SRLadhar6ਵਿਦੇਸ਼ਾਂ ਵਿੱਚ ਨਜਾਇਜ਼ ਗਏ ਨੌਜਵਾਨ ਮੁੰਡੇ ਕੁੜੀਆਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ ...
(25 ਫਰਬਰੀ 2018)

 

ਇੱਕ ਅਨੁਮਾਨ ਅਨੁਸਾਰ ਪੰਜਾਬ ਦੇ ਪੰਝੀ ਲੱਖ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਹਨ। ਲਗਭਗ ਇੱਕ ਸਦੀ ਤੋਂ ਉੱਪਰ ਸਮਾਂ ਹੋ ਗਿਆ ਹੈ ਜਦੋਂ ਤੋਂ ਪੰਜਾਬੀਆਂ ਦਾ ਰੁਝਾਨ ਵਿਦੇਸ਼ਾਂ ਵਿੱਚ ਜਾ ਕੇ ਵਸਣ ਦਾ ਹੋਇਆ ਹਿੰਦੂ ਧਰਮ ਦੀਆਂ ਮਾਣਤਾਵਾਂ ਨੇ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ, ਪੜ੍ਹਨ ਅਤੇ ਸਿੱਖਣ ’ਤੇ ਪਬੰਦੀ ਲਾਈ ਰੱਖੀ। ਇਸ ਦਾ ਮੂਲ ਕਾਰਣ ਸੀ ਕਿ ਲੋਕ ਹਿੰਦੂ ਧਰਮ ਨੂੰ ਨਾ ਵੰਗਾਰਨ। ਇਸੇ ਕਾਰਨ ਜਦੋਂ ਮਹਾਤਮਾ ਗੌਤਮ ਬੁੱਧ ਅਤੇ ਬਾਬਾ ਨਾਨਕ ਨੇ ਧਰਮ ਨੂੰ ਤਰਕ ਅਤੇ ਵਿਗਿਆਨਕ ਤਰੀਕੇ ਨਾਲ ਲੋਕਾਂ ਨੂੰ ਅਡੰਬਰ ਛੱਡਣ ਲਈ ਪ੍ਰੇਰਿਆ ਤਾਂ ਰੂੜੀਵਾਦੀ ਲੋਕਾਂ ਵੱਲੋਂ ਉਹਨਾਂ ਦਾ ਸਖਤ ਵਿਰੋਧ ਕੀਤਾ ਗਿਆ। ਉਹਨਾਂ ਨੂੰ ਆਪਣੇ ਸਮੇਂ ਜ਼ਬਰਦਸਤ ਸਮਾਜਿਕ ਅਤੇ ਧਾਰਮਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉੰਨੀਵੀਂ ਅਤੇ ਵੀਹਵੀਂ ਸਦੀ ਵਿੱਚ ਭਾਰਤ ਦੇ ਸੰਪਰਕ ਵਿੱਚ ਆਏ ਅੰਗਰੇਜ਼ਾਂ ਦੇ ਆਉਣ ਨਾਲ ਕਈ ਵਿਗਿਆਨਕ ਖੋਜਾਂ ਦਾ ਲਾਭ ਭਾਰਤੀਆਂ ਨੂੰ ਵੀ ਮਿਲਿਆ। ਰਾਜਿਆਂ-ਮਹਾਰਾਜਿਆਂ ਦੇ ਪੁੱਤਰ ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਪੜ੍ਹਨ ਲਈ ਗਏ।

ਵਿਦੇਸ਼ਾਂ ਵਿੱਚ ਰੋਜ਼ਗਾਰ ਖਾਤਰ ਜਾਣ ਦਾ ਪੰਜਾਬੀਆਂ ਵਿੱਚ ਰੁਝਾਨ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਪੈਦਾ ਹੋਇਆ। ਕਾਮਾਗਾਟਾ ਮਾਰੂ ਦਾ ਇਤਹਾਸਿਕ ਕਿੱਸਾ 1913 ਵਿੱਚ ਵਾਪਰਿਆ ਜਦੋਂ ਕੈਨੇਡਾ ਦੀ ਸਰਕਾਰ ਨੇ ਏਸ਼ਿਆਈ ਲੋਕਾਂ ਨਾਲ ਵਿਤਕਰੇ ਦਾ ਭਾਵ ਜ਼ਾਹਿਰ ਕਰਦੇ ਹੋਏ ਪੰਜਾਬੀਆਂ ਨੂੰ, ਜੋ ਮਲੇਸ਼ੀਆ ਤੋਂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਕੰਮ ਕਰਨ ਦੀ ਨੀਯਤ ਨਾਲ ਕੈਨੇਡਾ ਗਏ ਸਨ, ਜਹਾਜ਼ ਤੋਂ ਉੱਤਰਨ ਨਾ ਦਿੱਤਾ। ਕਲਕੱਤਾ ਵਾਪਿਸ ਆਉਣ ’ਤੇ ਵੀ ਅੰਗਰੇਜ਼ ਸਰਕਾਰ ਨੇ ਉਹਨਾਂ ਨਾਲ ਅਮਾਨਵੀ ਵਿਵਹਾਰ ਕੀਤਾ ਅਤੇ ਕਈਆਂ ਦੀਆਂ ਜਾਨਾਂ ਚਲੀਆਂ ਗਈਆਂ। ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਹਜ਼ਾਰਾਂ ਪੰਜਾਬੀ ਫੌਜੀਆਂ ਨੂੰ ਦੁਨੀਆਂ ਦੇਖਣ ਦਾ ਮੌਕਾ ਮਿਲਿਆ। ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਦੀ ਉਪਜਾਊ ਜ਼ਮੀਨ ਨੇ ਪੰਜਾਬੀਆਂ ਦੇ ਮਨਾਂ ਵਿੱਚ ਉੱਥੇ ਜਾ ਕੇ ਇਸ ਜ਼ਮੀਨ ’ਤੇ ਖੇਤੀਬਾੜੀ ਕਰਨ ਦੀ ਚਾਹ ਪੈਦਾ ਕਰ ਦਿੱਤੀ।

