“ਦੂਜੇ ਵਲ ਵੇਖਣ ਜਾਂ ਨੁਕਸਾਨ ਪਹੁੰਚਾਉਣ ਬਾਰੇ ਸੋਚਣ ਨਾਲ ਤੁਹਾਡੀ ਰਫਤਾਰ ਮੱਠੀ ਪੈ ਜਾਵੇਗੀ”
(20 ਅਕਤੂਬਰ 2026)
ਪੰਜਾਬ ਸੰਸਾਰ ਵਿੱਚ ਇੱਕ ਵਿਲੱਖਣ ਖਿੱਤਾ ਹੈ ਜਿੱਥੋਂ ਦੀ ਸਾਰੀ ਧਰਤੀ ਵਾਹੀਯੋਗ ਹੈ ਅਤੇ ਸੇਂਜੂ ਹੈ। ਇੱਥੇ ਸਾਰੇ ਛੇ ਮੌਸਮਾਂ ਦਾ ਆਗਮਨ ਹੁੰਦਾ ਹੈ। ਚੜ੍ਹਦੇ ਪਾਸੇ ਦੀਆਂ ਪਹਾੜੀਆਂ ਇੱਥੋਂ ਦੇ ਪੌਣਪਾਣੀ ਨੂੰ ਪ੍ਰਭਾਵਿਤ ਕਰਦੀਆਂ ਹਨ। ਪੁਰਾਣੇ ਪੰਜਾਬ ਵਿੱਚ ਵਗਦੇ ਪੰਜ ਦਰਿਆਵਾਂ ਕਰਕੇ ਇਸਦਾ ਨਾਮ ਪੰਜਾਬ ਪਿਆ ਹੈ। ਪੰਜਾਬੀ ਖੁੱਲ੍ਹ ਕੇ ਖਾਂਦੇ ਹਨ ਅਤੇ ਬੇਪ੍ਰਵਾਹੀ ਦਾ ਜੀਵਨ ਜੀਉਂਦੇ ਹਨ। ਘਰ ਵਿੱਚ ਦੁੱਧ ਅਤੇ ਪੁੱਤ ਦਾ ਹੋਣਾ ਇਨ੍ਹਾਂ ਦੀ ਮੁੱਖ ਲੋਚਾ ਹੈ। ਸੰਸਾਰ ਵਿੱਚ ਸਭ ਤੋਂ ਵੱਧ ਦੁੱਧ ਅਤੇ ਦੁੱਧ ਦੀਆਂ ਵਸਤਾਂ ਜਿਵੇਂ ਕਿ ਮੱਖਣ, ਦਹੀਂ, ਲੱਸੀ ਅਤੇ ਘਿਉ ਦੀ ਵਰਤੋਂ ਕਰਦੇ ਹਨ। ਪੰਜਾਬੀ ਇਮਾਨਦਾਰ ਅਤੇ ਮਿਹਨਤੀ ਹਨ। ਇਨ੍ਹਾਂ ਨੂੰ ਸੰਸਾਰ ਦੇ ਸਭ ਤੋਂ ਵਧੀਆ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਭੁੱਖਮਰੀ ਨੂੰ ਦੂਰ ਕਰਨ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਹੈ। ਲੋੜਵੰਦਾਂ ਦੀ ਸੇਵਾ ਕਰਨ ਵਿੱਚ ਇਹ ਹਮੇਸ਼ਾ ਸਭ ਤੋਂ ਅੱਗੇ ਹੁੰਦੇ ਹਨ। ਸੰਸਾਰ ਵਿੱਚ ਕਿਤੇ ਵੀ ਕੋਈ ਕੁਦਰਤੀ ਕੁਰੋਪੀ ਆਵੇ ਤਾਂ ਸਹਾਇਤਾ ਲਈ ਪੰਜਾਬੀ ਸਭ ਤੋਂ ਅੱਗੇ ਹੁੰਦੇ ਹਨ। ਇਨ੍ਹਾਂ ਦੇ ਗੁਰੂਘਰਾਂ ਵਿੱਚ ਹਮੇਸ਼ਾ ਲੰਗਰ ਚਲਦਾ ਰਹਿੰਦਾ ਹੈ; ਜਿੱਥੇ ਕੋਈ ਵੀ ਬਿਨਾਂ ਕਿਸੇ ਧਰਮ ਜਾਂ ਜਾਤ-ਪਾਤ ਦੇ ਵਖਰੇਵੇਂ ਤੋਂ ਰੋਟੀ ਖਾ ਸਕਦਾ ਹੈ। ਇਹ ਅਣਖੀਲੀ ਕੌਮ ਹੈ ਜਿਹੜੀ ਦੋਸਤੀ ਲਈ ਅਤੇ ਦੁਸ਼ਮਣੀ ਨਿਭਾਉਣ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਗੁਰੂ ਨਾਨਕ ਸਾਹਿਬ ਦੇ ਤ੍ਰੈਗੁਣੀ ਉਪਦੇਸ਼ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ ਨੂੰ ਅਪਣਾਇਆ ਹੋਇਆ ਹੈ ਪਰ ਇੱਕ ਔਗੁਣ ਤੋਂ ਇਹ ਆਪਣੇ ਆਪ ਨੂੰ ਬਚਾ ਨਹੀਂ ਸਕੇ। ਈਰਖਾ ਇਨ੍ਹਾਂ ਦੇ ਕਿਰਦਾਰ ਵਿੱਚ ਸਮਾਈ ਹੋਈ ਹੈ। ਆਪਣੇ ਸ਼ਰੀਕੇ ਅਤੇ ਬਾਹਰ ਇਸਦਾ ਅਸਰ ਆਮ ਦੇਖਣ ਨੂੰ ਮਿਲਦਾ ਹੈ। ਪਰਿਵਾਰ ਵਿੱਚ ਦੋ ਪੀੜ੍ਹੀਆਂ ਪਿੱਛੋਂ ਜਦੋਂ ਜ਼ਮੀਨ ਅਤੇ ਜਾਇਦਾਦ ਦੀ ਵੰਡੀਆਂ ਪੈਂਦੀਆਂ ਹਨ ਤਾਂ ਕਰੀਬੀ ਰਿਸ਼ਤੇਦਾਰੀ ਹੋਣ ਦੇ ਬਾਵਜੂਦ ਉਹ ਸ਼ਰੀਕ ਬਣ ਜਾਂਦੇ ਹਨ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਣ ਦਾ ਯਤਨ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਗੁਰੂ ਘਰ ਵਿੱਚ ਇੱਕ ਭਾਈ ਸਾਹਿਬ ਨੇ ਕਥਾ ਕਰਦਿਆਂ ਆਪ ਬੀਤੀ ਸੁਣਾਈ। ਭਾਈ ਸਾਹਿਬ ਨੇ ਦੱਸਿਆ ਕਿ ਕੋਈ ਦੋ ਕੁ ਸਾਲ ਪਹਿਲਾਂ ਇੱਕ ਗੁਰਮੁੱਖ ਮੇਰੇ ਕੋਲ ਆਏ ਅਤੇ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ। ਮੇਰੇ ਪੁੱਛਣ ’ਤੇ ਉਸ ਦੱਸਿਆ ਕਿ ਵਾਹਿਗੁਰੂ ਦੀ ਬਖਸ਼ਿਸ ਸਦਕਾ ਬੁੰਗੇ ਨਸੀਬ ਹੋਏ ਹਨ। ਸ਼ੁਕਰਾਨੇ ਦੀ ਅਰਦਾਸ ਕਰਨੀ ਹੈ। ਉਸਦੀ ਭਾਵਨਾ ਦੇਖ ਮੈਂ ਉਨ੍ਹਾਂ ਦੇ ਘਰ ਗਿਆ ਅਤੇ ਅਰਦਾਸ ਕੀਤੀ। ਕੋਈ ਦੋ ਕੁ ਸਾਲ ਪਿੱਛੋਂ ਉਹੀ ਸਰਦਾਰ ਜੀ ਮੁੜ ਮੇਰੇ ਕੋਲ ਆਇਆ ਤੇ ਘਰ ਜਾਣ ਲਈ ਬੇਨਤੀ ਕਰਨ ਲੱਗਾ। ਮੈਂ ਪੁੱਛਿਆ, ਹੁਣ ਕਿਹੜੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ? ਕੀ ਵੱਡਾ ਘਰ ਬਣ ਲਿਆ ਹੈ। ਉਸਦਾ ਉੱਤਰ ਸੀ, “ਨਹੀਂ ਜੀ, ਮੇਰਾ ਘਰ ਤਾਂ ਉਹ ਹੀ ਹੈ ਪਰ ਮੇਰੇ ਛੋਟੇ ਭਰਾ ਨੇ ਵੱਡਾ ਘਰ ਬਣਾ ਲਿਆ ਹੈ ਹੁਣ ਇਹ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਮੈਨੂੰ ਵੀ ਉਸ ਤੋਂ ਵੱਡੇ ਘਰ ਦੀ ਬਖਸ਼ਿਸ਼ ਕਰੇ।”
ਪਿਛਲੀ ਮਰਦਮਸ਼ੁਮਾਰੀ ਸ਼ਾਇਦ 2011 ਵਿੱਚ ਹੋਈ ਸੀ। ਉਸ ਵਿੱਚ ਇਹ ਅੰਕੜੇ ਸਾਹਮਣੇ ਆਏ ਸਨ ਸਨ ਕਿ ਪੰਜਾਬੀ ਸਭ ਤੋਂ ਵੱਧ ਖਰਚੀਲੇ ਹਨ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਹੈ। ਇੱਕ ਪ੍ਰਸਿੱਧ ਅਖਬਾਰ ਨੇ ਇਹ ਜਾਣਨ ਦਾ ਯਤਨ ਕੀਤਾ ਕਿ ਆਖਰ ਇੱਥੋਂ ਦੇ ਵਾਸੀ ਕੀ ਖਰੀਦਣ ਲਈ ਇੰਨਾ ਖਰਚ ਕਰਦੇ ਹਨ। ਅਖਬਾਰ ਦੇ ਪੱਤਰਕਾਰ ਨੇ ਸਤਲੁਜ ਅਤੇ ਲੋਧੀ ਕਲੱਬ ਵਿੱਚ ਜਾ ਕੇ ਗੱਲਾਂਬਾਤਾਂ ਸੁਣੀਆਂ। ਕੁਝ ਵੱਡੇ ਦੁਕਾਨਦਾਰਾਂ ਅਤੇ ਕਾਰਖਾਨੇਦਾਰਾਂ ਨਾਲ ਮੁਲਾਕਾਤਾਂ ਕੀਤੀਆਂ। ਵੱਡੇ ਹੋਟਲਾਂ ਵਿੱਚ ਬੀਬੀਆਂ ਦੀਆਂ ਕਿਟੀ ਪਾਰਟੀਆਂ ਵਿੱਚ ਜਾ ਕੇ ਉਨ੍ਹਾਂ ਦੇ ਵਿਚਾਰ ਸੁਣੇ। ਨਤੀਜਾ ਇਹ ਕੱਢਿਆ ਗਿਆ ਕਿ ਘੱਟੋ ਘੱਟ 75% ਖਰਚ ਕੇਵਲ ਵਿਖਾਵੇ ਲਈ ਕੀਤਾ ਜਾਂਦਾ ਹੈ। ਗਵਾਂਢੀ ਨੇ ਨਵੀਂ ਕਾਰ ਲਈ ਤਾਂ ਉਹ ਉਸ ਤੋਂ ਮਹਿੰਗੀ ਕਾਰ ਖਰੀਦੇਗਾ। ਸ਼ੋਅਰੂਮ ਮਾਲਕ ਇੱਕ ਦੂਜੇ ਦੇ ਮੁਕਾਬਲੇ ਵਧੀਆ ਸਕੀਮਾਂ ਬਣਾਉਂਦੇ ਹਨ। ਔਰਤਾਂ ਕੱਪੜਿਆਂ ਅਤੇ ਗਹਿਣੀਆਂ ਦਾ ਮੁਕਾਬਲਾ ਕਰਦੀਆਂ ਹਨ। ਵਿਦੇਸ਼ੀ ਵਸਤਾਂ ਦਾ ਮੁਕਾਬਲਾ ਵਧੇਰੇ ਹੁੰਦਾ ਹੈ।
