚਾਨਣਾ ਪਾਇਆ ਜਾਵੇ ਪਦਾਰਥਵਾਦੀ ਯੁਗ ਵਿੱਚ ਪਦਾਰਥ ਪ੍ਰਤੀ ਵਧ ਰਹੀ ਖਿੱਚ ਕਾਰਨ ਸਮਾਜ ਵਿੱਚ ਵਰਤ ਰਹੇ ਅਨਰਥ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਜਾਵੇ ਕੁਦਰਤ ਦੀ ਸੰਭਾਲ਼ ਬਾਰੇ ਦੱਸਿਆ ਜਾਵੇਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾਵੇ ਤੇ ਰਿਸ਼ਤਿਆਂ ਦੇ ਮਹੱਤਵ ਆਦਿ ਦਾ ਖੁਲਾਸਾ ਕੀਤਾ ਜਾਵੇ ਤਾਂ ਜੋ ਅਜਿਹਾ ਕਰਨ ਨਾਲ ਲੋਕ ਕਿਤੇ ਹੋਰ ਨਰਕ ਸਵਰਗ ਨਾ ਲੱਭਣ, ਪਰ ਹੋ ਸਭ ਕੁਝ ਉਕਤ ਤੋਂ ਉਲਟ ਰਿਹਾ ਹੈ। ਅੱਜ ਵੀ ਲੋਕ ਮੱਥੇ ਰਗੜਕੇ, ਪੂਜਾ ਕਰਕੇ ਖੁਸ਼ੀਆਂ ਭਾਲ ਰਹੇ ਹਨ, ਸਵਰਗ ਦੀ ਆਸ ਕਰ ਰਹੇ ਹਨ।

ਬੇਸ਼ਕ ਸਿੱਖ ਧਰਮ ਵਿੱਚ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਪਰ ਪੂਜਾ ਦਾ ਰੁਝਾਨ ਸਿੱਖ ਧਰਮ ਵਿੱਚ ਵੀ ਦਿਨੋ ਦਿਨ ਅਮਰਵੇਲ ਵਾਂਗ ਵਧ ਫੁੱਲ ਰਿਹਾ ਹੈ। ਗੁਰਬਾਣੀ ਨੂੰ ਸਮਝਣ ਦੀ ਬਜਾਏ ਤੋਤਾ ਰਟਣ, ਮੱਥਾ ਟੇਕਣ ਤੇ ਕਰਮਕਾਂਡ ਕਰਨ ਦੀ ਰੁਚੀ ਪਰਬਲ ਹੋ ਰਹੀ ਹੈ।

ਦੀਵਾਲੀ ਦੇ ਸ਼ੁਭ ਮੌਕੇ ’ਤੇ ਆਪ ਸਭ ਨੂੰ ਵਧਾਈ ਪੇਸ਼ ਕਰਨ ਦੇ ਨਾਲ ਨਾਲ ਹੀ ਆਪ ਦੇ ਸੁਨਹਿਰੇ ਭਵਿੱਖ ਦੀ ਹਾਰਦਿਕ ਕਾਮਨਾ ਕਰਦਾ ਹੋਇਆ ਆਪ ਨੂੰ ਸੁਚੇਤ ਕਰਨ ਦਾ ਫਰਜ਼ ਅਦਾ ਕਰਨ ਵਜੋਂ ਇਹ ਵੀ ਦੁਆ ਕਰਦਾ ਹਾਂ ਕਿ ਸਾਨੂੰ ਸਭਨਾਂ ਨੂੰ ਧਰਮ ਦੀ ਅਸਲ ਭਾਵਨਾ ਨੂੰ ਸਮਝਣ ਦਾ ਬਲ ਮਿਲੇ ਤਾਂ ਕਿ ਕੁਦਰਤ, ਸਮਾਜ ਤੇ ਜ਼ਿੰਦਗੀ ਦੀ ਮਹੱਤਤਾ ਸਮਝ ਪੈਣ ਦੇ ਨਾਲ ਨਾਲ ਫੋਕਟ ਦੇ ਕਰਮ ਕਾਂਡਾਂ ਤੋਂ ਮੁਕਤੀ ਦੇ ਨਾਲ ਨਾਲ ਜ਼ਿੰਦਗੀ ਦੇ ਅਸਲ ਮਾਅਨਿਆਂ ਨੂੰ ਸਮਝ ਸਕਣ ਦੀ ਸੋਝੀ ਪਰਾਪਤ ਹੋਵੇ। ਇਸ ਤਰ੍ਹਾਂ ਦੇ ਸਭ ਤਿਉਹਾਰ ਬਾਹਰੀ ਚਾਨਣ ਦੀ ਬਜਾਏ ਮਾਨਸਿਕ ਸੋਚ ਵਿੱਚ ਨਵੇਂ ਚਾਨਣ ਦੇ ਮੀਨਾਰੇ ਬਣਨ, ਸਭ ਦੇ ਅੰਦਰ ਗਿਆਨ ਦਾ ਚਾਨਣ ਪੈਦਾ ਹੋਵੇ ਤੇ ਉਸ ਚਾਨਣ ਦੀ ਜੋਤ ਲਟਾ ਲਟ ਬਲੇਮਨੁੱਖੀ ਕਦਰਾਂ ਕੀਮਤਾਂ ਵਧਣ ਫੁੱਲਣਈਰਖਾ, ਨਫਰਤ, ਹਊਮੈਂ, ਦੁਈ ਦਵੈਤ ਅਤੇ ਮਜ਼ਹਬੀ ਜਨੂੰਨ ਆਦਿ ਸਭ ਬੁਰਾਈਆਂ ਤੋਂ ਰਹਿਤ ਲੋਕਾਈ ਵਿੱਚ ਮਨੁੱਖੀ ਭਲੇ ਦੀ ਬਾਤ ਪਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3124)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author