SRLadhar7ਕਿਸੇ ਨੇ ਗਰੀਬ ਲੜਕੀ ਵਾਸਤੇ ਹਾਅ ਦਾ ਨਾਅਰਾ ਨਾ ਮਾਰਿਆ ...
(1 ਅਕਤੂਬਰ 2016)

 

ਬਠਿੰਡਾ ਪੰਜਾਬ ਵਿਚ ਮਾਲਵੇ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਹੈ। ਜਿੱਥੇ ਇਹ ਮਾਲਵੇ ਦਾ ਬਹੁਤ ਵੱਡਾ ਵਪਾਰਕ ਕੇਂਦਰ ਹੈ, ਉੱਥੇ ਭੱਟੀ ਰਾਜਪੂਤਾਂ ਦਾ ਇਤਿਹਾਸਕ ਕਿਲ੍ਹਾ ਵੀ ਬਠਿੰਡੇ ਸ਼ਹਿਰ ਵਿਚ ਸਥਿਤ ਹੈ। ਗੁਲਾਮ ਵੰਸ਼ ਦੀ ਪਹਿਲੀ ਮਹਿਲਾ ਸ਼ਾਸਕ ਰਜ਼ੀਆ ਨੂੰ ਇਸ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ ਅਤੇ ਬਾਅਦ ਵਿਚ ਦਿੱਲੀ ਨੂੰ ਵਾਪਸ ਪਰਤਦਿਆਂ ਹਰਿਆਣੇ ਦੇ ਕਿਸੇ ਪਿੰਡ ਵਿੱਚ ਉਹ ਲੜਾਈ ਵਿਚ ਮਾਰੀ ਗਈ ਸੀ। ਬਠਿੰਡੇ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੋਣ ਦਾ ਮਾਣ ਵੀ ਪ੍ਰਾਪਤ ਹੈ, ਜਿੱਥੇ ਆਰਮੀ ਦੇ 10 ਕੋਰ ਦਾ ਮੁੱਖ ਦਫਤਰ ਹੈ। ਬਠਿੰਡਾ ਵਿਚ ਤਿੰਨ ਥਰਮਲ ਪਲਾਂਟ ਵੀ ਹਨ। ਬਠਿੰਡਾ ਜ਼ਿਲ੍ਹੇ ਵਿਚ ਹੀ ਦਮਦਮਾ ਸਾਹਿਬ ਸਿੱਖਾਂ ਦਾ ਪੰਜਵਾਂ ਤਖਤ ਵੀ ਹੈ ਜਿਸ ਨੂੰ ਗੁਰੂ ਕਾਸ਼ੀ ਵੀ ਕਿਹਾ ਜਾਂਦਾ ਹੈ। ਦਸਮ ਪਾਤਸ਼ਾਹ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਤਲਵੰਡੀ ਸਾਬੋ ਗੁਜ਼ਾਰਿਆ ਅਤੇ ਕਈ ਵਿਦਵਤਾ ਭਰਪੂਰ ਰਚਨਾਵਾਂ ਰਚੀਆਂ।

ਮਾਨਸਾ ਜ਼ਿਲ੍ਹੇ ਵਿਚ ਆਪਣੇ ਕੈਰੀਅਰ ਦਾ ਪਹਿਲਾ ਸਾਲ ਡੀ.ਸੀ. ਵਜੋਂ ਲਾਉਣ ਉਪਰੰਤ ਮੈਂ ਅਪਰੈਲ 1998 ਵਿੱਚ ਬਠਿੰਡਾ ਡੀ.ਸੀ. ਤਾਇਨਾਤ ਹੋਇਆ, ਜਿੱਥੇ ਮੈਂ ਦਸੰਬਰ 1999 ਤੱਕ ਤਾਇਨਾਤ ਰਿਹਾਭਾਵੇਂ ਮੈਂ ਚਾਰ ਜ਼ਿਲ੍ਹਿਆਂ ਵਿਚ ਬਤੌਰ ਡੀ.ਸੀ. ਨੌਕਰੀ ਕੀਤੀ ਪਰ ਜੋ ਅਨੰਦ ਬਠਿੰਡੇ ਆਇਆ, ਉੁਹ ਕਿਧਰੇ ਨਹੀਂ ਆਇਆ। ਬਠਿੰਡੇ ਦੇ ਲੋਕ ਭੋਲੇ ਭਾਲੇ, ਸਾਫ ਦਿਲ, ਮਿਹਨਤੀ, ਦਾਨੀ ਅਤੇ ਸੱਜਣ ਪੁਰਸ਼ ਹਨ। ਜਿਵੇਂ ਪੰਜਾਬ ਦੇ ਦੁਆਬੇ ਦੀ ਚੁਸਤੀ ਦੀ ਹਵਾ ਉਹਨਾਂ ਨੂੰ ਛੋਹ ਕੇ ਵੀ ਨਾ ਲੰਘੀ ਹੋਵੇ।

ਮੈਂ ਦੁਆਬੇ ਦਾ ਜੰਮਪਲ ਹਾਂ। ਇਕ ਗੱਲ ਹੋਰ ਜੋ ਮੇਰੇ ਦੇਖਣ ਵਿਚ ਆਈ, ਉਹ ਇਹ ਕਿ ਭਾਵੇਂ ਦੁਆਬਾ ਹੋਵੇ, ਭਾਵੇਂ ਮਾਝਾ ਅਤੇ ਭਾਵੇਂ ਮਾਲਵਾ ਦਲਿਤ ਲੋਕਾਂ ਦੀ ਹਾਲਤ, ਗਰੀਬੀ, ਲਾਚਾਰੀ, ਅਨਪੜ੍ਹਤਾ ਸਭ ਥਾਈਂ ਇੱਕੋ ਜਿਹੀ ਹੈ। ਮਾਲਵੇ ਵਿੱਚ ਦਲਿਤ ਲੋਕ ਵਧੇਰੇ ਦੱਬੇ ਹੋਏ ਹਨ। ਉਹਨਾਂ ਵਿੱਚ ਅਨਪੜ੍ਹਤਾ ਵਧੇਰੇ ਹੈ। ਦੁਆਬੇ ਦੇ ਦਲਿਤਾਂ ਮੁਕਾਬਲੇ ਉਹਨਾਂ ਵਿਚ ਅੱਜ ਵੀ ਜਾਗਰਤੀ ਦੀ ਕਾਫੀ ਘਾਟ ਹੈ। ਮੈਂ ਲੋਕਾਂ ਨੂੰ ਮਿਲਣ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਇਕ ਅਲੱਗ ਢੰਗ ਅਪਣਾਇਆ ਹੋਇਆ ਸੀ। ਸਵੇਰੇ 10 ਵਜੇ ਤੱਕ ਜਰੂਰੀ ਕੰਮ ਨਿਪਟਾ ਕੇ ਮੈਂ 10-11 ਵਜੇ ਦੇ ਵਿਚ ਕਮੇਟੀ ਰੂਮ ਵਿਚ ਬੈਠ ਜਾਣਾ ਤੇ ਮਿਲਣ ਵਾਲਿਆਂ ਨੂੰ ਲਾਈਨ ਲਾ ਕੇ ਇਕ ਇਕ ਕਰ ਕੇ ਮਿਲੀ ਜਾਣਾ। ਇੰਤਜ਼ਾਰ ਕਰਨ ਵਾਲੇ ਕਮੇਟੀ ਰੂਮ ਦੀਆਂ ਕੁਰਸੀਆਂ ’ਤੇ ਬੈਠ ਜਾਂਦੇਕਿਸੇ ਦੀ ਦਰਖਾਸਤ ਜ਼ਰੂਰੀ ਕਾਰਵਾਈ ਲਈ ਕਿਸੇ ਦੂਸਰੇ ਅਫਸਰ ਨੂੰ ਮਾਰਕ ਕਰ ਦੇਣੀ। ਕਿਸੇ ਅਤਿ ਜ਼ਰੂਰੀ ਸਮੱਸਿਆ ਦੇ ਹੱਲ ਲਈ ਕਮੇਟੀ ਰੂਮ ਵਿੱਚੋਂ ਹੀ ਫੋਨ ਕਰ ਦੇਣਾ। ਮੇਰਾ ਪੀ.ਏ. ਨਾਲ ਬੈਠ ਕੇ ਇਹਨਾਂ ਸਾਰੀਆਂ ਦਰਖਾਸਤਾਂ ਦਾ ਵੇਰਵਾ ਨੰਬਰ ਲਾ ਕੇ ਰਜਿਸਟਰ ਵਿਚ ਨੋਟ ਕਰਦਾ ਰਹਿੰਦਾ ਅਤੇ ਬਾਅਦ ਵਿਚ ਵੀ ਜਦੋਂ ਤੱਕ ਨਿਪਟਾਰਾ ਨਾ ਹੋ ਜਾਂਦਾ, ਟਰੈਕ ਰੱਖਦਾ। ਬਠਿੰਡੇ ਜ਼ਿਲ੍ਹੇ ਦੇ ਇਕ ਪਿੰਡ ਦਾ ਇਕ ਸ਼ਖ਼ਸ ਉਹਨੀ ਦਿਨੀਂ ਰੋਪੜ ਦਾ ਡੀ.ਸੀ. ਲੱਗਾ ਹੋਇਆ ਸੀ ਇਕ ਦਿਨ ਉਹ ਆਪਣੇ ਪਿੰਡ ਆਇਆ ਤੇ ਚਾਹ ਪੀਣ ਲਈ ਮੇਰੇ ਕੈਂਪ ਆਫਿਸ ਆ ਗਿਆ, ਕਹਿਣ ਲੱਗਾ, “ਛੋਟੇ ਵੀਰ, ਸੀ.ਐਮ. ਸਾਹਿਬ ਮੈਨੂੰ ਕਹਿੰਦੇ ਹਨ ਕਿ ਕੰਮ ਕਰਨਾ ਆਪਣੇ ਜ਼ਿਲ੍ਹੇ ਦੇ ਡੀ.ਸੀ. ਤੋਂ ਸਿੱਖੋ!”

ਮੈਂ ਬੜਾ ਹੈਰਾਨ ਹੋਇਆ

**

ਇਕ ਦਿਨ ਇਕ ਅੱਧਖੜ ਜਿਹੀ ਔਰਤ ਇਕ 14-15 ਸਾਲ ਦੀ ਬਾਲੜੀ ਅਤੇ ਇਕ ਵਕੀਲ ਨੂੰ ਲੈ ਕੇ ਪੇਸ਼ ਹੋਈ। ਉਸ ਨੇ ਪਾਲੀਥਿਅਨ ਦੇ ਇਕ ਲਿਫਾਫੇ ਵਿਚ ਕੋਈ ਖੂਨ ਨਾਲ ਲਿੱਬੜਿਆ ਹੋਇਆ ਕੱਪੜਾ ਪਾਇਆ ਹੋਇਆ ਸੀ। ਉਹ ਮਾਵਾਂ ਧੀਆਂ ਦੋਵੇਂ ਹੱਥ ਜੋੜ ਕੇ ਖੜ੍ਹ ਗਈਆਂ ਅਤੇ ਵਕੀਲ ਨੇ ਉਸ ਬਾਲੜੀ ਨਾਲ ਕੀ ਵਾਪਰਿਆ ਹੈ, ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਹੋਰ ਲੋਕ ਲਾਈਨ ਵਿੱਚ ਖੜ੍ਹੇ ਸਨ। ਮੈਂ ਸਾਰੀ ਗੱਲ ਵਕੀਲ ਦੇ ਪਹਿਲੇ ਫਿਕਰੇ ਤੋਂ ਹੀ ਸਮਝ ਗਿਆ। ਮੈਂ ਉਹਨਾਂ ਨੂੰ 5 ਮਿੰਟ ਇੰਤਜ਼ਾਰ ਕਰਨ ਲਈ ਕਹਿ ਕੇ ਬਾਕੀ ਲੋਕਾਂ ਨੂੰ ਫਟਾਫਟ ਨਿਪਟਾਇਆ ਅਤੇ ਜਦੋਂ ਸਾਰੇ ਚਲੇ ਗਏ ਤਾਂ ਮੈਂ ਉਹਨਾਂ ਦੀ ਗੱਲ ਵਿਸਥਾਰ ਨਾਲ ਸੁਣੀ।