ਪਹਿਲਾਂ-ਪਹਿਲ ਲੋਕ ਮਜ਼ਦੂਰੀ ਕਰਨ ਹੀ ਵਿਦੇਸ਼ ਜਾਂਦੇ ਸਨ। ਭਾਰਤ ਵਿੱਚ ਅਨਪੜ੍ਹਤਾ ਸਿਖਰਾਂ ਤੇ ਸੀ। ਹਿੰਦੂ ਧਰਮ ਦੀ ਸ਼ੂਦਰਾਂ ਨੂੰ ਵਿੱਦਿਆ ਤੋਂ ਦੂਰ ਰੱਖਣ ਦੀ ਨੀਤੀ ਨੇ ਸਦੀਆਂ ਤੋਂ ਨੱਬੇ ਪ੍ਰਤੀਸ਼ਤ ਲੋਕਾਂ ਨੂੰ ਅਨਪੜ੍ਹ ਰਹਿਣ ਲਈ ਮਜਬੂਰ ਕਰੀ ਰੱਖਿਆ। ਵਿਦੇਸ਼ਾਂ ਵਿੱਚ ਜਾ ਕੇ ਸਿਵਾਏ ਮਜ਼ਦੂਰੀ ਕਰਨ ਤੋਂ ਹੋਰ ਕਈ ਚਾਰਾ ਨਹੀਂ ਸੀ। ਦੇਸ਼ ਅਜ਼ਾਦ ਹੋਣ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਵਸੇ। ਦੁਆਬੇ ਦੇ ਪਿੰਡਾਂ ਵਿੱਚੋਂ ਘਰਾਂ ਦੇ ਘਰ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਗਏ। ਅਰਬ ਦੇਸ਼ਾਂ ਤੋਂ ਆਈ ਕਮਾਈ ਨੇ ਲੋਕਾਂ ਦੇ ਜੀਵਨ ਪੱਧਰ ਵਿੱਚ ਤਕੜਾ ਉਛਾਲ ਲਿਆਂਦਾ। ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਅਤੇ ਮੋਗਾ, ਉਹਨਾਂ ਜ਼ਿਲ੍ਹਿਆਂ ਵਿੱਚੋਂ ਹਨ ਜਿੱਥੋਂ ਸਭ ਤੋਂ ਵੱਧ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਗਏ ਹੋਏ ਹਨ। ਹੁਣ ਹਾਲਾਤ ਇਹ ਹਨ ਕੇ ਪੰਜਾਬ ਦੇ ਹਰ ਵੱਡੇ ਛੋਟੇ ਸ਼ਹਿਰ ਵਿੱਚ ਆਈਲਟਸ (IELTS) ਦੇ ਸੈਂਟਰ ਖੁੱਲ੍ਹੇ ਹੋਏ ਹਨ। ਨੌਜਵਾਨ ਮੁੰਡੇ-ਕੁੜੀਆਂ ਇਹਨਾਂ ਸੈਂਟਰਾਂ ਵਿੱਚ ਸਿਖਲਾਈ ਲੈਣ ਉਪਰੰਤ ਕਿਸੇ ਨਾ ਕਿਸੇ ਵਿਦੇਸ਼ੀ ਯੂਨੀਵਰਸਿਟੀ ਜਾਂ ਕਾਲਿਜ ਵਿੱਚ ਦਾਖਲਾ ਲੈਣ ਲਈ ਹੱਥ ਪੈਰ ਮਾਰਦੇ ਹਨ। ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਾਰਣ ਅਤੇ ਬਾਹਰਲੇ ਮੁਲਕਾਂ ਤੋਂ ਆਏ ਐੱਨ ਆਰ ਆਈ ਪੰਜਾਬੀਆਂ ਦੀ ਤੜਕ-ਭੜਕ ਕਾਰਨ ਹਰ ਪੰਜਾਬੀ ਨੌਜਵਾਨ ਬਾਹਰਲੇ ਮੁਲਕ ਜਾਣਾ ਲੋਚਦਾ ਹੈ। ਪੰਜਾਬੀ ਕੁੜੀਆਂ ਅਤੇ ਉਹਨਾਂ ਦੇ ਮਾਪੇ ਵਿਦੇਸ਼ੀ ਲਾੜਾ ਲੱਭਣ ਵਿੱਚ ਦਿਨ-ਰਾਤ ਇੱਕ ਕਰ ਦਿੰਦੇ ਹਨ। ਕਈ ਵਾਰ ਇੰਨੀ ਜਲਦੀ ਕਰਦੇ ਹਨ ਕਿ ਉਹ ਇਹ ਵੀ ਚੈੱਕ ਨਹੀਂ ਕਰਦੇ ਕਿ ਮੁੰਡਾ, ਜਿਸ ਨਾਲ ਉਨ੍ਹਾਂ ਆਪਣੀ ਧੀ ਵਿਆਹੁਣੀ ਹੈ, ਉਹ ਸਹੀ ਵੀ ਹੈ ਜਾਂ ਨਹੀਂ। ਇੱਕ ਅਨੁਮਾਨ ਅਨੁਸਾਰ ਲਗਭਗ 20,000 ਕੁੜੀਆਂ ਵਿਆਹ ਤੋਂ ਬਾਅਦ ਪੰਜਾਬ ਵਿੱਚ ਹੀ ਬੈਠੀਆਂ ਇੰਤਜ਼ਾਰ ਕਰ ਰਹੀਆਂ ਹਨ ਕਿ ਕਦੋਂ ਉਹਨਾਂ ਦਾ ਲਾੜਾ ਉਹਨਾਂ ਨੂੰ ਵਿਦੇਸ਼ ਲੈ ਕੇ ਜਾਵੇਗਾ।

