“ਦੇਸ਼ ਦੀ ਜਨਤਾ ਨਾਲ ਆਢਾ ਲਾਉਣਾ ਕਿਸੇ ਵੀ ਤਰ੍ਹਾਂ ਖ਼ੁਦਕੁਸ਼ੀ ਕਰਨ ਤੋਂ ਘੱਟ ...”
(28 ਦਸੰਬਰ 2020)
ਕਿਰਤੀਆਂ ਤੇ ਕਿਸਾਨਾਂ ਦੇ ਗ਼ੈਰ ਸਿਆਸੀ ਅੰਦੋਲਨ ਨੇ ਕਈ ਨਵੇਂ ਇਤਿਹਾਸ ਸਿਰਜ ਦਿੱਤੇ ਹਨ ਜਿਹਨਾਂ ਬਾਰੇ ਚਰਚਾ ਕਰਨੀ ਬੜੀ ਜ਼ਰੂਰੀ ਬਣ ਜਾਂਦੀ ਹੈ। ਸਭ ਤੋਂ ਪਹਿਲਾ ਇਤਿਹਾਸ ਇਹ ਸਿਰਜਿਆ ਕਿ ਵਿਸ਼ਵ ਵਿੱਚ ਸਿਆਸੀ ਪਾਰਟੀਆਂ ਦੀ ਹਿਮਾਇਤ ਤੋਂ ਬਿਨਾ ਇੱਡਾ ਵੱਡਾ ਅੰਦੋਲਨ ਅੱਜ ਤਕ ਕਦੇ ਵੀ ਨਹੀਂ ਹੋਇਆ। ਇਸ ਅੰਦੋਲਨ ਨੇ ਪੰਜਾਬ ਤੇ ਹਰਿਆਣੇ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਨੇਤਾਵਾਂ ਦੀ ਮੰਜੀ ਘੁਮਾ ਕੇ ਰੱਖ ਦਿੱਤੀ ਹੈ। ਉਹਨਾਂ ਨੂੰ ਹੁਣ ਇਹ ਵੀ ਨਹੀਂ ਸੁੱਝ ਰਿਹਾ ਕਿ ਉਹ ਆਪਣੀ ਸਾਖ ਕਿਵੇਂ ਬਚਾਉਣ। ਆਪਣੀ ਸਾਖ ਬਚਾਉਣ ਵਾਸਤੇ ਤਾਲੋਂ ਖੁੰਝੀ ਡੂਮਣੀ ਵਾਂਗ ਆਲ ਪਤਾਲ ਗਾ ਰਹੇ ਹਨ, ਬੁਖਲਾਹਟ ਵਿੱਚ ਹਨ, ਡੁੱਬਣ ਤੋਂ ਬਚਣ ਵਾਸਤੇ ਹੱਥ ਪੈਰ ਮਾਰ ਰਹੇ ਹਨ।
ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਕਿ ਸਿਆਸੀ ਪਾਰਟੀਆਂ ਹਮੇਸ਼ਾ ਹੀ ਉਹਨਾਂ ਦੇ ਹਿਤਾਂ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ ਤੇ ਅੱਗੋਂ ਵੀ ਇਹੀ ਕੁਝ ਕਰਦੀਆਂ ਰਹਿਣਗੀ ਜਿਸ ਕਰਕੇ ਇਹਨਾਂ ਗਿਰਗਟਾਂ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਇਹਨਾਂ ਨੂੰ ਪਾਸੇ ਕਰਕੇ ਹੀ ਹੱਕੀ ਅੰਦੋਲਨ ਦੀ ਨੀਤੀ ਤੇ ਦਿਸ਼ਾ ਤੈਅ ਕੀਤੀ ਜਾ ਸਕਦੀ ਹੈ।
ਇਸ ਅੰਦੋਲਨ ਨੇ ਨੌਜਵਾਨਾਂ, ਬਜ਼ੁਰਗਾਂ ਤੇ ਮਾਈਆ-ਭੈਣਾਂ ਨੂੰ ਇਹ ਗੱਲ ਵੀ ਸਮਝਾਈ ਹੈ ਕਿ ਏਕੇ ਵਿੱਚ ਬਰਕਤ ਹੁੰਦੀ ਹੈ। ਹੱਕ ਕਦੇ ਵੀ ਕੋਈ ਥਾਲੀ ਵਿੱਚ ਪਰੋਸ ਕੇ ਨਹੀਂ ਦਿੰਦਾ ਸਗੋਂ ਖੋਹ ਕੇ ਲੈਣੇ ਪੈਂਦੇ ਹਨ।