ਮਾਵਾਂ ਧੀਆਂ ਦੋਵੇਂ ਦਲਿਤ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਦਾ ਪਿੰਡ ਭੀਸੀਆਣਾ ਨਾਲ ਲੱਗਦਾ ਹੈ, ਜਿਸ ਦੀ ਜ਼ਮੀਨ ਵਿੱਚ ਹਵਾਈ ਅੱਡਾ ਵੀ ਬਣਿਆ ਹੋਇਆ ਹੈ। ਮਾਂ ਦੇ ਦੱਸਣ ਅਨੁਸਾਰ ਹਫਤਾ ਪਹਿਲਾਂ ਉਸ ਨੂੰ ਤੇਈਆ ਬੁਖਾਰ ਚੜ੍ਹ ਰਿਹਾ ਸੀ। ਜਿਸ ਲੰਬੜਦਾਰ ਦੇ ਘਰ ਉਹ ਗੋਹਾ ਕੂੜਾ ਕਰਨ ਜਾਂਦੀ ਸੀ, ਉਸਦੇ ਘਰ ਦਾ ਕੰਮ ਨਾ ਰੁਕੇ, ਇਸ ਲਈ ਦੋ ਤਿੰਨ ਦਿਨ ਉਸ ਨੇ ਆਪਣੀ ਜੁਆਨ ਹੋ ਰਹੀ ਧੀ ਨੂੰ ਕੰਮ ਕਰਨ ਲਈ ਭੇਜ ਦਿੱਤਾ। ਭਾਵੇਂ ਲੰਬੜਦਾਰ ਦੀਆਂ ਦੋ ਧੀਆਂ ਕਾਲਜ ਵਿੱਚ ਪੜ੍ਹ ਰਹੀਆਂ ਸਨ ਤੇ ਸ਼ਾਇਦ ਇਕ ਲੜਕਾ ਵੀ ਵਿਆਹਿਆ ਹੋਇਆ ਸੀ ਪਰ ਉਸ ਹਵਸ ਦੇ ਭੁੱਖੇ ਭੇੜੀਏ ਨੇ ਉਸ ਮਾਸੂਮ ਬਾਲੜੀ ਨਾਲ ਵਿਭਚਾਰ ਕੀਤਾ ਜੋ ਕੇ ਉਸ ਦੀ ਪੋਤਰੀ ਦੀ ਉਮਰ ਦੀ ਸੀ। ਮਾਮਲਾ ਦਲਿਤ ਭਾਈਚਾਰੇ ਵਿੱਚ ਉਠਾਇਆ ਗਿਆ। ਲੋਕ ਇਕੱਠੇ ਹੋਏ। ਕਿਸੇ ਨੇ ਗਰੀਬ ਲੜਕੀ ਵਾਸਤੇ ਹਾਅ ਦਾ ਨਾਅਰਾ ਨਾ ਮਾਰਿਆ। ਕਿਸੇ ਮੀਡੀਆ ਦੇ ਪੱਤਰਕਾਰ ਨੇ ਵੀ ਕੋਈ ਖਬਰ ਨਾ ਛਾਪੀ। ਪੁਲਿਸ ਕੋਲ ਦਲਿਤ ਲੋਕ ਇਕੱਠੇ ਹੋ ਕੇ ਗਏ। ਬਹੁਤ ਦਬਾਅ ਪਾਉਣ ’ਤੇ ਐੱਸ.ਐੱਚ.ਓ. ਨੇ ਛੇੜਛਾੜ ਦੀਆਂ ਧਾਰਾਵਾਂ ਲਾ ਕੇ ਡੀ.ਡੀ.ਆਰ. ਦਰਜ ਕਰ ਲਈ। ਨਾ ਕੋਈ ਪਰਚਾ ਨਾ ਕੋਈ ਅਰੈੱਸਟ।

