ShingaraSDhillon7ਜਾਣ ਪਹਿਚਾਣ ਦਾ ਇਤਫ਼ਾਕ ਇੰਜ ਬਣਿਆ ਕਿ ਇੱਕ ਦਿਨ ...
(12 ਦਸੰਬਰ 2019)

 

ShangaraSBhullarA2ਹਰ ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਦੋਸਤ ਅਜਿਹੇ ਹੁੰਦੇ ਹਨ ਜਿਹਨਾਂ ਦੇ ਨਾਲ ਨਿਭਣਾ ਵੀ ਪੈਂਦਾ ਤੇ ਉਹਨਾਂ ਨਾਲ ਨਿਭਾਉਣਾ ਵੀ ਪੈਂਦਾ ਹੈ ਤੇ ਇਹ ਵਰਤਾਰਾ ਸਿਆਣਿਆਂ ਦੇ ਕਹਿਣ ਮੁਤਾਬਿਕ ਬਿਲਕੁਲ ਅਜਿਹਾ ਹੀ ਹੁੰਦਾ ਹੈ ਕਿ ਜਾਂ ਤਾਂ ਕਿਸੇ ਦੇ ਬਣਕੇ ਰਹੀਏ ਜਾਂ ਕਿਸੇ ਨਾਲ ਬਣਾ ਕੇ ਰੱਖੀਏਅਜਿਹੇ ਦੋਸਤਾਂ ਵਿੱਚੋਂ ਮੇਰੇ ਬਹੁਤ ਹੀ ਪਰਮ ਮਿੱਤਰ ਤੇ ਮੇਰੇ ਸਰਨਾਮੀਏ ਸ਼ੰਗਾਰਾ ਸਿੰਘ ਭੁੱਲਰ ਵੀ ਇੱਕ ਸਨਉਹਨਾਂ ਦੇ ਇਸ ਸੰਸਾਰ ਤੋਂ ਸਦਾ ਲਈ ਤੁਰ ਜਾਣ ਦੀ ਖ਼ਬਰ ਨੇ ਇੱਕ ਵਾਰ ਤਾਂ ਮੈਂਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾਬੇਸ਼ੱਕ ਮੌਤ ਅਤੇ ਮੌਤ ਦੀ ਖ਼ਬਰ ਦੋ ਵੱਡੇ ਸੱਚ ਹੁੰਦੇ ਹਨ ਪਰ ਤਦ ਵੀ ਅਜੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ ਕਿ ਮੇਰਾ ਯਾਰ ਹਮੇਸ਼ਾ ਵਾਸਤੇ ਵਿਛੋੜਾ ਪਾ ਗਿਆ ਹੈਭੁੱਲਰ ਇੱਕ ਵਧੀਆ ਪੱਤਰਕਾਰ ਸੀ, ਸੱਚ ਲਿਖਣਾ ਉਸ ਦਾ ਖਾਸਾ ਸੀਅਸੀਂ ਦੋਹਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ 1981-1982 ਵਿੱਚ ਲੱਗਭਗ ਇੱਕੋ ਸਮੇਂ ਪਰਵੇਸ਼ ਕੀਤਾਭੁੱਲਰ ਉਸ ਵੇਲੇ ਪੰਜਾਬੀ ਟ੍ਰਿਬਿਊਨ ਵਿੱਚ ਵਧੇਰੇ ਛਪਦਾ ਸੀ ਤੇ ਮੈਂ ਰੋਜ਼ਾਨਾ ਅਕਾਲੀ ਪੱਤ੍ਰਿਕਾ ਦੇ ਮੈਗਜ਼ੀਨ ਸ਼ੈਕਸ਼ਨ ਦੀ ਸਬ ਐਡੀਟਰੀ ਕਰਨ ਦੇ ਨਾਲ ਹੀ ਚਲੰਤ ਮਸਲਿਆਂ ਉੱਤੇ ਅਖਬਾਰ ਦੇ ਸੰਪਾਦਕੀ ਸਫੇ ਵਾਸਤੇ ਲੇਖ ਵੀ ਲਿਖਿਆ ਕਰਦਾ ਸੀਬਾਦ ਵਿੱਚ ਮੇਰੇ ਆਰਟੀਕਲ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਮਿਹਨਤ ਅਤੇ ਕਈ ਹੋਰ ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਵਿੱਚ ਵੀ ਛਾਇਆ ਹੋਣ ਲੱਗ ਪਏ