ਕਿਸਾਨ ਅੰਦੋਲਨ ਰਾਹੀਂ ਜਿੱਥੇ ਲੋਕਾਂ ਵਿੱਚੋਂ ਮਜ਼੍ਹਬੀ ਤੇ ਜਾਤ ਪਾਤੀ ਭਿੰਨ ਭੇਦ ਘਟਿਆ ਹੈ, ਪਿਆਰ ਤੇ ਮੁਹੱਬਤ ਦੀ ਸਾਂਝ ਵਧੀ ਹੈ, ਉੱਥੇ ਰਿਸ਼ਤਿਆਂ ਵਿਚਲੀ ਭਾਵੁਕਤਾ ਦੀ ਝਲਕ ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ। ਪੀੜ੍ਹੀ ਪਾੜੇ ਨੂੰ ਵੀ ਵਿਸ਼ਰਾਮ ਲੱਗਾ ਹੈ ਤੇ ਇਸਦੇ ਨਾਲ ਹੀ ਕੁਝ ਕਰ ਗੁਜ਼ਰਨ ਦੇ ਅਥਾਹ ਜਜ਼ਬੇ ਦਾ ਠਾਠਾਂ ਮਾਰਦਾ ਸੰਮੁਦਰ ਵੀ ਬਹੁਤ ਗੱਜਦਾ ਸੁਣਾਈ ਦੇ ਰਿਹਾ ਹੈ।
ਇਹ ਕਿਸਾਨ ਅੰਦੋਲਨ ਵਿਸ਼ਵ ਦਾ ਸਭ ਤੋਂ ਵੱਡਾ ਰੋਹ ਮੁਜ਼ਾਹਰਾ ਹੈ ਜੋ 350 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਕੇ ਦਿੱਲੀ ਦੀਆਂ ਸਰਹੱਦਾਂ ’ਤੇ ਜਾ ਕੇ ਧਰਨੇ ਵਿੱਚ ਬਦਲਿਆ ਹੈ ਤੇ ਇਹ ਦੁਨੀਆ ਦਾ ਪਹਿਲਾ ਅਜਿਹਾ ਧਰਨਾ ਹੈ ਜਿਸ ਵਿੱਚ ਲੰਗਰ ਦੀ ਬਹੁਤ ਹੀ ਵਿਧੀਵਤ ਵਿਵਸਥਾ ਹੈ।
ਕਿਸਾਨ ਅੰਦੋਲਨ ਨੇ ਦੁਨੀਆ ਵਿੱਚ ਪੈਦਾ ਹੋਈਆਂ ਕਰਾਂਤੀਆਂ ਤੋਂ ਹਟ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਆਮ ਤੌਰ ’ਤੇ ਅੰਦੋਲਨ ਦੇਰ ਸਵੇਰ ਹਿੰਸਕ ਰੂਪ ਧਾਰ ਜਾਂਦੇ ਹਨ, ਪਰ ਇਹ ਪਹਿਲਾ ਅੰਦੋਲਨ ਹੈ ਜੋ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ।
ਇਸ ਅੰਦੋਲਨ ਨੇ ਪੂਰੇ ਵਿਸ਼ਵ ਦੇ ਸਾਹਮਣੇ ਲੋਕ-ਤੰਤਰ ਦੇ ਨਾਮ ’ਤੇ ਹੋ ਰਹੀ ਤਾਨਾਸ਼ਾਹੀ ਤੇ ਲੱਠਤੰਤਰ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਸੱਤਾ ’ਤੇ ਕਾਬਜ਼ ਲੋਕ ਆਪਣੀਆਂ ਕੁਰਸੀਆਂ ਦੀਆਂ ਪੁਸ਼ਤਾਂ ਪੱਕੀਆਂ ਕਰਨ ਵਾਸਤੇ ਕਿੱਥੋਂ ਤਕ ਗਿਰ ਸਕਦੇ ਹਨ ਕਿ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਕੁਝ ਕੁ ਧਨਕੁਬੇਰਾਂ ਦੇ ਤਲਵੇ ਚੱਟਣ ਨੂੰ ਹੀ ਪਹਿਲ ਦੇ ਰਹੇ ਹਨ।