ਜਦੋਂ ਮਾਮਲਾ ਮੇਰੇ ਕੋਲ ਆਇਆ ਤਾਂ ਮੈਂ ਜ਼ਿਲ੍ਹਾ ਅਟਾਰਨੀ ਨੂੰ ਆਪਣੇ ਦਫਤਰ ਹੀ ਬੁਲ੍ਹਾ ਲਿਆ। ਉਸ ਨੂੰ ਪੁੱਛਿਆ ਕਿ ਧਾਲੀਵਾਲ ਸਾਹਿਬ ਇਹ ਦਰਖਾਸਤ ਪੜ੍ਹੋ ਤੇ ਦੱਸੋ ਕਿ ਕਿਹੜੀਆਂ ਕਿਹੜੀਆਂ ਧਾਰਾਵਾਂ ਤਹਿਤ ਪਰਚਾ ਹੋ ਸਕਦਾ ਹੈ। ਗੁਰਚਰਨ ਸਿੰਘ ਧਾਲੀਵਾਲ ਬਹੁਤ ਹੀ ਸਿਆਣਾ ਜ਼ਿਲ੍ਹਾ ਅਟਾਰਨੀ ਸੀ। ਉਸ ਨੇ ਸਲਾਹ ਦਿੱਤੀ ਕਿ ਸਰ ਪਹਿਲਾਂ ਤੁਸੀਂ ਇਸ ਕੁੜੀ ਦਾ ਮੈਡੀਕਲ ਚੈੱਕ ਅੱਪ ਕਰਵਾਓ ਅਤੇ ਉਹ ਵੀ ਕਿਸੇ ਇਕੱਲੇ ਡਾਕਟਰ ਤੋਂ ਨਹੀਂ, ਸਿਵਲ ਸਰਜਨ ਨੂੰ ਕਹਿ ਕੇ ਡਾਕਟਰਾਂ ਦਾ ਬੋਰਡ ਬਣਵਾ ਲਵੋ ਤਾਂ ਕਿ ਬਾਅਦ ਵਿੱਚ ਕੋਈ ਰੇੜਕਾ ਨਾ ਪਵੇ ਕਿ ਕੁੜੀ ਦਾ ਰੇਪ ਹੋਇਆ ਹੀ ਨਹੀਂ। ਸੋ ਦਰਖਾਸਤ ’ਤੇ ਹੀ ਮੇਰੇ ਵਲੋਂ ਸਿਵਲ ਸਰਜਨ ਨੂੰ ਡਾਕਟਰਾਂ ਦੇ ਬੋਰਡ ਵਲੋਂ ਮੈਡੀਕਲ ਕਰਨ ਅਤੇ ਰਿਪੋਰਟ ਭੇਜਣ ਨੂੰ ਲਿਖ ਦਿੱਤਾ ਗਿਆਨਾਲ ਹੀ ਮੈਂ ਸਿਵਲ ਸਰਜਨ ਨੂੰ ਫੋਨ ਕਰ ਦਿੱਤਾ ਕਿ ਤੁਰੰਤ ਕੁੜੀ ਦਾ ਮੈਡੀਕਲ ਕਰ ਕੇ ਰਿਪੋਰਟ ਅੱਜ ਹੀ ਭੇਜੀ ਜਾਵੇ।

