ShingaraSDhillon7ਸਿਰਫ ਤੇ ਸਿਰਫ ਚੰਗੇ, ਸੂਝਵਾਨ ਤੇ ਲੋਕ ਹਿਤੂ ਉਮੀਦਵਾਰਾਂ ਦੀ ਚੋਣ ਵੱਲ ਧਿਆਨ ਦੇਣ ...
(15 ਜੂਨ 2021)

 

ਸਿਆਣਿਆਂ ਦਾ ਕਿਹਾ ਇਹ ਕੰਧ ਉੱਤੇ ਉੱਕਰਿਆ ਕੌੜਾ ਸੱਚ ਹੈ ਕਿ ਗੁੱਸੇ, ਡਰ ਅਤੇ ਭੰਬਲਭੂਸੇ ਵਿੱਚ ਲਏ ਗਏ ਫ਼ੈਸਲੇ ਅਕਸਰ ਹੀ ਗਲਤ ਹੁੰਦੇ ਹਨ ਜੋ ਫਾਇਦੇ ਦੀ ਬਜਾਏ ਨੁਕਸਾਨ ਵੱਧ ਕਰ ਜਾਂਦੇ ਹਨਜਿਉਂ ਜਿਉਂ ਪੰਜਾਬ ਦੀਆਂ ਵਿਧਾਨ ਸਭਾ ਨੇੜੇ ਆਉਂਦੀਆਂ ਜਾ ਰਹੀਆਂ ਹਨ, ਉਵੇਂ ਉਵੇਂ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਗਰਮੀ ਅਤੇ ਉਭਾਰ ਆਉਂਦਾ ਜਾ ਰਿਹਾ ਹੈਸਿਆਸੀ ਹਲਕਿਆਂ ਵਿੱਚ ਇੱਕ ਦੂਸਰੇ ਨੂੰ ਠਿੱਬੀ ਲਾਉਣ ਵਾਸਤੇ ਬਹੁਤ ਕਾਹਲੀ ਵਿੱਚ ਜੋੜ-ਤੋੜ ਕੀਤੇ ਜਾ ਰਹੇ ਹਨਮੌਕਾਪ੍ਰਸਤੀ ਦੀ ਸਿਆਸਤ ਤੇਜ਼ ਹੋ ਰਹੀ ਹੈਦਲਬਦਲੀਆਂ ਦੇ ਡੱਡੂ ਟਪੂਸੀਆਂ ਮਾਰਨ ਦਾ ਦੌਰ ਚੱਲ ਰਿਹਾ ਹੈ

ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਜਿੱਥੇ ਆਮ ਲੋਕਾਂ ਦੀ ਕੁੱਤੇਖਾਣੀ ਤੇ ਤੋਏ ਤੋਏ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹਨ, ਉੱਥੇ ਕਾਹਲਬਾਜ਼ੀ ਵਿੱਚ ਬੀਰ ਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਵਾਂਗ ਸਿਆਸੀ ਆਤਮਘਾਤ ਵੀ ਕਰ ਚੁੱਕੇ ਹਨਕਹਿਣ ਦਾ ਭਾਵ ਭਵਿੱਖ ਵਿੱਚ ਉਹਨਾਂ ਦੇ ਸਿਆਸੀ ਕੈਰੀਅਰ ਉੱਤੇ ਪ੍ਰਸ਼ਨ ਚਿੰਨ੍ਹ ਤਾਂ ਲੱਗ ਹੀ ਗਿਆ ਹੈ, ਇਸਦੇ ਨਾਲ ਹੀ ਵਿਰਾਮ ਚਿੰਨ੍ਹ ਲੱਗਣ ਦੇ ਅਸਾਰ ਵੀ ਪੈਦਾ ਹੋ ਗਏ ਹਨਖਹਿਰਾ ਤੇ ਉਸ ਦੇ ਸਾਥੀਆਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਵਿਚਲੇ ਸਿਆਸੀ ਵਿਰੋਧੀਆਂ ਨੂੰ ਗੁੱਠੇ ਲਾਉਣ ਦਾ ਇੱਕ ਸਿਆਸੀ ਤਿਕੜਮਬਾਜ਼ੀ ਸੀ ਜਿਸ ਨੂੰ ਖਹਿਰਾ ਅਤੇ ਉਸ ਦੇ ਸਾਥੀ ਸਿਆਸੀ ਪਹਿਲਾਂ ਹੀ ਭੰਬਲਭੂਸੇ ਵਿੱਚ ਫਸੇ ਹੋਣ ਕਾਰਨ ਸਮਝਣ ਤੋਂ ਪੂਰੀ ਤਰ੍ਹਾਂ ਅਸਮਰਥ ਰਹੇਗੱਲ ਇਹ ਹੋਈ ਕਿ ਸੁਖਪਾਲ ਖਹਿਰਾ ਆਪ ਤਾਂ ਡੁੱਬਿਆ ਹੀ, ਉਸ ਨੇ ਆਪਣੇ ਨਾਲ ਜਜਮਾਨ ਵੀ ਡੋਬ ਲਏ

