ShingaraSDhillon7ਪੀ ਟੀ ਮਾਸਟਰ ਨੇ ਥੱਪੜਾਂ ਅਤੇ ਘਸੁੰਨਾਂ ਨਾਲ ਮੇਰੇ ਸਨਮਾਨ ਦੀ ਰਸਮ ਸ਼ੁਰੂ ਕੀਤੀ ਤੇ ਬੈਂਤ ਵਾਲੇ ਰੂਲ ਨਾਲ ...
(16 ਜੂਨ 2018)

 

ਇਹ ਘਟਨਾ 1975 ਦੀ ਹੈ। ਉਦੋਂ ਮੈਂ ਆਪਣੇ ਪਿੰਡ ਦੇ ਡੀ ਏ ਵੀ ਹਾਈ ਸਕੂਲ ਵਿੱਚ ਛੇਵੀਂ ਦਾ ਵਿਦਿਆਰਥੀ ਸੀਸਕੂਲ ਦੀ ਉੱਤਰੀ ਗੁੱਠ ਵਿੱਚ ਸਕੂਲ ਦਾ ਖੇਡ ਮੈਦਾਨ ਸੀ, ਜਿਸ ਦੇ ਪੱਛਮੀ ਖੂੰਜੇ ਇਕ ਪੁਰਾਣਾ ਖੂਹ ਸੀ। ਉੱਥੇ ਅੰਬਾਂ, ਜਾਮਣਾਂ ਅਤੇ ਅਮਰੂਦਾਂ ਦੇ ਕਾਫੀ ਦਰਖਤ ਲੱਗੇ ਹੋਏ ਸਨਸ਼ਾਇਦ ਇਸੇ ਕਰਕੇ ਹੀ ਉਸ ਨੂੰ ਅੰਬਾਂ ਵਾਲਾ ਖੂਹ ਕਹਿੰਦੇ ਸਨ