ਬਾਅਦ ਦੁਪਹਿਰ ਮੈਡੀਕਲ ਰਿਪੋਰਟ ਸਿਵਲ ਸਰਜਨ ਨੇ ਉਸ ਕੁੜੀ ਅਤੇ ਉਸ ਦੀ ਮਾਂ ਦੇ ਹੱਥ ਹੀ ਭੇਜ ਦਿੱਤੀ। ਮੈਂ ਫਿਰ ਮੈਡੀਕਲ ਰਿਪੋਰਟ ਸਮੇਤ ਦਰਖਾਸਤ ਡੀ.ਏ. ਨੂੰ ਭੇਜ ਕੇ ਫੋਨ ਕੀਤਾ ਕਿ ਲੀਗਲ ਉਪੀਨੀਅਨ ਭੇਜਿਆ ਜਾਵੇ। ਆਪਣੇ ਹੱਥ ਨਾਲ ਹੀ ਮਾਰਕ ਕਰਦਿਆਂ ਮੇਰੇ ਵਲੋਂ ਲਿਖਿਆ ਗਿਆ ਕਿ ਰੇਪ, ਚਾਈਲਡ ਲੇਬਰ, ਅ.ਜਾਤੀ, ਜ.ਜਾਤੀ (Prevention of Atrocities Act, 1989) ਦੇ ਤਹਿਤ ਤੋਂ ਇਲਾਵਾ ਵੀ ਜੇਕਰ ਕੋਈ ਹੋਰ ਧਾਰਾ ਲੱਗਦੀ ਹੈ ਤਾਂ ਲਗਾ ਕੇ ਲੀਗਲ ਰਾਏ ਭੇਜੀ ਜਾਵੇ। ਜ਼ਿਲ੍ਹਾ ਅਟਾਰਨੀ ਵਲੋਂ ਹੱਥੋ ਹੱਥੀ ਕਾਰਵਾਈ ਹੋ ਕੇ 4:30 ਵਜੇ ਸ਼ਾਮ ਕਾਗਜ਼ ਮੇਰੇ ਦਫਤਰ ਪਹੁੰਚ ਗਏ।

ਹੁਣ ਰਹਿ ਗਈ ਸੀ ਪੁਲਿਸ ਕਾਰਵਾਈ. ਹਰਨੇਕ ਸਿੰਘ ਸਰਾਂ ਬਹੁਤ ਹੀ ਸੁਲਝਿਆ ਹੋਇਆ ਤੇ ਨੇਕ ਐੱਸ.ਐੱਸ.ਪੀ. ਉਸ ਵੇਲੇ ਬਠਿੰਡਾ ਤਾਇਨਾਤ ਸੀ। ਮੇਰੀ ਉਸ ਨਾਲ ਅੱਜ ਵੀ ਬਹੁਤ ਮਿੱਤਰਤਾ ਹੈ, ਭਾਵੇਂ ਉਸ ਨੂੰ ਸੇਵਾ ਮੁਕਤ ਹੋਇਆਂ 14-15 ਸਾਲ ਹੋ ਗਏ ਹਨ। ਉਹ ਇਕ ਨੇਕ ਦਿਲ ਤੇ ਰੱਬ ਤੋਂ ਡਰਨ ਵਾਲਾ ਅਫਸਰ ਸੀ। ਲੜਕੀ ਦੀ ਦਰਖਾਸਤ, ਮੈਡੀਕਲ ਰਿਪੋਰਟ ਅਤੇ ਲੀਗਲ ਰਾਏ ਮੈਂ ਸਰਾਂ ਸਾਹਿਬ ਨਾਲ ਡਿਸਕਸ ਕੀਤੀ ਤੇ ਪੁੱਛਿਆ ਕਿ ਹੁਣ ਕੀ ਕਾਰਵਾਈ ਕਰਨੀ ਬਣਦੀ ਹੈ? ਉਹਨਾਂ ਫੱਟ ਕਿਹਾ, “ਤੁਸੀਂ ਸਾਨੂੰ ਇਹ ਸਾਰੇ ਕਾਗਜ਼ ਭੇਜੋ, ਅਸੀਂ ਐਫ.ਆਈ.ਆਰ. ਦਰਜ ਕਰ ਦਿੰਦੇ ਹਾਂ।”