ਸਾਡੇ ਦੋਹਾਂ ਦੀਆਂ ਲਿਖਤਾਂ ਦੀ ਇੱਕ ਖ਼ਾਸ ਗੱਲ ਜੋ ਸਾਂਝੀ ਸੀ, ਉਹ ਇਹ ਸੀ, ਅਸੀਂ ਚਲੰਤ ਮਸਲਿਆਂ ਉੱਤੇ ਲਿਖਦੇ ਸਾਂ, ਜਿਸ ਕਾਰਨ ਲਿਖਤਾਂ ਵਧੇਰੇ ਕਰਕੇ ਤੱਥ ਮੂਲਕ ਹੁੰਦੀਆਂ ਸਨਲਗਾਤਾਰ ਛਪਦੇ ਰਹਿਣ ਨਾਲ ਦੋਹਾਂ ਦੀ ਪਹਿਚਾਣ ਵੀ ਬਣ ਗਈਪਰ ਅਖ਼ਬਾਰਾਂ ਵਿੱਚ ਨਾਮ ਦਾ ਘਚੋਲਾ ਪੈਣਾ ਸ਼ੁਰੂ ਹੋ ਗਿਆਕੋਈ ਅਖਬਾਰ ਸ਼ਿੰਗਾਰਾ ਸਿੰਘ ਢਿੱਲੋਂ ਦਾ ਆਰਟੀਕਲ ਸ਼ੰਗਾਰਾ ਸਿੰਘ ਭੁੱਲਰ ਦੇ ਨਾਮ ਹੇਠ ਛਾਪ ਦਿੰਦਾ ਤੇ ਕੋਈ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ ਸ਼ਿੰਗਾਰਾ ਸਿੰਘ ਢਿੱਲੋਂ ਦੇ ਨਾਮ ਹੇਠਸਾਡੇ ਦੋਹਾਂ ਵਾਸਤੇ ਇਹ ਬੜੀ ਵੱਡੀ ਪਰੇਸ਼ਾਨੀ ਵਾਲੀ ਗੱਲ ਸੀ ਤੇ ਇਹ ਸਿਲਸਿਲਾ ਕਾਫ਼ੀ ਸਮਾਂ ਚੱਲਦਾ ਰਿਹਾ, ਪਰ ਉਂਜ ਉਸ ਵੇਲੇ ਸਾਡੀ ਆਪਸ ਵਿੱਚ ਇੱਕ ਦੂਸਰੇ ਨਾਲ ਜਾਣ ਪਹਿਚਾਣ ਨਹੀਂ ਸੀ

