SRLadhar7ਅਸੀਂ ਸਮੇਂ ਦੇ ਹਾਣੀ ਹੋ ਕੇ ਸਮਾਜ ਵਿੱਚ ਸਦੀਆਂ ਤੋਂ ਪੈਦਾ ਹੋਈ ਊਚ -ਨੀਚ, ਭੇਦ-ਭਾਵ ਨੂੰ ਖਤਮ ਕਰਨ ਲਈ ...
(17 ਅਗਸਤ 2017)

 

ਅੱਠ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਹਰ ਸਾਲ ਭਾਸ਼ਨ ਬਾਜ਼ੀ ਕਰ ਕੇ, ਔਰਤਾਂ ਦੀ ਅਜ਼ਾਦੀ, ਉਹਨਾਂ ਦੀ ਤਰੱਕੀ ਅਤੇ ਉਹਨਾਂ ਦੀ ਬਰਾਬਰਤਾ ਦੀ ਗੱਲ ਕਰ ਕੇ ਬਾਕੀ ਦੇ 364 ਦਿਨਾਂ ਲਈ ਅਸੀਂ ਉਸੇ ਤਰ੍ਹਾਂ ਸੌਂ ਜਾਂਦੇ ਹਾਂ ਜਿਵੇਂ 8 ਮਾਰਚ ਨੂੰ ਔਰਤਾਂ ਦੀ ਗੱਲ ਕਰਨਾ ਸਾਡੀ ਅੰਤਰਰਾਸ਼ਟਰੀ ਮਜਬੂਰੀ ਹੋਵੇ ਅਤੇ ਧਰਾਤਲ ’ਤੇ ਆਪਣੇ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਸੀਂ ਕੁੱਝ ਨਹੀਂ ਕਰਦੇ।

ਪਿਛਲੇ ਕੁੱਝ ਦਿਨਾਂ ਤੋਂ ਇੱਕ ਆਈਏਐੱਸ ਅਫਸਰ ਦੀ 29 ਸਾਲਾ ਬੇਟੀ ਨੂੰ ਹਰਿਆਣਾ ਦੇ ਇਕ ਸਿਆਸੀ ਵਿਕਅਤੀ ਦੇ 23 ਸਾਲਾ ਸਪੂਤ ਅਤੇ ਉਸ ਦੇ ਮਿੱਤਰ ਵਲੋਂ ਅੱਧੀ ਰਾਤ ਨੂੰ ਭਾਰਤ ਦੇ ਸਭ ਤੋਂ ਮਹਿਫੂਜ਼ ਸ਼ਹਿਰ ਚੰਡੀਗੜ੍ਹ ਵਿੱਚ ਰੋਕਣ ਅਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਅੱਜਕੱਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ। ਜਿੱਥੇ ਇਹ ਵਾਕਿਆ ਇਸ ਲੜਕੀ ਦੇ ਪਰਿਵਾਰ ਲਈ ਨਿੱਜੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਉੱਥੇ ਉਹਨਾਂ ਸਾਰੇ ਮਾਂ-ਬਾਪ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿ ਕੀ ਉਹਨਾਂ ਦੀਆਂ ਜੁਆਨ ਧੀਆਂ/ਭੈਣਾਂ ਜਾਂ ਪਤਨੀਆਂ ਰਾਤ-ਬਰਾਤੇ ਮਹਿਫ਼ੂਜ਼ ਘਰ ਵਾਪਿਸ ਪਰਤ ਆਉਣਗੀਆਂ। ਦਿੱਲੀ ਵਿੱਚ ਨਿਰਭੈ ਨਾਮੀ (ਕਾਲਪਨਿਕ ਨਾਮ) ਲੜਕੀ ਦੇ ਰੇਪ ਅਤੇ ਹੱਤਿਆਂ ਦੀ ਯਾਦ ਹਾਲੇ ਧੁੰਦਲੀ ਨਹੀਂ ਸੀ ਹੋਈ ਕਿ ਹੁਣ ਅਜਿਹੇ ਕਈ ਹੋਰ ਕਾਰੇ ਭਾਰਤ ਵਿੱਚ ਦੇਖਣ ਸੁਣਨ ਨੂੰ ਮਿਲੇ। ਇਸ ਵਾਕਿਆ ਦੇ ਜ਼ਿਆਦਾ ਚਰਚਾ ਵਿੱਚ ਆਉਣ ਦਾ ਕਾਰਨ ਹੈ ਕਿ ਇਕ ਪਾਸੇ ਤਾਂ ਲੜਕੀ ਹਰਿਆਣੇ ਦੇ ਸੀਨੀਅਰ ਆਈਏਐੱਸ ਅਫਸਰ ਦੀ ਬੇਟੀ ਹੈ ਅਤੇ ਦੂਜੇ ਪਾਸੇ ਲੜਕਾ ਹੁਕਮਰਾਨ ਪਾਰਟੀ ਦੇ ਪ੍ਰਧਾਨ ਦਾ ਬੇਟਾ ਹੈ। ਕਈ ਸਿਆਸੀ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਵੀ ਅਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ। ਕਈਆਂ ਨੂੰ ਲੀਡਰੀ ਚਮਕਾਉਣ ਲਈ ਅਜਿਹੇ ਮੌਕੇ ਪ੍ਰਮਾਤਮਾ ਵਲੋਂ ਭੇਜੇ ਤੋਹਫ਼ੇ ਸਾਬਤ ਹੁੰਦੇ ਹਨ। ਅਜਿਹੇ ਵਾਕਿਆ ਨਾਲ ਸਾਡੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਖਰਾਬ ਹੁੰਦਾ ਹੈ। ਅੱਜ ਮੀਡੀਆ ਦਾ ਯੁੱਗ ਹੈ। ਛੋਟੇ ਤੋਂ ਛੋਟਾ ਵਾਕਿਆ ਪੂਰੇ ਵਿਸ਼ਵ ਵਿੱਚ ਮਿੰਟਾਂ ਸਕਿੰਟਾਂ ਵਿੱਚ ਇਵੇਂ ਫੈਲ ਜਾਂਦਾ ਹੈ ਜਿਵੇਂ ਕਿਸੇ ਛੋਟੇ ਜਿਹੇ ਪਿੰਡ ਦੀ ਖ਼ਬਰ ਹੋਵੇ।

ਨੌਜਵਾਨ ਲੜਕਿਆਂ ਦੀ ਅਜਿਹੀ ਮਾਨਸਿਕਤਾ ਕਿਉਂ ਹੈ? ਅਸੀਂ ਔਰਤ ਵਰਗ ਨਾਲ ਅਜਿਹਾ ਵਤੀਰਾ ਕਿਉਂ ਕਰਦੇ ਹਾਂ? ਕਿਉਂ ਸਾਡੀਆਂ ਧੀਆਂ, ਭੈਣਾਂ ਅਤੇ ਔਰਤਾਂ ਦੀ ਘਰੋਂ ਬਾਹਰ ਇੱਜ਼ਤ ਨਹੀਂ ਹੁੰਦੀ? ਭਾਵੇਂ ਅਸੀਂ ਆਪਣੀ ਸੰਸਕ੍ਰਿਤੀ ਨੂੰ ਕਿੰਨਾ ਵੀ ਮਹਾਨ ਕਹਿ ਕੇ ਆਪਣੀ ਪਿੱਠ ਆਪੇ ਥਾਪੜੀ ਜਾਈਏ ਪਰ ਔਰਤਾਂ ਪ੍ਰਤੀ ਸਾਡੀ ਅਜਿਹੀ ਮਾਨਸਿਕਤਾ ਦੇ ਬੀਜ ਸਾਨੂੰ ਆਪਣੀ ਸੰਸਕ੍ਰਿਤੀ ਵਿੱਚ ਹੀ ਮਿਲ ਜਾਂਦੇ ਹਨ। ਭਾਰਤ ਵਿੱਚ ਹਿੰਦੂ, ਮੁਸਲਿਮ, ਸਿੱਖ ਇਸਾਈ, ਬੋਧੀ ਅਤੇ ਜੈਨ ਧਰਮ ਨਾਲ ਸਬੰਧਤ ਲੋਕ ਰਹਿੰਦੇ ਹਨ। ਹਿੰਦੂ ਅਤੇ ਬੋਧੀ ਧਰਮ ਇਸ ਮੁਲਕ ਦੇ ਪੁਰਾਣੇ ਧਰਮਾਂ ਵਿੱਚੋਂ ਹਨ। ਸਿੱਖ ਧਰਮ ਸਭ ਤੋਂ ਨਵਾਂ ਹੈ। ਮੁਸਲਮਾਨਾਂ ਵਿੱਚ ਜਿੱਥੇ ਧਰਮ ਇਕ ਆਦਮੀ ਨੂੰ ਚਾਰ ਵਿਆਹ ਕਰਨ ਦੀ ਇਜ਼ਾਜਤ ਦਿੰਦਾ ਹੈ, ਉੱਥੇ ਪਰਦੇ ਦੀ ਰਸਮ ਵੀ ਪੂਰੇ ਸੰਸਾਰ ਦੇ ਬਾਕੀ ਧਰਮਾਂ ਤੋਂ ਨਿਆਰੀ ਹੈ। ਤਿੰਨ ਵਾਰ ਤਲਾਕ ਤਲਾਕ ਤਲਾਕ ਕਹਿ ਕੇ ਔਰਤ ਨੂੰ ਤਲਾਕ ਦੇ ਦੇਣਾ ਵੀ ਧਾਰਮਿਕ ਅਤੇ ਸਮਾਜਿਕ ਅਦਾਰਿਆਂ ਵਿੱਚ ਅੱਜਕੱਲ ਚਰਚਾ ਦਾ ਵਿਸ਼ਾ ਹੈ। ਸਿੱਖ ਧਰਮ ਵਿੱਚ ਗੁਰੂਆਂ ਨੇ ਔਰਤ ਜਾਤ ਦੀ ਵਡਿਆਈ ਇਹ ਕਹਿ ਕੇ ਕੀਤੀ - ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ- ਇਸ ਦੇ ਬਾਵਜੂਦ ਕੁੱਝ ਇਲਾਕਿਆਂ ਨੂੰ ਛੱਡ ਕੇ ਸਾਰੇ ਭਾਰਤ ਵਾਸੀ ਪੂਰੇ ਵਿਸ਼ਵ ਵਿੱਚ ਕੁੜੀ ਮਾਰ ਵਜੋਂ ਪ੍ਰਸਿੱਧ ਹਨ। ਸਿੱਖ ਧਰਮ ਦੇ ਅਨੁਯਾਈ ਇਸ ਤੋਂ ਮੁਨਕਰ ਨਹੀਂ ਹੋ ਸਕਦੇ।

ਪੰਜਾਬ ਦੇ ਕਈ ਜ਼ਿਲ੍ਹੇ ਲਿੰਗ ਅਨੁਪਾਤ ਵਿੱਚ ਅੱਜ ਵੀ ਪੂਰੇ ਭਾਰਤ ਵਿੱਚ ਸਭ ਤੋਂ ਹੇਠਾਂ ਹਨ। ਅੱਜ ਵੀ ਇੱਜ਼ਤ ਖਾਤਰ ਕਤਲ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਭਾਰਤੀ ਸਮਾਜ ਦਾਜ ਦਹੇਜ਼ ਦੀ ਪ੍ਰਥਾ ਵਿੱਚ ਬੁਰੀ ਤਰ੍ਹਾਂ ਗ੍ਰਸਤ ਹੈ। ਭਾਵੇਂ ਲੜਕੀ ਪੜ੍ਹ ਲਿਖ ਕੇ ਡਾਕਟਰ, ਇੰਜਨੀਅਰ, ਪੁਲਿਸ ਅਫਸਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਹੀ ਕਿਉਂ ਨਾ ਬਣ ਜਾਵੇ, ਉਸ ਤੋਂ ਦਾਜ ਦਹੇਜ਼ ਦੀ ਉਮੀਦ ਉਸੇ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਕਿਸੇ ਹੋਰ ਆਮ ਲੜਕੀ ਤੋਂ - ਅਜਿਹਾ ਕਿਉਂ ਹੈ? ਅੱਜ ਵੀ ਅਸੀਂ ਜਾਗਰੂਕ ਨਹੀਂ ਹਾਂ ਜੋ ਪੜ੍ਹ ਲਿਖ ਕੇ ਵੀ ਆਪਣੀ ਦਕੀਆਨੂਸੀ ਸੰਸਕ੍ਰਿਤੀ ਤੋਂ ਛੁਟਕਾਰਾ ਨਹੀਂ ਪਾ ਸਕੇ। ਅੱਜ ਵੀ ਸਾਡੀ ਸੋਚ ਔਰਤ ਨੂੰ ਜੁੱਤੀ ਬਰਾਬਰ, ਇੱਕ ਵਰਤਣਯੋਗ ਵਸਤੂ ਸਮਝਣ ਲਈ ਮਜ਼ਬੂਰ ਕਰਦੀ ਹੈ। ਅੱਜ ਵੀ ਅਸੀਂ ਵਿਆਹ ਸ਼ਾਦੀਆਂ ਵਿੱਚ ਬੇਟੀਆਂ ਦਾ ‘ਕੰਨਿਆ ਦਾਨ’ ਕਰਦੇ ਹਾਂ ਜਿਵੇਂ ਉਹ ਕੋਈ ਮੱਝ, ਗਾਂ ਜਾਂ ਕੋਈ ਹੋਰ ਵਸਤੂ ਹੋਵੇ ਜਿਸ ਦਾ ਦਾਨ ਕੀਤਾ ਜਾ ਰਿਹਾ ਹੋਵੇ। ਅਸੀਂ ਮੱਧ ਕਾਲ ਦੀ ਉਸ ਮਾਨਸਿਕਤਾ ਨੂੰ ਤਿਆਗ ਨਹੀਂ ਸਕੇ, ਜਿਸ ਵਿੱਚ ਔਰਤ ਨੂੰ ਸ਼ੂਦਰ ਅਤੇ ਪਸ਼ੂ ਨਾਲ ਤੁਲਨਾ ਦੇ ਕੇ ਤ੍ਰਿਸਕਾਰਿਆ ਗਿਆ ਸੀ। ਸਾਡੀ ਸੰਸਕ੍ਰਿਤੀ ਦੀਆਂ ਖ਼ਾਮੀਆਂ ਪੜ੍ਹੇ ਲਿਖੇ ਤੇ ਬੁੱਧੀ-ਜੀਵੀ ਵਰਗ ਪੜਚੋਲਣ ਲਈ ਤਿਆਰ ਨਹੀਂ। ਅਸੀਂ ਸਮੇਂ ਦੇ ਹਾਣੀ ਹੋ ਕੇ ਸਮਾਜ ਵਿੱਚ ਸਦੀਆਂ ਤੋਂ ਪੈਦਾ ਹੋਈ ਊਚ -ਨੀਚ, ਭੇਦ-ਭਾਵ ਨੂੰ ਖਤਮ ਕਰਨ ਲਈ ਉਚੇਚਾ ਯਤਨ ਨਹੀਂ ਕਰ ਰਹੇ। ਸਾਡੇ ਧਰਮ ਦੇ ਠੇਕੇਦਾਰ ਮਿਲ ਬੈਠ ਕੇ ਧਰਮ ਅਤੇ ਸਮਾਜ ਵਿੱਚਲੀਆਂ ਬੁਰਾਈਆਂ ’ਤੇ ਚਰਚਾ ਨਹੀਂ ਕਰਦੇ ਅਤੇ ਨੌਜਵਾਨ ਵਰਗ ਨੂੰ ਸੇਧ ਦੇਣ ਵਿੱਚ ਲਗਾਤਾਰ ਫੇਲ ਹੋ ਰਹੇ ਹਨ।