ਹੁਣ ਕੱਲ੍ਹ ਦਾ ਇੱਕ ਹੋਰ ਰੌਲਾ ਰੱਪਾ ਪੈ ਰਿਹਾ ਹੈ ਕਿ ਅਕਾਲੀ ਦਲ ਬਾਦਲ ਤੇ ਬਸਪਾ ਦਾ ਪੰਜਾਬ ਵਿੱਚ ਗੱਠਜੋੜ ਹੋ ਗਿਆ ਹੈਵੀਹ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਗਈਆਂ ਹਨ ਤੇ ਬਾਕੀਆਂ ਉੱਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ ਜੇਕਰ ਇਸ ਸਮੀਕਰਨ ਨੂੰ ਗਹੁ ਨਾਲ ਦੇਖੀਏ ਤਾਂ ਸਾਫ ਪਤਾ ਲਗਦਾ ਹੈ ਕਿ ਇਹਨਾਂ ਦੋਹਾਂ ਪਾਰਟੀਆਂ ਦੁਆਰਾ ਕੀਤਾ ਗਿਆ ਸਮਝੌਤਾ ਵੀ ਕਾਹਲਬਾਜ਼ੀ ਵਿੱਚ ਕੀਤਾ ਗਿਆ ਹੈ ਕਿਉਂਕਿ ਬਸਪਾ ਨੇ ਪਹਿਲਾਂ ਹੀ ਇੰਨੇ ਸਿਆਸੀ ਸਮਝੌਤੇ ਕੀਤੇ ਹੋਏ ਹਨ, ਉਸ ਨੂੰ ਇਹ ਪਤਾ ਨਹੀਂ ਕਿ ਉਸ ਦਾ ਅਸਲ ਏਜੰਡਾ ਤੇ ਸਟੈਂਡ ਕੀ ਹੈਮਸਲਨ ਮੱਧ ਪ੍ਰਦੇਸ ਵਿੱਚ ਕਾਂਗਰਸ ਨਾਲ, ਦਿੱਲੀ ਵਿੱਚ ਬੀ ਜੇ ਪੀ ਨਾਲ ਤੇ ਪੰਜਾਬ ਵਿੱਚ ਅਕਾਲੀ ਦਲ ਨਾਲਗੱਲ ਕੀ ਜਿਹਨਾਂ ਪਾਰਟੀਆਂ ਦੀ ਸਿਆਸੀ ਵਿਚਾਰਧਾਰਾ ਹੀ ਇੱਕ ਦੂਸਰੇ ਦੇ ਵਿਰੁੱਧ ਹੈ, ਉਹਨਾਂ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ?

ਦਰਅਸਲ ਇਹ ਸਭ ਲੋਕਾਂ ਨੂੰ ਬੁੱਧੂ ਬਣਾ ਕੇ ਕੁਰਸੀ ਹਥਿਆਉਣ ਦੀ ਖੇਡ ਚੱਲ ਰਹੀ ਹੈਪੰਜਾਬ ਵਿੱਚ ਅਕਾਲੀਆਂ ਦੀ ਬੇੜੀ ਬਰਗਾੜੀ ਤੇ ਬਹਿਬਲਾਂ ਦੇ ਬੇਅਦਬੀ ਕਾਂਡਾਂ ਨਾਲ ਡੁੱਬੀ ਹੋਈ ਹੈ, ਯੂ ਪੀ ਵਿੱਚ ਮਾਇਆਵਤੀ ਸਿਆਸੀ ਮਾਇਆ ਤੋਂ ਸੱਖਣੀ ਹੈ