ਜਾਣ ਪਹਿਚਾਣ ਦਾ ਇਤਫ਼ਾਕ ਇੰਜ ਬਣਿਆ ਕਿ ਇੱਕ ਦਿਨ ਅਕਾਲੀ ਪੱਤਰਕਾ ਦੇ ਦਫਤਰ ਇੱਕ ਸ਼ਖਸ ਦਾ ਫ਼ੋਨ ਆਇਆਫੋਨ ਕਰਨ ਵਾਲਾ ਕਹਿੰਦਾ, “ਮੈਂ ਸ਼ੰਗਾਰਾ ਭੁੱਲਰ ਬੋਲਦਾਂ, ਮੇਰੀ ਸੋਢੀ ਸਾਹਿਬ ਨਾਲ ਗੱਲ ਕਰਾ?” ਤੇ ਅੱਗੋਂ ਫੋਨ ਸੁਣਨ ਵਾਲੇ ਨੇ ਜਵਾਬ ਦਿੱਤਾ, “ਸੋਢੀ ਸਾਹਿਬ ਤਾਂ ਅਜੇ ਦਫਤਰ ਵਿੱਚ ਆਏ ਨਹੀਂ ਹਨ, ਮੈਂ ਸ਼ਿੰਗਾਰਾ ਸਿੰਘ ਢਿੱਲੋਂ ਬੋਲਦਾਂ, ਤੁਸੀਂ ਕੰਮ ਦੱਸੋ, ਜੇਕਰ ਮੇਰੇ ਕਰਨ ਵਾਲਾ ਹੋਇਆ ਤਾਂ ਕਰ ਦਿੱਤਾ ਜਾਵੇਗਾ ਨਹੀਂ ਤਾਂ ਜੋ ਵੀ ਤੁਹਾਡਾ ਸੁਨੇਹਾ ਹੋਵੇਗਾ ਸੋਢੀ ਸਾਹਿਬ ਤੱਕ ਪਹੁੰਚਾ ਦਿੱਤਾ ਜਾਵੇਗਾਫੇਰ ਵੀ ਜੇਕਰ ਕੋਈ ਨਿੱਜੀ ਗੱਲ ਹੈ ਤਾਂ ਦੋ ਕੁ ਘੰਟੇ ਬਾਦ ਦੁਬਾਰਾ ਫੋਨ ਕਰਕੇ ਸੋਢੀ ਸਾਹਿਬ ਨਾਲ ਗੱਲ ਕਰ ਲੈਣਾ

“ਢਿੱਲੋਂ ਸਾਹਿਬ, ਚੰਗਾ ਹੋ ਗਿਆ ਤੁਸੀਂ ਮਿਲ ਗਏ, ਉਂਜ ਮੈਂਨੂੰ ਨਹੀਂ ਸੀ ਪਤਾ ਕਿ ਤੁਸੀਂ ਅਕਾਲੀ ਪੱਤਰਕਾ ਵਿੱਚ ਹੀ ਕੰਮ ਕਰਦੇ ਹੋ, ਯਾਰ! ਆਪਣੇ ਦੋਵਾਂ ਦੇ ਨਾਵਾਂ ਦਾ ਬੜਾ ਰਾਮ ਰੌਲਾ ਜਿਹਾ ਪਈ ਜਾਂਦਾ, ਚੰਗਾ ਹੋ ਗਿਆ ਤੂੰ ਮਿਲ ਗਿਆ, ਮੈਂ ਤਾਂ ਇਹੀ ਕਹਿਣਾ ਸੀ ਕਿ ਕੱਲ੍ਹ ਵਾਲੇ ਤੁਹਾਡੇ ਅਖਬਾਰ ਵਿੱਚ ਮੇਰਾ ਆਰਟੀਕਲ ਤੁਹਾਡੇ ਨਾਮ ਹੇਠ ਛਾਪ ਦਿੱਤਾ ਹੈ, ਪੈਸੇ ਤਾਂ ਅਖਬਾਰ ਨੇ ਦੇਣੇ ਕੋਈ ਨਹੀਂ, ਘੱਟੋ ਘੱਟ ਨਾਮ ਤਾਂ ਸਹੀ ਛਾਪ ਦਿਆ ਕਰਨ?” ਭੁੱਲਰ ਸਾਰੀ ਗੱਲ ਇੱਕੋ ਸਾਹੇ ਹੀ ਕਹਿ ਗਿਆ

ਚਲੋ ਖੈਰ, ਮੈਂ ਉਸ ਤੋਂ ਅਖਬਾਰ ਦੀ ਤਰਫੋਂ ਮੁਆਫੀ ਮੰਗੀ, ਅਖਬਾਰ ਦੇ ਮੁੱਖ ਸੰਪਾਦਕ ਰਤਨੇਸ਼ ਸਿੰਘ ਸੋਢੀ ਤੱਕ ਸੁਨੇਹਾ ਪਹੁੰਚਾਉਣ ਦਾ ਵਾਅਦਾ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਭੁੱਲਰ ਸਾਹਿਬ, ਚੰਗਾ ਹੋਇਆ ਤੁਹਾਡਾ ਨਾਮ ਗਲਤ ਛਪ ਜਾਣ ਦੇ ਬਹਾਨੇ ਤੁਹਾਡੇ ਨਾਲ ਮੁਲਾਕਾਤ ਹੋ ਗਈ