ਇਸ ਦੇ ਨਾਲ-ਨਾਲ ਵਿਦੇਸ਼ ਜਾਣ ਲਈ ਲੋਕ ਜਾਇਜ਼ ਨਜਾਇਜ਼ ਹਰ ਢੰਗ ਅਪਨਾਉਣ ਲਈ ਤਿਆਰ ਰਹਿੰਦੇ ਹਨ। 1996 ਵਿੱਚ ਵਾਪਰੇ ‘ਮਾਲਟਾ’ ਹਾਦਸੇ ਦੀ ਯਾਦ ਬੀਹ-ਬਾਈ ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਧੁੰਦਲੀ ਨਹੀਂ ਪਈ। ਮੈਂ ਉਸ ਵੇਲੇ ਸੰਯੁਕਤ ਸਕੱਤਰ ਗ੍ਰਹਿ ਵਿਭਾਗ ਸੀ ਪੰਜਾਬ ਦੇ ਕਿੰਨੇ ਹੀ ਪਰਿਵਾਰਾਂ ਤੋਂ ਸੂਚਨਾ ਲੱਭ-ਲੱਭ ਕੇ ਇਕੱਠੀ ਕਰਨੀ ਪਈ। ਕਾਰਣ? ਨਾ ਤਾਂ ਮਾਪੇ ਦੱਸਦੇ ਹਨ ਸਰਕਾਰ ਨੂੰ ਕਿ ਉਹਨਾਂ ਦਾ ਪੁੱਤਰ ਵਿਦੇਸ਼ ਜਾ ਰਿਹਾ ਹੈ, ਅਤੇ ਨਾ ਹੀ ਏਜੰਟ ਦੱਸਦਾ ਹੈ। ਜਦੋਂ ਹਾਦਸਾ ਵਾਪਰ ਜਾਂਦਾ ਹੈ ਤਾਂ ਅਖਬਾਰਾਂ ਅਤੇ ਟੀਵੀ ਰਾਹੀਂ ਪਤਾ ਲਗਦਾ ਹੈ।

ਹੁਣੇ ਕੁਝ ਦਿਨ ਪਹਿਲਾਂ ਮੇਰੇ ਬੇਟੇ ਨੇ ਦੱਸਿਆ ਕਿ ਫਿਰੋਜ਼ਪੁਰ ਉਸ ਦੇ ਕਿਸੇ ਪੁਰਾਣੇ ਮਿੱਤਰ ਦੇ ਪਰਿਵਾਰ ਨੂੰ ਇੱਕ ਏੇਜੰਟ ਨੇ ਦੋ ਕਰੋੜ ਦਾ ਚੂਨਾ ਲਾ ਦਿੱਤਾ ਹੈ ਪੰਝੀ-ਪੰਝੀ ਲੱਖ ਵਿੱਚ ਅਮਰੀਕਾ ਭੇਜਣ ਲਈ ਅੱਠ ਬੰਦਿਆਂ ਤੋਂ ਅਡਵਾਂਸ ਫੜ ਲਿਆ ਬਕਾਇਦਾ ਐਗਰੀਮੈਂਟ ਵੀ ਕਰ ਲਿਆ। ਉੁਹਨਾਂ ਨੂੰ ਦੱਖਣੀ ਅਮਰੀਕਾ ਦਾ ਯਾਤਰੀ ਵੀਜ਼ਾ ਲਵਾ ਕੇ ਛੱਡ ਆਇਆ। ਤਿੰਨ ਕੁ ਮਹੀਨੇ ਬਾਅਦ ਉਹ ਵਾਪਸ ਆ ਗਏ। ਕਹਿੰਦੇ ਅਸੀਂ ਅਮਰੀਕਾ ਤਾਂ ਗਏ ਹੀ ਨਹੀਂ। ਏਜੰਟ ਕਹਿੰਦਾ ਮੈਂ ਤਾਂ ਅਮਰੀਕਾ ਕਿਹਾ ਸੀ, ਯੂ ਐੱਸ ਏ (ਅਮਰੀਕਾ) ਤਾਂ ਨਹੀਂ ਸੀ ਕਿਹਾ। ਉਹਨਾਂ ਕੇਸ ਅਦਾਲਤ ਵਿੱਚ ਕਰ ਦਿੱਤਾ। ਏਜੰਟ ਬੜੀ ਚਲਾਕੀ ਨਾਲ ਐਗਰੀਮੈਂਟ ਕਾਰਨ ਸਾਫ਼ ਬਚ ਗਿਆ। ਉੱਤਰੀ ਅਮਰੀਕਾ ਦੇ ਕਈ ਦੇਸ਼ਾਂ ਨੂੰ ਵੀ ਅਮਰੀਕਾ ਕਿਹਾ ਜਾ ਸਕਦਾ ਹੈ।