ਪੰਜਾਬ ਵਿੱਚ ਅਕਾਲੀ, ਬਸਪਾ ਦੇ ਹਾਥੀ ਦੀ ਸਵਾਰੀ ਕਰਕੇ 33 ਫੀਸਦੀ ਦੇ ਲਗਭਗ ਵੋਟ ਆਪਣੇ ਹੱਕ ਵਿੱਚ ਭੁਗਤਾਉਣ ਦੀ ਤਾਕ ਵਿੱਚ ਹਨ ਤੇ ਬਸਪਾ, ਜਿਸਦਾ ਕਾਂਸ਼ੀ ਰਾਮ ਦੇ ਸਮੇਂ ਵਿੱਚ ਪੰਜਾਬ ਵਿੱਚ ਬਹੁਤ ਵੱਡਾ ਜਨ ਅਧਾਰ ਸੀ, ਜੋ ਬਾਅਦ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਸਿਆਸੀ ਜ਼ਮੀਨ ਗੁਆ ਗਿਆ, ਨੂੰ ਪੈਰੀਂ ਖੜ੍ਹਾ ਕਰਨ ਦੇ ਆਹਰ ਵਿੱਚ ਹੈ

ਅਕਾਲੀਆਂ ਦੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਸੁਖਦੇਵ ਸਿੰਘ ਢੀਂਡਸਾ ਆਦਿ ਵਰਗੇ ਘਾਗ ਨੇਤਾ ਪਾਰਟੀ ਛੱਡ ਚੁੱਕੇ ਹਨ। ਦੂਸਰਾ, ਪਰਕਾਸ ਸਿੰਘ ਬਾਦਲ ਉਮਰ ਦਰਾਜ਼ ਹੋ ਚੁੱਕੇ ਹਨ। ਤੀਸਰਾ, ਸੁਖਬੀਰ ਸਿੰਘ ਬਾਦਲ ਕੋਈ ਦੂਰ ਅੰਦੇਸ਼ ਸੋਚ ਵਾਲਾ ਵਿਅਕਤੀ ਨਹੀਂ। ਚੌਥਾ, ਅਕਾਲੀਆਂ ਦਾ ਪਿਛਲੇ ਦਸਾਂ ਸਾਲਾਂ ਵਾਲੀ ਸਰਕਾਰ ਦਾ ਲੇਖਾ ਜੋਖਾ ਕਰੋ ਤਾਂ ਜੋੜ ਘਟਾਓ ਕਰਨ ਤੋਂ ਬਾਅਦ ਪੱਲੇ ਸਿਫਰ ਵੀ ਨਹੀਂ ਪੈਂਦਾ। ਪੰਜਵਾਂ, ਅਨਾੜੀ ਸਿਆਸਤਦਾਨ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ

ਅਕਾਲੀਆਂ ਨੇ ਬਸਪਾ ਨਾਲ ਇਹ ਗਠਜੋੜ ਅਸਲ ਵਿੱਚ ‘ਮਰਦਾ ਕੀ ਨਹੀਂ ਕਰਦਾ’ ਵਾਲੀ ਨੀਤੀ ਤਹਿਤ ਮਜਬੂਰੀ ਨੂੰ ਕੀਤਾ ਹੈ ਜਿਸਦਾ ਅਸਲ ਮਕਸਦ ਪਾਰਟੀ ਦੀ ਡੁੱਬ ਰਹੀ ਨਈਆ ਨੂੰ ਠੁੰਮ੍ਹਣਾ ਦੇਣ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਦੂਜੇ ਪਾਸੇ ਬਸਪਾ ਨੇ ਇਹ ਗਠਜੋੜ ਅੱਖਾਂ ਬੰਦ ਕਰਕੇ ਕੀਤਾ ਹੈ ਜੋ ਉਹਨਾਂ ਦੀ ਆਪਣੀ ਮਜਬੂਰੀ ਹੈ ਤੇ ਜਿਸਦਾ ਪਾਰਟੀ ਨੂੰ ਕੋਈ ਲ਼ਾਭ ਹੋਣ ਦੇ ਅਸਾਰ ਬਹੁਤ ਘੱਟ ਹਨ, ਉਲਟਾ ਇਸ ਸਮਝੌਤੇ ਨਾਲ ਪਾਰਟੀ ਦੀ ਰਹਿੰਦੀ ਖੂੰਹਦੀ ਛਵ੍ਹੀ ਵੀ ਖਰਾਬ ਹੋਣ ਦਾ ਅੰਦੇਸ਼ਾ ਹੈ

