ShingaraSDhillon7ਅਜਿਹੇ ਫ਼ੋਨਾਂ ਦੀ ਰੇਡੀਏਸ਼ਨ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ...
(18 ਮਈ 2021)

 

ਇਸ ਵਿੱਚ ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਰਹੀ ਕਿ ਸੋਸ਼ਲ ਮੀਡੀਆ 21ਵੀਂ ਸਦੀ ਦੇ ਸੰਚਾਰ ਸਾਧਨਾਂ ਵਿੱਚੋਂ ਇਸ ਸਮੇਂ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈਇਹ ਉਹ ਮਾਧਿਅਮ ਹੈ ਜੋ ਸੰਚਾਰ ਦੇ ਬਾਕੀ ਸਭ ਮਾਧਿਅਮਾਂ ਨੂੰ ਬੁਰੀ ਤਰ੍ਹਾਂ ਪਛਾੜ ਕੇ ਬਹੁਤ ਅੱਗੇ ਨਿਕਲ ਗਿਆ ਹੈ ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਜੇਕਰ ਇਸ ਬਿਜਲਈ ਲਹਿਰਾਂ ਤੇ ਹਵਾਈ ਤਰੰਗਾਂ ਵਿੱਚ ਤੈਰਨ ਵਾਲੇ ਤੇਜ਼ ਤਰਾਰ ਮੀਡੀਏ ਦੀ ਵਰਤੋਂ ਸੰਜਮ ਅਤੇ ਸਮਝਦਾਰੀ ਨਾਲ ਨਾ ਕੀਤੀ ਗਈ ਤਾਂ ਇਹ ਇੱਕ ਬਹੁਤ ਹੀ ਤਬਾਹਕੁਨ ਹਥਿਆਰ ਵੀ ਹੈਹੋਈਆਂ ਖੋਜਾਂ ਤੋਂ ਜੋ ਤੱਥ ਸਾਹਮਣੇ ਆਏ ਹਨ, ਉਹ ਬਹੁਤ ਹੀ ਹੈਰਾਨੀਜਨਕ ਹਨਸੋਸ਼ਲ ਮੀਡੀਏ ਦੀ ਵਰਤੋਂ ਆਮ ਤੌਰ ’ਤੇ ਸਮਾਰਟ ਫੋਨਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ ਤੇ ਅਜਿਹੇ ਫ਼ੋਨਾਂ ਦੀ ਰੇਡੀਏਸ਼ਨ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ਪਾ ਰਹੀ ਹੈ

ਜੋ ਲੋਕ ਫੇਸਬੁੱਕ, ਵਟਸਐਪ, ਸਨੈਪਚੈਟ, ਟਵਿਟਰ, ਯੂਟਿਊਬ, ਟਿੱਕਟੌਕ ਜਾਂ ਇੰਸਟਾਗਰਾਮ ਆਦਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਆਦੀ ਹੋ ਜਾਂਦੇ ਹਨ, ਉਹਨਾਂ ਨੂੰ ਅਕਸਰ ਇਹ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ ਇਸ ਲਤ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਬਣ ਜਾਂਦੇ ਹਨਉਹ ਬਹੁਤਾ ਸਮਾਂ ਸੋਸ਼ਲ ਮੀਡੀਆ ਹੀ ਬਰਾਊਜ਼ ਕਰਦੇ ਰਹਿੰਦੇ ਹਨ ਆਪਣੀ ਲਤ ਮੁਤਾਬਿਕ ਉਹ ਖਾਂਦੇ-ਪੀਂਦੇ, ਉੱਠਦੇ-ਬੈਠਦੇ, ਤੁਰਦੇ-ਫਿਰਦੇ ਅਤੇ ਸੌਂਦੇ-ਜਾਗਦੇ ਵਾਰ ਵਾਰ ਸੋਸ਼ਲ ਸਾਈਟਾਂ ਉੱਤੇ ਇਹ ਜਾਨਣ ਲਈ ਝਾਕਦੇ ਰਹਿੰਦੇ ਹਨ ਕਿ ਉਹਨਾਂ ਦੁਆਰਾ ਪਾਈ ਗਈ ਪੋਸਟ ਨੂੰ ਕਿੰਨੇ ਕੁ ਲਾਇਕ ਜਾਂ ਕੁਮੈਂਟ ਮਿਲੇ ਹਨਅਸਲ ਵਿੱਚ ਅਜਿਹੇ ਲੋਕਾਂ ਦੀ ਹਾਲਤ ਕੁਕੜੀਆਂ ਦੇ ਖੁੱਡੇ ਦੀ ਵਾਰ ਵਾਰ ਖਿੜਕੀ ਖੋਲ੍ਹ ਕੇ ਆਂਡੇ ਭਾਲਣ ਵਾਲੇ ਵਿਅਕਤੀ ਵਰਗੀ ਹੋ ਜਾਂਦੀ ਹੈਉਨ੍ਹਾਂ ਦੀ ਮਾਨਸਿਕ ਹਾਲਤ ਇੰਨੀ ਪਰਭਾਵਤ ਹੋ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ Obsessive Compulsive Disorder ਨਾਮ ਦੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ

