SRLadhar7ਤੂੰ ਡਿਗਰੀ ਕਰ। ਪੈਸਿਆਂ ਦਾ ਫਿਕਰ ਨਾ ਕਰੀਂ। ਮੈਂ ਤੈਨੂੰ ਪੜ੍ਹਾਵਾਂਗਾ ...
(30 ਅਕਤੂਬਰ 2017
)

 

ਦਸਵੀਂ ਕਲਾਸ ਮੈਂ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ ਅਤੇ ਨਾਨ-ਮੈਡੀਕਲ ਵਿਸ਼ਿਆਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਲੈ ਲਿਆ। ਅੱਜ-ਕੱਲ੍ਹ ਬੱਚੇ ਨੂੰ ਨਰਸਰੀ ਵਿੱਚ ਵੀ ਦਾਖਲ ਕਰਵਾਉਣਾ ਹੋਵੇ ਤਾਂ ਪਹਿਲਾਂ ਪ੍ਰਾਸਪੈਕਟਿਸ ਭਰਨਾ ਪੈਂਦਾ ਹੈ। ਉਸੇ ਵੇਲੇ ਕਾਲਜ ਜਾ ਕੇ ਪ੍ਰਾਸਪੈਕਟਿਸ ਪਹਿਲੀ ਵਾਰ ਦੇਖਿਆ। ਪਾਸਪੋਰਟ ਸਾਈਜ਼ ਫੋਟੋ ਲਾਉਣੀ ਸੀ, ਇਸ ਲਈ ਪਹਿਲੀ ਵਾਰ ਸਟੂਡੀਓ ਜਾ ਕੇ ਫੋਟੋ ਖਿਚਵਾਈ। ਉਂਝ ਜਦੋਂ ਦਸਵੀਂ ਜਮਾਤ ਦੀ ਵਿਦਾਇਗੀ ਪਾਰਟੀ ਹੋਈ ਸੀ ਤਾਂ ਗਰੁੱਪ ਫੋਟੋ ਹੋਈ ਸੀ, ਉਹ ਜ਼ਿੰਦਗੀ ਦੀ ਪਹਿਲੀ ਫੋਟੋ ਸੀ। ਹਾਲੇ ਮੁੱਛਾਂ ਦਾੜੀ ਨਹੀਂ ਸੀ ਆਈਆਂ। ਕਾਲਜ ਜਾਂਦਿਆਂ ਪਹਿਲਾਂ ਮੁੱਛਾਂ ਚਮਕਣ ਲੱਗ ਪਈਆਂ ਫਿਰ ਹੌਲ਼ੀ-ਹੌਲ਼ੀ ਦਾੜ੍ਹੀ ਵੀ ਚਮਕਣ ਲੱਗ ਪਈ। ਪਰ ਪਹਿਲੀ ਵਾਰ ਸ਼ੇਵ ਮੈਂ ਥਾਪਰ ਇੰਜੀਨੀਅਰਿੰਗ ਕਾਲਜ ਜਾ ਕੇ ਹੀ ਕੀਤੀ ਸੀ। ਸਕੂਲ ਦੀਆਂ ਜਮਾਤਾਂ ਪਾਸ ਕਰਦਿਆਂ ਪਿੰਡ ਵਿੱਚ ਸਭ ਬੱਚੇ ਪਜਾਮਾ ਕਮੀਜ਼ ਹੀ ਪਾਉਂਦੇ ਸਨ। ਖ਼ਾਕੀ ਪਜਾਮਾ ਅਤੇ ਸਫੈਦ ਕਮੀਜ਼। ਪ੍ਰੈੱਸ ਕਰਕੇ ਕੱਪੜੇ ਪਾਉਣ ਦਾ ਰਿਵਾਜ਼ ਨਹੀਂ ਸੀ। ਨਾ ਤਾਂ ਪਿੰਡ ਵਿੱਚ ਬਿਜਲੀ ਸੀ ਅਤੇ ਨਾ ਹੀ ਪ੍ਰੈੱਸ ਹੁੰਦੀ ਸੀ।