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਲੋਕ ਇਸ ਗਠਜੋੜ ਵਿੱਚ ਕਾਮਰੇਡਾਂ ਨੂੰ ਸ਼ਾਮਿਲ ਕਰਕੇ ਮਹਾਂ ਗਠਜੋੜ ਦੀਆਂ ਕਿਆਸ ਅਰਾਈਆਂ ਵੀ ਲਗਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਾਮਰੇਡਾਂ ਦਾ ਪੰਜਾਬ ਵਿੱਚ ਹੁਣ ਨਾਮ ਭੋਗ ਵੀ ਨਹੀਂ ਰਹਿ ਗਿਆ

ਅਕਾਲੀਆਂ ਤੇ ਬਸਪਾ ਵਾਲਿਆਂ ਵਲੋਂ ਹੁਣ ਇਹ ਪਰਚਾਰਿਆ ਜਾ ਰਿਹਾ ਹੈ ਕਿ ਸਾਡੀ ਸੋਚ ਇੱਕ ਹੈ ਤੇ ਸਾਡਾ ਮਿਸ਼ਨ ਵੀ ਇੱਕ ਹੈ, ਜਦ ਕਿ ਅਸਲੀਅਤ ਕੁਝ ਹੋਰ ਹੈਜੇਕਰ ਉਕਤ ਗੱਲ ਹੈ ਤਾਂ ਫਿਰ ਪੰਜਾਬ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਅਕਾਲੀਆਂ ਤੇ ਦਲਿਤਾਂ ਦੇ ਧਾਰਮਿਕ ਸਥਾਨ ਅਤੇ ਸ਼ਮਸ਼ਾਨਘਾਟ ਵੱਖੋ ਵੱਖਰੇ ਕਿਉਂ ਹਨ? ਜੇਕਰ ਸੋਚ ਇੱਕ ਸੀ ਤਾਂ ਮੁੜ ਚੇਤਾ ਆਉਣ ਵਿੱਚ ਪੰਝੀ ਸਾਲ ਕਿਵੇਂ ਲੱਗ ਗਏ? ਅਕਾਲੀ ਦਲ ਵਿੱਚ ਇਸ ਵੇਲੇ ਕਿੰਨੇ ਦਲਿਤ ਨੇਤਾ ਹਨ ਜਾਂ ਉਹਨਾਂ ਦੇ ਅਨੁਪਾਤ ਦਾ ਕੀ ਵਿਧੀ ਵਿਧਾਨ ਹੈ?

ਆਪਾਂ ਜਾਣਦੇ ਹੀ ਹਾਂ ਕਿ ਪੰਜਾਬ ਕਾਂਗਰਸ ਇਸ ਵੇਲੇ ਖਾਨਾਜੰਗੀ ਦੀ ਸ਼ਿਕਾਰ ਹੈਪਾਰਟੀ ਦੇ ਅੰਦਰੂਨੀ ਸਮੀਕਰਨ ਬਦਲਣ ਦੇ ਆਸਾਰ ਬਣਦੇ ਜਾ ਰਹੇ ਹਨ ਜਿਹਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਛਵ੍ਹੀ ਜਾਂ ਤਾਂ ਨਿੱਖਰੇਗੀ ਜਾਂ ਫਿਰ ਪਹਿਲਾਂ ਨਾਲ਼ੋਂ ਵੀ ਖਰਾਬ ਹੋਵੇਗੀ। ਪਰ ਹਕੀਕਤ ਇਹ ਹੈ ਕਿ ਪਾਰਟੀ ਅੰਦਰਲਾ ਇਹ ਡਰਾਮਾ ਸਿਰਫ ਤੇ ਸਿਰਫ ਕੁਰਸੀ ਦੀ ਕੁੱਕੜ ਖੋਹੀ ਵਾਲੀ ਖੇਡ ਹੀ ਹੈ