ਓਸੀਡੀ (OCD) ਉਹ ਬੀਮਾਰੀ ਹੈ ਜਿਸ ਕਾਰਨ ਕੋਈ ਵਿਅਕਤੀ ਜਿੱਥੇ ਇੱਕ ਹੀ ਆਦਤ ਵਾਰ ਵਾਰ ਦੁਹਰਾਉਣ ਦਾ ਆਦੀ ਹੋ ਜਾਂਦਾ ਹੈ, ਉੱਥੇ ਨਾਲ ਦੀ ਨਾਲ ਉਹ ਕੋਈ ਦੂਸਰਾ ਕੰਮ ਕਰਨ ਵੱਲ ਨਾ ਹੀ ਧਿਆਨ ਦੇ ਪਾਉਂਦਾ ਹੈ ਤੇ ਨਾ ਹੀ ਆਪਣੀ ਬਿਰਤੀ ਇਕਾਗਰ ਕਰਕੇ ਕੋਈ ਕੰਮ ਕਰ ਸਕਣ ਦੇ ਸਮਰੱਥ ਰਹਿੰਦਾ ਹੈਇਸ ਬਿਮਾਰੀ ਨਾਲ ਗ੍ਰਸਤ ਵਿਅਕਤੀ ਦਾ ਕਿਸੇ ਵੀ ਹੋਰ ਕੰਮ ਵਿੱਚ ਮਨ ਨਹੀਂ ਲਗਦਾ, ਜਿਸ ਕਾਰਨ ਸਮਾਂ ਤੇ ਸਿਹਤ ਦੋਵੇਂ ਬਰਬਾਦ ਹੋਣ ਲੱਗਦੇ ਹਨ। ਸੋਸ਼ਲ ਮੀਡੀਏ ਦੀ ਪੈ ਚੁੱਕੀ ਲਤ ਕਾਰਨ ਮਾਨਸਿਕ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਪਤਾ ਤਕ ਨਹੀਂ ਲਗਦਾ ਕਿ ਉਹ ਮਾਨਸਿਕ ਤੌਰ ’ਤੇ ਕਦੋਂ ਬਿਮਾਰ ਹੋ ਗਿਆ

ਜਿਸ ਨੂੰ ਸੋਸ਼ਲ ਮੀਡੀਏ ਦਾ ਭੁਸ ਪੈ ਜਾਂਦਾ ਹੈ, ਉਹ ਫਿਰ ਆਪਣੀਆਂ ਪਾਈਆਂ ਗਈਆਂ ਪੋਸਟਾਂ ਸਬੰਧੀ ਆਏ ਚੰਗੇ ਬੁਰੇ ਪਰਤੀਕਰਮ ਵਜੋਂ ਬੁਰੀ ਤਰ੍ਹਾਂ ਪਰਭਾਵਤ ਹੋ ਕੇ ਗੁੱਸਾ, ਈਰਖਾ, ਖਿਝ, ਚਿੜਚਿੜਾਪਨ ਅਤੇ ਖੁਸ਼ੀ ਆਦਿ ਮਨੋਭਾਵਨਾਵਾਂ ਦੀ ਵਾਧ ਘਾਟ ਕਾਰਨ ਮਾਨਸਿਕ ਤਵਾਜ਼ਨ ਗੁਆ ਬੈਠਦਾ ਹੈ, ਜਿਸਦੇ ਫਲਸਰੂਪ ਕਦੀ ਖੁਸ਼ੀ ਵਿੱਚ ਪਾਗਲ ਹੋਣ ਦੀ ਹੱਦ ਤਕ ਜਾਂਦਾ ਹੈ ਤੇ ਕਦੇ ਉਦਾਸੀ ਤੇ ਗੁੱਸੇ ਦੇ ਆਲਮ ਵਿੱਚ ਡੁੱਬ ਕੇ ਰਹਿ ਜਾਂਦਾ ਹੈ ਦੂਜੇ ਸ਼ਬਦਾਂ ਵਿੱਚ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਇਸ ਸਮੇਂ Depression, Anxiety, Phobias, Anger, Insomnia, OCD ਆਦਿ ਸਮੇਤ ਹੋਰ ਬਹੁਤ ਸਾਰੀਆਂ ਮਾਨਸਿਕ ਬੀਮਾਰੀਆਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ

ਹੁਣ ਤਕ ਦੀ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਰਾਤ ਸਮੇਂ ਬਿਸਤਰ ਉੱਤੇ ਪਏ ਸੋਸ਼ਲ ਮੀਡੀਏ ਦਾ ਇਸਤੇਮਾਲ ਕਰਦੇ ਹਨ, ਉਹ ਕਦੇ ਵੀ ਗੂੜ੍ਹੀ ਨੀਂਦ ਨਹੀਂ ਲੈਂਦੇ, ਜਿਸ ਕਾਰਨ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵੀ ਨਿਰੰਤਰ ਘਟਦੀ ਜਾਂਦੀ ਹੈ ਤੇ ਦਿਮਾਗੀ ਸਮਰੱਥਾ ਵੀ ਬੁਰੀ ਤਰ੍ਹਾਂ ਪਰਭਾਵਤ ਹੁੰਦੀ ਹੈਇਸ ਤੋਂ ਵੀ ਹੋਰ ਅੱਗੇ ਜੋ ਲੋਕ ਰਾਤ ਸਮੇਂ ਸੋਸ਼ਲ ਮੀਡੀਏ ਵਾਸਤੇ ਸਮਾਰਟ ਫੋਨ ਦਾ ਇਸਤੇਮਾਲ ਹਨੇਰੇ ਵਿੱਚ ਕਰਦੇ ਹਨ, ਉਹਨਾਂ ਦੀਆਂ ਅੱਖਾਂ ਸਮਾਰਟਫੋਨ ਦੀ ਐੱਲ ਸੀ ਡੀ ਸਕਰੀਨ ਦੀ ਤੇਜ਼ ਰੌਸ਼ਨੀ ਵਿੱਚੋਂ ਨਿਕਲਦੀਆਂ ਅਲਟਰਾ ਵਾਇਲਟ ਕਿਰਨਾਂ ਨਾਲ ਬੁਰੀ ਤਰ੍ਹਾਂ ਪਰਭਾਵਤ ਹੁੰਦੀਆਂ ਹਨ, ਜਿਸਦੇ ਕਾਰਨ ਦੂਰ ਜਾਂ ਨੇੜੇ ਵਾਲੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਤੇ ਕਈ ਹਾਲਤਾਂ ਵਿੱਚ ਅਜਿਹਾ ਵਿਅਕਤੀ ਅੰਨ੍ਹੇਪਨ ਦਾ ਸ਼ਿਕਾਰ ਵੀ ਹੋ ਸਕਦਾ ਹੈ ਖੋਜੀ ਇਹ ਵੀ ਅਹਿਮ ਇੰਕਸ਼ਾਫ ਕਰ ਰਹੇ ਹਨ ਕਿ ਸੋਸ਼ਲ ਮੀਡੀਏ ਦੀ ਵਧੇਰੇ ਵਰਤੋਂ ਮਨੁੱਖ ਦੀ ਬੁੱਧੀ ਤੇਜ਼ ਕਰਨ ਦੀ ਬਜਾਏ ਉਸ ਉੱਤੇ ਉਲਟਾ ਪ੍ਰਭਾਵ ਪਾਉਂਦੀ ਹੋਈ ਬੁਢੇਪੇ ਤੋਂ ਪਹਿਲਾਂ ਹੀ Dementia ਤੇ Dyslexia ਪੈਦਾ ਕਰਨ ਦਾ ਕਾਰਨ ਬਣਦੀ ਹੈ

ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਦਿਨ ਵਿੱਚ ਕਿਸੇ ਸੋਸ਼ਲ ਮੀਡੀਆ ਸਾਈਟ ਨੂੰ 20 ਤੋਂ 40 ਵਾਰ ਖੋਲ੍ਹਦੇ ਹਨ, ਉਹ ਕਿਸੇ ਨ ਕਿਸੇ ਵੱਡੇ ਮਾਨਸਿਕ ਰੋਗ ਨਾਲ ਪੀੜਤ ਹੋ ਚੁੱਕੇ ਹੁੰਦੇ ਹਨ, ਜਿਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਕਿਸੇ ਚੰਗੇ ਮਨੋਂਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ

ਸੋ ਦੋਸਤੋ! ਸੋਸ਼ਲ ਮੀਡੀਏ ’ਤੇ ਬਣੇ ਬੇਸ਼ਕ ਰਹੋ ਪਰ ਆਪਣੀ ਸਿਹਤ ਨਾਲ ਕਦੇ ਵੀ ਸਮਝੌਤਾ ਨਾ ਕਰੋਸਮਾਰਟ ਫੋਨ ਰਾਤ ਸਮੇਂ ਬਿਲਕੁਲ ਵੀ ਨਾ ਵਰਤੋਇਸ ਨੂੰ ਆਪਣੇ ਬਿਸਤਰ ਤੋਂ ਦੂਰ ਰੱਖੋਸੋਸ਼ਲ ਸਾਇਟਾਂ ਉੱਤੇ ਜਾਣ ਵਾਸਤੇ ਸਮਾਂ ਤੈਅ ਕਰੋ, ਵਾਰ ਵਾਰ ਜਾਣ ਦੀ ਲਤ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਨਾ ਬਣੋਤਕਨੀਕ ਦਾ ਸਹੀ ਇਸਤੇਮਾਲ ਕਰਨ ਦੀ ਆਦਤ ਪਾਓਗੇ ਤਾਂ ਵਧੀਆ ਸਿੱਟੇ ਨਿਕਲਣਗੇਸੋਸ਼ਲ ਮੀਡੀਏ ਦੀ ਵਰਤੋਂ ਸੂਝ ਤੇ ਸੰਜਮ ਨਾਲ ਕੀਤੀ ਜਾਵੇਗੀ ਤਾਂ ਇਸਦੇ ਨਤੀਜੇ ਚਮਤਕਾਰੀ ਹੋਣਗੇਜੇਕਰ ਇਸਦੀ ਮਾੜੀ ਲਤ ਦਾ ਸ਼ਿਕਾਰ ਹੋ ਕੇ ਇਸਦੇ ਗੁਲਾਮ ਹੋ ਜਾਓਗੇ ਤਾਂ ਸਿੱਟੇ ਬੜੇ ਭਿਆਨਕ ਹੋਣਗੇਇਹ ਸਭ ਹੁਣ ਸਾਡੇ ਆਪਣੇ ਹੱਥ ਹੈ ਕਿ ਅਸੀਂ ਇਸ ਮੀਡੀਏ ਦੀ ਵਰਤੋਂ ਆਪਣੀ ਸਿਹਤ ਦਾ ਖਿਆਲ ਰੱਖਦਿਆ ਸਮਾਜ ਨੂੰ ਨਿੱਗਰ ਲੀਹਾਂ ’ਤੇ ਪਾਉਣ ਵਾਸਤੇ ਕਰਨੀ ਹੈ ਜਾਂ ਫੇਰ ਇਸ ਤੋਂ ਉਲਟ ਦਿਸ਼ਾ ਵੱਲ ਵਧ ਕੇ ਆਪਣੀ ਸਿਹਤ ਅਤੇ ਆਪਣੇ ਸਮਾਜ ਦਾ ਨੁਕਸਾਨ ਕਰਨਾ ਹੈ? ਇਹ ਉਹ ਸਵਾਲ ਹੈ, ਜੋ ਇੱਕੀਵੀਂ ਸਦੀ ਵਿੱਚੋਂ ਵਿਚਰ ਰਹੀ ਪੂਰੀ ਮਨੁੱਖਤਾ ਵਾਸਤੇ ਹੀ ਬਹੁਤ ਅਹਿਮ ਬਣ ਗਿਆ ਹੈਇਸ ਸਵਾਲ ਉੱਤੇ ਜਿੰਨੀ ਜਲਦੀ ਵਿਚਾਰ ਕਰਕੇ ਸਹੀ ਦਿਸ਼ਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾਵੇ ਉੰਨਾ ਹੀ ਚੰਗਾ ਹੈਆਸ ਕਰਦਾ ਹਾਂ ਕਿ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਮਾਨਣ ਦੇ ਨਾਲ ਨਾਲ ਹਰ ਮਨੁੱਖ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਵੀ ਜਾਗਰੂਕ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2789)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author