ShingaraSDhillon7ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵਾਲੀ ਕਹਾਵਤ ਮੁਤਾਬਿਕ ...
(9 ਨਵੰਬਰ 2019)

 

ਪਿਛਲੇ ਦਿਨੀਂ ਯੂ ਕੇ ਮੋਟਰ ਚਾਲਕਾਂ ਅਤੇ ਇੱਥੋਂ ਦੇ ਟ੍ਰੈਫਿਕ ਸਿਸਟਮ ਬਾਰੇ ਇੱਕ ਲੇਖ ਲਿਖਿਆ ਸੀ, ਜਿਸ ਉੱਤੇ ਸੋਸ਼ਲ ਮੀਡੀਏ ਦੇ ਮਿੱਤਰ ਭਾਈਚਾਰੇ ਨੇ ਆਪੋ ਆਪਣੀ ਸੋਚ ਮੁਤਾਬਿਕ ਭਰਪੂਰ ਟਿੱਪਣੀਆਂ ਕੀਤੀਆਂ ਸਨਆਰਟੀਕਲ ਦੀ ਰੱਜ ਕੇ ਤਾਰੀਫ਼ ਵੀ ਹੋਈ ਤੇ ਕਈਆਂ ਨੇ ਇਹ ਝੋਰਾ ਵੀ ਕੀਤਾ ਕਿ ਕਾਸ਼! ਇਹੋ ਜਿਹਾ ਸਿਸਟਮ ਪੰਜਾਬ ਵਿੱਚ ਵੀ ਹੋਵੇਕੁਝ ਮੇਰੇ ਅਜ਼ੀਜ਼ ਦੋਸਤਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਯੂ ਕੇ ਫੇਰੀ ਦੌਰਾਨ ਇਹ ਸਿਸਟਮ ਅੱਖੀਂ ਦੇਖ ਗਏ ਹਨ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਤੇ ਕਈਆਂ ਨੂੰ ਇਹ ਸਭ ਕੁਝ ਇੱਕ ਹੁਸੀਨ ਸੁਪਨੇ ਵਰਗਾ ਵੀ ਲੱਗਾ

ਬੇਸ਼ੱਕ ਮੈਂਨੂੰ ਸਭਨਾਂ ਅਜ਼ੀਜ਼ ਮਿੱਤਰਾਂ ਦੀਆਂ ਟਿੱਪਣੀਆਂ ਨਾਲ ਭਰਪੂਰ ਹੌਸਲਾ ਅਫਜ਼ਾਈ ਮਿਲੀ ਪਰ ਇੱਕ ਦੋ ਟਿੱਪਣੀਆਂ ਮੇਰੇ ਮਨ ਨੂੰ ਕਾਫ਼ੀ ਟੁੰਬ ਗਈਆਂਮਨ ਨੂੰ ਟੁੰਬਣ ਵਾਲੀਆਂ ਇਹਨਾਂ ਟਿੱਪਣੀਆ ਵਿੱਚੋਂ ਇੱਕ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸੰਤੋਖ ਭੁੱਲਰ ਦੀ ਟਿੱਪਣੀ ਵੀ ਸੀ ਜਿਸ ਵਿੱਚ ਉਹਨਾਂ ਭਾਵੇਂ ਮੇਰੇ ਆਰਟੀਕਲ ਦੀ ਦਿਲੀ ਤਾਰੀਫ਼ ਕੀਤੀ ਪਰ ਇੱਕ ਨੁਕਤਾ ਇਹ ਵੀ ਉਠਾਇਆ ਸੀ ਕਿ ਕੁਝ ਲੋਕਾਂ ਨੇ ਇੱਥੋਂ ਦੇ ਟ੍ਰੈਫਿਕ ਸਿਸਟਮ ਉੱਤੇ ਵੀ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈਇਹ ਉਕਤ ਟਿੱਪਣੀ ਅਸਲ ਵਿੱਚ ਤਸਵੀਰ ਦੇ ਦੂਸਰੇ ਪਾਸੇ ਵੱਲ ਇਸ਼ਾਰਾ ਕਰਦੀ ਸੀਮੈਂ ਸੋਚਿਆ ਕਿ ਸੋਸ਼ਲ ਮੀਡੀਏ ਦੇ ਮਿੱਤਰਾਂ ਨੇ ਯੂ ਕੇ ਦੇ ਟ੍ਰੈਫਿਕ ਸਿਸਟਮ ਤੇ ਡਰਾਇਵਰਾਂ ਦਾ ਇੱਕ ਚੰਗਾ ਪੱਖ ਤਾਂ ਦੇਖ ਹੀ ਲਿਆ ਹੈ, ਕਿਓਂ ਨਾ ਹੁਣ ਦੂਜੇ ਪੱਖ ਦੀ ਵੀ ਝਲਕ ਦੁਆਈ ਜਾਵੇ