ਇਰਾਕ ਅਤੇ ਹੋਰ ਅਰਬ ਦੇਸ਼ਾਂ ਵਿੱਚ ਕਈ ਬੀਬੀਆਂ ਦੀਆਂ ਜਦੋਂ ਉੱਥੇ ਅੱਤਿਆਚਾਰ ਕਾਰਨ ਜਾਂ ਤਨਖ਼ਾਹ ਨਾ ਮਿਲਣ ਕਾਰਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਤਾਂ ਵਿਦੇਸ਼ ਮੰਤਰੀ ਤੱਕ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਉਹ ਮਦਦ ਕਰਨ। ਸਾਡੇ ਦੇਸ਼ ਦੇ ਪ੍ਰਸ਼ਾਸਨ ਦਾ ਇਖਲਾਕੀ ਫ਼ਰਜ਼ ਹੈ ਕਿ ਉਹ ਕਿਸੇ ਵੀ ਵਿਦੇਸ਼ ਵਿੱਚ ਰਹਿੰਦੇ ਦੇਸ਼-ਵਾਸੀ ਦੀ ਮਦਦ ਕਰੇਕਿੰਤੂ ਪੰਜਾਬ ਦੀ ਆਮ ਜਨਤਾ, ਏਜੰਟ, ਪ੍ਰਸ਼ਾਸਨ ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਵਿਦੇਸ਼ਾਂ ਵਿੱਚ ਲੋਕ ਸਿਰਫ਼ ਕਾਨੂੰਨੀ ਤੌਰ ਤਰੀਕੇ ਅਪਣਾ ਕੇ ਹੀ ਜਾਣਪੰਜਾਬ ਅਤੇ ਚੰਡੀਗੜ੍ਹ ਵਿੱਚ ਅਜਿਹੀਆਂ ਪੰਦਰਾਂ ਸੰਸਥਾਵਾਂ ਹਨ ਜੋ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਵਲੋਂ ਪ੍ਰਵਾਨਤ ਹਨ, ਉਹਨਾਂ ਰਾਹੀਂ ਹੀ ਵਿਦੇਸ਼ ਜਾਣਾ ਚਾਹੀਦਾ ਹੈ।

ਵਿਦੇਸ਼ਾਂ ਵਿੱਚ ਨਜਾਇਜ਼ ਗਏ ਨੌਜਵਾਨ ਮੁੰਡੇ ਕੁੜੀਆਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ। ਭਾਰਤ ਵਿੱਚ ਏਜੰਟ ਲੁੱਟਦੇ ਹਨ, ਮੌਤ ਦੇ ਸਾਏ ਹੇਠਾਂ ਨੌਜਵਾਨ ਵਿਦੇਸ਼ ਪਹੁੰਚਦੇ ਹਨ, ਲੁਕ ਛੁਪ ਕੇ ਕੰਮ ਕਰਦੇ ਹਨ, ਤਨਖਾਹ ਪੂਰੀ ਨਹੀਂ ਮਿਲਦੀ। ਨਾ ਖਾ ਸਕਦੇ ਹਨ, ਨਾ ਪਹਿਨ ਸਕਦੇ ਹਨ ਅਤੇ ਨਾ ਹੀ ਅਜ਼ਾਦੀ ਨਾਲ ਘੁੰਮ ਸਕਦੇ ਹਨ। ਦੁੱਧਾਂ-ਮੱਖਣਾਂ ਨਾਲ ਪਾਲੇ ਧੀ-ਪੁੱਤਰ ਜਦੋਂ ਵਿਦੇਸ਼ਾਂ ਵਿੱਚ ਰੁਲਦੇ ਹਨ ਤਾਂ ਮਨ ਬਹੁਤ ਦੁਖੀ ਹੁੰਦਾ ਹੈ।