ਉਸ ਤੋਂ ਬਾਦ ਮੇਲ ਮਿਲਾਪ ਦਾ ਲੰਮਾ ਸਿਲਸਿਲਾ ਚਲਿਆ ਜੋ 1996 ਵਿੱਚ ਮੇਰੇ ਯੂ ਕੇ ਆਉਣ ਤੋ ਬਾਦ ਕੁਝ ਕੁ ਸਾਲਾਂ ਲਈ ਰੁਕ ਗਿਆ ਤੇ 2008 ਤੋਂ ਬਾਦ ਉਸ ਵੇਲੇ ਫੇਰ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਅਖਬਾਰਾਂ ਵਿੱਚ ਮੈਂ ਇੱਕ ਵਾਰ ਫੇਰ ਨਿਰੰਤਰ ਸ਼ੁਰੂ ਹੋਇਆਭੁੱਲਰ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਤੋਂ ਤੁਰ ਕੇ ਰੋਜ਼ਾਨਾ ਪੰਜਾਬੀ ਜਾਗਰਣ ਰਾਹੀਂ ਹੁੰਦਾ ਹੋਇਆ ਰੋਜ਼ਾਨਾ ਸਪੋਕਸਮੈਨ ਤੱਕ ਪਹੁੰਚ ਗਿਆ

2017 ਵਿੱਚ ਆਪਣੀ ਪੰਜਾਬ ਫੇਰੀ ਦੌਰਾਨ ਮੈਂ ਉਹਨਾਂ ਨੂੰ ਰੋਜ਼ਾਨਾ ਜਾਗਰਣ ਦੇ ਦਫਤਰ ਮਿਲਿਆ ਉੱਥੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਵੀ ਹਾਜ਼ਰ ਸੀ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂਭੁੱਲਰ ਨੇ ਯੂਕੇ ਤੋਂ ਜਾਗਰਣ ਦੀ ਕਵਰੇਜ ਕਰਨ ਦੀ ਪੇਸ਼ਕਸ਼ ਕੀਤੀਮੈਂ ਆਪਣੀਆਂ ਹੋਰ ਜਿੰਮੇਵਾਰੀਆਂ ਕਾਰਨ ਰੋਜ਼ਾਨਾ ਦੀ ਬਜਾਏ ਸਪਤਾਹਿਕ ਜਾਂ ਪੰਦਰਾਂ ਰੋਜ਼ਾ ਖਬਰਨਾਮਾ ਭੇਜਣ ਦਾ ਵਾਅਦਾ ਕੀਤਾ ਤੇ ਖਬਰਨਾਮਾ ਭੇਜਦਾ ਵੀ ਰਿਹਾ

ਜਾਗਰਣ ਤੋਂ ਬਾਦ ਭੁੱਲਰ ਸਪੋਕਸਮੈਨ ਚਲਾ ਗਿਆ, ਫੋਨ ਉੱਤੇ ਸੰਪਰਕ ਬਣਿਆ ਰਿਹਾ ਕੁਝ ਦਿਨ ਪਹਿਲਾਂ ਗੱਲ ਹੋਈ, ਕਹਿੰਦਾ ਢਿੱਲੋਂ, ਹੁਣ ਪੰਜਾਬ ਕਦ ਆਉਣਾ, ਬਹੁਤ ਦੇਰ ਹੋ ਗਈ ਮਿਲਿਆਂ ਤੇ ਦਿਲ ਵੀ ਬੜਾ ਕਰਦਾਅੱਗੋਂ ਮੈਂ ਕਿਹਾ ਭੁੱਲਰ ਸਾਹਿਬ, ਨਵੇਂ ਸਾਲ ਵਿੱਚ ਗੇੜਾ ਮਾਰਾਂਗਾ, ਲੰਮਾ ਸਮਾਂ ਬੈਠਾਂਗੇ ਤੇ ਢੇਰ ਸਾਰੀਆਂ ਗੱਲਾਂਬਾਤਾਂ ਕਰਾਂਗੇ