ਇੱਕ ਬਿਲਕੁਲ ਤਾਜ਼ਾ ਸਰਵੇ ਰਿਪੋਰਟ ਮੁਤਾਬਿਕ ਯੂ ਕੇ ਦੀਆਂ ਸੜਕਾਂ ਉੱਤੇ ਨਸ਼ਾ ਪੀ ਕੇ ਜਾਂ ਖਾ ਕੇ ਮੋਟਰ-ਕਾਰ ਚਾਲਕਾਂ ਦੁਆਰਾ ਮੋਟਰ-ਕਾਰਾਂ ਚਲਾਉਣ ਦੀ ਇਹਨੀਂ ਦਿਨੀਂ ਮਹਾਂਮਾਰੀ ਚੱਲ ਰਹੀ ਹੈ ਜਿਸ ਕਾਰਨ ਪਿਛਲੇ ਸਾਲਾਂ ਨਾਲ਼ੋਂ ਇਸ ਸਾਲ ਨਸ਼ੇੜੀ ਚਾਲਕਾਂ ਦੀ ਸੰਖਿਆ ਵਿੱਚ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈਯੂ ਕੇ ਦੇ ਇੱਕ ਸਾਬਕਾ ਸੜਕ ਸੁਰੱਖਿਆ ਮੰਤਰੀ ਮੁਤਾਬਿਕ ਇੱਥੋਂ ਦੀਆਂ ਸੜਕਾਂ ਉੱਤੇ ਨਸ਼ਾ ਪੀ ਕੇ ਮੋਟਰ-ਕਾਰਾਂ ਚਲਾਉਣਾ ਇੱਕ ਗੁੱਝੀ ਮਹਾਂਮਾਰੀ ਬਣ ਚੁੱਕਾ ਹੈਮੁਲਖ ਦੀ ਮੋਟਰ ਤੇ ਚਾਲਕ ਲਾਇਸੰਸਿੰਗ ਏਜੰਸੀ (DVLA) ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆ ਮੁਤਾਬਿਕ ਜਨਵਰੀ 2018 ਤੋਂ ਮਾਰਚ 2019 ਤੱਕ 19615 ਲੋਕਾਂ ਦੇ ਲਾਇਸੰਸ ਇਸ ਕਰਕੇ ਜ਼ਬਤ ਜਾਂ ਰੱਦ ਕੀਤੇ ਗਏ ਹਨ ਕਿਉਂਕਿ ਉਹ ਕੋਈ ਨਾ ਕੋਈ ਨਸ਼ਾ ਖਾ ਪੀ ਕੇ ਡਰਾਇਵਿੰਗ ਕਰਦੇ ਫੜੇ ਗਏ ਸਨ

ਏਜੰਸੀ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਜੇਕਰ ਉਕਤ ਸੰਖਿਆ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੁਲਖ ਵਿੱਚ ਹਰ ਰੋਜ਼ 60 ਮੋਟਰ ਚਾਲਕ ਨਸ਼ੇ ਦੀ ਓਵਰਡੋਜ਼ ਲੈ ਕੇ ਡਰਾਇਵਿੰਗ ਕਰਦੇ ਫੜੇ ਗਏ ਹਨ ਜਿਸਦਾ ਭਾਵ ਇਹ ਹੈ ਕਿ ਹਫ਼ਤੇ ਦੇ 302 ਡਰਾਇਵਰ ਇਸ ਮੁਲਖ ਵਿੱਚ ਨਸ਼ੇੜੀ ਫੜੇ ਜਾ ਰਹੇ ਹਨ

