“ਜੋ ਕੁਝ ਇਸਦੇ ਅੰਦਰ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਅੱਡੇ ਦੇ ਅੰਦਰ ...”
(14 ਫਰਵਰੀ 2022)
ਇਸ ਸਮੇਂ ਮਹਿਮਾਨ: 100.
ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਭੂਮੀ ’ਤੇ ਉਸਾਰਿਆ ਗਿਆ ਹੈ, ਜਿਸਦਾ ਮੁੱਖ ਉਦੇਸ਼ ਰੋਜ਼ੀ ਰੋਟੀ ਦਾ ਜੁਗਾੜ ਕਰਨ ਵਾਸਤੇ ਵਤਨੋਂ ਬੇਵਤਨ ਹੋਏ ਜਾਂ ਸਰਕਾਰੀ ਕੁਨੀਤੀਆਂ ਦੇ ਕਾਰਨ ਉੱਜੜਕੇ ਦੂਜੇ ਮੁਲਕਾਂ ਵਿੱਚ ਜਾ ਵਸੇ ਲੋਕਾਂ ਨੂੰ ਵਤਨ ਪਰਤਦੇ ਸਮੇਂ ਸਹੂਲਤ ਪ੍ਰਦਾਨ ਕਰਨਾ ਹੈ, ਗੁਰੂਆਂ ਦੀ ਸਿੱਖਿਆ ਮੁਤਾਬਿਕ ਪਰਵਾਸੀਆਂ ਦੀ ਸੱਚੀ ਸੇਵਾ ਕਰਨਾ ਹੈ ਤਾਂ ਕਿ ਉਨ੍ਹਾਂ ਦਾ ਵਤਨ ਨਾਲ ਮੋਹ, ਲਗਾਵ ਹਮੇਸ਼ਾ ਵਾਸਤੇ ਕਾਇਮ ਹੀ ਨਹੀਂ ਬਲਕਿ ਹੋਰ ਪਕੇਰਾ ਹੋਵੇ। ਪਰ ਅਫ਼ਸੋਸ ਕਿ ਅਜੇ ਤਕ ਪਰਵਾਸੀਆਂ ਦਾ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ।
ਆਈਲਟਸ ਕਰਕੇ ਹਵਾਈ ਅੱਡੇ ’ਤੇ ਵੱਖ ਵੱਖ ਮੁਲਕਾਂ ਦਾ ਵੀਜ਼ਾ ਪ੍ਰਾਪਤ ਕਰਨ ਉਪਰੰਤ ਉਡਾਣਾਂ ਫੜਨ ਵਾਸਤੇ ਪਹੁੰਚੇ ਕੁਝ ਪੜ੍ਹੇ ਲਿਖੇ ਨੌਜਵਾਨ ਅਤੇ ਮੁਟਿਆਰਾਂ ਨੂੰ ਜਦ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਇੰਨੀ ਉੱਚ ਵਿੱਦਿਆ ਪ੍ਰਾਪਤ ਕਰਕੇ ਵੀ ਵਿਦੇਸ਼ਾਂ ਵਿੱਚ ਜਾ ਕੇ ਵਸਣ ਨੂੰ ਤਰਜੀਹ ਕਿਉਂ ਦੇ ਰਹੇ ਹੋ ਤਾਂ ਉਨ੍ਹਾਂ ਸਭਨਾਂ ਦਾ ਉੱਤਰ ਥੋੜ੍ਹੇ ਜਿਹੇ ਘਾਟੇ ਵਾਧੇ ਨਾਲ ਲਗਭਗ ਮਿਲਦਾ ਜੁਲਦਾ ਹੀ ਸੀ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਇਸ ਵੇਲੇ ਸਾਰਾ ਸਿਸਟਮ ਨਾਕਸ ਹੋ ਕੇ ਰਹਿ ਗਿਆ। ਵਾਤਾਵਰਣ ਬਹੁਤ ਗੰਦਾ ਹੈ, ਪਰਸ਼ਾਸਨ ਭ੍ਰਿਸ਼ਟ ਹੈ। ਉੱਚ ਪੜ੍ਹੇ ਲਿਖੇ ਲਗਭਗ ਸਾਢੇ ਕੁ ਚਾਰ ਲੱਖ ਨੌਜਵਾਨ ਬੇਕਾਰ ਘੁੰਮ ਰਹੇ ਹਨ। ਉਹ ਨੌਕਰੀਆਂ ਲਈ ਦਰ ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹਨ। ਜਿਹਨਾਂ ਕੋਲ ਨੌਕਰੀਆਂ ਹਨ, ਉਹਨਾਂ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ। ਬਹੁਤਿਆਂ ਨੂੰ ਉਹਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਮਿਲਦੀਆਂ ਹੀ ਨਹੀਂ ਹਨ ਅਤੇ ਜੇ ਨੌਕਰੀ ਮਿਲ ਵੀ ਜਾਵੇ ਤਾਂ ਵਾਜਬ ਤਨਖ਼ਾਹ ਨਹੀਂ ਮਿਲਦੀ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਵਿਦੇਸ਼ ਜਾ ਕੇ ਉੱਚ ਵਿੱਦਿਆ ਵੀ ਪ੍ਰਾਪਤ ਕਰਨਗੇ ਤੇ ਕੁਝ ਸਮਾਂ ਕੰਮ ਕਰਕੇ ਆਪਣੇ ਪੈਰਾਂ ’ਤੇ ਵੀ ਖੜ੍ਹੇ ਹੋ ਜਾਣਗੇ ਤੇ ਕਿਸੇ ਤਰ੍ਹਾਂ ਆਪਣੇ ਮਾਪਿਆਂ ’ਤੇ ਬੋਝ ਵੀ ਨਹੀਂ ਬਣਨਗੇ। ਇੱਕ ਬੱਚੇ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ “ਅੰਕਲ! ਤੁਸੀਂ ਆਪ ਹੀ ਦੇਖ ਲਓ, ਸਾਰੇ ਕਾਗ਼ਜ਼ ਪੂਰੇ ਹੋਣ ਦੇ ਬਾਵਜੂਦ ਵੀ ਜਹਾਜ਼ ਚੜ੍ਹਨ ਵਾਸਤੇ ਕਿੰਨੀ ਮੁਸ਼ਕਲ ਪੇਸ਼ ਆ ਰਹੀ ਹੈ। ਜਿਹਨਾਂ ਦਸਤਾਵੇਜ਼ਾਂ ਦਾ ਏਅਰਲਾਈਨ ਨਾਲ ਦੂਰ ਨੇੜੇ ਦਾ ਵੀ ਵਾਹ ਵਾਸਤਾ ਨਹੀਂ, ਉਹਨਾਂ ਨੂੰ ਵੀ ਜਹਾਜ਼ ਚੜ੍ਹਨ ਵਾਸਤੇ ਜ਼ਰੂਰੀ ਦੱਸਿਆ ਜਾ ਰਿਹਾ ਹੈ। ਉਹਨਾਂ ਬੱਚਿਆਂ ਦੀਆਂ ਗੱਲਾਂ ਸੁਣਕੇ ਮਨ ਇੱਕ ਵਾਰ ਤਾਂ ਪੂਰੀ ਤਰ੍ਹਾਂ ਪਸੀਜਿਆ ਗਿਆ ਤੇ ਇਹ ਸੋਚਣ ਵਾਸਤੇ ਮਜਬੂਰ ਹੋਇਆ ਕਿ ਪੰਜਾਬ ਦੀ ਉਹ ਨੌਜਵਾਨੀ, ਜੋ ਇਸਦਾ ਭਵਿੱਖ ਹੈ, ਰਾਜ ਅੰਦਰਲੇ ਨਾਕਸ ਸਿਸਟਮ ਨੂੰ ਲੈ ਕੇ ਆਪਣੇ ਗਵਾਚੇ ਹੋਏ ਭਵਿੱਖ ਦੀ ਤਲਾਸ਼ ਵਾਸਤੇ ਕਿੰਨੀ ਚਿੰਤਤ ਹੈ।