ਪੰਜਾਬ ਵਿੱਚ ਕਿਸਾਨਾਂ ਕੋਲ ਪੰਜ ਲੱਖ ਤੋਂ ਵਧ ਟ੍ਰੈਕਟਰ ਹਨ, ਜਦੋਂ ਕਿ ਖੇਤੀ ਕਰਦੇ ਪਰਿਵਾਰਾਂ ਦੀ ਗਿਣਤੀ ਕੋਈ ਦਸ ਲੱਖ ਹੈ। ਇਨ੍ਹਾਂ ਵਿੱਚੋਂ ਅੱਧਿਆਂ ਕੋਲ ਪੰਜ ਹੈਕਟਰ ਤੋਂ ਘਟ ਧਰਤੀ ਹੈ। ਬਹੁਤੇ ਟ੍ਰੈਕਟਰ ਕਿਸਾਨਾਂ ਨੇ ਆਪਣੇ ਸ਼ਰੀਕਾਂ ਦਾ ਮੁਕਾਬਲਾ ਕਰਨ ਲਈ ਈਰਖਾ ਵੱਸ ਖਰੀਦੇ ਹੋਏ ਹਨ। ਇਹ ਕਰਜ਼ੇ ਉੱਤੇ ਲਏ ਜਾਂਦੇ ਹਨ ਜਦੋਂ ਕਿਸ਼ਤਾਂ ਨਹੀਂ ਮੁੜਦੀਆਂ ਤਾਂ ਖੁਦਕੁਸ਼ੀਆਂ ਦੀ ਨੌਬਤ ਆ ਜਾਂਦੀ ਹੈ। ਵਿਦੇਸ਼ਾਂ ਵਿੱਚ ਬੱਚੇ ਭੇਜਣ ਲਈ ਹੋਰ ਕਾਰਜਾਂ ਦੇ ਨਾਲੋ ਨਾਲ ਈਰਖਾ ਵੀ ਵੱਡਾ ਕਾਰਨ ਹੈ। ਜੇਕਰ ਭਰਾ ਦਾ ਮੁੰਡਾ ਬਾਹਰ ਗਿਆ ਤਾਂ ਮੈਂ ਕਿਉਂ ਪਿੱਛੇ ਰਹਾਂ। ਇਹ ਰੀਸ ਈਰਖਾ ਵਿੱਚੋਂ ਹੀ ਉਪਜਦੀ ਹੈ। ਜੇਕਰ ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਮਾਹੌਲ ਵਲ ਝਾਤ ਮਾਰੀਏ ਤਾਂ ਇਸ ਸਮੇਂ ਕੋਈ ਅਜਿਹਾ ਆਗੂ ਨਹੀਂ ਹੈ ਜਿਸ ਨੂੰ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਫਿਕਰ ਹੋਵੇ। ਸਾਰੇ ਹੀ ਇੱਕ ਦੂਜੇ ਦੀ ਟੰਗ ਖਿਚਾਈ ਕਰਦੇ ਹਨ। ਚੋਣ ਪ੍ਰਚਾਰ ਵਿੱਚ ਪੰਜਾਬ ਦੇ ਵਿਕਾਸ ਅਤੇ ਸਮੱਸਿਆਵਾਂ ਦੇ ਹੱਲ ਲਈ ਕਿਸੇ ਪਾਰਟੀ ਜਾਂ ਨੇਤਾ ਕੋਲ ਪ੍ਰੋਗਰਾਮ ਨਹੀਂ ਹੈ ਸਗੋਂ ਇੱਕ ਦੂਜੇ ਉੱਤੇ ਵੱਧ ਤੋਂ ਵੱਧ ਚਿੱਕੜ ਸੁੱਟਣ ਦਾ ਯਤਨ ਕੀਤਾ ਜਾ ਰਿਹਾ ਹੈ।
ਅਸੀਂ ਧਰਮ ਅਸਥਾਨਾਂ ਉੱਤੇ ਮੱਥਾ ਜ਼ਰੂਰ ਟੇਕਦੇ ਹਾਂ ਪਰ ਗੁਰੂਆਂ ਦੀ ਮੱਤ ਉੱਤੇ ਅਮਲ ਕਰਨ ਦਾ ਯਤਨ ਨਹੀਂ ਕਰਦੇ ਸਗੋਂ ਇੱਕ ਦੂਜੇ ਨਾਲ ਮੁਕਾਬਲੇ ਵਿੱਚ ਇਨ੍ਹਾਂ ਸਥਾਨਾਂ ਉੱਤੇ ਜਾ ਕੇ ਸੁੱਖਣਾ ਮੰਗਦੇ ਹਾਂ। ਇੰਝ ਅਸੀਂ ਪ੍ਰਮਾਤਮਾ ਨੂੰ ਰਿਸ਼ਵਤ ਦਾ ਲਾਲਚ ਦੇਣ ਦਾ ਯਤਨ ਕਰਦੇ ਹਾਂ। ਸਾਡੇ ਆਗੂ ਆਪੋ ਵਿੱਚ ਰਲਮਿਲ ਕੇ ਪੰਜਾਬ ਦੀ ਭਲਾਈ ਬਾਰੇ ਸੋਚਣ ਦੀ ਥਾਂ ਇੱਕ ਦੂਜੇ ਦੀ ਟੰਗ ਖਿਚਾਈ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ:
ਸੁਆਦ ਬਾਦ ਈਰਖ ਮਾਇਆ॥
ਇਸ ਸੰਗਿ ਲਾਗਿ ਰਤਨ ਜਨਮੁ ਗਵਾਇਆ। (741)
ਗੁਰੂ ਸਾਹਿਬ ਤਾਂ ਇਹ ਵੀ ਆਖਦੇ ਹਨ:
ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (1299)