ਇੰਗਲੈੱਡ ਦੇ ਹਾਈ ਕਮਿਸ਼ਨ ਦੀ ਰਿਪੋਰਟ ਮੁਤਾਬਕ ਘੱਟੋ-ਘੱਟ ਇੱਕ ਲੱਖ ਪੰਜਾਬੀ ਇੰਗਲੈਂਡ ਵਿੱਚ ਨਜਾਇਜ਼ ਰਹਿ ਰਹੇ ਹਨ ਕਈਆਂ ਕੋਲ ਤਾਂ ਵਾਪਸ ਆਉਣ ਲਈ ਵੀ ਪੈਸੇ ਨਹੀਂ ਹਨ। ਪੰਜਾਬੀ ਪਰਿਵਾਰਾਂ ਲਈ ਇਹ ਇੱਕ ਗੰਭੀਰ ਸਮੱਸਿਆ ਹੈ। ਪੰਜਾਬ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ। ਜਲਦੀ ਹੀ ਇੱਕ ਅਜਿਹਾ ਸੈੱਲ ਸਥਾਪਤ ਕੀਤਾ ਜਾਵੇਗਾ ਜੋ ਸਰਕਾਰ ਨੂੰ ਸੁਝਾਅ ਦੇਵੇਗਾ ਕਿ ਕਿਵੇਂ ਅਜਿਹੇ ਏਜੰਟਾਂ ਨੂੰ ਨੱਥ ਪਾਈ ਜਾਵੇਕਿਵੇਂ ਸਰਕਾਰ ਵਲੋਂ ਵੱਖ-ਵੱਖ ਦੇਸ਼ਾਂ ਦੀ ਜ਼ਰੂਰਤ ਮੁਤਾਬਿਕ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤਾਂ ਜੋ ਉਹ ਕਾਨੂੰਨੀ ਤਰੀਕੇ ਨਾਲ ਅਪਲਾਈ ਕਰਕੇ ਵਿਦੇਸ਼ ਜਾ ਸਕਣ। ਪੰਜਾਬੀ ਨੌਜਵਾਨਾਂ ਨੂੰ ਸਲਾਹ ਹੈ ਕਿ ਉਹ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਦੀ ਬਜਾਏ ਕੋਈ ਕੰਮ-ਧੰਦਾ ਸਿੱਖ ਕੇ ਜਾਣ। ਪੰਜਾਬੀ ਵਿਦੇਸ਼ਾਂ ਵਿੱਚ ਸਭ ਤੋਂ ਘੱਟ ਉਜਰਤ ਹਾਸਿਲ ਕਰਦੇ ਹਨ ਕਿਉਂਕਿ ਇੱਥੋਂ ਕੁਝ ਸਿੱਖ ਕੇ ਜਾਂਦੇ ਨਹੀਂ ਤੇ ਉੱਥੇ ਜਾ ਕੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਕਰਦਿਆਂ, ਪੱਕੇ ਹੁੰਦਿਆਂ ਇੰਨਾ ਸਮਾਂ ਨਿਕਲ ਜਾਂਦਾ ਹੈ ਕਿ ਫਿਰ ਤਕਨੀਕੀ ਸਿੱਖਿਆ ਲੈਣ ਦਾ ਵਕਤ ਨਹੀਂ ਹੁੰਦਾ। ਪੰਜਾਬੀ ਨੌਜਵਾਨ ਪੂਰੇ ਵਿਸ਼ਵ ਵਿੱਚ ਆਪਣੀ ਮਹਿਨਤ ਕਰ ਕੇ ਜਾਣੇ ਜਾਂਦੇ ਹਨ। ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਪੰਜਾਬੀ ਨਾ ਗਿਆ ਹੋਵੇ ਅਤੇ ਵਸਿਆ ਨਾ ਹੋਵੇ। ਸਿਰਫ਼ ਕਾਨੂੰਨ ਨੂੰ ਪੱਲੇ ਬੰਨ੍ਹ ਕੇ, ਜਾਣ ਤੋਂ ਪਹਿਲਾਂ ਤਕਨੀਕੀ ਸਿਖਲਾਈ ਲੈ ਕੇ ਜਾਣਗੇ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ।

*****

(1032)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author