ਲੋਕਾਂ ਦੀ ਖੱਜਲ ਖੁਆਰੀ ਦੀਆਂ ਇਸ ਹਵਾਈ ਅੱਡੇ ’ਤੇ ਅੱਖੀਂ ਦੇਖੀਆਂ ਕੁਝ ਹੋਰ ਉਦਾਹਰਣਾਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਵੀ ਇੱਥੇ ਜ਼ਰੂਰੀ ਜਾਪਦੀਆਂ ਹਨ। ਪਹਿਲੀ ਇਹ ਕਿ ਦਸਤਾਵੇਜ਼ ਚੈੱਕ ਕਰਨ ਦੀ ਜੋ ਪ੍ਰਕਿਰਿਆ ਆਮ ਤੌਰ ’ਤੇ ਦੁਨੀਆ ਦੇ ਹਰ ਹਵਾਈ ਅੱਡੇ ’ਤੇ ਕਸਟਮ ਚੈੱਕ ਤੋਂ ਸ਼ੁਰੂ ਹੁੰਦੀ ਹੈ, ਉਹ ਪ੍ਰਕਿਰਿਆ ਇਸ ਹਵਾਈ ਅੱਡੇ ਦੇ ਡੀਪਾਰਚਰ ਗੇਟ ਦੇ ਅੰਦਰ ਵੜਦਿਆਂ ਹੀ ਸ਼ੁਰੂ ਹੋ ਜਾਂਦੀ ਹੈ। ਜੋ ਮੁਸਾਫ਼ਰ ਉੱਥੋਂ ਬਚਕੇ ਨਿਕਲ ਗਿਆ, ਉਸਦੇ ਸਾਰੇ ਕਾਗ਼ਜ਼ ਕਸਟਮ ਚੈੱਕ ਅੱਪ ’ਤੇ ਦੁਬਾਰਾ ਚੈੱਕ ਕੀਤੇ ਜਾਂਦੇ ਹਨ। ਜੇਕਰ ਇੱਥੋਂ ਵੀ ਕੋਈ ਮੁਸਾਫ਼ਰ ਸਹੀ ਸਲਾਮਤ ਅੱਗੇ ਨਿਕਲ ਗਿਆ ਤਾਂ ਫਿਰ ਉਸ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਜ਼ਟਰ ਗੈਲਰੀ ਵਿੱਚ ਆਪਣੇ ਸਾਰੇ ਕਾਗ਼ਜ਼ ਚੈੱਕ ਕਰਾਉਣ ਵਾਸਤੇ ਇੱਕ ਵਾਰ ਫੇਰ ਲਾਇਨ ਹਾਜ਼ਰ ਹੋਣਾ ਪੈਂਦਾ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਕਿ ਕਾਗ਼ਜ਼ ਚੈੱਕ ਕਰਨ ਵਾਲਾ ਅਮਲਾ ਫੈਲਾ ਓਹੀ ਰਹਿੰਦਾ ਹੈ, ਬੱਸ ਚੈੱਕ ਕਰਨ ਦੇ ਸਥਾਨ ਬਦਲ ਜਾਂਦੇ ਹਨ। ਕਹਿਣ ਦਾ ਭਾਵ ਜੋ ਅਮਲਾ ਹਵਾਈ ਅੱਡੇ ਦੇ ਅੰਦਰ ਵੜਦਿਆਂ ਮੁਸਾਫ਼ਰਾਂ ਦੇ ਦਸਤਾਵੇਜ਼ ਚੈੱਕ ਕਰਦਾ ਹੈ, ਉਸ ਦੇ ਨਾਲ ਦੇ ਸਾਥੀ ਕਸਟਮ ਡਿਊਟੀ ਸਮੇਂ ਦੁਬਾਰਾ ਤੋਂ ਕਾਗ਼ਜ਼ਾਂ ਦੀ ਪੜਤਾਲ ਕਰਦੇ ਹਨ ਤੇ ਫਿਰ ਇਹੀ ਅਮਲਾ ਮੁਸਾਫ਼ਰਾਂ ਨੂੰ ਜਹਾਜ਼ ਚੜ੍ਹਾਉਣ ਤੋਂ ਪਹਿਲਾ ਤੀਜੀ ਵਾਰ ਫਿਰ ਤੋਂ ਪੜਤਾਲ ਕਰਦਾ ਹੈ। ਖ਼ਾਸ ਗੱਲ ਇਹ ਕਿ ਦਸਤਾਵੇਜ਼ ਚੈੱਕ ਕਰਨ ਦੇ ਬਹਾਨੇ ਇਹਨਾਂ ਤਿੰਨਾਂ ਹੀ ਸਥਾਨਾਂ ’ਤੇ ਮੁਸਾਫ਼ਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਗ਼ੈਰ ਜ਼ਰੂਰੀ ਸਵਾਲ ਪੁੱਛੇ ਜਾਂਦੇ ਹਨ। ਮਸਲਨ ਕਿੰਨੇ ਚਿਰ ਵਾਸਤੇ ਜਾ ਰਹੇ ਹੋ? ਤੁਹਾਡਾ ਵੀਜ਼ਾ ਸਟੇਟਸ ਕੀ ਹੈ? ਕੀ ਤੁਸੀਂ ਫਲਾਣਾ ਜਾਂ ਢਿਮਕਾ ਟੈੱਸਟ ਕਰਵਾਇਆ ਹੈ? ਕੀ ਤੁਸੀਂ ਆਰ ਟੀ ਪੀ ਸੀ ਆਰ ਟੈੱਸਟ ਦੀ ਰਿਪੋਰਟ/ ਸੈਲਫ ਡੈਕਲਾਰੇਸ਼ਨ ਜਾਂ ਪੈਸੰਜਰ ਲੋਕੇਟਰ ਫਾਰਮ ਦੀ ਕਾਪੀ ਦਿਖਾ ਸਕਦੇ ਹੋ? ਜਦ ਕਿ ਇਹ ਸਾਰੇ ਦਸਤਾਵੇਜ਼ ਚੈੱਕ ਕਰਨ ਉਪਰੰਤ ਹੀ ਕਸਟਮ, ਬੋਰਡਿੰਗ ਤੇ ਬੈਗੇਜ ਚੈੱਕਅੱਪ ਕੀਤਾ ਗਿਆ ਹੁੰਦਾ ਹੈ।
ਡੁਬਈ ਨੂੰ ਇੰਡੀਗੋ ਕੰਪਨੀ ਦੇ ਜਹਾਜ਼ ਵਿੱਚ ਸਫਰ ਕਰਕੇ ਨਰਸ ਵਜੋਂ ਡੁਬਈ ਨੂੰ ਜਾ ਰਹੀ ਇੱਕ ਪੰਜਾਬੀ ਮੁਟਿਆਰ ਨੂੰ ਦੋ ਵਾਰ ਫਲਾਈਟ ਚੜ੍ਹਨ ਤੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਸ ਦਾ ਆਰ ਟੀ ਪੀ ਸੀ ਆਰ ਟੈੱਸਟ ਅਸਲੀ ਨਹੀਂ ਹੈ। ਪਰ ਸਿਤਮ ਜ਼ਰੀਫੀ ਇਹ ਕਿ ਡੁਬਈ ਵਿੱਚ ਦਾਖਲ ਹੋਣ ਵਾਸਤੇ ਇਹ ਕੰਡੀਸ਼ਨ ਹੈ ਹੀ ਨਹੀਂ। ਸਗੋਂ ਉੱਥੇ ਹਵਾਈ ਅੱਡੇ ’ਤੇ ਵੀ ਇਹ ਟੈੱਸਟ ਇੱਕ ਘੰਟੇ ਵਿੱਚ ਇੱਕ ਛੋਟੀ ਜਿਹੀ ਫੀਸ ਅਦਾ ਕਰਕੇ ਕਰਵਾਇਆ ਜਾ ਸਕਦਾ ਹੈ। ਹੁਣ ਅੰਦਾਜ਼ਾ ਲਗਾਓ ਕਿ ਜਿਸ ਨੂੰ ਦੋ ਵਾਰੀ ਨਵੀਂ ਟਿਕਟ ਖਰੀਦਣੀ ਪਵੇ ਤੇ ਉਹ ਵੀ ਗੈਰਵਾਜਬ ਵਜਾਹ ਕਾਰਨ, ਫਿਰ ਉਸ ਦੇ ਮਨ ’ਤੇ ਕੀ ਬੀਤਦੀ ਹੋਵੇਗੀ?
ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਰਾ ਕੁਝ ਸਿਰਫ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੀ ਹੋ ਰਿਹਾ ਹੈ। ਮੈਂ ਤਾਂ ਜੋ ਅੱਖੀਂ ਡਿੱਠਾ, ਉਹ ਸਭ ਇਨ ਬਿਨ ਬਿਆਨ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਦੇਸ਼ ਦੇ ਬਾਕੀ ਹਵਾਈ ਅੱਡਿਆਂ ਉੱਤੇ ਵੀ ਇਸੇ ਤਰ੍ਹਾਂ ਹੁੰਦਾ ਹੋਵੇ ਜਾਂ ਫਿਰ ਉੱਥੇ ਦਾ ਸਿਸਟਮ ਮੁਸਾਫ਼ਰਾਂ ਦੀ ਸਹੂਲਤ ਦਾ ਬਹੁਤ ਖਿਆਲ ਰੱਖਣ ਵਾਲਾ ਹੋਵੇ। ਇਹ ਇੱਕ ਅਲੱਗ ਮੁੱਦਾ ਹੈ, ਜਿਸਦੇ ਬਾਰੇ ਵਿੱਚ ਬਿਨਾ ਪੜਤਾਲ ਕੀਤਿਆਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਹਾਂ, ਗੁਰੂਆਂ ਦੀ ਪਵਿੱਤਰ ਨਗਰੀ ਵਿੱਚ ਗੁਰੂ ਰਾਮ ਦਾਸ ਜੀ ਦੇ ਨਾਮ ’ਤੇ ਉਸਾਰੇ ਗਏ ਇਸ ਹਵਾਈ ਅੱਡੇ ਉੱਤੇ ਵਰਤ ਰਹੇ ਇਸ ਵਰਤਾਰੇ ਨੂੰ ਦੇਖ ਕੇ ਨਿਸ਼ਚੇ ਹੀ ਮਨ ਵਿੱਚ ਨਿਰਾਸ਼ਾ ਵੀ ਪੈਦਾ ਹੋਈ ਤੇ ਰੰਜ ਵੀ। ਇਸਦੇ ਨਾਲ ਹੀ ਮਨ ਵਿੱਚ ਇਹ ਅਹਿਸਾਸ ਵੀ ਪੈਦਾ ਹੋਇਆ ਕਿ ਜੇਕਰ ਅਸੀਂ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਖਰੇ ਨਹੀਂ ਉੱਤਰ ਸਕਦੇ ਤਾਂ ਫਿਰ ਹਵਾਈ ਅੱਡੇ ਵਰਗੇ ਵਪਾਰਕ ਅਦਾਰਿਆਂ ਜਾਂ ਹੋਰ ਸਥਾਨਾਂ ਦੇ ਨਾਮ ਗੁਰੂਆਂ ਦੇ ਨਾਮ ’ਤੇ ਰੱਖਕੇ ਬੇਅਦਬੀ ਕਿਉਂ ਕਰ ਰਹੇ ਹਾਂ? ਅਸੀਂ ਸਮਝ ਸਕਦੇ ਹਾਂ ਕਿ ਇਹ ਹਵਾਈ ਅੱਡਾ ਵਿਦੇਸ਼ੀਂ ਵਸੇ ਪੰਜਾਬੀਆਂ ਦੀ ਸਹੂਲਤ ਨੂੰ ਮੁੱਖ ਰੱਖਕੇ ਉਸਾਰਿਆ ਗਿਆ ਹੈ, ਪਰ ਜੋ ਕੁਝ ਇਸਦੇ ਅੰਦਰ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਅੱਡੇ ਦੇ ਅੰਦਰ ਇਸ ਨੂੰ ਬੰਦ ਕਰਾਉਣ ਦੀ ਕੋਈ ਬਹੁਤ ਗੁੱਝੀ ਅਤੇ ਗਹਿਰੀ ਸਾਜ਼ਿਸ਼ ਚੱਲ ਰਹੀ ਹੈ। ਬਹੁਤ ਚੰਗਾ ਹੋਵੇਗਾ ਜੇਕਰ ਪੰਜਾਬ ਸਰਕਾਰ ਕੇਂਦਰ ਦੇ ਸਿਵਲ ਏਵੀਏਸ਼ਨ ਮੰਤਰਾਲੇ ਨਾਲ ਮਿਲਕੇ ਇਸ ਹਵਾਈ ਅੱਡੇ ਅੰਦਰ ਚੱਲ ਰਹੇ ਗੋਰਖ ਧੰਦੇ ਦਾ ਕੋਈ ਪੁਖ਼ਤਾ ਹੱਲ ਕੱਢੇ।
***
(2) ਵਤਨ ਦਾ ਮੋਹ
ਵਤਨ ਦਾ ਮੋਹ, ਮਿੱਟੀ ਦੀ ਮਹਿਕ, ਜੰਮਣ ਭੋਇੰ ਦੀ ਕਸ਼ਿਸ਼ ਤੇ ਬਚਪਨ ਦੇ ਮਿੱਤਰਾਂ ਬੇਲੀਆ ਦਾ ਲਾਡ ਪਿਆਰ ਵਾਰ ਵਾਰ ਖਿੱਚਦਾ ਹੈ, ਵਤਨ ਗੇੜਾ ਮਾਰਨ ਵਾਸਤੇ ਮਜਬੂਰ ਕਰਦਾ ਹੈ। ਮੈਂ ਆਪਣੇ ਪਿੰਡ ਗਿਆ, ਬਹੁਤ ਸਾਰੀਆਂ ਯਾਦਾਂ ਤਾਜਾ ਕੀਤੀਆਂ। ਪੁਰਾਣੇ ਮਿੱਤਰਾਂ ਨੂੰ ਮਿਲਕੇ ਅੰਤਾਂ ਦੀ ਖ਼ੁਸ਼ੀ ਹੋਈ ਤੇ ਜੱਗੋਂ ਤੁਰ ਗਿਆਂ ਬਾਰੇ ਸੁਣਕੇ ਮਨ ਦੁਖੀ ਵੀ ਬਹੁਤ ਹੋਇਆ। ਦੁਆਬਾ ਸਾਰਾ ਵਿਦੇਸ਼ਾਂ ਵਿੱਚ ਜਾ ਬੈਠਾ ਤੇ ਬਾਕੀ ਰਹਿੰਦੀ ਨੌਜਵਾਨੀ ਵੀ ਫਟਾਫਟ ਆਈਲੈਟ ਕਰਕੇ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਜਾ ਰਹੀ ਹੈ। ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਦੇਖਕੇ ਮਨ ਬਹੁਤ ਖੁਸ਼ ਹੋਇਆ ਤੇ ਪਿੰਡ ਦੀ ਲਾਲ ਲੀਕ/ਫਿਰਨੀ ਦੇ ਅੰਦਰ ਖੰਡਰਾਤ ਹੋਏ ਘਰਾਂ ਨੂੰ ਦੇਖਕੇ ਮਨ ਖ਼ੂਨ ਦੇ ਹੰਝੂ ਵੀ ਰੋਇਆ।
ਪਿੰਡ ਦੇ ਚੌਂਕ ਚੁਰਸਤੇ ’ਚ ਬੈਠੇ ਕਈ ਬਜ਼ੁਰਗਾਂ ਨਾਲ ਗੱਲਬਾਤ ਕਰਨ ‘ਤੇ ਉਹਨਾਂ ਅੰਦਰ ਵਿਦੇਸ਼ ਚਲੇ ਗਏ ਉਹਨਾਂ ਦੇ ਬੱਚਿਆ ਤੋਂ ਵਿੱਛੜਨ ਦਾ ਵਿਗੋਚਾ ਤੇ ਉਹਨਾਂ ਨੂੰ ਮਿਲਣ ਦੀ ਤਾਂਘ ਦਾ ਝੁਰੇਵਾਂ ਵੀ ਉਹਨਾਂ ਦੇ ਚਿਹਰਿਆਂ ਤੇ ਬੋਲਾਂ ਤੋਂ ਸਾਫ ਝਲਕਦਾ ਨਜ਼ਰ ਆਇਆ। ਕੁਝ ਬਜ਼ੁਰਗਾਂ ਨੂੰ ਜਦ ਵਿਦੇਸ਼ ਜਾ ਕੇ ਆਪਣੇ ਬੱਚਿਆਂ ਪਾਸ ਰਹਿਣ ਬਾਰੇ ਪੁਛਿਆ ਗਿਆ ਤਾਂ ਬਹੁਤਿਆਂ ਨੇ ਅਜਿਹਾ ਕਰਨ ਤੋਂ ਨਾਂਹ ਵਿੱਚ ਸਿਰ ਫੇਰਿਆ ਜਦ ਕਿ ਦੋ ਸਿਆਣਿਆਂ ਦਾ ਕਹਿਣਾ ਸੀ ਕਿ ਉਹ ਕਨੇਡਾ ਦਾ ਗੇੜਾ ਮਾਰ ਆਏ ਹਨ ਤੇ ਬਜ਼ੁਰਗਾਂ ਦਾ ਉੱਥੇ ਰਹਿਣਾ ਬੱਝਕੇ ਰਹਿਣ ਬਰਾਬਰ ਹੈ। ਕੰਮਾਂ ਵਾਲੇ ਆਪੋ ਆਪਣੇ ਕੰਮਾਂ ’ਤੇ ਚਲੇ ਜਾਂਦੇ ਹਨ ਤੇ ਬਜ਼ੁਰਗ ਘਰਾਂ ਵਿੱਚ ਸਾਰਾ ਸਾਰਾ ਦਿਨ ਬੈਠੇ ਟੈਲੀਵੀਨ ਦੇਖਦੇ ਰਹਿੰਦੇ ਹਨ।
ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਗੇੜਾ ਮਾਰਿਆ। ਉਹ ਕਲਾਸ ਰੂਮ ਦੇਖੇ ਜਿਨ੍ਹਾਂ ਵਿੱਚ ਟਾਟਾਂ ’ਤੇ ਬੈਠਕੇ ਫੱਟੀ ਬਸਤੇ ਨਾਲ ਊੜਾ ਐੜਾ ਸਿੱਖਿਆ ਸੀ। ਕਿਹੜੇ ਅਧਿਆਪਕਾਂ ਤੋਂ ਸਭ ਤੋਂ ਵੱਧ ਕੁੱਟ ਖਾਧੀ, ਇਹ ਸਭ ਚੇਤਿਆ ਦੀ ਚੰਗੇਰ ਵਿੱਚੋਂ ਮੁੜ ਯਾਦ ਆਇਆ ਤੇ ਮਨ ਕੁਝ ਭਾਵੁਕ ਵੀ ਹੋਇਆ।