ਪੰਜਾਬ ਦਾ ਕੋਈ ਬਾਹਰੀ ਦੁਸ਼ਮਣ ਨਹੀਂ ਸਗੋਂ ਪੰਜਾਬੀਆਂ ਨੇ ਹੀ ਇੱਕ ਦੂਜੇ ਦੀ ਟੰਗ ਖਿਚਾਈ ਕਰਕੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਆਵੋ ਹੁਣ ਈਰਖਾ ਦੇ ਹੋਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕਰੀਏ। ਈਰਖਾ ਕਰਨ ਵਾਲੇ ਵਿਅਕਤੀ ਆਪਣੇ ਬਾਰੇ ਸੋਚਣ ਜਾਂ ਅੱਗੇ ਵਧਣ ਦੇ ਯਤਨਾਂ ਦੀ ਥਾਂ ਜਿਸ ਨਾਲ ਈਰਖਾ ਹੁੰਦੀ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਮੌਕਿਆਂ ਦੀ ਹੀ ਤਲਾਸ਼ ਕਰਦੇ ਰਹਿੰਦੇ ਹਨ। ਉਹ ਪ੍ਰਾਪਤੀ ਉੱਤੇ ਇੰਨਾ ਖੁਸ਼ ਨਹੀਂ ਹੁੰਦੇ ਜਿੰਨਾ ਦੂਸਰੇ ਦੇ ਨੁਕਸਾਨ ਹੋਣ ’ਤੇ ਖੁਸ਼ ਹੁੰਦੇ ਹਨ। ਈਰਖਾਲੂ ਵਿਅਕਤੀ ਉੱਤੇ ਈਰਖਾ ਘੱਟੋ ਘੱਟ ਤਿੰਨ ਪ੍ਰਭਾਵ ਜ਼ਰੂਰ ਪਾਉਂਦੀ ਹੈ।
ਗੁੱਸਾ, ਦੁਸ਼ਮਣੀ ਅਤੇ ਨਮੋਸ਼ੀ।
ਈਰਖਾ ਕਰਨ ਵਾਲਾ ਆਪਣੇ ਸਰੀਰ, ਸਹਿਯੋਗੀ ਜਾਂ ਗੁਆਂਢੀ ਨੂੰ ਪ੍ਰਾਪਤ ਹੋਈ ਖੁਸ਼ੀ ਦੇਖ ਗੁੱਸੇ ਨਾਲ ਭਰ ਜਾਂਦਾ ਹੈ। ਉਹ ਸਿੱਧੇ ਤੌਰ ਤਾਂ ਦੂਜੇ ਦਾ ਕੁਝ ਵਿਗਾੜ ਨਹੀਂ ਸਕਦਾ ਸਗੋਂ ਆਪਣੇ ਵਿੱਚ ਹੀ ਕਚੀਚੀਆਂ ਵੱਟਦਾ ਹੈ ਜਿਸ ਨਾਲ ਰਕਤਚਾਪ ਵਧ ਜਾਂਦਾ ਹੈ। ਸਹਿਯੋਗੀਆਂ ਅਤੇ ਘਰ ਦੇ ਮੈਂਬਰਾਂ ਨੂੰ ਗੁੱਸੇ ਵਿੱਚ ਬੋਲਦਾ ਹੈ। ਅਸਲ ਵਿੱਚ ਉਹ ਆਪਣੀ ਭੜਾਸ ਘਰ ਦੇ ਮੈਂਬਰਾਂ ਜਾਂ ਆਪ ਤੋਂ ਛੋਟਿਆਂ ਉੱਤੇ ਕੱਢਦਾ ਹੈ। ਬਾਹਰੋਂ ਭਾਵੇਂ ਉਹ ਸਹਿਯੋਗੀ ਜਾਂ ਸ਼ਰੀਕ ਨੂੰ ਵਧਾਈ ਦੇਵੇ ਪਰ ਅੰਦਰੋਂ ਉਸ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਅਤੇ ਹਮੇਸ਼ਾ ਉਸਨੂੰ ਕਿਸੇ ਨਾ ਕਿਸੇ ਢੰਗ ਨਾਲ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਹੈ। ਦੂਜੇ ਦੀ ਤਰੱਕੀ ਜਾਂ ਪ੍ਰਾਪਤੀਆਂ ਨਾਲ ਉਸ ਨੂੰ ਨਮੋਸ਼ੀ ਹੁੰਦੀ ਹੈ। ਇਸੇ ਨਮੋਸ਼ੀ ਸਦਕਾ ਉਸ ਵਿੱਚ ਘਟੀਆਪਨ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਅਤੇ ਹਮੇਸ਼ਾ ਭੈੜੀ ਸੋਚ ਹੀ ਸੋਚਦਾ ਹੈ। ਇੰਨੀ ਜਲਨ ਅਤੇ ਦੁੱਖ ਮਹਿਸੂਸ ਕਰਦਾ ਹੈ ਕਿ ਉਹ ਦੂਜਿਆਂ ਦੀ ਜਦੋਂ ਵੀ ਮੌਕਾ ਮਿਲੇ ਨਿੰਦਿਆ ਕਰਦਾ ਹੈ। ਮਨਘੜਤ ਕਹਾਣੀਆਂ ਬਣਾ ਕੇ ਉਸ ਨੂੰ ਬਦਨਾਮ ਕਰਨ ਦਾ ਯਤਨ ਕਰਦਾ ਹੈ। ਉਹ ਇਹ ਜਾਣਨ ਦਾ ਯਤਨ ਨਹੀਂ ਕਰਦਾ ਕਿ ਉਸਦੇ ਕਿਹੜੇ ਗੁਣਾਂ ਕਰਕੇ ਤਰੱਕੀ ਜਾਂ ਪ੍ਰਾਪਤੀ ਹੋਈ ਹੈ। ਉਹ ਕਿਸਮਤ ਨੂੰ ਦੋਸ਼ ਦੇਵੇਗਾ ਜਾਂ ਫਿਰ ਰਿਸ਼ਵਤ ਅਤੇ ਸਿਫਾਰਸ਼ਾਂ ਬਾਰੇ ਗੱਲਾਂ ਕਰੇਗਾ। ਅਜਿਹੇ ਵਿਅਕਤੀ ਵਿੱਚ ਖੜੋਤ ਆ ਜਾਂਦੀ ਹੈ ਕਿਉਂਕਿ ਉਹ ਤਾਂ ਹਮੇਸ਼ਾ ਦੂਜਿਆਂ ਦੇ ਨੁਕਸਾਂ ਦੀ ਘੋਖ ਹੀ ਕਰਦਾ ਰਹੇਗਾ; ਆਪਣੀ ਉੱਨਤੀ ਬਾਰੇ ਯਤਨ ਕਰਨਾ ਤਾਂ ਉਹ ਭੂੱਲ ਹੀ ਜਾਂਦਾ ਹੈ। ਉਸਦੇ ਵਤੀਰੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਹਮੇਸ਼ਾ ਉਦਾਸ, ਮਾਯੂਸ ਅਤੇ ਦੁਖੀ ਵਿਖਾਈ ਦਿੰਦਾ ਹੈ। ਉਸਦੀ ਬੋਲਬਾਣੀ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਹੱਸਣ ਅਤੇ ਮੁਸਕਰਾ ਕੇ ਬੋਲਣਾ ਤਾਂ ਉਹ ਭੁੱਲ ਹੀ ਜਾਂਦਾ ਹੈ। ਜੀਵਨ ਵਿੱਚ ਆਈ ਇਹ ਖੜੋਤ ਉਸਦਾ ਹੀ ਨੁਕਸਾਨ ਹੀ ਨਹੀਂ ਕਰਦੀ ਸਗੋਂ ਪਰਿਵਾਰ ਲਈ ਵੀ ਘਾਤਕ ਸਿੱਧ ਹੁੰਦੀ ਹੈ। ਘਰ ਦਾ ਮਾਹੌਲ ਵਿਗੜ ਜਾਂਦਾ ਹੈ। ਖੁਸ਼ੀ ਖੰਭ ਲਾ ਕੇ ਉਡ ਜਾਂਦੀ ਹੈ ਅਤੇ ਦੂਸਰੇ ਅੱਗੇ ਲੰਘ ਜਾਂਦੇ ਹਨ, ਜਿਸ ਨਾਲ ਈਰਖਾ ਵਿੱਚ ਹੋਰ ਵਾਧਾ ਹੋ ਜਾਂਦਾ ਹੈ।
ਅਜਿਹੇ ਵਿਅਕਤੀਆਂ ਨੂੰ ਫਰੀਦ ਸਾਹਿਬ ਦੇ ਇਹ ਸਲੋਕ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ:
ਫਰੀਦਾ ਖਾਲਕੁ ਮਹਿ ਖਲਕ ਵਸੈ ਰੱਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ॥
ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਢਾਇ॥
ਦੇਹੀ ਰੋਗੁ ਨਾ ਲਗਈ ਪਲੈ ਸਭੁ ਕਿਛੁ ਪਾਇ॥ (1381)
ਈਰਖਾ ਉੱਤੇ ਕਾਬੂ
ਈਰਖਾ ਇੱਕ ਅਜਿਹਾ ਘਾਤਕ ਰੋਗ ਹੈ ਜਿਹੜਾ ਪੀੜ੍ਹੀ ਦਰ ਪੀੜ੍ਹੀ ਚਲਦਾ ਹੋਇਆ ਪੂਰੇ ਖਾਨਦਾਰ ਨੂੰ ਤਬਾਹ ਕਰ ਦਿੰਦਾ ਹੈ। ਬਹੁਤੀਆਂ ਲੜਾਈਆਂ ਦਾ ਅਧਾਰ ਈਰਖਾ ਅਤੇ ਲਾਲਸਾ ਹੀ ਹੁੰਦਾ ਹੈ। ਮਹਾਂਭਾਰਤ ਦਾ ਯੁੱਧ ਇਸਦੀ ਸਭ ਤੋਂ ਵਧੀਆ ਮਿਸਾਲ ਹੈ। ਪੰਜਾਬ ਵਿੱਚ ਖਾਲਸਾ ਰਾਜ ਦਾ ਅੰਤ, ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਕੁਝ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸਾਨੂੰ ਹਮੇਸ਼ਾ ਇਸ ਰੋਗ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਸੰਬੰਧੀ ਹੇਠਾਂ ਕੁਝ ਸੁਝਾ ਦਿੱਤੇ ਜਾ ਰਹੇ ਹਨ।
1. ਪ੍ਰੇਰਨਾ ਲਵੋ: ਈਰਖਾ ਦਾ ਮੁੱਖ ਕਾਰਨ ਕਿਸੇ ਦੂਜੇ ਦੀਆਂ ਪ੍ਰਾਪਤੀਆਂ ਨਾਲ ਸਾੜਾ ਕਰਨਾ ਹੈ। ਈਰਖਾ ਕਰਕੇ ਦੂਜੇ ਦਾ ਤਾਂ ਸ਼ਾਇਦ ਘਟ ਨੁਕਸਾਨ ਹੋਵੇ ਪਰ ਅਸੀਂ ਆਪਣੇ ਆਪ ਨੂੰ ਜ਼ਰੂਰ ਤਬਾਹ ਕਰ ਲੈਂਦੇ ਹਾਂ। ਈਰਖਾ ਦੀ ਥਾਂ ਦੂਜਿਆਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਇਹ ਦੇਖੋ, ਜੋ ਕੁਝ ਉਹ ਕਰ ਸਕਦਾ ਹੈ, ਮੈਂ ਕਿਉਂ ਨਹੀਂ? ਸਿਹਤਮੰਦ ਮੁਕਾਬਲਾ ਕਰੋ ਸਗੋਂ ਉਸ ਤੋਂ ਵੀ ਅੱਗੇ ਵਧਣ ਦਾ ਯਤਨ ਕਰੋ।