ਕਿਸਾਨਾਂ ਦੇ ਇਸ ਏਕੇ ਨੂੰ ਕੋਈ ਕੁਝ ਵੀ ਕਹੇ ਪਰ ਇਸ ਏਕੇ ਨੇ ਪੂਰੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਭਾਈਚਾਰਕ ਏਕਾ ਤੇ ਸਾਂਝੀਵਾਲਤਾ ਵਿਹਾਰਕ ਰੂਪ ਵਿੱਚ ਕੀ ਹੁੰਦੇ ਹਨ। ਮਾਨਵਤਾ ਦਾ ਦਰਦ ਕੀ ਹੁੰਦਾ ਹੈ। ਏਕੇ ਤੀ ਬਰਕਤ ਕੀ ਹੁੰਦੀ ਹੈ।
ਇਸ ਅੰਦੋਲਨ ਨੇ ਜਿੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਹੋਂਦ ਨੂੰ ਚੁਨੌਤੀ ਦਿੱਤੀ ਹੈ, ਉੱਥੇ ਭਾਰਤ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਭੂਚਾਲ ਲਿਆਂਦਾ ਹੈ। ਸਭ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਨਾਲ ਜੁੜਕੇ ਆਪਣੀ ਛਵੀ ਬਚਾਉਣ ਵਾਸਤੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ, ਪਰ ਕਿਸਾਨ ਉਹਨਾਂ ਨੂੰ ਮੂੰਹ ਲਾਉਣ ਵਾਸਤੇ ਤਿਆਰ ਨਹੀਂ।
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ “ਜੈ ਜਵਾਨ, ਜੈ ਕਿਸਾਨ” ਦਾ ਨਾਹਰਾ ਦਿੱਤਾ ਸੀ ਜਿਸ ਨਾਲ ਸਾਬਕਾ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਿੱਟੇ ਵਜੋਂ ਉਸਦਾ ਸਿਆਸੀ ਕੈਰੀਅਰ ਹੀ ਖਤਮ ਹੋ ਗਿਆ ਸੀ। ਹੁਣ ਮੋਦੀ ਨੇ ਤਾਂ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕਰਕੇ ਜੱਗੋਂ ਤੇਰ੍ਹਵੀਂ ਹੀ ਕਰ ਦਿੱਤੀ। ਉਕਤ ਨਾਹਰੇ ਦੇ ਅਰਥ ਹੀ ਬਦਲਕੇ “ਮਰ ਜਵਾਨ ਤੇ ਮਰ ਕਿਸਾਨ” ਕਰ ਦਿੱਤੇ ਹਨ। ਭਾਰਤ ਦੇ ਆਸ ਪਾਸ ਲੱਗਦੇ ਕਿਸੇ ਵੀ ਦੇਸ਼ ਨਾਲ ਇਸ ਸਰਕਾਰ ਦੇ ਸੰਬੰਧ ਸੁਖਾਵੇਂ ਨਹੀਂ ਹਨ ਜਿਸ ਕਰਕੇ ਸਰਹੱਦਾਂ ’ਤੇ ਜਵਾਨਾਂ ਦੀਆਂ ਨਿੱਤ ਮੌਤਾਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਕਿਸਾਨਾਂ ਵਾਸਤੇ ਅਜਿਹੇ ਕਾਨੂੰਨੀ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਉਹ ਆਤਮ ਹੱਤਿਆਵਾਂ ਕਰਨ ਵਾਸਤੇ ਮਜਬੂਰ ਹੋਣ।