ਪਰ ਇਹ ਪਤਾ ਹੀ ਨਹੀਂ ਸੀ ਕਿ ਇਸ ਵਾਰ ਮੇਲਾ ਹੋਣਾ ਹੀ ਨਹੀਂਅੱਜ ਸੋਸ਼ਲ ਮੀਡੀਏ ਰਾਹੀਂ ਭੁੱਲਰ ਦੇ ਦਿਹਾਂਤ ਦੀ ਖਬਰ ਪੜ੍ਹਕੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਦਿਮਾਗ ਸੁੰਨ ਹੋ ਗਿਆ, ਬਹੁਤ ਗਹਿਰਾ ਦੁੱਖ ਹੋਇਆ ਉਸ ਦੇ ਸਦੀਵੀ ਵਿਛੋੜੇ ਦਾਭੁੱਲਰ ਜਿੱਥੇ ਇੱਕ ਉੱਚ ਕੋਟੀ ਦਾ ਪੱਤਰਕਾਰ ਤੇ ਸੰਪਾਦਕ ਸੀ ਉੱਥੇ ਇੱਕ ਆਹਲਾ ਦਰਜੇ ਦਾ ਇਨਸਾਨ ਵੀ ਸੀਅਪਣੱਤ ਅਤੇ ਰੂਹ ਦੇ ਮੋਹ ਨਾਲ ਭਰਪੂਰ ਕਲਮ ਦੇ ਧਨੀ ਇਸ ਸ਼ਖਸ ਦਾ ਚਲਾਣਾ ਪੰਜਾਬੀ ਪੱਤਰਕਾਰੀ ਜਗਤ ਵਿੱਚ ਇੱਕ ਬਹੁਤ ਵੱਡਾ ਹੀ ਨਹੀਂ ਬਲਕਿ ਸੱਚੀ ਸੁੱਚੀ ਪੱਤਰਕਾਰੀ ਵਾਸਤੇ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈਭੁੱਲਰ, ਪੰਜਾਬੀ ਪੱਤਰਕਾਰੀ ਦਾ ਮਾਣ ਸੀ, ਸਰੀਰਕ ਤੌਰ ਉੱਤੇ ਉਹ ਬੇਸ਼ਕ ਸਾਡੇ ਵਿਚਕਾਰ ਨਹੀਂ ਰਿਹਾ ਪਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਜੋ ਨਿਵੇਕਲੀਆਂ ਪੈੜਾਂ ਪਾ ਕੇ ਨਵੇਂ ਦਿਸਹੱਦੇ ਉਹ ਸਥਾਪਿਤ ਕਰ ਗਿਆ ਹੈ, ਉਹ ਭਵਿੱਖ ਦੇ ਪੰਜਾਬੀ ਪੱਤਰਕਾਰੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ ਵਾਸਤੇ ਹਮੇਸ਼ਾ ਲਈ ਪਰੇਰਣਾ ਸਰੋਤ ਹੋਣਗੇ

ਭੁੱਲਰ ਸਾਹਿਬ ਦੇ ਦਿਹਾਂਤ ਦਾ ਮੈਂਨੂੰ ਬਹੁਤ ਦੁੱਖ ਤੇ ਅਫਸੋਸ ਹੈਇਸ ਦੁੱਖ ਦੀ ਘੜੀ ਵਿੱਚ ਮੈਂ ਗਮਗੀਨ ਹਾਂ, ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਰੀਕ ਹਾਂ

*****

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author