ਜਦੋਂ ਮੈਂ ਗਿਆਰ੍ਹਵੀਂ ਕਲਾਸ ਵਿੱਚ ਦਾਖਲਾ ਲਿਆ ਤਾਂ ਵੱਡੇ ਭਰਾ ਨੇ ਪਹਿਲੀ ਵਾਰ ਮੈਨੂੰ ਪੈਂਟ ਸਿਵਾ ਕੇ ਦਿੱਤੀ ਤੇ ਫਿਰ ਇੱਕ ਹੋਰ ਲੈ ਕੇ ਦਿੱਤੀ ਜਿੱਥੋਂ ਤੱਕ ਮੈਨੂੰ ਯਾਦ ਹੈ, ਦੋ ਪੈਂਟਾਂ ਨਾਲ਼ ਹੀ ਗਿਅਰਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰ ਲਈ ਸੀ। ਕਾਲਜ ਵਿੱਚ ਵਰਦੀ ਵਗੈਰਾ ਕੋਈ ਨਹੀਂ ਸੀ। ਵਿਦਿਆਰਥੀ ਆਪਣੀ ਮਰਜ਼ੀ ਨਾਲ਼ ਜਿਹੋ ਜਿਹਾ ਜੀਅ ਕਰੇ ਪਹਿਰਾਵਾ ਪਹਿਨਦੇ ਸਨ। ਕਾਲਜ ਜਾ ਕੇ ਨਾ ਤਾਂ ਅਧਿਆਪਕ ਮਾਰਦੇ ਸਨ, ਨਾ ਝਿੜਕਦੇ ਸਨ, ਸਕੂਲ ਨਾਲ਼ੋਂ ਮਾਹੌਲ ਬਿਲਕੁਲ ਅਲੱਗ ਸੀ। ਪੜ੍ਹਾਉਂਦੇ ਜ਼ਰੂਰ ਸਨ, ਪਰ ਟੈੱਸਟ ਵਗੈਰਾ ਨਹੀਂ ਸੀ ਲੈਂਦੇ। ਕਲਾਸ ਵਿੱਚ ਵੀ ਪੜ੍ਹਦਿਆਂ ਬੱਚੇ ਘੱਟ ਹੀ ਸਵਾਲ ਕਰਦੇ ਸਨ। ਅਧਿਆਪਕਾਂ ਦਾ ਧਿਆਨ ਆਪਣਾ-ਆਪਣਾ ਸਿਲੇਬਸ ਖਤਮ ਕਰਨ ਵੱਲ ਜ਼ਿਆਦਾ ਰਹਿੰਦਾ ਸੀ।

ਮੈਂ ਪੰਜਾਬੀ ਮੀਡੀਅਮ ਵਿੱਚ ਦਸਵੀਂ ਕੀਤੀ ਸੀ, ਗਿਆਰ੍ਹਵੀਂ ਦਾ ਸਾਰਾ ਸਿਲੇਬਸ ਅੰਗਰੇਜ਼ੀ ਵਿੱਚ ਸੀ। ਤਿਮਾਹੀ ਟੈੱਸਟਾਂ ਵਿੱਚ ਇਮਤਿਹਾਨ ਵਿੱਚ ਮੈਂ ਬੜੀ ਮੁਸ਼ਕਿਲ ਨਾਲ਼ ਪਾਸ ਹੋ ਸਕਿਆ। ਮੈਂ ਹੌਸਲਾ ਨਾ ਛੱਡਿਆ। ਮੈਂ ਹਰ ਰੋਜ਼ ਬੈਂਚ ਦੀ ਪਹਿਲੀ ਲਾਈਨ ਵਿੱਚ ਹੀ ਬੈਠਣਾ। ਨੋਟਿਸ ਬਣਾਉਣੇ, ਵਾਰ-ਵਾਰ ਯਾਦ ਕਰਨਾ। ਜਦੋਂ ਸਲਾਨਾ ਇਮਤਿਹਾਨ ਹੋਣਾ ਸੀ ਤਾਂ ਪੇਪਰਾਂ ਵਿੱਚ ਬੈਠਣ ਲਈ ਰੋਲ ਨੰਬਰ ਜਾਰੀ ਹੋਣੇ ਸਨ। ਲਾਇਬਰੇਰੀ, ਸਾਈਕਲ-ਸ਼ੈੱਡ ਅਤੇ ਕੰਟੀਨ ਆਦਿ ਤੋਂ ਕੋਈ ਬਕਾਇਆ ਜ਼ਿੰਮੇ ਨਾ ਹੋਣ ਸਬੰਧੀ ਲਿਖਵਾਉਣਾ ਜ਼ਰੂਰੀ ਸੀ। ਸਾਈਕਲ-ਸ਼ੈੱਡ ਤੇ ਲਾਇਬਰੇਰੀ ਦਾ ਤਾਂ ਮੈਨੂੰ ਪਤਾ ਸੀ ਤੇ ਮੈਂ ਇਹ ਲਿਖਵਾ ਕੇ ਲੈ ਆਇਆ ਪਰ ਕਾਲਜ ਦੀ ਕੰਟੀਨ ਦਾ ਮੈਨੂੰ ਪਤਾ ਨਹੀਂ ਸੀ, ਕਿੱਥੇ ਹੈ। ਮੈਂ ਇੱਕ ਦੋਸਤ ਤੋਂ ਪੁੱਛਿਆ ਕਿ ਕੰਟੀਨ ਕਿੱਧਰ ਹੈ ? ਉਹ ਮੈਨੂੰ ਨਾਲ਼ ਲੈ ਕੇ ਕੰਟੀਨ ਚਲਾ ਗਿਆ। ਕੰਟੀਨ ਵਾਲਾ ਉਸ ਨੂੰ ਤਾਂ ਪਛਾਣਦਾ ਸੀ, ਮੈਨੂੰ ਦੇਖ ਕੇ ਕਹਿਣ ਲੱਗਾ, “ਇਹ ਭਾਈ ਸਾਹਿਬ ਤਾਂ ਅੱਜ ਤੱਕ ਕਦੇ ਦੇਖੇ ਹੀ ਨਹੀਂ।” ਉਸ ਫਟਾਫਟ ਬਿਨਾਂ ਦੇਖੇ ਹੀ ਮੈਨੂੰ ਨਾਂ, ਕਲਾਸ ਆਦਿ ਪੁੱਛ ਕੇ ਮੇਰੇ ਜ਼ਿੰਮੇਂ ਕੋਈ ਬਕਾਇਆ ਨਾ ਹੋਣ ਸਬੰਧੀ ਲਿਖ ਕੇ ਤੇ ਦਸਤਖ਼ਤ ਕਰਕੇ ਫੜਾ ਦਿੱਤਾ।

