“ਤੇ ਵਿਆਹ ਤੋਂ ਬਾਦ ਇਹ ਸਿਲਸਿਲਾ ਜੇਕਰ ਇਸੇ ਤਰ੍ਹਾਂ ਚਾਲੂ ਰਿਹਾ ਤਾਂ ...”
(29 ਜੁਲਾਈ 2018)
ਉਂਜ ਤਾਂ 21ਵੀਂ ਸਦੀ ਦੀ ਜਨਰੇਸ਼ਨ ਬਹੁਤੇ ਰਿਸ਼ਤੇ ਮਾਪਿਆਂ ਦੀ ਸਲਾਹ ਅਤੇ ਵਿਚੋਲੇ ਤੋਂ ਬਿਨਾਂ ਅੱਜਕਲ੍ਹ ਦੀ ਨਵੀਂ ਤਕਨੀਕ ਦੀ ਸਹਾਇਤਾ ਨਾਲ ਆਪਣੇ ਤੌਰ ’ਤੇ ਹੀ ਤੈਅ ਕਰ ਲੈਂਦੀ ਹੈ ਤੇ ਸਾਰਾ ਕੁੱਜ ਕਰ ਕਰਾ ਕੇ ਬਾਦ ਵਿਚ ਸਮਾਜਕ ਤੇ ਧਾਰਮਿਕ ਰਸਮਾਂ ਦੀ ਪੂਰਤੀ ਹਿਤ ਰਸਮੀ ਤੌਰ ਤੇ ਮਾਪਿਆਂ ਨੂੰ ਸੂਚਿਤ ਕਰ ਦੇਂਦੀ ਹੈ ਤਾਂ ਕਿ ਰਿਸ਼ਤੇਦਾਰਾਂ ਦੋਸਤਾਂ ਦਾ ਇਕੱਠ ਕਰਕੇ ਸਮਾਜਕ ਤੇ ਧਾਰਮਿਕ ਕਾਰਜ ਅਸਾਨੀ ਨਾਲ ਨੇਪਰੇ ਚਾੜ੍ਹੇ ਜਾ ਸਕਣ।
ਬੇਸ਼ੱਕ ਮੇਰੇ ਵੱਡੇ ਵਡੇਰਿਆਂ ਨੇ ਰਿਸ਼ਤੇ ਜੋੜਨ ਵਿੱਚ ਵਿਚੋਲੇ ਦਾ ਰੋਲ ਵੱਡੇ ਪੱਧਰ ’ਤੇ ਨਿਭਾਇਆ ਤੇ ਸਹੀ ਮਾਨਿਆਂ ਵਿੱਚ ਉਹ ਆਪਣੇ ਸਮੇਂ ਦੇ marriage bureau centre ਰਹੇ, ਪਰ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਅਜਿਹੀ ਭੂਮਿਕਾ ਨਹੀਂ ਨਿਭਾਈ। ਪਰਿਵਾਰਕ ਮੈਂਬਰਾਂ ਅਤੇ ਲੜਕਾ ਲੜਕੀ ਧਿਰਾਂ ਦੇ ਕਹਿਣ ’ਤੇ ਇਸ ਵਾਰ ਮੈਂ ਵਿਚੋਲਗੀ ਕਰਨ ਵਾਸਤੇ ਰਾਜ਼ੀ ਹੋ ਗਿਆ। ਸਮਾਂ ਤੈਅ ਕਰਕੇ ਮੈਂ ਦੋਹਾਂ ਧਿਰਾਂ ਨੂੰ ਬੱਚਿਆਂ ਸਮੇਤ ਆਪਣੇ ਘਰ ਬੁਲਾ ਲਿਆ। ਚਾਹ ਪਾਣੀ ਦੀ ਟਹਿਲ ਸੇਵਾ ਕਰਨ ਤੋਂ ਬਾਦ ਲੜਕੇ ਤੇ ਲੜਕੀ ਨੂੰ ਆਪਸ ਵਿਚ ਗੱਲਬਾਤ ਕਰਨ ਵਾਸਤੇ ਵੱਖਰੇ ਕਮਰੇ ਵਿਚ ਭੇਜ ਦਿੱਤਾ ਤੇ ਅਸੀਂ ਲੜਕੇ ਲੜਕੀ ਦੇ ਮਾਪਿਆਂ ਸਮੇਤ ਮੇਨ ਲਾਂਜ ਵਿੱਚ ਬੈਠਕੇ ਉਹਨਾਂ ਵਲੋਂ ਲਏ ਜਾਣ ਵਾਲੇ ਫੈਸਲੇ ਦੀ ਇੰਤਜ਼ਾਰ ਕਰਨ ਲੱਗੇ ਤੇ ਸਮਾਂ ਲੰਘਾਉਣ ਵਾਸਤੇ ਏਧਰ ਓਧਰਲੀਆਂ ਗੱਲਾਂ ਵਿੱਚ ਰੁੱਝ ਗਏ।