ਇਸ ਸਮੇਂ ਮੇਰੇ ਨਾਲ ਦੋ ਬਹੁਤ ਹੀ ਨਾਮਵਰ ਸ਼ਖਸੀਅਤਾਂ ਪ੍ਰੋ. ਸੰਧੂ ਵਰਿਆਣਵੀ ਤੇ ਪ੍ਰੋ. ਅਸ਼ੋਕ ਚੱਢਾ ਵੀ ਨਾਲ ਸਨ। ਪਿੰਡ ਵਿੱਚ ਅੱਜ ਵੀ ਗਲੀਆਂ ਨਾਲੀਆਂ ਦਾ ਓਹੀ ਹਾਲ ਹੈ ਜੋ ਬਹੁਤ ਦੇਰ ਪਹਿਲਾਂ ਹੁੰਦਾ ਸੀ। ਕੁਝ ਪਿਆਰੇ ਸੱਜਣਾਂ ਨੇ ਪਿੰਡ ਬਾਰੇ ਲਿਖਣ ਦਾ ਸੁਝਾਅ ਵੀ ਦਿੱਤਾ। ਪਰ ਜਦ ਉਹਨਾਂ ਤੋਂ ਮੈਂ ਇਹ ਪੁੱਛਿਆ ਕਿ ਕੀ ਉਹਨਾ ਪਿੰਡ ਬਾਰੇ ਮੇਰੇ ਵੱਲੋਂ 2006 ਵਿੱਚ ਲਿਖੀ ਪੁਸਤਕ ‘ਮੇਰਾ ਪਿੰਡ - ਮੰਡੀ’ ਪੜ੍ਹੀ ਹੈ? ਤਾਂ ਸਭਨਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ ਜਦ ਕਿ ਨੇੜੇ ਖੜ੍ਹੇ ਇਕ ਨੌਜਵਾਨ ਨੇ ਮੇਰੇ ਗੋਡੀਂ ਹੱਥ ਲਾਇਆ ਅਤੇ ਸਾਰੀ ਪੁਸਤਕ ਦੋ ਵਾਰ ਪੜ੍ਹੀ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਉਕਤ ਪੁਸਤਕ ਪਿੰਡ ਦੀ ਲਾਇਬਰੇਰੀ ਵਿੱਚੋਂ ਲੈ ਕੇ ਪੜ੍ਹੀ ਜਾ ਸਕਦੀ ਹੈ। ਨੌਜਵਾਨ ਨੇ ਪੁਸਤਕ ਦੀ ਭਰਵੀਂ ਤਾਰੀਫ਼ ਵੀ ਕੀਤੀ, ਜਿਸ ਤੋਂ ਮਨ ਨੂੰ ਕੁਝ ਆਸ ਬੱਝੀ ਕਿ ਨਵੀਂ ਪੀੜ੍ਹੀ ਜੜ੍ਹਾਂ ਨਾਲ ਜੁੜਨ ਵਾਸਤੇ ਚੇਤਨ ਹੈ। ਕੁਲ ਮਿਲਾਕੇ ਇਸ ਵਾਰ ਲੰਮੇ ਸਮੇਂ ਬਾਅਦ ਪਿੰਡ ਜਾਣ ਅਤੇ ਜਨਮ ਭੂਮੀ ਨੂੰ ਚੁੰਮਣ ਦਾ ਇਕ ਰਲਿਆ ਮਿਲਿਆ ਪ੍ਰਭਾਵ ਮਿਲਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3362)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