ਮੈਂ ਪੇਪਰ ਦਿੱਤੇ। ਸਾਡੀ ਇੱਕ ਸੌ ਵੀਹ ਮੁੰਡੇ-ਕੁੜੀਆਂ ਦੀ ਗਿਆਰ੍ਹਵੀਂ ਦੀ ਮੈਡੀਕਲ ਤੇ ਨਾਨ-ਮੈਡੀਕਲ ਦੀ ਕਲਾਸ ਸੀ। ਜਦੋਂ ਨਤੀਜਾ ਆਇਆ ਤਾਂ ਮੈਂ ਮੈਰਿਟ ਵਿੱਚ ਸੀ। ਮੇਰੀ ਪੂਰੀ ਕਲਾਸ ਵਿੱਚ ਅੱਠਵੀਂ ਪੁਜੀਸ਼ਨ ਸੀ। ਪਹਿਲੀ ਵਾਰ ਹੋਇਆ ਸੀ ਕਿ ਮੈਂ ਪਹਿਲੀ ਜਾਂ ਦੂਸਰੀ ਪੁਜੀਸ਼ਨ ਤੋਂ ਪਛੜ ਗਿਆ ਸੀ। ਬਾਰ੍ਹਵੀਂ ਵਿਚ ਵੀ ਮੈਂ ਉਸੇ ਲਗਨ ਅਤੇ ਮਿਹਨਤ ਨਾਲ਼ ਪੜ੍ਹਿਆ। ਘਰੋਂ ਕਾਲਜ ਤੇ ਕਾਲਜ ਤੋਂ ਘਰ। ਨਾ ਕੋਈ ਦੋਸਤਾਂ ਨਾਲ਼ ਗੱਪ-ਸ਼ੱਪ, ਨਾ ਕੰਟੀਨ, ਨਾ ਸਿਨਮਾ ਅਤੇ ਨਾ ਕੋਈ ਹੋਰ ਖੇਡ ਜਾਂ ਮਨੋਰੰਜਨ। ਜਦੋਂ ਇਹਨਾਂ ਦੋ ਸਾਲਾਂ ਦੀ ਅਣਥੱਕ ਮਿਹਨਤ ਨਾਲ਼ ਮੈਨੂੰ ਥਾਪਰ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਮਿਲ ਗਿਆ ਤਾਂ ਮੈਨੂੰ ਲੱਗਾ ਮੈਂ ਆਪਣੀ ਮੰਜ਼ਿਲ ਪਾ ਲਈ ਹੈ।

ਗਿਆਰ੍ਹਵੀਂ-ਬਾਰ੍ਹਵੀਂ ਦੀ ਪੜ੍ਹਾਈ ਦੇ ਉਹ ਦਿਨ ਬੜੇ ਸੰਘਰਸ਼-ਪੂਰਨ ਸਨ। ਨਾ ਘਰ ਵਿੱਚ, ਨਾ ਰਿਸ਼ਤੇਦਾਰੀ ਵਿੱਚ, ਨਾ ਪਿੰਡ ਵਿੱਚ ਤੇ ਨਾ ਇਲਾਕੇ ਵਿੱਚ ਕਿਸੇ ਨੇ ਇੰਜੀਨੀਅਰਿੰਗ ਕੀਤੀ ਸੀ। ਲਾਗਲੇ ਪਿੰਡ ਵਿੱਚ ਇੱਕ ਮੁੰਡਾ ‘ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ’ ਪੜ੍ਹ ਰਿਹਾ ਸੀ। ਦਾਖਲੇ ਤੋਂ ਪਹਿਲਾਂ ਇੱਕ ਦਿਨ ਮੈਂ ਤੇ ਪਿਤਾ ਜੀ ਉਹਨਾਂ ਦੇ ਘਰ ਗਏਉਹਨਾਂ ਦਾ ਇੱਕ ਕਾਰਖਾਨਾ ਘਰ ਦੇ ਨਾਲ ਹੀ ਸੀ। ਅਸੀਂ ਦੋਵੇਂ ਪਿਉ-ਪੁੱਤ ਕਾਰਖਾਨੇ ’ਤੇ ਗਏ ਹੀ ਸੀ ਕਿ ਉਸ ਲੜਕੇ ਦਾ ਬਾਪ ਸਾਨੂੰ ਮਿਲ ਗਿਆ। ਭਾਈਆ ਜੀ ਨੇ ਉਹਨਾਂ ਨਾਲ ਗੱਲ ਕੀਤੀ ਕਿ ਮੇਰਾ ਲੜਕਾ ਵੀ ਇੰਜੀਨੀਅਰ ਬਣਨਾ ਚਾਹੁੰਦਾ ਹੈ, ਤੁਸੀਂ ਕੋਈ ਸਲਾਹ ਦਿਉ। ਉਹ ਕਹਿਣ ਲੱਗਾ ਕਿ ਤੁਸੀਂ ਮੁੰਡੇ ਨੂੰ ਡਿਪਲੋਮਾ ਕਰਵਾ ਦਿਉ, ਤਿੰਨ ਸਾਲ ਵਿੱਚ ਹੋ ਜਾਵੇਗਾ। ਨਾਲੇ ਖਰਚਾ ਘੱਟ ਆਵੇਗਾ ਡਿਗਰੀ ਦਾ ਖਰਚਾ ਤੁਹਾਡੇ ਤੋਂ ਸਹਿਣ ਨਹੀਂ ਹੋਣਾ। ਭਾਈਆ ਜੀ ਨੂੰ ਨਾ ਡਿਪਲੋਮੇ ਦਾ ਪਤਾ ਸੀ ਤੇ ਨਾ ਡਿਗਰੀ ਦਾ। ਵਾਪਸੀ ’ਤੇ ਰਸਤੇ ਵਿੱਚ ਆਉਂਦੇ-ਆਉਂਦੇ ਮੈਨੂੰ ਪੁੱਛਣ ਲੱਗੇ, “ਇਹ ਡਿਪਲੋਮਾ ਕੀ ਹੁੰਦਾ ਹੈ?” ਮੈਂ ਦੱਸਿਆ, “ਭਾਈਆ ਜੀ, ਇਹ ਡਿਪਲੋਮਾ ਤਿੰਨ ਸਾਲ ਦਾ ਹੁੰਦਾ ਹੈ ਅਤੇ ਪੜ੍ਹ ਕੇ ਓਵਰਸੀਅਰ ਦੀ ਨੌਕਰੀ ਲੱਗਦੀ ਹੈ। ਪਰ ਮੈਂ ਡਿਗਰੀ ਕਰਨੀ ਚਾਹੁੰਦਾ ਹਾਂ। ਡਿਗਰੀ ਨੂੰ ਚਾਰ ਸਾਲ ਲੱਗਦੇ ਹਨ। ਡਿਗਰੀ ਕਰਕੇ ਆਦਮੀ ਐੱਸ.ਡੀ.ਓ. ਲੱਗਦਾ ਹੈ, ਜੋ ਵੱਡਾ ਅਫ਼ਸਰ ਹੁੰਦਾ ਹੈ।”

