ShingaraSDhillon7ਇਸ ਤਰ੍ਹਾਂ ਦੇ ਭੁੱਖੜ ਤੇ ਸਵਾਰਥੀ ਲੋਕਾਂ ਦੀ ਪਹਿਚਾਣ ...
(12 ਜੂਨ 2020)

 

ਕੋਈ ਬੰਦਾ ਬਿਨਾਂ ਰੋਟੀ ਪਾਣੀ ਤੋਂ ਕੁਝ ਸਮਾਂ ਜਿਊਂਦਾ ਰਹਿ ਸਕਦਾ, ਪਰ ਜਿਸ ਨੂੰ ਕੁਰਸੀ ਅਤੇ ਚੌਧਰ ਨਾਮ ਦੀ ਭੁੱਖ ਲੱਗ ਜਾਵੇ, ਉਹ ਨਾ ਕਦੇ ਸ਼ਾਂਤ ਹੋ ਸਕਦਾ ਹੈ ਤੇ ਨਾ ਹੀ ਉਸ ਦੀ ਇਹ ਭੁੱਖ ਕਦੇ ਪੂਰੀ ਹੋ ਸਕਦੀ ਹੈਅਸਲ ਵਿੱਚ ਇਹ ਹੀ ਉਹ ਭੁੱਖ ਹੈ ਜੋ ਕਈ ਵਾਰ ਧਰਮ ਕਰਮ ਦਾ ਕਾਰਜ ਕਰਨ ਵਾਲੇ ਕਿਸੇ ਮਨੁੱਖ ਦੇ ਅਚੇਤ ਜਾਂ ਸੁਚੇਤ ਮਨ ਵਿੱਚ ਕਾਰਜਸ਼ੀਲ ਰਹਿੰਦੀ ਹੈ ਤੇ ਇਸ ਭੁੱਖ ਦਾ ਸ਼ਿਕਾਰ ਮਨੁੱਖ ਧਰਮ ਕਰਮ ਦੇ ਕਾਰਜਾਂ ਓਹਲੇ ਵੀ ਇਸਦੀ ਪੂਰਤੀ ਨੂੰ ਹੀ ਮੁੱਖ ਰੱਖਦਾ ਹੈ

ਚੌਧਰ ਅਤੇ ਸੇਵਾ ਵਿੱਚ ਬੁਨਿਆਦੀ ਅੰਤਰ ਇਹੀ ਹੁੰਦਾ ਹੈ ਕਿ ਜੇਕਰ ਕੋਈ ਜਨਤਕ ਕਾਰਜ ਲੋਕਾਂ ਦੇ ਭਲੇ ਵਾਸਤੇ ਦਿਲੀ ਭਾਵਨਾ ਅਤੇ ਨਿਸ਼ਕਾਮਤਾ ਨਾਲ ਕੀਤਾ ਜਾਵੇ ਤਾਂ ਉਹ ਸੇਵਾ ਹੁੰਦਾ ਹੈ, ਪ੍ਰੰਤੂ ਜੇਕਰ ਉਹੀ ਕਾਰਜ ਕਿਸੇ ਵਲੋਂ ਇਹ ਸੋਚ ਕੇ ਕੀਤਾ ਜਾਵੇ ਕਿ ਇਹ ਕਾਰਜ ਮੈਂ ਹੀ ਕਰ ਸਕਦਾ ਹਾਂ, ਹੋਰ ਕੋਈ ਵੀ ਦੂਸਰਾ ਵਿਅਕਤੀ ਇਸ ਕਾਰਜ ਨੂੰ ਨਹੀਂ ਕਰ ਸਕਦਾ ਤਾਂ ਇਸ ਭਾਵਨਾ ਵਿੱਚ ਚੌਧਰ ਤੇ ਹੰਕਾਰ ਦੋਵੇਂ ਰਲਕੇ ਸਾਹਮਣੇ ਆਉਣਗੇ ਜੋ ਕੀਤੇ ਜਾਣ ਵਾਲੇ ਕਾਰਜ ਦੀ ਨਿਸ਼ਕਾਮ ਭਾਵਨਾ ਦਾ ਘਾਤ ਕਰ ਦਿੰਦੇ ਹਨ