ਉਕਤ ਅੰਕੜੇ ਵੀ ਪੂਰੀ ਤਰ੍ਹਾਂ ਦਰੁਸਤ ਨਹੀਂ ਹਨ ਕਿਉਂਕਿ ਇਹ ਗਿਣਤੀ ਹੋਰ ਵਧ ਸਕਦੀ ਹੈ ਜੇਕਰ ਮੁਲਖ ਦੇ ਸ਼ਾਹ ਰਾਹਾਂ (Motorways) ਉੱਤੇ ਮੋਟਰ ਕਾਰਾਂ ਰੋਕ ਕੇ ਛਾਪਾਮਾਰ ਵਿਧੀ ਰਾਹੀਂ ਚੈਕਿੰਗ ਕੀਤੀ ਜਾਵੇਇੱਥੇ ਦੱਸਣਯੋਗ ਹੈ ਕਿ ਸ਼ਾਹਰਾਹਾਂ ਉੱਤੇ ਯਾਤਾਯਾਤ ਵਿੱਚ ਵਿਘਨ ਪੈ ਜਾਣ ਦੀ ਸਮੱਸਿਆ ਦੇ ਡਰ ਕਾਰਨ ਇੱਥੋਂ ਦੀ ਪੁਲਿਸ ਵਾਹਨ ਚਾਲਕਾਂ ਨੂੰ ਬਹੁਤ ਘੱਟ ਹੀ ਚੈੱਕ ਕਰਦੀ ਹੈ ਜਦ ਕਿ ਵਧੇਰੇ ਚੈਕਿੰਗ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਹੀ ਕੀਤੀ ਜਾਂਦੀ ਹੈ

ਮੋਟਰ-ਕਾਰ ਅਤੇ ਚਾਲਕ ਲਾਇਸੰਸਿਗ ਏਜੰਸੀ ਵੱਲੋਂ ਉਕਤ ਰਿਪੋਰਟ ਵਿੱਚ ਹੀ ਅਗਲਾ ਇੰਕਸਾਫ ਇਹ ਕੀਤਾ ਗਿਆ ਹੈ ਕਿ ਇਸ ਸਾਲ ਵਿੱਚ ਪੁਲਿਸ ਨੇ 17 ਸਾਲ ਦੀ ਉਮਰ ਦੇ 200 ਅਜਿਹੇ ਨੌਜਵਾਨ ਮੋਟਰ ਚਾਲਕਾਂ ਨੂੰ ਵੀ ਫੜਿਆ ਹੈ ਜਿਹਨਾਂ ਨੇ ਤਾਜ਼ਾ ਤਾਜ਼ਾ ਹੀ ਲਾਇਸੰਸ ਪ੍ਰਾਪਤ ਕੀਤਾ ਸੀ ਤੇ ਨਸ਼ੇ ਦੀ ਓਵਰਡੋਜ਼ ਖਾ ਪੀ ਕੇ ਡਰਾਇਵਿੰਗ ਕਰ ਰਹੇ ਸਨਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ 15 ਤੋਂ 16 ਲਾਲ ਦੇ 40 ਅਜਿਹੇ ਨੌਜਵਾਨਾਂ ਨੂੰ ਨਹੀਂ ਫੜਿਆ ਗਿਆ ਹੈ ਜੋ ਨਸ਼ੇ ਦੀ ਹਾਲਤ ਵਿੱਚ ਬਿਨਾ ਲਾਇਸੰਸ ਤੋਂ ਹੀ ਡਰਾਇਵੰਗ ਕਰ ਰਹੇ ਸਨ