ਮੈਂ ਕਿਹਾ, “ਸਰਾਂ ਸਾਹਿਬ, ਜੇਕਰ ਇਹ ਕੋਈ ਆਮ ਮਾਮਲਾ ਹੁੰਦਾ ਤਾਂ ਮੈਂ ਸ਼ਾਇਦ ਇੰਝ ਹੀ ਕਰਦਾ। ਪਰ ਇਕ ਅਧੇੜ ਆਦਮੀ ਵਲੋਂ, ਜਿਸਦੀਆਂ ਖੁਦ ਦੀਆਂ ਜਵਾਨ ਧੀਆਂ ਵਿਆਹੁਣ ਵਾਲੀਆਂ ਹਨ, ਜਿਸ ’ਤੇ ਭਰੋਸਾ ਕਰ ਕੇ ਇਸ ਗਰੀਬ ਔਰਤ ਨੇ ਆਪਣੀ ਨਾਬਾਲਗ ਧੀ ਉਹਨਾਂ ਦੇ ਘਰ ਭੇਜੀ, ਉਸ ਦੀ ਪੱਤ ਉਸ ਭੇੜੀਏ ਵਲੋਂ ਲੁੱਟੀ ਗਈ ਹੈ, ਉਸ ਨੂੰ ਸਬਕ ਸਿਖਾਉਣਾ ਹੈ। ਪੁਲਿਸ ਨੇ ਪਹਿਲਾਂ ਵੀ ਕੁਝ ਨਹੀਂ ਕੀਤਾ ਤੇ ਛੇੜਛਾੜ ਦੀ ਡੀ.ਡੀ.ਆਰ. ਦਰਜ ਕਰ ਕੇ ਉਸ ਬਦਮਾਸ਼ ਦੀ ਪਿੱਠ ਠੋਕੀ ਹੈ ਅਤੇ ਸਮਾਜ ਵਿਚ ਚੱਲ ਰਹੀ ਦਲਿਤਾਂ ਖਿਲਾਫ ਅਨਿਆ ਦੀ ਪ੍ਰਥਾ ਨੂੰ ਹੀ ਅੱਗੇ ਤੋਰਿਆ ਹੈ। ਮੈਂ ਠੋਸ ਐਕਸ਼ਨ ਚਾਹੁੰਦਾ ਹਾਂ।”

ਸਰਾਂ ਸਾਹਿਬ ਨੇ ਪੁੱਛਿਆ, “ਫਿਰ ਤੁਸੀਂ ਹੀ ਦੱਸੋ ਕੀ ਕਰੀਏ?”

ਮੈਂ ਕਿਹਾ ਕਿ ਮੈਂ ਤੁਹਾਨੂੰ ਇਕ ਡੀ.ਓ. ਲੈਟਰ ਲਿਖਦਾ ਹਾਂਤੁਸੀਂ ਸਾਰੇ ਕਾਗਜ਼ ਨਾਲ ਲੈ ਜਾਵੋ। ਆਪਣੇ ਐੱਸ.ਐੱਚ.ਓ. ਨੂੰ ਬੁਲਾਓ ਅਤੇ ਉਸ ਦੀ ਡਿਊਟੀ ਲਾਵੋ ਕਿ ਪਹਿਲਾਂ ਅਰੈੱਸਟ ਹੋਵੇਗੀ, ਫਿਰ ਪਰਚਾ ਦਰਜ ਹੋਵੇਗਾ। ਇਹ ਨਾ ਹੋਵੇ ਕਿ ਪਰਚਾ ਦਰਜ ਹੋ ਜਾਵੇ ਤੇ ਪੁਲਿਸ ਦੇ ਹੇਠਲੇ ਕਰਮਚਾਰੀ ਲੰਬੜਦਾਰ ਨੂੰ ਭਜਾ ਦੇਣ। ਵੈਸੇ ਪੁਲਿਸ ਐਕਸ਼ਨ ਲਈ ਡੀ.ਡੀ.ਆਰ ਪਹਿਲਾਂ ਹੀ ਦਰਜ ਹੈ। ਇਸ ਲਈ ਕਾਨੂੰਨਨ ਕੋਈ ਅੜਚਨ ਨਹੀਂ ਹੈ।