ਸ਼ੋਹਰਤ ਦਾ ਤਾਜ ਪਹਿਨ ਕੇ ਚੱਲਣ ਵਾਲਾ ਜਦੋਂ ਉਸ ਤਾਜ ਨੂੰ ਜ਼ਿੰਮੇਵਾਰੀ ਦੀ ਬਜਾਏ ਚੌਧਰ ਸਮਝਣ ਲੱਗ ਜਾਵੇ ਤਾਂ ਸਮਝੋ ਉਸ ਅੰਦਰ ਹਾਊਮੈ, ਨਫਰਤ ਅਤੇ ਈਰਖਾ ਦਾ ਸਾੜਾ ਭਾਂਬੜ ਬਣਕੇ ਮਚ ਰਿਹਾ ਹੈ ਤੇ ਅਜਿਹਾ ਵਿਅਕਤੀ ਆਪਣੇ ਅਸਲ ਨਿਸ਼ਾਨੇ ਤੋਂ ਭਟਕ ਚੁੱਕਿਆ ਹੈ। ਨਿਮਰਤਾ, ਹਮਦਰਦੀ, ਸੇਵਾ ਤੇ ਨਿਸ਼ਕਾਮਤਾ ਨਾਮ ਦੇ ਗੁਣ ਉਹ ਸਿਰਫ ਦਿਖਾਵੇ ਤੇ ਮਤਲਬ ਪ੍ਰਸਤੀ ਵਾਸਤੇ ਹੀ ਵਰਤਦਾ ਹੈ ਜਦ ਕਿ ਅਸਲੋ ਇਹਨਾਂ ਗੁਣਾਂ ਨਾਲ ਅਜਿਹੇ ਵਿਅਕਤੀ ਦਾ ਦੂਰ ਦਾ ਵੀ ਵਾਹ ਵਾਸਤਾ ਵੀ ਨਹੀਂ ਹੁੰਦਾ ਤੁਸੀਂ ਉਸਦੇ ਚਿਹਰੇ ਦੇ ਹਾਵ ਭਾਵ ਤੇ ਨਕਲੀ ਮੁਸਕਾਨ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਅਜਿਹਾ ਪ੍ਰਭਾਵ ਦੇ ਕੇ ਤੁਹਾਨੂੰ ਸਿਰਫ ਬੁੱਧੂ ਬਣਾ ਰਿਹਾ ਹੈ

ਚੌਧਰ ਦਾ ਭੁੱਖਾ ਬੰਦਾ ਕਲੇਸ਼ੀ ਹੁੰਦਾ ਹੈਉਹ ਜਿੱਥੋਂ ਵੀ ਵਿਚਰੇਗਾ ਨਫਰਤ ਫੈਲਾਏਗਾ, ਧੜੇਬੰਦੀਆ ਖੜੀਆਂ ਕਰੇਗਾ, ਚੰਗੇ ਕਾਰਜਾਂ ਵਿੱਚ ਵਿਘਨ ਪਾਏਗਾ ਤੇ ਹਮੇਸ਼ਾ ਕੋਸ਼ਿਸ਼ ਕਰੇਗਾ ਕਿ ਜੋ ਵੀ ਹੋਵੇ, ਉਹ ਸਾਰਾ ਉਸ ਦੀ ਮਰਜ਼ੀ ਮੁਤਾਬਿਕ ਹੀ ਹੋਵੇ

ਨੇਤਾਗਿਰੀ ਅਤੇ ਚੌਧਰ ਦੇ ਚੱਕਰ ਵਿੱਚ ਉਹ ਵਿਅਕਤੀ ਇਹ ਵੀ ਭੁੱਲ ਜਾਏਗਾ ਕਿ ਉਹ ਕਿੱਥੇ ਤੇ ਕਿਸ ਸਥਾਨ ’ਤੇ ਖੜ੍ਹੇ ਹੋ ਕੇ ਕਿਹੜੀ ਗੱਲ ਕਰ ਰਿਹਾ ਹੈਨੇਤਾਗਿਰੀ ਦਾ ਲਾਲਚ ਉਸ ਨੂੰ ਮਾਨਸਿਕ ਪੱਖੋਂ ਇੰਨਾ ਕਮੀਨਾ ਬਣਾ ਦੇਵੇਗਾ ਕਿ ਉਸ ਦੀ ਅਕਲ ’ਤੇ ਪਰਦਾ ਪੈ ਜਾਵੇਗਾਸ਼ਾਇਦ ਇਹੀ ਕਾਰਨ ਹੈ ਕਿ ਡਾ. ਭੀਮ ਰਾਓ ਅੰਬੇਦਕਰ ਨੇ ਕਿਹਾ ਹੈ ਕਿ “ਆਪਸੀ ਝਗੜਿਆਂ ਤੋਂ ਬਚੋ ਨਹੀਂ ਤਾਂ ਨੇਤਾਗਿਰੀ ਦਾ ਲਾਲਚ ਤੁਹਾਨੂੰ ਇੰਨਾ ਕਮਜ਼ੋਰ ਕਰ ਦੇਵੇਗਾ, ਤੁਹਾਡੀ ਸਥਿਤੀ ਵਿਗੜ ਜਾਵੇਗੀ ਤੇ ਤੁਸੀਂ ਨਿਸ਼ਾਨੇ ਤੋਂ ਭਟਕ ਜਾਵੋਗੇ।”