ਸਕੂਲ ਦੇ ਬੱਚੇ ਅੱਧੀ ਛੁੱਟੀ ਵੇਲੇ ਅਤੇ ਸਕੂਲ ਦੀਆਂ ਵੱਖ ਵੱਖ ਖੇਡਾਂ ਦੇ ਖਿਡਾਰੀ ਆਮ ਤੌਰ ’ਤੇ ਅੱਠਵੇਂ ਤੇ ਨੌਵੇਂ ਪੀਰੀਅਡਾਂ ਵੇਲੇ ਖੇਡਾਂ ਦਾ ਅਭਿਆਸ ਸਕੂਲ ਦੇ ਖੇਡ ਮੈਦਾਨ ਵਿੱਚ ਨੇਮ ਨਾਲ ਕਰਦੇ ਤੇ ਅੰਬਾਂ ਵਾਲੇ ਖੂਹ ’ਤੇ ਲੱਗੇ ਦਰਖਤਾਂ ਹੇਠ ਜਾ ਕੇ ਕੱਪੜੇ ਵੀ ਬਦਲਦੇ, ਦਮ ਸਾਹ ਵੀ ਲੈਂਦੇਮੈਂ ਤੇ ਮੇਰੇ ਕੁੱਝ ਹੋਰ ਸਾਥੀ ਉਸੇ ਖੂਹ ਦੇ ਦਰਖਤਾਂ ਹੇਠ ਬੈਠ ਕੇ ਖੇਡ ਮੈਦਾਨ ਵਿਚ ਖਿਡਾਰੀਆਂ ਦੁਆਰਾ ਕੀਤੇ ਜਾ ਰਹੇ ਖੇਡ ਅਭਿਆਸ ਦਾ ਅਨੰਦ ਮਾਣਦੇ ਤੇ ਨਾਲ ਹੀ ਇਕ ਦੂਸਰੇ ਨਾਲ ਸ਼ਰਾਰਤਾਂ ਕਰਦੇਇਕ ਦਿਨ ਸਕੂਲ ਦੀ ਹੀ ਫੁੱਟਬਾਲ ਟੀਮ ਨੂੰ ਦੋ ਭਾਗਾਂ ਵਿਚ ਵੰਡਕੇ ਅਭਿਆਸ ਮੈਚ ਹੋਇਆ, ਜਿਸ ਕਾਰਨ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਅਖੀਰਲੇ ਦੋ ਪੀਰੀਅਡਾਂ ਦੀ ਖਾਸ ਛੋਟ ਦਿੱਤੀ ਗਈ ਤਾਂ ਕਿ ਉਹ ਮੈਚ ਦਾ ਅਨੰਦ ਮਾਣ ਸਕਣਫੁਟਬਾਲ ਦਾ ਮੈਚ ਸ਼ੁਰੂ ਹੋਇਆ ਤੇ ਸਾਰੇ ਵਿਦਿਆਰਥੀ ਖੇਡ ਮੈਦਾਨ ਦੇ ਆਸ ਪਾਸ ਖੜ੍ਹ ਬੈਠ ਕੇ ਮੈਚ ਦਾ ਅਨੰਦ ਮਾਨਣ ਲੱਗੇਮੈਂ ਤੇ ਮੇਰੇ ਦੋ ਤਿੰਨ ਹੋਰ ਸਾਥੀ ਵੀ ਅੰਬਾਂ ਵਾਲੇ ਖੂਹ ਦੇ ਦਰਖਤਾਂ ਹੇਠ ਬੈਠਕੇ ਮੈਚ ਦੇਖ ਰਹੇ ਸਾਂ ਕਿ ਅਚਾਨਕ ਜਦੋਂ ਮੈਂ ਉੱਪਰ ਨਿਗਾਹ ਘੁਮਾਈ ਤਾਂ ਅੰਬ ਦੇ ਦਰਖਤ ਉੱਤੇ ਲੱਗੇ ਬਹੁਤ ਵੱਡੇ ਮਖਿਆਲ ਦਾ ਛੱਤਾ ਨਜ਼ਰ ਆਇਆਮੈਂ ਆਪਣੇ ਸਾਥੀਆਂ ਨੂੰ ਦੱਸਿਆ ਤਾਂ ਉਹਨਾਂ ਵੀ ਬੜੇ ਧਿਆਨ ਨਾਲ ਦੇਖਿਆਬਹੁਤ ਸਾਰੀਆਂ ਮੱਖੀਆਂ ਛੱਤੇ ਦੇ ਉੱਤੇ ਬੈਠੀਆਂ ਸਨ, ਕੁੱਝ ਹੋਰ ਆ ਕੇ ਬੈਠ ਰਹੀਆਂ ਸਨ, ਕੁਝ ਉਡ ਕੇ ਜਾ ਰਹੀਆਂ ਤੇ ਕੁਝ ਛੱਤੇ ਦੇ ਆਸ ਪਾਸ ਹੀ ਪਹਿਰੇਦਾਰਾਂ ਵਾਂਗ ਭਿਣ ਭਿਣਾ ਰਹੀਆਂ ਸਨਮੈਨੂੰ ਸ਼ਰਾਰਤ ਇਹ ਸੁੱਝੀ ਕਿ ਜੇਕਰ ਇਹਨਾਂ ਸਾਰੀਆਂ ਮੱਖੀਆਂ ਨੂੰ ਉਡਾਇਆ ਜਾਵੇ ਤਾਂ ਨਜ਼ਾਰਾ ਬੜਾ ਦੇਖਣ ਵਾਲਾ ਹੋਵੇਗਾਮੈਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਨੇੜੇ ਪਿਆ ਮਿੱਟੀ ਦਾ ਢੇਲਾ ਉਠਾਇਆ ਅਤੇ ਨਿਸ਼ਾਨਾ ਬੰਨ੍ਹ ਕੇ ਛੱਤੇ ਵਿੱਚ ਮਾਰ ਦਿੱਤਾ, ਜੋ ਸਿੱਧਾ ਛੱਤੇ ਦੇ ਵਿਚਕਾਰ ਜਾ ਕੇ ਲੱਗਾਬੱਸ ਫੇਰ ਕੀ ਸੀ, ਦੇਖਦਿਆਂ ਦੇਖਦਿਆਂ ਮੱਖੀਆਂ ਭਿਰਨ ਭਿਰਨ ਉਡਣ ਲੱਗੀਆਂ ਤੇ ਸਾਡੇ ਉੱਤੇ ਹਮਲਾ ਬੋਲ ਦਿੱਤਾ, ਤਿੱਖੇ ਡੰਗ ਚਲਾਉਣੇ ਸ਼ੁਰੂ ਕਰ ਦਿੱਤੇ

ਖੇਡ ਮੈਦਾਨ ਵਿਚ ਫੁਟਬਾਲ ਖੇਡ ਰਹੇ ਖਿਡਾਰੀ ਵੀ ਮੱਖੀਆਂ ਦੇ ਇਸ ਹਮਲੇ ਦਾ ਸ਼ਿਕਾਰ ਹੋ ਗਏ, ਅਧਿਆਪਕ ਅਤੇ ਖੇਡ ਮੈਦਾਨ ਦੇ ਆਸ ਪਾਸ ਮੈਚ ਦੇਖਣ ਵਾਲੇ ਵਿਦਿਆਰਥੀ ਵੀਜੋ ਮੱਖੀਆਂ ਦੇ ਅੜਿੱਕੇ ਆਇਆ, ਉਹ ਬੁਰੀ ਤਰ੍ਹਾਂ ਡੰਗਿਆ ਗਿਆਸਾਰੇ ਪਾਸੇ ਹਾਹਾਕਾਰ ਮਚ ਗਈਸਭ ਆਪੋ ਆਪਣਾ ਬਚਾਅ ਕਰਨ ਵਾਸਤੇ ਇੱਧਰ ਉੱਧਰ ਦੌੜ ਪਏ ਤੇ ਮੈਚ ਵਿਚੇ ਰਹਿ ਗਿਆ ਕੁਝ ਖਿਡਾਰੀਆਂ ਦੇ ਕੱਪੜੇ ਖੂਹ ਤੇ ਸਨ, ਜਿਹੜੇ ਆਪਣੇ ਕੱਪੜੇ ਚੁੱਕਣ ਗਏ, ਉਹ ਵੀ ਮਖਿਆਲ ਦੇ ਹਮਲੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਏ

ਦੂਸਰੇ ਦਿਨ ਸਕੂਲ ਵਿਚ ਕੋਈ ਅੱਧੇ ਕੁ ਵਿਦਿਆਰਥੀ ਸਿਰਫ ਇਸ ਕਰਕੇ ਹੀ ਗੈਰ ਹਾਜ਼ਰ ਸਨ ਕਿ ਉਹਨਾਂ ਦੇ ਕੱਲ੍ਹ ਮਖਿਆਲ ਲੜ ਗਿਆ ਸੀਕਈ ਬੱਚਿਆਂ ਦੇ ਮਾਪੇ ਸ਼ਿਕਾਇਤ ਕਰਨ ਸਕੂਲ ਪਹੁੰਚੇ ਕਿ ਉਹਨਾਂ ਦੇ ਬੱਚਿਆਂ ਦੇ ਸਕੂਲ ਦੇ ਹੀ ਕਿਸੇ ਬੱਚੇ ਦੀ ਸ਼ਰਾਰਤ ਕਾਰਨ, ਮਖਿਆਲ ਲੜ ਗਿਆਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਰਥਨਾ ਤੇ ਫੇਰ ਪੀ ਟੀ ਕਰਵਾਈ ਜਾਂਦੀ ਸੀਪਰ ਪੀ ਟੀ ਮਾਸਟਰ ਨੇ ਮੈਨੂੰ ਇਹ ਸਭ ਕਰਨ ਤੋਂ ਮਨ੍ਹਾਂ ਕਰਦਿਆਂ ਬਾਹਰ ਨਿਕਲਕੇ ਲੱਤਾਂ ਹੇਠ ਦੀ ਕੰਨ ਫੜਕੇ ਪਿੱਛਾ ਉੱਚਾ ਰੱਖਣ ਲਈ ਕਿਹਾਪ੍ਰਾਰਥਨਾ ਤੇ ਪੀ ਟੀ ਦੀ ਸਮਾਪਤੀ ਤੋਂ ਬਾਅਦ ਮੇਰੇ ਕੰਨ ਛੁਡਾਏ ਗਏਮੁੱਖ ਅਧਿਆਪਕ ਨੇ ਬਾਕੀ ਬੱਚਿਆਂ ਨੂੰ ਮੇਰੇ ਵਲੋਂ ਬੀਤੇ ਦਿਨ ਵਾਲੇ ਫੁੱਟਬਾਲ ਮੈਚ ਦੌਰਾਨ ਮਖਿਆਲ ਛੇੜਨ ਦੀ ਕੀਤੀ ਗਈ ਸ਼ਰਾਰਤ ਬਾਰੇ ਤਫਸੀਲ ਨਾਲ ਚਾਨਣਾ ਪਾਉਂਦਿਆਂ ਸਮੂਹ ਵਿਦਿਆਰਥੀਆਂ ਨੂੰ ਨਸੀਹਤ ਕੀਤੀ ਕਿ ਉਹ ਆਪਣੇ ਜੀਵਨ ਵਿਚ ਇਸ ਤਰ੍ਹਾਂ ਦੀ ਗਲਤੀ ਕਦੇ ਨਾ ਕਰਨ ਜਿਸ ਨਾਲ ਕਿਸੇ ਨੂੰ ਬੇਵਜ੍ਹਾ ਨੁਕਸਾਨ ਪਹੁੰਚੇਉਸ ਸਮੇਂ ਪੀ ਟੀ ਮਾਸਟਰ ਮੇਰਾ ਬਣਦਾ ਸਨਮਾਨ ਕਰਨ ਵਾਸਤੇ ਬੈਂਤ ਵਾਲਾ ਰੂਲ ਲੈ ਕੇ ਨੇੜੇ ਹੀ ਖੜ੍ਹੇ ਸਨ ਤੇ ਮੁੱਖ ਅਧਿਆਪਕ ਦੇ ਭਾਸ਼ਣ ਦੀ ਸਮਾਪਤੀ ਤੋਂ ਤੁਰੰਤ ਬਾਅਦ ਪੀ ਟੀ ਮਾਸਟਰ ਨੇ ਥੱਪੜਾਂ ਅਤੇ ਘਸੁੰਨਾਂ ਨਾਲ ਮੇਰੇ ਸਨਮਾਨ ਦੀ ਰਸਮ ਸ਼ੁਰੂ ਕੀਤੀ ਤੇ ਬੈਂਤ ਵਾਲੇ ਰੂਲ ਨਾਲ ਮੇਰਾ ਪਿਛਵਾੜਾ ਲਾਲ ਕਰਕੇ ਸਮਾਪਤ ਕੀਤੀ