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਜੋ ਮੋਟਰ ਚਾਲਕ ਨਸ਼ੇ ਦੀ ਹਾਲਤ ਵਿੱਚ ਡਰਾਇਵਿੰਗ ਕਰਦੇ ਫੜੇ ਗਏ ਹਨ ਉਹ ਕੋਕੀਨ, ਕੈਨਾਬੀ ਤੇ ਅਲਕੋਹਲ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਡਰਾਇਵਿੰਗ ਕਰਨ ਦੇ ਦੋਸ਼ੀ ਪਾਏ ਗਏ ਤੇ ਉਹਨਾਂ ਵਿੱਚੋਂ ਕਈਆਂ ਉੱਤੇ ਇਸ ਹਾਲਤ ਵਿੱਚ ਡਰਾਇਵਿੰਗ ਕਰਕੇ ਖ਼ੂਨ ਕਰਨ ਦਾ ਦੋਸ਼ ਵੀ ਲੱਗਾ ਹੋਇਆ ਹੈਪੁਲਿਸ ਵੱਲੋਂ ਫੜਕੇ ਅਦਾਲਤਾਂ ਵਿੱਚ ਪੇਸ਼ ਕੀਤੇ ਗਏ ਨਸ਼ੇੜੀ ਡਰਾਇਵਰਾਂ ਨੂੰ ਅਦਾਲਤ ਵਲੋਂ ਉਹਨਾਂ ਦੇ ਗੁਨਾਹ ਮੁਤਾਬਕ ਲਾਇਸੰਸ ਜ਼ਬਤ, ਇੱਕ ਤੋਂ ਚਾਰ ਤੱਕ ਡਰਾਇਵਿੰਗ ਕਰਨ ਦੀ ਪਾਬੰਦੀ, ਲੰਮੀ ਜਾਂ ਛੋਟੀ ਅਉਧ ਦੀ ਜੇਲ, ਲਾਇਸੰਸ ਪੈਨਾਲਿਟੀ ਪੁਆਇੰਟ ਤੇ ਰੈਫਰੈਸ਼ਰ ਕੋਰਸ ਆਦਿ ਅਟੈਂਡ ਕਰਨ ਦੀ ਸਜ਼ਾਵਾਂ ਦਿੱਤੀਆਂ ਗਈਆਂ ਹਨ

ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਫੜੇ ਗਏ ਚਾਲਕਾਂ ਵਿੱਚੋਂ ਵੀਹ ਤੋਂ ਉੱਪਰ ਉਮਰ ਵਾਲੇ ਨਸ਼ੇੜੀ ਚਾਲਕ ਵਧੇਰੇ ਖ਼ਤਰਨਾਕ ਡਰਾਇਵਿੰਗ ਕਰਦੇ ਫੜੇ ਗਏ ਜਦ ਕਿ 25 ਸਾਲ ਤੋਂ ਉੱਪਰ ਉਮਰ ਵਾਲੇ ਫੜੇ ਗਏ ਵਧੇਰੇ ਡਰਾਇਵਰ ਨਸ਼ੇ ਦੀ ਓਵਰਡੋਜ਼ ਕਰਕੇ ਵਾਹਨ ਚਲਾਉਂਦੇ ਫੜੇ ਗਏ, ਜਿਹਨਾਂ ਨੂੰ ਅਦਾਲਤ ਵੱਲੋਂ ਡਰਾਇਵਿੰਗ ਕਰਨ ਦੇ ਆਯੋਗ ਕਰਾਰ ਦਿੱਤਾ ਗਿਆ ਹੈਭਾਵ ਉਹ ਭਵਿੱਖ ਵਿੱਚ ਕਦੇ ਵੀ ਡਰਾਇਵਿੰਗ ਲਾਇਸੰਸ ਨਹੀਂ ਪ੍ਰਾਪਤ ਕਰ ਸਕਣਗੇਇਸੇ ਤਰ੍ਹਾਂ ਅਧਖੜ ਅਤੇ ਵਡੇਰੀ ਉਮਰ ਵਾਲੇ ਲੋਕਾਂ ਦਾ ਰਿਕਾਰਡ ਵੀ ਸਾਫ ਨਹੀਂਅਦਾਲਤ ਨੇ ਫੜੇ ਗਏ ਅਜਿਹੇ 78 ਮੋਟਰ ਚਾਲਕਾਂ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਜੋ ਨਸ਼ਾ ਟੈਸਟ ਵਿੱਚ ਅਨੇਕਾਂ ਵਾਰ ਫੇਲ ਹੋ ਕੇ ਜੁਰਮਾਨਾ ਅਦਾ ਕਰਦੇ ਰਹੇ ਤੇ ਵਾਰ ਵਾਰ ਰੈਫਰੈਸ਼ਰ ਕੋਰਸਾਂ ਵਿੱਚ ਜਾਂਦੇ ਰਹੇ