ਸਰਾਂ ਸਾਹਿਬ ਇਕ ਪ੍ਰੈਕਟੀਕਲ ਅਫਸਰ ਸਨ।ਕੁੜੀ ਦੀ ਵਿਥਿਆ ਸੁਣ ਕੇ ਅਤੇ ਪੜ੍ਹ ਕੇ ਪਸੀਜ਼ ਗਏਠੋਸ ਐਕਸ਼ਨ ਲੈਣ ਲਈ ਤਿਆਰ ਹੋ ਗਏ।

ਮੈਂ ਉਹਨਾਂ ਨੂੰ ਚਾਹ ਪਿਲਾ ਕੇ ਡੀ.ਓ. ਸਮੇਤ ਸਾਰੇ ਕਾਗਜ਼ ਉਹਨਾਂ ਦੇ ਹੱਥ ਫੜਾਏ।

ਰਾਤ ਨੂੰ ਕੋਈ 2.00 ਵਜੇ ਟੈਲੀਫੂਨ ਅਪਰੇਟਰ ਨੇ ਬੈੱਡ ਰੂਮ ਵਿਚ ਘੰਟੀ ਮਾਰੀ ਕਿ ਸਰ ਐੱਸ.ਐੱਸ.ਪੀ. ਸਾਹਿਬ ਗੱਲ ਕਰਨਾ ਚਾਹੁੰਦੇ ਹਨ। ਮੈਂ ਪੁੱਛਿਆ, “ਸਰਾਂ ਸਾਹਿਬ ਇੰਨੀ ਰਾਤ ਗਏ, ਸੁੱਖ ਐ?”

ਉਹਨਾਂ ਕਿਹਾ, “ਬੱਸ ਇੰਨਾ ਹੀ ਦੱਸਣਾ ਸੀ ਕਿ ਲੰਬੜਦਾਰ ਫੜ ਕੇ ਅੰਦਰ ਕਰ ਦਿੱਤਾ ਹੈ ਅਤੇ ਐੱਫ.ਆਈ.ਆਰ. ਵੀ ਦਰਜ ਹੋ ਗਈ ਹੈ ਹੁਣ ਘੱਟੋ ਘੱਟ ਤਿੰਨ ਮਹੀਨੇ ਤਾਂ ਜ਼ਮਾਨਤ ਨਹੀਂ ਹੁੰਦੀ, ਬਾਕੀ ਬਾਅਦ ਵਿਚ ਦੇਖਦੇ ਹਾਂ।”

ਮੇਰੇ ਧੰਨਵਾਦ ਕਹਿਣ ਤੋਂ ਪਹਿਲਾਂ ਹੀ ਉਹ ਕਹਿੰਦੇ, “ਚੰਗਾ ਫਿਰ ਸਤਿ ਸ੍ਰੀ ਅਕਾਲ। ਸਵੇਰੇ ਮਿਲਦੇ ਹਾਂ।” ਇਹ ਕਹਿ ਕੇ ਉਨ੍ਹਾਂ ਫੋਨ ਰੱਖ ਦਿੱਤਾ

ਬਾਅਦ ਵਿੱਚ ਇਹ ਮਾਮਲਾ ਕਾਫੀ ਤੂਲ ਫੜ ਗਿਆ, ਜੋ ਮੈਂ ਫਿਰ ਕਿਸੇ ਵੇਲੇ ਆਪ ਨਾਲ ਸਾਂਝਾਂ ਕਰਾਂਗਾ।

*****

(447)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author