2. ਸੰਤੋਖ ਕਰਨਾ ਸਿੱਖੋ: ਲਾਲਸਾ ਦਾ ਕੋਈ ਅੰਤ ਨਹੀਂ ਹੈ। ਇਸ ਨਾਲ ਬੇਚੈਨੀ ਵਧਦੀ ਹੈ ਅਤੇ ਗਲਤ ਰਾਹਾਂ ਵਲ ਧਕਦੀ ਹੈ। ਸੰਤੋਖ ਅਜਿਹਾ ਮਨੁੱਖੀ ਗੁਣ ਹੈ ਜਿਹੜਾ ਜੀਵਨ ਨੂੰ ਅਨੰਦਮਈ ਬਣਾ ਦਿੰਦਾ ਹੈ। ਜੋ ਪ੍ਰਾਪਤ ਹੋਇਆ ਹੈ, ਉਸ ਉੱਤੇ ਮਾਣ ਕਰੋ ਅਤੇ ਅਨੰਦ ਲਵੋ। ਸੰਤੋਖ ਕੀਤੇ ਬਗੈਰ ਕਦੇ ਕੋਈ ਰੱਜਦਾ ਨਹੀਂ ਹੈ ਅਤੇ ਹਮੇਸ਼ਾ ਮ੍ਰਿਗ ਤ੍ਰਿਸ਼ਨਾ ਵਾਂਗ ਭੱਜਾ ਰਹਿੰਦਾ ਹੈ। ਇਸਦਾ ਇਹ ਭਾਵ ਨਹੀਂ ਕਿ ਅੱਗੇ ਵਧਣ ਦੇ ਯਤਨ ਹੀ ਨਾ ਕੀਤੇ ਜਾਣ; ਅੱਗੇ ਜ਼ਰੂਰ ਵਧੋ ਪਰ ਜੋ ਪ੍ਰਾਪਤ ਹੋਇਆ ਉਸ ਨੂੰ ਮਾਣੋ। ਐਵੇਂ ਝੂਰੀ ਜਾਣਾ ਆਪਣੇ ਆਪ ਨੂੰ ਸਜ਼ਾ ਦੇਣ ਦੇ ਬਰਾਬਰ ਹੁੰਦਾ ਹੈ।
3. ਆਪਣੇ ਆਪ ’ਤੇ ਮਾਣ ਕਰੋ: ਈਰਖਾ ਦਾ ਇੱਕ ਕਾਰਨ ਘਟੀਆਪਨ ਦਾ ਅਹਿਸਾਸ ਵੀ ਹੈ। ਆਪਣੇ ਆਪ ਨੂੰ ਕਦੇ ਵੀ ਘਟੀਆ ਜਾਂ ਕਮਜ਼ੋਰ ਨਾ ਸਮਝੋ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਤੋਲਣ ਦੀ ਕੋਸ਼ਿਸ਼ ਕਰਦੇ ਹੋ। ਹਰੇਕ ਦੀ ਆਪਣੀ ਸ਼ਖਸੀਅਤ ਹੁੰਦੀ ਹੈ। ਦੁਨਿਆਵੀ ਵਸਤਾਂ ਦਾ ਦੂਜਿਆਂ ਨਾਲ ਮੁਕਾਬਲਾ ਕਰਕੇ ਆਪਣੇ ਆਪ ਨੂੰ ਵੀ ਉਨ੍ਹਾਂ ਵਰਗਾ ਬਣਾਉਣਾ ਗਲਤ ਹੈ। ਤੁਹਾਡੀ ਆਪਣੀ ਪਛਾਣ ਹੈ। ਬਾਹਰੀ ਚਮਕ ਜ਼ਰੂਰੀ ਨਹੀਂ ਕਿਸੇ ਦੇ ਅਨੰਦਮਈ ਜੀਵਨ ਨੂੰ ਮੂਰਤੀਮਾਨ ਕਰਦੀ ਹੋਵੇ।
4. ਉਸਾਰੂ ਸੋਚ: ਹਰੇਕ ਵਿਅਕਤੀ ਦੀਆਂ ਕੁਝ ਖਾਹਿਸ਼ਾਂ ਅਤੇ ਨਿਸ਼ਾਨੇ ਹੁੰਦੇ ਹਨ। ਇਨ੍ਹਾਂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾਂਦੇ ਹਨ। ਇਹ ਜੀਵਨ ਨੂੰ ਸੇਧ ਵੀ ਦਿੰਦੇ ਹਨ। ਜੇਕਰ ਤੁਹਾਡੇ ਪੂਰੇ ਯਤਨਾਂ ਦੇ ਬਾਵਜੂਦ ਇਨ੍ਹਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਆਪਣੇ ਆਪ ਨੂੰ ਦੋਸ਼ ਨਾ ਦੇਵੋ। ਨਿਸ਼ਾਨੇ ਤਾਂ ਮਿਥਣੇ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਜ਼ਰੂਰੀ ਨਹੀਂ ਹੈ। ਜੋ ਕੁਝ ਪ੍ਰਾਪਤ ਕੀਤਾ ਹੈ ਉਸ ਉੱਤੇ ਮਾਣ ਕਰੋ ਤੇ ਉਸਦਾ ਅਨੰਦ ਮਾਣੋ। ਮੁੜ ਨਵੇਂ ਨਿਸ਼ਾਨੇ ਮਿੱਥੋ ਅਤੇ ਅੱਗੇ ਵਧੋ।