ਭਾਰਤ ਦੀ ਸਿਆਸਤ ਵਿੱਚ ਕੋਈ ਕਿਸੇ ਦਾ ਸਕਾ ਨਹੀਂ, ਸਭ ਮਤਲਬ ਦੇ ਹਨ, ਆਪਣਾ ਉੱਲੂ ਸਿੱਧਾ ਕਰਨ ਦੀ ਦੌੜ ਹੈ। ਮਸਲਾ ਜਿਵੇਂ ਕਿਵੇਂ ਕੁਰਸੀ ’ਤੇ ਕਾਬਜ਼ ਹੋਣ ਦਾ ਹੈ। ਲੋਕਾਂ ਦੇ ਭਲੇ ਦਾ ਨਾ ਹੀ ਇਹਨਾਂ ਵਿੱਚੋਂ ਕਿਸੇ ਨੂੰ ਫਿਕਰ ਹੈ ਤੇ ਨਾ ਹੀ ਭਵਿੱਖ ਵਿੱਚ ਕੋਈ ਪਰਵਾਹ ਹੈਇਸ ਤਰ੍ਹਾਂ ਦੇ ਮਾਹੌਲ ਵਿੱਚ ਹੁਣ ਲੋਕਾਂ ਨੂੰ ਇੰਨਾ ਕੁ ਜਾਗ ਜਾਣਾ ਜ਼ਰੂਰੀ ਹੋਵੇਗਾ ਕਿ ਪੰਜਾਬ ਦੇ ਭਲੇ ਲਈ ਪਾਰਟੀਬਾਜ਼ੀ ਦੀ ਸਿਆਸਤ ਵਿੱਚ ਪੈਣ ਦੀ ਬਜਾਏ ਸਿਰਫ ਤੇ ਸਿਰਫ ਚੰਗੇ, ਸੂਝਵਾਨ ਤੇ ਲੋਕ ਹਿਤੂ ਉਮੀਦਵਾਰਾਂ ਦੀ ਚੋਣ ਵੱਲ ਧਿਆਨ ਦੇਣਚੰਗੇ ਉਮੀਦਵਾਰ ਚੁਣਕੇ ਪੰਜਾਬ ਵਿੱਚ ਅਕਾਲੀ, ਕਾਂਗਰਸ ਦੀ ਸਿਆਸੀ ਗੁੱਟਬਾਜ਼ੀ ਤੋਂ ਮੁਕਤ ਸਰਕਾਰ ਬਣਾਉਣਦਿਨੋ ਦਿਨ ਗਰਕਦੇ ਜਾ ਰਹੇ ਪੰਜਾਬ ਨੂੰ ਬਚਾਉਣ ਅਤੇ ਮੁੜ ਪੈਰੀਂ ਖੜ੍ਹਾ ਕਰਨ ਦਾ ਇਹੀ ਇੱਕੋ ਇੱਕ ਹੱਲ ਅਮਲ ਵਿੱਚ ਲਿਆਉਣ ਦੀ ਇਸ ਵੇਲੇ ਸਖਤ ਲੋੜ ਹੈ

ਬਾਕੀ ਰਹੀ ਗੱਲ ਬਦਲ ਰਹੇ ਸਿਆਸੀ ਸਮੀਕਰਨਾਂ ਦੀ, ਇਸ ਵੱਲ ਪੰਜਾਬੀਆਂ ਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਇਹਨਾਂ ਸਿਆਸੀ ਪਾਰਟੀਆਂ ਤੇ ਇਹਨਾਂ ਦੇ ਨੇਤਾਵਾਂ ਨੇ ਪਹਿਲਾਂ ਵੀ ਝੂਠ ਤੇ ਜੁਮਲੇਬਾਜ਼ੀ ਵਾਲੀ ਸਿਆਸਤ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਭਵਿੱਖ ਵਿੱਚ ਵੀ ਇਹਨਾਂ ਨੇ ਇਹੀ ਕੁਝ ਕਰਦੇ ਰਹਿਣਾ ਹੈ

ਪੰਜਾਬ ਦੇ ਹਰ ਸ਼ਹਿਰੀ ਨੂੰ ਸੁਸਤੀ ਅਤੇ ਨੀਂਦ ਦਾ ਤਿਆਗ ਕੇ ਤੇ ਆਪਣੀ ਜ਼ਮੀਰ ਆਪਣੇ ਕੋਲ ਰੱਖ ਕੇ ਬਦਲਾਵ ਵਾਸਤੇ ਹੁਣ ਤੋਂ ਹੀ ਤਿਆਰ ਬਰ ਤਿਆਰ ਹੋ ਜਾਣਾ ਚਾਹੀਦਾ ਤੇ ਇਹੀ ਇਸ ਵੇਲੇ ਸਮੇਂ ਦੀ ਮੰਗ ਹੈ ਇਹੀ ਕੰਧ ’ਤੇ ਲਿਖਿਆ ਸੱਚ ਹੈ ਜਿਸ ਨੂੰ ਸਮਝਣ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2844)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author