ਕਿਰਤੀ ਕਿਸਾਨ ਅੰਦੋਲਨ ਦਿਨੋ ਦਿਨ ਸਹੀ ਦਿਸ਼ਾ ਵੱਲ ਵਧ ਰਿਹਾ ਹੈ ਤੇ ਦੇਰ ਸਵੇਰ ਇਹ ਅੰਦੋਲਨ ਮੋਦੀ ਸਰਕਾਰ ਨੂੰ ਖੇਤੀ ਬਿੱਲਾਂ ਨੂੰ ਰੱਦ ਕਰਨ ਵਾਸਤੇ ਮਜਬੂਰ ਕਰ ਦੇਵੇਗਾ। ਭਾਰਤ ਦੀ ਭਾਜਪਾ ਸਰਕਾਰ ਕਿਰਤੀਆਂ ਤੇ ਕਿਸਾਨਾਂ ਦੇ ਸਬਰ ਦੀ ਹੋਰ ਪਰਖ ਕਰਨੀ ਬੰਦ ਕਰਕੇ ਜਲਦੀ ਤੋਂ ਜਲਦੀ ਖੇਤੀ ਬਿੱਲਾਂ ਨੂੰ ਰੱਦ ਕਰੇ ਨਹੀਂ ਤਾਂ ਇਹਨਾਂ ਤਿੰਨਾਂ ਬਿੱਲਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਕਿਰਤੀ ਕਿਸਾਨ ਅੰਦੋਲਨ ਮੋਦੀ ਸਰਕਾਰ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਏਗਾ ਤੇ ਅਗਾਮੀ ਚੋਣਾਂ ਵਿੱਚ ਭਾਜਪਾ ਦਾ ਮੁਲਕ ਵਿੱਚੋਂ ਸਫਾਇਆ ਹੋ ਜਾਵੇਗਾ। ਸਰਕਾਰ ਦੀ ਇਹ ਗੱਲ ਸਮਝ ਲੈਣ ਵਿੱਚ ਹੀ ਭਲਾਈ ਹੈ ਕਿ ਲੋਕਤੰਤਰ ਵਿੱਚ ਰਾਜ ਲੋਕਾਂ ਦਾ ਹੁੰਦਾ ਹੈ, ਉਹਨਾਂ ’ਤੇ ਕਾਲੇ ਕਾਨੂੰਨ ਬਣਾ ਕੇ ਤੇ ਫਿਰ ਉਹਨਾਂ ਨੂੰ ਜ਼ੋਰ ਜ਼ਬਰਦਸਤੀ ਲਾਗੂ ਕਰਨਾ ਜਾਂ ਫਿਰ ਦੇਸ਼ ਦੀ ਜਨਤਾ ਨਾਲ ਆਢਾ ਲਾਉਣਾ ਕਿਸੇ ਵੀ ਤਰ੍ਹਾਂ ਖ਼ੁਦਕੁਸ਼ੀ ਕਰਨ ਤੋਂ ਘੱਟ ਨਹੀਂ ਹੁੰਦਾ। ਸਿਆਣਿਆਂ ਦੀ ਕਹੀ ਇਹ ਗੱਲ ਮੋਦੀ ਮੰਡਲੀ ਉੱਤੇ ਬਹੁਤ ਢੁੱਕਦੀ ਹੈ:
ਰੱਬ ਨਾ ਥੱਪੜ, ਘਸੁੰਨ ਜਾਂ ਲੱਤ ਮਾਰਦਾ ਹੈ,
ਜਦ ਵੀ ਮਾਰਦਾ ਹੈ, ਬੰਦੇ ਦੀ ਮੱਤ ਮਾਰਦਾ ਹੈ।
ਇਸੇ ਗੱਲ ਨੂੰ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ, “ਵਿਨਾਸ਼ ਕਾਲ ਵਿਪਰੀਤ ਬੁੱਧੀ” ਭਾਵ ਜਦੋਂ ਕਿਸੇ ਬਹੁਤੀ ਖੁਦੀ ਕਰਨ ਵਾਲੇ ਦਾ ਅੰਤਿਮ ਸਮਾਂ ਆਉਂਦਾ ਤਾਂ ਉਸ ਦੀ ਬੁੱਧ ਭ੍ਰਿਸ਼ਟ ਜਾਂਦੀ ਹੈ। ਸ਼ਾਇਦ ਮੋਦੀ ਇਸ ਵੇਲੇ ਇਸੇ ਦੌਰ ਵਿੱਚੋਂ ਲੰਘ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2493)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