5. ਕਰਮ ਕਰੋ: ਭਗਵਾਨ ਕ੍ਰਿਸ਼ਨ ਗੀਤਾ ਰਾਹੀਂ ਉਪਦੇਸ਼ ਦਿੰਦੇ ਹਨ ਕਿ ਮਨੁੱਖ ਦਾ ਫਰਜ਼ ਕਰਮ ਕਰਨਾ ਹੈ। ਆਪਣੇ ਵੱਲੋਂ ਪੂਰੀ ਲਗਨ ਅਤੇ ਮਿਹਨਤ ਨਾਲ ਜ਼ਿੰਮੇ ਲੱਗੇ ਕਾਰਜ ਕਰੋ। ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਇਹ ਕਰਮ ਕੀਤਿਆਂ ਮੈਨੂੰ ਕੀ ਲਾਭ ਹੋਵੇਗਾ। ਜਦੋਂ ਅਸੀਂ ਕਿਸੇ ਲਾਭ ਜਾਂ ਲਾਲਚਵੱਸ ਕਰਮ ਕਰਦੇ ਹਾਂ ਤਾਂ ਸੰਤੁਸ਼ਟੀ ਦੀ ਪ੍ਰਾਪਤੀ ਦੂਰ ਹੋ ਜਾਂਦੀ ਹੈ। ਆਪਣੇ ਕਰਮ ਕਰਦੇ ਸਮੇਂ ਤੁਸੀਂ ਉਸਦਾ ਅਨੰਦ ਨਹੀਂ ਮਾਣ ਸਕੋਗੇ ਸਗੋਂ ਤੁਹਾਡੀ ਸੋਚ ਤਾਂ ਹੋਣ ਵਾਲੇ ਲਾਭ ਦੇ ਗਿਰਦ ਹੀ ਘੁੰਮਦੀ ਰਹੇਗੀ। ਇੰਝ ਕਰਮ ਵੀ ਸਹੀ ਢੰਗ ਨਾਲ ਨਹੀਂ ਹੋ ਸਕੇਗਾ।
6. ਮੁਕਾਬਲਾ ਨਾ ਕਰੋ: ਕਿਸੇ ਨਾਲ ਵੀ ਮੁਕਾਬਲਾ ਨਹੀਂ ਕਰਨਾ ਚਾਹੀਦਾ ਹੈ। ਹਰੇਕ ਦੀ ਆਪੋ ਆਪਣੀ ਸਮਰੱਥਾ, ਆਪੋ ਆਪਣੇ ਵਸੀਲੇ ਅਤੇ ਕੰਮ ਕਰਨ ਦੇ ਢੰਗ ਹੁੰਦੇ ਹਨ। ਹਮੇਸ਼ਾ ਆਪਣੇ ਕਾਰੋਬਾਰ ਜਾਂ ਪੜ੍ਹਾਈ ਵਲ ਧਿਆਨ ਦੇਵੋ। ਪੂਰੀ ਲਗਨ ਨਾਲ ਮਿਹਨਤ ਕਰੋ ਅਤੇ ਆਪਣੇ ਆਪ ਉੱਤੇ ਭਰੋਸਾ ਰੱਖੋ। ਇਹ ਖੇਡ ਦਾ ਮੈਦਾਨ ਨਹੀਂ ਜਿੱਥੇ ਮੁਕਾਬਲਾ ਕਰਨਾ ਹੈ। ਖੁਸ਼ੀ ਤਾਂ ਸਾਡੇ ਅੰਦਰ ਹੈ, ਉਸ ਨੂੰ ਬਾਹਰ ਲੱਭਣ ਦਾ ਯਤਨ ਨਾ ਕਰੋ। ਆਪਣਾ ਨਿਸ਼ਾਨਾ ਮਿਥੋ ਅਤੇ ਪੂਰੀ ਇਮਾਨਦਾਰੀ ਨਾਲ ਉਸ ਉੱਤੇ ਹੀ ਕੰਮ ਕਰੋ।
7. ਅੰਦਰੂਨੀ ਸ਼ਾਂਤੀ: ਜਦੋਂ ਤੁਸੀਂ ਦੂਜੇ ਨਾਲ ਮੁਕਾਬਲਾ ਕਰਦੇ ਹੋ ਅਤੇ ਉਸਦੀ ਸਫਲਤਾ ਦੇਖ ਦੁਖੀ ਹੁੰਦੀ ਹੋ ਤਾਂ ਤੁਸੀਂ ਆਪਣੇ ਆਪ ਦਾ ਹੀ ਨੁਕਸਾਨ ਕਰਦੇ ਹੋ। ਤੁਹਾਡੇ ਅੰਦਰਲੀ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਬੇਚੈਨੀ ਵਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵਲ ਪੂਰਾ ਧਿਆਨ ਨਹੀਂ ਦੇ ਸਕਦੇ। ਜਦੋਂ ਮਨ ਅਸ਼ਾਂਤ ਹੋਵੇ ਤਾਂ ਚੰਗਾ ਸੋਚਿਆ ਹੀ ਨਹੀਂ ਜਾ ਸਕਦਾ ਕਿਉਂਕਿ ਖੁਸ਼ੀ ਤਾਂ ਹਰ ਵਿਅਕਤੀ ਦੇ ਅੰਦਰ ਹੈ। ਜੇਕਰ ਕੋਈ ਇਸ ਨੂੰ ਬਾਹਰੋਂ ਲੱਭਣ ਦਾ ਯਤਨ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੁੰਦਾ ਹੈ।
8. ਦੂਜੇ ਤੁਹਾਡੀ ਲਈ ਖਤਰਾ ਨਹੀਂ ਹਨ। ਕਿਸੇ ਦੀ ਖੁਸ਼ਹਾਲੀ ਜਾਂ ਤਰੱਕੀ ਦੇਖ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਲਈ ਖਤਰਾ ਬਣ ਸਕਦਾ ਹੈ। ਅਜਿਹਾ ਕੁਝ ਨਹੀਂ ਹੁੰਦਾ। ਆਪਣੇ ਆਪ ’ਤੇ ਭਰੋਸਾ ਰੱਖੋ। ਇਸੇ ਭਰੋਸੇ ਦੇ ਸਹਾਰੇ ਤੁਸੀਂ ਆਪਣੀ ਮੰਜ਼ਿਲ ਉੱਤੇ ਜ਼ਰੂਰ ਪਹੁੰਚ ਜਾਵੋਗੇ। ਜੇਕਰ ਤੁਸੀਂ ਖਤਰਾ ਅਨੁਭਵ ਕਰੋਗੇ ਤਾਂ ਤੁਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵਲ ਪੂਰਾ ਧਿਆਨ ਨਹੀਂ ਦੇ ਸਕੋਗੇ ਕਿਉਂਕਿ ਤੁਹਾਡੇ ਅਚੇਤ ਮਨ ਅੰਦਰ ਇੱਕ ਡਰ ਪੈਦਾ ਹੋ ਜਾਵੇਗਾ, ਜਿਹੜਾ ਰਾਹ ਦਾ ਰੋੜਾ ਬਣ ਜਾਵੇਗਾ।
9. ਘਬਰਾਉਣ ਦੀ ਲੋੜ ਨਹੀਂ: ਆਮ ਤੌਰ ਉੱਤੇ ਆਪਣੇ ਟੀਚੇ ਉੱਚੇ ਹੀ ਮਿਥੇ ਜਾਂਦੇ ਹਨ। ਇਹ ਇਸ ਕਰਕੇ ਹੁੰਦਾ ਹੈ ਕਿ ਜੇਕਰ ਤੁਸੀਂ ਪਹਿਲਾਂ ਹੀ ਲਖਸ਼ ਬਹੁਤ ਛੋਟਾ ਰੱਖੋਗੇ ਫਿਰ ਤਾਂ ਉੱਚੀਆਂ ਉਡਾਰੀਆਂ ਮਾਰੀਆਂ ਹੀ ਨਹੀਂ ਜਾ ਸਕਦੀਆਂ। ਜੇਕਰ ਤੁਸੀਂ ਆਪਣੇ ਮਿਥੇ ਟੀਚੇ ਤੋਂ ਥੋੜ੍ਹਾ ਹੇਠਾਂ ਰਹਿ ਜਾਂਦੇ ਹੋ ਤਾਂ ਘਬਰਾਉਣ ਜਾਂ ਅਫਸੋਸ ਕਰਨ ਦੀ ਲੋੜ ਨਹੀਂ ਹੈ। ਆਮ ਤੌਰ ਉੱਤੇ ਖਾਹਿਸ਼ਾਂ ਅਤੇ ਪ੍ਰਾਪਤੀਆਂ ਵਿੱਚ ਫਰਕ ਰਹਿ ਜਾਂਦਾ ਹੈ। ਹਮੇਸ਼ਾ ਉੱਚਾ ਨਿਸ਼ਾਨਾ ਹੀ ਮਿਥਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਟੀਸੀ ਦੀ ਪਦਵੀ ਲਈ ਤਿਆਰੀ ਕਰਦੇ ਹੋ ਤਾਂ ਘੱਟੋ ਘੱਟ ਉਸ ਤੋਂ ਹੇਠਲੀ ਪਦਵੀ ਤਾਂ ਪ੍ਰਾਪਤ ਕਰ ਹੀ ਲਵੋਗੇ। ਹਮੇਸ਼ਾ ਉੱਚੀਆਂ ਉਡਾਰੀਆਂ ਮਾਰੋ। ਇਨ੍ਹਾਂ ਦੀ ਪ੍ਰਾਪਤੀ ਲਈ ਆਪਣੇ ਵਸੀਲਿਆਂ ਦੀ ਪੂਰੀ ਇਮਾਨਦਾਰੀ ਨਾਲ ਵਰਤੋਂ ਕਰੋ। ਨਤੀਜੇ ਆਪਣੇ ਆਪ ਹੀ ਵਧੀਆ ਪ੍ਰਾਪਤ ਹੋਣਗੇ।
10. ਈਰਖਾ ਬਰਬਾਦੀ ਹੈ: ਈਰਖਾ ਜਾਂ ਸਾੜਾ ਬਰਬਾਦੀ ਦਾ ਕਾਰਨ ਬਣਦਾ ਹੈ। ਦੂਜੇ ਕੀ ਕਰਦੇ ਹਨ, ਇਸ ਵਲ ਧਿਆਨ ਨਾ ਦੇਵੋ ਸਗੋਂ ਆਪਣੇ ਲਖਸ਼ ਵਲ ਵਧੋ। ਜਦੋਂ ਤੁਸੀਂ ਦੂਜਿਆਂ ਦੀ ਪੜਚੋਲ ਕਰਨ ਲੱਗ ਪਵੋਗੇ ਤਾਂ ਪ੍ਰਾਪਤੀਆਂ ਵਲ ਵਧਣ ਦੀ ਤੁਹਾਡੀ ਰਫਤਾਰ ਮੱਠੀ ਹੋ ਜਾਵੇਗੀ। ਜਿਹੜਾ ਦੌੜਾਕ ਕੇਵਲ ਆਪਣੀ ਮੰਜ਼ਿਲ ਵਲ ਹੀ ਦੇਖਦਾ ਹੈ, ਉਹ ਹੀ ਸਫਲਤਾ ਪ੍ਰਾਪਤ ਕਰਦਾ ਹੈ। ਦੂਜੇ ਵਲ ਵੇਖਣ ਜਾਂ ਨੁਕਸਾਨ ਪਹੁੰਚਾਉਣ ਬਾਰੇ ਸੋਚਣ ਨਾਲ ਤੁਹਾਡੀ ਰਫਤਾਰ ਮੱਠੀ ਪੈ ਜਾਵੇਗੀ, ਅਤੇ ਤੁਸੀਂ ਪਿੱਛੇ ਰਹਿ ਜਾਵੋਗੇ।
ਈਰਖਾ ਤੋਂ ਬਚੋ। ਈਰਖਾ ਕਾਰਨ ਤੁਸੀਂ ਜਾਂ ਤੁਹਾਡਾ ਪਰਿਵਾਰ ਹੀ ਤਬਾਹ ਨਹੀਂ ਹੁੰਦਾ ਸਗੋਂ ਵੱਡੀਆਂ ਵੱਡੀਆਂ ਹਕੂਮਤਾਂ ਤਬਾਹ ਹੋ ਗਈਆਂ ਹਨ। ਦੂਜਿਆਂ ਵਲ ਨਾ ਦੇਖੋ। ਆਪਣੇ ਆਪ ਉੱਤੇ ਭਰੋਸਾ ਕਰੋ ਅਤੇ ਪੂਰੀ ਇਮਾਨਦਾਰੀ ਨਾਲ ਯਤਨ ਕਰੋ; ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