ਇਸ ਰਿਪੋਰਟ ਵਿੱਚ ਔਰਤਾਂ ਨਾਲ਼ੋਂ ਮਰਦ ਨਸ਼ੇੜੀ ਚਾਲਕਾਂ ਦੀ ਸੰਖਿਆ ਵਧੇਰੇ ਦੱਸੀ ਗਈ ਹੈਫੜੇ ਗਏ ਕੁਲ 19615 ਨਸ਼ੇੜੀ ਡਰਾਇਵਰਾਂ ਵਿੱਚ ਔਰਤਾਂ ਦੀ ਸੰਖਿਆ ਸਿਰਫ 1440 ਹੈ

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 2015 ਤੋਂ ਯੂ ਕੇ ਨਸ਼ਾ ਕਰਕੇ ਮੋਟਰ ਕਾਰ ਚਲਾਉਣਾ ਕਾਨੂੰਨੀ ਜੁਰਮ ਹੈ ਜਿਸ ਦੀ ਭਾਰੀ ਜੁਰਮਾਨੇ ਦੇ ਨਾਲ ਨਾਲ ਕਾਫ਼ੀ ਸਖ਼ਤ ਸਜ਼ਾ ਦਿੱਤੀ ਜਾਂਦੀ ਹੈਪਰ ਹਾਲਤ ਇਹ ਹੈ ਇੰਨਾ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਵੀ ਪਿਛਲੇ 12 ਮਹੀਨਿਆਂ ਵਿੱਚ ਪੁਲਿਸ ਵੱਲੋਂ ਸ਼ੱਕ ਦੇ ਅਧਾਰ ਉੱਤੇ ਚੈੱਕ ਕੀਤੇ ਗਏ 5857 ਮੋਟਰ ਚਾਲਕਾਂ ਵਿੱਚੋਂ 3718 ਨਸ਼ਾ ਟੈਸ਼ਟ ਵਿੱਚ ਫੇਲ ਰਹੇ

ਇਹ ਵੀ ਜ਼ਿਕਰਯੋਗ ਹੈ ਕਿ ਇਸ ਮੁਲਖ ਦੀ ਪੁਲਿਸ ਸ਼ੱਕ ਦੇ ਅਧਾਰ ਉੱਤੇ ਕਦੇ ਵੀ ਕਿਸੇ ਵੀ ਮੋਟਰ ਚਾਲਕ ਨੂੰ ਰੋਕ ਕੇ ਉਸ ਦਾ ਡਰੱਗ ਟੈਸਟ ਲੈ ਸਕਦੀ ਹੈ ਜਿਸ ਵਿੱਚ ਸਾਹ ਟੈਸ਼ਟ ਦੇ ਨਾਲ ਨਾਲ ਹੀ ਖ਼ੂਨ ਅਤੇ ਪੇਸ਼ਾਬ ਟੈਸਟ ਵੀ ਕੀਤਾ ਜਾ ਸਕਦਾ ਹੈਜੇਕਰ ਕੋਈ ਉਕਤ ਟੈਸਟਾਂ ਵਿੱਚ ਫੇਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਆਪਣੀ ਕਾਰ ਵਿੱਚ ਫ੍ਰੀ ਰਾਈਡ ਦੇ ਕੇ ਬਾਇਜ਼ਤ ਠਾਣੇ ਲੈ ਜਾਂਦੀ ਹੈ ਤੇ ਪੂਰੇ ਮਾਣ ਸਤਿਕਾਰ ਨਾਲ ਉਸ ਵਿਰੁੱਧ ਕਾਰਵਾਈ ਕਰਦੀ ਹੈ ਜਿਸ ਦੀ ਸਜ਼ਾ ਦਾ ਫੈਸਲਾ ਬਾਦ ਵਿੱਚ ਅਦਾਲਤ ਕਰਦੀ ਹੈ