ਚੌਧਰ ਅਤੇ ਨੇਤਾਗਿਰੀ ਦੇ ਜਾਲ ਵਿੱਚ ਇੱਕ ਵਾਰ ਫਸਿਆ ਕੋਈ ਵੀ ਮਨੁੱਖ ਫਿਰ ਵੱਡੇ ਤੋਂ ਵੱਡੇ ਅਪਰਾਧ ਵੀ ਅਸਾਨੀ ਨਾਲ ਕਰਨ ਦਾ ਆਦੀ ਹੋ ਜਾਂਦਾ ਹੈਗੱਲ ਗੱਲ ’ਤੇ ਝੂਠ ਬੋਲਣਾ ਉਸ ਦੀ ਆਦਤ ਬਣ ਜਾਂਦੀ ਹੈ ਤੇ ਲੋਕਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਉਹਨਾਂ ਨੂੰ ਭਰਮਾਉਣਾ ਤੇ ਆਪਣੇ ਹਿਤਾਂ ਲਈ ਗੁਮਰਾਹ ਕਰਕੇ ਉਹਨਾਂ ਦਾ ਇਸਤੇਮਾਲ ਕਰਨਾ ਉਸ ਦੀ ਮੁਹਾਰਤ ਬਣ ਜਾਂਦੀ ਹੈ

ਇਹ ਆਮ ਦੇਖਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਮਾਰੂ ਬਿਰਤੀ ਤੇ ਹਉਮੈ ਦੇ ਸ਼ਿਕਾਰ ਲੋਕ ਆਪਣੇ ਆਪ ਨੂੰ ਕਈ ਵਾਰ ਭਗਤ, ਸੇਵਾਦਾਰ, ਪ੍ਰਧਾਨ, ਤੇ ਚੇਅਰਮੈਨ ਆਦਿ ਦਾ ਲੇਬਲ ਲਗਾ ਕੇ ਪੇਸ਼ ਕਰਦੇ ਹਨ ਅਤੇ ਆਪਣੇ ਆਪ ਨੂੰ ਅਸਲੀ ਨਾਵਾਂ ਦੀ ਬਜਾਏ ਉਕਤ ਲਕਬਾਂ ਦੇ ਨਾਮ ਨਾਲ ਹੀ ਬੁਲਾਏ ਜਾਣ ’ਤੇ ਅਥਾਹ ਖੁਸ਼ੀ ਤੇ ਸਕੂਨ ਮਹਿਸੂਸ ਕਰਦੇ ਹੋਏ ਫੁੱਲ ਕੇ ਕੁੱਪਾ ਹੋ ਜਾਂਦੇ ਹਨ

ਉਕਤ ਕਿਸਮ ਦੇ ਲੋਕ ਆਪਣੇ ਆਲੇ ਦੁਆਲੇ ਚਾਪਲੂਸਾਂ ਦੀ ਭੀੜ ਜਮ੍ਹਾਂ ਰੱਖਣਾ ਪਸੰਦ ਕਰਦੇ ਹਨ ਤੇ ਚਾਪਲੂਸਾਂ ਦੇ ਜਮਘਟੇ ਵਿੱਚ ਰਹਿ ਕੇ ਬਹੁਤ ਖੁਸ਼ ਰਹਿੰਦੇ ਹਨਆਪਣੀ ਮਸ਼ਹੂਰੀ ਵਾਸਤੇ ਪੇਡ ਖ਼ਬਰਾਂ ਵੀ ਲੁਆਉਂਦੇ ਹਨ ਤੇ ਲੋਕਾਂ ਵਿੱਚ ਇਹ ਕੂੜ ਪ੍ਰਚਾਰ ਕਰਦੇ ਹਨ ਕਿ ਉਹ ਮਹਾਨ ਹਨ ਤੇ ਜਨਤਾ ਦੀ ਵੱਡੀ ਸੇਵਾ ਕਰ ਰਹੇ ਹਨਜੇਕਰ ਇੰਜ ਕਹਿ ਲਈਏ ਕਿ ਅਜਿਹੀ ਕਿਸਮ ਦੇ ਸਵਾਰਥੀ ਲੋਕ ਸ਼ੇਰ ਦੀ ਖੱਲ ਵਿੱਚ ਲੂੰਬੜ ਹੁੰਦੇ ਹਨ ਤਾਂ ਗਲਤ ਨਹੀਂ ਹੋਵੇਗਾ

ਮੁੱਕਦੀ ਗੱਲ ਇਹ ਕੇ ਇਸ ਤਰ੍ਹਾਂ ਦੇ ਭੁੱਖੜ ਤੇ ਸਵਾਰਥੀ ਲੋਕਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮੂੰਹ ਲਾਉਣੋ ਗੁਰੇਜ਼ ਕਰਨਾ ਚਾਹੀਦਾ ਹੈ, ਉਹਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਉਹਨਾਂ ਨੂੰ ਮੌਕੇ ’ਤੇ ਹੀ ਫਿਟਕਾਰਨਾ ਚਾਹੀਦਾ ਹੈ ਤਾਂ ਕਿ ਸਮਾਜ ਅਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੇ ਕਮੀਨੇ ਸਵਾਰਥੀ ਤੇ ਘਟੀਆ ਅਨਸਰਾਂ ਤੋਂ ਮੁਕਤ ਰੱਖਿਆ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2191) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author