ਅਸੀਂ ਦੁਨੀਆਂ ਤੋਂ ਵੀ ਕੁੱਝ ਨਹੀਂ ਸਿੱਖਦੇ। ਅਗਾਂਹ ਵਧੂ ਦੇਸ਼ਾਂ ਵਿੱਚੋਂ ਚੰਗੀਆਂ ਗੱਲਾਂ ਜੋ ਤਰਕ ’ਤੇ ਠੀਕ ਬੈਠਦੀਆਂ ਹਨ, ਉਹਨਾਂ ਨੂੰ ਅਪਣਾਉਣ ਵਿੱਚ ਕੀ ਹਰਜ਼ ਹੈ? ਘੱਟ ਤੋਂ ਘੱਟ ਅਗਾਂਹ ਵਧੂ ਮੁਲਕਾਂ ਤੋਂ ਇਹ ਤਾਂ ਸਿੱਖ ਹੀ ਸਕਦੇ ਹਾਂ ਕਿ ਔਰਤ ਦੀ ਇੱਜ਼ਤ ਕਿਵੇਂ ਕਰੀਦੀ ਹੈ। ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਹਿੰਦੂ ਸਮਾਜ ਵਿੱਚ 80-90% ਸ਼ੂਦਰ ਸਮਾਜ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ। ਕੀ ਅੱਜ ਅਸੀਂ 7 ਦਹਾਕੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਵੀ ਪੂਰੀ ਵਸੋਂ ਨੂੰ ਸਾਖ਼ਰ ਕਰ ਪਾਏ ਹਾਂ? ਕੀ ਇਹ ਸਾਡੀ ਪ੍ਰਸ਼ਾਸਨਿਕ ਕਮਜ਼ੋਰੀ ਹੈ? ਰਾਜਨੀਤਿਕ ਕਮਜ਼ੋਰੀ ਹੈ ਜਾਂ ਸਾਡੀ ਮਾਨਸਿਕਤਾ ਬਿਮਾਰ ਹੈ ਕਿ ਅਸੀਂ ਆਪਣੇ ਦੇਸ਼ ਦੇ ਹਰ ਬੱਚੇ ਨੂੰ ਪੜ੍ਹਾ ਨਹੀਂ ਪਾ ਰਹੇ, ਖਾਸ ਕਰ ਕੇ ਬੱਚੀਆਂ ਨੂੰ?

ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ. ਅੰਬੇਡਕਰ ਨੇ ਔਰਤਾਂ ਲਈ ਬਰਾਬਰ ਦਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਉਹਨਾਂ ਲਈ ਵਿੱਦਿਆ ਦੇ ਦਰਵਾਜ਼ੇ ਖੋਲ੍ਹ ਦਿੱਤੇ ਕਿਸੇ ਤਰ੍ਹਾਂ ਦੀ ਨਾ-ਬਰਾਬਰਤਾ ਕਾਨੂੰਨਨ ਅਪਰਾਧ ਘੋਸ਼ਿਤ ਕਰ ਦਿੱਤੀ ਨੌਕਰੀਆਂ ਵਿੱਚ ਪ੍ਰਸੂਤਾ ਛੁੱਟੀ ਲੈ ਕੇ ਦਿੱਤੀ ਕੰਮ ਦੇ ਘੰਟੇ 12 ਤੋਂ ਘਟਾ ਕੇ 8 ਕਰਵਾਏ ਛੋਟੇ ਬੱਚਿਆਂ ਲਈ ਕਰੈਚਾਂ ਦਾ ਪ੍ਰਬੰਧ ਕਾਨੂੰਨਨ ਲਾਜ਼ਮੀ ਕਰਵਾਇਆ। ਜਦੋਂ ਡਾ. ਅੰਬੇਡਕਰ ਔਰਤਾਂ ਲਈ ਹਿੰਦੂ ਕੋਡ ਬਿੱਲ ਪਾਰਲੀਮੈਂਟ ਵਿੱਚ ਲੈ ਕੇ ਆਏ ਤਾਂ ਉਸ ਵੇਲੇ ਦੇ ਕੱਟੜ ਧਾਰਮਿਕ ਲੀਡਰਾਂ ਅਤੇ ਸਿਆਸੀ ਲੀਡਰਾਂ ਨਹਿਰੂ (ਪ੍ਰਧਾਨ ਮੰਤਰੀ) ਨੂੰ ਕੁੱਝ ਅਜਿਹਾ ਡਰਾਇਆ ਕਿ ਉਹਨਾਂ ਉਹ ਬਿੱਲ ਬਹਿਸ ਤੋਂ ਪਹਿਲਾਂ ਹੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਜਿਸ ’ਤੇ ਡਾ. ਅੰਬੇਡਕਰ ਨੇ ਅਸਤੀਫਾ ਦੇ ਦਿੱਤਾ ਕਾਨੂੰਨ ਨੂੰ ਅਮਲੀ ਜਾਮਾ ਤਾਂ ਹੀ ਪਹਿਨਾਇਆ ਜਾ ਸਕਦਾ ਹੈ ਜੇਕਰ ਸਾਡੀ ਸੋਚ ਵਿੱਚ ਬਦਲਾਵ ਆਵੇਗਾ।

ਸਾਨੂੰ ਅੱਜ ਆਪਣੇ ਦੇਸ਼ ਦੇ ਸਵੈਮਾਣ ਅਤੇ ਇੱਜ਼ਤ ਦੀ ਖਾਤਰ ਪੜ੍ਹਿਆਂ ਨੂੰ ਪੜ੍ਹਾਉਣਾ ਪੈਣਾ ਹੈ। ਸਵੈ-ਪੜਚੋਲ ਕਰਨੀ ਪਵੇਗੀ ਕਿ ਸੰਸਾਰ ਤਰੱਕੀ ਕਿਵੇਂ ਕਰ ਰਿਹਾ ਹੈ। ਕੀ ਸਾਡੀਆਂ ਮਾਨਤਾਵਾਂ, ਸਾਡੀਆਂ ਧਾਰਨਾਵਾਂ, ਸਾਡੇ ਵਿਸ਼ਵਾਸ ਅੱਜ ਦੀਆਂ ਸੰਸਾਰਕ ਸਰਵ-ਪ੍ਰਵਾਨਿਤ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਹਨ ਜਾਂ ਨਹੀਂ? ਜਦੋਂ ਤੱਕ ਅਸੀਂ ਆਪਣੀ ਸੋਚ ਵਿੱਚੋਂ ਦੋਗਲਾਪਨ ਨਹੀਂ ਕੱਢਦੇ, ਸੰਸਾਰਕ ਵਿਗਿਆਨਕ ਸੋਚ ਨੂੰ ਨਹੀਂ ਅਪਣਾਉਂਦੇ, ਊਚ-ਨੀਚ, ਜਾਤੀਵਾਦ, ਧਾਰਮਿਕ ਕੱਟੜਤਾ ਨੂੰ ਨੱਥ ਨਹੀਂ ਪਾਉਂਦੇ, ਉਦੋਂ ਤੱਕ ਨਾ ਤਾਂ ਦੇਸ਼ ਤਰੱਕੀ ਕਰ ਸਕਦਾ ਹੈ ਅਤੇ ਨਾ ਹੀ ਸਾਡਾ ਸਮਾਜ ਵਿਕਾਸ ਕਰ ਸਕਦਾ ਹੈ। ਜੇ ਅਸੀਂ ਅਜੇ ਵੀ ਆਪਣੇ ਆਪ ਵਿੱਚ ਸੁਧਾਰ ਨਾ ਲਿਆਂਦਾ ਤਾਂ ‘ਵਿਕਾਸ’ ਤਾਂ ਫਿਰ ਉਹੀ ਮਿਲੇਗਾ ਜੋ ਰਾਤ ਨੂੰ ਨੌਜਵਾਨ ਲੜਕੀਆਂ ਨੂੰ ਸੜਕਾਂ ’ਤੇ ਨਸ਼ੇ ਵਿੱਚ ਧੁੱਤ ਹੋ ਕੇ ਉਹਨਾਂ ਦਾ ਰਾਹ ਰੋਕੇਗਾ ਇਹੀ ‘ਵਿਕਾਸ’ ਸਾਡੇ ਭਾਰਤ ਦੀ ਅੱਜ ਦੀ ਤਸਵੀਰ ਹੈ ਅਤੇ ਇਸ ਨੂੰ ਬਦਲਣ ਲਈ ਪਤਾ ਨਹੀਂ ਕਿੰਨੇ ਕੁ ਯੁੱਗ ਹੋਰ ਇੰਤਜ਼ਾਰ ਕਰਨਾ ਪਵੇਗਾ।

*****

(800)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author