ਭਾਈਆ ਜੀ ਨੇ ਐੱਸ.ਡੀ.ਓ. ਦਾ ਨਾਂ ਸੁਣਿਆ ਹੋਇਆ ਸੀ। ਫਿਰ ਉਹਨਾਂ ਦੀ ਤਮੰਨਾ ਵੀ ਸੀ ਕਿ ਅਸੀਂ ਭੈਣ-ਭਰਾ ਅਫ਼ਸਰ ਬਣੀਏ। ਉਸ ਪੇਂਡੂ ਲਹਿਜੇ ਵਿੱਚ ਇੱਕ ਮੋਟੀ ਜਿਹੀ ਗਾਲ ਕੱਢ ਕੇ ਕਿਹਾ, “ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵੀ ਅਫ਼ਸਰ ਬਣਨ। ਤੂੰ ਡਿਗਰੀ ਕਰ। ਪੈਸਿਆਂ ਦਾ ਫਿਕਰ ਨਾ ਕਰੀਂਮੈਂ ਤੈਨੂੰ ਪੜ੍ਹਾਵਾਂਗਾ, ਤੂੰ ਪੜ੍ਹਨ ਵਾਲ਼ਾ ਬਣ।”

ਭਾਈਆ ਜੀ ਨੇ ਆਪਣਾ ਵਾਅਦਾ ਨਿਭਾਇਆ। ਉਹਨਾਂ ਨੇ ਮੈਨੂੰ ਕਦੇ ਵੀ ਪੈਸੇ ਪੱਖੋਂ ਔਖਿਆਂ ਨਾ ਹੋਣ ਦਿੱਤਾ। ਜਿਵੇਂ ਕਿਵੇਂ ਜਦੋਂ ਵੀ ਮੈਂ ਜਿੰਨੇ ਵੀ ਪੈਸੇ ਮੰਗਣੇ. ਉਨ੍ਹਾਂ ਮੇਰੇ ਹੱਥ ’ਤੇ ਲਿਆ ਰੱਖਣੇ। ਜਦੋਂ ਐੱਸ.ਡੀ.ਓ ਬਣ ਕੇ ਮੈਂ ਪਹਿਲੀ ਤਨਖਾਹ ਬੀਬੀ-ਭਾਈਏ ਨੂੰ ਲਿਆ ਕੇ ਦਿੱਤੀ ਤਾਂ ਭਾਈਆ ਜੀ ਨੇ ਕਈ ਦਿਨ ਸੌ-ਸੌ ਦੇ ਉਹ ਨੋਟ ਆਪਣੀ ਕਮੀਜ਼ ਦੇ ਸੱਜੇ ਖੀਸੇ ਅੰਦਰ ਪਾਈ ਰੱਖੇ। ਬੀਬੀ ਜੀ ਨੇ ਇੱਕ ਦਿਨ ਕਹਿ ਕੇ ਉਹ ਨੋਟ ਫੜੇ। ਭਾਈਆ ਜੀ ਕਹਿਣ ਲੱਗੇ, “ਮੈਨੂੰ ਯਾਦ ਨਹੀਂ ਸੁੱਚੇ ਨੂੰ ਪੜ੍ਹਨ ਲਈ ਕਿੰਨੇ ਕੁ ਪੈਸੇ ਦਿੱਤੇ ਹੋਣਗੇ। ਪਰ ਜੋ ਖੁਸ਼ੀ ਮੈਨੂੰ ਉਸ ਦੀ ਪਹਿਲੀ ਤਨਖਾਹ ਆਪਣੀ ਜੇਬ ਵਿੱਚ ਪਾ ਕੇ ਮਿਲ ਰਹੀ ਹੈ, ਉਹ ਕਦੇ ਵੀ ਕਿਸੇ ਹੋਰ ਕਮਾਈ ਵਿੱਚੋਂ ਅੱਜ ਤੱਕ ਨਹੀਂ ਮਿਲੀ।”

ਬਜ਼ੁਰਗਾਂ ਨੇ ਖੂਨ-ਪਸੀਨੇ ਦੀ, ਦਸਾਂ ਨਹੂੰਆਂ ਦੀ ਕਮਾਈ ਨਾਲ਼ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਪੜ੍ਹਾਇਆ। ਅੱਜ ਅਸੀਂ ਸਾਰੇ ਆਪਣੇ-ਆਪਣੇ ਬੱਚਿਆਂ ਨਾਲ਼ ਜਿ਼ੰਦਗੀ ਦਾ ਪੂਰਾ-ਪੂਰਾ ਅਨੰਦ ਮਾਣ ਰਹੇ ਹਾਂ। ਕਈ ਵਾਰ, ਉਹਨਾਂ ਦੀ ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਨੂੰ ਯਾਦ ਕਰਕੇ ਸਿਰ ਆਪਣੇ-ਆਪ ਝੁਕ ਜਾਂਦਾ ਹੈ। ਕਿਉਂਕਿ ਪਿੰਡ ਵਿੱਚ ਅਜਿਹੇ ਬਹੁਤ ਲੋਕ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ, ਖੇਤੀਬਾੜੀ ਜਾਂ ਅਜਿਹੇ ਕਿਸੇ ਹੋਰ ਧੰਦੇ ਵਿੱਚ ਲਾ ਦਿੱਤਾ ਅਤੇ ਉਹ ਲੋਕ ਅੱਜ ਵੀ ਉੱਥੇ ਹੀ ਹਨ, ਜਿੱਥੇ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਸਨ।

*****

(879)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author