ਲੜਕੇ ਲੜਕੀ ਦੀ ਆਪਸੀ ਗੱਲਬਾਤ ਕੋਈ ਵੀਹ ਪੰਝੀ ਕੁ ਮਿੰਟ ਚੱਲੀ। ਦੋਵੇਂ ਕਮਰੇ ਵਿੱਚੋਂ ਨਿਕਲੇ ਤੇ ਬਾਹਰ ਸਾਡੇ ਸਭਨਾਂ ਕੋਲ ਆ ਬੈਠੇ। ਲੜਕੇ ਨੂੰ ਉਸ ਦੇ ਫੈਸਲੇ ਬਾਰੇ ਪੱਛਿਆ ਤਾਂ ਉਸ ਨੇ ਮਿੰਨੀ ਜਿਹੀ ਮੁਸਕਰਾਹਟ ਨਾਲ ਆਪਣੇ ਵਲੋਂ ਰਿਸ਼ਤੇ ਦੀ ਕਾਰਵਾਈ ਅੱਗੇ ਤੋਰਨ ਦੀ ਹਾਂ ਕਰ ਦਿੱਤੀ। ਹੁਣ ਲੜਕੀ ਵਲੋਂ ਹੁੰਗਾਰੇ ਦੀ ਉਡੀਕ ਸੀ। ਉਸ ਨੂੰ ਪੁੱਛਣ ’ਤੇ ਉਸ ਨੇ ਕਿਹਾ ਉਹ ਘਰ ਜਾ ਕੇ ਮੰਮੀ ਡੈਡੀ ਨਾਲ ਸਲਾਹ ਕਰਕੇ ਦੱਸੇਗੀ। ਦੋਵੇਂ ਧਿਰਾਂ ਖੁਸ਼ੀ ਖੁਸ਼ੀ ਵਿਦਾ ਹੋ ਗਈਆਂ।
ਮੈਂ ਮਨੋਂ ਮਨੀ ਇਸ ਕਰਕੇ ਬੜਾ ਖੁਸ਼ ਸੀ ਕਿ ਦੋ ਧਿਰਾਂ ਦੇ ਸੰਯੋਗ ਵਰਗੇ ਚੰਗੇ ਕਾਰਜ ਨੂੰ ਸਿਰੇ ਚਾੜ੍ਹਨ ਵਾਸਤੇ ਪਹਿਲੀ ਵਾਰ ਯੋਗਦਾਨ ਪਾਇਆ ਹੈ। ਦੋ ਤਿੰਨ ਘੰਟੇ ਇੰਤਜ਼ਾਰ ਕਰਨ ਤੋਂ ਬਾਦ ਲੜਕੀ ਦਾ ਫੈਸਲਾ ਜਾਣਨ ਵਾਸਤੇ ਉਸ ਦੇ ਮਾਪਿਆਂ ਨੂੰ ਫੋਨ ਕੀਤਾ ਤਾਂ ਅੱਗੋਂ ਲੜਕੀ ਦੀ ਮਾਤਾ ਨੇ ਫੋਨ ਚੁੱਕਿਆ। ਮੇਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਇਸ ਰਿਸ਼ਤੇ ਵਾਸਤੇ ਲੜਕੀ ਵਲੋਂ ਨਾਂਹ ਹੈ। ਕਾਰਨ ਪੁਛਣ ’ਤੇ ਪਤਾ ਲੱਗਿਆ ਕਿ ਲੜਕੇ ਲੜਕੀ ਦੀ ਮੇਰੇ ਘਰ ਹੋਈ ਗੁਪਤ ਕਾਨਫਰੰਸ ਵਿਚ ਦੋਹਾਂ ਬੱਚਿਆਂ ਨੇ ਹੋਰਨਾਂ ਮੁੱਦਿਆਂ ਸਮੇਤ ਇਕ ਮੁੱਦਾ ਆਪਣੇ ਕੱਦ ਦੀ ਲੰਬਾਈ ਦੇ ਵਖਰੇਵੇਂ ਦਾ ਵੀ ਵਿਚਾਰਿਆ। ਲੜਕੇ ਦਾ ਕੱਦ ਲੜਕੀ ਦੇ ਕੱਦ ਨਾਲੋਂ ਥੋੜ੍ਹਾ ਜਿਹਾ ਮਧਰਾ ਹੋਣ ਕਾਰਨ ਉਸ ਨੇ ਲੜਕੀ ਨੂੰ ਸੁਝਾਅ ਦਿੱਤਾ ਕਿ ਉਂਜ ਉਹ ਆਪਣੇ ਕੰਮਕਾਜ ’ਤੇ ਜਾਣ ਵਾਸਤੇ ਜਿਹੜੀ ਮਰਜ਼ੀ ਜੁੱਤੀ ਪਾਵੇ ਪਰ ਜਦ ਕਿਧਰੇ ਆਪਣੇ ਭਾਈਚਾਰੇ ਵਿੱਚ ਕੋਈ ਖੁਸ਼ੀ ਗਮੀਂ ਦੇ ਮੌਕੇ ਹਾਜ਼ਰੀ ਭਰਨੀ ਹੋਵੇ ਤਾਂ ਬਹੁਤ ਚੰਗਾ ਜਚੇਗਾ ਜੇਕਰ ਉਹ ਉੱਚੀ ਅੱਡੀ ਵਾਲੀ ਜੁੱਤੀ ਦੀ ਬਜਾਏ ਪਲੇਨ ਹੀਲ ਵਾਲੀ ਜੁੱਤੀ ਪਹਿਨੇ। ਇਸ ਤਰ੍ਹਾਂ ਜੋੜੀ ਕਾਫੀ ਜਚੇਗੀ। ਬੱਸ ਇਹੀ ਉਹ ਨੁਕਤਾ ਸੀ ਜਿਸ ਕਾਰਨ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ। ਲੜਕੇ ਵਲੋਂ ਪੇਸ਼ ਕੀਤੇ ਗਏ ਇਸ ਸੁਝਾਅ ’ਤੇ ਲੜਕੀ ਦਾ ਨਜ਼ਰੀਆ ਇਹ ਸੀ ਕਿ ਲੜਕੇ ਵਲੋਂ ਉਸ ਉੱਤੇ ਵਿਆਹ ਤੋਂ ਪਹਿਲਾਂ ਹੀ ਸ਼ਰਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਵਿਆਹ ਤੋਂ ਬਾਦ ਇਹ ਸਿਲਸਿਲਾ ਜੇਕਰ ਇਸੇ ਤਰ੍ਹਾਂ ਚਾਲੂ ਰਿਹਾ ਤਾਂ ਰਿਸ਼ਤਾ ਨਹੀਂ ਨਿਭ ਸਕੇਗਾ। ਇਸ ਕਰਕੇ ਉਹ ਇਸ ਲੜਕੇ ਨਾਲ ਰਿਸ਼ਤਾ ਨਹੀਂ ਕਰੇਗੀ।
ਲੜਕੀ ਦੀ ਮਾਤਾ ਵਲੋਂ ਦੱਸੀ ਗਈ ਸਾਰੀ ਗੱਲਬਾਤ ਸੁਣਨ ਤੋਂ ਬਾਦ ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਅਗਰ ਰਿਸ਼ਤੇ ਤੈਅ ਕਰਨ ਤੋਂ ਪਹਿਲਾਂ ਹੀ ਇੰਨੀ ਸੰਜਿਦਗੀ ਨਾਲ ਵਿਚਾਰਿਆ ਜਾ ਰਿਹਾ ਹੈ, ਤੇ ਜੇਕਰ ਇਸੇ ਤਰ੍ਹਾਂ ਦਾ ਕੋਈ ਹੋਰ ਮਸਲਾ ਵਿਆਹ ਤੋਂ ਬਾਦ ਉਸ ਲੜਕੀ ਨੂੰ ਦਰਪੇਸ਼ ਆ ਜਾਵੇ ਤਾਂ ਰਿਸ਼ਤਾ ਤਾਂ ਫੇਰ ਵੀ ਬਚੇ ਰਹਿਣ ਦੇ ਅਸਾਰ ਨਹੀਂ ਹੋਣਗੇ। ਦਰਅਸਲ ਇਸ ਸੰਸਾਰ ਵਿੱਚ ਕੋਈ ਵੀ ਬੰਦਾ ਦੋਸ਼ ਮੁਕਤ ਨਹੀਂ ਹੁੰਦਾ। ਰਿਸ਼ਤੇ ਬਣਾਉਣ ਸਮੇਂ ਜਾਂ ਫਿਰ ਬਣੇ ਹੋਏ ਰਿਸ਼ਤਿਆਂ ਵਿੱਚ ਜੇਕਰ ਅਸੀਂ ਨੁਕਸ ਲੱਭਦੇ ਰਹੇ ਤਾਂ ਰਿਸ਼ਤੇ ਕਦੇ ਵੀ ਨਿਭ ਨਹੀਂ ਸਕਦੇ ਤੇ ਇਸ ਦੇ ਨਾਲ ਹੀ ਜਿੰਦਗੀ ਜੀਊਣ ਦੇ ਅਸਲ ਮਜ਼ੇ ਤੋਂ ਵੀ ਅਸੀਂ ਮੀਲਾਂ ਦਰ ਮੀਲ ਦੂਰ ਹੁੰਦੇ ਜਾਵਾਂਗੇ। ਦੂਜੀ ਗੱਲ ਇਹ ਕਿ ਹਰ ਕੋਈ ਚਾਹੁੰਦਾ ਹੈ ਕਿ ਰਿਸ਼ਤਾ ਚੰਗਾ ਹੋਵੇ। ਜੀਵਨ ਸਾਥੀ ਸੋਹਣਾ ਵੀ ਹੋਵੇ ਤੇ ਸਮਝਦਾਰ ਵੀ ਪਰ ਕਈ ਵਾਰ ਰਿਸ਼ਤਿਆਂ ਵਿੱਚ ਆਪਸੀ ਸੂਝ ਸਮਝ ਨਾਲ ਵੀ ਬਹੁਤ ਕੁਝ ਸਥਿਤੀ ਅਨੁਸਾਰ ਅਨੁਕੂਲ ਬਣਾਉਣਾ ਪੈਂਦਾ ਜੋ ਕਿ ਆਮ ਹਾਲਤਾਂ ਵਿੱਚ ਰਿਸ਼ਤਿਆਂ ਦਾ ਅਗਲਾ ਪਾਸਾਰ ਹੁੰਦਾ ਹੈ।
ਪਤਾ ਲੱਗਾ ਹੈ ਕਿ ਉਹ ਉੱਚ ਵਿੱਦਿਆ ਪਰਾਪਤ ਲੜਕੀ ਹੁਣ ਤੱਕ ਇਸੇ ਤਰ੍ਹਾਂ ਦੀ ਮੀਨ ਮੇਖ ਕਰਕੇ ਬਹੁਤ ਸਾਰੇ ਚੰਗੇ ਚੰਗੇ ਲੜਕਿਆਂ ਦੇ ਰਿਸ਼ਤੇ ਠੁਕਰਾ ਚੁੱਕੀ ਹੈ ਤੇ ਉਸ ਦੇ ਮਾਪੇ ਉਸ ਦੀ ਵਧਦੀ ਜਾ ਰਹੀ ਉਮਰ ਕਾਰਨ ਜਲਦੀ ਹੱਥ ਪੀਲੇ ਕਰਨ ਦੀ ਚਿੰਤਾ ਵਿੱਚ ਗਹਿਰੇ ਮਾਨਸਿਕ ਤਣਾਅ ਵਿੱਚੋਂ ਗਜ਼ਰ ਰਹੇ ਹਨ।
*****
(1245)







































































