ਇਸ ਤੋਂ ਇਲਾਵਾ ਸਲਾਨਾ ਮੋਟਰ ਟੈਸਟ ਅਤੇ ਬੀਮੇ ਤੋਂ ਬਿਨਾ ਕਾਰ ਸੜਕ ਉੱਤੇ ਚਲਾਉਣੀ ਤਾਂ ਦੂਰ, ਸੜਕ ਉੱਤੇ ਚੜ੍ਹਾਈ ਵੀ ਨਹੀਂ ਜਾ ਸਕਦੀ ਤੇ ਨਾ ਹੀ ਸਰਕਾਰ ਵੱਲੋਂ ਅਜਿਹੀ ਕਾਰ ਦਾ ਟੈਕਸ ਲਿਆ ਜਾਂਦਾ ਹੈਪਰ ਇੱਥੇ ਅਜਿਹੇ ਲੋਕ ਵੀ ਰਹਿੰਦੇ ਹਨ ਜੋ ਹਰ ਗ਼ੈਰ ਕਾਨੂੰਨੀ ਕੰਮ ਕਰਦੇ ਹਨ, ਕਾਨੂੰਨ ਤੋੜਦੇ ਹਨ ਤੇ ਆਖਿਰ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵਾਲੀ ਕਹਾਵਤ ਮੁਤਾਬਿਕ ਫੜੇ ਜਾਂਦੇ ਹਨਕੁਝ ਕੁ ਸਾਲ ਪਹਿਲਾਂ ਉਕਤ ਗੋਰਖ ਧੰਦਾ ਕਾਫ਼ੀ ਚੱਲਦਾ ਸੀ ਪਰ ਹੁਣ ਤਕਨੀਕ ਬਹੁਤ ਅੱਗੇ ਨਿਕਲ ਗਈ ਹੈ ਜਿਸ ਕਰਕੇ ਦੋਸ਼ੀ ਚੂਹੇ ਦੇ ਕੜਿੱਕੀ ਵਿੱਚ ਫਸਣ ਵਾਂਗ ਝੱਟ ਫਸ ਜਾਂਦਾ ਹੈ

ਅਸੀਂ ਕਹਿ ਸਕਦੇ ਹਾਂ ਕਿ ਇਸ ਮੁਲਖ ਵਿੱਚ ਯਾਤਾਯਾਤ ਦੇ ਪਰਬੰਧ ਚਾਲਕ ਬੇਸ਼ੱਕ ਬਹੁਤ ਚੰਗੇ ਹਨ ਪਰ ਸਰਕਾਰ ਦੀ ਪੂਰੀ ਸਖ਼ਤੀ ਦੇ ਬਾਵਜੂਦ ਵੀ ਮਾੜੇ ਅਨਸਰ ਮਿਲ ਹੀ ਜਾਂਦੇ ਹਨਉਂਜ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸਰਕਾਰ ਅਤੇ ਪਰਸ਼ਾਸ਼ਨ ਚੁਸਤ ਦਰੁਸਤ ਅਤੇ ਇਮਾਨਦਾਰ ਹੋਣ ਦੇ ਕਾਰਨ ਹਰ ਸਮੱਸਿਆ ਉੱਤੇ ਬਹੁਤ ਹੀ ਸੋਝੀ ਨਾਲ ਛੇਤੀ ਹੀ ਕਾਬੂ ਪਾ ਲੈਂਦਾ ਹੈ ਤੇ ਲੋਕਾਂ ਦੀ ਹਰ ਸਹੂਲਤ ਨਿਰਵਿਘਨ ਬਹਾਲ ਰੱਖਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1804)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author