ਮਖਿਆਲ ਮੇਰੇ ਵੀ ਮੂੰਹ ਅਤੇ ਗਰਦਨ ਤੇ ਕਾਫੀ ਲੜਿਆ ਹੋਣ ਕਰਕੇ ਕਾਫੀ ਸੋਜਸ ਪੈ ਚੁੱਕੀ ਸੀ, ਜਿਸ ਕਾਰਨ ਕਈ ਦਿਨ ਚਿਹਰਾ ਬੇਪਛਾਣ ਰਿਹਾਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਕੁਝ ਅਧਿਆਪਕਾਂ ਦਾ ਮੂੰਹ ਸਿਰ ਵੀ ਕਈ ਦਿਨ ਸੋਜਸ ਨਾਲ ਇਕ ਹੀ ਰਿਹਾ ਭਾਵ ਬਹੁਤੇ ਚਿਹਰੇ ਸਕੂਲ ਵਿੱਚ ਕਈ ਦਿਨ ਮੇਰੀ ਸ਼ਰਾਰਤ ਦੀ ਵਜ੍ਹਾ ਕਰਕੇ ਬੇਪਛਾਣ ਰਹੇ ਤੇ ਕਈਆਂ ਨੂੰ ਮਖਿਆਲ ਦਾ ਜ਼ਹਿਰ ਉਤਾਰਨ ਵਾਸਤੇ ਡਾਕਟਰਾਂ ਤੋਂ ਦਵਾਈਆਂ ਦੇ ਨਾਲ ਨਾਲ ਟੀਕੇ ਵੀ ਲਗਵਾਉਣੇ ਪਏ

ਇਸ ਘਟਨਾ ਨੇ ਮੈਨੂੰ ਪੂਰੇ ਸਕੂਲ ਵਿਚ ਹੀ ਨਹੀਂ, ਸਗੋਂ ਇਲਾਕੇ ਵਿੱਚ ਮਸ਼ਹੂਰ ਕਰ ਦਿੱਤਾ ਤੇ ਸਕੂਲ ਵਿੱਚ ਬਹੁਤੇ ਵਿਦਿਆਰਥੀਆਂ ਨੇ ਮੇਰਾ ਨਾਮ ਨਿਸ਼ਾਨਚੀ ਰੱਖ ਦਿੱਤਾ, ਜੋ ਕਿ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲਗਦਾ ਤੇ ਇਸੇ ਕਾਰਨ ਬਹੁਤੇ ਸਾਥੀ ਵਿਦਿਆਰਥੀਆਂ ਨਾਲ ਮੈਂ ਬੋਲਚਾਲ ਬੰਦ ਕਰ ਦਿੱਤੀਸਕੂਲ ਜਾਂਦਿਆਂ ਜਾਂ ਸਕੂਲੋਂ ਘਰ ਪਰਤਦਿਆਂ ਰਸਤੇ ਵਿਚ ਲੋਕ ਉਕਤ ਘਟਨਾ ਕਰਕੇ ਮੈਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਦੇ ਤਾਂ ਮੈਨੂੰ ਬੁਰਾ ਵੀ ਲਗਦਾ ਤੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀਇਹੀ ਕਾਰਨ ਹੈ ਕਿ ਉਹ ਘਟਨਾ ਅੱਜ ਵੀ ਮੇਰੀਆਂ ਅੱਖਾਂ ਅੱਗੇ ਫਿਲਮੀ ਰੀਲ ਵਾਂਗ ਘੁੰਮਦੀ ਹੈ ਤੇ ਬੜਾ ਅਜੀਬ ਤਰ੍ਹਾਂ ਦਾ ਅਹਿਸਾਸ ਪੈਦਾ ਕਰਦੀ ਹੈਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਖਤਰਨਾਕ ਸ਼ਰਾਰਤਾਂ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ

*****

(1193)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author